ਬੰਗਲਾਦੇਸ਼ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Bangladesh ਬੰਗਲਾਦੇਸ਼ : ਬੰਗਲਾਦੇਸ਼, ਪੀਪਲਜ਼ ਰੀਪਬਲਿਕ ਆਫ਼ ਬੰਗਲਾਦੇਸ਼, ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਇਸਦੀ ਦੂਰ ਦੱਖਣ ਪੂਰਬ ਵਿਚ ਬਰਮਾ (ਮੀਆਮਾਰ) ਅਤੇ ਦੱਖਣ ਵਿਚ ਬੰਗਾਲ ਦੀ ਖਾੜੀ ਨਾਲ ਲੱਗਦੀ ਥੋੜ੍ਹੀ ਜਿਹੀ ਸਰਹੱਦ ਤੋਂ ਛੁੱਟ ਸਾਰੇ ਪਾਸਿਆਂ ਵੱਲ ਭਾਰਤ ਦੀ ਸਰਹੱਦ ਹੈ। ਭਾਰਤ ਦੇ ਪੱਛਮੀ ਬੰਗਾਲ ਰਾਜ ਸਹਿਤ ਇਹ ਬੰਗਾਲ ਦਾ ਨਸਲੀ-ਭਾਸ਼ਾਈ ਪ੍ਰਦੇਸ਼ ਹੈ। ਬੰਗਲਾ ਦੇਸ਼ ਦਾ ਅਰਬ ਬੰਗਾਲ ਦਾ ਦੇਸ਼ ਹੈ।
ਵਰਤਮਾਨ ਬੰਗਲਾਦੇਸ਼ ਦੀਆਂ ਸਰਹੱਦਾਂ 1947 ਵਿਚ ਭਾਰਤ ਅਤੇ ਬੰਗਾਲ ਦੀ ਵੰਡ ਨਾਲ ਸਥਾਪਤ ਹੋਈਆਂ, ਜਦੋਂ ਇਸ ਪ੍ਰਦੇਸ਼ ਨੂੰ ਨਵੇਂ ਸਥਾਪਤ ਦੇਸ਼ ਪਾਕਿਸਤਾਨ ਦੇ ਭਾਗ ਵਜੋਂ ਪੂਰਬੀ ਪਾਕਿਸਤਾਨ ਦਾ ਨਾਂ ਦਿੱਤਾ ਗਿਆ। ਐਪਰ ਇਸਨੂੰ ਭਾਰਤੀ ਇਲਾਕੇ ਦੇ 1600 ਕਿਲੋਮੀਟਰ (994 ਮੀਲਾਂ ) ਦੁਆਰਾ ਪੱਛਮੀ ਪਾਸੇ ਤੋਂ ਅਲੱਗ ਕੀਤਾ ਗਿਆ ਸੀ। ਰਾਜਨੀਤਿਕ ਤੌਰ ਤੇ ਪ੍ਰਬਲ ਪੱਛਮੀ ਪਾਕਿਸਤਾਨ ਦੁਆਰਾ ਆਰਥਿਕ ਅਣਗਹਿਲੀ ਕਾਰਨ ਪੱਛਮੀ ਪਾਕਿਸਤਾਨ ਦੇ ਵਿਰੁੱਧ ਲੋਕ ਅੰਦੋਲਨ ਪੈਦਾ ਹੋਇਆ ਜਿਸ ਦੇ ਨਤੀਜੇ ਵਜੋਂ 1971 ਵਿਚ ਬੰਗਲਾਦੇਸ਼ ਸ਼ਕਤੀ ਯੁੱਧ ਹੋਇਆ ਜਿਸਨੂੰ ਭਾਰਤ ਦੀ ਹਮਾਇਤ ਨਾਲ ਬੰਗਾਲੀ ਲੋਕਾਂ ਨੇ ਜਿੱਤਿਆ। ਆਜ਼ਾਦੀ ਤੋਂ ਬਾਅਦ ਨਵੇਂ ਰਾਜ ਨੂੰ ਕਾਲਾਂ, ਪ੍ਰਾਕ੍ਰਿਤਕ ਵਿਪਤਾਵਾਂ ਅਤੇ ਭਾਰੀ ਨਿਰਬਲਤਾ ਅਤੇ ਰਾਜਨੀਤਿਕ ਰੌਲੇ ਗੌਲੇ ਅਤੇ ਮੌਲਿਕ ਬਗ਼ਾਵਤਾਂ ਦਾ ਸਾਹਮਣਾ ਕਰਨਾ ਪਿਆ। 1991 ਵਿਚ ਲੋਕਰਾਜ ਦੀ ਬਹਾਲੀ ਨਾਲ ਹੀ ਇਥੇ ਸ਼ਾਂਤੀ ਅਤੇ ਆਰਥਿਕ ਪ੍ਰਗਤੀ ਆਈ। ਹੁਣ ਬੰਗਲਾ ਦੇਸ਼ ਧਰਮਨਿਰਪੇਖ, ਲੋਕਤੰਤਰੀ ਗਣਤੰਤਰ ਹੈ।
1971 ਵਿਚ ਜਨਰਲ ਜਗਜੀਤ ਸਿੰਘ ਅਰੋੜਾ ਦੀ ਅਗਵਾਈ ਵਿਚ ਭਾਰਤ-ਪਾਕ ਜੰਗ ਵਿਚ ਪੂਰਬੀ ਪਾਕਿਸਤਾਨ (ਹੁਣ ਬੰਗਲਾ ਦੇਸ਼ ) ਦੇ 55 ਹਜ਼ਾਰ ਵਰਗਮੀਲ ਇਲਾਕੇ ਤੇ ਭਾਰਤੀ ਸੈਨਾ ਨੇ ਕਬਜ਼ਾ ਕਰਕੇ ਯੁੱਧ ਦੇ ਦੌਰਾਨ 93 ਹਜ਼ਾਰ ਨਾਲੋਂ ਅਧਿਕ ਪਾਕਿਸਤਾਨੀ ਸੈਨਿਕਾਂ ਨੂੰ ਬੰਦੀ ਬਣਾਇਆ ਸੀ ਅਤੇ ਪਾਕ ਸੈਨਾ ਦੇ ਜਨਰਲ ਏ਼ਏ਼ਕੇ ਨਿਆਜ਼ੀ ਨੇ ਜਨਰਲ ਅਰੋੜਾ ਦੇ ਸਾਹਮਣੇ ਆਤਮ-ਸਮਰਪਣ ਕੀਤਾ ਸੀ।
ਬੰਗਲਾਦੇਸ਼ ਅੱਠਵਾਂ ਸੰਘਣੀ ਆਬਾਦੀ ਵਾਲਾ ਦੇਸ਼ ਹੈ ਅਤੇ ਸੰਸਾਰ ਵਿਚ ਬਹੁਤ ਹੀ ਸੰਘਣੀ ਆਬਾਦੀ ਵਾਲੇ ਦੇਸ਼ਾਂ ਵਿਚੋਂ ਇੱਕ ਹੈ। ਦੇਸ਼ ਦੀ ਗ਼ਰੀਬੀ ਦਰ ਵੀ ਬਹੁਤ ਉੱਚੀ ਹੈ। ਐਪਰ ਪ੍ਰਤਿ ਜੀਅ ਜੀ਼ਡੀ਼ਪੀ 1975 ਨਾਲੋਂ ਦੁਗਣੀ ਹੋ ਗਈ ਹੈ ਅਤੇ ਗਰੀਬੀ ਦਰ 1990 ਤੋਂ 20% ਘੱਟ ਗਈ ਹੈ। ਦੇਸ਼ ਦਾ ਨਾਂ ਅਗਲੀਆਂ ਗਿਆਰਾਂ ਅਰਥ-ਵਿਵਸਥਾਵਾਂ ਵਿਚ ਆਉਂਦਾ ਹੈ। ਢਾਕਾ ਅਤੇ ਹੋਰ ਸ਼ਹਿਰੀ ਕੇਂਦਰ ਇਸ ਵਿਕਾਸ ਦੇ ਮੁੱਖ ਸ੍ਰੋਤ ਹਨ। ਭੂਗੋਲਿਕ ਰੂਪ ਵਿਚ ਉਪਜਾਊ ਗੰਗਾ-ਬ੍ਰਹਮਪੁੱਤਰ ਡੈਲਟਾ ਤੇ ਫੈਲਿਆ ਹੋਇਆ ਹੈ ਅਤੇ ਲਗਭਗ ਹਰ ਸਾਲ ਭਾਰੀ ਮੂਲਭੂਤ, ਹੜ੍ਹ ਅਤੇ ਚੱਕਰਵਾਤ ਆਉਂਦੇ ਰਹਿੰਦੇ ਹਨ। ਬੰਗਲਾਦੇਸ਼ ਸੰਸਦੀ ਲੋਕਤੰਤਰ ਹੈ ਅਤੇ ਇਸਦੀ ਚੋਣਵੀਂ ਸੰਸਦ ਹੈ ਜਿਸਨੂੰ ਜੇਤਿਬੋ ਸੰਗਸ਼ਦ ਆਖਦੇ ਹਨ। ਦੇਸ਼ ਰਾਸ਼ਟਰਮੰਡਲ, ਓ ਆਈ ਸੀ, ਸਾਰਕ , ਬੀ ਆਈ ਐਮ ਸੀ ਟੀ ਈ ਵੀ ਅਤੇ ਡੀ-8 ਦਾ ਮੈਂਬਰ ਹੈ। ਵਰਲਡ ਬੈਂਕ ਅਨੁਸਾਰ ਦੇਸ਼ ਨੇ ਸਾਖਰਤਾ , ਪੜ੍ਹਾਈ ਵਿਚ ਲਿੰਗ ਸਮਾਨਤਾ ਅਤੇ ਆਬਾਦੀ ਵਾਧੇ ਵਿਚ ਕਮੀ ਦੇ ਪੱਖੋਂ ਮਾਨਵੀ ਵਿਕਾਸ ਵਿਚ ਮਹੱਤਵਪੂਰਣ ਪ੍ਰਗਤੀ ਕੀਤੀ ਹੈ। ਐਪਰ ਬੰਗਲਾਦੇਸ਼ ਨੂੰ ਕਈ ਰਾਜਨੀਤਿਕ ਅਤੇ ਨੌਕਰਸ਼ਾਹੀ ਭ੍ਰਿਸ਼ਟਾਚਾਰ, ਸੰਸਾਰ ਨਾਲ ਸਬੰਧਤ ਆਰਥਿਕ ਪ੍ਰਤਿਯੋਗਤਾ, ਭਾਰੀ ਆਬਾਦੀ, ਵਿਸ਼ਾਲ ਗ਼ਰੀਬੀ ਜਿਹੀਆਂ ਕਈ ਸਮੱਸਿਆਵਾਂ ਦਾ ਲਗਾਤਾਰ ਸਾਹਮਣਾ ਕਰਨਾ ਪੈ ਰਿਹਾ ਹੈ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1827, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First