ਨਜ਼ੀਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Precedent_ਨਜ਼ੀਰ: ਬਲੈਕ ਦੀ ਲਾ ਡਿਕਸ਼ਨਰੀ ਵਿਚ ‘ਨਜ਼ੀਰ’ ਸ਼ਬਦ ਨੂੰ ਪਰਿਭਾਸ਼ਤ ਕਰਦਿਆਂ ਕਿਹਾ ਗਿਆ ਹੈ ਕਿ ਨਜ਼ੀਰ ਕਾਨੂੰਨ ਦਾ ਉਹ ਨਿਯਮ ਹੈ ਜੋ ਕਿਸੇ ਖ਼ਾਸ ਕਿਸਮ ਦੇ ਕੇਸ ਲਈ ਅਦਾਲਤ ਦੁਆਰਾ ਪਹਿਲੀ ਵਾਰੀ ਬਣਾਇਆ ਗਿਆ ਹੈ ਅਤੇ ਉਸ ਤੋਂ ਪਿਛੋਂ ਉਹੋ ਜਿਹੇ ਕੇਸਾਂ ਵਿਚ ਉਸ ਦਾ ਹਵਾਲਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਬਲੈਕ ਅਨੁਸਾਰ ਨਜ਼ੀਰ ਅਦਾਲਤ ਦੁਆਰਾ ਬਣਾਇਆ ਗਿਆ ਉਹ ਕਾਨੂੰਨ ਹੈ ਜਿਸ ਨੂੰ ਨਿਆਂ-ਪ੍ਰਬੰਧ ਵਿਚ ਮਾਨਤਾ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਮਗਰੋਂ ਆਉਣ ਵਾਲੇ ਉਹੋ ਜਿਹੇ ਕੇਸਾਂ ਵਿਚ ਪਹਿਲਾਂ ਫ਼ੈਸਲੇ ਕੀਤੇ ਕੇਸ ਵਿਚ ਥਿਰ ਕੀਤਾ ਅਸੂਲ ਲਾਗੂ ਕੀਤਾ ਜਾਂਦਾ ਹੈ। ਜਾਹਨ ਸਾਮੰਡ ਦੀ ਗਲੈਨਵਾਈਲ ਦੁਆਰਾ ਸੰਪਾਦਤ ਜਿਉਰਿਸਪਰੂਡੈਂਸ (ਯਾਰ੍ਹਵਾਂ ਐਡੀਸ਼ਨ ਪੰ.223) ਅਨੁਸਾਰ ‘ਨਜ਼ੀਰ... ਅਜਿਹਾ ਨਿਆਂਇਕ ਫ਼ੈਸਲਾ ਹੁੰਦਾ ਹੈ ਜਿਸ ਵਿਚ ਕੋਈ ਅਸੂਲ ਸਮੋਇਆ ਹੁੰਦਾ ਹੈ। ਜਿਹੜੀ ਚੀਜ਼ ਉਸ ਅਸੂਲ ਨੂੰ ਸੱਤਾਯੁਕਤ ਬਣਾਉਂਦੀ ਹੈ ਉਸ ਨੂੰ ਆਮ ਤੌਰ ਤੇ ‘ਰੇਸ਼ੋ ਡੈਸੰਡਾਈ’ ਕਿਹਾ ਜਾਂਦਾ ਹੈ। ਠੋਸ ਫ਼ੈਸਲਾ ਉਸ ਕੇਸ ਦੀਆਂ ਧਿਰਾਂ ਨੂੰ ਪਾਬੰਦ ਕਰਦਾ ਹੈ, ਲੇਕਿਨ ਉਸ ਵਿਚਲੀ ਭਾਵ-ਵਾਚਕ ਰੈਸ਼ੋਡੈਸੈਂਡਾਈ ਹੀ ਹੈ ਜੋ ਬਾਕੀ ਦੇ ਸੰਸਾਰ ਲਈ ਕਾਨੂੰਨ ਦਾ ਬਲ ਰਖਦੀ ਹੈ। ਸਰ ਜਾਰਜ ਜੈਸਲ ਦਾ ਕਹਿਣਾ ਹੈ ਕਿ ਪ੍ਰਮਾਣਾ (authorities) ਜਾਂ ਫ਼ੈਸਲਾ ਹੋ ਚੁੱਕੇ ਕੇਸਾਂ ਦਾ ਫ਼ਾਇਦਾ ਸਿਰਫ਼ ਕੁਝ ਅਜਿਹੇ ਅਸੂਲਾਂ ਦੀ ਸਥਾਪਤੀ ਹੈ ਜਿਨ੍ਹਾਂ ਦਾ ਜੱਜ ਆਪਣੇ ਅੱਗੇ ਦੇ ਕੇਸ ਵਿਚ ਅਨੁਸਰਣ ਕਰ ਸਕਦਾ ਹੈ।’’ ਨਜ਼ੀਰ ਬਾਰੇ ਉਪਰੋਕਤ ਸਿਧਾਂਤਾਂ ਨੂੰ ਸਪਸ਼ਟ ਕਰਦਿਆਂ ਤ੍ਰਿਭਵੰਡ ਪੁਰਸ਼ੋਤਮ ਦਾਸ ਠਾਕੁਰ ਬਨਾਮ ਰਤੀਆ ਮੋਤੀ ਲਾਲ ਪਟੇਲ [(1968) 2 ਐਸ ਸੀ ਜੇ 92)] ਵਿਚ ਅਦਾਲਤ ਨੇ ਕਿਹਾ ਹੈ ‘‘ਨਿਰਨਿਆਂ ਦੇ ਪਿੱਛੇ ਕੰਮ ਕਰ ਰਹੇ ਸਿਧਾਂਤ ਬੰਧਨਕਾਰੀ ਹੁੰਦੇ ਹਨ ਨ ਕਿ ਕੇਸਾਂ ਦੇ ਤੱਥ। ਇਸ ਵਿਚ ਸ਼ੱਕ ਨਹੀਂ ਕਿ ਹਰੇਕ ਨਿਰਨਾ ਉਨ੍ਹਾਂ ਤੱਥਾਂ ਤੇ ਆਧਾਰਤ ਹੁੰਦਾ ਹੈ ਜੋ ਸ਼ਹਾਦਤ ਐਕਟ ਦੁਆਰਾ ਸੁਸੰਗਤ ਅਤੇ ਸਾਬਤ ਕੀਤੇ ਐਲਾਨੇ ਜਾਂਦੇ ਹਨ। ਲੇਕਿਨ ਜਦੋਂ ਇਕ ਜੱਜ ਕਿਸੇ ਕੇਸ ਦਾ ਫ਼ੈਸਲਾ ਕਰਨ ਵਿਚ ਨਜ਼ੀਰ ਦਾ ਅਨੁਸਰਣ ਕਰਦਾ ਹੈ ਉਹ ਆਪਣੇ ਆਪ ਨੂੰ ਉਸ ਨਿਰਨੇ ਪਿੱਛੇ ਕੰਮ ਕਰ ਰਹੇ ਅਸੂਲ ਦੁਆਰਾ ਪਾਬੰਦ ਹੁੰਦਾ ਹੈ ਨ ਕਿ ਉਸ ਕੇਸ ਦੇ ਤੱਥਾਂ ਦੁਆਰਾ।’’

       ਲੇਕਿਨ ਜਿਵੇਂ ਕਿ ਰੁਮਾਨਾ ਬੇਗਮ ਬਨਾਮ ਆਂਧਰਾ ਪ੍ਰਦੇਸ਼ ਸਰਕਾਰ (1992 ਕ੍ਰਿ ਜ3512) ਵਿਚ ਅਦਾਲਤ ਨੇ ਕਰਾਰ ਦਿੱਤਾ ਹੈ ਕਿ ‘‘ਨਜ਼ੀਰਾਂ ਅਪਰਿਵਰਤਨਸ਼ੀਲ ਸਿਧਾਂਤ ਨਹੀਂ ਹੁੰਦੇ। ਅਦਾਲਤਾਂ ਅਜਿਹੇ ਅਸੂਲ ਵਿਕਸਿਤ ਕਰ ਸਕਦੀਆਂ ਹਨ ਜੋ ਹਰੇਕ ਕੇਸ ਦੇ ਤੱਥਾਂ ਨੂੰ ਲਾਗੂ ਹੁੰਦੇ ਹਨ। ਉਹ ਅਸੂਲ ਉਸ ਹੀ ਪ੍ਰਕਿਰਤੀ ਦੀਆਂ ਪਰਿਸਥਤੀਆਂ ਵਿਚਲੇ ਤੱਥਾਂ ਨੂੰ ਮਾੜੀ ਮੋਟੀ ਜਾਂ ਕਾਫ਼ੀ ਹੱਦ ਤਕ ਅਦਲਾ ਬਦਲੀ ਨਾਲ ਵਖ ਵਖ ਪ੍ਰਕਾਰ ਦੇ ਤੱਥਾਂ ਦੇ ਸੈੱਟਾਂ ਵਾਲੇ ਵਖ ਵਖ ਕੇਸਾਂ ਵਿਚ ਵਖ ਵਖ ਰੂਪ ਵਿਚ ਲਾਗੂ ਹੋ ਸਕਦੇ ਹਨ।’’

       ਅਦਾਲਤਾਂ ਨੇ ਕਾਨੂੰਨ ਦਾ ਅਨੁਸਰਣ ਕਰਨਾ ਹੁੰਦਾ ਹੈ। ਨਜ਼ੀਰ ਦੀ ਹੋਂਦ ਉਨ੍ਹਾਂ ਲਈ ਅਜਿਹੀ ਬੁਨਿਆਦ ਦਾ ਕੰਮ ਦਿੰਦੀ ਹੈ ਜਿਸ ਦੇ ਆਧਾਰ ਤੇ ਉਹ ਫ਼ੈਸਲਾ ਕਰ ਸਕਦੀਆਂ ਹਨ ਕਿ ਕਾਨੂੰਨ ਕੀ ਹੈ ਅਤੇ ਉਸ ਅਨੁਸਾਰ ਉਹ ਕਾਨੂੰਨ ਲਾਗੂ ਕਰ ਸਕਦੀਆਂ ਹਨ। ਇਸ ਨਾਲ ਮਨੁਖ ਆਪਣੇ ਕਾਰ-ਵਿਹਾਰ ਦੇ ਸੰਚਾਲਣ ਵਿਚ ਕਿਸੇ ਦਰਜੇ ਤਕ ਨਿਸਚਿਤਤਾ ਤੇ ਨਿਰਭਰ ਕਰ ਸਕਦੇ ਹਨ ਅਤੇ ਕਾਨੂੰਨੀ ਨਿਯਮ ਵੀ ਸਲੀਕੇ ਨਾਲ ਵਿਕਸਿਤ ਹੁੰਦੇ ਰਹਿੰਦੇ ਹਨ। ਲੇਕਿਨ ਨਜ਼ੀਰ ਦੀ ਕਰੜਾਈ ਨਾਲ ਕੀਤੀ ਪਾਲਣਾ ਅਨਿਆਂ ਨੂੰ ਜਨਮ ਦੇ ਸਕਦੀ ਹੈ ਅਤੇ ਕਾਨੂੰਨ ਦੇ ਉਚਿਤ ਵਿਕਾਸ ਵਿਚ ਵੀ ਰੁਕਾਵਟ ਪੈ ਸਕਦੀ ਹੈ।

       ਨਿਆਂਇਕ ਨਜ਼ੀਰ ਇਕ ਪ੍ਰਮਾਣ ਹੋਣ ਤੋਂ ਇਲਾਵਾ ਕਾਨੂੰਨ ਦਾ ਸੋਮਾ ਮੰਨੀ ਜਾਂਦੀ ਹੈ। ਨਿਆਂਇਕ ਨਜ਼ੀਰ ਦੇ ਸਾਰੇ ਸਿਧਾਂਤ ਦਾ ਮਤਲਬ ਕੇਵਲ ਇਹ ਹੈ ਕਿ ਨਜ਼ੀਰ ਦਾ ਪ੍ਰਮਾਣ ਵਜੋਂ ਕਥਨ ਕੀਤਾ ਜਾ ਸਕਦਾ ਹੈ ਅਤੇ ਅਦਾਲਤਾਂ ਉਸ ਨੂੰ ਵਜ਼ਨ ਦਿੰਦੀਆਂ ਹਨ। ਲੇਕਿਨ ਦੂਜੇ ਪਾਸੇ ਜਜ ਸਾਹਿਬਾਨ ਆਪਣੀ ਗ਼ਲਤੀ ਜੇ ਹੋ ਗਈ ਹੋਵੇ ਤਾਂ, ਕਿਸੇ ਵੀ ਸਮੇਂ ਸੋਧ ਸਕਦੇ ਹਨ। ਇਕ ਉੱਚ ਅਦਾਲਤ ਦੇ ਜੱਜ ਸਾਹਿਬਾਨ ਕਿਸੇ ਹੋਰ ਉੱਚ ਅਦਾਲਤ ਦੇ ਫ਼ੈਸਲੇ ਦਾ ਅਨੁਸਰਣ ਕਰਨ ਦੇ ਪਾਬੰਦ ਨਹੀਂ ਹੁੰਦੇ ਅਤੇ ਸਰਵ ਉਚ ਅਦਾਲਤ ਕਿਸੇ ਉੱਚ ਅਦਾਲਤ ਦਾ ਫ਼ੈਸਲਾ ਬਦਲ ਸਕਦੀ ਹੈ। ਲੇਕਿਨ ਸਰਵ ਉੱਚ ਅਦਾਲਤ ਦੇ ਫ਼ੈਸਲਿਆਂ ਤੇ ਆਧਾਰਤ ਨਜ਼ੀਰਾਂ ਕਾਨੂੰਨ ਦਾ ਬਲ ਰਖਦੀਆਂ ਹਨ। ਇਸ ਤੋਂ ਇਲਾਵਾ ਉੱਚ ਅਦਾਲਤਾਂ ਅਤੇ ਸਰਵ ਉੱਚ ਅਦਾਲਤ ਆਪਣੇ ਪਹਿਲੇ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਸਕਦੀਆਂ ਹਨ।

       ਜਦੋਂ ਵਿਧਾਨ ਮੰਡਲ ਕੋਈ ਅਜਿਹਾ ਕਾਨੂੰਨ ਬਣਾ ਦੇਵੇ ਜੋ ਅਦਾਲਤ ਦੁਆਰਾ ਕਾਇਮ ਕੀਤੀ ਨਜ਼ੀਰ ਨਾਲ ਅਸੰਗਤ ਹੋਵੇ ਤਾਂ ਨਜ਼ੀਰ ਦਾ ਕਾਨੂੰਨੀ ਬਲ ਖ਼ਤਮ ਹੋ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2911, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.