ਬੁਰਕਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੁਰਕਾ: ਬੁਰਕਾ ਅਰਬੀ ਭਾਸ਼ਾ ਦਾ ਸ਼ਬਦ ਹੈ। ਬੁਰਕੇ ਤੋਂ ਭਾਵ ਉਸ ਲਿਬਾਸ ਤੋਂ ਹੈ ਜਿਸ ਨੂੰ ਮੁਸਲਿਮ ਔਰਤਾਂ ਪਰਦੇ ਲਈ ਪਹਿਨਦੀਆਂ ਹਨ। ਮਹਾਨ ਕੋਸ਼ ਅਨੁਸਾਰ, ਬੁਰਕੇ ਤੋਂ ਭਾਵ ਇਸਤਰੀਆਂ ਦਾ ਲੰਮਾ ਚੋਲਾ ਹੈ ਜੋ ਸਿਰ ਤੋਂ ਪੈਰਾਂ ਤੀਕ ਸਾਰੇ ਅੰਗਾਂ ਨੂੰ ਢੱਕ ਲੈਂਦਾ ਹੈ। ਬੁਰਕੇ ਜਾਂ ਪਰਦੇ ਦਾ ਸੰਕਲਪ ਔਰਤ ਦੀ ਪਵਿੱਤਰਤਾ ਅਤੇ ਪਾਕਦਾਮਨੀ ਨਾਲ ਜੁੜਿਆ ਹੋਇਆ ਹੈ। ਇਸ ਮੰਤਵ ਲਈ ਚਾਦਰ ਜਾਂ ਸ਼ਾਲ ਆਦਿ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ। ਬੁਰਕੇ ਨਾਲ ਇਸ ਮੰਤਵ ਦੀ ਪੂਰਤੀ ਵਧੇਰੇ ਅਸਾਨੀ ਅਤੇ ਵਧੀਆ ਤਰੀਕੇ ਨਾਲ ਹੁੰਦੀ ਹੈ। ਇਸ ਲਈ ਮੁਸਲਿਮ ਜਗਤ ਵਿੱਚ ਇਹ ਵਧੇਰੇ ਪ੍ਰਚਲਿਤ ਹੋ ਗਿਆ ਹੈ। ਬੁਰਕੇ ਦਾ ਪ੍ਰਚਲਨ ਵਿਦਵਾਨਾਂ ਦੀ ਰਾਏ ਅਨੁਸਾਰ ਹਜ਼ਰਤ ਮੁਹੰਮਦ ਸਾਹਿਬ ਦੇ ਜੀਵਨ ਕਾਲ ਵਿੱਚ ਹੀ ਹੋ ਗਿਆ ਸੀ।

 

     ਸ਼ਰਮ ਜਾਂ ਹਯਾ ਨੂੰ ਔਰਤ ਦਾ ਗਹਿਣਾ ਕਿਹਾ ਜਾਂਦਾ ਹੈ। ਇਹ ਵਿਸ਼ੇਸ਼ਤਾ ਔਰਤ ਦੀ ਪ੍ਰਕਿਰਤੀ ਦਾ ਹੀ ਹਿੱਸਾ ਹੈ।ਮਾਨਵੀ ਵਿਚਾਰ-ਸੱਭਿਆਚਾਰ ਦੇ ਅੰਤਰਗਤ ਔਰਤ ਦਾ ਮਰਦ ਤੋਂ ਪਰਦਾ ਕਰਨਾ ਇੱਕ ਪ੍ਰਾਚੀਨ ਅਤੇ ਆਮ ਵਰਤਾਰਾ ਰਿਹਾ ਹੈ ਜੋ ਅਜੋਕੇ ਯੁੱਗ ਵਿੱਚ ਵੀ ਦ੍ਰਿਸ਼ਟੀ- ਗੋਚਰ ਹੁੰਦਾ ਹੈ। ਪਰੰਤੂ ਬੁਰਕਾ ਇਸਲਾਮ ਦੀ ਵਿਲੱਖਣ ਵਿਸ਼ੇਸ਼ਤਾ ਹੈ। ਹਿੰਦੂ ਅਤੇ ਸਿੱਖ ਧਰਮ ਵਿੱਚ ਜ਼ਾਹਰੀ ਪਰਦੇ ਦਾ ਕੋਈ ਸਥਾਨ ਨਹੀਂ ਹੈ। ਇਸਤਰੀ ਦਾ ਉੱਤਮ ਆਚਰਨ ਹੀ ਸਭ ਤੋਂ ਪਵਿੱਤਰ ਪਰਦਾ ਹੈ ਜਿਸ ਦੇ ਤੁੱਲ ਘਰ, ਵਸਤਰ, ਕਨਾਤ ਅਰ ਉੱਚੀ ਦਿਵਾਰ ਦਾ ਪਰਦਾ ਨਹੀਂ ਹੈ। ਬੁਰਕੇ ਜਾਂ ਪਰਦੇ ਦੇ ਸੰਕਲਪ ਨੂੰ ਸਮਝਣ ਲਈ ਇਸਲਾਮੀ ਸ਼ਰੀਅਤ ਨੂੰ ਜਾਣਨਾ ਜ਼ਰੂਰੀ ਹੈ।

     ਇਸਲਾਮ ਦੇ ਮਾਨਵੀ ਜੀਵਨ ਦੀ ਇਖ਼ਲਾਕੀ ਉੱਤਮਤਾ ਅਤੇ ਪ੍ਰਕਿਰਤਿਕ ਲੋੜਾਂ ਨੂੰ ਧਿਆਨ ਹਿੱਤ ਰੱਖਦਿਆਂ ਵਿਸ਼ੇਸ਼ ਨਿਯਮਾਂ ਦੀ ਸਿਰਜਣਾ ਕੀਤੀ ਹੈ। ਸ਼ਰੀਅਤ ਅਨੁਸਾਰ ਔਰਤ ਜਾਂ ਮਰਦ ਦੇ ਸਰੀਰ ਦੇ ਉਸ ਭਾਗ ਨੂੰ ਸਤਰ ਕਿਹਾ ਜਾਂਦਾ ਹੈ ਜਿਸ ਦਾ ਢੱਕਣਾ ਜਾਂ ਲਕੋਣਾ ਫ਼ਰਜ਼ ਹੈ। ਮਰਦ ਦੇ ਸਰੀਰ ਦਾ ਧੁੰਨੀ ਤੋਂ ਗੋਡਿਆਂ ਤੱਕ ਦਾ ਭਾਗ ਸਤਰ ਨਿਰਧਾਰਿਤ ਕੀਤਾ ਗਿਆ ਹੈ। ਔਰਤਾਂ ਦਾ ਚਿਹਰਾ, ਹੱਥ ਅਤੇ ਪੈਰਾਂ ਤੋਂ ਬਿਨਾਂ ਸਰੀਰ ਦਾ ਹੋਰ ਸਾਰਾ ਭਾਗ ਸਤਰ ਵਿੱਚ ਸ਼ਾਮਲ ਹੈ। ਕੁਝ ਵਿਦਵਾਨਾਂ ਨੇ ਚਿਹਰੇ ਨੂੰ ਵੀ ਸਤਰ ਵਿੱਚ ਹੀ ਸ਼ਾਮਲ ਕੀਤਾ ਹੈ। ਕਿਸੇ ਔਰਤ ਲਈ ਆਪਣੇ ਪਤੀ, ਪਿਤਾ, ਸਹੁਰਾ, ਪੁੱਤਰ, ਮਤੇਆ ਪੁੱਤਰ, ਭਰਾ, ਭਤੀਜਾ, ਭਾਣਜਾ, ਘਰਦੀਆਂ ਔਰਤਾਂ, ਲੌਂਡੀਆਂ (ਜ਼ਰਖ਼ਰੀਦ ਔਰਤਾਂ), ਕਾਮ ਵਾਸ਼ਨਾ ਤੋਂ ਨਿਰਲੇਪ ਗ਼ੁਲਾਮ ਜਾਂ ਸੇਵਕ ਤੋਂ ਬਿਨਾਂ, ਹੋਰ ਕਿਸੇ ਵੀ ਮਰਦ ਅੱਗੇ ਆਪਣਾ ਸਤਰ ਵਾਲਾ ਸਰੀਰਕ ਭਾਗ ਪ੍ਰਗਟ ਕਰਨਾ ਸ਼ਰੀਅਤ ਅਨੁਸਾਰ ਗੁਨਾਹ ਹੈ। ਕੁਰਾਨ ਸ਼ਰੀਫ਼ ਵਿੱਚ ਅੱਲਾ ਨੇ ਫ਼ਰਮਾਇਆ ਹੈ :

     ਐ ਨਬੀ! ਆਪਣੀਆਂ ਪਤਨੀਆਂ, ਬੇਟੀਆਂ ਅਤੇ ਮੁਸਲਿਮ ਔਰਤਾਂ ਨੂੰ ਕਹਿ ਦੇਵੋ ਕਿ ਉਹ ਆਪਣੇ ਉਪਰ ਚਾਦਰਾਂ ਲੈ ਲਿਆ ਕਰਨ ।

                                                                                                                                                                                                                                                                                                                                        (ਸੂਰਤ ਅਹਿਜ਼ਾਬ: 59)

     ਕੁਰਾਨ ਵਿੱਚ ਔਰਤਾਂ ਨੂੰ ਬਾਹਰ ਤੁਰਦੇ ਵਕਤ ਆਪਣੀਆਂ ਨਜ਼ਰਾਂ ਨੀਵੀਆਂ ਰੱਖਣ ਅਤੇ ਸ਼ਿੰਗਾਰ ਦੀਆਂ ਵਸਤਾਂ ਦੀ ਨੁਮਾਇਸ਼ ਨਾ ਕਰਨ ਦੀ ਵੀ ਤਾਕੀਦ ਕੀਤੀ ਗਈ ਹੈ। ਹਜ਼ਰਤ ਮੁਹੰਮਦ ਸਾਹਿਬ ਦੀ ਇੱਕ ਹਦੀਸ ਹੈ ਕਿ ‘ਜਦੋਂ ਔਰਤ ਬਾਲਗ਼ ਹੋ ਜਾਵੇ ਤਾਂ ਉਸ ਦੇ ਜਿਸਮ ਦਾ ਕੋਈ ਹਿੱਸਾ ਨਜ਼ਰ ਨਹੀਂ ਆਉਣਾ ਚਾਹੀਦਾ ਸਿਵਾਏ ਚਿਹਰੇ ਅਤੇ ਹੱਥਾਂ (ਗੁੱਟ ਤੱਕ) ਦੇ’। ਕੁਰਾਨ ਅਨੁਸਾਰ ਲਿਬਾਸ ਦਾ ਮੁੱਖ ਮੰਤਵ ਸਤਰਪੋਸ਼ੀ ਅਤੇ ਸਜਾਵਟ ਹੈ। ਫ਼ਰਮਾਇਆ ਗਿਆ ਹੈ :

     ਐ ਆਦਮ ਦੀ ਔਲਾਦ! ਅਸੀਂ ਤੁਹਾਡੇ ’ਤੇ ਲਿਬਾਸ ਉਤਾਰਿਆ ਹੈ ਤਾਂ ਕਿ ਇਹ ਤੁਹਾਡੇ ਸਤਰ ਨੂੰ ਢਕੇ ਅਤੇ ਸ਼ਿੰਗਾਰ/ਸੁਹੱਪਣ ਦਾ ਸਾਧਨ ਬਣੇ।

(ਸੂਰਤ ਇਅਰਾਫ਼: 3)

     ਇਸਲਾਮ ਅਨੁਸਾਰ ਔਰਤਾਂ ਲਈ ਬਰੀਕ ਜਾਂ ਅਰਧ-ਪਾਰਦਰਸ਼ੀ ਲਿਬਾਸ ਪਹਿਨਣਾ ਵੀ ਗੁਨਾਹ ਹੈ। ਇੱਕ ਹਦੀਸ ਵਿੱਚ ਫ਼ਰਮਾਇਆ ਗਿਆ ਹੈ ‘ਕਿ ਉਹਨਾਂ ਔਰਤਾਂ ਤੇ ਅੱਲਾ ਦੀ ਲਾਹਨਤ ਹੈ ਜੋ ਲਿਬਾਸ ਪਹਿਨ ਕੇ ਵੀ ਨੰਗੀਆਂ ਰਹੀਆਂ।’ ਇਸ ਤੋਂ ਬਿਨਾਂ ਚੁਸਤ ਅਤੇ ਤੰਗ ਪਹਿਰਾਵਾ ਪਹਿਨਣ ਤੋਂ ਵੀ ਮਨ੍ਹਾਂ ਕੀਤਾ ਗਿਆ ਹੈ। ਹਜ਼ਰਤ ਉਮਰ (ਰਜ਼ੀ) ਦਾ ਕਥਨ ਹੈ ਕਿ ‘ਆਪਣੀਆਂ ਔਰਤਾਂ ਨੂੰ ਅਜਿਹਾ ਤੰਗ ਲਿਬਾਸ ਨਾ ਪਹਿਨਾਓ ਜਿਸ ਵਿੱਚੋਂ ਸਰੀਰ ਦੇ ਅੰਗ ਪ੍ਰਗਟ ਹੁੰਦੇ ਹੋਣ।’ ਪਰਦੇ ਦੀ ਵਿਵਸਥਾ ਦਾ ਮੰਤਵ ਔਰਤ ਦੀ ਪਾਕਦਾਮਨੀ ਹੈ। ਇਸ ਲਈ ਜੋ ਵੀ ਜੀਵਨ-ਜਾਚ/ਲਿਬਾਸ ਇਸ ਪਾਕਦਾਮਨੀ ’ਤੇ ਬੁਰਾ ਪ੍ਰਭਾਵ ਪਾਵੇ, ਉਹ ਸ਼ਰੀਅਤ ਦੇ ਦ੍ਰਿਸ਼ਟੀਕੋਣ ਤੋਂ ਹਰਾਮ ਹੈ।

     ਇਸਲਾਮੀ ਚਿੰਤਕ ਹਜ਼ਰਤ ਅਸ਼ਰਫ਼ ਅਲੀ ਥਾਨਵੀ ਅਨੁਸਾਰ, ਹਰ ਮੁਸਲਮਾਨ ਔਰਤ ਜੋ ਅਜ਼ਾਦ ਹੋਵੇ, ਬਾਲਗ਼ ਹੋ ਚੁੱਕੀ ਹੋਵੇ ਜਾਂ ਹੋਣ ਦੇ ਨਜ਼ਦੀਕ ਹੋਵੇ, ਜਵਾਨ ਹੋਵੇ ਜਾਂ ਬੁੱਢੀ ਲਈ ਅਜਨਬੀ ਮਰਦਾਂ ਤੋਂ ਪਰਦਾ ਕਰਨਾ ਫ਼ਰਜ਼ ਹੈ ਅਤੇ ਇਸ ਫ਼ਰਜ਼ ਦੇ ਤਿੰਨ ਦਰਜੇ ਹਨ। ਪਹਿਲਾ ਇਹ ਕਿ ਸਿਵਾਏ ਚਿਹਰੇ ਅਤੇ ਹੱਥਾਂ ਦੇ (ਕੁਝ ਵਿਦਵਾਨਾਂ ਅਨੁਸਾਰ) ਪੈਰਾਂ ਦੇ ਵੀ, ਬਾਕੀ ਸਾਰੇ ਸਰੀਰ ਨੂੰ ਬੁਰਕੇ ਜਾਂ ਚਾਦਰ ਨਾਲ ਛੁਪਾਇਆ ਜਾਵੇ। ਇਹ ਪਰਦੇ ਦਾ ਨਿਊਨਤਮ ਦਰਜਾ ਹੈ। ਦੂਜਾ ਇਹ ਕਿ ਚਿਹਰੇ, ਹੱਥਾਂ ਅਤੇ ਪੈਰਾਂ ਨੂੰ ਵੀ ਲਕੋਇਆ ਜਾਵੇ, ਇਹ ਦਰਮਿਆਨਾ ਦਰਜਾ ਹੈ। ਤੀਜਾ ਇਹ ਕਿ ਔਰਤ ਪਰਦੇ ਜਾਂ ਦਿਵਾਰ ਦੀ ਓਟ ਵਿੱਚ ਰਹੇ ਅਤੇ ਬੇਗਾਨੇ ਮਰਦ ਦੀ ਨਜ਼ਰ ਵੀ ਉਸ ਦੇ ਲਿਬਾਸ ’ਤੇ ਨਾ ਪਵੇ। ਇਸਲਾਮ ਵਿੱਚ ਇਹ ਪਰਦੇ ਦਾ ਉਚਤਮ ਦਰਜਾ ਗਿਣਿਆ ਗਿਆ ਹੈ।

     ਇਸਲਾਮੀ ਚਿੰਤਕਾਂ ਨੇ ਕੁਰਾਨ ਅਤੇ ਹਦੀਸ ਦੀ ਲੋਅ ਵਿੱਚ ਬੁਰਕੇ ਸੰਬੰਧੀ ਨਿਮਨਲਿਖਤ ਸ਼ਰਤਾਂ ਨਿਰਧਾਰਿਤ ਕੀਤੀਆਂ ਹਨ :

     1.  ਬੁਰਕੇ ਨਾਲ ਪੂਰਾ ਸਰੀਰ ਲਕੋਣਾ ਜ਼ਰੂਰੀ ਹੈ। ਕੁਝ ਵਿਦਵਾਨਾਂ ਨੇ, ਜੇਕਰ ਕਿਸੇ ਬੁਰਾਈ ਦਾ ਡਰ ਨਾ ਹੋਵੇ ਤਾਂ ਲੋੜ ਅਨੁਸਾਰ ਚਿਹਰਾ ਅਤੇ ਹੱਥ ਬੁਰਕੇ ਤੋਂ ਬਾਹਰ ਰੱਖਣ ਦੀ ਇਜਾਜ਼ਤ ਦਿੱਤੀ ਹੈ।

     2. ਬੁਰਕਾ ਅਜਿਹਾ ਨਾ ਹੋਵੇ ਕਿ ਆਪਣੇ-ਆਪ ਵਿੱਚ ਹੀ ਸ਼ਿੰਗਾਰ ਦਾ ਸਾਧਨ ਬਣ ਜਾਵੇ।

     3. ਬੁਰਕੇ ਦਾ ਕੱਪੜਾ ਅਜਿਹਾ ਹੋਵੇ ਕਿ ਇਸ ਵਿੱਚੋਂ ਔਰਤ ਦਾ ਸਰੀਰ ਜਾਂ ਲਿਬਾਸ ਦਿਖਾਈ ਨਾ ਦੇਵੇ।

     4. ਬੁਰਕਾ ਖੁੱਲ੍ਹਾ-ਡੁੱਲ੍ਹਾ ਹੋਵੇ ਤਾਂ ਕਿ ਉਸ ਵਿੱਚੋਂ ਸਰੀਰ ਦੇ ਅੰਗ ਉਜਾਗਰ ਨਾ ਹੋਣ।

     5.  ਬੁਰਕੇ ’ਤੇ ਖ਼ੁਸ਼ਬੂ ਨਾ ਲਗਾਈ ਜਾਵੇ ਤਾਂ ਕਿ ਆਮ ਲੋਕਾਂ ਦਾ ਉਸ ਵੱਲ ਧਿਆਨ ਆਕਰਸ਼ਿਤ ਨਾ ਹੋਵੇ।

ਇਸਲਾਮ ਨੇ ਔਰਤ ਹੀ ਨਹੀਂ ਮਰਦ ਨੂੰ ਵੀ ਅਨੈਤਿਕ ਵਿਹਾਰ ਤੋਂ ਵਰਜਿਆ ਹੈ। ਇੱਕ ਹਦੀਸ ਅਨੁਸਾਰ ਮਰਦ ਦੀ ਬੇਗਾਨੀ ਔਰਤ ’ਤੇ ਪਈ ਪਹਿਲੀ ਨਜ਼ਰ ਮਾਫ਼ ਹੈ। ਜੋ ਵਿਅਕਤੀ ਕਾਮ ਵਾਸ਼ਨਾ ਨਾਲ ਲਗਾਤਾਰ ਕਿਸੇ ਗ਼ੈਰ ਔਰਤ ਨੂੰ ਦੇਖੇਗਾ, ਕਿਆਮਤ ਦੇ ਦਿਨ (ਸਜ਼ਾ ਵਜੋਂ) ਉਸ ਦੀਆਂ ਅੱਖਾਂ ਵਿੱਚ ਪਿਘਲਿਆ ਹੋਇਆ ਸ਼ੀਸ਼ਾ ਪਾਇਆ ਜਾਵੇਗਾ। ਇਸਲਾਮ ਅਨੁਸਾਰ ਇਹ ਦੁਨੀਆ ਸਿਰਫ਼ ਖੇਲ-ਤਮਾਸ਼ਾ ਹੈ। ਅਸਲ ਜੀਵਨ, ਮ੍ਰਿਤੂ/ ਕਿਆਮਤ ਤੋਂ ਬਾਅਦ ਦਾ ਹੈ। ਇਸਲਾਮ ਮਾਨਵੀ ਜੀਵਨ ਦੀ ਖ਼ੁਸ਼ੀ ਅਤੇ ਉਸ ਦੇ ਵਿਕਾਸ ਲਈ ਜਾਇਜ਼ ਅਤੇ ਉਸਾਰੂ ਅਜ਼ਾਦੀ ’ਤੇ ਪਾਬੰਦੀ ਨਹੀਂ ਲਗਾਉਂਦਾ ਪਰੰਤੂ ਜਿੱਥੋਂ ਤੱਕ ਕਿਸੇ ਵੀ ਤਰ੍ਹਾਂ ਦੀ ਅਨੈਤਿਕਤਾ ਦਾ ਸਵਾਲ ਹੈ, ਇਸਲਾਮ ਵਿੱਚ ਇਸ ਲਈ ਕੋਈ ਥਾਂ ਨਹੀਂ ਹੈ।


ਲੇਖਕ : ਅਨਵਰ ਚਿਰਾਗ਼,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3260, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਬੁਰਕਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੁਰਕਾ (ਨਾਂ,ਪੁ) ਪਰਦੇ ਵਿੱਚ ਰਹਿਣ ਵਾਲੀਆਂ ਮੁਸਲਮਾਨ ਇਸਤਰੀਆਂ ਦਾ ਅੰਗ ਢੱਕਣ ਲਈ ਪਹਿਰਿਆ ਜਾਣ ਵਾਲਾ ਅਤੇ ਅੱਖਾਂ ਅੱਗੇ ਜਾਲੀ ਲਗਾ ਕੇ ਬਣਾਇਆ ਲੰਮਾ ਚੋਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3260, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਬੁਰਕਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੁਰਕਾ [ਨਾਂਪੁ] ਇੱਕ ਚੋਗ਼ਾ ਜੋ ਮੁਸਲਮਾਨ ਔਰਤਾਂ ਪਰਦਾ ਕਰਨ ਲਈ ਪਹਿਨਦੀਆਂ ਹਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3250, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.