ਨਿਆਇ ਦਰਸ਼ਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਿਆਇ ਦਰਸ਼ਨ: ਮਹਾਰਿਸ਼ੀ ਗੌਤਮ ਨਿਆਇ ਦਰਸ਼ਨ ਦੇ ਕਰਤਾ ਹਨ। ਇਸ ਗ੍ਰੰਥ ਦੀ ਰਚਨਾ ਮਹਾਰਿਸ਼ੀ ਨੇ ਪੰਜ ਅਧਿਆਵਾਂ ਵਿੱਚ ਕੀਤੀ। ਹਰ ਅਧਿਆਇ ਵਿੱਚ ਦੋ-ਦੋ ਆਹਨਿਕ (ਖੰਡ) ਅਤੇ ਕੁੱਲ 538 ਸੂਤਰ ਹਨ। ਪਹਿਲੇ ਅਧਿਆਇ ਵਿੱਚ ਨਿਆਇ ਦੇ ਲੱਛਣ ਅਤੇ ਉਦੇਸ਼ ਲਿਖੇ ਗਏ ਹਨ ਅਤੇ ਬਾਕੀ ਚਾਰਾਂ ਵਿੱਚ ਦਿੱਤੇ ਲੱਛਣਾਂ ਦੀ ਮੀਮਾਂਸਾ ਜਾਂ ਵਿਆਖਿਆ ਕੀਤੀ ਗਈ ਹੈ।

 

     ਆਮ ਤੌਰ ਤੇ ਨਿਆਇ ਸ਼ਬਦ ਦੀ ਵਰਤੋਂ ਕਈ ਅਰਥਾਂ ਵਿੱਚ ਕੀਤੀ ਜਾਂਦੀ ਹੈ ਪਰੰਤੂ ਦਾਰਸ਼ਨਿਕ ਦ੍ਰਿਸ਼ਟੀ ਤੋਂ ਨਿਆਇ ਦਾ ਅਰਥ ਹੈ'नीयते प्राप्यते विविक्षितार्थ सि:(िर्येन इति न्याय : ਅਰਥਾਤ ਜਿਸ ਨਾਲ ਕਿਸੇ ਵਿਸ਼ੇ ਦਾ ਨਿਰਣੇ ਕੀਤਾ ਜਾਵੇ ਜਾਂ ਜਿਸ ਦੀ ਮਦਦ ਨਾਲ ਕਿਸੀ ਨਿਸ਼ਚਿਤ ਸਿਧਾਂਤ ਤੇ ਪਹੁੰਚਿਆ ਜਾਵੇ, ਉਹ ਤਰੀਕਾ, ਪ੍ਰਕਿਰਿਆ ਜਾਂ ਸਿਧਾਂਤ ਨਿਆਇ ਹੈ। ਇਸ ਦਰਸ਼ਨ ਦੇ ਚਾਰ ਮੁੱਖ ਉਦੇਸ਼ ਹਨ :

          -        ਆਮ ਗਿਆਨ ਦੀ ਸਮੱਸਿਆ ਨੂੰ ਹੱਲ ਕਰਨਾ।

          -        ਦੁਨੀਆ ਦੀ ਹੋਂਦ ਅਤੇ ਪਰਿਵਰਤਨ ਦੀ ਪਹੇਲੀ ਨੂੰ ਸਮਝਣਾ।

          -        ਜੀਵਾਤਮਾ ਅਤੇ ਮੁਕਤੀ ਤੇ ਵਿਚਾਰ ਕਰਨਾ।

          -        ਪਰਮਾਤਮਾ ਬਾਰੇ ਗਿਆਨ ਪ੍ਰਾਪਤ ਕਰਨਾ।

     ਗਿਆਨ ਦੇ ਚਾਰ ਸਾਧਨ ਹਨ, ਇਹਨਾਂ ਨੂੰ ਪ੍ਰਮਾਣ ਵੀ ਕਿਹਾ ਜਾਂਦਾ ਹੈ ਪ੍ਰਤਿਅਕਸ਼, ਅਨੁਮਾਨ, ਉਪਮਾਨ ਤੇ ਸ਼ਬਦ। ਕੁਝ ਵਿਚਾਰਕ ਅਨੁਮਾਨ ਅਤੇ ਉਪਮਾਨ ਨੂੰ ਇਕੱਠਾ ਰੱਖਦੇ ਹਨ। ਪ੍ਰਤਿਅਕਸ਼ ਗਿਆਨ ਯਥਾਰਥਿਕਤਾ ਨੂੰ ਸਾਮ੍ਹਣੇ ਰੱਖਦਾ ਹੈ। ਸ਼ਬਦ ਪ੍ਰਯੋਗ ਕੀਤੇ ਸ਼ਬਦਾਂ ਦੇ ਭਾਵ ਨੂੰ ਅਭਿਧਾ, ਲਕਸ਼ਣਾ ਅਤੇ ਵਿਅੰਜਨਾ ਸ਼ਕਤੀਆਂ ਰਾਹੀਂ ਸਮਝਾਉਂਦਾ ਹੈ। ਅਨੁਮਾਨ ਰਾਹੀਂ ਪ੍ਰਾਪਤ ਗਿਆਨ ਪੰਜ ਹਿੱਸਿਆਂ ਵਿੱਚ ਵੰਡ ਕੇ ਇੱਕ-ਇੱਕ ਪੌੜੀ ਚੜ੍ਹਦਾ ਹੋਇਆ ਯਥਾਰਥ ਤੱਕ ਪੁੱਜਦਾ ਹੈ :

          1.        ਪ੍ਰਤਿੱਗਿਆ (ਦਾਵਾ ਜਾਂ ਸੰਕਲਪ) ਜਿਵੇਂ ‘ਮੋਹਨ ਵਿੱਚ ਬੁੱਧੀ ਹੈ।’

          2.       ਹੇਤੂ (ਮੂਲ ਗੁਣ), ‘ਕਿਉਂਕਿ ਉਹ ਮਨੁੱਖ ਹੈ।’

          3.       ਉਦਾਹਰਨ (ਉਸੀ ਤਰ੍ਹਾਂ ਦੇ ਹੋਰ ਪ੍ਰਮਾਣ) ਜਿਵੇਂ ਰਾਮ, ਸੋਹਨ, ਚੰਦਰ ਆਦਿ ‘ਸਭ ਮਨੁੱਖਾਂ ਵਿੱਚ ਬੁੱਧੀ ਹੁੰਦੀ ਹੈ।’

          4.       ਉਪਨਯ (ਪ੍ਰਾਪਤੀ) ‘ਮੋਹਨ ਵੀ ਮਨੁੱਖ ਹੈ।’

          5.       ਨਿਗਮਨ (ਉਦਾਹਰਨ ਅਤੇ ਉਪਨਯ ਦੇ ਵਿੱਚ ਸਿੱਧ ਕੀਤੀ ਪ੍ਰਤਿੱਗਿਆ ਦਾ ਪੁਨਰ ਕਥਨ) ‘ਇਸ ਲਈ ਮੋਹਨ ਵਿੱਚ ਵੀ ਬੁੱਧੀ ਹੈ।’ ਪੰਜਵੀਂ ਸਥਿਤੀ ਤੇ ਪੁੱਜ ਕੇ ਅਨੁਮਾਨ ਗਿਆਨ ਸਿੱਧ ਹੋ ਜਾਂਦਾ ਹੈ।

     ਗੌਤਮ ਮਹਾਰਿਸ਼ੀ ਨੇ ਸ੍ਰਿਸ਼ਟੀ ਦੇ ਸਾਰੇ ਤਾਣੇ-ਬਾਣੇ, ਜੀਵਾਤਮਾ ਅਤੇ ਮੋਕਸ਼ ਦੀ ਸਮਝ ਦਾ ਆਧਾਰ ਕੁੱਲ ਸੋਲਾਂ ਪਦਾਰਥ ਮੰਨੇ ਹਨ :

        -          ਪ੍ਰਮਾਣ (ਪ੍ਰਤਿਅਕਸ਼, ਅਨੁਮਾਨ, ਉਪਮਾਨ ਅਤੇ ਸ਼ਬਦ): ਉਹ ਸਭ ਸਾਧਨ ਜਿਸ ਦੇ ਦੁਆਰਾ ਕਿਸੇ ਸਥਿਤੀ ਦਾ ਯਥਾਰਥ ਗਿਆਨ ਪ੍ਰਾਪਤ ਹੁੰਦਾ ਹੈ, ਪ੍ਰਮਾਣ ਕਹੇ ਜਾਂਦੇ ਹਨ।

        -          ਪ੍ਰਮੇਯ (ਆਤਮਾ, ਸਰੀਰ, ਇੰਦਰੀਆਂ, ਅਰਥ, ਬੁੱਧੀ, ਮਨ, ਪ੍ਰਕਿਰਤੀ, ਦੋਸ਼, ਪ੍ਰੇਤਯਭਾਵ, ਫਲ, ਦੁੱਖ, ਮੁਕਤੀ): ਪ੍ਰਮਾਣ ਦੁਆਰਾ ਜਿਸ ਦਾ ਯਥਾਰਥ ਗਿਆਨ ਪ੍ਰਾਪਤ ਕੀਤਾ ਜਾਵੇ ਜਾਂ ਜੋ ਯਥਾਰਥ ਗਿਆਨ ਦੇ ਯੋਗ ਹੋਵੇ, ਪ੍ਰਮੇਯ ਹੁੰਦਾ ਹੈ। ਉੱਪਰ ਬਾਰਾਂ ਪ੍ਰਮੇਯਾਂ ਦੀ ਸੂਚੀ ਦਿੱਤੀ ਹੈ।

        -          ਸੰਸ਼ਯ: ਦੋ ਧਾਰਾਂ ਵਾਲਾ ਗਿਆਨ ਅਰਥਾਤ ਜਿਸ ਵਿੱਚ ਕਿਸੇ ਇੱਕ ਧਾਰਾ ਦਾ ਨਿਸ਼ਚੈ ਨਾ ਕੀਤਾ ਜਾ ਸਕੇ।

        -          ਪ੍ਰਯੋਜਨ: ਜਿਸ ਮਤਲਬ ਨੂੰ ਲੈ ਕੇ ਕਰਮ ਵਿੱਚ ਪ੍ਰਵਿਰਤੀ ਹੁੰਦੀ ਹੈ।

        -          ਦ੍ਰਿਸ਼ਟਾਂਤ: ਮਿਸਾਲ ਜਾਂ ਉਦਾਹਰਨ

        -          ਸਿਧਾਂਤ: ਨਤੀਜਾ ਜਾਂ ਨਿਸ਼ਚੈ

        -          ਅਵਯਵ: ਗਿਆਨ ਦੀਆਂ ਪੰਜ ਪੌੜੀਆਂ (ਪ੍ਰਤਿੱਗਿਆ, ਹੇਤੂ, ਉਦਾਹਰਨ, ਉਪਨਯ ਅਤੇ ਨਿਗਮਨ)

        -          ਤਰਕ: ਯੁਕਤੀ

        -          ਨਿਰਣਯ: ਫ਼ੈਸਲਾ

        -          ਵਾਦ: ਜਿੱਤ-ਹਾਰ ਦਾ ਖ਼ਿਆਲ ਛੱਡ ਕੇ ਯਥਾਰਥ ਗਿਆਨ ਤੱਕ ਪੁੱਜਣ ਲਈ ਕੀਤੀ ਚਰਚਾ।

        -          ਜਲਪ: ਬਾਰ-ਬਾਰ ਦੁਹਰਾਈ ਗੱਲ ਜਿਹੜੀ ਜਿੱਤਣ ਲਈ ਕਹੀ ਜਾਵੇ।

        -          ਵਿਤੰਡਾ: ਦੂਜੇ ਦਾ ਪੱਖ ਝੂਠਾ ਸਾਬਤ ਕਰਨ ਲਈ ਆਪਣੇ ਪੱਖ ਵਿੱਚ ਨਿਰਰਥਕ ਦਲੀਲ।

        -          ਹੇਤ੍ਵਾਭਾਸ: ਕੁਤਰਕ, ਜਿੱਥੇ ਕਾਰਜ ਦਾ ਕਾਰਨ ਤਾਂ ਨਾ ਹੋਵੇ ਫੇਰ ਵੀ ਕਾਰਨ ਜੇਹਾ ਪ੍ਰਤੀਤ ਹੋਵੇ।

        -          ਛਲ: ਕਿਸੇ ਦੂਸਰੇ ਅਰਥ ਨੂੰ ਅੱਗੇ ਰੱਖ ਕੇ ਪ੍ਰਤੀਵਾਦੀ ਦੇ ਵਚਨ ਦਾ ਖੰਡਨ।

        -          ਜਾਤਿ: ਪ੍ਰਤਿਬੱਧ ਉੱਤਰ, ਭਾਵੇਂ ਉਹ ਝੂਠ ਹੀ ਹੋਵੇ।

        -          ਨਿਗ੍ਰਹ ਸਥਾਨ: ਵਾਦ-ਵਿਵਾਦ ਵਿੱਚ ਉਹ ਮੁੱਦਾ, ਜਿੱਥੇ ਮਾਕੂਲ ਜਾਂ ਸਹੀ ਉੱਤਰ ਨਾ ਸੁੱਝੇ ਅਤੇ ਹਾਰ ਮੰਨ ਲੈਣੀ ਪਵੇ।

     ਇਹਨਾਂ ਸੋਲ੍ਹਾਂ ਪਦਾਰਥਾਂ ਦੇ ਪੂਰਨ ਗਿਆਨ ਤੋਂ ਹੀ ਗੌਤਮ ਰਿਸ਼ੀ ਨੇ ਮੁਕਤੀ-ਪ੍ਰਾਪਤੀ ਦੀ ਕਲਪਨਾ ਕੀਤੀ ਹੈ। ਉਸ ਨੇ ਲਿਖਿਆ ਹੈ ਕਿ ਦੁੱਖ, ਜਨਮ, ਪਾਪ-ਪੁੰਨ ਦੀ ਪ੍ਰਵਿਰਤੀ, ਦੋਸ਼ (ਰਾਗ, ਦਵੇਸ਼, ਮੋਹ ਆਦਿ) ਤੇ ਮਿਥਿਆ ਗਿਆਨ, ਇਹਨਾਂ ਸਭ ਦੇ ਨਾਸ ਅਤੇ ਸੋਲਾਂ ਪਦਾਰਥਾਂ ਵਿੱਚ ਖੋਲ੍ਹ ਕੇ ਦੱਸੇ ਸਾਧਨਾਂ ਤੋਂ ਪ੍ਰਾਪਤ ਯਥਾਰਥ ਗਿਆਨ ਨਾਲ ਮੋਕਸ਼ ਪ੍ਰਾਪਤ ਹੁੰਦਾ ਹੈ।

     ਮਨੁੱਖ ਮਿਥਿਆ ਗਿਆਨ ਦੇ ਕਾਰਨ ਸਰੀਰ ਨੂੰ ਹੀ ਆਤਮਾ ਸਮਝ ਬੈਠਦਾ ਹੈ ਜਿਸਦੇ ਕਾਰਨ ਰਾਗ-ਦਵੇਸ਼ ਉਪਜਦੇ ਹਨ। ਰਾਗ-ਦਵੇਸ਼ਾਂ ਤੋਂ ਪਾਪ-ਪੁੰਨ, ਪੁੰਨਾਂ ਤੋਂ ਜਨਮ ਅਤੇ ਜਨਮ ਦੇ ਕਾਰਨ ਦੁੱਖ ਪੈਦਾ ਹੁੰਦਾ ਹੈ। ਇਹ ਸੰਸਾਰ-ਚੱਕਰ ਹੈ। ਤੱਤ-ਗਿਆਨ ਹੋਣ ਤੋਂ ਬਾਅਦ ਹੀ ਮਿਥਿਆ ਗਿਆਨ ਮਿਟਦਾ ਹੈ। ਮਿਥਿਆ ਗਿਆਨ ਦੇ ਨਾਸ ਹੋਣ ਤੇ ਹੀ ਰਾਗ-ਦਵੇਸ਼ ਆਦਿ ਦਾ ਅੰਤ ਹੁੰਦਾ ਹੈ ਅਤੇ ਦੁੱਖ ਨਾਸ ਹੋ ਜਾਂਦਾ ਹੈ। ਦੁੱਖ ਦਾ ਪੂਰਨ ਨਾਸ ਹੀ ਮੁਕਤੀ ਹੈ।

     ਨਿਆਂਇਕ ਇੱਕ ਪਰਮਾਤਮਾ ਅਤੇ ਅਨੇਕ ਆਤਮਾਵਾਂ ਦੀ ਹੋਂਦ ਸਵੀਕਾਰ ਕਰਦੇ ਹਨ। ਉਹ ਗਿਆਨ ਨੂੰ ਆਤਮਾ ਦਾ ਗੁਣ ਮੰਨਦੇ ਹਨ ਅਤੇ ਈਸ਼ਵਰ ਨੂੰ ਜਗਤ ਦਾ ਨਿਮਿੱਤ ਕਾਰਨ।

     ਨਿਆਇਕ ਤਾਰਕਿਕ ਅਤੇ ਸੰਸ਼ਯਾਲੂ (ਸੰਦੇਹ ਕਰਨ ਵਾਲੇ) ਹੁੰਦੇ ਹਨ। ਤਰਕ ਨਾਲ ਸੰਦੇਹ ਨੂੰ ਦੂਰ ਕਰਨਾ ਇਹਨਾਂ ਦਾ ਮੁੱਖ ਉਦੇਸ਼ ਹੈ। ਇਹ ਕਹਿੰਦੇ ਹਨ ਕਿ ਨਿਰਨੇ ਕੀਤੇ ਗਏ (ਨਿਰਨੀਤ) ਤੇ ਸਪਸ਼ਟ ਪਦਾਰਥ ਦੇ ਅਰਥ ਵਿੱਚ ਨਿਆਇ ਬੇਮਤਲਬ ਹੈ। ਇਹ ਮਾਤਰ ਸੰਦੇਹ ਪੂਰਨ ਵਿਸ਼ਿਆਂ ਵਿੱਚ ਹੀ ਕੰਮ ਆਉਂਦਾ ਹੈ।


ਲੇਖਕ : ਓਮ ਪ੍ਰਕਾਸ਼ ਸਾਰਸਵਤ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3222, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.