ਪ੍ਰਗੀਤ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪ੍ਰਗੀਤ: ਪ੍ਰਗੀਤ ਉਹ ਕਾਵਿ-ਰਚਨਾ ਹੈ ਜੋ ਕਿਸੇ ਨਾ ਕਿਸੇ ਸਾਜ਼ `ਤੇ ਗਾਈ ਜਾ ਸਕਦੀ ਹੈ। ਪ੍ਰਗੀਤ ਦੇ ਸ਼ਬਦਾਂ ਵਿੱਚ ਬੀਜਾਂ ਦੇ ਪੁੰਗਰਨ ਦੀ ਤਰ੍ਹਾਂ ਰਚਨਾਤਮਿਕ ਸ਼ਕਤੀ ਹੁੰਦੀ ਹੈ, ਜੋ ਇੱਕ ਵਿਸ਼ੇਸ਼ ਸੰਗੀਤਿਕ ਲੈਅ ਵਿੱਚ ਬੱਝ ਕੇ ਇੱਕ ਨਵੇਕਲੀ ਸੁਰ ਤੇ ਤਾਲ ਨੂੰ ਸਿਰਜਦੇ ਹਨ। ਰਚਨਾਕਾਰ ਕਵਿਤਾ ਵਿੱਚ ਜਿੰਨਾ ਵੱਧ ਸ਼ਬਦ-ਲੈਅ ਉਪਰ ਬਲ ਦਿੰਦਾ ਹੈ, ਉਹ ਓਨਾ ਹੀ ਪ੍ਰਗੀਤ ਦੇ ਲੈਆਤਮਿਕ ਆਧਾਰ ਦੇ ਨੇੜੇ ਹੋ ਜਾਂਦਾ ਹੈ। ਸ਼ਾਬਦਿਕ ਲੈਅ ਵਿੱਚੋਂ ਹੀ ਪ੍ਰਗੀਤ ਦੀ ਧੁਨੀ ਤੇ ਅਰਥਾਂ ਦੀ ਏਕਤਾ ਦਾ ਜਨਮ ਹੁੰਦਾ ਹੈ ਤੇ ਰਚਨਾ ਵਿੱਚ ਗਾਉਣ ਦੀ ਯੋਗਤਾ ਪੈਦਾ ਹੁੰਦੀ ਹੈ। ਪ੍ਰਗੀਤ ਵਿੱਚ ਆਮ ਕਰ ਕੇ ਕੋਈ ਮੂਡ, ਭਾਵਨਾ, ਦ੍ਰਿਸ਼ਟੀ ਜਾਂ ਵਿਚਾਰ ਹੀ ਪੇਸ਼ ਕੀਤਾ ਜਾਂਦਾ ਹੈ। ਇਸ ਵਿੱਚ ਕੋਈ ਕਥਾ ਕਹਾਣੀ ਜਾਂ ਇਤਿਹਾਸਿਕ ਰਚਨਾ ਨਹੀਂ ਕੀਤੀ ਜਾ ਸਕਦੀ।

     ਪ੍ਰਗੀਤ ਵਿੱਚ ਰਚਨਾਕਾਰ ਆਪਣੀਆਂ ਤੇਜ਼ ਵਿਅਕਤੀਗਤ ਭਾਵਨਾਵਾਂ ਨੂੰ ਗੁਣ-ਗੁਣਾ ਕੇ ਪ੍ਰਗਟ ਕਰਦਾ ਹੈ। ਆਮ ਕਰ ਕੇ ਪ੍ਰਗੀਤ ਵਿੱਚ ਪ੍ਰਗੀਤਕਾਰ ਆਪਣੇ ਵਿਚਾਰ ਤੇ ਭਾਵਨਾਵਾਂ ਨੂੰ ਪ੍ਰਗਟ ਕਰਦਾ ਹੈ। ਦੋਹਾਂ ਵਿੱਚੋਂ ਭਾਵ ਪਹਿਲਾਂ ਤੇ ਵਿਚਾਰ ਦੂਸਰੇ ਨੰਬਰ `ਤੇ ਹਨ। ਪ੍ਰਗੀਤ ਭਾਵ-ਪ੍ਰਧਾਨ ਕਾਵਿ ਰਚਨਾ ਹੈ। ਪ੍ਰਗੀਤ ਦਾ ਰਚਨਾਕਾਰ ਆਪਣੇ ਦਿਲ ਦੀ ਅਵਾਜ਼ ਨੂੰ ਹੀ ਭਾਸ਼ਾ ਦਾ ਰੂਪ ਦਿੰਦਾ ਹੈ। ਰਚਨਾਕਾਰ ਆਪਣੇ-ਆਪ ਨਾਲ ਗੱਲਾਂ ਕਰਦਾ ਸੁਣਾਈ ਦਿੰਦਾ ਹੈ। ਉਹ ਕਿਸੇ ਤਣਾਉ ਤੋਂ ਮੁਕਤੀ ਹਾਸਲ ਕਰਨ ਲਈ ਪ੍ਰਗੀਤ ਦੀ ਰਚਨਾ ਕਰਦਾ ਹੈ। ਪ੍ਰਗੀਤ ਪ੍ਰਗੀਤਕਾਰ ਦੀ ਨਿੱਜੀ ਅਵਾਜ਼ ਦੇ ਆਸਰੇ `ਤੇ ਉਸਰਦਾ ਹੈ, ਜਿਸ ਨੂੰ ਬਾਕੀ ਲੋਕ ਅਸਿੱਧੇ ਤੌਰ `ਤੇ ਮਾਣਦੇ ਹਨ। ਪ੍ਰਗੀਤ ਦੀ ਰੂਹ ਤੱਕ ਪਹੁੰਚਣ ਲਈ ਪ੍ਰਤੱਖ ਵਸਤੂ ਤੋਂ ਲੁੱਕਵੀਂ ਵਸਤੂ ਤੱਕ ਦੀ ਯਾਤਰਾ ਕਰਨੀ ਪੈਂਦੀ ਹੈ।

     ਪ੍ਰਗੀਤ ਦੀ ਬਣਤਰ ਵਿਉਂਤਬੱਧ ਹੁੰਦੀ ਹੈ, ਸੀਮਿਤ ਨਹੀਂ। ਕੁਝ ਪ੍ਰਗੀਤ ਦੋ ਪੰਕਤੀਆਂ ਦੇ ਵੀ ਹੋ ਸਕਦੇ ਹਨ ਤੇ ਕੁਝ ਪ੍ਰਗੀਤ ਕਿਸੇ ਨਜ਼ਮ ਜਿੱਡੇ ਜਾਂ ਉਸ ਤੋਂ ਵੀ ਵੱਡੇ ਹੋ ਸਕਦੇ ਹਨ। ਪ੍ਰਗੀਤ ਕਿਸੇ ਇਕਹਿਰੇ ਵਿਚਾਰ, ਭਾਵਨਾ ਜਾਂ ਸਥਿਤੀ ਨਾਲ ਸੰਬੰਧਿਤ ਹੁੰਦਾ ਹੈ। ਮਨੋਭਾਵ ਹੀ ਇਸ ਦੇ ਆਕਾਰ ਨੂੰ ਸੀਮਿਤ ਕਰਦਾ ਹੈ। ਜਦੋਂ ਤੱਕ ਮਨੋਭਾਵ ਦੀ ਉਤੇਜਨਾ ਰਹਿੰਦੀ ਹੈ, ਉਤਨੀ ਦੇਰ ਤੱਕ ਪ੍ਰਗੀਤ ਦੀ ਰਚਨਾ ਵੀ ਚੱਲਦੀ ਹੈ। ਇਸ ਤਰ੍ਹਾਂ ਮਨੋਭਾਵ ਦੀ ਲੰਬਾਈ ਹੀ ਪ੍ਰਗੀਤ ਦੀ ਲੰਬਾਈ ਨੂੰ ਨਿਸ਼ਚਿਤ ਕਰਦੀ ਹੈ। ਤਾਂ ਹੀ ਤਾਂ ਪ੍ਰਗੀਤ ਆਮ ਤੌਰ `ਤੇ ਛੋਟੇ ਆਕਾਰ ਵਾਲਾ ਹੁੰਦਾ ਹੈ।

     ਪ੍ਰੇਰਕ ਭਾਵਨਾ ਦੀ ਅਖੰਡਤਾ ਪ੍ਰਗੀਤ ਦਾ ਲਾਜ਼ਮੀ ਲੱਛਣ ਹੈ। ਭਾਵਨਾ ਵੱਖ-ਵੱਖ ਕਿਸਮ ਦੀ ਨਹੀਂ ਹੁੰਦੀ। ਪ੍ਰਗੀਤਕਾਰ ਦੇ ਮਨ ਵਿੱਚ ਭਾਵਨਾ ਦੇ ਉਤਰਾਅ-ਚੜ੍ਹਾਅ ਤਾਂ ਆਉਂਦੇ ਹਨ ਪਰ ਭਾਵਨਾ ਦੇ ਚਰਿੱਤਰ ਵਿੱਚ ਤਬਦੀਲੀ ਨਹੀਂ ਆਉਂਦੀ। ਪ੍ਰਗੀਤ ਦੇ ਪੂਰੇ ਆਕਾਰ ਵਿੱਚ ਪ੍ਰੇਰਕ ਭਾਵਨਾ ਦਾ ਵਿਸਤਾਰ ਤੇ ਗਹਿਰਾਈ ਤਾਂ ਪ੍ਰਗਟ ਹੁੰਦੀ ਹੈ ਪਰ ਇਹ ਵੱਖ-ਵੱਖ ਭਾਵ ਇਕਾਈਆਂ ਇੱਕੋ ਮੂਲ ਭਾਵਨਾ ਨਾਲ ਜੁੜੀਆਂ ਰਹਿੰਦੀਆਂ ਹਨ। ਵੱਖ-ਵੱਖ ਭਾਵ ਇਕਾਈਆਂ ਵਿਚਕਾਰ ਅਟੁੱਟ ਸੰਬੰਧ ਹੀ ਪ੍ਰਗੀਤ ਦਾ ਬੱਝਵਾਂ ਸੰਗਠਨ ਪੈਦਾ ਕਰਦਾ ਹੈ।

     ਪੰਜਾਬੀ ਪ੍ਰਗੀਤ ਆਮ ਕਰ ਕੇ ਰੁਮਾਂਸ ਪ੍ਰਧਾਨ, ਰਹੱਸ ਪ੍ਰਧਾਨ, ਦੇਸ਼ ਪਿਆਰ, ਪ੍ਰਕਿਰਤੀ ਪਿਆਰ ਪ੍ਰਧਾਨ ਆਦਿ ਹੁੰਦਾ ਹੈ। ਪੰਜਾਬੀ ਪ੍ਰਗੀਤਾਂ ਵਿੱਚ ਕੁਝ ਪ੍ਰਗੀਤ ਵਿਚਾਰ ਪ੍ਰਧਾਨ ਵੀ ਬਣ ਜਾਂਦੇ ਹਨ। ਪ੍ਰਗੀਤ ਦੀ ਮੂਲ ਭਾਵਨਾ ਹੀ ਪ੍ਰਗੀਤ ਦਾ ਸੁਭਾਅ ਮਿੱਥਦੀ ਹੈ। ਪ੍ਰਗੀਤ ਰਚਨਾ ਵਿੱਚ ਭਾਵਨਾ ਦਾ ਆਦਿ, ਸਿਖਰ ਤੇ ਅੰਤ ਰਚਨਾਕਾਰ ਦੇ ਮਨ ਵਿੱਚ ਭਾਵਨਾ ਦੇ ਤੀਖਣ ਹੋਣ ਤੋਂ ਬਾਅਦ ਸ਼ਾਂਤ ਹੋਣ ਦਾ ਹੀ ਕਾਵਿ ਰੂਪਾਂਤਰਨ ਹੈ। ਪ੍ਰਗੀਤ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਇੱਕੋ ਸਮਾਂ ਬਿੰਦੂ ਉਪਰ ਹੀ ਕੇਂਦਰਿਤ ਰਹਿੰਦਾ ਹੈ। ਸਮੇਂ ਵਿੱਚ ਫੈਲਦਾ ਨਹੀਂ ਸਗੋਂ ਸਮੇਂ ਵਿੱਚ ਸਥਿਰ ਰਹਿੰਦਾ ਹੈ। ਕਵਿਤਾ ਤਾਂ ਫੈਲਦੀ ਹੈ, ਸਮਾਂ ਨਹੀਂ ਫੈਲਦਾ। ਪੰਜਾਬੀ ਵਿੱਚ ਪ੍ਰਗੀਤ ਦੇ ਕਈ ਰੂਪ ਮਿਲਦੇ ਹਨ।

     ਗੀਤ ਅਤੇ ਲੋਕ-ਗੀਤ ਪੰਜਾਬੀ ਦੇ ਮੌਲਿਕ ਪ੍ਰਗੀਤ ਰੂਪ ਹਨ। ਗੀਤ ਨਿੱਕੇ ਆਕਾਰ ਦੀ ਉਸ ਪ੍ਰਗੀਤਕ ਰਚਨਾ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਰਚਨਾਕਾਰ ਬਾਹਰੀ ਸੰਗੀਤ ਪ੍ਰਤਿ ਸੁਚੇਤ ਰਹਿ ਕੇ ਇਸ ਦਾ ਰੂਪ ਨਿਰਮਾਣ ਕਰਦਾ ਹੈ। ਗੀਤ ਦਾ ਬਾਹਰੀ ਸੰਗੀਤ ਗੀਤ ਦੇ ਅੰਦਰਲੇ ਸੰਗੀਤ ਨਾਲ ਇੱਕਸੁਰ ਹੁੰਦਾ ਹੈ।

     ਲੋਕ ਗੀਤ, ਲੋਕ-ਕਾਵਿ ਦੀ ਪ੍ਰਗੀਤਕ ਵੰਨਗੀ ਹੈ। ਇਹ ਲੋਕਾਂ ਦੀ ਸਾਂਝੀ ਚੇਤਨਾ ਦਾ ਸਰੋਦੀ ਅੰਗ ਹੁੰਦੇ ਹਨ ਜਿਨ੍ਹਾਂ ਨੂੰ ਲੋਕ ਸਮੂਹ ਵੱਲੋਂ ਪ੍ਰਵਾਨਗੀ ਮਿਲ ਜਾਂਦੀ ਹੈ। ਲੋਰੀ, ਗਿੱਧੇ ਦੀਆਂ ਬੋਲੀਆਂ, ਟੱਪੇ, ਬਾਰਾਂਮਾਹ, ਅਲਾਹੁਣੀਆਂ, ਸੁਹਾਗ, ਘੋੜੀਆਂ, ਬੋਲੀਆਂ ਆਦਿ ਲੋਕ- ਗੀਤਾਂ ਦੀਆਂ ਵੱਖ-ਵੱਖ ਵੰਨਗੀਆਂ ਹਨ।

     ਗ਼ਜ਼ਲ, ਰੁਬਾਈ ਸ਼ਿਅਰ ਪੰਜਾਬੀ, ਪ੍ਰਗੀਤ ਕਾਵਿ ਦਾ ਅਹਿਮ ਅੰਗ ਹਨ ਅਤੇ ਉਰਦੂ ਫ਼ਾਰਸੀ ਸੋਮੇ ਤੋਂ ਪੰਜਾਬੀ ਵਿੱਚ ਆਏ ਹਨ। ਗ਼ਜ਼ਲ ਨੇ ਪੰਜਾਬੀ ਪ੍ਰਗੀਤ ਕਾਵਿ ਵਿੱਚ ਸੰਜੀਦਾ ਤੇ ਗੰਭੀਰ ਵਿਚਾਰਾਂ ਤੇ ਭਾਵਾਂ ਦੀ ਤਰਜਮਾਨੀ ਲਈ ਵਿਸ਼ੇਸ਼ ਥਾਂ ਮੱਲੀ ਹੋਈ ਹੈ।

     ਅੰਗਰੇਜ਼ੀ ਸੋਮਿਆਂ ਤੋਂ ਵੀ ਪ੍ਰਗੀਤ ਦੀਆਂ ਕੁਝ ਵੰਨਗੀਆਂ ਪੰਜਾਬ ਵਿੱਚ ਸ਼ਾਮਲ ਹੋਈਆਂ ਹਨ। ਸੰਬੋਧਨ ਗੀਤ, ਸ਼ੋਕ ਗੀਤ, ਪੱਤਰ ਗੀਤ, ਸੌਨੇਟ, ਚਿੱਤਰੀਤ, ਵਿਅੰਗ ਗੀਤ ਆਦਿ ਪੰਜਾਬੀ ਪ੍ਰਗੀਤ ਕਾਵਿ ਇਸ ਸੋਮੇ ਤੋਂ ਆਏ ਹਨ। ਕੁਝ ਉਦਾਹਰਨਾਂ ਹਨ :

     ਪੰਛੀ ਹੋ ਜਾਵਾਂ

ਜੀ ਚਾਹੇ ਪੰਛੀ ਹੋ ਜਾਵਾਂ

ਉਡਦਾ ਜਾਵਾਂ, ਗਾਉਂਦਾ ਜਾਵਾਂ

ਅਣ-ਛੁਹ ਸਿਖਰਾਂ ਨੂੰ ਛੁਹ ਪਾਵਾਂ

ਇਸ ਦੁਨੀਆਂ ਦੀਆਂ ਰਾਹਵਾਂ ਭੁਲ ਕੇ

ਫੇਰ ਕਦੀ ਵਾਪਸ ਨਾ ਆਵਾਂ

ਜੀ ਚਾਹੇ ਪੰਛੀ ਹੋ ਜਾਵਾਂ।

ਜਾਂ ਅਸ਼ਨਾਨ ਘਰਾਂ ਵਿੱਚ ਜ਼ਮ ਜ਼ਮ

ਲਾ ਡੀਕਾਂ ਪੀਆਂ ਡਾਣ ਦਾ ਪਾਣੀ

ਮਾਨ ਸਰੋਬਰ ਦੇ ਬਹਿ ਕੰਢੇ

ਟੁੱਟਾ ਜਿਹਾ ਇੱਕ ਗੀਤ ਮੈਂ ਗਾਵਾਂ

ਜਾਂ ਬੈਠਾਂ ਵਿੱਚ ਖਿੜੀਆਂ ਰੋਹੀਆਂ

ਫੱਕਾਂ ਪੌਣਾਂ ਇਤਰ-ਸੰਜੋਈਆਂ।

ਹਿਮ ਟੀਸੀਆਂ ਮੋਈਆਂ ਮੋਈਆਂ

ਯੁੱਗਾਂ ਯੁੱਗਾਂ ਤੋਂ ਕੱਕਰ ਹੋਈਆਂ।

ਘੁੱਟ ਕਲੇਜੇ ਮੈਂ ਗਰਮਾਵਾਂ

ਜੀ ਚਾਹੇ ਪੰਛੀ ਹੋ ਜਾਵਾਂ।

ਹੋਏ ਆਲ੍ਹਣਾ ਵਿੱਚ ਸ਼ਤੂਤਾਂ

ਜਾਂ ਫਿਰ ਜੰਡ ਕਰੀਰ ਸਰੂਟਾਂ

ਆਉਣ ਪੁਰੇ ਦੇ ਸੀਤ ਫਰਾਟੇ

ਲਚਕਾਰੇ ਇਉਂ ਲੈਣ ਡਾਲੀਆਂ

ਜਿਉਂ ਕੋਈ ਡੋਲੀ ਖੇਡੇ ਜੜੀਆਂ

ਵਾਲ ਖਿਲਾਰੀ ਲੈ ਲੈ ਝੂਟਾਂ।

ਇੱਕ ਦਿਨ ਐਸਾ ਝੱਖੜ ਝੁੱਲੇ

ਉਡ ਪੁਡ ਜਾਵਣ ਸੱਭੇ ਤੀਲੇ

ਬੇ-ਘਰ ਬੇ-ਦਰ ਮੈਂ ਹੋ ਜਾਵਾਂ

ਸਾਰੀ ਉਮਰ ਦੀਆਂ ਰਸ ਗ਼ਮ ਦਾ

ਏਸ ਨਸ਼ੇ ਵਿੱਚ ਜਿੰਦ ਹੰਢਾਵਾਂ

          ਜੀ ਚਾਹੇ ਪੰਛੀ ਹੋ ਜਾਵਾਂ।

ਇਸ ਪ੍ਰਗੀਤ ਦੇ ਤਿੰਨ ਅੰਗ ਹਨ :

          1. ਪਹਿਲੇ ਅੰਗ ਵਿੱਚ ‘ਜੀ ਚਾਹੇ ਪੰਛੀ ਹੋ ਜਾਵਾਂ’ ਤੋਂ ‘ਫ਼ੇਰ ਕਦੀ ਵਾਪਸ ਨਾ ਆਵਾਂ’ ਤੱਕ ਮੁਢਲੀਆਂ ਛੇ ਪੰਕਤੀਆਂ ਵਿੱਚ ਸ੍ਵੈਸੰਬੋਧਨ ਰਾਹੀਂ ਪ੍ਰਗੀਤਕਾਰ ਪੰਛੀ ਹੋ ਜਾਣ ਦੀ ਆਪਣੀ ਮਨੋਭਾਵਨਾ ਨੂੰ ਪ੍ਰਗਟ ਕਰਦਾ ਹੈ। ਪੰਛੀ ਬਣਨ ਦਾ ਕਾਰਨ ਦੁਨੀਆ ਦੇ ਕਲੇਸ਼ਾਂ ਤੇ ਝਮੇਲਿਆਂ ਤੋਂ ਉਪਰਾਮਤਾ ਹੈ। ਇਹ ਭਾਵਨਾ ਪ੍ਰਗੀਤ ਦਾ ਪ੍ਰੇਰਨਾ ਸੋਮਾ ਹੈ। ਪਦਾਰਥਿਕ ਜਗਤ ਨਾਲੋਂ ਪ੍ਰਕਿਰਤਿਕ ਜਗਤ ਦੀ ਖਿੱਚ ਰਚੇਤਾ ਦੀ ਪ੍ਰੇਰਕ ਭਾਵਨਾ ਹੈ।

          2. ‘ਜਾਂ ਅਸ਼ਨਾਨ ਕਰਾਂ ਵਿੱਚ ਜ਼ਮ ਜ਼ਮ’ ਤੋਂ ‘ਵਾਲ ਖਿਲਾਰੀਂ ਲੈ ਲੈ ਝੂਟਾਂ’ ਤੱਕ ਪ੍ਰਗੀਤ ਦਾ ਦੂਜਾ ਅੰਗ ਹੈ। ਪੰਛੀ ਬਣ ਕੇ ਉਹਨਾਂ ਇੱਛਾਵਾਂ ਨੂੰ ਪੂਰਾ ਕਰਨ ਦੀ ਲੋਚਾ ਹੈ, ਜੋ ਮਨੁੱਖ ਬਣ ਕੇ ਪੂਰੀਆਂ ਨਹੀਂ ਹੋ ਸਕੀਆਂ। ਇਹਨਾਂ ਭਾਵਨਾਵਾਂ ਦੀ ਕਾਲਪਨਿਕਤਾ ਵਿੱਚ ਗੁਆਚ ਕੇ ਉਹ ਜ਼ਮ ਜ਼ਮ, ਮਾਨ ਸਰੋਵਰ, ਖ਼ੁਸ਼ਬੂਦਾਰ ਹਵਾਵਾਂ, ਹਿਮ ਟੀਸੀਆਂ, ਸ਼ਤੂਤ ਵਿੱਚ ਆਲ੍ਹਣਾ ਆਦਿ ਰਾਹੀਂ ਤ੍ਰਿਪਤੀ ਲਈ ਤਾਂਘਦਾ ਹੈ। ਮਨੋਭਾਵ ਚਾਰੇ ਪਾਸੇ ਫ਼ੈਲਦੇ ਤੇ ਉਡਾਰੀਆਂ ਲਗਾਉਂਦੇ ਹਨ।

          3. ‘ਇੱਕ ਦਿਨ ਐਸਾ ਝੱਖੜ ਝੁੱਲੇ’ ਤੋਂ ‘ਜੀ ਚਾਹੇ ਪੰਛੀ ਹੋ ਜਾਵਾਂ’ ਤੱਕ ਪ੍ਰਗੀਤ ਦਾ ਤੀਜਾ ਅੰਗ ਹੈ। ਇੱਥੇ ਪ੍ਰਗੀਤ ਰਚੇਤਾ ਦੇ ਮਨੋਭਾਵ ਆਪਣੀ ਉਡਾਰੀ ਖ਼ਤਮ ਕਰ ਕੇ ਕਿਸੇ ਅੰਤਿਮ ਫ਼ੈਸਲੇ ਉਪਰ ਪੁੱਜਣ ਦਾ ਯਤਨ ਕਰਦੇ ਹਨ। ਕਾਲਪਨਿਕ ਉਡਾਰੀ ਤੋਂ ਵਾਪਸ ਹੋ ਕੇ ਫਿਰ ਦੁਨਿਆਵੀ ਯਥਾਰਥ ਵਿੱਚ ਅੱਖਾਂ ਖੁੱਲ੍ਹਦੀਆਂ ਹਨ, ਜਿੱਥੇ ਪ੍ਰਾਪਤੀ ਅਸੰਭਵ ਹੈ। ਪ੍ਰਗੀਤਕਾਰ ਅਜੀਬ ਕਲਪਨਾ ਕਰਦਾ ਹੈ। ਉਹ ਇਹ ਕਿ ਅਜਿਹਾ ਝੱਖੜ ਝੁੱਲੇ, ਜਿਸ ਵਿੱਚ ਸਾਰੇ ਦੁਨਿਆਵੀ ਬੰਧਨ ਟੁੱਟ ਜਾਣ, ਸਾਰੀ ਦੁਨਿਆਵੀ ਬਣਤਰ ਉਜੜ-ਪੁੱਜੜ ਜਾਵੇ ਤਾਂ ਜੋ ਮਸੂਮ ਤੇ ਪ੍ਰਕਿਰਤਿਕ ਜੀਵਨ ਵੱਲ ਪਰਤਣਾ ਅਸਾਨ ਬਣ ਜਾਵੇ। ਇਸੇ ਆਸ ਉਪਰ ਪ੍ਰਗੀਤ ਰਚਨਾ ਖ਼ਤਮ ਹੁੰਦੀ ਹੈ। ਸੰਸਾਰਿਕਤਾ ਵਿੱਚ ਮਨੁੱਖ ਏਨਾ ਗ੍ਰਸਿਆ ਗਿਆ ਹੈ ਕਿ ਉਹ ਮਸੂਮ ਪ੍ਰਕਿਰਤਿਕ ਜੀਵਨ ਵਿੱਚ ਜਾਣਾ ਚਾਹੁਣ `ਤੇ ਵੀ ਨਹੀਂ ਜਾ ਸਕਦਾ। ਇਹੋ ਤਣਾਓ ਇਸ ਪ੍ਰਗੀਤ ਰਚਨਾ ਦਾ ਸੰਗਠਨਕਾਰੀ ਸਿਧਾਂਤ ਹੈ।


ਲੇਖਕ : ਕਮਲਜੀਤ ਸਿੰਘ ਟਿੱਬਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8147, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.