ਨਜ਼ਮ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨਜ਼ਮ: ਮੁਢਲੇ ਸੰਸਕ੍ਰਿਤ ਸਾਹਿਤ ਦੇ ਦੋ ਰੂਪ ਹਨ- ਪਦ ਤੇ ਗੱਦ ਅਰਥਾਤ ਕਵਿਤਾ ਤੇ ਵਾਰਤਕ। ਬਿਲਕੁਲ ਇਸ ਤਰ੍ਹਾਂ ਹੀ ਅਰਬੀ ਤੇ ਫ਼ਾਰਸੀ ਸਾਹਿਤ ਵਿੱਚ ਪਦ ਨੂੰ ਨਜ਼ਮ ਅਤੇ ਗੱਦ ਨੂੰ ਨਸਰ ਕਿਹਾ ਗਿਆ। ਨਜ਼ਮ ਅਰਬੀ ਭਾਸ਼ਾ ਦਾ ਸ਼ਬਦ ਹੈ। ਇਸ ਦੇ ਅਰਥ ਹਨ- ਮੋਤੀਆਂ ਨੂੰ ਇੱਕ ਧਾਗੇ ਵਿੱਚ ਪਰੋਣਾ, ਤਰਤੀਬ ਦੇਣਾ, ਪ੍ਰਬੰਧ ਕਰਨਾ ਆਦਿ। ਸਾਹਿਤ ਵਿੱਚ ਨਜ਼ਮ ਦੇ ਅਰਥ ਹਨ-ਭਾਵਾਂ ਤੇ ਵਿਚਾਰਾਂ ਨੂੰ ਇੱਕ ਖ਼ਾਸ ਵਜ਼ਨ-ਤੋਲ ਵਿੱਚ ਤਰਤੀਬ ਦੇਣਾ। ਦੂਜੇ ਸ਼ਬਦਾਂ ਵਿੱਚ ਹਰ ਕਵਿਤਾ ਨਜ਼ਮ ਮੰਨੀ ਜਾਂਦੀ ਰਹੀ ਹੈ। ਪਦ, ਕਵਿਤਾ, ਕਾਵਿ, ਨਜ਼ਮ-ਸਭ ਸ਼ਬਦ ਅੰਗਰੇਜ਼ੀ ਸ਼ਬਦ verse ਜਾਂ poem ਦੇ ਸਮਾਨ-ਅਰਥੀ ਮੰਨੇ ਜਾਂਦੇ ਰਹੇ ਹਨ। ਭਾਵ ਬੁੱਧੀ, ਕਲਪਨਾ, ਲੈਅ-ਤਾਲ, ਛੰਦ, ਸੰਗੀਤ, ਅਲੰਕਾਰ, ਪ੍ਰਤੀਕ ਤੇ ਬਿੰਬ ਅਤੇ ਕਾਵਿ-ਭਾਸ਼ਾ ਆਦਿ ਨਜ਼ਮ ਜਾਂ ਕਵਿਤਾ ਦੇ ਮੁੱਖ ਤੱਤ ਮੰਨੇ ਜਾਂਦੇ ਰਹੇ ਹਨ। ਸੰਸਕ੍ਰਿਤ ਵਿੱਚ ਮਹਾਂ-ਕਾਵਿ, ਖੰਡ-ਕਾਵਿ ਤੇ ਮੁਕਤਕ- ਕਾਵਿ ਕਵਿਤਾ ਦੀਆਂ ਮੁੱਖ ਵੰਨਗੀਆਂ ਹਨ। ਪੁਰਾਤਨ ਯੂਨਾਨੀ ਸਾਹਿਤ ਵਿੱਚ ਵੀ ਮਹਾਂ-ਕਾਵਿ ਵਾਂਗ ਇਸ ਕਿਸਮ ਦੇ ਰੂਪ ਦੀ ਪ੍ਰਧਾਨਤਾ ਰਹੀ ਹੈ। ਪੁਰਾਤਨ ਅਰਬੀ ਤੇ ਫ਼ਾਰਸੀ ਕਵਿਤਾ ਵਿੱਚ ਕਸੀਦਾ, ਗ਼ਜ਼ਲ, ਮਰਸੀਆ, ਮਸਨਵੀ ਆਦਿ ਪ੍ਰਮੁਖ ਕਾਵਿ-ਵੰਨਗੀਆਂ ਪ੍ਰਚਲਿਤ ਸਨ। ਪੁਰਾਤਨ ਤੇ ਮੱਧ-ਕਾਲੀ ਪੰਜਾਬੀ ਕਵਿਤਾ ਵਿੱਚ ਵੱਡ-ਆਕਾਰੀ ਰੂਪ ਵਿੱਚ ਕਿੱਸਾ, ਵਾਰ, ਜੰਗਨਾਮਾ, ਬਾਰਾਂਮਾਹ ਤੇ ਛੁਟੇਜੀ ਕਾਵਿ-ਵੰਨਗੀ ਵਜੋਂ ਸਲੋਕ, ਸ਼ਬਦ, ਦੋਹੜੇ, ਕਾਫ਼ੀ, ਸਤਵਾਰਾ ਆਦਿ ਪ੍ਰਚਲਿਤ ਸਨ। ਪੰਜਾਬੀ ਦੇ ਲੋਕ-ਕਾਵਿ ਵਿੱਚ ਲੋਰੀ, ਸੁਹਾਗ, ਸਿਠਣੀ, ਘੋੜੀ, ਦੋਹਾ, ਅਲਾਹੁਣੀ, ਵੈਣ, ਟੱਪੇ ਆਦਿ ਪ੍ਰਮੁਖ ਕਾਵਿ-ਵੰਨਗੀਆਂ ਹਨ। ਕਵਿਤਾ ਦੀਆਂ ਇਹ ਸਾਰੀਆਂ ਵੰਨਗੀਆਂ ਮੰਨੀਆਂ ਜਾਂਦੀਆਂ ਰਹੀਆਂ ਹਨ ਪਰ 20ਵੀਂ ਸਦੀ ਦੇ ਗੁੰਝਲਦਾਰ ਜੀਵਨ ਨੇ ਪੁਰਾਤਨ ਕਾਵਿ-ਵੰਨਗੀਆਂ ਦੇ ਨਾਲ-ਨਾਲ ਕਈ ਨਵੀਆਂ ਵੰਨਗੀਆਂ ਨੂੰ ਜਨਮ ਦਿੱਤਾ ਜਿਸ ਦੇ ਸਿੱਟੇ ਵਜੋਂ ਨਜ਼ਮ ਇੱਕ ਸੁਤੰਤਰ ਕਾਵਿ-ਵੰਨਗੀ ਵਜੋਂ ਹੋਂਦ ਵਿੱਚ ਆਈ। ਨਜ਼ਮ ਇੱਕ ਵਿਸ਼ਲੇਸ਼ਣੀ ਕਾਵਿ-ਵੰਨਗੀ (ਰੂਪਾਕਾਰ) ਹੈ। ਇਸ ਲਈ ਇਸ ਵਿੱਚ ਭਾਵ-ਤੱਤ ਜੋ ਸਾਰੀ ਪੁਰਾਤਨ ਤੇ ਮੱਧ-ਕਾਲੀ ਕਵਿਤਾ ਵਿੱਚ ਪ੍ਰਧਾਨ ਤੱਤ ਮੰਨਿਆ ਜਾਂਦਾ ਸੀ, ਘੱਟ ਮਹੱਤਵਪੂਰਨ ਬਣ ਜਾਂਦਾ ਹੈ। ਨਜ਼ਮ ਵਿੱਚ ਬੁੱਧੀ ਤੱਤ ਜਾਂ ਵਿਚਾਰ ਦੀ ਸਦਾ ਪ੍ਰਧਾਨਤਾ ਹੁੰਦੀ ਹੈ। ਦਲੀਲ ਆਮ ਤੌਰ `ਤੇ ਨਜ਼ਮ ਦੇ ਆਰ-ਪਾਰ ਫ਼ੈਲੀ ਹੁੰਦੀ ਹੈ।
ਲੈਅ-ਤਾਲ, ਛੰਦ ਤੇ ਸੰਗੀਤ ਆਦਿ ਕਾਵਿ-ਤੱਤਾਂ ਦਾ ਮਹੱਤਵ ਨਜ਼ਮ ਵਿੱਚ ਉਸ ਤਰ੍ਹਾਂ ਨਹੀਂ ਵਾਚਿਆ ਜਾਂਦਾ ਜਿਵੇਂ ਕਿ ਪੁਰਾਤਨ ਕਵਿਤਾ ਜਾਂ ਸਰੋਦੀ ਕਵਿਤਾ ਵਿੱਚ ਹੁੰਦਾ ਹੈ। ਪੰਜਾਬੀ ਦੀ ਵਰਤਮਾਨ ਨਜ਼ਮ ਅਕਸਰ ਛੰਦ ਮੁਕਤ ਰਚੀ ਜਾ ਰਹੀ ਹੈ, ਜਿਸ ਵਿੱਚੋਂ ਸੰਗੀਤ ਤਾਂ ਕੀ, ਲੈਅ-ਤਾਲ ਵੀ ਗ਼ੈਰ-ਹਾਜ਼ਰ ਹੁੰਦਾ ਹੈ। ਪਾਕਿਸਤਾਨ ਵਿੱਚ ਇਸ ਨੂੰ ਨਸਰੀ ਨਜ਼ਮ ਅਤੇ ਭਾਰਤ ਵਿੱਚ ਗੱਦ ਕਾਵਿ ਵੀ ਕਿਹਾ ਜਾਂਦਾ ਹੈ। ਕਾਰਨ ਇਹ ਹੈ ਕਿ ਨਜ਼ਮ ਵਿਸ਼ਲੇਸ਼ਣੀ ਕਾਵਿ ਹੋਣ ਕਾਰਨ ਛੰਦ ਤੇ ਸੰਗੀਤ ਦਾ ਬੰਧਨ ਪ੍ਰਵਾਨ ਨਹੀਂ ਕਰ ਸਕਦੀ। ਪੱਛਮ ਵਿੱਚ ਉਦਯੋਗਿਕ ਤੇ ਤਕਨੀਕੀ ਵਿਕਾਸ ਗੁੰਝਲਦਾਰ ਜ਼ਿੰਦਗੀ ਦੇ ਪ੍ਰਗਟਾਵੇ ਲਈ 20ਵੀਂ ਸਦੀ ਵਿੱਚ ਇਸ ਤਰ੍ਹਾਂ ਦੀ ਹੀ ਨਜ਼ਮ ਲਿਖੀ ਗਈ ਹੈ ਜਿਸ ਦਾ ਸੁਭਾਅ ਵਾਰਤਕ ਵਾਲਾ ਹੈ। ਕੁਝ ਵਿਦਵਾਨਾਂ ਨੇ ਇਸ ਤਰ੍ਹਾਂ ਦੀ ਗੱਦਮਈ ਨਜ਼ਮ ਦਾ ਸੁਆਗਤ ਕੀਤਾ ਹੈ ਪਰ ਕੁਝ ਹੋਰ ਸਮੀਖਿਆਕਾਰ ਤੇ ਕਵੀ ਇਸ ਵਿਚਾਰ ਦੇ ਧਾਰਨੀ ਹਨ ਕਿ ਨਜ਼ਮ ਵਿੱਚ ਛੰਦ ਦੀ ਪਾਬੰਦੀ ਨੂੰ ਨਿਭਾਇਆ ਜਾਣਾ ਜ਼ਰੂਰੀ ਨਹੀਂ ਪਰ ਲੈਅ-ਤਾਲ ਅਤੇ ਭਾਵ ਦੀ ਨਜ਼ਮ ਵਿੱਚ ਪ੍ਰਧਾਨਤਾ ਹੋਣੀ ਚਾਹੀਦੀ ਹੈ ਕਿਉਂਕਿ ਇਹ ਕਾਵਿ-ਤੱਤ ਹੀ ਨਸਰ ਜਾਂ ਗੱਦ ਨਾਲੋਂ ਨਜ਼ਮ ਨੂੰ ਨਿਖੇੜਦੇ ਹਨ। ਪੰਜਾਬੀ ਵਿੱਚ ਬਹੁਤ ਸਾਰੇ ਕਵੀਆਂ ਨੇ ਛੰਦ-ਬੱਧ ਨਜ਼ਮਾਂ ਦੀ ਵੀ ਰਚਨਾ ਕੀਤੀ ਹੈ।
ਅਲੰਕਾਰਾਂ, ਪ੍ਰਤੀਕਾਂ ਤੇ ਬਿੰਬਾਂ ਦੀ ਬਹੁਲਤਾ ਨਜ਼ਮ ਦੇ ਵਿਸ਼ਲੇਸ਼ਣੀ ਤੇ ਤਰਕਮਈ ਸੁਭਾਅ `ਤੇ ਸੱਟ ਮਾਰਦੀ ਹੈ। ਨਜ਼ਮ ਦੀ ਸੁੰਦਰਤਾ ਇਹਨਾਂ ਕਾਵਿ-ਜੁਗਤਾਂ ਵਿੱਚ ਨਹੀਂ ਸਗੋਂ ਤਰਕ ਅਤੇ ਨਿਆਸ਼ੀਲਤਾ ਦੇ ਪ੍ਰਗਟਾਵੇ ਵਿੱਚ ਹੈ।
ਭਾਸ਼ਾ ਦੀ ਸਰਲਤਾ ਨਜ਼ਮ ਲਈ ਇੱਕ ਲਾਜ਼ਮੀ ਸ਼ਰਤ ਹੈ। ਸ਼ਬਦ ਜੰਜਾਲ ਨਜ਼ਮ ਲਈ ਬੜਾ ਮਾਰੂ ਹੁੰਦਾ ਹੈ। ਕੁਝ ਸ਼ਾਇਰ ਬਹੁਤੀ ਗੁੰਝਲਦਾਰ ਅਪ੍ਰਚਲਿਤ ਭਾਸ਼ਾ ਦੀ ਵਰਤੋਂ ਕਰ ਕੇ ਵੱਡੇ ਕਵੀ ਹੋਣ ਦਾ ਭਰਮ ਪਾਲਦੇ ਹਨ ਪਰ ਅਜਿਹੇ ਕਵੀ ਉੱਤਮ ਨਜ਼ਮਾਂ ਦੀ ਰਚਨਾ ਨਹੀਂ ਕਰ ਸਕਦੇ।
ਕੇਸਰ ਸਿੰਘ ਕੇਸਰ ਨੇ ਨਜ਼ਮ ਨੂੰ ਕਵਿਤਾ ਦੀ ਇੱਕ ਵੰਨਗੀ ਮੰਨਦਿਆਂ ਇਸ ਦਾ ਗ਼ਜ਼ਲ ਤੇ ਗੀਤ ਨਾਲੋਂ ਨਿਖੇੜਾ ਕੀਤਾ ਹੈ ਤੇ ਲਿਖਿਆ ਹੈ :
ਜਦੋਂ ਕਵੀ ਇੱਕ ਮਾਨਸਿਕ ਵਿੱਥ ਪੈਦਾ ਕਰ ਕੇ ਪਰਿਸਥਿਤੀਆਂ ਨਾਲ ਜੂਝਦੇ, ਜਿੱਤਦੇ, ਹਾਰਦੇ ਵਿਅਕਤੀ ਜਾਂ ਸਮੂਹ ਦੇ ਸੰਘਰਸ਼ ਦਾ ਵਿਸ਼ਲੇਸ਼ਣ ਕਰਦਾ ਹੋਇਆ ਉਸ ਸੰਘਰਸ਼ ਦਾ ਵਿਵੇਕ ਤੇ ਪਰਿਪੇਖ ਸਿਰਜਦਾ ਹੈ ਤਾਂ ਨਜ਼ਮ ਦਾ ਜਨਮ ਹੁੰਦਾ ਹੈ। ਆਪਣੀਆਂ ਵਿਰੋਧੀ ਪਰਿਸਥਿਤੀਆਂ ਵਿੱਚ ਘਿਰੇ ਬੇਵੱਸ, ਨਿਸੱਤੇ, ਭੈ-ਭੀਤ ਤੇ ਸ਼ੰਕਾ-ਗ੍ਰਸਤ ਵਿਅਕਤੀ ਦਾ ਕਾਵਿ-ਬਿੰਬ ਗ਼ਜ਼ਲ ਦੇ ਵਿਕੋਲਿਤਰੇ ਸ਼ਿਅਰਾਂ ਰਾਹੀਂ ਰੂਪਮਾਨ ਹੁੰਦਾ ਹੈ ਪਰ ਜਦੋਂ ਉਹ ਜੂਝਦੇ, ਹਾਰਦੇ, ਜਾਂ ਜਿੱਤ, ਹਾਰ ਚੁੱਕੇ ਵਿਅਕਤੀ ਦੇ ਨਾਹਰੇ, ਹੂਕ, ਹਉਕੇ ਜਾਂ ਸਮੂਹ ਨਾਲ ਜੁੜਨ ਦੀ ਤੀਬਰ ਲੋਚਾਂ ਨੂੰ ਕਵਿਤਾ ਵਿੱਚ ਢਾਲਣਾ ਚਾਹੁੰਦਾ ਹੈ ਤਾਂ ਗੀਤ ਬਣਦਾ ਹੈ।
ਇਸ ਤਰ੍ਹਾਂ ਸਪਸ਼ਟ ਹੈ ਕਿ ਹੁਣ ਨਜ਼ਮ ਕਵਿਤਾ ਦੀ ਸਮਾਨ-ਅਰਥੀ ਨਹੀਂ ਹੈ। ਇਹ ਤਾਂ ਕਵਿਤਾ ਦੀ ਇੱਕ ਵੰਨਗੀ ਹੈ ਜੋ ਆਧੁਨਿਕ ਯੁਗ ਦੀ ਦੇਣ ਹੈ। ਇਸ ਤਰ੍ਹਾਂ ਨਜ਼ਮ ਨੂੰ ਹੋਰਾਂ ਕਾਵਿ-ਵੰਨਗੀਆਂ ਨਾਲੋਂ ਵੀ ਨਿਖੇੜਿਆ ਜਾ ਸਕਦਾ ਹੈ।
ਸਭ ਤੋਂ ਪਹਿਲਾਂ ਪੰਜਾਬੀ ਵਿੱਚ ਬਾਵਾ ਬਲਵੰਤ ਨੇ ਆਪਣੀਆਂ ਕੁਝ ਕਾਵਿ-ਰਚਨਾਵਾਂ ਨੂੰ ਨਜ਼ਮ ਜਾਂ ਅਜ਼ਾਦ ਨਜ਼ਮ ਦਾ ਨਾਂ ਦਿੱਤਾ। ਗ਼ਜ਼ਲ, ਗੀਤ ਤੇ ਕੁਝ ਹੋਰ ਕਾਵਿ- ਰੂਪਾਕਾਰਾਂ ਨੂੰ ਉਸ ਨੇ ਨਜ਼ਮ ਤੋਂ ਵੱਖਰਾ ਮੰਨਿਆ। ਛੰਦ ਮੁਕਤ ਕਵਿਤਾਵਾਂ ਨੂੰ ਬਾਵਾ ਬਲਵੰਤ ਨੇ ਅਜ਼ਾਦ ਨਜ਼ਮਾਂ ਦਾ ਸਿਰਲੇਖ ਦਿੱਤਾ। ਉਂਞ ਪੂਰਨ ਸਿੰਘ ਦੀਆਂ ਸਾਰੀਆਂ ਕਵਿਤਾਵਾਂ ਨੂੰ ਛੰਦ ਮੁਕਤ ਹੋਣ ਕਾਰਨ ਭਾਵ ਪ੍ਰਧਾਨ ਨਜ਼ਮਾਂ ਦਾ ਨਾਂ ਦਿੱਤਾ ਜਾ ਸਕਦਾ ਹੈ ਕਿਉਂਕਿ ਉਹਨਾਂ ਵਿੱਚ ਬੁੱਧੀ ਤੱਤ ਦੀ ਥਾਂ ਜਜ਼ਬਾ ਡੁੱਲ੍ਹ-ਡੁੱਲ੍ਹ ਪੈਂਦਾ ਹੈ। ਛੰਦ ਦੇ ਨਾਲ-ਨਾਲ ਬਹੁਤ ਥਾਂਵਾਂ `ਤੇ ਲੈਅ-ਤਾਲ ਨਾ ਹੋਣ ਕਾਰਨ ਇਹ ਕਵਿਤਾਵਾਂ ਪੰਜਾਬੀ ਨਜ਼ਮ ਦੇ ਮੁੱਢ ਵਜੋਂ ਵਾਚੀਆਂ ਜਾ ਸਕਦੀਆਂ ਹਨ। ਪੰਜਾਬੀ ਨਜ਼ਮ ਦਾ ਅਸਲੀ ਮੋਢੀ ਦੀਵਾਨ ਸਿੰਘ ਕਾਲੇਪਾਣੀ ਹੈ ਜਿਸ ਦੀਆਂ ਨਜ਼ਮਾਂ ਛੰਦ ਮੁਕਤ ਵੀ ਹਨ ਅਤੇ ਬੁੱਧੀ ਤੱਤ ਤੇ ਦਲੀਲ ਭਰਪੂਰ ਵੀ। ਭਾਵ ਤੱਤ ਵੀ ਇਹਨਾਂ ਨਜ਼ਮਾਂ ਵਿੱਚ ਵਿਚਾਰ ਦੇ ਅਕਸਰ ਅੰਗ-ਸੰਗ ਰਹਿੰਦਾ ਹੈ। ਦੂਜੀ ਪੀੜ੍ਹੀ ਦੇ ਕਵੀਆਂ ਵਿੱਚੋਂ ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ਸਫ਼ੀਰ ਅਤੇ ਜਸਵੰਤ ਸਿੰਘ ਨੇਕੀ ਵੀ ਨਜ਼ਮ ਰਚਨਾ ਵੱਲ ਰੁਚਿਤ ਹੋਏ ਹਨ।
ਨਜ਼ਮ ਸ਼ਬਦ ਦਾ ਪ੍ਰਚਲਨ ਵਧੇਰੇ ਕਰ ਕੇ ਆਧੁਨਿਕ ਪੰਜਾਬੀ ਦੇ ਤੀਜੀ ਪੀੜ੍ਹੀ ਦੇ ਕਵੀਆਂ ਨੇ ਕੀਤਾ ਹੈ। ਇਹਨਾਂ ਵਿੱਚੋਂ ਹਰਿਭਜਨ ਸਿੰਘ, ਸ.ਸ. ਮੀਸ਼ਾ, ਅਜਾਇਬ ਕਮਲ, ਰਵਿੰਦਰ ਰਵੀ, ਜਗਤਾਰ, ਪਾਸ਼, ਲਾਲ ਸਿੰਘ ਦਿਲ, ਹਰਭਜਨ ਹਲਵਾਰਵੀ, ਅਮਰਜੀਤ ਚੰਦਨ, ਦੇਵ, ਮੋਹਨਜੀਤ, ਜੋਗਾ ਸਿੰਘ, ਮਨਜੀਤ ਟਿਵਾਣਾ, ਸਤਿੰਦਰ ਸਿੰਘ ਨੂਰ, ਅਮਿਤੋਜ, ਪਾਲ ਕੌਰ ਅਤੇ ਵਨੀਤਾ ਆਦਿ ਕੁਝ ਅਜਿਹੇ ਸ਼ਾਇਰ ਹਨ ਜਿਨ੍ਹਾਂ ਨੇ ਆਪਣੀਆਂ ਬਹੁਤੀਆਂ ਰਚਨਾਵਾਂ ਨੂੰ ਨਜ਼ਮ ਕਿਹਾ ਹੈ। ਇਸ ਪੀੜ੍ਹੀ ਦੇ ਹੋਰ ਕਵੀਆਂ ਵਿੱਚ ਪਰਮਿੰਦਰਜੀਤ, ਰਵਿੰਦਰ ਭੱਠਲ, ਸੁਰਜੀਤ ਪਾਤਰ, ਜਨਮੀਤ, ਜਸਵੰਤ ਦੀਦ, ਦਰਸ਼ਨ ਬੁੱਟਰ, ਅਮਰਜੀਤ ਕੌਂਕੇ, ਬੀਬਾ ਬਲਵੰਤ, ਜਸਵੰਤ ਜ਼ਫ਼ਰ, ਬਲਬੀਰ ਮਾਧੋਪੁਰੀ, ਲਖਵਿੰਦਰ ਜੌਹਲ, ਰਾਮ ਸਿੰਘ ਚਾਹਲ, ਦੇਵਨੀਤ, ਗੁਰਪ੍ਰੀਤ, ਮਦਨਵੀਰਾ ਅਤੇ ਭਗਵਾਨ ਢਿੱਲੋਂ ਨੇ ਵੀ ਨਜ਼ਮ ਰਚਨਾ ਵਿੱਚ ਆਪਣੀ ਪਛਾਣ ਬਣਾਈ ਹੈ।
ਇਹ ਨਜ਼ਮਾਂ ਅਗਾਂਹਵਧੂ, ਇਨਕਲਾਬੀ ਤੇ ਸਥਾਪਤੀ ਵਿਰੋਧੀ ਵੀ ਹਨ ਅਤੇ ਕੁਝ ਕਵੀਆਂ ਦੀਆਂ ਨਜ਼ਮਾਂ ਨਿਜਵਾਦੀ ਅਤੇ ਆਪਣੀ ਮਾਨਸਿਕ ਉਧੇੜ-ਬੁਣ ਦਾ ਪ੍ਰਗਟਾਵਾ ਵੀ ਬਣਦੀਆਂ ਹਨ। ਕੁਝ ਨਜ਼ਮਕਾਰ ਅਜਿਹੇ ਵੀ ਹਨ ਜੋ ਕਦੇ ਸਮਾਜਮੁਖੀ-ਲੋਕਪੱਖੀ ਅਤੇ ਕਦੇ ਨਿਰੋਲ ਨਿਜਵਾਦੀ ਵਿਚਾਰਾਂ ਨੂੰ ਨਜ਼ਮਾਂ ਵਿੱਚ ਕਾਵਿ-ਬੱਧ ਕਰਦੇ ਹਨ। ਕੁਝ ਕਵੀਆਂ ਦੀਆਂ ਨਜ਼ਮਾਂ ਨਿਰੋਲ ਸ਼ਬਦ ਜੰਜਾਲ, ਅਸਪਸ਼ਟ ਤੇ ਵਿਚਾਰ ਪੱਖੋਂ ਸਤਹੀ ਤੇ ਧੁੰਦਲੀਆਂ ਹੁੰਦੀਆਂ ਹਨ। ਇਹ ਨਜ਼ਮਾਂ ਪੰਜ-ਸੱਤ ਸਤਰਾਂ ਵਿੱਚ ਵੀ ਸਮੇਟੀਆਂ ਗਈਆਂ ਹਨ ਅਤੇ ਪੰਦਰਾਂ-ਵੀਹ ਪੰਨਿਆਂ ਤੱਕ ਵੀ ਫ਼ੈਲੀਆਂ ਹੋਈਆਂ ਹਨ।
ਲੇਖਕ : ਐਸ. ਤਰਸੇਮ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 24301, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਨਜ਼ਮ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਜ਼ਮ [ਨਾਂਇ] ਕਵਿਤਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24279, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਨਜ਼ਮ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਨਜ਼ਮ : ਨਜ਼ਮ ਅਰਬੀ ਸ਼ਬਦ ਹੈ। ਇਸ ਦੇ ਅਰਥ ਹਨ ‘ਮੋਤੀਆਂ ਨੂੰ ਇਕ ਧਾਗੇ ਵਿਚ ਪਰੋਣਾ’। ਇੱਥੋਂ ਹੀ ਇਸ ਦੇ ਅਰਥ ਬਣ ਗਏ––ਤਰਤੀਬ ਦੇਣਾ, ਇੰਤਜ਼ਾਮ ਕਰਨਾ, ਆਦਿ। ਕਾਵਿ ਖੇਤਰ ਵਿਚ ਨਜ਼ਮ ਦੇ ਅਰਥ ਹਨ ਵਿਚਾਰਾਂ ਨੂੰ ਇਕ ਖ਼ਾਸ ਵਜ਼ਨ ਤੋਲ ਵਿਚ ਤਰਤੀਬ ਦੇਣਾ। ਦੂਜੇ ਅਰਥਾਂ ਵਿਚ ਹਰ ਕਵਿਤਾ ਨਜ਼ਮ ਹੈ (‘ਵੇਖੋ ਸ਼ਿਅਰ’)।
ਅਰਬੀ, ਫ਼ਾਰਸੀ, ਉਰਦੂ ਵਿਚ ਮਜ਼ਮੂਨ ਦੇ ਲਿਹਾਜ਼ ਨਾਲ ਨਜ਼ਮ ਦੇ ਕਈ ਭੇਦ ਹਨ ਜਿਵੇਂ ਇਸ਼ਕੀਆ, ਰਜ਼ਮੀਆ, ਮਜ਼ਾਹੀਆ ਆਦਿ।
ਰੂਪ ਦੇ ਪੱਖ ਤੋਂ ਵੀ ਇਸ ਦੇ ਕਈ ਭੇਦ ਹਨ, ਜਿਵੇਂ ਬੈਂਤ, ਗ਼ਜ਼ਲ, ਮੁਸੱਲਸ, ਮੁਖ਼ੱਮਸ, ਮੁਸੱਦਸ, ਮਸਨਵੀ ਆਦਿ।
ਉਰਦੂ ਤੇ ਫ਼ਾਰਸੀ ਨਜ਼ਮ ਵਿਚ ਕਾਫ਼ੀਏ ਦੀ ਪਾਬੰਦੀ ਜਿਸ ਨਿਪੁੰਨਤਾ ਨਾਲ ਨਿਭਾਈ ਜਾਂਦੀ ਹੈ ਉਨਤੀ ਨਿਪੁੰਨਤਾ ਨਾਲ ਪੰਜਾਬੀ ਕਵਿਤਾ ਵਿਚ ਨਹੀਂ ਨਿਭਾਈ ਜਾਂਦੀ। ਨਜ਼ਮ ਵਿਚ ਵਿਚਾਰ ਦੇ ਨਾਲ ਰੂਪ ਨੂੰ ਵੀ ਯੋਗ ਥਾਂ ਦਿੱਤੀ ਜਾਂਦੀ ਹੈ।
ਉਰਦੂ ਵਿਚ ਖੁੱਲ੍ਹੀ ਕਵਿਤਾ ਨੂੰ ਆਜ਼ਾਮ ਨਜ਼ਮ ਕਿਹਾ ਜਾਂਦਾ ਹੈ।
ਲੇਖਕ : ਪ੍ਰਿੰ. ਗੁਰਦਿਤ ਸਿੰਘ ਪ੍ਰੇਮੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 17696, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
ਬਹੁਤ ਵਧੀਆਂ ਪੰਜਾਬੀ ਪੀਡੀਆਂ ਦਾ ਉਪਰਾਲਾ ਕੀਤਾ ਗਿਆ ਜੀ ਜਿਸ ਨਾਲ ਪੰਜਾਬੀ ਦੇ ਹਰ ਸ਼ਬਦ ਦੇ ਮਤਲਬ ਸਮਝ ਆਉਂਦਾ।
Amrinder Singh Kang,
( 2020/02/29 06:5417)
ਅੱਜ ਸਭ ਕੁਝ ਮਨੁੱਖੀ ਮੁੱਠੀ ਵਿੱਚ ਹੁੰਦਾ ਜਾਪਦਾ ਹੈ ਬਹੁਤ ਵਧੀਆ ਉਪਰਾਲਾ
Inderjeet singh,
( 2022/02/05 07:2339)
Please Login First