ਪ੍ਰਤੀਕਵਾਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪ੍ਰਤੀਕਵਾਦ: ਪ੍ਰਤੀਕਵਾਦ (Symbolism) ਦਾ ਅਰੰਭ 1885-1914 ਦੌਰਾਨ ਫ਼੍ਰਾਂਸ ਵਿੱਚ ਦੂਜੀਆਂ ਆਧੁਨਿਕਤਾਵਾਦੀ ਲਹਿਰਾਂ ਵਾਂਗ ਪ੍ਰਕਿਰਤੀਵਾਦ ਅਤੇ ਯਥਾਰਥਵਾਦ ਦੇ ਖ਼ਿਲਾਫ਼ ਪ੍ਰਤਿਕਰਮ ਵਜੋਂ ਹੋਇਆ। ਇਸ ਲਹਿਰ ਦਾ ਪਹਿਲਾ ਘੋਸ਼ਣਾ ਪੱਤਰ 1886 ਵਿੱਚ ਪ੍ਰਕਾਸ਼ਿਤ ਹੋਇਆ। ਜਿੱਥੇ ਯਥਾਰਥਵਾਦ ਦਾ ਮਨੋਰਥ ਵਸਤੂ ਪਰਕ ਸੱਚ ਦਾ ਵਿਸਤ੍ਰਿਤ ਚਿਤਰਨ ਕਰਨਾ ਸੀ, ਉੱਥੇ ਪ੍ਰਤੀਕਵਾਦ ਦਾ ਉਦੇਸ਼ ਪ੍ਰਤੀਕਾਂ ਅਤੇ ਬਿੰਬਾਂ ਰਾਹੀਂ ਕਿਸੇ ਵਸਤੂ ਜਾਂ ਵਰਤਾਰੇ ਦੀ ਵਿਸ਼ਿਸ਼ਟਤਾ ਨੂੰ ਉਭਾਰਨਾ ਸੀ। ਇਸ ਲਹਿਰ ਨੇ ਕਲਾ ਦੇ ਖੇਤਰ ਵਿੱਚ ਕਲਪਨਾ, ਅਧਿਆਤਮਵਾਦ, ਮਾਨਵੀ ਅਵਚੇਤਨ ਅਤੇ ਸੁਪਨਿਆਂ ਵੱਲ ਧਿਆਨ ਖਿੱਚਿਆ। ਕੁਝ ਚਿੰਤਕਾਂ ਦਾ ਖ਼ਿਆਲ ਹੈ ਕਿ ਪ੍ਰਤੀਕਵਾਦ ਦਾ ਅਰੰਭ ਬੌਦਲੇਅਰ ਦੀਆਂ ਕਵਿਤਾਵਾਂ ਦਾ ਫਲਾਵਰਜ਼ ਆਫ਼ ਈਵਲ ਨਾਲ ਹੋਇਆ। ਭਾਵੇਂ ਜੀਰਾਲਡ ਨਰਵਲ ਅਤੇ ਰਿੰਬੋ ਦੀਆਂ ਲਿਖਤਾਂ ਨੇ ਵੀ ਇਸ ਲਹਿਰ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਐਡਗਰ ਐਲਨ ਪੋ ਦੀਆਂ ਲਿਖਤਾਂ, ਜਿਨ੍ਹਾਂ ਦਾ ਬੌਦਲੇਅਰ ਨੇ ਅਨੁਵਾਦ ਕੀਤਾ, ਵੀ ਇਸ ਲਹਿਰ ਦਾ ਮਹੱਤਵਪੂਰਨ ਸ੍ਰੋਤ ਸਮਝੀਆਂ ਜਾਂਦੀਆਂ ਹਨ। ਪ੍ਰਤੀਕਵਾਦ ਅਨੁਸਾਰ ਕਵਿਤਾ ਦਾ ਮਨੋਰਥ ਅਜਿਹੇ ਸੱਚ ਦੀ ਪੇਸ਼ਕਾਰੀ ਕਰਨਾ ਹੈ ਜਿਹੜਾ ਸਪਸ਼ਟ ਰੂਪ ਵਿੱਚ ਮਨੁੱਖੀ ਚੇਤੰਨਤਾ ਨੂੰ ਉਪਲਬਧ ਨਹੀਂ ਅਤੇ ਅਜਿਹਾ ਸੱਚ ਅਸਿੱਧੇ ਅਤੇ ਅਸਧਾਰਨ ਢੰਗ-ਤਰੀਕਿਆਂ ਨਾਲ ਅਰਥਾਤ ਬਿੰਬਾਂ ਅਤੇ ਪ੍ਰਤੀਕਾਂ ਰਾਹੀਂ ਹੀ ਪਕੜਿਆ ਅਤੇ ਪ੍ਰਗਟਾਇਆ ਜਾ ਸਕਦਾ ਹੈ। ਇਸ ਅਨੁਸਾਰ ਭਾਸ਼ਾ ਯਥਾਰਥ ਦੀ ਕੇਵਲ ਨਕਲ ਨਹੀਂ। ਇਹ ਇਸ ਦੀ ਸਪਸ਼ਟ ਪ੍ਰਤਿਨਿਧਤਾ ਨਹੀਂ ਕਰਦੀ ਬਲਕਿ ਉਸ ਦਾ ਪ੍ਰਤੀਕੀ ਰੂਪ ਪੇਸ਼ ਕਰਦੀ ਹੈ ਜਾਂ ਮੋਰੀਆ ਅਨੁਸਾਰ ਪ੍ਰਤੀਕਵਾਦ ਦਾ ਉਭਾਰ ਯਥਾਰਥਵਾਦੀ ਲਹਿਰ ਦੀ ਸਿੱਧ-ਪੱਧਰੀ ਪੇਸ਼ਕਾਰੀ ਜਾਂ ਭਾਵੁਕਤਾਵਾਦੀ ਵਰਣਨ ਦੇ ਖਿਲਾਫ਼ ਵਿਦਰੋਹ ਵਜੋਂ ਹੋਇਆ। ਪ੍ਰਤੀਕਵਾਦ ਵਸਤੂ-ਪਰਕ ਯਥਾਰਥ ਨਾਲੋਂ ਇਸ ਦੇ ਕਲਪਿਤ, ਆਦਰਸ਼ਿਕ ਜਾਂ ਵਿਗੜੇ ਹੋਏ ਰੂਪ ਦੀ ਪੇਸ਼ਕਾਰੀ ਕਰਨ ਦਾ ਉਪਰਾਲਾ ਕਰਦਾ ਹੈ। ਇਸ ਤਰ੍ਹਾਂ ਇਹ ‘ਕਲਾ ਕਲਾ ਲਈ’ ਲਹਿਰ ਦੇ ਵਧੇਰੇ ਨੇੜੇ ਹੈ। ਇਸ ਕਿਸਮ ਦੀਆਂ ਕਿਰਤਾਂ ਵਿੱਚ ਕੁਦਰਤੀ ਦ੍ਰਿਸ਼ਾਂ, ਮਾਨਵੀ ਪ੍ਰਕਿਰਿਆਵਾਂ ਅਤੇ ਬਾਹਰੀ ਵਰਤਾਰਿਆਂ ਨੂੰ ਇਸ ਕਦਰ ਪੇਸ਼ ਕੀਤਾ ਜਾਂਦਾ ਹੈ ਕਿ ਉਹ ਮਾਨਵੀ ਜੀਵਨ ਦੇ ਸਦੀਵੀ ਤੱਤ/ਸਾਰ ਨੂੰ ਪੇਸ਼ ਕਰਨ। ਸੋ ਸਪਸ਼ਟ ਹੈ ਕਿ ਇਸ ਕਲਾ ਦਾ ਪ੍ਰਯੋਜਨ ਯਥਾਰਥਵਾਦ ਵਾਂਗ ਵਸਤੂਆਂ/ਵਰਤਾਰਿਆਂ ਦਾ ਸਤਹੀ ਵਰਣਨ ਕਰਨਾ ਨਹੀਂ, ਬਲਕਿ ਉਹਨਾਂ ਦੇ ਸਾਰ ਤੱਕ ਅੱਪੜਨਾ ਹੈ। ਪਾਲ ਵਰਲੇਨ ਨੇ ਤਰਿਸਤਨ ਕੋਰਬੀਰੀ, ਆਰਥਰ ਰਿੰਬੋ ਅਤੇ ਮਲੈਰਮ ਉੱਤੇ 1884 ਵਿੱਚ ਲਿਖੇ ਆਪਣੇ ਲੇਖਾਂ ਦੀ ਲੜੀ ਵਿੱਚ ਇਹਨਾਂ ਤਿੰਨਾਂ ਨੂੰ ‘ਦੋਸ਼ਿਤ ਕਵੀ’ ਕਿਹਾ ਹੈ, ਕਿਉਂਕਿ ਉਸ ਅਨੁਸਾਰ ਅਜਿਹੇ ਪਰੰਪਰਾ ਵਿਰੋਧੀ ਕਲਾਕਾਰਾਂ ਦਾ ਸਮਾਜ ਨਾਲ ਇੱਕਸੁਰਤਾ ਵਾਲਾ ਸੰਬੰਧ ਨਹੀਂ ਰਹਿ ਸਕਦਾ। ਇਹ ਪਰੰਪਰਾ ਤੋਂ ਇਸ ਹੱਦ ਤੱਕ ਦੂਰ ਚਲੇ ਜਾਂਦੇ ਹਨ ਕਿ ਸਮਾਜ ਲਈ ਇਹਨਾਂ ਨੂੰ ਪ੍ਰਵਾਨ ਕਰਨਾ ਸੌਖਾ ਨਹੀਂ ਹੁੰਦਾ। ਇਸੇ ਲਈ ਇਹਨਾਂ ਕਲਾਕਾਰਾਂ ਨੂੰ ਪ੍ਰਤਿਨਿਧ ਸੰਸਥਾਵਾਂ ਵੱਲੋਂ ਮਾਨਤਾ ਨਹੀਂ ਮਿਲਦੀ ਬਲਕਿ ਅਣਗੌਲਿਆ ਕੀਤਾ ਜਾਂਦਾ ਹੈ। ਸਮਾਜਿਕ ਮੁੱਲਾਂ ਦੇ ਖ਼ਿਲਾਫ਼ ਵਿਦਰੋਹ ਵਜੋਂ ਇਹਨਾਂ ਕਲਾਕਾਰਾਂ ਨੇ ਆਪਣੇ- ਆਪ ਨੂੰ ਆਪਣੇ ਸਮਕਾਲੀ ਸਮਾਜ ਅਤੇ ਸੱਭਿਅਤਾ ਤੋਂ ਸੁਚੇਤ ਰੂਪ ਵਿੱਚ ਨਿਖੇੜਿਆ ਹੈ। ਵਰਲੇਨ ਨੇ ਸ਼ੌਪਨਹੌਅਰ ਦੇ ਸੁਹਜ-ਸ਼ਾਸਤਰ ਵੱਲ ਇਸ਼ਾਰਾ ਕਰਦਿਆਂ ਆਖਿਆ ਕਿ ਕਲਾ ਦਾ ਮਨੋਰਥ ਮਨੁੱਖੀ ਜੀਵਨ ਦੀਆਂ ਇੱਛਾਵਾਂ ਅਤੇ ਸੰਘਰਸ਼ ਤੋਂ ਆਰਜ਼ੀ ਤੌਰ `ਤੇ ਨਿਜਾਤ ਪਾਉਣਾ ਹੈ। ਇਸ ਤਰ੍ਹਾਂ ਇਹਨਾਂ ਅਨੁਸਾਰ ਕਲਾ ਦਾ ਖ਼ੁਦ- ਮੁਖਤਿਆਰ ਖੇਤਰ ਜੀਵਨ ਦੀਆਂ ਤਲਖ਼ ਹਕੀਕਤਾਂ ਤੋਂ ਵਿਯੋਗੇ ਹੋਏ ਮਨੁੱਖ ਨੂੰ ਸ਼ਰਨ ਪ੍ਰਦਾਨ ਕਰਦਾ ਹੈ। ਇਸ ਤਰ੍ਹਾਂ ਇਹ ਰਹੱਸਵਾਦ ਅਤੇ ਆਦਰਸ਼ਵਾਦ ਦੇ ਨੇੜੇ ਚਲਾ ਜਾਂਦਾ ਹੈ। ਇਸ ਤਰ੍ਹਾਂ ਦੀ ਕਲਾ ਵਿੱਚ ਮਨੁੱਖੀ ਨਾਸਵਾਨਤਾ ਅਤੇ ਕਾਮੁਕਤਾ ਦੀ ਵਿਨਾਸ਼ਕਾਰਤਾ ਦਾ ਤੀਬਰ ਅਹਿਸਾਸ ਵੀ ਉਪਲਬਧ ਹੁੰਦਾ ਹੈ। ਮਲੈਰਮ ਜ਼ਿੰਦਗੀ ਦੀ ਸੁੰਦਰਤਾ ਅਤੇ ਉਸ ਦੀ ਬਦਸੂਰਤੀ ਨੂੰ ਇੱਕੋ ਸਮੇਂ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ। ਇਸੇ ਕਰ ਕੇ ਇਸ ਨੂੰ ਨਿਮਨ ਸਾਹਿਤ ਨਾਲ ਜੋੜਿਆ ਜਾਂਦਾ ਹੈ ਜਾਂ ਇਸ ਨੂੰ ਪਿਛਾਂਹ- ਖਿੱਚੂ ਗਰਦਾਨਿਆ ਜਾਂਦਾ ਰਿਹਾ ਹੈ। ਮੋਰੀਆ ਦਾ ਪ੍ਰਤੀਕਵਾਦ ਬਾਰੇ ਮੈਨੀਫ਼ੈਸਟੋ ਇਸ ਰਵੱਈਏ ਦੀ ਨਿਖੇਧੀ ਕਰਦਾ ਹੈ। ਇਸ ਲਹਿਰ ਨੇ ਚਿੱਤਰਕਾਰੀ, ਵਿਜੂਅਲ ਆਰਟਸ ਜਾਂ ਮੂਰਤੀ ਕਲਾ ਅਤੇ ਸੰਗੀਤ ਦੇ ਖੇਤਰ ਵਿੱਚ ਗਹਿਰਾ ਪ੍ਰਭਾਵ ਪਾਇਆ। ਆਰਨੋਲਡ ਸ਼ੋਨਬਰਗ ਨੇ ਆਪਣੇ ਸੰਗੀਤ ਵਿੱਚ ਜਰਮਨ ਪ੍ਰਗਟਾਵਾਦ ਅਤੇ ਪ੍ਰਤੀਕਵਾਦ ਦਾ ਸ਼ਾਨਦਾਰ ਸੁਮੇਲ ਪੇਸ਼ ਕੀਤਾ ਹੈ।

     ਅਸਲ ਵਿੱਚ ਪ੍ਰਤੀਕਵਾਦ, ਸੁਹਜ-ਸ਼ਾਸਤਰਵਾਦ ਜਾਂ ਰੂਪਵਾਦ ਅੰਤਰ-ਸੰਬੰਧਿਤ ਲਹਿਰਾਂ ਹਨ ਅਤੇ ਕਲਾਤਮਿਕ ਆਧੁਨਿਕਤਾਵਾਦ ਦਾ ਹਿੱਸਾ ਹਨ। ਇਹ ਉਹ ਲਹਿਰਾਂ ਹਨ, ਜਿਨ੍ਹਾਂ ਦੀਆਂ ਜੜ੍ਹਾਂ ਫ਼੍ਰਾਂਸੀਸੀ ਕਵਿਤਾ ਵਿੱਚ ਹਨ। ਇਹ ਫ਼੍ਰਾਂਸੀਸੀ ਕਵੀ ਸਮਕਾਲੀ ਰੋਜ਼ਮਰਾ ਜੀਵਨ ਅਤੇ ਇਸ ਦੀਆਂ ਕਦਰਾਂ-ਕੀਮਤਾਂ ਦੇ ਵਿਰੋਧੀ ਸਨ। ਇਹਨਾਂ ਦਾ ਕਲਾ ਦੇ ਸਰਬਉੱਚ ਮੁੱਲ ਵਿੱਚ ਵਿਸ਼ਵਾਸ ਸੀ। ਇਹਨਾਂ ਕਲਾਕਾਰਾਂ ਅਤੇ ਆਮ ਜਨਤਾ ਵਿੱਚ ਇੱਕ ਦਰਾਰ ਸੀ ਕਿਉਂਕਿ ਆਮ ਜਨਤਾ ਇਹਨਾਂ ਅਨੁਸਾਰ ਸੰਕੀਰਨ ਸੋਚ ਅਤੇ ਭੌਤਿਕਵਾਦੀ ਮੁੱਲਾਂ ਦੀ ਧਾਰਨੀ ਸੀ।

     ਇਹਨਾਂ ਲਈ ਕਲਾ ਦਾ ਇੱਕ ਅਧਿਆਤਮਵਾਦੀ ਰੁਤਬਾ ਸੀ। ਇਹ ਕਲਾ ਲਈ ਜਿਊਂਦੇ ਸਨ ਅਤੇ ਜਾਣ-ਬੁੱਝ ਕੇ ਸਮਾਜ ਨਾਲੋਂ ਆਪਣੇ ਵਖਰੇਵੇਂ ਦਾ ਪ੍ਰਦਰਸ਼ਨ ਕਰਦੇ ਸਨ। ਇਹ ਆਪਣੀ ਕਲਾ ਵਿੱਚ ਵੀ ਨਵੀਆਂ ਅਸਧਾਰਨ ਤਕਨੀਕਾਂ/ਜੁਗਤਾਂ/ਬਿੰਬਾਂ ਰਾਹੀਂ ਪਾਠਕ ਨੂੰ ਸੁਚੇਤ ਤੌਰ ਤੇ ਝੰਜੋੜਨ ਦਾ ਯਤਨ ਕਰਦੇ ਸਨ। ਬੌਦਲੇਅਰ ਦੀ ਨਿੱਜੀ ਜੀਵਨ ਸ਼ੈਲੀ ਸਮਕਾਲੀ ਪਰੰਪਰਾਗਤ ਕਦਰਾਂ- ਕੀਮਤਾਂ ਦੇ ਖਿਲਾਫ਼ ਵਿਦਰੋਹ ਦੀ ਪ੍ਰਤੀਕ ਹੀ ਸੀ। ਇਹ ਮਹਾਨ ਫ਼੍ਰਾਂਸੀਸੀ ਕਵੀ ਇੱਕ ਅਤਿ ਸਤਿਕਾਰਿਤ ਪਿਉ ਦਾ ਬਾਗੀ ਪੁੱਤਰ ਸੀ, ਜੋ ਨਸ਼ਿਆਂ ਅਤੇ ਸ਼ਰਾਬ ਦਾ ਆਦੀ ਅਤੇ ਇੱਕ ਕਾਲੀ ਔਰਤ ਨਾਲ ਮੁਹੱਬਤ ਕਰਦਾ ਸੀ ਅਤੇ ਉਸ ਦੀ ਮੌਤ ਆਤਸ਼ਕ ਰੋਗ ਨਾਲ ਹੋਈ ਸੀ।


ਲੇਖਕ : ਮਨਮੋਹਨ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3932, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪ੍ਰਤੀਕਵਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪ੍ਰਤੀਕਵਾਦ [ਨਾਂਪੁ] ਪ੍ਰਤੀਕਾਂ ਦੁਆਰਾ ਵਸਤੂ ਦੇ ਸਰੂਪ ਦੇ ਵਰਨਨ ਦਾ ਸਿਧਾਂਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3922, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪ੍ਰਤੀਕਵਾਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪ੍ਰਤੀਕਵਾਦ : ‘ਪ੍ਰਤੀਕ’ ਕਿਸੇ ਆਦ੍ਰਿਸ਼ ਜਾਂ ਵਿਅਕਤ ਸੱਤਾ ਦਾ ਦ੍ਰਿਸ਼ ਅਤੇ ਵਿਅਕਤ ਰੂਪ ਹੈ। ਇਸ ਵਿਚ ਉਪਮੇਯ ਦੇ ਸਥਾਨ ਤੇ ਉਪਮਾਨ ਪ੍ਰਯੁਕਤ ਕੀਤਾ ਜਾਂਦਾ ਹੈ। ਪ੍ਰਤੀਕਵਾਦ ਕਾਵਿ ਦਾ ਇਕ ਪ੍ਰਗਟਾ–ਢੰਗ ਹੈ। ਇਸ ਵਿਚ ਪ੍ਰਤੀਕਾਂ ਰਾਹੀਂ ਜੀਵਨ ਦੇ ਬੌਧਿਕ, ਸਦਾਚਾਰਕ ਤੇ ਭਾਵੁਕ ਅਰਥ ਜਾਂ ਕੀਮਤਾਂ ਪ੍ਰਗਟ ਕੀਤੀਆਂ ਹੁੰਦੀਆਂ ਹਨ। ਦੁਸਹਿਰੇ ਦੇ ਅਵਸਰ ਤੇ ਰਾਵਣ ਦੇ ਬੁੱਤ ਤੇ ਗਿਆਰ੍ਹਵਾਂ ਸਿਰ ਜੋ ਖੋਤੇ ਦਾ ਹੁੰਦਾ ਹੈ, ਇਸ ਗੱਲ ਦਾ ਪ੍ਰਤੀਕ ਹੈ ਕਿ ਰਾਵਣ ਚਾਰ ਵੇਦਾਂ ਅਤੇ ਛੇ ਸ਼ਾਸਤ੍ਰਾਂ ਦਾ ਵਿਦਵਾਨ ਹੁੰਦਾ ਹੋਇਆ ਵੀ ਖ਼ਰ–ਦਿਮਾਗ਼ ਜਾਂ ਹੱਠੀ ਸੀ। ਪ੍ਰਤੀਕਾਂ ਦੀਆਂ ਦੋ ਤਰ੍ਹਾਂ ਦੀਆਂ ਕੀਮਤਾਂ ਹੁੰਦੀਆਂ ਹਨ––ਇਕ ਅੰਦਰਲੀ ਤੇ ਇਕ ਬਾਹਰਲੀ। ਇਕ ਦਾ ਅਰਥ ਜਾਂ ਪ੍ਰਯੋਗ ਸਾਧਾਰਣ ਹੁੰਦਾ ਹੈ, ਦੂਜੀ ਦਾ ਵਿਸ਼ੇਸ਼। ਉਦਾਹਰਣ ਲਈ ਇਕ ਸਾਧਾਰਣ ਨਾਸਤਿਕ ਲਈ ਬਾਈਬਲ ਦੀ ਕੋਈ ਕੀਮਤ ਨਹੀਂ ਜਦੋਂ ਕਿ ਇਕ ਇਸਾਈ ਲਈ ਇਹ ਧਰਮ ਦਾ ਪ੍ਰਤੀਕ ਹੈ।

          ਮੁੱਢਲੇ ਸਮੇਂ ਵਿਚ ਲੋਕ ਆਪਣੀ ਬੋਲੀ ਵਿਚ ਅਲੰਕਾਰ ਬਹੁਤੇ ਵਰਤਦੇ ਸਨ। ਬੋਲੀ ਅਜੇ ਘੜੀ ਜਾ ਰਹੀ ਸੀ। ਵਿਚਾਰਾਂ ਦੇ ਮੁਕਾਬਲੇ ਤੇ ਪਦਾਰਥਾਂ ਦੀ ਗਿਣਤੀ ਬਹੁਤੀ ਸੀ। ਹਰ ਇਕ ਪਦਾਰਥ ਲਈ ਨਵਾਂ ਸ਼ਬਦ ਘੜਿਆ ਜਾਂਦਾ ਸੀ। ਉਹ ਸ਼ਬਦ ਜਾਂ ਆਵਾਜ਼ ਉਸ ਪਦਾਰਥ ਦਾ ਪ੍ਰਤੀਕ ਹੁੰਦਾ ਸੀ।

          ਸਾਹਿੱਤ ਵਿਚ ਤੇ ਖ਼ਾਸ ਕਰਕੇ ਕਵਿਤਾ ਵਿਚ ਸੰਕੇਤ ਵਿਚ ਉੱਚਾ ਲੱਛਣ ਸਮਝਿਆ ਜਾਂਦਾ ਹੈ। ਸਾਹਿੱਤ ਦੇ ਖੇਤਰ ਵਿਚ ਪ੍ਰਤੀਕਵਾਦ ਦਾ ਪ੍ਰਯੋਗ 1770 ਈ ਦੇ ਨੇੜੇ ਤੇੜੇ ਫ਼੍ਰਾਂਸੀਸੀ ਭਾਸ਼ਾ ਦੇ ਕਵੀਆਂ ਨੇ ਕੀਤਾ। ਪ੍ਰਕ੍ਰਿਤੀ ਦੇ ਪਦਾਰਥ ਜਾਂ ਵਸਤਾਂ ਕਵੀ ਲਈ ਸੰਕੇਤ ਦਾ ਕੰਮ ਦਿੰਦੀਆਂ ਹਨ ਜਿਵੇਂ ‘ਬੇੜੀ’ ਜੀਵਨ ਯਾਤਰਾ ਦਾ ਸੰਕੇਤ ਹੈ, ਤੇ ‘ਸਾਗਰ’ ਸੰਸਾਰ ਦਾ। ਪ੍ਰਤੀਕਵਾਦ ਦੀ ਹੋਂਦ ਪੰਜਾਬੀ ਨਾਟਕ ਵਿਚ ਵੀ ਮਿਲ ਜਾਂਦੀ ਹੈ ਅਤੇ ਸੰਤ ਸਿੰਘ ਸੇਖੋਂ ਦਾ ਨਾਟਕ ‘ਬਾਬਾ ਬੋਹੜ’ ਪੰਜਾਬ ਦੇ ਇਤਿਹਾਸ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਸੁਰਜੀਤ ਸਿੰਘ ਸੇਠੀ ਦੇ ਨਾਟਕ ‘ਮਰਦ ਮਰਦ ਨਹੀਂ ਤੀਵੀਂ ਤੀਵੀਂ ਨਹੀਂ’ ਵਿਚ ਇਕ ਬਿਰਛ ਨੂੰ ਸਮਾਜਕ ਬੰਧਨਾਂ ਦੇ ਪ੍ਰਤੀਕ ਦੇ ਤੌਰ ਤੇ ਪੇਸ਼ ਕੀਤਾ ਗਿਆ ਹੈ।

          ਧਾਰਮਿਕ ਖੇਤਰ ਵਿਚ ਪ੍ਰਤੀਕਾਂ ਦਾ ਮਹੱਤਵ ਬਹੁਤ ਵੱਧ ਜਾਂਦਾ ਹੈ। ਈਸ਼ਵਰ ਨਿਰਾਕਾਰ ਹੈ, ਉਸ ਦਾ ਨਾਂ ਅਤੇ ਉਸ ਦੀ ਮੂਰਤੀ ਉਸ ਦੇ ਪ੍ਰਤੀਕ ਹਨ। ਸੂਰਜ ਸਾਰੇ ਸੰਸਾਰ ਵਿਚ ਈਸ਼ਵਰ ਦਾ ਪ੍ਰਮੁੱਖ ਪ੍ਰਤੀਕ ਮੰਨਿਆ ਜਾਂਦਾ ਹੈ ਅਤੇ ਜੋਤੀ ਜਾਂ ਪ੍ਰਕਾਸ਼ ਗਿਆਨ ਦਾ। ਇਸ ਤਰ੍ਹਾਂ ਉਪਨਿਸ਼ਦ ਵਿਚ ਪੰਛੀ ਜੀਵ–ਆਤਮਾ ਦਾ ਪ੍ਰਤੀਕ ਮੰਨਿਆ ਗਿਆ ਹੈ। ਪ੍ਰਤੀਕ ਲੰਮਿਆਇਆ ਹੋਈਆ ਰੂਪਕ (metaphor) ਹੀ ਹੁੰਦਾ ਹੈ। ਸਪੈਂਸਰ ਦੀ ਮਹਾਨ ਕਿਰਤ ‘ਕੁਈਨ’ (Faerie Queene) ਵਿਚ ਪ੍ਰਤੀਕ ਦੀ ਸੁੰਦਰ ਵਰਤੋਂ ਮਿਲਦੀ ਹੈ।


ਲੇਖਕ : ਡਾ. ਰਾਜਿੰਦਰ ਸਿੰਘ ਲਾਂਬਾ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2979, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.