ਨਾਚ-ਗੀਤ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਾਚ-ਗੀਤ: ਆਦਿ ਮਾਨਵ ਦੀ ਕਲਾ ਮਿਸ਼ਰਤ ਕਲਾ ਸੀ। ਉਹ ਇੱਕੋ ਵੇਲੇ ਨੱਚਦਾ ਵੀ ਸੀ ਤੇ ਗਾਉਂਦਾ ਵੀ ਸੀ। ਗਾਉਣ ਦਾ ਆਧਾਰ ਕਵਿਤਾ ਦੇ ਬੋਲ ਸਨ ਅਤੇ ਨਾਲ-ਨਾਲ ਤਾਲ ਵੀ ਸੀ; ਭਾਵ ਸੰਗੀਤ ਤੇ ਅਭਿਨੈ ਵੀ ਇਸਦਾ ਪ੍ਰਮੁਖ ਅੰਗ ਸੀ। ਇਹ ਸਾਰੀਆਂ ਕਲਾਵਾਂ ਬਾਅਦ ਵਿੱਚ ਨ੍ਰਿਤ, ਸੰਗੀਤ, ਕਵਿਤਾ ਅਤੇ ਅਭਿਨੈ ਵਿੱਚ ਵਿਕਸਿਤ ਹੋਈਆਂ ਪਰ ਲੋਕ-ਨਾਚ ਨੇ ਆਪਣੀ ਮੂਲ ਭਾਵਨਾ ਨਹੀਂ ਛੱਡੀ। ਪੰਜਾਬੀ ਨਾਚ ਵਿੱਚ ਵੀ ਨਾਚ ਦੇ ਨਾਲ-ਨਾਲ ਕਵਿਤਾ ਤੇ ਸੰਗੀਤ ਨਾਲੋ-ਨਾਲ ਚੱਲਦਾ ਹੈ ਅਤੇ ਅਭਿਨੈ ਇਸ ਦਾ ਅਨਿੱਖੜਵਾਂ ਅੰਗ ਹੈ। ਪੰਜਾਬੀ ਦੇ ਸੰਦਰਭ ਵਿੱਚ ਬੋਲੀਆਂ-ਛੋਟੀਆਂ, ਵੱਡੀਆਂ, ਦੋ ਤੁਕੀਆਂ ਸਾਰੀਆਂ ਇਸ ਵਿੱਚ ਸ਼ਾਮਲ ਹੋ ਜਾਂਦੀਆਂ ਹਨ। ਨਾਚ ਦੀ ਗਤੀ ਅਨੁਸਾਰ ਪੰਜਾਬੀ ਦੇ ਖਿੱਤਿਆਂ ਵਿੱਚ ਛੋਟੇ-ਛੋਟੇ ਨਾਚ ਗੀਤ ਵੀ ਮਿਲਦੇ ਹਨ।

     ਨਾਚ ਗੀਤ ਨੂੰ ਨਾਹਰ ਸਿੰਘ ਨੇ ਕਿੱਕਲੀ ਅਤੇ ਸਾਂਗ ਗੀਤਾਂ ਤੱਕ ਹੀ ਸੀਮਿਤ ਕਰ ਦਿੱਤਾ ਜਦੋਂ ਕਿ ਗਿੱਧੇ ਭੰਗੜੇ, ਸੰਮੀ, ਬਾਬਿਆਂ ਦੇ ਗਿੱਧੇ ਅਤੇ ਝੁੰਮਰ ਆਦਿ ਨਾਲ ਜੁੜੀਆਂ ਤੇ ਪਾਈਆਂ ਜਾਂਦੀਆਂ ਹਰ ਤਰ੍ਹਾਂ ਦੀਆਂ ਇੱਕ ਤੁਕੀਆਂ, ਦੋ ਤੁਕੀਆਂ ਜਾਂ ਲੰਮੀਆਂ ਬੋਲੀਆਂ ਵੀ ਨਾਚ-ਗੀਤਾਂ ਵਿੱਚ ਹੀ ਸ਼ਾਮਲ ਹਨ।

     ਨਾਚ-ਗੀਤ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਨਾਚ ਦੇ ਤਾਲ ਅਨੁਸਾਰ ਆਪਣੀ ਲੈਅ ਨਿਸ਼ਚਿਤ ਕਰਦਾ ਹੈ। ਲੰਮੀਆਂ ਬੋਲੀਆਂ ਖੜ੍ਹੇ ਹੋ ਕੇ ਪਾਈਆਂ ਜਾਂਦੀਆਂ ਹਨ, ਇਸ ਲਈ ਇਸ ਦੇ ਲੈਅ ਉਚਾਰਨ ਅਨੁਸਾਰ ਹੁੰਦੀ ਹੈ ਪਰੰਤੂ ਤੋੜੇ ਤੇ ਨਾਚ ਨੇ ਤੇਜ਼ ਹੋ ਜਾਣਾ ਹੁੰਦਾ ਹੈ, ਇਸ ਲਈ ਪੰਕਤੀ ਛੋਟੀ ਹੋ ਜਾਂਦੀ ਹੈ ਅਤੇ ਲੈਅ ਤਿੱਖੀ ਜਿਵੇਂ:

ਆਰੀ ਆਰੀ ਆਰੀ

ਹੇਠ ਬਰੋਟੇ ਦੇ ਦਾਤਣ ਕਰੇ ਕੁਆਰੀ

ਦਾਤਣ ਕਿਉਂ ਕਰਦੀ ਸੁਹਣੀ ਬਣਨ ਦੀ ਮਾਰੀ

ਸੁਹਣੀ ਕਿਉਂ ਬਣਦੀ ਵਿਆਹ ਕਰਾਉਣ ਦੀ ਮਾਰੀ

ਬਾਬਲਾ ਵਿਆਹ ਦੇ ਵੇ

          ਨਹੀਂ ਤਾਂ ਚੜ੍ਹ ਜਾਊ ਰੇਲ ਕੁਆਰੀ।

     ਨਾਚ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਖ਼ੁਸ਼ੀ ਸਮੇਂ ਹੀ ਨੱਚਿਆ ਜਾਂਦਾ ਹੈ। ਆਦਿ ਮਾਨਵ ਦਾ ਨਾਚ ਦੇਵੀ ਦੇਵਤਿਆਂ ਨੂੰ ਰਿਝਾਉਣ ਹਿੱਤ ਹੁੰਦਾ ਹੈ। ਇਸ ਲਈ ਇਸ ਵਿੱਚ ਜਾਦੂਈ ਤਾਕਤ ਵੀ ਪ੍ਰਵਾਨ ਕੀਤੀ ਜਾਂਦੀ ਹੈ ਪਰ ਬਾਅਦ ਵਿੱਚ ਇਹ ਧਾਰਮਿਕਤਾ ਦੇ ਖੇਤਰ ਦੇ ਨਾਲ ਹੀ ਸਮਾਜਿਕ ਜਾਣ-ਪਛਾਣ ਵਾਲਾ ਵੱਖਰਾ ਰੂਪ ਬਣ ਗਿਆ। ਖ਼ੁਸ਼ੀ ਜ਼ਾਹਰ ਕਰਦਾ ਮਨੁੱਖ ਅਭਿਨੇਤਾ ਵੀ ਬਣ ਜਾਂਦਾ ਹੈ, ਅੰਗਾਂ ਦਾ ਅਭਿਨੈ ਆਪਣੇ-ਆਪ ਤਾਲ ਨਾਲ ਆ ਮਿਲਦਾ ਹੈ। ਚਿਹਰਾ, ਅੱਖਾਂ, ਹੱਥ, ਬਾਹਾਂ, ਲੱਕ, ਲੱਤਾਂ ਸਾਰੇ ਅੰਗ ਅਭਿਨੈ ਵਿੱਚ ਸ਼ਾਮਲ ਹੁੰਦੇ ਹਨ। ਇੱਕ ਤਾਲ ਵਿੱਚ ਹੀ ਥਿਰਕਦੇ ਹਨ। ਕਈ ਵਾਰੀ ਇਹਨਾਂ ਵਿੱਚ ਦੰਤ-ਕਥਾਵਾਂ ਵੀ ਅਭਿਨੈ ਦਾ ਅੰਗ ਬਣ ਜਾਂਦੀਆਂ ਹਨ। ਸੱਸੀ-ਪੁੰਨੂ, ਹੀਰ-ਰਾਂਝਾ, ਸੋਹਣੀ-ਮਹੀਂਵਾਲ, ਕੀਮਾ-ਮਲਕੀ ਦੀਆ ਦੰਤ-ਕਥਾਵਾਂ ਦੇ ਟੋਟੇ ਲੈਅ ਦੇ ਅੰਦਰ ਖ਼ੂਬਸੂਰਤ ਅਦਾਕਾਰੀ ਦਾ ਨਮੂਨਾ ਬਣ ਜਾਂਦੇ ਹਨ ਅਤੇ ਨਾਚ ਆਪਣੀ ਗਤੀ ਵਿੱਚ ਤੁਰਿਆ ਜਾਂਦਾ ਹੈ। ਔਰਤਾਂ ਦੇ ਗਿੱਧੇ ਵਿੱਚ ਪਾਏ ਜਾਂਦੇ ਛੋਟੇ-ਛੋਟੇ ਸਾਂਗ ਵੀ ਅਭਿਨੈ-ਕਲਾ ਦਾ ਨਮੂਨਾ ਹਨ, ਜੋ ਸਹੁਰੇ ਪਰਿਵਾਰ, ਪਤੀ ਤੇ ਹੋਰ ਸੱਭਿਆਚਾਰਿਕ ਮਹੱਤਵ ਦੇ ਪਾਤਰਾਂ ਦਾ ਮੌਜੂ ਉਡਾਉਂਦੇ ਹਨ। ਇਉਂ ਅਭਿਨੈ ਤੇ ਨਾਚ-ਗੀਤ ਇੱਕ ਨਿਰੰਤਰਤਾ ਵਿੱਚ ਬੱਝੇ ਹੋਏ ਹਨ।

     ਨਾਚ ਖ਼ੁਸ਼ੀ ਦਾ ਆਪ-ਮੁਹਾਰਾ ਪ੍ਰਗਟਾਅ ਹੈ ਤਾਂ ਨਾਚ- ਗੀਤ ਇਹਨਾਂ ਖ਼ੁਸ਼ੀਆਂ ਨਾਲ ਹਲਕੇ-ਫੁਲਕੇ ਵਿਸ਼ੇ-ਵਸਤੂ ਲੈ ਸ਼ਾਮਲ ਹੁੰਦੇ ਹਨ। ਨਾਚ ਦੇ ਇਸ਼ਾਰੇ ਇੱਕ ਨੈਤਿਕ ਖੇਤਰ ਤੋਂ ਬਾਹਰ ਨਹੀਂ ਜਾਂਦੇ। ਨਾਚ-ਗੀਤ ਸਮੁੱਚੇ ਸਮਾਜ, ਸੱਭਿਆਚਾਰ ਨਾਲ ਜੁੜੇ ਹੋਏ ਹਨ। ਇਸ ਲਈ ਇਹਨਾਂ ਵਿੱਚ ਉਹ ਸਾਰੇ ਗੁਣ ਹੁੰਦੇ ਹਨ, ਜੋ ਲੋਕ-ਕਾਵਿ ਵਿੱਚ ਸਾਨੂੰ ਮਿਲਦੇ ਹਨ (ਦੇਖੋ ਲੋਕ-ਨਾਚ), ਜਿਵੇਂ ਇਹ ਭਾਵਾਂ ਦਾ ਕਥਾਰਸਿਸ ਕਰਦੇ ਹਨ, ਇਹ ਦਬਾਵਾਂ ਦੇ ਕਾਰਨਾਂ ਨਾਲ ਜੁੜੇ ਪਾਤਰਾਂ ਦਾ ਮਖੌਲ ਉਡਾਉਂਦੇ ਹਨ, ਖਾਣ-ਪੀਣ, ਪਹਿਰਾਵੇ, ਹਾਰ-ਸ਼ਿੰਗਾਰ, ਰੀਤੀ-ਰਿਵਾਜ ਆਦਿ ਦੇ ਸੁਹਜਾਤਮਿਕ ਪ੍ਰਗਟਾਅ ਰਾਹੀਂ ਇਹ ਲੋਕ ਸੱਭਿਆਚਾਰ ਨੂੰ ਨਵੇਂ ਪਸਾਰ ਦਿੰਦੇ ਹਨ ਜਿਵੇਂ :

ਗਨੇਰੀਆਂ, ਗਨੇਰੀਆਂ, ਗਨੇਰੀਆਂ,

ਕਾਲੀ ਪੱਗ ਨਾ ਬੰਨ ਵੇ,

ਕਿਤੇ ਨਜ਼ਰਾਂ ਨਾ ਲੱਗ ਜਾਣ ਮੇਰੀਆਂ।

ਗਨੇਰੀਆਂ, ਗਨੇਰੀਆਂ, ਗਨੇਰੀਆਂ,

ਕਾਲੀ ਪੱਗ ਬੰਨ ਲੈਣ ਦੇ,

          ਸਾਡੇ ਬਾਗ ਵਿੱਚ ਮਿਰਚਾਂ ਬਥੇਰੀਆਂ।

     ਨਾਚ-ਗੀਤ ਆਪਣੇ ਵਿੱਚ ਇਤਿਹਾਸ ਦਾ ਸੁਹਜਾਤਮਿਕ ਤੇ ਪ੍ਰੇਰਨਾ ਸ੍ਰੋਤ ਵਾਲਾ ਪੱਖ ਸਾਂਭੀ ਬੈਠੇ ਹਨ।

ਬੱਲੇ ਬੱਲੇ ਨੀ ਭਗਤ ਸਿੰਘ ਵੀਰ ਕੁੜੀਉ

          ਫਾਂਸੀ ਦੇਸ਼ ਦੀ ਖਾਤਿਰ ਚੜ੍ਹਿਆ।

     ਇਥੇ ਭਗਤ ਸਿੰਘ ਲਈ ਵੀਰ ਸ਼ਬਦ ਦਾ ਸੱਭਿਆਚਾਰਿਕ ਮਹੱਤਵ ਦੇਖਣਾ ਬਣਦਾ ਹੈ।

     ਛੋਟੇ-ਛੋਟੇ ਕਥਾ-ਗੀਤਾਂ ਵਿੱਚ ਨਣਾਨ ਭਰਜਾਈ ਦੀਆਂ ਲੜਾਈਆਂ, ਸੌਕਣ ਪਾਤਰ ਦਾ ਮਜ਼ਾਕ, ਜਾਤ-ਬਾਹਰੇ ਰਿਸ਼ਤਿਆਂ ਨੂੰ ਮੇਲ ਕੇ ਸਵਾਦ ਲੈਣ ਦੀ ਪ੍ਰਵਿਰਤੀ ਭਾਰੂ ਹੈ। ਇੱਥੇ ਇੱਕ ਨਾਚ-ਗੀਤ ਨਾਲ ਅਸੀਂ ਆਪਣੇ ਵਿਚਾਰਾਂ ਨੂੰ ਸਮੇਟਣ ਦਾ ਯਤਨ ਕਰਦੇ ਹਾਂ :

ਵੇ ਖੱਤਰੀ, ਵੇ ਖੱਤਰੀ, ਚਿੱਤ ਲੱਡੂਆਂ ਨੂੰ ਕਰਦਾ।

ਨੀ ਜੱਟੀਏ, ਨੀ ਜੱਟੀਏ, ਭਾਵੇਂ ਧੜੀ ਜਖਾ ਲੈ।

ਵੇ ਖੱਤਰੀ, ਵੇ ਖੱਤਰੀ, ਹੁਣ ਲੇਖਾ ਕਰ ਲੈ।

ਨੀ ਜੱਟੀਏ, ਨੀ ਜੱਟੀਏ, ਹੁਣ ਪੂਰਾ ਪੰਜ ਸੌ।

ਵੇ ਖੱਤਰੀ, ਵੇ ਖੱਤਰੀ, ਮੇਰੀ ਸੱਸ ਨੂੰ ਕਰ ਲੈ।

ਨੀ ਜੱਟੀਏ, ਨੀ ਜੱਟੀਏ, ਤੇਰੀ ਸੱਸ ਸਿਆਣੀ।

ਵੇ ਖੱਤਰੀ, ਵੇ ਖੱਤਰੀ, ਮੇਰੀ ਨਣਦ ਨੂੰ ਕਰ ਲੈ।

ਨੀ ਜੱਟੀਏ, ਨੀ ਜੱਟੀਏ, ਤੇਰੀ ਨਣਦ ਨਿਆਣੀ।

ਵੇ ਖੱਤਰੀ, ਵੇ ਖੱਤਰੀ, ਤੂੰ ਮੈਨੂੰ ਈ ਕਰ ਲੈ।

ਨੀ ਜੱਟੀਏ, ਨੀ ਜੱਟੀਏ,

          ਮੈਂ ਇਹੋ ਗੱਲ ਚਾਹੁੰਦਾ ਨੀ ਜੱਟੀਏ।

     ਪੰਜਾਬੀ ਲੋਕ ਜੀਵਨ ਵਿੱਚ ਨਾਚ ਹਰ ਖ਼ੁਸ਼ੀ ਦੇ ਮੌਕੇ ਤੇ ਆ ਸ਼ਾਮਲ ਹੁੰਦਾ ਹੈ ਤੇ ਉਸ ਦੇ ਨਾਲ ਹੀ ਆ ਸ਼ਾਮਲ ਹੁੰਦਾ ਹੈ ਨਾਚ-ਗੀਤ। ਮੁੰਡਾ ਜੰਮਣ ਤੇ, ਵਿਆਹ ਸਮੇਂ, ਖ਼ੁਸ਼ੀ ਵਿੱਚ ਕੀਤੇ ਧਾਰਮਿਕ ਕਾਰਜਾਂ ਤੋਂ ਬਾਅਦ, ਸੱਭਿਆਚਾਰਿਕ ਸਮਾਗਮਾਂ ਉੱਤੇ ਨਾਚ ਨਾ ਹੋਵੇ ਤਾਂ ਜਿਵੇਂ ਖ਼ੁਸ਼ੀ ਅਧੂਰੀ-ਅਧੂਰੀ ਲੱਗਦੀ ਹੈ। ਇਸੇ ਲਈ ਭੰਗੜਾ ਤੇ ਗਿੱਧਾ ਪੰਜਾਬੀ ਲੋਕ ਸੱਭਿਆਚਾਰ ਦਾ ਵਿਸ਼ਵ ਪੱਧਰ ਤੇ ਪ੍ਰਤੀਕ ਬਣ ਕੇ ਉੱਭਰੇ ਹਨ ਤੇ ਨਾਲ ਹੀ ਉਹਨਾਂ ਦੇ ਗਾਏ ਹਨ ਨਾਚ-ਗੀਤ। ਇੱਕ ਪੱਧਰ ਤੇ ਆ ਕੇ ਨਾਚ- ਗੀਤ ਬਾਸੀ ਲੱਗਣ ਲੱਗ ਜਾਂਦੇ ਹਨ, ਭਾਵੇਂ ਕਿ ਕੁਝ ਨਾ ਕੁਝ ਨਵਾਂ ਜੋੜਨ ਦੀ ਪ੍ਰਵਿਰਤੀ ਆਮ ਹੈ। ਇਸ ਪਾਸੇ ਵੱਲ ਸਮੂਹ ਪੰਜਾਬੀਆਂ ਨੂੰ ਮਿਲ ਕੇ ਸੋਚਣਾ ਪਵੇਗਾ।


ਲੇਖਕ : ਕਰਮਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Hasna khedna maan ka cho


Sukhminder kaur, ( 2024/03/29 10:4244)

Good


Sukhminder kaur, ( 2024/03/29 10:4258)

Nahlo hasalo aive aive ta jindgi de 4 pal milde nhi nasseba nal


Sukhminder kaur, ( 2024/03/29 10:4437)

Nahlo hasalo aive aive ta jindgi de 4 pal milde nhi nasseba nal


Sukhminder kaur, ( 2024/03/29 10:4440)

Nahlo hasalo aive aive ta jindgi de 4 pal milde nhi nasseba nal


Sukhminder kaur, ( 2024/03/29 10:4442)

Nahlo hasalo aive aive ta jindgi de 4 pal milde nhi nasseba nal


Sukhminder kaur, ( 2024/03/29 10:4443)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.