ਨਿਰੰਕਾਰੀ ਸੰਪ੍ਰਦਾਇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਿਰੰਕਾਰੀ ਸੰਪ੍ਰਦਾਇ: ਸਿੱਖ ਸਮਾਜ ਵਿਚ ਪਸਰ ਚੁਕੀਆਂ ਬ੍ਰਾਹਮਣੀ ਰਹੁ-ਰੀਤਾਂ, ਵਹਿਮਾਂ ਅਤੇ ਧਰਮ-ਵਿਧੀਆਂ ਨਾਲ ਸਮਝੌਤਾਕਰ ਸਕਣ ਵਾਲੇ ਬਾਬਾ ਦਿਆਲ (ਵੇਖੋ) ਦੁਆਰਾ ਸੰਨ 1851 ਈ. ਵਿਚ ਰਾਵਲਪਿੰਡੀ ਵਿਚ ਸਥਾਪਿਤ ਨਿਰੰਕਾਰੀ ਦਰਬਾਰ ਦੇ ਸੁਧਾਰਵਾਦੀ ਅਨੁਸ਼ਾਸਨ ਨੂੰ ਅਪਣਾਉਣ ਵਾਲੇ ‘ਨਿਰੰਕਾਰੀ’ ਅਖਵਾਏ। ਇਹ ਆਮ ਤੌਰ ’ਤੇ ਪਰਮਾਤਮਾ ਨੂੰ ‘ਨਿਰੰਕਾਰ’ ਸ਼ਬਦ ਨਾਲ ਵਿਸ਼ਿਸ਼ਟ ਕਰਦੇ ਸਨ ਅਤੇ ਉੱਚੀ ਆਵਾਜ਼ ਵਿਚ ‘ਧੰਨ ਨਿਰੰਕਾਰੁ ਧੰਨ ਨਿਰੰਕਾਰ’ ਕਹਿੰਦੇ ਹਨ। ਇਸ ਵਿਸ਼ਿਸ਼ਟਤਾ ਕਾਰਣ ਇਨ੍ਹਾਂ ਦੀ ਸੰਗਿਆ ‘ਨਿਰੰਕਾਰੀ’ ਹੋ ਗਈ। ਇਸੇ ਨੂੰ ਕਾਲਾਂਤਰ ਵਿਚ ਹੋਰਨਾਂ ਸਿੱਖ ਸੰਪ੍ਰਦਾਵਾਂ ਦੀ ਸਰਣੀ’ਤੇ ‘ਨਿਰੰਕਾਰੀ ਸੰਪ੍ਰਦਾਇ’ ਕਿਹਾ ਜਾਣ ਲਗਾ। ਸ਼ੁਰੂ ਵਿਚ ਬਾਬਾ ਦਿਆਲ ਨੂੰ ਪਰੰਪਰਾਵਾਦੀਆਂ ਵਲੋਂ ਕਾਫ਼ੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਸਰ ਨਿਹਾਲ ਸਿੰਘ ਛਾਛੀ ਅਤੇ ਦੀਵਾਨ ਤੌਰੂ ਰਾਇ ਆਪ ਦੇ ਕਠੋਰ ਵਿਰੋਧੀ ਸਨ। ਆਪ ਨੂੰ ਬਰਾਦਰੀ ਵਿਚੋਂ ਛੇਕ ਦਿੱਤਾ ਗਿਆ, ਸ਼ਮਸ਼ਾਨ ਭੂਮੀ ਦੀ ਵਰਤੋਂ ਅਤੇ ਖੂਹਾਂ ਤੋਂ ਪਾਣੀ ਲੈਣ ਉਤੇ ਵੀ ਪਾਬੰਦੀ ਲਗਾ ਦਿੱਤੀ। ਪਰ ਬਾਬਾ ਦਿਆਲ ਡੱਟੇ ਰਹੇ। ਆਪ ਨੇ ਆਪਣਾ ਵਿਆਹ ਸਿੱਖ ਮਰਯਾਦਾ ਅਨੁਸਾਰ ਕੀਤਾ ਅਤੇ ਕਿਸੇ ਪ੍ਰਕਾਰ ਦਾ ਕੋਈ ਦਾਜ ਨ ਲਿਆ। ਬ੍ਰਾਹਮਣਾਂ ਵਲੋਂ ਫੈਲਾਏ ਵਹਿਮਾਂ ਭਰਮਾਂ ਦਾ ਵੀ ਆਪ ਨੇ ਵਿਰੋਧ ਕੀਤਾ ਅਤੇ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੁਆਰਾ ਦਸੇ ਮਾਰਗ ਉਤੇ ਚਲਾਇਆ। ਆਪ ਦਾ ਮੁੱਖ ਪ੍ਰਚਾਰ ਖੇਤਰ ਪੋਠੋਹਾਰ ਹੀ ਰਿਹਾ। ਆਨੰਦ ਵਿਆਹ ਦੀ ਜਿਸ ਰਸਮ ਨੂੰ ਬਾਬਾ ਰਾਮ ਸਿੰਘ ਨੇ ਮਾਲਵੇ ਵਿਚ ਪ੍ਰਚਲਿਤ ਕੀਤਾ ਅਤੇ ਜਿਸ ਨੂੰ 20ਵੀਂ ਸਦੀ ਦੇ ਆਰੰਭ ਵਿਚ ਆਨੰਦ ਮੈਰਿਜ ਐਕਟ ਵਜੋਂ ਪ੍ਰਵਾਨਗੀ ਮਿਲੀ, ਉਸ ਦਾ ਉਦਘਾਟਨ ਬਾਬਾ ਦਿਆਲ ਨੇ ਆਪਣੇ ਵਿਆਹ ਨਾਲ ਕੀਤਾ ਸੀ। ਸਿੱਖਾਂ ਵਿਚ ਧਾਰਮਿਕ ਅਤੇ ਸਮਾਜਿਕ ਸੁਧਾਰ ਦਾ ਜੋ ਅੰਦੋਲਨ ਸਿੰਘ ਸਭਾ ਨੇ ਸ਼ੁਰੂ ਕੀਤਾ, ਉਸ ਦੀ ਭੂਮਿਕਾ ਨਿਰੰਕਾਰੀ ਸੰਪ੍ਰਦਾਇ ਵਲੋਂ ਤਿਆਰ ਕੀਤੀ ਗਈ ਸੀ।

ਸੰਨ 1855 ਈ. ਵਿਚ ਬਾਬਾ ਦਿਆਲ ਦੇ ਦੇਹਾਂਤ ਤੋਂ ਬਾਦ ਆਪ ਦੇ ਵੱਡੇ ਲੜਕੇ ਬਾਬਾ ਦਰਬਾਰਾ ਸਿੰਘ (ਵੇਖੋ) ਨੇ ਨਿਰੰਕਾਰੀ ਦਰਬਾਰ ਦੀ ਜ਼ਿੰਮੇਵਾਰੀ ਸੰਭਾਲੀ ਅਤੇ ਸੁਧਾਰਵਾਦੀ ਅੰਦੋਲਨ ਜਾਰੀ ਰਖਿਆ। ਉਸ ਨੇ 13 ਮਾਰਚ 1855 ਈ. ਨੂੰ ਰਾਵਲਪਿੰਡੀ ਦੇ ਨਿਰੰਕਾਰੀ ਦਰਬਾਰ ਵਿਚ ਆਪਣੇ ਸੇਵਕਾਂ ਅਤੇ ਅਨੁਯਾਈਆਂ ਦੀ ਮੌਜੂਦਗੀ ਵਿਚ ਇਕ ਸਿੱਖ ਜੋੜੀ ਦਾ ਵਿਆਹ ਆਨੰਦ ਕਾਰਜ ਵਿਧੀ ਨਾਲ ਕੀਤਾ। ਲੋਕਾਂ ਦੇ ਮਨ ਵਿਚ ਸਿੱਖੀ ਪ੍ਰਤਿ ਚੇਤਨਾ ਪੈਦਾ ਕਰਨ ਲਈ ਉਸ ਨੇ ਇਕ ਹੁਕਮਨਾਮਾ ਜਾਰੀ ਕੀਤਾ ਅਤੇ ਜਨਮ, ਮਰਨ, ਵਿਆਹ ਆਦਿ ਦੀ ਮਰਯਾਦਾ ਸਪੱਸ਼ਟ ਕੀਤੀ। ਉਸ ਨੇ ਆਨੰਦ ਵਿਆਹ ਦੀ ਰੀਤ ਨੂੰ ਹੋਰ ਪ੍ਰਸਾਰਨ ਲਈ 15 ਅਪ੍ਰੈਲ 1861 ਈ. ਨੂੰ ਅੰਮ੍ਰਿਤਸਰ ਵਿਚ ਇਕ ਆਨੰਦ ਕਾਰਜ ਕਰਵਾਇਆ। ਇਸ ਤਰ੍ਹਾਂ ਬਾਬਾ ਦਿਆਲ ਜੀ ਦੇ ਸੁਧਾਰਵਾਦੀ ਕਾਰਜਾਂ ਨੂੰ ਬੜੀ ਨਿਸ਼ਠਾ ਨਾਲ ਉਸ ਨੇ ਅਗੇ ਤੋਰਿਆ। ਵਿਆਹ ਵੇਲੇ ਦਾਜ ਦੇਣਾ, ਬਹੁਤ ਖ਼ਰਚ ਕਰਨਾ ਆਦਿ ਦਾ ਵਿਰੋਧ ਵੀ ਚਲਦਾ ਰਿਹਾ। ਇਸ ਸੰਪ੍ਰਦਾਇ ਵਿਚ ਸ਼ਰਾਬ ਆਦਿ ਦਾ ਸੇਵਨ ਬਿਲਕੁਲ ਵਿਵਰਜਿਤ ਹੈ।

ਸੰਨ 1870 ਈ. ਵਿਚ ਬਾਬਾ ਦਰਬਾਰਾ ਸਿੰਘ ਦੇ ਦੇਹਾਂਤ ਤੋਂ ਬਾਦ ਉਸ ਦਾ ਛੋਟਾ ਭਰਾ ਬਾਬਾ ਰਤਨ ਚੰਦ (ਬਾਬਾ ਰਤਾ ਜੀ) ਉਤਰਾਧਿਕਾਰੀ ਬਣਿਆ। ਉਸ ਨੇ ਥਾਂ ਥਾਂ ਜਾ ਕੇ ਪ੍ਰਚਾਰ ਕੀਤਾ ਅਤੇ ਦੰਭੀ ਦੇਹਧਾਰੀ ਗੁਰੂਆਂ ਦੀ ਥਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਲਈ ਉਪਦੇਸ਼ ਦਿੱਤਾ। ਉਸ ਨੇ ਸਿੱਖਾਂ ਨੂੰ ਪਰੰਪਰਾਈ ਬ੍ਰਾਹਮਣੀ ਕਰਮ-ਕਾਂਡਾਂ, ਰਹੁ-ਰੀਤਾਂ ਅਤੇ ਵਹਿਮਾਂ ਤੋਂ ਮੁਕਤ ਹੋਣ ਲਈ ਕਿਹਾ। ਸੰਨ 1909 ਈ. ਵਿਚ ਬਾਬਾ ਰਤਾ ਜੀ ਦੀ ਮ੍ਰਿਤੂ ਤੋਂ ਬਾਦ ਉਸ ਦਾ ਲੜਕਾ ਬਾਬਾ ਗੁਰਦਿੱਤ ਸਿੰਘ ਉਤਰਾਧਿਕਾਰੀ ਬਣਿਆ। ਉਸ ਨੇ ਨਿਰੰਕਾਰੀ ਦਰਬਾਰ ਵਲੋਂ ਸੁਧਾਰਵਾਦ ਦੇ ਛੋਹੇ ਕੰਮਾਂ ਤੋਂ ਇਲਾਵਾ ਸੰਨ 1922 ਈ. ਵਿਚ ‘ਨਿਰੰਕਾਰੀ ਬਾਲਕ ਜੱਥਾ ’ ਅਤੇ ਸੰਨ 1923 ਈ. ਵਿਚ ‘ਨਿਰੰਕਾਰੀ ਯੰਗਮੈਨ ਐਸੋਸੀਏਸ਼ਨ’ ਦੀ ਸਥਾਪਨਾ ਕੀਤੀ। ਇਸ ਨਾਲ ਇਸ ਸੰਪ੍ਰਦਾਇ ਵਿਚ ਕਈ ਨਵੀਆਂ ਪ੍ਰਵ੍ਰਿਤੀਆਂ ਨੇ ਜਨਮ ਲਿਆ। ਇਸ ਨਾਲ ਇਨ੍ਹਾਂ ਦੇ ਦੋ ਵਰਗ ਬਣ ਗਏੇ। ਇਕ ਪਰੰਪਰਾਵਾਦੀਆਂ ਦਾ ਅਤੇ ਦੂਜਾ ਆਧੁਨਿਕਤਾ -ਵਾਦੀਆਂ ਦਾ। ਇਸ ਤੋਂ ਇਲਾਵਾ ਨਿਰੰਕਾਰੀ ਸਾਧਕਾਂ ਬਾਰੇ ਸਾਹਿਤ-ਸਿਰਜਨਾ ਵੀ ਸ਼ੁਰੂ ਹੋ ਗਈ।

ਸੰਨ 1947 ਈ. ਵਿਚ ਬਾਬਾ ਗੁਰਦਿੱਤ ਸਿੰਘ ਦੇ ਦੇਹਾਂਤ ਤੋਂ ਬਾਦ ਬਾਬਾ ਹਰਾ ਸਿੰਘ ਪੰਜਵਾਂ ਉਤਰਾਧਿਕਾਰੀ ਬਣਿਆ। ਸੰਨ 1947 ਈ. ਦੀ ਪੰਜਾਬ ਵੰਡ ਨੇ ਇਸ ਸੰਪ੍ਰਦਾਇ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਇਨ੍ਹਾਂ ਦਾ ਰਾਵਲਪਿੰਡੀ ਵਾਲਾ ਦਰਬਾਰ ਖ਼ਤਮ ਹੋ ਗਿਆ। ਇਸ ਸੰਪ੍ਰਦਾਇ ਵਾਲਿਆਂ ਨੇ ਹਿੰਮਤ ਕਰਕੇ ਸੰਨ 1958 ਈ. ਵਿਚ ਚੰਡੀਗੜ੍ਹ ਅੰਦਰ ਆਪਣਾ ਦਰਬਾਰ ਕਾਇਮ ਕੀਤਾ। ਪਰ ਲਗਭਗ ਡੇਢ ਹਜ਼ਾਰ ਨਿਰੰਕਾਰੀ ਪਰਿਵਾਰਾਂ ਦੇ ਇਧਰ ਉਧਰ ਸਾਰੇ ਭਾਰਤ ਵਿਚ ਖਿੰਡ ਜਾਣ ਕਾਰਣ ਇਨ੍ਹਾਂ ਵਿਚ ਤਾਲਮੇਲ ਕਾਇਮ ਕਰਨਾ ਅਤੇ ਦਰਬਾਰ ਦੇ ਸਮਾਗਮਾਂ ਵਿਚ ਸ਼ਾਮਲ ਹੋਣਾ ਔਖਾ ਹੋ ਗਿਆ। ਫਿਰ ਵੀ ਬਾਬਾ ਹਰਾ ਸਿੰਘ ਦੇ ਵੱਡੇ ਲੜਕੇ ਅਤੇ ਵਰਤਮਾਨ ਛੇਵੇਂ ਉਤਰਾਧਿਕਾਰੀ ਬਾਬਾ ਗੁਰਬਖ਼ਸ਼ ਸਿੰਘ ਨੇ ਸਭ ਨਿਰੰਕਾਰੀ ਪਰਿਵਾਰਾਂ ਨਾਲ ਸੰਪਰਕ ਰਖਿਆ ਹੋਇਆ ਹੈ। ਇਸ ਸੰਪ੍ਰਦਾਇ ਵਿਚ ਬਿਨਾ ਕਿਸੇ ਵਿਥ ਵਿਤਕਰੇ ਦੇ ਕੇਸਾਧਾਰੀ ਅਤੇ ਸਹਿਜਧਾਰੀ ਦੋਹਾਂ ਤਰ੍ਹਾਂ ਦੇ ਨਿਰੰਕਾਰੀ ਮਿਲ ਜਾਂਦੇ ਹਨ। ਇਹ ਅਧਿਕਤਰ ਸ਼ਹਿਰੀ ਬਰਾਦਰੀਆਂ ਨਾਲ ਸੰਬੰਧਿਤ ਹਨ। ਇਨ੍ਹਾਂ ਦੀ ਬਹੁਤੀ ਧਾਰਮਿਕ ਮਰਯਾਦਾ ਮੁੱਖ ਸਿੱਖ ਧਾਰਾ ਨਾਲ ਮੇਲ ਖਾਂਦੀ ਹੈ। ਬਸ ਅਰਦਾਸ ਵਿਚ ‘ਭਗਉਤੀ’ ਦੀ ਥਾਂ ‘ਨਿਰੰਕਾਰ’ ਨੂੰ ਸਿਮਰਦੇ ਹਨ ਅਤੇ ਗੁਰੂ ਗੋਬਿੰਦ ਸਿੰਘ ਤੋਂ ਬਾਦ ਨਿਰੰਕਾਰੀ ਬਾਬਿਆਂ ਦਾ ਨਾਂ ਵੀ ਲੈਂਦੇ ਹਨ। ਇਨ੍ਹਾਂ ਬਾਬਿਆਂ ਦੀ ਸਥਿਤੀ ਗੁਰੂ ਵਾਲੀ ਨ ਹੋ ਕੇ ਗੁਰਬਾਣੀ ਦੇ ਪ੍ਰਵਕਤਾ ਵਾਲੀ ਹੈ। ਇਹ ਸਦਾ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ ਅਤੇ ਮੁੱਖ ਧਾਰਾ ਨਾਲ ਜੁੜੇ ਹੋਏ ਹਨ। ਇਨ੍ਹਾਂ ਦੇ ਦਰਬਾਰ ਦੀ ਸਥਿਤੀ ਆਮ ਗੁਰਦੁਆਰੇ ਵਰਗੀ ਹੀ ਹੈ। ਧਿਆਨ ਰਹੇ ਕਿ ਇਹ ਨਿਰੰਕਾਰੀ ਸੰਪ੍ਰਦਾਇ ਸੰਤ ਨਿਰੰਕਾਰੀਆਂ ਤੋਂ ਵਖਰੀ ਹੈ ਅਤੇ ਉਸ ਦਾ ਇਸ ਸੰਪ੍ਰਦਾਇ ਦੀ ਧਰਮ-ਸਾਧਨਾ ਨਾਲ ਕੋਈ ਸੰਬੰਧ ਨਹੀਂ। ਹਾਂ, ਇਹ ਵਖਰੀ ਗੱਲ ਹੈ ਕਿ ਉਸ ਦਾ ਸੰਚਾਲਕ ਬੂਟਾ ਸਿੰਘ ਕਦੇ ਰਾਵਲਪਿੰਡੀ ਦੇ ਨਿਰੰਕਾਰੀ ਦਰਬਾਰ ਨਾਲ ਸੰਬੰਧਿਤ ਸੀ, ਪਰ ਕਿਸੇ ਆਚਾਰ ਕਾਰਣ ਦਰਬਾਰ ਤੋਂ ਛੇਕ ਦਿੱਤਾ ਗਿਆ। ਉਸ ਨੇ ਵਿਰੋਧ ਵਜੋਂ ਆਪਣਾ ਨਵਾਂ ਗੁਟ ਬਣਾ ਲਿਆ ਜਿਸ ਦਾ ਪ੍ਰਚਲਨ ਉਸ ਦੇ ਲੜਕੇ ਅਵਤਾਰ ਸਿੰਘ ਨੇ ਦਿੱਲੀ ਵਿਚ ਕੀਤਾ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਨਿਰੰਕਾਰੀ ਸੰਪ੍ਰਦਾਇ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਨਿਰੰਕਾਰੀ ਸੰਪ੍ਰਦਾਇ :  ਪੰਜਾਬ ਵਿਚ  ਸਿੱਖ ਰਾਜ ਸਮੇਂ ਕਈ ਮਹਾਨ ਗੁਰਮੁਖ ਹਸਤੀਆਂ ਪ੍ਰਗਟ ਹੋਈਆਂ ਜਿਨ੍ਹਾਂ ਦੇ ਸਵੱਛ ਤੇ ਨਿਰਮਲ ਵਿਚਾਰਾਂ ਅਤੇ ਕੁਰਬਾਨੀ ਭਰੀਆਂ ਜੀਵਨੀਆਂ ਦਾ ਇਤਿਹਾਸ ਵਿਚ ਵਰਣਨ ਮਿਲਦਾ ਹੈ। ਉਨ੍ਹਾਂ ਵਿਚੋਂ ਇਕ ਪ੍ਰਮੁੱਖ ਤੇ ਵਚਿੱਤਰ ਹਸਤੀ ਬਾਬਾ ਦਿਆਲ ਜੀ ਸਨ। ਅੱਜ ਵਾਂਗ ਉਸ ਸਮੇਂ ਵੀ ਕਈ ਦੰਭੀ ਅਤੇ ਪਾਖੰਡੀਆਂ ਦੀਆਂ ਗੱਦੀਆਂ ਚਲ ਰਹੀਆਂ ਸਨ ਜੋ ਜਨਤਾ ਨੂੰ ਰੂੜ੍ਹੀਵਾਦੀ ਧਾਰਨਾਵਾਂ ਤੇ ਕ੍ਰਿਆਵਾਂ ਵਿਚ ਖਚਿਤ ਕਰ ਕੇ ਆਪਣੀ ਸ਼ਖ਼ਸ਼ੀ ਪੂਜਾ ਅਤੇ ਵਹਿਮ-ਭਰਮ ਤੇ ਪਾਖੰਡ ਦੇ ਜਿੱਲ੍ਹਣ ਅਤੇ ਰੀਤੀਵਾਦ ਦੇ ਫ਼ੋਕਟ ਕਰਮਕਾਂਡ ਵਿਚ ਫਸਾ ਕੇ, ਆਪਣੀ ਦੁਕਾਨਦਾਰੀ ਚਲਾ ਰਹੇ ਸਨ । ਬਾਬਾ ਦਿਆਲ ਜੀ ਨਿਰੋਲ ਗੁਰਬਾਣੀ ਦੇ ਆਧਾਰ ਤੇ ਸੂਤਕ-ਪਾਤਕ, ਸ਼ਗਨ-ਅਸ਼ਗਨ, ਗ੍ਰਹਿ-ਨਛਤਰ ਅਤੇ ਰਮਤਿਆਂ, ਜੋਤਸ਼ੀਆਂ ਦੇ ਚੱਕਰਾਂ ਵਿਚ ਫ਼ਸੇ ਲੋਕਾਂ ਨੂੰ ਗੁਰਮਤਿ ਗਿਆਨ ਦੇ ਸਿੱਧ-ਪੱਧਰੇ ਮਾਰਗ ਉੱਤੇ ਚਲਾਉਣ ਅਤੇ ਸਿੱਖੀ ਜੀਵਨ ਜਾਚ ਦੀ ਪ੍ਰੇਰਨਾ ਦੇਣ ਵਾਲੇ ਕ੍ਰਾਂਤੀਕਾਰੀ ਮਹਾਪੁਰਸ਼ ਹੋਏ ਹਨ।

ਆਪ ਦਾ ਜਨਮ, ਵੈਸਾਖ ਦੀ ਪੁੰਨਿਆ, 17 ਮਈ, 1783 ਨੂੰ  ਭਾਈ ਰਾਮ ਸਹਾਇ ਮਲਹੋਤਰਾ ਦੇ ਘਰ ਗਲੀ ਆਸੀਆ, ਪਿਸ਼ਾਵਰ ਵਿਖੇ ਹੋਇਆ । ਆਪ ਦੀ ਮਾਤਾ ਦਾ ਨਾਂ ਲਡਿਕੀ ਸੀ । ਆਪ ਜੀ ਦੇ ਪਿਤਾ ਕਾਬਲੀ ਸਿੱਖ (ਸਹਿਜਧਾਰੀ) ਪਰਿਵਾਰ ਵਿਚੋਂ ਸਨ । ਆਪ ਦੇ ਦਾਦਾ ਗੁਰ ਸਹਾਇ ਅਤੇ ਪੜਦਾਦਾ ਦੇਵੀ ਸਹਾਇ ਕਾਬਲ ਦੀ ਸੰਗਤ ਨਾਲ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਗਏ ਸਨ ਜਿਥੇ ਉਨ੍ਹਾਂ ਦਾ ਮੇਲ ਦਸਮ ਪਾਤਸ਼ਾਹ ਦੇ ਨਿੱਜੀ ਖ਼ਜਾਨਚੀ ਭਾਈ ਭਗਵਾਨ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਭਾਈ ਵਿਸਾਖਾ ਸਿੰਘ (ਰੋਹਤਾਸ,ਜ਼ਿਲ੍ਹਾ ਜਿਹਲਮ ਨਿਵਾਸੀ) ਨਾਲ ਹੋਇਆ। ਸਮਾਂ ਪਾ ਕੇ ਦੋਹਾਂ ਪਰਿਵਾਰਾਂ ਦੀ  ਰਿਸ਼ਤੇ ਦੀ ਕੜੀ ਨਾਲ ਇਕ ਮਾਲਾ ਵਿਚ ਪਰੋਤੀ ਹੋਈ ਸਾਂਝ ਪੈ ਗਈ।

ਬਾਬਾ ਦਿਆਲ ਜੀ ਦੀ ਮਾਤਾ ਲਡਿਕੀ ਭਾਈ  ਵਿਸਾਖਾ ਸਿੰਘ ਦੀ ਸਪੁੱਤਰੀ ਸੀ । ਬਾਬਾ ਦਿਆਲ ਜੀ ਦੇ ਬਚਪਨ ਵਿਚ ਹੀ ਉਨ੍ਹਾਂ ਦੇ ਪਿਤਾ ਸਦੀਵੀ ਵਿਛੋੜਾ ਦੇ ਗਏ ਅਤੇ ਆਪ ਦੀ ਪਰਵਰਿਸ਼ ਦਾ ਬੀੜਾ ਆਪ ਦੀ ਮਾਤਾ ਨੂੰ ਉਠਾਉਣਾ ਪਿਆ । ਮਾਤਾ ਜੀ ਗੁਰੂ ਘਰ ਦੇ ਪ੍ਰੇਮੀ ਸਨ। ਆਪ ਰੋਜ਼ਾਨਾ ਭਾਈ ਜੋਗਾ ਸਿੰਘ ਦੀ ਧਰਮਸ਼ਾਲਾ ਜੋ ਪਿਸ਼ਾਵਰ ਵਿਚ ਇਕ ਵਿਸ਼ੇਸ਼ ਧਰਮ-ਅਸਥਾਨ ਸੀ, ਆਪਣੇ ਬਾਲਕ ਦਿਆਲ ਸਮੇਤ ਸੰਗਤ ਦੀ ਹਾਜ਼ਰੀ ਭਰਦੇ ਸਨ । ਇਵੇਂ ਬਾਲਕ ਦਿਆਲ ਨੂੰ ਗੁਰਬਾਣੀ ਸੁਣ ਕੇ ਵਿਚਾਰਨ ਦੀ ਜਾਗ ਲੱਗੀ । ਆਪ ਬਾਣੀ ਨੂੰ ਪੜ੍ਹ, ਸੁਣ ਤੇ ਵਿਚਾਰ ਕੇ ਹੈਰਾਨ ਹੁੰਦੇ ਕਿ  ਕਿਵੇਂ ਸੰਗਤ ਦੀ ਹਾਜ਼ਰੀ ਭਰਨ ਵਾਲੇ ਗੁਰਸਿਖ ਬਾਣੀ ਵਿਚ ਦਰਸਾਏ ਮਾਰਗ ਤੋ ਲਾਂਭੇ ਜਾ ਰਹੇ ਸਨ। ਕਥਨੀ ਤੇ ਕਰਨੀ ਦੇ ਇਸ ਮਹਾਨ ਅੰਤਰ ਨੂੰ ਉਨ੍ਹਾਂ ਨੇ ਮੁੱਢ ਤੋਂ ਹੀ ਅਨੁਭਵ ਕਰ ਲਿਆ । ਆਪ ਦਾ ਗੁਰਬਾਣੀ-ਅਧਿਐਨ ਜਿਉਂ ਜਿਉਂ ਪਕੇਰਾ ਹੁੰਦਾ ਗਿਆ, ਉਨ੍ਹਾਂ ਦਾ ਇਹ ਨਿਸ਼ਚਾ ਕਿ ਸਿੱਖ ਗੁਰਬਾਣੀ ਵਿਚ ਦਰਸਾਏ ਮਾਰਗ ਤੋਂ ਭਟਕ ਗਏ ਸਨ, ਪਰਪੱਕ ਹੁੰਦਾ ਗਿਆ ਅਤੇ ਉਨ੍ਹਾਂ ਨੂੰ ਲੋਕਾਈ ਨੂੰ ਸੱਚੇ ਮਾਰਗ ਤੇ ਲਿਆਉਣ ਲਈ  ਕਠਿਨ ਮਿਹਨਤ ਅਤੇ ਹਿੰਮਤ ਭਰੇ ਸੰਘਰਸ਼ ਦੀ ਲੋੜ ਅਨੁਭਵ ਹੋਈ।

ਆਪ ਅਠਾਰ੍ਹਾਂ ਵਰ੍ਹਿਆਂ ਦੇ ਸਨ ਕਿ ਆਪ ਦੀ ਮਾਤਾ ਵਿਛੋੜਾ ਦੇ ਗਈ । ਬਾਬਾ ਜੀ ਨੂੰ ਗੁਰਮਤਿ ਦੀ ਭਰਪੂਰ ਸੋਝੀ ਛੋਟੀ ਆਯੂ ਵਿਚ ਹੀ ਪ੍ਰਾਪਤ ਹੋ ਗਈ ਸੀ ਅਤੇ ਆਪ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕਥਾ ਤੇ ਵਿਆਖਿਆ ਕਰ ਕੇ ਸੱਚੇ-ਸੁੱਚੇ ਮਾਰਗ ਤੇ ਚਲਣ ਦੀ ਪ੍ਰੇਰਨਾ ਦੇਣ ਲੱਗ ਪਏ। ਸਿੱਖਾਂ ਵਿਚ ਮੂਰਤੀ ਪੂਜਾ ਅਤੇ ਦੇਵੀ ਦੇਵਤਿਆਂ ਦੀ ਅਰਾਧਨਾ ਬਾਕੀ ਹਿੰਦੂ ਸਮਾਜ ਨਾਲੋਂ ਕੋਈ ਵੱਖਰੀ ਨਹੀਂ ਸੀ। ਦੇਵੀ-ਦੇਵਤਿਆਂ ਦੀ ਪੂਜਾ-ਅਰਚਨਾ, ਮੂਰਤੀ ਪੂਜਾ ਅਤੇ  ਸ਼ਿਵਲਿੰਗ ਆਦਿ ਦੀ ਪੂਜਾ ਤਾਂ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਪ੍ਰਕਰਮਾ ਅਤੇ ਦਰਸ਼ਨੀ ਡਿਊਢੀ ਵਿਚ ਹੋਣ ਲੱਗ ਪਈ ਸੀ ਜੋ ਆਮ ਜਿਹੀ ਗੱਲ ਬਣ ਗਈ ਸੀ। ਬਹੁਤੇ ਸਿੱਖ ਇਨ੍ਹਾਂ ਬ੍ਰਾਹਮਣੀ ਕਰਮਕਾਂਡਾਂ ਨੂੰ ਸਿੱਖੀ ਦਾ ਅੰਗ ਹੀ ਮੰਨਦੇ ਸਨ।

ਪਿਸ਼ਾਵਰ ਨਿਵਾਸ ਸਮੇਂ ਬਾਬਾ ਜੀ ਨੂੰ ਕਈ ਵਾਰ ਰਹੱਸਮਈ, ਅਗੰਮੀ ਹੁਕਮ ਸਾਦਤ ਹੁੰਦੇ ਰਹੇ। ਇਕ ਸਮੇਂ ਆਪ ਭਾਈ ਜੋਗਾ ਸਿੰਘ ਜੀ ਦੇ ਗੁਰਦੁਆਰੇ ਫ਼ੁੱਲ ਅਰਪਨ ਕਰ ਕੇ, ਗੁਰੂ ਗ੍ਰੰਥ ਸਾਹਿਬ ਤੇ ਚੌਰ ਕਰ ਰਹੇ ਸਨ ਤਾਂ ਆਕਾਸ਼ਬਾਣੀ ਉਨ੍ਹਾਂ ਦੇ ਹਿਰਦੇ  ਵਿਚ ਗੂੰਜੀ,‘‘ਨਿਰੰਕਾਰ ਦਿਆ ਪੁਰਖਾ, ਤੈਨੂੰ ਚੌਰ ਕਰਨ ਤੇ ਫ਼ੁੱਲ ਅਰਪਣ ਦੀ ਸੇਵਾ ਲਈ ਨਹੀਂ ਭੇਜਿਆ, ਹੋਰ  ਬਥੇਰੇ ਸਿੱਖ ਇਹ ਕਾਰਜ ਕਰਦੇ ਹਨ; ਤੇਰੇ  ਜ਼ਿੰਮੇ ਤਾਂ ਗੁਰ-ਸ਼ਬਦ ਦੇ ਆਧਾਰ ਤੇ ਨਾਮ ਤੇ ਚਲਣ-ਚਲਾਉਣ ਦਾ ਅਧਿਕਾਰ ਬਖ਼ਸ਼ਿਸ਼ ਹੋਇਆ ਹੈ।”

ਆਪਣੇ ਮਾਮੇ ਭਾਈ ਮਿਲਖਾ ਸਿੰਘ (ਰੋਹਤਾਸ ਨਿਵਾਸੀ) ਦੀ  ਪ੍ਰੇਰਣਾ ਕਾਰਨ, ਆਪ 1802 ਈ. ਵਿਚ ਪਿਸ਼ਾਵਰ ਤੋਂ ਰਾਵਲਪਿੰਡੀ ਆ ਵਸੇ। ਆਪ ਨਿਰਬਾਹ ਲਈ ਪੰਸਾਰੀ ਦੀ ਦੁਕਾਨ ਕਰਨ ਲਗ ਪਏ। ਆਪ ਦਸਾਂ ਨਹੁੰਆਂ ਦੀ ਕਿਰਤ ਕਰਨ ਵਿਚ ਅਟੱਲ ਵਿਸ਼ਵਾਸ ਰੱਖਦੇ ਸਨ। ਆਪ ਦਾ ਅਟੱਲ ਵਿਸ਼ਵਾਸ ਸੀ ਕਿ ਧਰਮੀ ਪੁਰਸ਼ ਨੂੰ ਕਿਰਤ ਕਰ ਕੇ ਨਿਰਬਾਹ ਕਰਨਾ ਹੀ ਸੋਭਦਾ ਹੈ; ਇਵੇਂ ਉਹ ਨਿੱਡਰ ਹੋ ਕੇ ਸੱਚੇ ਮਾਰਗ ਤੇ ਚੱਲ ਸਕਦਾ ਹੈ ਅਤੇ ਕਿਸੇ ਦਾ ਮੁਥਾਜ ਨਹੀਂ ਹੁੰਦਾ।

ਸ਼ੁਰੂ  ਸ਼ੁਰੂ ਵਿਚ ਰਾਵਲਪਿੰਡੀ ਵਿਖੇ ਗੁਰਬਾਣੀ ਦੀ ਵਿਆਖਿਆ ਤੇ ਪ੍ਰਚਾਰ ਲਈ ਪਿਸ਼ੌਰੀਆਂ ਦੀ ਧਰਮਸ਼ਾਲਾ ਨੂੰ ਕੇਂਦਰ ਬਣਾਇਆ। ਸੰਨ 1815 ਦੇ ਆਸਪਾਸ ਜਿਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੋਜ਼ਾਨਾ ਕਥਾ ਕਰਨੀ ਆਰੰਭੀ ਤੇ ਇਹ ਸਿਲਸਿਲਾ ਚਾਲੀ ਸਾਲ ਤਕ  ਚਲਦਾ ਰਿਹਾ। ਆਪ ਦੇ ਸੱਚੇ ਤੇ ਖਰੇ ਖਰੇ ਉਪਦੇਸ਼ਾਂ ਤੇ ਬੋਲਾਂ ਨੂੰ ਸੰਗਤਾਂ ਉਤਸ਼ਾਹ ਨਾਲ ਸੁਣਦੀਆਂ ਤੇ ਆਖਦੀਆਂ ‘‘ਬਾਬਾ ਆਖਦਾ ਤਾਂ ਠੀਕ ਹੈ” ਇਵੇਂ ਪਿਸ਼ੌਰੀਆਂ ਦੀ ਧਰਮਸਾਲਾ ਦੀਆਂ ਰੌਣਕਾਂ ਵਿਚ ਵਾਧਾ ਹੋਇਆ।

ਭਾਵੇਂ ਪਿਤਾ ਪੁਰਖੀ ਧਾਰਨਾਵਾਂ ਨੂੰ ਤਿਆਗਣ ਤੇ ਭਾਈਚਾਰੇ ਤੇ ਬਰਾਦਰੀ ਦੇ  ਉਲਟ ਚਲਣ ਕਰ ਕੇ ਆਪ ਨੂੰ ਕਾਫ਼ੀ ਔਕੜਾਂ ਆਈਆਂ ਪਰ ਫ਼ਿਰ ਵੀ ਆਪ ਨੇ ਮੂਰਤੀ ਪੂਜਾ, ਪੱਥਰ ਪੂਜਾ ਤੇ ਦੇਹ ਪੂਜਾ ਵਿਰੁੱਧ ਜਹਾਦ ਸ਼ੁਰੂ ਕਰ ਦਿੱਤਾ ਕਿਉਂਕਿ ਇਹ ਸਭ ਕੁਝ ਗੁਰੂ ਨਾਨਕ ਸਾਹਿਬ ਦੇ ਦਰਸਾਏ ਬੁਨਿਆਦੀ ਅਸੂਲਾਂ ੴ ਦੀ ਸਰਬ ਉੱਚਤਾ ਦੇ ਪ੍ਰਤੀਕੂਲ ਸਨ। ਆਪ ਇਕ ਨਿਰੰਕਾਰ ਅਕਾਲ ਪੁਰਖ ਦੀ ਭਗਤੀ ਦਾ ਉਪਦੇਸ਼ ਦ੍ਰਿੜ੍ਹ ਕਰਾਉਂਦੇ ਅਤੇ ਫ਼ੋਕਟ ਕਰਮ-ਕਾਂਡ ਦੇ ਵਿਰੁੱਧ ਸੰਗਤਾਂ ਨੂੰ ਪ੍ਰੇਰਦੇ । ਨਿਰਗੁਣ ਨਿਰੰਕਾਰ ਦਾ ਸੰਕਲਪ ਲੋਪ ਹੋ ਰਿਹਾ ਸੀ। ਹਰ ਨਵਾਂ ਧਰਮ ਕੁਝ ਸਦੀਆਂ ਮਗਰੋਂ ਕੇਵਲ ਰੀਤੀਵਾਦ ਦਾ ਅਖਾੜਾ ਬਣ ਜਾਂਦਾ ਹੈ। ਵਿਸ਼ੇਸ਼ ਕਰ ਕੇ ਜਦੋਂ ਕਟੜ ਪੁਜਾਰੀ ਵਰਗ ਰਾਜ ਉੱਤੇ ਹਾਵੀ ਹੋ ਜਾਣ ਤਾਂ ਇਸ ਵਿਚੋਂ ਅਵੱਸ਼ ਭ੍ਰਿਸ਼ਟਾਚਾਰ ਪੈਦਾ ਹੁੰਦਾ ਹੈ। ਆਦਿ ਕਾਲ ਦੇ ਹਿੰਦੂ ਰਾਜਿਆਂ ਉੱਪਰ ਬ੍ਰਾਹਮਣਾਂ ਤੇ ਪੁਰੋਹਿਤਾਂ ਦਾ ਗ਼ਲਬਾ ਹਾਵੀ ਹੋ  ਚੁੱਕਾ ਸੀ। ਰੀਤੀ-ਰਿਵਾਜ ਨੂੰ ਹੀ ਧਰਮ ਕਰ ਕੇ  ਮੰਨਿਆ ਜਾਣ ਲਗ ਪਿਆ। ਇਸ ਦੇ ਉਲਟ ਬਾਬਾ ਦਿਆਲ ਜੀ ਅਨੁਭਵੀ ਗਿਆਨੀ ਸਨ।

ਗੁਰਮਤਿ ਅਨੁਸਾਰ ਪਹਿਲਾ ਵਿਵਾਹ

ਗੁਰਮਤਿ ਅਨੁਸਾਰ ਪਹਿਲਾ ਵਿਵਾਹ– ਸੰਨ 1808 ਨੂੰ ਬਾਬਾ ਦਿਆਲ ਜੀ ਆਪਣੀ ਦੁਕਾਨ ਲਈ ਸੌਦਾ ਖ਼ਰੀਦਣ ਲਈ ਭੇਜੇ ਗਏ ਜੋ ਉਸ  ਸਮੇਂ ਵਿਉਪਾਰ ਦੀ ਪ੍ਰਸਿੱਧ ਮੰਡੀ ਸੀ । ਉਥੇ ਆਪ ਨੇ ਸੰਤ ਬੁੱਧੂ ਸ਼ਾਹ ਦੀ ਸੇਵਾ-ਪੰਥੀ ਦੀ ਧਰਮਸ਼ਾਲਾ ਵਿਚ ਡੇਰਾ ਰੱਖਿਆ । ਆਪ ਜੀ ਦੀ ਸੰਤ ਬੁੱਧੂ ਸ਼ਾਹ ਨਾਲ ਗੁਰਮਤਿ ਸਬੰਧੀ ਗਿਆਨ-ਗੋਸ਼ਟਿ ਅਕਸਰ ਹੁੰਦੀ ਰਹਿੰਦੀ ਤੇ ਕਈ ਵਾਰ ਇਸ ਗੋਸ਼ਟਿ ਨੂੰ ਸੰਗਤਾਂ ਵੀ ਸੁਣਦੀਆਂ। ਭਾਈ ਚਰਨਦਾਸ ਕਪੂਰ ਤੇ ਉਨ੍ਹਾਂ ਦੇ ਘਰੋਂ ਮਾਤਾ ਬਿਸ਼ਨ ਦੇਈ ਵੀ ਇਨ੍ਹਾਂ ਗੋਸ਼ਟਾਂ ਨੂੰ ਧਿਆਨ ਨਾਲ ਸੁਣਦੇ ਸਨ। ਇਸ ਦੰਪਤੀ ਨੂੰ ਨੌਜਵਾਨ ਦਿਆਲ ਜੀ ਚੰਗੇ ਲਗੇ ਤੇ ਭਾਅ ਗਏ । ਸੰਤ ਬੁੱਧੂ ਸ਼ਾਹ ਦੇ ਰਾਹੀਂ, ਉਨ੍ਹਾਂ ਨੇ ਆਪਣੀ ਸਪੁੱਤਰੀ ਬੀਬੀ ਮੂਲ ਦੇਈ ਦਾ ਰਿਸ਼ਤਾ ਪਰਵਾਨ ਕਰਨ  ਲਈ ਆਖਿਆ। ਬਾਬਾ ਜੀ ਨੇ ਇਸ ਸ਼ਰਤ ਤੇ ਰਿਸ਼ਤਾ ਸਵੀਕਾਰ ਕਰ ਲਿਆ ਕਿ  ਵਿਆਹ-ਕਾਰਜ ਥੋੜ੍ਹੇ ਦਿਨਾਂ ਦੇ ਅੰਦਰ ਹੀ ਸੰਪੰਨ ਕਰ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਦੇ ਜਲਦੀ ਡੇਰੇ ਆਉਣ ਦੀ ਸੰਭਾਵਨਾ ਨਹੀਂ ਸੀ। ਮਹੀਨਾ ਚੇਤਰ ਦਾ ਸੀ, ਪੰਡਤਾਂ ਤੇ ਬ੍ਰਾਹਮਣਾਂ ਨੇ ਵਿਵਾਹ ਦੇ ਫ਼ੇਰੇ ਦਿਵਾਉਣ ਤੋਂ ਇਨਕਾਰ ਕਰ ਦਿੱਤਾ। ਬਾਬਾ ਜੀ ਨੂੰ ਇਹੋ ਜਿਹੇ ਅਵਸਰ ਦੀ ਹੀ ਉਡੀਕ ਸੀ। ਇਸ ਤਰ੍ਹਾਂ ਢੁਕਵਾਂ ਸਬੱਬ ਬਣ ਗਿਆ। ਬਾਬਾ ਜੀ ਤੇ ਸੰਤ ਬੁੱਧੂ ਸ਼ਾਹ ਦੀ ਸਾਂਝੀ ਪ੍ਰੇਰਣਾ ਸਦਕਾ, ਭਾਈ ਚਰਨ ਦਾਸ ਬਰਾਦਰੀ ਦੀ ਪਰਵਾਹ ਨਾ ਕਰਦੇ ਹੋਏ, ਚੇਤਰ ਦੇ ਮਹੀਨੇ ਵਿਚ , ਪੰਡਤਾਂ ਦੀ ਗ਼ੈਰ-ਮੌਜੂਦਗੀ ਵਿਚ ਆਪਣੀ ਸਪੁੱਤਰੀ ਦਾ ਵਿਆਹ ਬਾਬਾ ਜੀ ਨਾਲ ਕਰਨ ਲਈ ਰਾਜ਼ੀ ਹੋ ਗਏ। ਇਹ ਅਸਚਰਜ ਵਿਵਾਹ ਕੇਵਲ ਸ਼ਬਦ-ਕੀਰਤਨ, ਅਨੰਦੁ ਸਾਹਿਬ ਦੇ ਗਾਇਨ ਅਤੇ ਅਰਦਾਸਾ ਸੋਧ ਕੇ, ਗੁਰਮਤਿ ਅਨੁਸਾਰ ਆਡਬੰਰ-ਰਹਿਤ, ਸੰਤ ਬੁੱਧੂ ਸ਼ਾਹ ਦੀ ਧਰਮਸ਼ਾਲਾ ਵਿਖੇ ਸੰਪੂਰਨ ਹੋਇਆ। ਇਤਿਹਾਸਕ ਤੱਥਾਂ ਦੇ ਆਧਾਰ ਤੇ ਅਸੀਂ ਇਸ ਨੂੰ ਗੁਰਮਤਿ ਅਨੁਸਾਰ ਪਹਿਲਾ ਵਿਵਾਹ ਆਖ ਸਕਦੇ ਹਾਂ।

ਮਹਾਰਾਜਾ ਰਣਜੀਤ ਸਿੰਘ ਨਾਲ ਮੇਲ

ਮਹਾਰਾਜਾ ਰਣਜੀਤ ਸਿੰਘ ਨਾਲ ਮੇਲ–  ਸੰਨ 1820 ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਰਾਵਲਪਿੰਡੀ ਪਧਾਰੇ ਤਾਂ ਮਹਾਰਾਜਾ ਸਾਹਿਬ ਦੇ ਸੂਬੇਦਾਰ ਸ.ਮਿਲਖਾ ਸਿੰਘ ਨੇ, ਬਾਬਾ ਦਿਆਲ ਜੀ ਦੀ ਰਸਭਿੰਨੀ ਗੁਰਸ਼ਬਦ-ਵਿਆਖਿਆ ਕਰਨ ਵਾਲੀ ਵਿਲਖਣ ਸ਼ਖਸੀਅਤ ਬਾਰੇ ਜਾਣਕਾਰੀ ਦਿੱਤੀ । ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਵਾਇਤੀ ਸੁਭਾਅ ਕਾਰਨ ਇਕ ਅਹਿਲਕਾਰ ਰਾਹੀਂ ਇਕ ਮੋਹਰ ਕੜਾਹ ਪ੍ਰਸ਼ਾਦ ਦੀ  ਦੇਗ਼ ਤੇ ਲੰਗਰ ਵਾਸਤੇ ਭੇਜੀ । ਬਾਬਾ ਜੀ ਨੇ ਉਹ ਮੁਹਰ  ਪ੍ਰਵਾਨ ਨਾ ਕੀਤੀ ਅਤੇ ਅਹਿਲਕਾਰ ਹੱਥ ਕਹਿ ਭੇਜਿਆ ਕਿ ‘‘ਇਵੇਂ ਚੜ੍ਹਾਈ ਦੇਗ਼ ਦਾ ਮਹਾਰਾਜਾ ਜੀ ਨੂੰ ਅਧਿਆਤਮਕ ਲਾਭ ਨਹੀਂ ਹੋ ਸਕਦਾ। ਅਸੀਂ ਅੱਗੇ ਹੀ ਰੀਤੀਵਾਦ  ਦੇ ਵਿਰੁੱਧ ਸ਼ੰਘਰਸ਼ ਕਰ ਰਹੇ ਹਾਂ।  ਮਹਾਰਾਜਾ ਨੂੰ ਗੁਰਸਿੱਖ ਹੋਣ ਦੇ ਨਾਤੇ ਸੰਗਤ ਵਿਚ ਆਪ ਹਾਜ਼ਰੀ ਭਰਨੀ ਚਾਹੀਦੀ ਹੈ।” ਅਹਿਲਕਾਰ ਨੇ ਸਾਰੀ ਵਿਥਿਆ ਜਾ ਸੁਣਾਈ ਜਿਸ ਦਾ ਮਹਾਰਾਜਾ ਜੀ ਨੇ ਪ੍ਰਭਾਵ ਕਬੂਲਿਆ । ਦੂਜੇ ਦਿਨ ਮਹਾਰਾਜਾ ਭਾਈ ਰਾਮ ਸਿੰਘ ਜੀ ਦੇ ਗੁਰਦੁਆਰੇ ਸੰਗਤ ਵਿਚ ਸ਼ਾਮਲ ਹੋਏ ਅਤੇ ਬਾਬਾ ਦਿਆਲ ਜੀ ਵੱਲੋਂ ਕੀਤੀ ਜਾਂਦੀ ਗੁਰੂ ਗ੍ਰੰਥ ਸਾਹਿਬ ਦੀ  ਕਥਾ-ਵਿਆਖਿਆ ਸੁਣੀ ਤੇ ਉਸ ਦਿਨ ਕੜਾਹ ਪ੍ਰਸ਼ਾਦਿ ਦੀ ਦੇਗ਼ ਤੇ ਲੰਗਰ ਮਹਾਰਾਜ ਜੀ ਵੱਲੋਂ ਵਰਤਾਇਆ ਗਿਆ । ਦੀਵਾਨ ਦੀ ਸਮਾਪਤੀ ਮਗਰੋਂ ਮਹਾਰਾਜਾ ਜੀ ਨੇ ਬਾਬਾ ਦਿਆਲ ਜੀ ਨੂੰ ਜਾਗੀਰ  ਪਰਵਾਨ ਕਰਨ ਲਈ ਬਿਨੈ ਕੀਤੀ। ਬਾਬਾ ਜੀ ਕਿਰਤੀ ਸਨ ਅਤੇ ਆਪ ਦਾ ਵਿਸ਼ਵਾਸ ਸੀ ਕਿ ਗੁਰਸਿੱਖੀ ਦੇ ਅਧਿਆਤਮਕ ਮੁਖੀਆਂ ਲਈ ਕਿਰਤੀ ਹੋਣਾ ਬੜਾ ਜ਼ਰੂਰੀ ਹੈ। ਸੋ ਆਪ ਨੇ ਜਾਗੀਰ ਲੈਣੀ ਪਰਵਾਨ ਨਾ ਕੀਤੀ।

ਨਿਰੰਕਾਰੀ ਮਤ ਦਾ ਸਭ ਤੋਂ ਪਹਿਲਾਂ ਅਸਰ ਇਹ ਹੋਇਆ ਕਿ ਸਚਾਈ  ਗ੍ਰਹਿਣ ਕਰਨ ਲਈ ਅਨੁਯਾਈਆਂ ਵਿਚ ਦ੍ਰਿੜਤਾ ਤੇ ਦਲੇਰੀ ਪੈਦਾ ਹੋਈ । ਪੁਰਾਣੇ ਰੀਤੀ  ਰਿਵਾਜਾਂ ਨੂੰ  ਵਿਚਾਰ ਦੀ ਕਸਵੱਟੀ ਤੇ ਪਰਖਣ ਤੇ  ਉਨ੍ਹਾਂ ਵਿਚ ਨਵਾਂ ਪਰਿਵਰਤਨ ਕਰ ਕੇ ਨਵੀਆਂ ਧਾਰਨਾਵਾਂ ਤੇ ਚਲਣ ਦਾ ਉਤਸ਼ਾਹ ਪੈਦਾ ਹੋਇਆ । ਸੰਸਾਰ ਵਿਚ ਹਰ ਭਾਂਤ ਦੀ ਉੱਨਤੀ ਦੀ ਪਹਿਲੀ ਪੌੜੀ ਵਿਚਾਰ ਕੇ ਚਲਣ ਦੀ ਹੈ । ਬਾਬਾ ਜੀ ਦੇ ਪ੍ਰਚਾਰ ਕਾਰਨ ਨਿਸ਼ਚੇ ਵਿਚ ਪ੍ਰਪੱਕਤਾ ਤੇ ਸੱਚੇ ਸੁੱਚੇ ਅਸੂਲਾਂ ਨੂੰ ਦੂਜਿਆਂ ਤਕ ਪ੍ਰਚਾਰਣ ਦੀ ਦਲੇਰੀ ਪੈਦਾ ਹੋਈ । ਜੋ ਵਿਚਾਰ ਗਿਆਨ ਦੀ ਕਸਵੱਟੀ ਤੇ ਪੂਰਾ ਨਾ ਉਤਰੇ, ਉਸ ਨੂੰ ਤਿਆਗਣ ਦੀ ਝਿਜਕ ਖ਼ਤਮ ਹੋਈ।

ਆਪ ਦੇ ਵਿਰੋਧੀਆਂ ਵਿਚ ਨਿਹਾਲ ਸਿੰਘ ਛਾਛੀ ਤੇ ਤੌਰੂ ਰਾਇ ਦਾ ਵਿਸ਼ੇਸ਼ ਜ਼ਿਕਰ ਆਉਂਦਾ ਹੈ । ਛਾਛੀ ਕਿਸੇ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਦੂਸਰੇ ਦਰਜੇ ਦਾ ਦਰਬਾਰੀ ਸੀ ਅਤੇ  ਅੰਗਰੇਜ਼ੀ ਸਰਕਾਰ ਸਮੇਂ ਇਸ ਨੂੰ ਸਰਕਾਰੀ-ਪਿੱਠੂ ਹੋਣ ਕਰ ਕੇ ‘ਸਰ' ਦਾ ਖ਼ਿਤਾਬ ਮਿਲਿਆ।

 ਬਾਬਾ ਦਿਆਲ ਜੀ 31 ਜਨਵਰੀ, 1855 ਨੂੰ ਸਵਰਗ ਸਿਧਾਰ ਗਏ। ਆਪ ਦੇ ਹੁਕਮ ਅਨੁਸਾਰ ਆਪ ਦਾ ਪੰਜ-ਭੂਤਕ ਸਰੀਰ ਨਦੀ ਦੇ ਛੰਭ ਵਿਚ ਜਲ-ਪਰਵਾਹ ਕਰ ਦਿੱਤਾ । ਇਹ ਅਵਸਰ ਉਨ੍ਹਾਂ ਦੀ ਸੰਪੂਰਨਤਾ ਮੰਨ ਕੇ ਮੰਗਲ ਦੇ ਸ਼ਬਦਾਂ ਦਾ ਗਾਇਨ ਕਰਦੇ ਹੋਏ ਸੰਪੰਨ ਹੋਇਆ । ਬਿਨਾਂ ਕਿਸੇ ਫ਼ੋਕਟ ਕਰਮ-ਕਾਂਡ ਤੇ ਕਿਰਿਆ ਕਰਮ ਦੇ, ਗੁਰਮਤਿ ਅਨੁਸਾਰ ਅਰਦਾਸ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ਼ ਤੇ ਲੁਚੀ ਪਰਸ਼ਾਦ ਸੰਗਤਾਂ ਵਿਚ ਵਰਤਾਇਆ ਗਿਆ ।

ਬਾਬਾ ਦਰਬਾਰਾ ਸਿੰਘ ਜੀ

ਬਾਬਾ ਦਰਬਾਰਾ ਸਿੰਘ ਜੀ :  ਬਾਬਾ ਦਿਆਲ ਜੀ ਦੇ ਪਲੇਠੇ ਸਪੁੱਤਰ ਬਾਬਾ ਦਰਬਾਰਾ ਸਿੰਘ ਜੀ ਨੇ ਆਪ ਮਗਰੋਂ ਨਿਰੰਕਾਰੀ ਲਹਿਰ ਦੀ ਵਾਗ ਡੋਰ ਸੰਭਾਲੀ। ਸੰਨ 1855 ਦੀ ਚੇਤ ਸੰਗਰਾਂਦ ਨੂੰ ਭਾਈ ਭੋਲਾ ਸਿੰਘ ਅਤੇ ਬੀਬੀ ਨਿਹਾਲੀ ਦਾ ਅਨੰਦ ਕਾਰਜ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਪ੍ਰਕਰਮਾ, ਵਿਆਹ ਦੀ ਰਸਮ ਵਿਚ ਸ਼ਾਮਲ ਕਰ ਕੇ ਕੀਤਾ ਗਿਆ।

ਬਾਬਾ ਦਰਬਾਰਾ ਸਿੰਘ ਜੀ ਨੇ ਥਾਂ ਥਾਂ ਸੰਗਤਾਂ ਕਾਇਮ ਕੀਤੀਆਂ ਅਤੇ ਬੀੜੇਦਾਰ ਥਾਪੇ ਜੋ ਸੰਗਤਾਂ ਦੀ ਅਗਵਾਈ ਕਰਦੇ ਸਨ। ਆਪ ਗੁਰਮਤਿ ਦੇ ਨਿਧੜਕ ਤੇ ਉਤਸ਼ਾਹੀ ਵਿਆਖਿਆਕਾਰ ਤੇ ਆਗੂ ਸਨ। ਆਪਣੇ ਪਿਤਾ ਬਾਬਾ ਦਿਆਲ ਜੀ ਦੇ ਪਾਏ ਪੂਰਨਿਆਂ ਤੇ ਚਲ ਕੇ ਪੱਛਮੀ ਪੰਜਾਬ ਤੇ ਸਰਹੱਦੀ ਸੂਬੇ ਵਿਚ ਡੱਟ ਕੇ ਪ੍ਰਚਾਰ ਕੀਤਾ । ਇਕ ਚਿੱਠਾ ਚੱਲਣ ਦਾ ‘ਹੁਕਮਨਾਮਾ ਸ੍ਰੀ ਅਕਾਲ ਪੁਰਖ ਜੀ ਕਾ’ 1856 ਈ. ਵਿਚ ਭਾਈ ਰੂਪ ਸਿੰਘ ਰਾਜੜ ਵਾਸੀ ਪਾਸੋਂ ਲਿਖਵਾਇਆ । ਇਸ ਹੁਕਮਨਾਮੇ ਵਿਚ ਜਨਮ ਤੋਂ ਅੰਤ ਤਕ ਗੁਰਮਤਿ ਅਨੁਸਾਰ ਕਰਨ ਵਾਲੇ ਸੰਸਕਾਰਾਂ ਦੀ ਵਿਧੀ ਅੰਕਿਤ ਕੀਤੀ ਗਈ । ਇਸ  ਚਿੱਠੀ ਵਿਚ ਹੇਠ ਲਿਖੀਆਂ ਗੱਲਾਂ ਵੱਲ ਮੁੱਖ ਤੌਰ ਤੇ ਗੁਰਮਤਿ ਅਨੁਸਾਰ ਕਾਰਜ ਕਰਨ ਲਈ ਪ੍ਰੇਰਨਾ ਦਿੱਤੀ ਗਈ ਹੈ ਤਾਂ ਕਿ ਪੁਰਸ਼ ਜਨਮ ਤੋਂ ਅੰਤ ਤਕ ਗੁਰਮਤਿ ਕਾਰਜ ਕਰਦਾ ਹੋਇਆ ਹੀ ਆਪਣਾ ਜੀਵਨ ਸੰਪੂਰਨਤਾ ਵੱਲ ਲਿਜਾ ਕੇ ਸਕੇ :

  1. ਪੂਜਾ ਇਕ ਅਕਾਲ, ਸ੍ਰੀ ਨਿਰੰਕਾਰ (ਵਾਹਿਗੁਰੂ) ਦੀ ।
  2. ਸੱਚ ਬੋਲੋ ਤੇ ਪੂਰਾ ਤੋਲੋ ਅਰਥਾਤ ਕਥਨੀ ਤੇ ਕਰਨੀ ਦਾ ਸੁਮੇਲ ।
  3. ਮਾਤਾ ਪਿਤਾ ਦੀ ਹਰ ਪਰਕਾਰ ਦੀ ਦੇਖ ਭਾਲ ਤੇ ਸੇਵਾ ਕਰਨੀ ।
  4. ਨਸ਼ਿਆਂ ਤੋਂ  ਪ੍ਰਹੇਜ਼ ਕਰਨਾ ।
  5. ਇਸਤਰੀ ਜਾਤੀ ਦਾ ਸਤਿਕਾਰ ਅਥਵਾ ਵਿਧਵਾ ਇਸਤਰੀ ਦੇ ਪੁਨਰ-ਵਿਵਾਹ ਦੀ ਪ੍ਰੇਰਨਾ ।
  6. ਜਨਮ ਤੋਂ ਅੰਤ ਤਕ ਸਾਰੇ ਕਾਰਜ ਗੁਰਮਤਿ ਅਨੁਸਾਰ ਕਰਨੇ ।
  7. ਜੰਮਦੀ ਲੜਕੀ ਦਾ ਘਾਤ ਘੋਰ-ਅਪਰਾਧ ਘੋਸ਼ਿਤ ਕੀਤਾ ।
  8. ਵਹਿਮ-ਭਰਮ, ਪਾਖੰਡ, ਦੇਵੀ-ਪੂਜਾ, ਬੁੱਤ-ਪੂਜਾ, ਮੂਰਤੀ-ਪੂਜਾ ਆਦਿ ਮਨਮਤਾਂ ਤੋਂ ਸਿੱਖ ਨੂੰ ਵਰਜਿਆ ਅਤੇ ਹਰੇਕ ਕਾਰਜ ਗਿਆਨ ਦੀ ਕਸਵੱਟੀ ਤੇ ਤੋਲ ਕੇ ਕਰਨ ਤੇ ਬਲ ਦਿੱਤਾ ।

ਇਹ ਇਕੋ ਇਕ ਸਮੇਂ ਦੀ ਮਹਾਨ ਇਤਿਹਾਸਕ ਲਿਖਤ ਹੈ ਜਿਸ ਵਿਚ ਗੁਰਮਤਿ ਅਨੁਸਾਰ ਰਹੁ-ਰੀਤਾਂ ਦਾ ਵਿਸਥਾਰ  ਦਿੱਤਾ ਗਿਆ ਹੈ ਅਤੇ ਜੀਵਨ-ਜੁਗਤ ਲਈ ਸੇਧਾਂ ਦਿੱਤੀਆਂ ਗਈਆਂ ਹਨ ।

ਆਪ ਜੀ ਦਾ ਜੀਵਨ ਸੰਘਰਸ਼ਮਈ ਸੀ । ਸੱਚ ਨੂੰ ਮੂੰਹ ਤੇ ਕਹਿਣ ਦੀ ਦਲੇਰੀ ਦਾ ਇਕ ਬ੍ਰਿਤਾਂਤ ਇਸ ਪ੍ਰਕਾਰ ਮਿਲਦਾ ਹੈ ਕਿ ਭਾਈ ਜੱਸਾ ਸਿੰਘ ਜੀ ਅਰੋੜਾ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੇ ਮੁੱਖ ਗ੍ਰੰਥੀ ਸਨ । ਮਹੀਨਾ ਅਸੂ, 1856 (ਈ). ਦਾ ਸਮਾਂ ਸੀ । ਭਾਈ ਜੀ ਇਕ ਦਿਨ ਆਪਣੀ ਡਿਊਟੀ ਖ਼ਤਮ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਤੋਂ ਵਾਪਸ ਪਧਾਰ ਰਹੇ ਸਨ ਕਿ ਅਚਾਨਕ ਉਨ੍ਹਾਂ ਦੇ ਪੇਟ ਵਿਚ ਦਰਦ ਸ਼ੁਰੂ ਹੋ ਗਿਆ । ਦੋ ਸਿੰਘਾਂ ਦੇ ਮੋਢਿਆਂ ਤੇ ਹੱਥ ਰੱਖ ਕੇ ਉਹ ਸਹਿਜੇ ਸਹਿਜੇ ਹੀ ਮੰਜੀ ਸਾਹਿਬ ਤਕ ਅਪੜ ਸਕੇ ਅਤੇ ਉਥੇ ਉਨ੍ਹਾਂ ਨੂੰ ਚਾਰਪਾਈ ਤੇ ਆਰਾਮ ਕਰਨ ਲਈ ਲਿਟਾ ਦਿੱਤਾ ਗਿਆ । ਮੰਜੀ ਉੱਪਰ ਲੇਟਿਆਂ ਹੀ ਅਚਾਨਕ ਉਨ੍ਹਾਂ ਦਾ ਦੇਹਾਂਤ ਬਿਨਾਂ ਬ੍ਰਾਹਮਣੀ ਕਿਰਿਆ-ਕਰਮ, ਦੀਵਾ-ਵੱਟੀ ਕਰਨ ਦੇ ਹੋ ਗਿਆ । ਚਰਚਾ ਚਲ ਪਈ ਕਿ ਭਾਈ ਜੱਸਾ ਸਿੰਘ ਬੇ-ਗਤਾ ਮਰ ਗਿਆ ਹੈ । ਬਾਬਾ ਦਰਬਾਰਾ ਸਿੰਘ ਜੀ ਉਨ੍ਹਾਂ ਦਿਨਾਂ ਵਿਚ ਆਪਣੇ ਕੁਝ ਸਾਥੀਆਂ ਸਣੇ ਸ੍ਰੀ ਅੰਮ੍ਰਿਤਸਰ ਪੁਜੇ ਹੋਏ ਸਨ । ਬਾਬਾ ਬਿਕਰਮ ਸਿੰਘ ਬੇਦੀ, (ਸਪੁੱਤਰ ਬਾਬਾ ਸਾਹਿਬ ਸਿੰਘ, ਊਨੇ ਵਾਲਿਆਂ ਦੇ)  ਉਸ ਸਮੇਂ ਸ੍ਰੀ ਅਕਾਲ ਤਖ਼ਤ ਦੇ ਮੁੱਖ ਗ੍ਰੰਥੀ ਸਨ। ਬਾਬਾ ਦਰਬਾਰਾ ਸਿੰਘ ਜੀ ਇਕ ਥਾਲ ਵਿਚ ਪ੍ਰਸ਼ਾਦ ਅਤੇ ਕੁਝ ਮਾਇਆ ਭੇਟਾ ਵੱਜੋਂ ਲੈ ਕੇ ਬਾਬਾ ਬਿਕਰਮ ਸਿੰਘ ਜੀ ਪਾਸ ਸ੍ਰੀ ਅਕਾਲ ਤਖ਼ਤ ਸਾਹਿਬ ਪੁਜੇ । ਬਾਬਾ ਦਰਬਾਰਾ ਸਿੰਘ ਜੀ ਨੇ ਬਾਬਾ ਬਿਕਰਮ ਸਿੰਘ ਬੇਦੀ ਨੂੰ ਗੁਰਬਾਣੀ ਦੇ ਆਧਾਰ ਤੇ ਅਕੱਟ ਦਲੀਲਾਂ ਦੇ ਕੇ ਇਹ ਸਿੱਧ ਕਰ  ਦਿੱਤਾ ਕਿ ਨਿਤਨੇਮੀ ਅਤੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਜਾਂ ਕਿਸੇ ਵੀ ਗੁਰਸਿੱਖ ਦੀ ਇਵੇਂ ਅਚਾਨਕ  ਮ੍ਰਿਤੂ ਉੱਤੇ ਬ੍ਰਾਹਮਣੀ ਕਰਮ-ਕਾਂਡ ਕੀਤੇ ਬਿਨਾਂ ਵੀ ਗਤੀ ਹੋ ਸਕਦੀ ਹੈ । ਭਾਈ ਜੱਸਾ ਸਿੰਘ ਨੇ ਜੋ ਵੱਸ ਵਿਚ ਸੀ, ਗੁਰਬਾਣੀ-ਪੜ੍ਹੀ, ਇਸ਼ਨਾਨ ਕੀਤਾ, ਕੀਰਤਨ ਸੁਣਿਆ ਅਤੇ ਵੱਸ  ਲਗਦੇ ਉਸ ਉੱਤੇ ਅਮਲ ਵੀ ਕੀਤਾ ਪਰ ਅੰਤ ਸਮੇਂ ਮੰਜੀ ਤੋਂ ਉਤਰ ਕੇ ਪ੍ਰਾਣ ਤਿਆਗਣਾ ਉਸ ਦੇ ਵੱਸ ਵਿਚ ਨਹੀਂ ਸੀ । ਸੋ ਜੇ ਵੱਸ ਲਗਦੇ ਕਾਰਜਾਂ ਕਰ ਕੇ ਉਸ ਦੀ ਗਤੀ ਨਹੀਂ ਹੋ ਸਕਦੀ ਤਾਂ ਬੇ-ਵਸੀ ਕਾਰਨ ਉਹ ਕਿਵੇਂ ਬੇ-ਗਤਾ ਹੋ ਗਿਆ । ਜੇ ਗੁਰਸਿੱਖੀ-ਚਲਣ ਉਸ ਦੀ ਗਤੀ ਨਹੀਂ  ਕਰ ਸਕਦੇ ਤਾਂ ਬ੍ਰਾਹਮਣਾਂ ਦੇ ਕਰਮ-ਕਾਂਡ ਉਸ ਦੀ ਕਿਵੇਂ ਗਤੀ ਕਰਨਗੇ ? ਸਿੱਖ ਦੀ ਗਤੀ ਤਾਂ ਉਸ ਦੇ ਆਪਣੇ ਗੁਰਸਿੱਖੀ ਜੀਵਨ ਅਤੇ ਨਾਮ ਸਿਮਰਨ ਦੇ ਆਧਾਰ ਤੇ ਹੀ ਬਾਣੀ ਵਿਚਾਰਨ ਤੇ ਅਮਲੀ ਜੀਵਨ ਗ੍ਰਹਿਣ ਕਰਨ ਨਾਲ ਹੁੰਦੀ ਹੈ। ਅਜਿਹੇ ਪ੍ਰਸ਼ਨਾਂ ਕਾਰਨ ਬਾਬਾ ਬਿਕਰਮ ਸਿੰਘ ਜੀ ਨਿਰੁੱਤਰ ਹੋ ਗਏ ਅਤੇ  ਸਿਰ ਨੀਵਾਂ ਕਰ ਕੇ ਆਖਣ ਲਗੇ ,  “ਦਰਬਾਰਾ ਸਿੰਘ ਜੀ ਤੁਸੀਂ ਆਖਦੇ ਤਾਂ ਠੀਕ ਹੋ ਪਰ  ਅਸੀਂ ਬਰਾਦਰੀ ਵਾਲੇ ਲੋਕ ਭਾਈਚਾਰਕ ਰਸਮਾਂ ਨਹੀਂ ਛੱਡ ਸਕਦੇ”। ਇਹ ਉੱਤਰ ਸੁਣ ਕੇ ਬਾਬਾ ਦਰਬਾਰਾ ਸਿੰਘ ਜੀ ਨੇ ਪ੍ਰਸ਼ਾਦ ਵਾਲਾ ਥਾਲ ਉਨ੍ਹਾਂ ਅਗੋਂ ਚੁਕ ਲਿਆ ਅਤੇ ਸੰਗਤ ਵਿਚ ਵਰਤਾ ਦਿੱਤਾ ਅਤੇ ਮਾਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਪਨ ਕਰਦਿਆਂ ਫੁਰਮਾਇਆ, “ਜੇਕਰ ਤੁਸੀ  ਇੰਨੀਆਂ ਵੱਡੀਆਂ ਪਦਵੀਆਂ ਤੇ ਬੈਠ ਕੇ ਵੀ ਦੁਨੀਆਦਰੀ ਵਿਚ ਫ਼ਸੇ ਹੋਏ ਹੋ ਅਤੇ ਸੰਗਤਾਂ ਦੀ ਅਗਵਾਈ ਗੁਰਮਤਿ ਅਨੁਸਾਰ ਨਹੀਂ ਕਰ ਸਕਦੇ ਤਾਂ ਤੁਹਾਡਾ ਕਰਤੱਵ ਬਣਦਾ ਹੈ ਕਿ ਤੁਸੀਂ ਇਨ੍ਹਾਂ ਪਦਵੀਆਂ ਨੂੰ ਛੱਡ ਦੇਵੋ”। ਬਾਬਾ ਦਰਬਾਰਾ ਸਿੰਘ ਜੀ ਦਾ ਇਹ ਬੇਬਾਕ ਕਦਮ ਬੜਾ ਦਲੇਰਾਨਾ ਸੀ ।

ਅਨੰਦ ਵਿਆਹ ਮਰਯਾਦਾ ਦੀ ਪ੍ਰਚਾਰ-ਲੜੀ ਨੂੰ ਜਾਰੀ ਰੱਖਦੇ ਹੋਏ  ਵਿਸਾਖ, 1861 (ਈ.) ਨੂੰ ਭਾਈ ਬੂਟਾ ਸਿੰਘ ਤੇ ਬੀਬੀ ਕਰਮ ਦੇਈ ਦਾ ਅਨੰਦ-ਵਿਆਹ ਸ੍ਰੀ ਅੰਮ੍ਰਿਤਸਰ ਵਿਖੇ ਕਰਵਾਇਆ; ਜਿਸ ਦੀ ਵਾਰਤਾ ਇਸ ਪ੍ਰਕਾਰ ਹੈ ।

ਇਸ ਜੋੜੀ ਦਾ ਅਨੰਦ ਕਾਰਜ ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਹੋਣਾ ਸੀ ਪਰ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੁਜਾਰੀਆਂ ਦੀ ਵਿਰੋਧਤਾ ਕਾਰਨ ਇਹ ਅਨੰਦ ਵਿਆਹ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਚੌਗਾਨ ਵਿਚ ਹੋਣ ਦੀ ਬਜਾਇ ਡੇਰਾ ਠਾਕੁਰ ਦਿਆਲ ਸਿੰਘ ਚੌਕ ਮੋਨੀ ਵਿਖੇ, ਮਹੰਤ ਗੁਲਾਬ ਸਿੰਘ ਦੇ ਸਹਿਯੋਗ ਨਾਲ (ਜੋ ਉਸ ਸਮੇਂ ਡੇਰੇ ਦੇ ਮਹੰਤ ਸਨ ) ਡੇਰੇ ਵਿਚ 14 ਅਪ੍ਰੈਲ, 1861 ਨੂੰ ਕੀਤਾ  ਗਿਆ। ਸ੍ਰੀ ਅੰਮ੍ਰਿਤਸਰ ਵਿਚ ਇਹ ਸਭ ਤੋਂ ਪਹਿਲਾ ਅਨੰਦ ਵਿਆਹ ਸੀ ਜਿਸ ਦੀ ਭਰਪੂਰ ਵਿਰੋਧਤਾ ਵੀ ਹੋਈ ਅਤੇ ਇਸ ਦਾ ਚਰਚਾ ਲੋਕਾਂ ਵਿਚ ਕਾਫ਼ੀ ਸਮਾਂ ਚਲਦਾ ਰਿਹਾ ।

ਹਰ ਭਾਂਤ ਦੀ ਵਿਰੋਧਤਾ, ਨਿਡਰਤਾ ਤੇ ਦਲੇਰੀ ਨਾਲ ਟਾਕਰਾ ਕਰਦੇ ਹੋਏ 1870 ਈ. ਵਿਚ ਇਹ ਨਿਰੰਕਾਰੀ ਲਹਿਰ ਦੀ ਵਾਗਡੋਰ ਆਪਣੇ ਛੋਟੇ ਭਰਾ ਬਾਬਾ ਰੱਤਾ ਜੀ (ਬਾਬਾ ਰਤਨ ਚੰਦ ਜੀ ) ਨੂੰ ਆਪਣੇ ਸਪੁੱਤਰ ਦੇ ਹੁੰਦਿਆਂ ਸੌਂਪ ਗਏ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1816, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-02-03-39-02, ਹਵਾਲੇ/ਟਿੱਪਣੀਆਂ: ਹ. ਪੁ. –ਸਿਖਸ.ਏ.ਐਚ. ਬਿੰਗਲੇ:- 89. ਮ. ਕੋ. : 715: ਮਨੁੱਖਤਾ ਦੇ ਗੁਰੂ-ਭਾਗ ਦੂਜਾ ਗੁਰੂ ਅੰਗਦ ਦੇਵ ਜੀ ਤੋਂ ਗੁਰੂ ਤੇਗ ਬਹਾਦਰ ਜੀ ਤਕ : 68-69

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.