ਬੈਂਕਰ ਅਤੇ ਗਾਹਕ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Banker and Customer_ਬੈਂਕਰ ਅਤੇ ਗਾਹਕ: ਆਮ ਤੌਰ ਤੇ ਜਿਹੜਾ ਵਿਅਕਤੀ ਬੈਂਕ ਦੇ ਚਲੰਤ ਖਾਤੇ ਵਿਚ ਰਕਮ ਜਮ੍ਹਾਂ ਕਰਵਾਉਂਦਾ ਹੈ ਉਸ ਹਦ ਤਕ ਚੈੱਕ ਲਿਖ ਸਕਦਾ ਹੈ ਜਿਸ ਤਕ ਉਸ ਦੇ ਜਮ੍ਹਾਂ ਖਾਤੇ ਰਕਮ ਹੋਵੇ। ਪਰ ਜੇ ਬੈਂਕ ਉਸ ਨੂੰ ਸਹੂਲਤ ਦੇਣਾ ਚਾਹੇ ਤਾਂ ਉਹ ਉਸ ਤੋਂ ਵਧ ਰਕਮ ਲਈ ਚੈੱਕ ਲਿਖ ਸਕਦਾ ਹੈ। ਜੇ ਬੈਂਕਰ ਆਪਣੇ ਗਾਹਕ ਨਾਲ ਇਕਰਾਰ ਕਰਦਾ ਹੈ ਅਤੇ ਉਸ ਨੂੰ ਉਸ ਦੇ ਜਮ੍ਹਾਂ ਖਾਤੇ ਰਕਮ ਤੋਂ ਵਧੀਕ ਰਕਮ ਕਢਵਾ ਲੈਣ ਦੀ ਇਜਾਜ਼ਤ ਦਿੰਦਾ ਹੈ ਅਤੇ ਉਸ ਸੀਮਾ ਤੋਂ ਵਧ ਕਢਵਾਈ ਜਾਣ ਵਾਲੀ ਰਕਮ ਦੇ ਸਬੰਧ ਵਿਚ ਲਿਖੇ ਗਏ ਚੈੱਕ ਸਵੀਕਾਰ ਕਰਨ ਦਾ ਜ਼ਿੰਮਾ ਲੈਂਦਾ ਹੈ ਤਾਂ ਅਜਿਹੇ ਚੈੱਕਾਂ ਦਾ ਆਦਰ ਕਰਨਾ ਬੈਂਕ ਦੀ ਦੇਣਦਾਰੀ ਬਣ ਜਾਂਦੀ ਹੈ। ਇਸ ਤਰ੍ਹਾਂ ਚੈੱਕਾਂ ਦਾ ਆਦਰ ਕਰਨ ਦੀ ਜ਼ਿੰਮੇਵਾਰੀ ਨਿਰੋਲ ਰੂਪ ਵਿਚ ਬੈਂਕਰ ਅਤੇ ਗਾਹਕ ਵਿਚਕਾਰ ਹੋਏ ਮੁਆਇਦੇ ਤੇ ਨਿਰਭਰ ਕਰਦੀ ਹੈ। ਜਦੋਂ ਗਾਹਕ ਦੀਆਂ ਸੀਕਿਉਰਿਟੀਆਂ ਬੈਂਕਰ ਦੇ ਹੱਥ ਵਿਚ ਹੱਥ ਹੋਣ ਤਦ ਗਾਹਕ ਦੇ ਖਾਤੇ ਵਿਚ ਭਾਵੇਂ ਨਕਦ ਬਾਕੀ ਨ ਵੀ ਹੋਵੇ ਤਾਂ ਵੀ ਬੈਂਕਰ ਦੇਣਦਾਰ ਹੋਵੇਗਾ ਜਦ ਉਸੇ ਤਰ੍ਹਾਂ ਦੇ ਵਿਹਾਰ ਦੇ ਅਨੁਕ੍ਰਮ ਵਿਚ ਪਹਿਲਾਂ ਉੋਸ ਨੇ ਗਾਹਕ ਦੇ ਚੈੱਕ ਦਾ ਆਦਰ ਕੀਤਾ। ਇਹ ਜ਼ਰੂਰੀ ਨਹੀਂ ਕਿ ਗਾਹਕ ਹਰੇਕ ਮੌਕੇ ਚੈੱਕ ਲਿਖਣ ਤੋਂ ਪਹਿਲਾਂ ਓਵਰ ਡਰਾਫ਼ਟ ਲਈ ਬੇਨਤੀ ਕਰੇ ਅਤੇ ਬੈਂਕ ਉਸ ਦੀ ਬੇਨਤੀ ਪਰਵਾਨ ਕਰੇ। ਜੇ ਗਾਹਕ ਨਾਲ ਉਸ ਦੇ ਖਾਤੇ ਜਮ੍ਹਾਂ ਰਕਮ ਤੋਂ ਵਧ ਰਕਮ ਕਢਾਉਣ ਦੇਣ ਦਾ ਪਹਿਲਾਂ ਇਕਰਾਰਨਾਮਾ ਹੈ ਤਾਂ ਉਹ ਬੈਂਕਰ ਤੇ ਓਵਰਡਰਾਫ਼ਟ ਦੀ ਅਧਿਕਤਮ ਸੀਮਾ ਤਕ ਜੇ ਕੋਈ ਸੀਮਾ ਰਖੀ ਗਈ ਹੈ ਵਧੀਕ ਰਕਮ ਲਈ ਚੈੱਕਾਂ ਦਾ ਆਦਰ ਕਰਨ ਦੀ ਜ਼ਿੰਮੇਵਾਰੀ ਅਰਪੋਣ ਲਈ ਕਾਫ਼ੀ ਹੈ।

       ਇਹ ਸਥਿਰ ਕਾਨੂੰਨ ਹੈ ਕਿ ਜੇ ਕੋਈ ਬੈਂਕਰ ਬਿਨਾਂ ਕਿਸੇ ਉਚਿਤਤਾ ਦੇ ਆਪਣੇ ਗਾਹਕ ਦੇ ਚੈਕ ਦਾ ਅਨਾਦਰ ਕਰਦਾ ਹੈ ਹੈ ਤਾਂ ਬੈਂਕਰ ਗਾਹਕ ਦੀ ਰਿਣ-ਸਾਖ ਨੂੰ ਵਜੀ ਸੱਟ ਲਈ  ਮੁਆਵਜ਼ਾ ਦੇਣ ਦਾ ਭਾਗੀ ਹੁੰਦਾ ਹੈ। (ਬ੍ਰਹਮਾ ਬਨਾਮ ਚਾਰਟਰਡ ਬੈਂਕ ਏ ਆਈ ਆਰ 1956 ਕਲਕਤਾ 399)।

       ਬੈਂਕ ਅਤੇ ਗਾਹਕ ਵਿਚਲੇ ਸਬੰਧਾਂ ਦੇ ਇਕ ਹੋਰ ਪੱਖ ਬਾਰੇ ਸਰਵ ਉੱਚ ਅਦਾਲਤ ਨੇ ਸ਼ਾਂਤੀ ਪ੍ਰਸਾਦ ਜੈਨ ਬਨਾਮ ਡਾਇਰੈਕਟਰ ਔਫ਼ ਐਨਫ਼ੋਰਸਮੈਂਟ [ਏ ਆਈ ਆਰ 1962 ਐਸ ਸੀ 1764] ਦੇ ਕੇਸ ਵਿਚ ਕਿਹਾ ਹੈ ਕਿ, ‘‘ਹੁਣ ਇਹ ਕਾਨੂੰਨ ਸਥਿਰ ਹੋ ਚੁੱਕਾ ਹੈ ਕਿ ਜਦ ਧਨ ਬੈਂਕ ਵਿਚ ਜਮ੍ਹਾਂ ਕਰਵਾਇਆ ਜਾਂਦਾ ਹੈ ਤਾਂ ਬੈਂਕਰ ਅਤੇ ਗਾਹਕ ਵਿਚਕਾਰ ਜੋ ਸਬੰਧ ਸਥਾਪਤ ਹੁੰਦਾ ਹੈ ਉਹ ਰਿਣੀ ਅਤੇ ਰਿਣਦਾਤਾ ਦਾ ਹੁੰਦਾ ਹੈ ਨ ਕਿ ਟਰੱਸਟੀ ਅਤੇ ਲਾਭਪਾਤਰ ਦਾ। ਬੈਂਕ ਜਿਵੇਂ ਚਾਹੇ ਕਾਰਨ ਦਸਣ ਤੋਂ ਬਿਨਾਂ, ਉਸ ਧਨ ਦੀ ਵਰਤੋਂ ਕਰ ਸਕਦਾ ਹੈ ਉਸ ਦੀ ਕੇਵਲ ਜ਼ਿੰਮੇਵਾਰੀ ਬੈਂਕ ਅਤੇ ਗਾਹਕ ਵਿਚਕਾਰ ਤੈਅ ਹੋਏ ਨਿਬੰਧਨਾਂ ਦੀ ਅਨੁਸਾਰਤਾ ਵਿਚ ਧਨ ਮੋੜਨ ਦੀ ਹੁੰਦੀ ਹੈ।’’ ਆਪਣੇ ਇਸ ਕਥਨ ਨੂੰ ਮਸ਼ਰੂਤ ਬਣਾਉਂਦੇ ਹੋਏ ਅਦਾਲਤ ਦਾ ਕਹਿਣਾ ਸੀ ਕਿ ਅਜਿਹਾ ਵਿਸ਼ੇਸ਼ ਇੰਤਜ਼ਾਮ ਕੀਤਾ ਜਾ ਸਕਦਾ ਹੈ ਜਿਸ ਦੇ ਅਧੀਨ ਬੈਂਕਰ ਨੂੰ ਟਰੱਸਟੀ ਬਣਾਇਆ ਗਿਆ ਹੋਵੇ। ਪਰ ਅਜਿਹੇ ਇੰਤਜ਼ਾਮ ਤੋਂ ਬਿਨਾਂ ਬੈਂਕਰ ਰਿਣੀ ਹੈ ਨ ਕਿ ਟਰਸਟੀ।’’ ਇਸ ਤੋਂ ਸਪਸ਼ਟ ਹੈ ਕਿ ਆਮ ਤੌਰ ਤੇ ਚਲੰਤ ਖਾਤੇ ਵਿਚ ਰਕਮ ਜਮ੍ਹਾਂ ਕਰਾਉਣ ਲਈ ਰਿਣ ਦਾ ਮੁਆਇਦਾ ਪਲਚਿਆ ਹੋਵੇ। ਕੀ ਕੋਈ ਜਮ੍ਹਾਂ ਕਰਵਾਈ ਰਕਮ ਕਰਜ਼ੇ ਦੀ ਕੋਟੀ ਵਿਚ ਆਉਂਦੀ ਹੈ, ਇਹ ਗੱਲ ਉਸ ਮੁਆਇਦੇ ਦੇ ਨਿਬੰਧਨਾਂ ਤੇ ਨਿਰਭਰ ਕਰਦੀ ਹੈ ਜਿਸ ਦੇ ਅਧੀਨ ਰਕਮ ਜਮ੍ਹਾਂ ਕਰਵਾਈ ਗਈ ਹੈ। ਜਦ ਕੋਈ ਵਿਅਕਤੀ ਕਿਸੇ ਬੈਂਕ ਦੇ ਚਲੰਤ ਖਾਤੇ ਵਿਚ ਸਤੁੰਤਰ ਕਰੰਸੀ ਇਸ ਮੰਤਵ ਨਾਲ ਜਮ੍ਹਾਂ ਕਰਵਾਉਂਦਾ ਹੈ ਕਿ ਜਿਸ ਪ੍ਰਯੋਜਨ ਲਈ ਉਹ ਦਿੱਤੀ ਗਈ ਸੀ ਉਸ ਲਈ ਉਹ ਜਦੋਂ ਜ਼ਰੂਰੀ ਸਮਝੇ ਕਢਾ ਲਵੇ ਤਾਂ ਇਹ ਕਰਾਰ ਦੇਣਾ ਸੰਭਵ ਨਹੀਂ ਕਿ ਉਹ ਧਾਰਾ 4(1)ਅਧੀਨ ਕਰਾਰ ਕਰਦਾ ਹੈ। ਉਹ ਕੇਵਲ ਉਕਤ ਪ੍ਰਯੋਜਨ ਲਈ ਧਨ ਜਮ੍ਹਾਂ ਕਰਵਾਉਂਦਾ ਹੈ। ਜੇ ਅਦਾਲਤ ਇਹ ਕਰਾਰ ਦੇਵੇ ਕਿ ਅਜਿਹਾ ਵਿਹਾਰ ਕਰਜ਼ਾ ਹੈ ਤਾਂ ਕਈ ਈਮਾਨਦਾਰ ਆਦਮੀ ਜੋ ਥੋੜ੍ਹੇ ਸਮੇਂ ਲਈ ਕਿਸੇ ਬਦੇਸ਼ੀ ਮੁਲਕ ਵਿਚ ਰਹਿ ਰਿਹਾ ਹੋਵੇ ਜਦੋਂ ਉਹ ਉਥੇ ਬਦੇਸ਼ੀ ਮੁਦਰਾ ਜਮ੍ਹਾਂ ਕਰਵਾਉਂਦਾ ਹੈ ਤਾਂ ਉਹ ਅਪਰਾਧ ਕਰ ਰਿਹਾ ਹੋਵੇਗਾ ਅਤੇ ਵਿਧਾਨ ਮੰਡਲ ਦਾ ਇਹ ਇਰਾਦਾ ਨਹੀਂ ਹੋ ਸਕਦਾ। ਬੈਂਕਰ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਆਪਣੇ ਕਾਰੋਬਾਰ ਦੇ ਸਾਧਾਰਨ ਅਨੁਕ੍ਰਮ ਵਿਚ ਉਨ੍ਹਾਂ ਵਿਅਕਤੀਆਂ ਦੁਆਰਾ ਉਸਦੇ ਨਾਂ ਲਿਖੇ ਗਏ ਚੈੱਕਾਂ ਦਾ ਆਦਰ ਕਰਦਾ ਹੈ ਅਤੇ ਚਲੰਤ ਲੇਖਿਆਂ ਲਈ ਧਨ ਵਸੂਲ ਕਰਦਾ ਹੈ। ਤੇ (ਰਾਮ ਰਤਨ ਗੁਪਤਾ ਬਨਾਮ ਡਾਇਰੈਕਟਰ ਔਫ਼ ਇਨਫੋਰਸਮੈਂਟ, ਫ਼ਾਰੇਨ ਐਕਸਚੇਂਜ ਰੈਗੂਲੇਸ਼ਨ ਏ ਆਈ ਆਰ 1966 ਐਸ ਸੀ 495)।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1864, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.