ਬੁੰਗੇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬੁੰਗੇ: ‘ਬੁੰਗਾਸ਼ਬਦ ਫ਼ਾਰਸੀ ਦੇ ‘ਬੁੰਗਹ’ ਸ਼ਬਦ ਦੇ ਤਦਭਵ ਰੂਪ ਵਿਚ ਪੰਜਾਬੀ ਵਿਚ ਵਰਤਿਆ ਜਾਣ ਲਗਿਆ ਹੈ। ਇਸ ਦਾ ਅਰਥ ਹੈ ਰਹਿਣ ਦਾ ਸਥਾਨ। ਪਰ ਸਿੱਖ ਸਮਾਜ ਵਿਚ ਇਹ ਸ਼ਬਦ ਇਤਿਹਾਸਿਕ ਗੁਰੁ-ਧਾਮਾਂ ਅਤੇ ਖ਼ਾਸ ਕਰ ਦਰਬਾਰ ਸਾਹਿਬ , ਅੰਮ੍ਰਿਤਸਰ ਦੇ ਇਰਦ-ਗਿਰਦ ਬਣੇ ਉਨ੍ਹਾਂ ਨਿਵਾਸਾਂ ਲਈ ਰੂੜ੍ਹ ਹੋ ਗਿਆ, ਜੋ ਮਿਸਲ-ਯੁਗ ਵਿਚ ਵਖ ਵਖ ਸਰਦਾਰਾਂ, ਮਿਸਲਦਾਰਾਂ ਅਤੇ ਫ਼ੌਜਦਾਰਾਂ ਵਲੋਂ ਬਣਾਏ ਗਏ ਸਨ। ਇਨ੍ਹਾਂ ਵਿਚ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਸਰਦਾਰ ਜਾਂ ਜੱਥੇਦਾਰ ਖ਼ੁਦ ਠਹਿਰਦੇ ਹੁੰਦੇ ਸਨ ਅਤੇ ਉਨ੍ਹਾਂ ਦੇ ਦਲ ਬਲ ਨਗਰ ਤੋਂ ਬਾਹਰ ਰੁਕਦੇ ਸਨ। ਘਟੋ ਘਟ ਹਰ ਮਿਸਲ ਦਾ ਇਕ ਇਕ ਬੁੰਗਾ ਜ਼ਰੂਰ ਬਣਿਆ ਹੁੰਦਾ , ਜਿਵੇਂ ਬੁੰਗਾ ਸੁਕਰਚਕੀਆਂ, ਸਿੰਘਪੁਰੀਆਂ, ਸ਼ਹੀਦਾਂ, ਨਕੈਈਆਂ, ਕਨ੍ਹੀਆਂ, ਆਹਲੂਵਾਲੀਆਂ, ਰਾਮਗੜ੍ਹੀਆਂ ਆਦਿ। ਛੋਟੀਆਂ ਛੋਟੀਆਂ ਰਿਆਸਤਾਂ ਵਾਲਿਆਂ ਨੇ ਵੀ ਆਪਣੇ ਬੁੰਗੇ ਉਸਾਰ ਲਏ ਸਨ, ਜਿਵੇਂ ਬੁੰਗਾ ਜਲਿਆਂਵਾਲਾ, ਸ਼ਾਹਾਬਾਦੀਆਂ, ਮਜੀਠੀਆਂ, ਲਾਡਵਾ, ਬੂੜੀਏਵਾਲੀਆਂ, ਥਾਨੇਸਰੀਆ ਆਦਿ। ਇਸ ਤੋਂ ਇਲਾਵਾ ਕੁਝ ਸਰਦਾਰਾਂ ਦੇ ਨਾਂ ਉਤੇ ਵੀ ਬੁੰਗੇ ਕਾਇਮ ਹੋਏ, ਜਿਵੇਂ ਬੁੰਗਾ ਬਘੇਲ ਸਿੰਘ , ਤਾਰਾ ਸਿੰਘ ਗ਼ਾਇਬਾ ਆਦਿ। ਬਾਦ ਵਿਚ ਸੰਪ੍ਰਦਾਈ ਗਿਆਨੀਆਂ, ਰਾਗੀਆਂ, ਗ੍ਰੰਥੀਆਂ ਨੇ ਵੀ ਆਪਣੇ ਨਿਵਾਸਾਂ ਨੂੰ ਬੁੰਗੇ ਅਖਵਾਉਣਾ ਸ਼ੁਰੂ ਕਰ ਦਿੱਤਾ। ਇਹ ਅਸਲੋਂ ਦਰਬਾਰ ਸਾਹਿਬ ਦੇ ਨੇੜੇ ਰਹਿਣ ਦੀ ਸੁਵਿਧਾ ਨੂੰ ਮੁਖ ਰਖਦਿਆਂ ਉਨ੍ਹਾਂ ਦੇ ਬਣਾਏ ਰਿਹਾਇਸ਼ੀ ਮਕਾਨ ਸਨ, ਜਿਥੇ ਉਹ ਗੁਰਬਾਣੀ ਦੇ ਪਾਠ , ਵਿਆਖਿਆ, ਕੀਰਤਨ ਆਦਿ ਬਾਰੇ ਸਿਖਿਆ ਵੀ ਦਿੰਦੇ ਸਨ। ਇਹ ਅਸਲ ਵਿਚ ਟਕਸਾਲਾਂ ਜਾਂ ਪਾਠਸ਼ਾਲਾਂ ਸਨ। ਇਨ੍ਹਾਂ ਬੁੰਗਿਆਂ ਵਿਚੋਂ ਸਭ ਤੋਂ ਪੁਰਾਣਾ ਬੁੰਗਾ ‘ਅਕਾਲ ਬੁੰਗਾਸੀ , ਜੋ ਹੁਣਅਕਾਲ ਤਖ਼ਤਵਜੋਂ ਸੁਸ਼ੋਭਿਤ ਹੈ।

ਇਨ੍ਹਾਂ ਬੁੰਗਿਆਂ ਦੀ ਕੁਲ ਗਿਣਤੀ ਪੁਰਾਤਨ ਦਸਤਾਵੇਜ਼ਾਂ ਵਿਚ 72 ਤਕ ਮੰਨੀ ਗਈ ਹੈ। ਕਈ ਵਿਦਵਾਨ ਉਦਾਸੀ ਸਾਧਾਂ ਦੁਆਰਾ ਕਾਇਮ ਕੀਤੇ ਅਖਾੜਿਆਂ ਨੂੰ ਵੀ ਬੁੰਗਿਆਂ ਵਿਚ ਸ਼ਾਮਲ ਕਰ ਲੈਂਦੇ ਹਨ। ਦਰਬਾਰ ਸਾਹਿਬ ਦੀ ਪਰਿਕ੍ਰਮਾ ਨੂੰ ਖੁਲ੍ਹਾ ਕਰਨ ਨਿਮਿਤ ਅਧਿਕਾਂਸ਼ ਬੁੰਗੇ ਢਾਹ ਦਿੱਤੇ ਗਏ ਹਨ। ਸਿੱਖ ਧਰਮ ਦੇ ਸੰਕਟ-ਕਾਲ ਵਿਚ ਇਨ੍ਹਾਂ ਬੁੰਗਿਆਂ ਦਾ ਵਿਸ਼ੇਸ਼ ਮਹੱਤਵ ਰਿਹਾ ਹੈ। ਗੁਰਮਤਿ ਗਿਆਨ ਦੇ ਪ੍ਰਚਾਰ ਪ੍ਰਸਾਰ ਵਿਚ ਵੀ ਇਨ੍ਹਾਂ ਨੇ ਵਿਸ਼ੇਸ਼ ਭੂਮਿਕਾ ਨਿਭਾਈ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 19055, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਬੰੁਗਾ


Kanwal Flora, ( 2018/05/31 08:5139)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.