ਨਾਦਰਸ਼ਾਹ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਾਦਰਸ਼ਾਹ. ਦੇਖੋ, ਨਾਦਿਰਸ਼ਾਹ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2957, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਾਦਰਸ਼ਾਹ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨਾਦਰਸ਼ਾਹ (1688-1747 ਈ.): ਇਮਾਮਕੁਲੀ ਦੇ ਘਰ ਸੰਨ 1688 ਈ. ਵਿਚ ਨਾਦਰਸ਼ਾਹ ਦਾ ਜਨਮ ਹੋਇਆ। ਉਦੋਂ ਇਸ ਦਾ ਪਰਿਵਾਰ ਦਸਤਗੜ੍ਹ ਕਿਲ੍ਹੇ ਵਿਚ ਰਹਿੰਦਾ ਸੀ ਜੋ ਖ਼ੁਰਾਸਾਨ ਦੇ ਮੁੱਖ ਨਗਰ ਮਸ਼ਹਦ ਤੋਂ ਲਗਭਗ 80 ਕਿ.ਮੀ. ਦੀ ਦੂਰੀ ’ਤੇ ਹੈ। ਇਸ ਦਾ ਪਿਤਾ ਦਸਤਗੜ੍ਹ ਕਿਲ੍ਹੇ ਦਾ ਮੁੱਖ ਅਧਿਕਾਰੀ ਸੀ। ਪਰ ਬਚਪਨ ਵਿਚ ਹੀ ਪਿਤਾ ਦਾ ਦੇਹਾਂਤ ਹੋ ਗਿਆ ਅਤੇ ਇਸ ਨੂੰ ਅਨੇਕ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ; ਇਥੋਂ ਤਕ ਕਿ ਇਸ ਨੂੰ ਭੇਡਾਂ ਬਕਰੀਆਂ ਦੇ ਇਜੜ ਚਰਾਉਣੇ ਪਏ। ਪਰ ਆਪਣੀ ਬਹਾਦਰੀ ਅਤੇ ਦੂਰ-ਅੰਦੇਸ਼ੀ ਕਰਕੇ ਇਹ ਆਪਣੇ ਕਬੀਲੇ ਦਾ ਸਰਦਾਰ ਬਣ ਗਿਆ। ਸੰਨ 1736 ਈ. ਵਿਚ ਇਸ ਨੇ ਸਫ਼ਵੀ ਖ਼ਾਨਦਾਨ ਨੂੰ ਹਰਾ ਕੇ ਫ਼ਾਰਸ ਉਤੇ ਕਬਜ਼ਾ ਕੀਤਾ। ਫਿਰ ਕਾਬੁਲ ਅਤੇ ਕੰਧਾਰ ਨੂੰ ਆਪਣੇ ਅਧੀਨ ਕੀਤਾ। ਉਥੇ ਆਪਣੀ ਤਾਕਤ ਮਜ਼ਬੂਤ ਕਰਕੇ ਸੰਨ 1739 ਈ. ਨੂੰ ਵਿਚ ਇਸ ਨੇ ਹਿੰਦੁਸਤਾਨ ਵਲ ਰੁਖ ਕੀਤਾ। ਕਰਨਾਲ ਦੇ ਨੇੜੇ ਦਿੱਲੀ ਦੇ ਮੁਗ਼ਲ ਬਾਦਸ਼ਾਹ ਮੁਹੰਮਦ ਸ਼ਾਹ ਨਾਲ ਨਾਦਰਸ਼ਾਹ ਦਾ ਘਮਸਾਨ ਯੁੱਧ ਹੋਇਆ। ਮੁਹੰਮਦ ਸ਼ਾਹ ਨੇ ਹਾਰ ਖਾਣ ਉਪਰੰਤ ਸਮਝੌਤਾ ਕਰਕੇ ਨਾਦਰਸ਼ਾਹ ਨੂੰ ਦਿੱਲੀ ਲਿਆਉਂਦਾ।
ਦਿੱਲੀ ਵਿਚ ਆਮ ਲੋਕਾਂ ਅਤੇ ਨਾਦਰਸ਼ਾਹ ਦੇ ਸਿਪਾਹੀਆਂ ਵਿਚ ਕੁਝ ਝਗੜਾ ਹੋ ਗਿਆ। ਉਸ ਨੂੰ ਖ਼ਤਮ ਕਰਨ ਲਈ ਨਾਦਰਸ਼ਾਹ ਜਦੋਂ ਗਿਆ ਤਾਂ ਰੌਸਨੁੱਦੌਲਾ ਦੀ ਮਸਜਿਦ ਵਿਚ ਇਸ ਉਤੇ ਕਿਸੇ ਨੇ ਗੋਲੀ ਦਾਗ਼ ਦਿੱਤੀ। ਇਹ ਤਾਂ ਬਚ ਗਿਆ, ਪਰ ਗੋਲੀ ਇਸ ਦੇ ਇਕ ਜਰਨੈਲ ਨੂੰ ਲਗੀ। ਉਧਰ ਸ਼ਹਿਰ ਵਿਚ ਅਫ਼ਵਾਹ ਫੈਲ ਗਈ ਕਿ ਨਾਦਰਸ਼ਾਹ ਮਾਰਿਆ ਗਿਆ ਹੈ। ਫਲਸਰੂਪ ਲੋਕਾਂ ਨੇ ਨਾਦਰੀ ਫ਼ੌਜ ਦੇ ਕੁਝ ਸਿਪਾਹੀ ਮਾਰ ਦਿੱਤੇ। ਬਸ ਨਾਦਰਸ਼ਾਹ ਦਾ ਗੁੱਸਾ ਸਿਖਰ ’ਤੇ ਪਹੁੰਚ ਗਿਆ। ਤਲਵਾਰ ਨੰਗੀ ਕਰਕੇ ਇਹ ਸੁਨਹਿਰੀ ਮਸਜਿਦ ਵਿਚ ਬੈਠ ਗਿਆ ਅਤੇ ਕਤਲੇਆਮ ਦਾ ਹੁਕਮ ਦੇ ਦਿੱਤਾ। ਨੌਂ ਘੰਟੇ ਵਿਚ ਵੀਹ ਹਜ਼ਾਰ ਤੋਂ ਵਧ ਇਸਤਰੀਆਂ, ਪੁਰਸ਼ , ਬੱਚੇ, ਬੁੱਢੇ ਮਾਰੇ ਗਏ। ਅੰਤ ਵਿਚ ਨਿਜ਼ਾਮੁਲ ਮੁਲਕ ਨੂੰ ਨਾਲ ਲੈ ਕੇ ਬਾਦਸ਼ਾਹ ਮੁਹੰਮਦਸ਼ਾਹ ਖ਼ੁਦ ਨਾਦਰਸ਼ਾਹ ਸਾਹਮਣੇ ਹਾਜ਼ਰ ਹੋਇਆ ਅਤੇ ਕਤਲੇਆਮ ਬੰਦ ਕਰਨ ਕਰਨ ਲਈ ਬੇਨਤੀ ਕੀਤੀ ਕਿ ਮੁਰਦਿਆਂ ਨੂੰ ਫਿਰ ਤੋਂ ਜੀਵਿਤ ਕੀਤੇ ਬਿਨਾ ਕਤਲ ਕਰਨ ਲਈ ਲੋਕ ਮਿਲਣੇ ਮੁਸ਼ਕਿਲ ਹੋ ਗਏ ਸਨ।
ਦਿੱਲੀ ਦੇ ਤਖ਼ਤ ਉਤੇ ਮੁਹੰਮਦਸ਼ਾਹ ਨੂੰ ਫਿਰ ਤੋਂ ਬਿਠਾ ਕੇ ਅਤੇ ਕਈ ਸੁਝਾ ਦੇ ਕੇ ਨਾਦਰਸ਼ਾਹ ਆਪਣੇ ਦੇਸ਼ ਵਲ ਪਰਤਿਆ। ਜਾਂਦਿਆਂ ਉਹ ਆਪਣੇ ਨਾਲ ਤਖ਼ਤ- ਤਾਊਸ, ਕੋਹ-ਨੂਰ ਹੀਰਾ ਅਤੇ ਹੋਰ ਬਹੁਤ ਸਾਰਾ ਕੀਮਤੀ ਸਾਮਾਨ ਲੈ ਗਿਆ। ਪੰਜਾਬ ਵਿਚੋਂ ਲਿੰਘਦਿਆਂ ਬਹੁਤ ਸਾਰਾ ਸਾਮਾਨ ਸਿੱਖ ਗੁਰੀਲਾ ਦਸਤਿਆਂ ਨੇ ਖੋਹ ਲਿਆ। ਵਾਪਸ ਜਾ ਕੇ ਨਾਦਰਸ਼ਾਹ ਨੇ ਅਫ਼ਗ਼ਾਨਿਸਤਾਨ ਦਾ ਕੁਝ ਇਲਾਕਾ ਈਰਾਨ ਨਾਲ ਮਿਲਾ ਕੇ ਇਕ ਦ੍ਰਿੜ੍ਹ ਰਾਜ ਦੀ ਸਥਾਪਨਾ ਕੀਤੀ, ਪਰ 20 ਜੂਨ 1747 ਈ. ਨੂੰ ਆਪਣੇ ਹੀ ਕਬੀਲੇ ਦੇ ਕਿਸੇ ਵਿਅਕਤੀ ਹੱਥੋਂ ਰਾਤ ਨੂੰ ਮਾਰਿਆ ਗਿਆ। ਇਸ ਨੂੰ ਮਸ਼ਹਦ ਨਗਰ ਵਿਚ ਦਫ਼ਨਾਇਆ ਗਿਆ ਜਿਥੇ ਇਸ ਦੀ ਕਬਰ ਮੌਜੂਦ ਹੈ।
ਨਾਦਰਸ਼ਾਹ ਦੀ ਲੁਟ ਅਤੇ ਅਤਿਆਚਾਰ ਪੰਜਾਬੀ ਲੋਕ ਸਭਿਆਚਾਰ ਦਾ ਅੰਗ ਬਣ ਗਏ ਅਤੇ ਅਨੇਕ ਲੋਕ ਗੀਤਾਂ ਵਿਚ ਉਨ੍ਹਾਂ ਦਾ ਉੱਲੇਖ ਹੋਇਆ ਮਿਲਦਾ ਹੈ। ਪਰ ਇਸ ਨੇ ਸਿੱਖ ਸੰਘਰਸ਼ ਵਿਚ ਪੰਜਾਬ ਦੀ ਬਾਦਸ਼ਾਹੀ ਦੀ ਕਲਪਨਾ ਕੀਤੀ ਸੀ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2922, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First