ਨਿਬੰਧ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨਿਬੰਧ: ਆਧੁਨਿਕ ਵਾਰਤਕ ਦਾ ਪ੍ਰਮਾਣਿਕ ਅਤੇ ਨਵੇਕਲਾ ਸਾਹਿਤ ਰੂਪ ਨਿਬੰਧ ਹੈ। ਇਸ ਨੂੰ ਵਾਰਤਕ ਦੀ ਕਸਵੱਟੀ ਮੰਨਿਆ ਗਿਆ ਹੈ। ਇਸ ਸਾਹਿਤ ਵਿਧਾ ਵਿੱਚ ਨਿਬੰਧਕਾਰ ਆਪਣੀ ਬੌਧਿਕ ਸਮਰੱਥਾ ਅਨੁਸਾਰ ਨਿੱਜੀ ਅਨੁਭਵਾਂ ਨੂੰ ਆਧਾਰ ਬਣਾ ਕੇ ਕਿਸੇ ਵਿਸ਼ੇ ਬਾਰੇ ਕੁਝ ਕਹਿਣ ਦਾ ਯਤਨ ਕਰਦਾ ਹੈ। ਲੇਖਕ ਨਿਬੰਧ ਵਿੱਚ ਜੀਵਨ ਅਤੇ ਸਮਾਜ ਨਾਲ ਸੰਬੰਧਿਤ ਕਿਸੇ ਸਮੱਸਿਆ ਪ੍ਰਤਿ ਆਪਣਾ ਪ੍ਰਤਿਕਰਮ ਇਸ ਤਰ੍ਹਾਂ ਪ੍ਰਗਟ ਕਰਦਾ ਹੈ ਕਿ ਉਹ ਵੱਧ ਤੋਂ ਵੱਧ ਰੋਚਕ, ਭਾਵ ਪੂਰਤ ਅਤੇ ਚਮਤਕਾਰੀ ਬਣ ਜਾਵੇ। ਇਸ ਦ੍ਰਿਸ਼ਟੀ ਤੋਂ ਨਿਬੰਧ ਸ੍ਵੈ-ਪ੍ਰਗਟਾਵੇ ਦਾ ਵਧੀਆ ਮਾਧਿਅਮ ਹੈ।
ਨਿਬੰਧ ਸ਼ਬਦ ਦੇ ਕੋਸ਼ਗਤ ਅਰਥ ‘ਚੰਗੀ ਤਰ੍ਹਾਂ ਬੰਨ੍ਹਣਾ’, ‘ਗੁੰਦਣਾ’, ‘ਇਕੱਠਾ ਕਰਨਾ’, ‘ਪਰੋ ਕੇ ਰੱਖਣਾ’ ਆਦਿ ਹਨ। ਪੁਰਾਤਨ ਕਾਲ ਵਿੱਚ ਕਾਗ਼ਜ਼ ਦੀ ਅਣਹੋਂਦ ਕਾਰਨ ਭੋਜ-ਪੱਤਰਾਂ ਤੇ ਲਿਖਿਆ ਜਾਂਦਾ ਸੀ। ਇਹਨਾਂ ਭੋਜ- ਪੱਤਰਾਂ ਨੂੰ ਇਕੱਠਾ ਕਰ ਕੇ ਬੰਨ੍ਹਣ ਦੀ ਪ੍ਰਕਿਰਿਆ ਹੀ ਨਿਬੰਧ ਅਖਵਾਉਂਦੀ ਸੀ। ਅੰਗਰੇਜ਼ੀ ਵਿੱਚ ਨਿਬੰਧ ਦਾ ਪਰਿਆਇ ਐੱਸਏ (Essay) ਹੈ। ਇਸ ਦਾ ਮੁਢਲਾ ਅਰਥ ਤਰਕ ਅਤੇ ਪੂਰਨਤਾ ਦਾ ਅਧਿਕ ਖ਼ਿਆਲ ਨਾ ਰੱਖਣ ਵਾਲਾ ਗੱਦ ਰੂਪ ਸੀ। ਹੁਣ ਇਸ ਦੇ ਅਰਥ ਭਾਵ, ਵਿਚਾਰ, ਦਲੀਲ ਅਤੇ ਸੁਯੋਗ ਵਿਆਖਿਆ ਦੇ ਸੁਮੇਲ ਦੇ ਬਣ ਗਏ ਹਨ। ਬੌਧਿਕ ਚਿੰਤਨ ਅਤੇ ਵਿਗਿਆਨਿਕ ਚੇਤਨਾ ਦੇ ਇਸ ਯੁੱਗ ਵਿੱਚ ਨਿਬੰਧ ਹਰ ਪ੍ਰਕਾਰ ਦੇ ਭਾਵਾਂ ਅਤੇ ਵਿਚਾਰਾਂ ਨੂੰ ਪ੍ਰਗਟਾਉਣ ਦਾ ਇੱਕ ਸਫਲ ਅਤੇ ਉਪਯੋਗੀ ਮਾਧਿਅਮ ਬਣ ਗਿਆ ਹੈ।
ਇੱਥੇ ਇਹ ਸਪਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਲੇਖ ਅਤੇ ਨਿਬੰਧ ਵਿੱਚ ਵਿਆਪਕ ਅੰਤਰ ਹੈ। ਲੇਖ ਭਾਵ ਪ੍ਰਧਾਨ, ਅੰਤਰ ਮੁਖੀ, ਵਿਅਕਤੀਗਤ ਅਤੇ ਗ਼ੈਰ-ਰਸਮੀ ਰਚਨਾ ਹੈ ਜਿਸ ਵਿੱਚ ਕਲਪਨਾ ਨੂੰ ਉਡਾਰੀ ਦੀ ਖੁੱਲ੍ਹ ਹੁੰਦੀ ਹੈ, ਜਦ ਕਿ ਨਿਬੰਧ ਵਿਚਾਰ ਪ੍ਰਧਾਨ, ਬਾਹਰਮੁਖੀ, ਵਿਸ਼ੇਬੱਧ ਅਤੇ ਰਸਮੀ ਕਿਸਮ ਦੀ ਰਚਨਾ ਹੈ, ਜਿਸ ਵਿੱਚ ਵਿਚਾਰਾਂ ਦਾ ਵਿਕਾਸ ਹੁੰਦਾ ਹੈ। ਇਹ ਤਰਕ ਪੂਰਨ ਅਤੇ ਆਲੋਚਨਾਤਮਿਕ ਹੁੰਦਾ ਹੈ। ਲੇਖ ਤੋਂ ਭਾਵੁਕ ਅਨੰਦ ਮਿਲਦਾ ਹੈ, ਜਦ ਕਿ ਨਿਬੰਧ ਬੌਧਿਕ ਸੰਤੁਸ਼ਟੀ ਪ੍ਰਦਾਨ ਕਰਦਾ ਹੈ। ਲੇਖ ਵਿੱਚੋਂ ਲੇਖਕ ਦੇ ਵਿਅਕਤਿਤਵ ਦੀ ਝਲਕ ਮਿਲਦੀ ਹੈ ਪਰ ਨਿਬੰਧ ਵਿੱਚ ਨਿਬੰਧਕਾਰ ਦੀ ਯੋਗਤਾ ਅਤੇ ਬੁੱਧੀ ਦਾ ਪ੍ਰਭਾਵ ਪੈਂਦਾ ਹੈ। ਲੇਖ ਦੀ ਬਣਤਰ ਵਿਰਲੀ ਹੁੰਦੀ ਹੈ ਪਰ ਨਿਬੰਧ ਦੀ ਸ਼ੈਲੀ ਸੰਖੇਪ ਤੇ ਨਿਯਮਿਤ ਹੁੰਦੀ ਹੈ।
ਨਿਬੰਧ ਵਿੱਚ ਭਾਵ, ਵਿਚਾਰ, ਤਰਤੀਬ, ਭਾਸ਼ਾ ਅਤੇ ਸ਼ੈਲੀ ਆਦਿ ਤੱਤਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸੰਖੇਪਤਾ, ਜਜ਼ਬਿਆਂ ਦੀ ਰਵਾਨੀ, ਵਿਚਾਰਾਂ ਦਾ ਅਜ਼ਾਦ ਵੇਗ, ਸਰਲਤਾ, ਸਪਸ਼ਟਤਾ, ਨਿਰਸੰਕੋਚ ਪ੍ਰਗਟਾਅ, ਵਿਸ਼ੇ ਦਾ ਸੀਮਤ ਘੇਰਾ, ਲੇਖਕ ਦੀ ਮਨੋਦਸ਼ਾ, ਗਿਆਨ ਦੀ ਵਿਆਪਕਤਾ ਆਦਿ ਨਿਬੰਧ ਦੇ ਮੁੱਖ ਗੁਣ ਹਨ। ਭਾਵਾਂ ਅਤੇ ਵਿਚਾਰਾਂ ਦਾ ਸੰਬੰਧ ਮਨੁੱਖ ਦੇ ਅਨੁਭਵ ਨਾਲ ਹੈ। ਜਿੰਨਾ ਵਿਸ਼ਾਲ ਕਿਸੇ ਵਿਅਕਤੀ ਦਾ ਅਨੁਭਵ ਹੋਵੇਗਾ, ਓਨੇ ਹੀ ਡੂੰਘੇ ਭਾਵਾਂ ਅਤੇ ਵਿਚਾਰਾਂ ਦਾ ਉਹ ਮਾਲਕ ਹੋਵੇਗਾ। ਉਸ ਦੇ ਅਨੁਭਵ ਅਨੁਕੂਲ ਹੀ ਉਸ ਦਾ ਦ੍ਰਿਸ਼ਟੀਕੋਣ ਬਣਦਾ ਹੈ। ਨਿਬੰਧ ਦੀ ਰਚਨਾ ਲਈ ਡੂੰਘੇ ਨਿੱਜੀ ਅਨੁਭਵ ਦੀ ਲੋੜ ਹੁੰਦੀ ਹੈ। ਨਾਲ ਹੀ ਸਹਿਜ ਸੁਭਾਅ ਵੱਡੀ ਗੱਲ ਕਰਨ ਦੀ ਜਾਚ ਵੀ ਲੋੜੀਂਦੀ ਹੈ।
ਨਿਬੰਧ ਦਾ ਆਕਾਰ ਛੋਟਾ ਹੁੰਦਾ ਹੈ। ਬਾਕੀ ਵਾਰਤਕ ਰੂਪਾਂ ਜਿਵੇਂ ਨਾਵਲ, ਸਫ਼ਰਨਾਮਾ, ਜੀਵਨੀ ਆਦਿ ਵਿਸਤਾਰ ਦਾ ਸਹਾਰਾ ਲੈਂਦੇ ਹਨ ਪਰ ਨਿਬੰਧ ਦਾ ਹਰ ਵਾਕ ਅਤੇ ਹਰ ਸ਼ਬਦ ਅਰਥ ਭਰਪੂਰ ਹੁੰਦਾ ਹੈ। ਥੋੜ੍ਹੇ ਸ਼ਬਦਾਂ ਵਿੱਚ ਨਿੱਜੀ ਅਨੁਭਵ ਦੇ ਆਧਾਰ ਤੇ ਪ੍ਰਭਾਵਾਂ ਅਤੇ ਸੁਝਾਵਾਂ ਨੂੰ ਸੰਖੇਪ ਅਤੇ ਸੰਗਠਿਤ ਰੂਪ ਵਿੱਚ ਪੇਸ਼ ਕਰਨਾ ਹੀ ਨਿਬੰਧ ਦੀ ਵਡਿਆਈ ਹੈ। ਨਿਬੰਧ ਦਾ ਸਭ ਤੋਂ ਵੱਡਾ ਲੱਛਣ ਇਹੋ ਹੈ ਕਿ ਵਿਸ਼ੇ-ਵਸਤੂ ਦੇ ਪਸਾਰ ਅਤੇ ਆਕਾਰ ਪੱਖੋਂ ਇਹ ਸੀਮਤ ਖੇਤਰ ਵਾਲਾ ਗੱਦ ਰੂਪ ਹੈ। ਇਸ ਦਾ ਕੰਮ ਗੱਲ ਨੂੰ ਸਾਬਤ ਕਰਨਾ ਨਹੀਂ ਹੁੰਦਾ, ਬਲਕਿ ਉਸ ਦਾ ਚਿਤਰਨ ਕਰਨਾ ਹੁੰਦਾ ਹੈ ਕਿਉਂਕਿ ਇਹ ਕੋਈ ਖੋਜ ਕਾਰਜ ਨਹੀਂ-ਸਾਹਿਤ ਰੂਪ ਹੈ। ਇਸ ਵਿੱਚ ਕੋਈ ਇੱਕ ਕੇਂਦਰੀ ਵਿਚਾਰ ਹੁੰਦਾ ਹੈ, ਜਿਸ ਨੂੰ ਇਸ ਢੰਗ ਨਾਲ ਬਿਆਨ ਕੀਤਾ ਜਾਂਦਾ ਹੈ ਕਿ ਸੁਹਜ- ਸੁਆਦ ਦੇਵੇ। ਨਿਬੰਧ ਵਿੱਚ ਵਿਸ਼ੇ ਦੇ ਬਿਆਨ ਸਮੇਂ ਲੇਖਕ ਆਪਣੇ ਵਿਚਾਰ ਪੂਰੀ ਅਜ਼ਾਦੀ ਨਾਲ ਪੇਸ਼ ਕਰਦਾ ਹੈ, ਪਰ ਉਹ ਕਦੇ ਵੀ ਉਹਨਾਂ ਵਿਚਾਰਾਂ ਨੂੰ ਪਾਠਕਾਂ ਉੱਤੇ ਠੋਸ ਨਹੀਂ ਸਕਦਾ। ਚੰਗੇ ਨਿਬੰਧ ਵਿੱਚ ਦਿਲ ਨੂੰ ਟੁੰਬਣ ਦੀ ਵਧੇਰੇ ਸ਼ਕਤੀ ਹੁੰਦੀ ਹੈ, ਭਾਵੇਂ ਉਹ ਨਾਲ ਦੀ ਨਾਲ ਬੁੱਧੀ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਮਹਾਨ ਵਿਸ਼ੇ ਨਾਲ ਜੁੜੇ ਡੂੰਘੇ ਅਤੇ ਬੌਧਿਕ ਵਿਚਾਰਾਂ ਨੂੰ ਬੇ-ਤਰਤੀਬੇ ਢੰਗ ਨਾਲ ਪੇਸ਼ ਕਰ ਕੇ ਵਧੀਆ ਨਿਬੰਧ ਨਹੀਂ ਰਚਿਆ ਜਾ ਸਕਦਾ। ਕਹਿਣ ਤੋਂ ਭਾਵ ਕਿ ਭਾਵਾਂ ਅਤੇ ਵਿਚਾਰਾਂ ਨੂੰ ਖ਼ਾਸ ਤਰਤੀਬ ਨਾਲ ਪੇਸ਼ ਕੀਤਾ ਜਾਵੇ ਤਾਂ ਰਚਨਾ ਦਾ ਪ੍ਰਭਾਵ ਵੱਧ ਜਾਂਦਾ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਨਿਬੰਧਕਾਰ ਭਾਸ਼ਾ ਅਤੇ ਸ਼ੈਲੀ ਦਾ ਵਿਸ਼ੇਸ਼ ਧਿਆਨ ਰੱਖੇ। ਭਾਸ਼ਾ ਦਾ ਨਿਬੰਧ ਦੇ ਅਨੁਕੂਲ ਹੋਣਾ ਵੀ ਜ਼ਰੂਰੀ ਹੈ। ਭਾਵਾਂ ਅਤੇ ਵਿਚਾਰਾਂ ਦੇ ਪ੍ਰਗਟਾਅ ਲਈ ਵਧੀਆ ਸ਼ਬਦਾਵਲੀ ਅਤੇ ਨਵੇਕਲੀ ਸ਼ੈਲੀ ਨਿਬੰਧਕਾਰ ਨੂੰ ਵਿਲੱਖਣ ਬਣਾ ਦਿੰਦੀ ਹੈ।
ਨਿਬੰਧ ਦੇ ਕਈ ਸਰੂਪਾਂ ਬਾਰੇ ਵਿਚਾਰ ਦਿੱਤੇ ਜਾਂਦੇ ਹਨ। ਕੁਝ ਵਿਦਵਾਨ ਵਿਸ਼ੇ-ਵਸਤੂ ਅਨੁਸਾਰ ਨਿਬੰਧ ਦੇ ਰੂਪ ਨਿਰਧਾਰਿਤ ਕਰਦੇ ਹਨ। ਕੁਝ ਸ਼ੈਲੀ ਅਨੁਸਾਰ ਨਿਬੰਧ ਸਾਹਿਤ ਦਾ ਵਰਗੀਕਰਨ ਕਰਦੇ ਹਨ। ਐਨ- ਸਾਈਕਲੋਪੀਡੀਆ ਅਮੈਰੇਕਨਾ ਅਨੁਸਾਰ ਨਿਬੰਧ ਸਾਹਿਤ ਨੂੰ ਦੋ ਭਾਗਾਂ ਅੰਤਰਮੁਖੀ ਨਿਬੰਧ ਅਤੇ ਬਾਹਰਮੁਖੀ ਨਿਬੰਧ ਵਿੱਚ ਵੰਡਿਆ ਗਿਆ ਹੈ। ਅੰਤਰਮੁਖੀ ਨਿਬੰਧਾਂ ਦੇ ਖੇਤਰ ਵਿੱਚ ਚਿੰਤਨ ਪ੍ਰਧਾਨ ਅਤੇ ਨਿੱਜੀ ਅਨੁਭਵ ਵਾਲੇ ਨਿਬੰਧ ਸ਼ਾਮਲ ਕੀਤੇ ਜਾਂਦੇ ਹਨ। ਇਸਦੇ ਉਲਟ ਬਾਹਰਮੁਖੀ ਨਿਬੰਧਾਂ ਵਿੱਚ ਧਰਤੀ ਤੋਂ ਅਕਾਸ਼ ਤੱਕ ਮਨੁੱਖੀ ਜੀਵਨ ਨਾਲ ਸੰਬੰਧਿਤ ਕਿਸੇ ਵੀ ਵਿਸ਼ੇ ਬਾਰੇ ਲੇਖਕ ਆਪਣੀ ਸੋਝੀ ਅਤੇ ਗਿਆਨ ਦਾ ਪ੍ਰਗਟਾਵਾ ਕਰਦਾ ਹੈ। ਇੱਕ ਹੋਰ ਵੰਡ ਅਨੁਸਾਰ ਸੰਪੂਰਨ ਅਤੇ ਦਲੀਲਮਈ ਨਿਬੰਧ ਅਤੇ ਲਘੂ ਨਿਬੰਧ (ਜੋ ਅਧੂਰੇ ਤੇ ਅਪੂਰਨ ਹੁੰਦੇ ਹਨ) ਦੋ ਵਰਗ ਕਰ ਲਏ ਜਾਂਦੇ ਹਨ। ਭਾਰਤੀ ਤੇ ਵਿਸ਼ੇਸ਼ ਤੌਰ ਤੇ ਪੰਜਾਬੀ ਸਾਹਿਤ ਵਿੱਚ ਵਿਸ਼ੇ ਅਨੁਕੂਲ ਵੰਡ ਕਰਦਿਆਂ ਨਿਬੰਧਾਂ ਨੂੰ ਵਿਚਾਰਾਤਮਿਕ, ਬਿਰਤਾਂਤਕ, ਭਾਵਨਾਤਮਿਕ, ਆਲੋਚਨਾਤਮਿਕ, ਵਰਣਨਾਤਮਿਕ ਆਦਿ ਮੁੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ। ਇਸ ਤਰ੍ਹਾਂ ਵਿਸ਼ੇ ਵਸਤੂ ਦੀ ਦ੍ਰਿਸ਼ਟੀ ਤੋਂ ਮਨੁੱਖੀ ਜੀਵਨ ਅਤੇ ਪ੍ਰਕਿਰਤੀ ਨਾਲ ਸੰਬੰਧਿਤ ਹਰ ਵਿਸ਼ਾ ਨਿਬੰਧ ਦੀ ਪਕੜ ਵਿੱਚ ਆਉਂਦਾ ਹੈ। ਸਾਹਿਤਿਕ ਨਿਬੰਧ ਦੀ ਆਪਣੀ ਸੁਤੰਤਰ ਸਤ੍ਹਾ ਹੈ।
ਇਸ ਪ੍ਰਕਾਰ ਆਧੁਨਿਕ ਯੁੱਗ ਵਿੱਚ ਨਿਬੰਧ ਵਾਰਤਕ ਦੀ ਪ੍ਰਮੁਖ ਵੰਨਗੀ ਹੈ। ਇਸ ਸਾਹਿਤ ਰੂਪ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ, ਕਿਉਂਕਿ ਇਹ ਵਿਚਾਰ ਪ੍ਰਧਾਨ ਵਾਰਤਕ ਰੂਪ ਹੈ ਤੇ ਅਜੋਕਾ ਯੁੱਗ ਵੀ ਬੌਧਿਕ ਚਿੰਤਨ ਦਾ ਯੁੱਗ ਹੈ। ਇਸ ਵੇਲੇ ਜੀਵਨ ਦਾ ਵੱਡੇ ਤੋਂ ਵੱਡਾ ਅਤੇ ਗੁੰਝਲਦਾਰ ਤੋਂ ਗੁੰਝਲਦਾਰ ਮਸਲਾ ਨਿਬੰਧ ਦਾ ਵਿਸ਼ਾ ਬਣ ਸਕਦਾ ਹੈ। ਵੱਖ-ਵੱਖ ਤਰ੍ਹਾਂ ਦੀਆਂ ਉਲਝਣਾਂ ਵਿੱਚ ਫਸੇ ਅੱਜ ਦੇ ਮਨੁੱਖ ਲਈ ਨਿਬੰਧ ਬੜਾ ਉਪਯੋਗੀ ਸਿੱਧ ਹੋਇਆ ਹੈ। ਭਵਿੱਖ ਵਿੱਚ ਇਸ ਦੇ ਹੋਰ ਵਧੇਰੇ ਸਾਰਥਕ ਹੋਣ ਦੀ ਸੰਭਾਵਨਾ ਹੈ।
ਲੇਖਕ : ਡੀ. ਬੀ. ਰਾਏ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 25800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਨਿਬੰਧ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਿਬੰਧ [ਨਾਂਪੁ] ਕਿਸੇ ਵਿਸ਼ੇ ਉੱਤੇ ਲਿਖੀ ਸੰਖਿਪਤ ਵਾਰਤਕ , ਵਿਸਤਰਿਤ ਲੇਖ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25804, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਨਿਬੰਧ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਿਬੰਧ. ਸੰ. ਸੰਗ੍ਯਾ—ਬੰਧਨ। ੨ ਉਹ ਵ੍ਯਾਖ੍ਯਾ, ਜਿਸ ਵਿੱਚ ਅਨੇਕ ਮਤਾਂ ਦੇ ਨਿਯਮ (ਨੇਮ) ਦਿਖਾਏ ਜਾਣ। ੩ ਗ੍ਰੰਥ । ੪ ਛੰਦਗ੍ਰੰਥ। ੫ ਵਿ—ਬਿਨਾ ਬੰਧਨ. ਆਜ਼ਾਦ. “ਬੰਦਨ ਕਰੈ ਨਿਬੰਧ ਹ੍ਵੈ.” (ਗੁਪ੍ਰਸੂ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24957, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਿਬੰਧ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨਿਬੰਧ : ਨਿਬੰਧ ਦਾ ਮੌਲਿਕ ਅਰਥ ਹੈ ‘ਬੰਨ੍ਹਣਾ’। ਸੰਸਕ੍ਰਿਤ ਵਿਚ ‘ਨਿਬੰਧ’ ਸ਼ਬਦ ਦਾ ਪ੍ਰਯੋਗ ਲਿਖੇ ਹੋਏ ਭੋਜ ਪਤਾਂ ਨੂੰ ਸੰਵਾਰ ਕੇ, ਸੀ ਪਰੋ ਕੇ, ਸਾਂਭ ਕੇ ਰੱਖਣ ਦੀ ਕ੍ਰਿਆ ਲਈ ਕੀਤਾ ਜਾਂਦਾ ਸੀ। ਸੰਸਕ੍ਰਿਤ ਵਿਚ ਨਿਬੰਧ ਦਾ ਸਮਾਨਾਰਥੀ ਸ਼ਬਦ ਪ੍ਰਬੰਧ ਹੈ ਜਿਹੜਾ ਸੁਲਭਤ ਵਿਸ਼ੈ ਉੱਤੇ ਕਲਪਨਾ ਦੁਆਰਾ ਗੱਦ ਜਾਂ ਪੱਦ ਵਿਚ ਰਚਿਤ ਗ੍ਰੰਥ ਲਈ ਵਰਤਿਆ ਜਾਂਦਾ ਸੀ। ਬਾਲਮੀਕ ਦੀ ਰਾਮਾਇਣ ਪ੍ਰਬੰਧ–ਕਾਵਿ ਅਤੇ ਦੰਡੀ ਦੇ ‘ਦਸ਼ਕੁਮਾਰ ਚਰਿਤ’ ਦੀ ਕਥਾ ਨੂੰ ਪ੍ਰਬੰਧ ਕਾਵੑਯਾਤਮਕ ਆਖਿਆ ਗਿਆ ਹੈ। ਪਰੰਤੂ ਅੱਜ ਇਹ ਸ਼ਬਦ ਸਮਾਨਾਰਥੀ ਨਹੀਂ ਰਹੇ। ਅੱਜ ਦਾ ਪ੍ਰਬੰਧ ਕਿਸੇ ਵਿਸ਼ੇਸ਼ ਵਿਸ਼ੈ ਉੱਤੇ ਦਲੀਲ–ਯੁਕਤ ਅਤੇ ਨਿਆਂਪੂਰਣ ਕ੍ਰਮਬੱਧ ਲਿਖੀ ਰਚਨਾ ਦਾ ਨਾਉਂ ਹੈ ਜਿਸ ਵਿਚ ਲੇਖਕ ਆਪਣੇ ਉਦੇਸ਼ ਨੂੰ ਸਪਸ਼ਟ ਤੇ ਸਿੱਧ ਕਰਨ ਲਈ ਛੋਹੇ, ਅਣਛੋਹੇ ਹਵਾਲਿਆਂ ਤੋਂ ਕੰਮ ਲੈਂਦਾ ਹੈ। ਇਸ ਦਾ ਅੰਗ੍ਰੇਜ਼ੀ ਪਰਿਆਇ ‘ਟ੍ਰੀਟੀਜ਼’ (treatise) ਜਾਂ ਥੀਸਿਸ (thesis) ਹੈ। ਪ੍ਰਬੰਧ ਤੋਂ ਛੁੱਟ ਨਿਬੰਧ ਦੇ ਪਰਿਆਇ ਦੇ ਰੂਪ ਵਿਚ ਲੇਖ, ਰਚਨਾ ਜਾਂ ਪ੍ਰਸਤਾਵ ਜਾਂ ਮਜ਼ਮੂਨ ਆਦਿ ਸ਼ਬਦ ਦੀ ਪ੍ਰਯੁਕਤ ਕੀਤੇ ਜਾਂਦੇ ਹਨ। ਲੇਖ ਜਾਂ ਆਰਟੀਕਲ ਵਿਚ ਲੇਖਕ ਕਿਸੇ ਵਿਸ਼ੈ ਉੱਤੇ ਸ਼ਾਸਤ੍ਰੀ ਢੰਗ ਨਾਲ ਚਾਨਣਾ ਪਾਉਂਦਾ ਹੈ। ਰਚਨਾ ਜਾਂ ਕੰਪੋਜ਼ੀਸ਼ਨ ਕਿਸੇ ਵਿਸ਼ੈ ਜਾਂ ਵਸਤੂ ਦੇ ਗੁਣ, ਦੋਸ਼ ਆਦਿ ਦੀ ਦ੍ਰਿਸ਼ਟੀ ਤੋਂ ਲੇਖਕ ਦੀ ਗੱਦਾਤਮਕ ਅਭਿਵਿਅਕਤੀ ਹੁੰਦੀ ਹੈ।
ਆਧੁਨਿਕ ਨਿਬੰਧ ਮੂਲ ਅਤੇ ਪਰੰਪਰਾਵਾਦੀ ਅਰਥਾਂ ਵਿਚ ਪ੍ਰਯੁਕਤ ਨਹੀਂ ਹੁੰਦਾ। ਵਾਸਤਵ ਵਿਚ ਅੱਜ ਦਾ ਨਿਬੰਧ ਫ਼੍ਰਾਂਸੀਸੀ ਸ਼ਬਦ ਏਸਈ (essais) ਅਤੇ ਅੰਗ੍ਰੇਜ਼ੀ ਸ਼ਬਦ ‘ਏਸੇ’ (essay) ਦਾ ਪਰਿਆਇ ਬਣ ਗਿਆ ਹੈ, ਜਿਸ ਦਾ ਕੋਸ਼ਗਤ ਅਰਥ ਯਤਨ, ਪ੍ਰਯੋਗ ਜਾਂ ਪ੍ਰੀਖਿਆ ਹੁੰਦਾ ਹੈ। ਨਿਬੰਧ ਦੀ ਪਰਿਭਾਸ਼ਾ ਕਰਨਾ ਜੇ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੈ। ਪ੍ਰਯਤਨ ਤੇ ਅੰਤਰਗਤ, ਛੋਟੀਆਂ, ਵੱਡੀਆਂ, ਸਰਲ, ਗੰਭੀਰ ਅਤੇ ਗੱਦ ਪੱਦ ਵਿਚ ਲਿਖੀਆਂ ਹੋਇਆਂ ਅਨੇਕ ਪ੍ਰਕਾਰ ਦੀਆਂ ਰਚਨਾਵਾਂ ਆ ਜਾਂਦੀਆਂ ਹਨ। ਪਰੰਤੂ ਇਸ ਦਾ ਇਹ ਤਾਤਪਰਜ ਨਹੀਂ ਕਿ ਨਿਬੰਧ ਦਾ ਕੋਈ ਸੁਤੰਤਰ ਰੂਪ ਹੀ ਨਹੀਂ। ਅਜਿਹੇ ਨਿਬੰਧ ਨੂੰ ਜਾਂ ਏਸੇ (essay) ਨੂੰ ਡਾਕਟਰ ਜੌਨਸਨ ਨੇ ‘ਮਨ ਦੇ ਮੁਕਤ ਜਜ਼ਬਿਆਂ ਦੇ ਵੇਗ’ (a loose solly of mind) ਦਾ ਨਾਉਂ ਦਿੱਤਾ ਹੈ। ਉਸ ਅਨੁਸਾਰ ਨਿਬੰਧ ਇਕ ਅਜਿਹੀ ਰਚਨਾ ਹੈ ਜਿਹੜੀ ਕੱਚੀ ਅਤੇ ਅਨਿਯਮਿਤ ਹੁੰਦੀ ਹੈ। ਪੱਛਮ ਦੇ ਪੁਰਾਤਨ ਲੇਖਕਾਂ ਤੇ ਦਾਰਸ਼ਨਿਕਾਂ ਨੇ ਅਜਿਹੀਆਂ ਰਚਨਾਵਾਂ ਕੀਤੀਆਂ ਸਨ ਪਰੰਤੂ ਉਨ੍ਹਾਂ ਨੇ ਆਪਣੀਆਂ ਰਚਨਾਵਾਂ ਨੂੰ ਨਿਬੰਧ ਨਹੀਂ ਆਖਿਆ। ਪਲੇਟੋ ਦੀਆਂ ਗੋਸ਼ਟੀਆਂ (Dialogues), ਥਿਓਫ਼ਰੇਸਟਸ (Theophratus) ਦੀ ਪਾਤਰ–ਉਸਾਰੀ, ਪਲਿਨੀ (Pliny), ਸੈਨੇਕਾ (Seneca) ਅਤੇ ਪਲੂਟਾਰਕ (Plutarc) ਦੇ ਧਰਮ–ਪਤ੍ਰ (Epistles) ਅਤੇ ਨੈਤਿਕ ਲੇਖ, ਮਾਰਕਸ ਆਰੀਲੀਅਸ (Marcus Aurelius) ਅਤੇ ਸਿਸਰੋ (Cicero) ਦੇ ਧਾਰਮਿਕ ਵਿਚਾਰ ਅਤੇ ਅਰਸਤੂ (Aristotle) ਦੀਆਂ ਨਿਆਂਪੂਰਣ ਰਚਨਾਵਾਂ ਜੌਨਸਨ ਦੁਆਰਾ ਪਰਿਭਾਸ਼ਤ ਨਿਬੰਧ ਦੀ ਸ਼੍ਰੇਣੀ ਵਿਚ ਗਿਣੀਆਂ ਜਾ ਸਕਦੀਆਂ ਹਨ ਪਰੰਤੂ ਸੁਤੰਤਰਤਾ ਦੀ ਇਸ ਵਿਧੀ ਨੂੰ ਮੁੱਖ ਰੱਖ ਕੇ ਫ਼੍ਰਾਂਸੀਸੀ ਲੇਖਕ ਮੀਸ਼ੈਲ ਦੇ ਮੋਨਤੇਨ (Michel de Montaigne) ਨੇ 1580 ਈ. ਵਿਚ ਆਪਣੇ ਨਿਬੰਧਾਂ ਦੀ ਪੁਸਤਕ ‘ਐਸੇਜ਼ (Essais) ਸਿਰਲੇਖ ਹੇਠ ਛਾਪੀ। ਇਨ੍ਹਾਂ ਨਿਬੰਧਾਂ ਦੇ ਗੱਲਬਾਤੀ ਢੰਗ ਅਤੇ ਪਾਠਕਾਂ ਨਾਲ ਨੇੜਤਾ ਦੇ ਗੁਣਾਂ ਨਾਲ ਵਿਅਕਤੀਗਤ ਨਿਬੰਧ ਦਾ ਮੁੱਢ ਬੱਝਾ। ‘ਦੁੱਖਾਂ ਨਾਲ ਸਾਡੀਆਂ ਇੱਛਾਵਾਂ ਦੀ ਵ੍ਰਿਧੀ ਹੁੰਦੀ ਹੈ’, ‘ਮਾਪਿਆਂ ਦਾ ਬੱਚਿਆਂ ਲਈ ਪਿਆਰ’, ‘ਸੁਸਤੀ ਬਾਰੇ’, ‘ਹੰਕਾਰ ਬਾਰੇ’, ‘ਈਮਾਰ ਬਾਰੇ’, ਆਦਿ ਉਸ ਦੇ ਵਿਸ਼ੈ ਸਨ। ਅੰਗ੍ਰੇਜ਼ ਲੇਖਕ ਫ਼੍ਰਾਂਸਿਸ ਬੇਕਨ (Francis Bacon) ਨੇ 1597 ਈ. ਵਿਚ ਆਪਣੇ ਨਿਬੰਧ (essay) ਛਪਵਾਏ। ਇਹ ਲੇਖ ਸੰਖੇਪ, ਉਕਤੀਯੁਕਤ ਅਤੇ ਦਲੀਲਪੂਰਣ ਹਨ ਪਰ ਇਨ੍ਹਾਂ ਵਿਚ ਮੋਨਤੇਨ ਵਰਗਾ ਹਲਕਾਪਨ ਨਹੀਂ। ਇਨ੍ਹਾਂ ਦੋਹਾਂ ਲੇਖਕਾਂ ਨੇ ਉਕਤੀਆਂ, ਅਖਾਣਾਂ, ਅਤੇ ਉਦਾਹਰਣਾਂ ਦਾ ਅਧਿਕ ਪ੍ਰਯੋਗ ਕੀਤਾ ਹੈ। ਪਤ੍ਰਿਕਾ ਨਿਬੰਧ (periodical essays) ਡੀਫੋ (Defoe) ਨੇ 1704 ਈ. ਵਿਚ ਲਿਖੇ ਅਤੇ ਰਿਚਰਡ ਸਟੀਲ (Richard Steele) ਟਾਟਲਰ ਨੇ ਆਪਣੀ ਪਤ੍ਰਿਕਾ ਤਤਲਾਰ’ (Tatlar) ਵਿਚ ਇਸ ਦਾ ਵਿਕਾਸ ਕੀਤਾ, ਜਿਸ ਪਿੱਛੋਂ ਐਡਿਸਨ (Addision) ਨੇ ਆਪਣੀ ਪਤ੍ਰਿਕਾ ‘ਸਪੈਕਟੇਟਰ’ (Spectator) ਵਿਚ ਜਾਰੀ ਰੱਖਿਆ। ਇਨ੍ਹਾਂ ਲੇਖਕਾਂ ਨੇ ਯੂਰਪ ਦੇ ਸਾਰੇ ਨਿਬੰਧਕਾਰਾਂ ਨੂੰ ਪ੍ਰਭਾਵਿਤ ਕੀਤਾ। ਐਡਿਸਨ ਨੇ ‘ਸਪੈਕਟੇਟਰ’ ਦੇ ਨਿਬੰਧਾਂ ਨੂੰ ਦੋ ਭਾਗਾਂ ਵਿਚ ਵੰਡਿਆ ਹੈ–ਗੰਭੀਰ ਨਿਬੰਧ ਅਤੇ ਅਵਸਰੀ ਪਤ੍ਰ (serious essays and occasional essays)। ਅਵਸਰੀ ਪਤ੍ਰਾਂ ਵਿਚ ਉਸ ਨੇ ਮਨ ਦੀ ਮੌਜ, ਹਾਸ–ਰਸ, ਹਲਕਾ ਵਿਅੰਗ ਅਤੇ ਸਰਲ ਤਰੰਗ ਦਾ ਪ੍ਰਯੋਗ ਕੀਤਾ ਹੈ। ਇਹ ਗੁਣ ਅੱਜ ਤਕ ਵਿਅਕਤੀਗਤ ਅਤੇ ਚਪਲ, ਮੌਜੀ ਨਿਬੰਧ ਦੇ ਵਿਆਪਕ ਗੁਣ ਮੰਨੇ ਜਾਂਦੇ ਹਨ। ਪਾਠਕ ਨੂੰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਉਹ ਲੇਖਕ ਦੀਆਂ ਗੱਲਾਂ ਉਹਲੇ ਬੈਠਾ ਸੁਣ ਰਿਹਾ ਹੋਵੇ। ਅਜਿਹੇ ਵਿਅਕਤੀਗਤ ਲੇਖਾਂ (personal essays) ਵਿਚ ਅਨੁਭਵ ਅਤੇ ਗਿਆਨ ਦੁਆਰਾ ਲੇਖਕ ਦੇ ਸੰਕਲਪ, ਰੁਚੀ ਅਤੇ ਮੌਲਿਕਤਾ ਦੀ ਸੋਝੀ ਹੁੰਦੀ ਹੈ। ਉਨ੍ਹੀਵੀਂ ਅਤੇ ਵੀਹਵੀਂ ਸਦੀ ਈ. ਵਿਚ ਲੈਂਬ (Lamb), ਥੈਕਰੇ (Theckeray), ਐਮਰਸਨ (Emerson) ਅਤੇ ਚੈਸਟਰਟਨ (Chesterton) ਨੇ ਅਜਿਹੇ ਨਿਬੰਧ ਲਿਖੇ ਹਨ। ਇਸ ਦੇ ਨਾਲ ਅੰਗ੍ਰੇਜ਼ੀ, ਫ਼੍ਰਾਂਸੀਸੀ ਅਤੇ ਜਰਮਨ ਲੇਖਕਾਂ ਨੇ ਇਤਿਹਾਸਕ, ਸਮੀਖਿਅਕ ਅਤੇ ਦਾਰਸ਼ਨਿਕ ਵਿਸ਼ਿਆਂ ਤੇ ਗੰਭੀਰ ਨਿਬੰਧ ਵੀ ਲਿਖੇ। ਕਾਰਲਾਈਨ (Carlyle), ਮੈਕਾਲੇ (Macaulay), ਰਸਕਿਨ (Ruskin), ਵਾਲਟਰ ਪੇਟਰ (Walter Pater), ਮੈਥਿਉ ਆਰਨਲਡ (Matthe Arnold), ਟਾਮਸ ਹਕਸਲੇ (Thomas Huxley) ਅਤੇ ਆਲਡਸ ਹਕਸਲੇ (Aldous Huxley), ਉਨਾਮੁਨੋ (Unamuno), ਉਰਤੇਗ ਗੈਸੇ (Ortegu Y Gasset) ਆਦਿ ਗੰਭੀਰ ਨਿਬੰਧਕਾਰ ਹਨ। ਅਮਰੀਕਨ ਆਲੋਚਕ ਹੈਰਲਡ ਮੈਰੀਅਮ (Harald Marium) ਨੇ ਅਜੋਕੇ ਨਿਬੰਧ ਨੂੰ ਗੱਦਾ ਦੀਆਂ ਸਮਾਨ ਵੰਨਗੀਆਂ ਤੋਂ ਨਿਖੇੜਨ ਦਾ ਯਤਨ ਕੀਤਾ ਹੈ। ਉਸ ਅਨੁਸਾਰ ਜੇ ਅਜਿਹੇ ਸਮਾਨ ਪਦਾਰਥਾਂ ਨੂੰ ਇਕ ਲਾਈਨ ਵਿਚ ਰੱਖਿਆ ਜਾਵੇ ਅਤੇ ਇਸ ਲਾਈਨ ਨੂੰ ਦੋ ਬਰਾਬਰ ਭਾਗਾਂ ਵਿਚ ਵੰਡਿਆ ਜਾਵੇ ਤਾਂ ਲਾਈਨ ਦੇ ਖੱਬੇ ਪਾਸੇ ਨਿਯਮਾਨੁਕੂਲ ਮਰਯਾਦਾ, ਬਾਹਰਮੁਖਤਾ ਅਤੇ ਬੌਧਿਕਤਾ ਵਿਚ ਰੁਚੀ ਦੇ ਪਦਾਰਥ ਹੋਣਗੇ ਅਤੇ ਸੱਜੇ ਪਾਸੇ ਅਨਿਯਮਤਾ, ਅੰਤਰਮੁਖਤਾ ਅਤੇ ਕਲਪਨਾ ਵਿਚ ਰੁਚੀ ਦੇ ਪਦਾਰਥ ਹੋਣਗੇ। ਖੱਬੇ ਸਿਰੇ ਦੇ ਅੰਤ ਵਿਚ ਪ੍ਰਬੰਧ ਅਤੇ ਵਿਸ਼ੇਸ਼ ਵਿਸ਼ੈ ਸੰਬੰਧੀ ਨਿਆਂਪੂਰਣ ਲੇਖ ਹੋਣਗੇ ਅਤੇ ਸੱਜੇ ਸਿਰੇ ਦੇ ਅੰਤ ਵਿਚ ਨਿਬੰਧ ਅਤੇ ਖ਼ਾਕੇ ਵਿਦਮਾਨ ਹੋਣਗੇ। ਖੱਬੇ ਤੋਂ ਸੱਜੇ ਸਿਰੇ ਤਕ ਜੀਵਨ ਸੰਬੰਧੀ ਇਤਿਹਾਸਕ, ਸਮੀਖਿਅਕ ਅਤੇ ਵਿਆਖਿਆਤਮਕ ਲੇਖ (expository essay) ਅਤੇ ਮੱਧ ਵਿਚ ਸੰਪਾਦਕੀ, ਪੁਸਤਕ ਪੜਚੋਲ (book review) ਅਤੇ ਪਤ੍ਰਿਕਾ ਲੇਖਾਂ ਦੀ ਥਾਂ ਹੁੰਦੀ ਹੈ। ਮੱਧ ਤੋਂ ਜ਼ਰਾ ਕੁ ਸੱਜੇ ਪਾਸੇ ਪ੍ਰਭਾਵਵਾਦੀ ਲੇਖ, ਵਿਅਕਤੀਗਤ ਲੇਖ, ਮਨ–ਤਰੰਗ ਲੇਖ ਅਤੇ ਖ਼ਾਕੇ ਆ ਟਿਕਦੇ ਹਨ।
ਨਿਯਮਤਾ ਅਨਿਯਮਤਾ
ਬਾਹਰਮੁਖਤਾ ਅੰਤਰਮੁਖਤਾ
(ਬੌਧਿਕਤਾ ਵਿਚ ਰੁਚੀ) (ਕਲਪਨਾ ਵਿਚ ਰੁਚੀ)
ਨਿਬੰਧ
ਪ੍ਰਬੰਧ ਸੰਪਾਦਕੀ ਲੇਖ ਆਰਟੀਕਲ ਪਤ੍ਰ ਲੇਖ ਪ੍ਰਭਾਵਵਾਦੀ ਲੇਖ
ਪੁਸਤਕ
ਪੜਚੋਲ
ਜੀਵਨੀ, ਵਿਗਿਆਨਕ, ਵਿਅਕਤੀਗਤ
ਇਤਿਹਾਸਕ, ਵਿਆਖਿਆਤਮਕ ਮਨ–ਤਰੰਗ, ਖ਼ਾਕੇ
ਅਤੇ ਸਮੀਖਿਅਕ ਲੇਖ
ਸਾਹਿਤਿਕ ਨਿਬੰਧ ਦੀ ਆਪਣੀ ਸੁਤੰਤਰ ਸੱਤਾ ਹੈ ਪਰੰਤੂ ਸੰਖੇਪਤਾ, ਜਜ਼ਬਿਆਂ ਦੀ ਰਵਾਨੀ, ਵਿਚਾਰਾਂ ਵਿਚ ਆਜ਼ਾਦ ਵੇਗ ਤੇ ਪ੍ਰਗਟਾਅ ਦੀ ਸੁੰਦਰ ਸ਼ੈਲੀ ਇਨ੍ਹਾਂ ਸਾਰਿਆਂ ਦੇ ਸਾਂਝੇ ਗੁਣ ਹਨ। ਸਾਹਿਤਿਕ ਨਿਬੰਧ ਦੇ ਆਮ ਤੌਰ ਤੇ ਤਿੰਨ ਭੇਦ ਕੀਤੇ ਜਾਂਦੇ ਹਨ। ਕਥਾਤਮਕ ਨਿਬੰਧ (narrative) ਵਿਚ ਕਾਲਪਨਿਕ, ਪੌਰਾਣਿਕ, ਇਤਿਹਾਸਕ ਅਤੇ ਪ੍ਰਤੀਕਾਤਮਕ ਕਹਾਣੀਆਂ ਪ੍ਰਯੁਕਤ ਕੀਤੀਆਂ ਜਾਂਦੀਆਂ ਹਨ। ਬਿਆਨੀਆਂ ਨਿਬੰਧ (descriptive) ਵਿਚ ਪ੍ਰਾਕ੍ਰਿਤਿਕ ਦ੍ਰਿਸ਼ ਅਤੇ ਮਾਨਵ ਜੀਵਨ ਦੀ ਕਿਸੇ ਘਟਨਾ ਦਾ ਬਿਆਨ ਹੋ ਸਕਦਾ ਹੈ। ਚਿੰਤਨਾਤਮਕ (reflective) ਨਿਬੰਧ ਵਿਚ ਲੇਖਕ ਆਪਣੀ ਪ੍ਰਵ੍ਰਿਤੀ, ਸੁਭਾਅ ਤੇ ਸਥਿਤੀ ਅਨੁਸਾਰ ਭਾਵਨਾ ਨੂੰ ਮੁੱਖ ਆਧਾਰ ਬਣਾਂਉਂਦਾ ਹੈ। ਭਾਵਨਾ ਅਤੇ ਵਿਚਾਰ ਦਾ ਸੁਮੇਲ ਕਰਕੇ ਪਾਠਕਾਂ ਦੀ ਬੁੱਧੀ ਨੂੰ ਪ੍ਰੇਰਿਤ ਕਰਨਾ ਹੈ। ਸਰਲਤਾ, ਸਪਸ਼ਟਤਾ, ਨਿਸੰਕੋਚ ਪ੍ਰਗਟਾ, ਵਿਸ਼ੈ ਦਾ ਸੀਮਿਤ ਘੇਰਾ, ਲੇਖਕ ਦੀ ਵਿਸ਼ੇਸ਼ ਮਨੋਦਸ਼ਾ ਪਾਠਕਾਂ ਨਾਲ ਨਿਕਟ ਸੰਬੰਧ, ਪੰਡਤਾਈ ਦੀ ਅਣਹੋਂਦ ਪਰੰਤੂ ਗਿਆਨ ਦੀ ਵਿਆਪਕਤਾ ਹਰ ਇਕ ਲੇਖ ਦੇ ਪ੍ਰਮੁੱਖ ਗੁਣ ਹਨ। ਆਧੁਨਿਕ ਯੁੱਗ ਵਿਚ ਨਿਬੰਧ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ, ਸਮਰਸੇਟ ਮੌਹਮ, ਲਿੰਡ, ਗਾਲਜ਼ਵਰਦੀ, ਹਿਲੇਅਰ ਬੈਲਕ ਅਤੇ ਲਾਰੰਸ ਨੇ ਨਿਬੰਧ ਨੂੰ ਗੱਦ ਸਾਹਿੱਤ ਵਿਚ ਵਿਸ਼ੇਸ਼ ਸਥਾਨ ਪ੍ਰਦਾਨ ਕਰਵਾਇਆ ਹੈ।
ਪੰਜਾਬੀ ਵਿਚ ਨਿਬੰਧ ਦਾ ਆਰੰਭ ‘ਟੈਕਸਟ ਬੁਕ ਕਮੇਟੀ’ ਲਈ ਲਿਖੀਆਂ ਲਾ. ਬਿਹਾਰੀ ਲਾਲ ਪੁਰੀ ਦੀਆਂ ਪੁਸਤਕਾਂ ਹੋਈਆਂ। ‘ਵਿਦਿਆ ਰਤਨਾਕਰ’ ਪੁਸਤਕ ਵਿਚ ‘ਬੁੱਧੀ ਦੀ ਵਡਿਆਈ’, ‘ਧਨ ਦੀ ਵਡਿਆਈ’, ‘ਵਿਦਿਆ ਦੀ ਮਹਿਮਾ’, ਵਿਦਿਆ ਦਾ ਆਦਰ’, ਅਤੇ ‘ਚੁੱਪ ਰਹਿਣ ਦੇ ਗੁਣ’ ਆਦਿ ਇਨ੍ਹਾਂ ਨਿਬੰਧਾਂ ਦੇ ਵਿਸ਼ੈ ਸਨ। ਉਨ੍ਹੀਵੀਂ ਸਦੀ ਈ. ਦੇ ਅੰਤ ਅਤੇ ਵੀਹਵੀਂ ਸਦੀ ਈ. ਦੇ ਮੁੱਢ ਵਿਚ ਪੰਜਾਬੀ ਪਤ੍ਰਕਾਰੀ ਦੇ ਨਾਲ ਪਤ੍ਰਿਕਾ ਨਿਬੰਧ ਦਾ ਉਦਗਮ ਅਤੇ ਵਿਕਾਸ ਹੋਇਆ। ਭਾਈ ਮੋਹਨ ਸਿਘ ਵੈਦ ਨੈ ਬੇਕਨ ਦੇ ਨਿਬੰਧ ਪੰਜਾਬੀ ਵਿਚ ਉਲਥਾਏ ਅਤੇ ਟ੍ਰੈਕਟਾਂ ਵਿਚ ਕਥਾਤਮਕ ਨਿਬੰਧ ਲਿਖੇ। ਪੂਰਨ ਸਿੰਘ ਪਹਿਲਾ ਪੰਜਾਬੀ ਲੇਖਕ ਹੈ ਜਿਸ ਨੇ ਆਪਣੀ ਪੁਸਤਕ ਦੇ ਨਾਂ ਨਾਲ ‘ਲੇਖ’ ਸ਼ਬਦ ਦਾ ਪ੍ਰਯੋਗ ਕੀਤਾ। ਪਰੰਤੂ ਪੂਰਨ ਸਿੰਘ ਦੇ ਨਿਬੰਧਾਂ ਵਿਚ ਨਾ ਸੰਖੇਪਤਾ ਹੈ ਤੇ ਨਾ ਵਿਚਾਰ ਇਕ–ਸਾਰਤਾ। ਚਰਨ ਸਿੰਘ ਸ਼ਹੀਦ ਨੇ ਐਡਿਸਨ ਵਾਂਗ ਆਪਣੀਆਂ ਪਤ੍ਰਿਕਾਵਾਂ ‘ਹੰਸ’ ਅਤੇ ‘ਮੌਜੀ’ ਵਿਚ ਹਲਕੇ ਫੁਲਕੇ ਮਨ–ਤਰੰਗ ਪਤ੍ਰਿਕਾ ਨਿਬੰਧ ਲਿਖਣ ਦੀ ਪਹਿਲ ਕੀਤੀ। ਲਾਲ ਸਿੰਘ ਕਮਲਾ ਅਕਾਲੀ ਪੰਜਾਬੀ ਦਾ ਪਹਿਲਾ ਗੱਦ ਲੇਖਕ ਹੈ ਜਿਸ ਨੇ ਸਾਹਿਤਿਕ ਨਿਬੰਧ ਦੀ ਪ੍ਰਥਾ ਚਲਾਈ। ਗੁਰਬਖ਼ਸ਼ ਸਿੰਘ ਨੇ ਪ੍ਰਚਾਰਾਤਮਕ ਅਤੇ ਸਦਾਚਰਕ ਨਿਬੰਧ ਲਿਖੇ ਹਨ। ਤੇਜਾ ਸਿੰਘ ਨੇ ਸਾਹਿਤਿਕ ਨਿਬੰਧ ਦੇ ਰੂਪ ਨੂੰ ਨਿਖਾਰਿਆ ਅਤੇ ਆਪਣੀ ਵਿਦਵੱਤਾ ਦੁਆਰਾ ਪੰਜਾਬੀ ਨਿਬੰਧ ਨੂੰ ਇਕ ਵਿਸ਼ੇਸ਼ ਗੌਰਵ ਪ੍ਰਦਾਨ ਕੀਤਾ ਹੈ। ਤੇਜਾ ਸਿੰਘ ਦੇ ਨਿਬੰਧਾਂ ਵਿਚ ਗਿਆਨ ਹੈ ਪਰ ਬੋਝਲਤਾ ਨਹੀਂ, ਹਾਸ–ਰਸ ਹੈ ਪਰ ਅਸਭਯਤਾ ਨਹੀਂ, ਵਿਚਾਰਾਂ ਦੀ ਬਹੁਲਤਾ ਹੈ। ਪਰ ਸੁੰਦਰ ਸੈਲੀ ਇਨ੍ਹਾਂ ਦੀ ਰਵਾਨੀ ਨੂੰ ਇਕਸਾਰਤਾ ਰੱਖਦੀ ਹੈ। ਹਰਿੰਦਰ ਸਿੰਘ ਰੂਪ ਨੇ ਵਿਅੰਗਾਤਮਕ ਨਿਬੰਧ ਲਿਖੇ ਹਨ ਪਰ ਉਸ ਦਾ ਬਿਆਨ ਖੰਡ ਲਪੇਟੀ ਕੁਨੀਨ ਵਾਂਗ ਪ੍ਰਤੀਤ ਹੁੰਦਾ ਹੈ। ਕਪੂਰ ਸਿੰਘ (ਆਈ. ਸੀ. ਐਸ) ਦੇ ਨਿਬੰਧ ਗੰਭੀਰ ਅਤੇ ਬੋਝਲ ਹਨ। ਬਲਬੀਰ ਸਿੰਘ ਦੇ ਨਿਬੰਧ ਖੋਜ–ਭਰਪੂਰ ਅਤੇ ਵਿਚਾਰ ਪ੍ਰਧਾਨ ਹਨ। ਗੱਦ ਦੇ ਵਿਕਾਸ ਦੇ ਨਾਲ ਪੰਜਾਬੀ ਵਿਚ ਨਿਬੰਧ ਰਚਨਾ ਦੀ ਬੜੀ ਹੀ ਸੰਭਾਵਨਾ ਹੈ।
ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 16232, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First