ਪ੍ਰਾਈਵੇਟ ਰੱਖਿਆ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Private Defence_ਪ੍ਰਾਈਵੇਟ ਰੱਖਿਆ: ਆਪਣੇ ਅਤੇ ਕਿਸੇ ਹੋਰ ਵਿਅਕਤੀ ਦੇ ਸਰੀਰ ਅਤੇ ਸੰਪਤੀ ਦੀ, ਕਾਨੂੰਨ ਦੀ ਮੱਦਦ ਤੋਂ ਬਿਨਾਂ ਰੱਖਿਆ ਕਰਨ ਦੇ ਕੰਮ ਨੂੰ ਭਾਰਤੀ ਦੰਡ ਸੰਘਤਾ ਵਿਚ ਪ੍ਰਾਈਵੇਟ ਰੱਖਿਆ ਦਾ ਨਾਂ ਦਿੱਤਾ ਗਿਆ ਹੈ। ਸਾਧਾਰਨ ਤੌਰ ਤੇ ਸਮਾਜ ਵਿਚ ਅਮਨਚੈਨ ਅਤੇ ਕਾਨੂੰਨ ਤੇ ਵਿਵਸਥਾ ਬਣਾਈ ਰਖਣਾ ਰਾਜ ਦਾ ਕੰਮ ਹੈ। ਲੇਕਿਨ ਸਭਯ ਸਮਾਜ ਵਿਚ ਵੀ ਐਸੇ ਹਾਲਾਤ ਪੈ  ਹੋ ਸਕਦੇ ਹਨ ਜਦੋਂ ਆਪਣੀ ਜਾਂ ਕਿਸੇ ਹੋਰ ਵਿਅਕਤੀ ਦੇ ਸਰੀਰ ਅਤੇ ਸੰਪਤੀ ਦੀ ਰੱਖਿਆ ਕਰਨ ਲਈ ਮਨੁੱਖ ਨੂੰ ਅਜਿਹੇ ਕੰਮ ਕਰਨੇ ਪੈ ਜਾਂਦੇ ਹਨ ਜੋ ਸਾਧਾਰਨ ਹਾਲਾਤ ਵਿਚ ਮਮਨੂਹ ਹਨ ਅਤੇ ਅਪਰਾਧ ਗਠਤ ਕਰਦੇ ਹਨ। ਸਾਧਾਰਨ ਤੌਰ ਤੇ ਕਾਨੂੰਨ ਸਮਾਜ ਦੇ ਹਰ ਮੈਂਬਰ ਨੂੰ ਕਾਨੂੰਨ ਦਾ ਸਤਿਕਾਰ ਕਰਨ ਦੀ ਤਲਕੀਨ ਕਰਦਾ ਹੈ ਅਤੇ ਬਲਪ੍ਰਯੋਗ ਦੀ ਮਨਾਹੀ ਕਰਦਾ ਹੈ, ਲੇਕਿਨ ਅਪਵਾਦੀ ਹਾਲਾਤ ਵਿਚ ਆਪਣੇ ਪੱਧਰ ਤੇ ਤਾਕਤ ਦੀ ਵਰਤੋਂ ਕਰਕੇ ਸਰੀਰ ਅਤੇ ਸੰਪੱਤੀ ਦੀ ਰੱਖਿਆ ਕਰਨ ਦੀ ਇਜਾਜ਼ਤ ਦਿੰਦਾ ਹੈ। ਭਾਰਤੀ ਦੰਡ ਸੰਘਤਾ  ਵਿਚ ‘ਪ੍ਰਾਈਵੇਟ ਰੱਖਿਆ ਦੇ ਅਧਿਕਾਰ ਬਾਰੇ’ ਉਪ-ਸੀਰਸ਼ਕ ਅਧੀਨ ਯਾਰ੍ਹਾਂ ਧਾਰਾਵਾਂ (ਧਾਰਾ 96 ਤੋਂ 107 ਤੱਕ)  ਇਸ ਵਿਸ਼ੇ ਦੇ ਮੁਤੱਲਕ ਹਨ।

       ਇਸ ਵਿਸ਼ੇ ਤੇ ਸਟੀਫ਼ਨਜ਼, ਡਾਇਜੈਸਟ ਆਫ਼ ਕ੍ਰਿਮੀਨਲ ਲਾ (ਪੰਨਾ 251) ਵਿਚ ਕਿਹਾ ਗਿਆ ਹੈ ਕਿ-

       ‘‘ਜਦੋਂ ਕਿਸੇ ਵਿਅਕਤੀ ਨੂੰ ਗ਼ੈਰ-ਕਾਨੂੰਨੀ ਹਿੰਸਾ ਤੋਂ ਆਪਣੀ ਜਾਂ ਕਿਸੇ ਹੋਰ ਵਿਅਕਤੀ ਦੀ ਰੱਖਿਆ ਕਰਨ ਦੇ ਮੰਤਵ ਨਾਲ ਕਿਸੇ ਦੀ ਇਰਾਦਤਨ ਮੌਤ ਕਾਰਤ ਕਰਨੀ ਪੈਂਦੀ ਹੈ ਜਾਂ ਉਸ ਨੂੰ ਜਿਸਮਾਨੀ ਹਾਨੀ ਪਹੁੰਚਾਉਣੀ ਪੈਂਦੀ ਹੈ ਤਾਂ ਉਹ ਅਪਰਾਧ ਨਹੀਂ ਹੈ: ਪਰੰਤੂ ਇਹ ਕਿ ਮੌਤ ਕਾਰਤ ਕਰਨ ਵਾਲਾ ਜਾਂ ਸਰੀਰਕ ਹਾਨੀ ਪਹੁੰਚਾਉਣ ਵਾਲਾ ਵਿਅਕਤੀ ਉਸ ਕੰਮ ਤੋਂ ਬਚਣ ਲਈ ਹੇਠ-ਲਿਖੇ ਨਿਯਮਾਂ ਦੀ ਪਾਲਣਾ ਕਰੇ  ਅਤੇ ਉਸ ਹਾਨੀ ਤੋਂ ਵਡੇਰੀ ਹਾਨੀ ਨ ਪਹੁੰਚਾਵੇ ਜਿਸ ਬਾਰੇ ਉਹ ਨੇਕ-ਨੀਤੀ ਨਾਲ ਅਤੇ ਵਾਜਬੀ ਆਧਾਰਾਂ ਤੇ ਵਿਸ਼ਵਾਸ ਕਰੇ ਕਿ ਉਹ ਹਾਨੀ ਪਹੁੰਚਾਉਣਾ ਜ਼ਰੂਰੀ ਹੈ:-

(ੳ)   ਜੇ ਕਿਸੇ ਵਿਅਕਤੀ ਉਤੇ ਇਸ ਤਰ੍ਹਾਂ ਹਮਲਾ ਕੀਤਾ ਜਾਂਦਾ ਹੈ ਕਿ ਉਸ ਦੇ ਮਨ ਵਿਚ ਤਤਕਾਲ ਮੌਤ ਜਾਂ ਸਖ਼ਤ ਸਰੀਰਕ ਸੱਟ ਦੀ ਹਾਨੀ ਦਾ ਫ਼ੌਰੀ ਅਤੇ ਪਰਗਟ ਖ਼ਤਰਾ ਪੈਦਾ ਹੋ ਜਾਂਦਾ ਹੈ ਤਾਂ ਉਹ ਥਾਂਇ ਰੱਖਿਆ ਕਰ ਸਕਦਾ ਹੈ ਅਤੇ ਜਿਸ ਵਿਅਕਤੀ ਨੇ ਉਸ ਉਤੇ ਹਮਲਾ ਕੀਤਾ ਹੈ ਉਸ ਨੂੰ ਹਲਾਕ ਕਰ ਸਕਦਾ ਹੈ ਜਾਂ ਜ਼ਖ਼ਮੀ ਕਰ ਸਕਦਾ ਹੈ।

(ਅ)   ਜੇ ਕਿਸੇ ਵਿਅਕਤੀ ਉਤੇ ਗ਼ੈਰ-ਕਾਨੂੰਨ ਪੂਰਨ ਢੰਗ ਨਾਲ,

(1)    ਉਸ ਦੇ ਆਪਣੇ ਘਰ ਵਿਚ ਹਮਲਾ ਕੀਤਾ ਜਾਂਦਾ ਹੈ;

(2)   ਕਾਨੂੰਨ ਦੁਆਰਾ ਉਸ ਉਤੇ ਅਰੋਪੇ ਗਏ ਕਰਤੱਵ ਦੀ ਪਾਲਣਾ ਕਰਦੇ ਹੋਏ ਉਸ ਤੇ ਹਮਲਾ ਕੀਤਾ ਜਾਂਦਾ ਹੈ;

(3)   ਜਿਸ ਤਾਕਤ ਦੀ ਕਿਸੇ ਵਿਅਕਤੀ ਦੇ ਵਿਰੁਧ ਵਰਤੋਂ ਕਰਨ ਦਾ ਕਾਨੂੰਨ ਨੇ ਉਸ ਨੂੰ ਅਧਿਕਾਰ ਦਿੱਤਾ ਹੈ, ਉਸ ਦੀ ਵਰਤੋਂ ਵਿਚ ਮਜ਼ਾਹਮਤ ਕਰਨ ਲਈ ਉਸ ਉਤੇ ਹਮਲਾ ਕੀਤਾ ਜਾਂਦਾ ਹੈ; ਤਾਂ ਉਹ ਆਪਣੀ ਥਾਂਇ ਰੱਖਿਆ ਕਰ ਸਕਦਾ ਹੈ ਅਤੇ ਉਸ ਪ੍ਰਯੋਜਨ ਲਈ ਉਸ ਦਰਜੇ ਦੀ ਤਾਕਤ ਦੀ ਵਰਤੋਂ ਕਰ ਸਕਦਾ ਹੈ ਜੋ ਹਮਲੇ ਵਿਚ ਵਰਤੀ ਗਈ ਹਿੰਸਾ ਦੇ ਅਨੁਪਾਤ ਵਿਚ ਹੋਵੇ ਅਤੇ (3) ਦੀ ਸੂਰਤ ਵਿਚ) ਉਸ ਉਤੇ ਕੀਤੇ ਗਏ ਹਮਲੇ ਨੂੰ ਕੇਵਲ ਪਛਾੜਨ ਲਈ ਹੀ ਨਹੀਂ ਸਗੋਂ ਆਪਣਾ ਮੂਲ ਪ੍ਰਯੋਜਨ ਪੂਰਾ ਕਰਨ ਲਈ ਕਾਫ਼ੀ ਹੋਵੇ:......।

(ੲ)   ਜੇ ਕਿਸੇ ਵਿਅਕਤੀ ਉਤੇ ਉਸ ਦੀ ਕਿਸੇ ਗ਼ਲਤੀ ਤੋਂ ਬਿਨਾਂ ਅਤੇ (ੳ) ਅਤੇ (ਅ) ਵਿਚ ਦਸੀਆਂ ਸੂਰਤਾਂ ਤੋਂ ਬਿਨਾਂ ਮਾਰੂ ਹੱਥਿਆਰ ਨਾਲ ਹਮਲਾ ਕੀਤਾ ਜਾਂਦਾ ਹੈ ਤਾਂ ਉਸ ਦਾ ਕਰਤੱਵ ਹੈ ਕਿ ਉਹ ਉਸ ਉਤੇ ਹਮਲਾ ਕਰਨ ਵਾਲੇ ਵਿਅਕਤੀ ਦੀ ਇਰਾਦਾਤਨ ਮੌਤ ਕਾਰਤ ਕਰਨ ਜਾਂ ਉਸ ਨੂੰ ਸਖ਼ਤ ਸਟ ਪਹੁੰਚਾਉਣ ਤੋਂ ਤਦ ਤਕ ਗੁਰੇਜ਼ ਕਰੇ ਜਦ ਤਕ ਉਹ (ਜਿਸ ਵਿਅਕਤੀ ਉਤੇ ਹਮਲਾ ਕੀਤਾ ਗਿਆ ਹੈ) ਅਜਿਹੀ ਥਾਂ ਤਕ ਪਿੱਛੇ ਨਹੀਂ ਹਟ ਜਾਂਦਾ ਜਿਥੇ ਉਹ ਮਹਿਫ਼ੂਜ਼ ਹੋਵੇ।

       ਲੇਕਿਨ ਜਿਸ ਵਿਅਕਤੀ ਉਤੇ ਗ਼ੈਰ-ਕਾਨੂੰਨ-ਪੂਰਨ ਢੰਗ ਨਾਲ ਹਮਲਾ ਕੀਤਾ ਗਿਆ ਹੈ ਉਹ ਇਰਾਦਾਤਨ ਮੌਤ ਕਾਰਤ ਕਰਨ ਜਾਂ ਸਖ਼ਤ ਸਰੀਰਕ ਹਾਨੀ ਪਹੁੰਚਾਉਣ ਦੀ ਹੱਦ ਤਕ ਨ ਜਾ ਕੇ, ਥਾਂਇ ਤਾਕਤ ਵਰਤ ਕੇ ਆਪਣੀ ਰੱਖਿਆ ਕਰ ਸਕਦਾ ਹੈ, ਅਤੇ ਜੇ ਇਸ ਦੇ ਬਾਵਜੂਦ ਉਸ ਉਤੇ ਹਮਲਾ ਜਾਰੀ ਰਹਿੰਦਾ ਹੈ, ਤਾਂ ਹਮਲੇ ਅਧੀਨ ਵਿਅਕਤੀ ਜਾਂ ਉਸ ਦੂਜੇ ਵਿਅਕਤੀ ਦੇ ਸਰੀਰ ਦੇ ਵਿਰੁਧ ਕਾਨੂੰਨ-ਪੂਰਨ ਬਲ ਦੀ ਵਰਤੋਂ ਕਰ ਸਕਦਾ ਹੈ।

(ਸ)   ਜੇ ਦੋ ਵਿਅਕਤੀ ਆਪੋ ਵਿਚ ਝਗੜ ਕੇ ਲੜ ਪੈਂਦੇ ਹਨ ਤਾਂ ਦੋਹਾਂ ਵਿਚੋਂ ਕਿਸੇ ਬਾਰੇ ਵੀ ਤਦ ਤਕ ਇਹ ਨਹੀਂ ਸਮਝਿਆ ਜਾ ਸਕਦਾ  ਕਿ ਉਹ ਦੂਜੇ ਤੋਂ ਆਪਣੀ ਰੱਖਿਆ ਕਰ ਰਿਹਾ ਹੈ ਜਦੋਂ ਤਕ ਕਿ ਉਹ ਨੇਕਨੀਤੀ ਨਾਲ ਲੜਾਈ ਦੀ ਥਾਂ ਤੋਂ ਇਤਨੇ ਦੂਰ ਤਕ ਭਜ ਨ ਗਿਆ ਹੋਵੇ ਜਿਥੋਂ ਤਕ ਉਹ ਭਜ ਕੇ ਜਾ ਸਕਦਾ ਹੈ, ਅਤੇ ਜੇ, ਜਦੋਂ ਉਹ ਵਿਅਕਤੀ ਜਾਂ ਤਾਂ ਕਿਸੇ ਕੁਦਰਤੀ ਰੁਕਾਵਟ ਕਾਰਨ ਭਜਣ ਤੋਂ ਰੁਕ ਜਾਂਦਾ ਹੈ ਜਾਂ ਉਸ ਪ੍ਰਕਿਰਤੀ ਦੇ ਕਿਸੇ ਹੋਰ ਕਾਰਨ ਕਰਕੇ ਹੋਰ ਅੱਗੇ ਭਜ ਕੇ ਜਾਣ ਤੋਂ ਰੁਕ ਜਾਂਦਾ ਹੈ ਅਤੇ ਲੜਾਈ ਦੀ ਦੂਜੀ ਧਿਰ ਉਸ ਦਾ ਪਿੱਛਾ ਕਰਕੇ ਉਸ ਉਤੇ ਦੁਬਾਰਾ ਹਮਲਾ ਕਰ ਦਿੰਦੀ ਹੈ, ਤਾਂ ਭਜਣ ਵਾਲਾ ਵਿਅਕਤੀ ਆਪਣੀ ਰੱਖਿਆ ਕਰ ਸਕੇਗਾ ਅਤੇ ਉਸ ਪ੍ਰਯੋਜਨ ਲਈ  ਉਸ ਦਰਜੇ ਦੀ ਹਿੰਸਾ ਦੀ ਵਰਤੋਂ ਕਰ ਸਕੇਗਾ ਜੋ ਉਸ ਦੇ ਵਿਰੁਧ ਵਰਤੀ ਗਈ ਹਿੰਸਾ ਦੇ ਅਨੁਪਾਤ ਵਿਚ ਹੋਵੇ।’’

       ਭਾਵੇਂ ਸਟੀਫ਼ਨ ਦੀ ਉਪਰੋਕਤ ਟੂਕ ਵਿੱਚ ਪ੍ਰਾਈਵੇਟ ਰੱਖਿਆ ਦੇ ਮੋਟੇ ਮੋਟੇ ਉਹ ਅਸੂਲ ਆ ਗਏ ਹਨ ਜੋ ਉਸ ਵਿਸ਼ੇ ਉਤੇ ਭਾਰਤੀ ਦੰਡ ਸੰਘਤਾ ਵਿਚ ਸ਼ਾਮਲ ਕੀਤੇ ਗਏ ਹਨ, ਪਰ ਆਖ਼ਰੀ ਸਿਧਾਂਤ-ਲੜਾਈ ਛੱਡ ਕੇ ਭਜ ਜਾਣ ਵਾਲਾ-ਭਾਰਤੀ ਕਾਨੂੰਨ ਦਾ ਹਿੱਸਾ ਨਹੀਂ ਹੈ। ਲੇਕਿਨ ਯੋਗੇਂਦਰਾ ਮੁਰਾਰਜੀ ਬਨਾਮ ਰਾਜ  (ਏ ਆਈ ਆਰ 1980 ਐਸ ਸੀ 660) ਵਿਚ ਸਰਵ-ਉੱਚ ਅਦਾਲਤ ਨੇ ਸਰੀਰ ਦੀ ਪ੍ਰਾਈਵੇਟ ਰੱਖਿਆ ਦੇ ਅਧਿਕਾਰ ਅਤੇ ਉਸ ਦੀਆ ਸੀਮਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਪ੍ਰਾਈਵੇਟ ਰੱਖਿਆ ਦੀ ਵਰਤੋਂ ਕਰਨਾ ਉਦੋਂ ਕਾਨੂੰਨੀ ਤੌਰ ਤੇ ਬਜਾ ਹੋਵੇਗਾ ਜਦੋਂ ਉਸ ਵਿਅਕਤੀ, ਜਿਸ ਦੀ ਜਾਨ ਦਾ ਖ਼ਤਰਾ ਸਾਹਮਣੇ ਹੋਵੇ, ਕੋਲ ਉਥੋਂ ਬਚ ਕੇ ਖਿਸਕ ਜਾਣ ਦਾ ਬੇਖ਼ਤਰ  ਅਤੇ ਵਾਜਬ ਰਸਤਾ ਨ ਹੋਵੇ। ਇਸ ਕੇਸ ਵਿਚ ਅਦਾਲਤ ਅਨੁਸਾਰ ਉਪਰੋਕਤ ਕਿਸਮ ਦੇ ਹਾਲਾਤ ਅਧੀਨ ਹੀ ਹਮਲੇ ਅਧੀਨ ਵਿਅਕਤੀ ਪ੍ਰਾਈਵੇਟ ਰੱਖਿਆ ਵਿਚ ਹਮਲਾਆਵਰ ਦੀ ਮੌਤ ਕਾਰਤ ਕਰਨ ਜਾਂ ਉਸ ਨੂੰ ਸਖ਼ਤ ਸੱਟ ਕਾਰਤ ਕਰਨ ਤਕ ਜਾ ਸਕਦਾ ਹੈ। ਇਸ ਫ਼ੈਸਲੇ ਨੇ ਕਾਨੂੰਨੀ ਜਗਤ ਵਿਚ ਇਕ ਭੁਲੇਖਾ ਜਿਹਾ ਖੜਾ ਕਰ ਦਿੱਤਾ ਸੀ ਕਿ ਪ੍ਰਾਈਵੇਟ ਰੱਖਿਆ ਵਿਚ ਹਮਲਾਆਵਰ ਦੀ ਮੌਤ ਕਾਰਤ ਕਰਨ ਜਾਂ ਉਸ ਨੂੰ ਸਖ਼ਤ ਸੱਟ ਮਾਰਨ ਤੋਂ ਪਹਿਲਾਂ ਹਮਲੇ ਅਧੀਨ ਵਿਅਕਤੀ ਨੂੰ ਉਥੋਂ ਨਸ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਾਮਨ ਕਾਨੂੰਨ ਅਧੀਨ ਪੋਜ਼ੀਸ਼ਨ ਉਹੀ ਹੈ ਜਿਸ ਦਾ ਜ਼ਿਕਰ ਮੁਰਾਰਜੀ ਦੇ ਕੇਸ ਵਿਚ ਕੀਤਾ ਗਿਆ ਹੈ, ਜਿਸ ਕਾਰਨ ਇਸ ਵਿਸ਼ੇ ਉਤੇ ਭਾਰਤੀ ਕਾਨੂੰਨ ਸਬੰਧੀ ਭੁਲੇਖਾ ਪੈ ਰਿਹਾ ਸੀ। ਲੇਕਿਨ ਉਸ ਤੋਂ ਪਹਿਲਾਂ ਜੈਦੇਵ ਬਨਾਮ ਰਾਜ (ਏ ਆਈ ਆਰ 1963 ਐਸ ਸੀ 612) ਵਿਚ ਗਜੇਂਦਰ ਗਦਕਰ, ਜੇ. ਨੇ ਇਹ ਸਪਸ਼ਟ ਸ਼ਬਦਾਂ ਵਿਚ ਕਰਾਰ ਦਿੱਤਾ ਸੀ ਕਿ ਭਾਰਤ ਵਿਚ ਅਜਿਹਾ ਕੋਈ ਨਿਯਮ ਨਹੀਂ ਜੋ ਹਮਲੇ ਅਧੀਨ ਵਿਅਕਤੀ ਨੂੰ ਉਥੋਂ ਭਜ ਕੇ ਜਾਨ ਬਚਾਉਣ ਲਈ ਪ੍ਰੇਰਦਾ ਹੋਵੇ ਜਾਂ ਭਜਣ ਦੀ ਕੋਸ਼ਿਸ਼  ਵਿਚ ਨਾਕਾਮ ਰਹਿਣ ਉਪਰੰਤ ਪ੍ਰਾਈਵੇਟ ਰੱਖਿਆ ਦੀ ਵਰਤੋਂ ਕਰਨ ਬਾਬਤ ਉਪਬੰਧ ਕਰਦਾ ਹੋਵੇ। ਇਸ ਤੋਂ ਇਲਾਵਾ ਨੱਸ ਕੇ ਜਾਨ ਬਚਾਉਣ ਦਾ ਸਿਧਾਂਤ ਇੰਗਲੈਂਡ ਵਿਚ ਵੀ ਖ਼ਤਮ ਕਰ ਦਿੱਤਾ ਗਿਆ ਹੈ।

       ਭਾਰਤੀ ਦੰਡ ਸੰਘਤਾ ਦੀ ਧਾਰਾ 97 ਅਨੁਸਾਰ, ‘‘ਧਾਰਾ 99 ਵਿਚ ਦਰਜ ਪਾਬੰਦੀਆਂ ਦੇ ਤਾਬੇ, ਹਰਿਕ ਵਿਅਕਤੀ ਨੂੰ ਅਧਿਕਾਰ ਹੈ ਕਿ ਉਹ-

(i)    ਮਨੁੱਖੀ ਸਰੀਰ ਤੇ ਪ੍ਰਭਾਵ ਪਾਉਣ ਵਾਲੇ ਅਪਰਾਧ ਦੇ ਵਿਰੁਧ ਖ਼ੁਦ ਆਪਣੇ ਸਰੀਰ ਅਤੇ ਕਿਸੇ ਹੋਰ ਵਿਅਕਤੀ ਦੇ ਸਰੀਰ ਦੀ ਰੱਖਿਆ ਕਰੇ’’;

(ii)    ਆਪਣੀ ਜਾਂ ਕਿਸੇ ਹੋਰ ਵਿਅਕਤੀ ਦੀ ਸੰਪੱਤੀ, ਭਾਵੇਂ ਚੁੱਕਵੀਂ ਹੋਵੇ ਜਾਂ ਅਚੁੱਕਵੀਂ, ਦੀ ਚੋਰੀ , ਲੁੱਟ , ਨੁਕਸਾਨ-ਰਸਾਨੀ ਜਾਂ ਅਪਰਾਧਕ ਅਣਅਧਿਕਾਰੀ ਪ੍ਰਵੇਸ਼ ਵਿਚੋਂ ਕਿਸੇ ਅਪਰਾਧ ਜਾਂ ਉਨ੍ਹਾਂ ਵਿਚੋਂ ਕੋਈ ਅਪਰਾਧ ਕਰਨ ਦੀ ਕੋਸ਼ਿਸ਼ ਦੇ ਅਪਰਾਧ ਤੋਂ ਰੱਖਿਆ ਕਰੇ।

       ਧਾਰਾ 98 ਅਨੁਸਾਰ ਪ੍ਰਾਈਵੇਟ ਰੱਖਿਆ ਦਾ ਅਧਿਕਾਰ ਉਦੋਂ ਵੀ ਪ੍ਰਾਪਤ ਰਹਿੰਦਾ ਹੈ ਜਦੋਂ ਅਪਰਾਧ ਕਰਨ ਵਾਲਾ ਅਸਵੱਸਥ ਚਿਤ ਹੋਵੇ ਜਾਂ ਬਾਲ ਹੋਵੇ ਜਾਂ ਸਮਝ ਵਲੋਂ ਪਰਪੱਕ ਨ ਹੋਵੇ, ਜਾਂ ਨਸ਼ੇ ਅਧੀਨ ਹੋਵੇ।

       ਧਾਰਾ 99 ਅਨੁਸਾਰ ਹੇਠ-ਲਿਖੇ ਕੰਮਾਂ ਦੇ ਵਿਰੁੱਧ ਪ੍ਰਾਈਵੇਟ ਰੱਖਿਆ ਦਾ ਅਧਿਕਾਰ ਪ੍ਰਾਪਤ ਨਹੀਂ ਹੈ:-

(i)    ਕੋਈ ਕੰਮ ਜਿਸ ਤੋਂ ਮੌਤ ਜਾਂ ਸਖ਼ਤ ਸਟ ਦਾ ਵਾਜਬ ਤੌਰ ਤੇ ਸੰਸਾ ਪੈਦਾ ਨਹੀਂ ਹੁੰਦਾ;

(ii)    ਕੋਈ ਕੰਮ ਜੋ ਕਿਸੇ ਲੋਕ ਸੇਵਕ ਦੁਆਰਾ ਨੇਕ ਨੀਤੀ ਨਾਲ ਆਪਣੇ ਅਹੁਦੇ ਦੇ ਨਾਤੇ ਕਾਰਜ ਕਰਦੇ ਕੀਤਾ ਜਾਵੇ ਜਾਂ ਅਜਿਹਾ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ, ਜਾਂ ਉਹ ਕੰਮ ਲੋਕ ਸੇਵਕ ਦੇ ਨਿਦੇਸ਼ ਅਧੀਨ ਕਿਸੇ ਹੋਰ ਵਿਅਕਤੀ ਦੁਆਰਾ ਕੀਤਾ ਜਾ ਰਿਹਾ ਹੋਵੇ ਜਾਂ ਉਹ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ;

(iii)   ਜਦੋਂ ਹਿਫ਼ਾਜ਼ਤ ਲਈ ਲੋਕ ਅਥਾਰਿਟੀ ਦਾ ਸਹਾਰਾ ਪ੍ਰਾਪਤ ਕਰਨ ਲਈ ਸਮਾਂ ਹੋਵੇ।

       ਕਿਸੇ ਸੂਰਤ ਵਿਚ ਵੀ ਪ੍ਰਾਈਵੇਟ ਰੱਖਿਆ ਦੇ ਅਧਿਕਾਰ ਵਿਸਤਾਰ ਦਾ ਉਤਨੇ ਹਾਨ ਤੋਂ ਵਧ ਹਾਨ ਪਹੁੰਚਾਉਣ ਤਕ ਨਹੀਂ ਹੈ, ਜਿਤਨਾ ਰੱਖਿਆ ਦੇ ਪ੍ਰਯੋਜਨ ਲਈ ਪਹੁੰਚਾਉਣਾ ਜ਼ਰੂਰੀ ਹੈ।

ਧਾਰਾ 100 ਅਨੁਸਾਰ ਪ੍ਰਾਈਵੇਟ ਰੱਖਿਆ ਦੇ ਅਧਿਕਾਰ ਦੀ ਵਰਤੋਂ ਕਰਨ ਵਾਲਾ ਵਿਅਕਤੀ ਆਪਣੇ ਉਸ ਅਧਿਕਾਰ ਦੀ ਵਰਤੋਂ ਕਰਦਿਆਂ ਹੇਠ-ਲਿਖੀਆਂ ਸੂਰਤਾਂ ਵਿਚ ਹਮਲਾ-ਆਵਰ ਦੀ ਮੌਤ ਤਕ ਕਾਰਤ ਕਰ ਸਕਦਾ ਹੈ:-

(i)    ਜੇ ਉਸ ਮਨੁੱਖ ਉਤੇ ਅਜਿਹਾ ਹਮਲਾ ਕੀਤਾ ਜਾਂਦਾ ਹੈ ਜਿਸ ਨਾਲ ਵਾਜਬ ਤੌਰ ਤੇ ਉਸ ਮਨੁੱਖ ਦੇ ਅੰਦਰ ਤੌਖਲਾ ਪੈਦਾ ਹੋ ਜਾਂਦਾ ਹੈ ਕਿ ਜੇ ਉਹ ਮਨੁਖ ਪ੍ਰਾਈਵੇਟ ਰੱਖਿਆ ਦੇ ਅਧਿਕਾਰ ਦੀ ਵਰਤੋਂ ਨਹੀਂ ਕਰੇਗਾ ਤਾਂ ਉਸ ਦਾ ਪਰਿਣਾਮ ਜਾਂ ਤਾਂ ਉਸ ਦੀ ਮੌਤ ਜਾਂ ਸਖ਼ਤ ਸੱਟ ਵਿਚ ਨਿਕਲੇਗਾ; ਜਾਂ

(ii)    ਜੇ ਉਹ ਹਮਲਾ ਬਲਾਤਕਾਰ ਕਰਨ ਜਾਂ ਕਾਮਵਾਸ਼ਨਾ ਦੀ ਗ਼ੈਰ-ਕੁਦਰਤੀ ਤ੍ਰਿਪਤੀ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਹੋਵੇ; ਜਾਂ

(iii)   ਜੇ ਉਹ ਹਮਲਾ ਅਗ਼ਵਾ ਕਰਨ ਜਾਂ ਉਧਾਲਣ ਦੇ ਇਰਾਦੇ ਨਾਲ ਕੀਤਾ ਗਿਆ ਹੋਵੇ; ਜਾਂ

(iv)   ਜੇ ਉਹ ਹਮਲਾ ਕਿਸੇ ਮਨੁਖ ਨੂੰ ਅਜਿਹੀ ਦੋਸ਼-ਪੂਰਬਕ ਹਿਬਸ ਵਿਚ ਰਖਣ ਦੇ ਇਰਾਦੇ ਨਾਲ ਕੀਤਾ ਗਿਆ ਹੋਵੇ ਜਾਂ ਉਸ ਦੇ ਮਨ ਵਿਚ ਵਾਜਬ ਤੌਖਲਾ ਪੈਦਾ ਕਰ ਦੇਵੇ ਕਿ ਉਹ ਆਪਣੀ ਰਿਹਾਈ ਲਈ ਲੋਕ ਅਥਾਰਿਟੀ ਦਾ ਸਹਾਰਾ ਪ੍ਰਾਪਤ ਨਹੀਂ ਕਰ ਸਕੇਗਾ।

       ਧਾਰਾ 101 ਅਨੁਸਾਰ ਉਪਰੋਕਤ ਪਬੰਦੀਆਂ ਦੇ ਤਾਬੇ ਸਰੀਰ ਦੀ ਰੱਖਿਆ ਦੇ ਪ੍ਰਾਈਵੇਟ ਰੱਖਿਆ ਦੇ ਅਧਿਕਾਰ ਦਾ ਵਿਸਤਾਰ ਹਮਲਾ ਆਵਰ ਨੂੰ ਮੌਤ ਤੋਂ ਬਿਨਾਂ ਕੋਈ ਹੋਰ ਹਾਨ ਸਵੈ ਇੱਛਾ ਨਾਲ ਕਾਰਤ ਕਰਨ ਤਕ ਪ੍ਰਾਪਤ ਹੁੰਦਾ ਹੈ।

       ਧਾਰਾ 102 ਅਨੁਸਾਰ ਸਰੀਰ ਦੀ ਪ੍ਰਾਈਵੇਟ ਰੱਖਿਆ ਦਾ ਅਧਿਕਾਰ ਉਸ ਵੇਲੇ ਸ਼ੁਰੂ ਹੋ ਜਾਂਦਾ ਹੈ ਜਦੋਂ ਅਪਰਾਧ ਕਰਨ ਦੀ ਕੋਸ਼ਿਸ਼ ਜਾਂ ਧਮਕੀ ਨਾਲ ਸਰੀਰ ਨੂੰ ਖ਼ਤਰੇ ਦਾ ਵਾਜਬ ਸੰਸਾ ਪੈਦਾ ਹੁੰਦਾ ਹੈ, ਭਾਵੇਂ ਉਹ ਅਪਰਾਧ ਕੀਤਾ ਨ ਗਿਆ ਹੋਵੇ। ਉਹ ਅਧਿਕਾਰ ਤਦ ਤਕ ਪ੍ਰਾਪਤ ਰਹਿੰਦਾ ਹੈ ਜਦ ਤਕ ਸਰੀਰ ਨੂੰ ਅਜਿਹਾ ਖ਼ਤਰਾ ਬਣਿਆ ਰਹਿੰਦਾ ਹੈ।

       ਧਾਰਾ 99 ਵਿਚ ਦਸੀਆਂ ਪਾਬੰਦੀਆ ਦੇ ਤਾਬੇ ਧਾਰਾ 102 ਅਨੁਸਾਰ ਸੰਪਤੀ ਦੀ ਪ੍ਰਾਈਵੇਟ ਰੱਖਿਆ ਦੇ ਅਧਿਕਾਰ ਦਾ ਇਖ਼ਤਾਰ ਸਵੈਇੱਛਾ ਨਾਲ ਹਮਲਾ ਆਵਰ ਦੀ ਮੌਤ ਜਾਂ ਹੋਰ ਹਾਨ ਕਾਰਤ ਕਰਨ ਤਕ ਹੈ, ਜੇ ਅਪਰਾਧ ਹੇਠ-ਲਿਖਿਆਂ ਵਿਚੋਂ ਕੋਈ ਜਾਂ ਉਸ ਅਪਰਾਧ ਦੇ ਕੀਤੇ ਜਾਣ ਦੀ ਕੋਸ਼ਿਸ਼ ਹੈ:-

(1)    ਲੁੱਟ;

(2)   ਰਾਤ ਨੂੰ ਘਰ ਭੰਨਣਾ;

(3)   ਅੱਗ ਦੁਆਰਾ ਨੁਕਸਾਨ-ਰਾਸਾਨੀ ਜੋ ਕਿਸੇ ਅਜਿਹੀ ਇਮਾਰਤ, ਤੰਬੂ ਜਾਂ ਪੋਤ ਪ੍ਰਤੀ ਕੀਤੀ ਗਈ ਹੈ ਜੋ ਮਨੁੱਖੀ ਨਿਵਾਸ ਜਾਂ ਸੰਪਤੀ ਦੀ ਸੰਭਾਲ ਲਈ ਵਰਤਿਆ ਜਾਂਦਾ ਹੈ;

(4)   ਅਜਿਹੇ ਹਾਲਾਤ ਅਧੀਨ ਚੋਰੀ, ਨੁਕਸਾਨ ਰਸਾਨੀ ਜਾਂ ਘਰ ਵਿਚ ਅਣਅਧਿਕਾਰੀ ਪ੍ਰਵੇਸ਼ , ਜੋ ਵਾਜਬ ਤੌਰ ਤੇ ਇਹ ਸੰਸਾ ਕਾਰਤ ਕਰਦੇ ਹੋਣ ਕਿ ਜੇ ਪ੍ਰਾਈਵੇਟ ਰੱਖਿਆ ਦੇ ਅਧਿਕਾਰ ਦੀ ਵਰਤੋਂ ਨ ਕੀਤੀ ਗਈ ਤਾਂ ਪਰਿਣਾਮ ਮੌਤ ਜਾਂ ਸਖ਼ਤ ਸੱਟ ਹੋਵੇਗਾ।

       ਜੇ ਉਪਰੋਕਤ ਅਪਰਾਧਾਂ ਵਿਚੋਂ ਕਿਸੇ ਅਪਰਾਧ ਕਾਰਨ ਪ੍ਰਾਈਵੇਟ ਰੱਖਿਆ ਦਾ ਅਧਿਕਾਰ ਪੈਦਾ ਹੁੰਦਾ ਹੋਵੇ ਪਰ ਹਾਲਾਤ ਉਹ ਨ ਹੋਣ ਜੋ ਧਾਰਾ 103 ਵਿਚ ਦਸੇ ਗਏ ਹਨ ਤਾਂ ਉਸ ਅਧਿਕਾਰ ਦਾ ਵਿਸਤਾਰ ਮੌਤ ਕਾਰਤ ਕਰਨ ਤਕ ਨ ਹੋ ਕੇ ਹੋਰ ਕੋਈ ਹਾਨ ਸਵੈ ਇੱਛਾ ਨਾਲ ਕਾਰਤ ਕਰਨ ਤਕ ਹੋਵੇਗਾ। (ਧਾਰਾ 104)

       ਸੰਪਤੀ ਦੀ ਪ੍ਰਾਈਵੇਟ ਰੱਖਿਆ ਦਾ ਅਧਿਕਾਰ ਉਦੋਂ ਅਰੰਭ ਹੁੰਦਾ ਹੈ ਜਦੋਂ ਸੰਪਤੀ ਪ੍ਰਤੀ ਖ਼ਤਰੇ ਦਾ ਵਾਜਬ ਸੰਸਾ ਅਰੰਭ ਹੁੰਦਾ ਹੈ।

       ਸੰਪੱਤੀ ਦੀ ਪ੍ਰਾਈਵੇਟ ਰੱਖਿਆ ਦਾ ਅਧਿਕਾਰ ਉਦੋਂ ਤਕ ਬਣਿਆ ਰਹਿੰਦਾ ਹੈ:-

(ੳ)   ਚੋਰੀ ਦੀ ਸੂਰਤ ਵਿਚ, ਜਦ ਤਕ ਅਪਰਾਧੀ ਸੰਪੱਤੀ ਸਹਿਤ ਪਹੁੰਚ ਤੋਂ ਬਾਹਰ ਨਹੀਂ ਹੋ ਜਾਂਦਾ, ਜਾਂ ਲੋਕ ਅਥਾਰਿਟੀ ਦੀ ਸਹਾਇਤਾ ਪ੍ਰਾਪਤ ਨਹੀਂ ਹੋ ਜਾਂਦੀ, ਜਾਂ ਸੰਪੱਤੀ ਬਰਾਮਦ ਨਹੀਂ ਕਰ ਲਈ ਜਾਂਦੀ;

(ਅ)   ਲੁੱਟ ਦੀ ਸੂਰਤ ਵਿਚ, ਜਦ ਤਕ ਅਪਰਾਧੀ ਕਿਸੇ ਵਿਅਕਤੀ ਦੀ ਮੌਤ ਜਾਂ ਸੱਟ ਜਾਂ ਦੋਸ਼ ਪੂਰਨ ਰੋਕ ਕਾਰਤ ਕਰਦਾ ਰਹਿੰਦਾ ਹੈ ਜਾਂ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ, ਜਾਂ ਜਦ ਤਕ ਤਤਛਿੰਨ ਮੌਤ ਜਾਂ ਤਤਛਿੰਨ ਸਟ ਦਾ, ਜਾਂ ਵਿਅਕਤੀ ਨੂੰ ਤਤਛਿਨ ਰੋਕ ਦਾ ਭੈ ਬਣਿਆ ਰਹਿੰਦਾ ਹੈ;

(ੲ)   ਅਪਰਾਧਕ ਅਣਅਧਿਕਾਰੀ ਪ੍ਰਵੇਸ਼ ਜਾਂ ਨੁਕਸਾਨ ਰਸਾਨੀ ਦੀ ਸੂਰਤ ਵਿਚ, ਜਦ ਤਕ ਅਪਰਾਧੀ ਅਪਰਾਧਕ ਅਣਅਧਿਕਾਰੀ ਪ੍ਰਵੇਸ਼ ਜਾਂ ਨੁਕਸਾਨ ਰਸਾਨੀ ਕਰਨ ਵਿਚ ਲਗਿਆ ਰਹਿੰਦਾ ਹੈ;

(ਸ)   ਰਾਤ ਨੂੰ ਘਰ ਭੰਨਣ ਦੀ ਸੂਰਤ ਵਿਚ, ਜਦ ਤਕ ਘਰ ਵਿਚ ਅਣਅਧਿਕਾਰੀ ਪ੍ਰਵੇਸ਼ ਬਣਿਆ ਰਹਿੰਦਾ ਹੈ ਜੋ ਅਜਿਹੇ ਘਰ ਭੰਨਣ ਦੁਆਰਾ ਸ਼ੁਰੂ ਹੋਇਆ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1450, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.