ਭਗਤੀ ਦਾ ਸਰੂਪ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭਗਤੀ ਦਾ ਸਰੂਪ: ਭਗਤੀ (ਭਕੑਤਿ) ਸ਼ਬਦ ਸੰਸਕ੍ਰਿਤ ਦੀ ‘ਭਜੑ’ ਧਾਤੂ ਤੋਂ ਬਣਿਆ ਹੈ ਅਤੇ ਇਸ ਦਾ ਅਰਥ ਹੈ ਭਜਣਾ ਜਾਂ ਭਜਨ ਕਰਨਾ। ਆਰਾਧਨਾ, ਸੇਵਾ , ਉਪਾਸਨਾ , ਇਸ਼ਟ-ਦੇਵ ਪ੍ਰਤਿ ਅਤਿ ਅਨੁਰਾਗ (ਪ੍ਰੇਮ), ਸ਼ਰਧਾ ਆਦਿ ਇਸ ਦੇ ਕਈ ਨਾਮਾਂਤਰ ਵੀ ਪ੍ਰਚਲਿਤ ਹਨ, ਪਰ ਇਨ੍ਹਾਂ ਸ਼ਬਦਾਂ ਨਾਲ ਭਗਤੀ ਦੀ ਵਾਸਤਵਿਕ ਆਤਮਾ ਦਾ ਗਿਆਨ ਨਹੀਂ ਹੁੰਦਾ। ਭਾਰਤ ਦੀਆਂ ਆਸਤਿਕ ਸਾਧਨਾ-ਪੱਧਤੀਆਂ ਵਿਚ ਇਸ ਦੀ ਮਾਨਤਾ ਹੈ ਹੀ, ਪਰ ਅਨੀਸ਼੍ਵਰਵਾਦੀ ਮੱਤਾਂ ਦੀਆਂ ਕਈਆਂ ਸ਼ਾਖਾਵਾਂ ਵਿਚ ਵੀ ਇਸ ਦੇ ਮਹੱਤਵ ਨੂੰ ਸਵੀਕਾਰ ਕਰ ਲਿਆ ਗਿਆ ਹੈ।

ਵਖ ਵਖ ਵਿਦਵਾਨਾਂ, ਆਚਾਰਯਾਂ ਅਤੇ ਸਾਧਕਾਂ ਨੇ ‘ਭਗਤੀ’ ਦੀਆਂ ਭਿੰਨ ਭਿੰਨ ਪਰਿਭਾਸ਼ਾਵਾਂ ਪੇਸ਼ ਕੀਤੀਆਂ ਹਨ। ‘ਨਾਰਦ ਭਕੑਤਿ ਸੂਤ੍ਰ ’ ਵਿਚ ਹੀ ਕੁਮਾਰ, ਵੇਦ-ਵਿਆਸ, ਸ਼ਾਂਡਿਲੑਸ, ਗਰਗ, ਵਿਸ਼ਣੂ, ਉਧੱਵ, ਬਲਿ ਆਦਿ ਸਾਧਕਾਂ ਦੇ ਭਗਤੀ-ਸਿੱਧਾਂਤਾਂ ਦਾ ਸਾਰ ਸੰਕਲਿਤ ਕੀਤਾ ਗਿਆ ਹੈ। ਇਸ ਵਿਚ ਦਰਜ ਵੇਦ-ਵਿਆਸ ਦੀ ਪਰਿਭਾਸ਼ਾ ਅਨੁਸਾਰ ਪੂਜਾ ਆਦਿ ਵਿਚ ਡੂੰਘਾ ਪ੍ਰੇਮ (ਅਨੁਰਾਗ) ਹੋਣਾ ‘ਭਗਤੀ’ ਹੈ (ਸੂਤ੍ਰ 16)। ਗਰਗ ਨਾਂ ਦੇ ਆਚਾਰਯ ਦੇ ਮਤ ਵਿਚ ਭਗਵਾਨ ਦੀ ਕਥਾ ਵਿਚ ਪ੍ਰੀਤੀ (ਅਨੁਰਕੑਤੀ) ਹੀ ‘ਭਗਤੀ’ ਹੈ (ਸੂਤ੍ਰ 17)। ਆਚਾਰਯ ਸ਼ਾਂਡਿਲੑਯ ਦਾ ਵਿਚਾਰ ਹੈ ਕਿ ਆਤਮ-ਰਤਿ ਦੇ ਅਨੁਕੂਲ ਵਿਸ਼ਿਆਂ ਵਿਚ ਅਨੁਰਾਗ ਹੀ ‘ਭਗਤੀ’ ਹੈ (ਸੂਤ੍ਰ 18)। ਉਪਲਬਧ ‘ਸ਼ਾਂਡਿਲੑਯ ਭਕੑਤਿ ਸੂਤ੍ਰ’ (1/1/2) ਵਿਚ ਈਸ਼ਵਰ ਪ੍ਰਤਿ ਕੀਤੀ ਗਈ ਪਰਮ ਅਨੁਰਕੑਤੀ ਨੂੰ ‘ਭਗਤੀ’ ਕਿਹਾ ਜਾਂਦਾ ਹੈ। ਨਾਰਦ ਦੇ ਮਤ ਅਨੁਸਾਰ ਇਸ਼ਟ-ਦੇਵ ਵਿਚ ਸਾਧਕ ਦਾ ਅਦੁੱਤੀ ਅਤੇ ਨਿਘਾ ਪ੍ਰੇਮ ਹੀ ‘ਭਗਤੀ’ ਹੈ, ਜੋ ਅੰਮ੍ਰਿਤ-ਰੂਪਾ ਹੈ ਅਤੇ ਜਿਸ ਨੂੰ ਪ੍ਰਾਪਤ ਕਰਕੇ ਮਨੁੱਖ ਸਿੱਧ, ਅਮਰ, ਤ੍ਰਿਪਤ ਅਤੇ ਸੰਤੁਸ਼ਟ ਹੋ ਜਾਂਦਾ ਹੈ (‘ਨਾਰਦ ਭਕੑਤਿ ਸੂਤ੍ਰ’—2/4)।

‘ਭਾਗਵਤ-ਪੁਰਾਣ’ (3/25/32-33) ਅਨੁਸਾਰ ਭਗਵਾਨ ਵਿਚ ਨਿਸ਼ਕਾਮ ਭਾਵ ਨਾਲ ਨਿਘ ਸਹਿਤ ਸਾਤਵਿਕ ਪ੍ਰੇਮ ਦੀ ਪ੍ਰਵ੍ਰਿੱਤੀ ‘ਭਗਤੀ’ ਹੈ। ‘ਵਿਸ਼ਣੂ-ਪੁਰਾਣ’ (1/20/19) ਵਿਚ ਲਿਖਿਆ ਹੈ ਕਿ ਅਵਿਵੇਕੀ ਪੁਰਸ਼ਾਂ ਦੀ ਵਿਸ਼ਿਆਂ ਵਿਚ ਸਥਿਰ ਪ੍ਰੀਤ ਵਾਂਗ ਭਗਵਾਨ ਪ੍ਰਤਿ ਪ੍ਰੇਮ ਹੀ ‘ਭਗਤੀ’ ਹੈ। ‘ਪਾਂਚਰਾਤ੍ਰ ਆਗਮ ’ ਵਿਚ ਵਿਸ਼ਣੂ ਪ੍ਰਤਿ ਸਥਾਈ ਪ੍ਰੇਮ ਨੂੰ ‘ਭਗਤੀ’ ਕਿਹਾ ਗਿਆ ਹੈ। ‘ਨਾਰਦ ਪਾਂਚਰਾਤ੍ਰ’ ਵਿਚ ਸਾਰੀਆਂ ਉਪਾਧੀਆਂ (ਛਲ, ਕਪਟ , ਪ੍ਰਪੰਚ) ਤੋਂ ਮੁਕਤ ਹੋ ਕੇ ਭਗਵਾਨ ਰਿਸ਼ੀਕੇਸ਼ ਦੀ ਸੇਵਾ ਨੂੰ ‘ਭਗਤੀ’ ਦਾ ਨਾਂ ਦਿੱਤਾ ਗਿਆ ਹੈ।

ਸ਼ੰਕਰਾਚਾਰਯ ਦੀ ਗਿਆਨ-ਸਾਧਨਾ ਦੇ ਵਿਰੋਧ ਵਿਚ ਚਲੀਆਂ ਸੰਪ੍ਰਦਾਵਾਂ ਦੇ ਸੰਸਥਾਪਕਾਂ ਅਤੇ ਧਰਮ- ਸਾਧਕਾਂ ਨੇ ਵੀ ਭਗਤੀ ਸੰਬੰਧੀ ਕੁਝ ਵਿਚਾਰ ਪ੍ਰਗਟਾਏ ਹਨ। ਸ੍ਰੀ ਸੰਪ੍ਰਦਾਇ ਦੇ ਮੋਢੀ ਰਾਮਾਨੁਜਾਚਾਰਯ ਨੇ ‘ਭਗਵਦ -ਗੀਤਾ’ ਉਪਰ ਕੀਤੇ ਆਪਣੇ ਭਾਸ਼ੑਯ ਵਿਚ ਦਸਿਆ ਹੈ ਕਿ ਭਗਵਾਨ ਪ੍ਰਤਿ ਕੀਤਾ ਸਨੇਹ-ਪੂਰਵਕ ਲਗਾਤਾਰ ਧਿਆਨ ਹੀ ‘ਭਗਤੀ’ ਹੈ। ਇਹ ਧਿਆਨ ਤੇਲ ਦੀ ਧਾਰ ਵਾਂਗ ਨਿਰੰਤਰ ਹੋਣਾ ਚਾਹੀਦਾ ਹੈ। ਮਧਵਾਚਾਰਯ ਨੇ ਭਗਵਾਨ ਦੇ ਮਹਾਤਮ-ਗਿਆਨ ਤੋਂ ਪੈਦਾ ਹੋਈ ਪਰਮ- ਪ੍ਰੀਤ ਨੂੰ ‘ਭਗਤੀ’ ਦਾ ਨਾਂ ਦਿੱਤਾ ਹੈ। ਵਲਭਾਚਾਰਯ, ਰੂਪ- ਗੋਸ੍ਵਾਮੀ, ਮਧੁਸੂਦਨ ਸਰਸੑਵਤੀ ਆਦਿ ਕਈ ਹੋਰ ਸਾਧਕਾਂ ਨੇ ਵੀ ਆਪਣੇ ਆਪਣੇ ਢੰਗ ਨਾਲ ਵਿਚਾਰ ਪ੍ਰਗਟਾਏ ਹਨ।

ਇਨ੍ਹਾਂ ਸਾਰੀਆਂ ਪਰਿਭਾਸ਼ਿਕ ਸਥਾਪਨਾਵਾਂ ਤੋਂ ਇਕ ਗੱਲ ਸਪੱਸ਼ਟ ਰੂਪ ਵਿਚ ਉਘੜਦੀ ਹੈ ਕਿ ਪ੍ਰੇਮ ‘ਭਗਤੀ’ ਦਾ ਬੁਨਿਆਦੀ ਤੱਤ੍ਵ ਹੈ। ਇਸ ਤੋਂ ਇਲਾਵਾ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਭਗਤ ਸਾਧਕ ਲਈ ਸਰਬ- ਸ਼ਕਤੀਮਾਨ ਪਰਮ-ਸੱਤਾ ਵਿਚ ਵਿਸ਼ਵਾਸ ਰਖਣਾ ਅਤੇ ਉਸ ਪ੍ਰਤਿ ਅਪਾਰ ਸ਼ਰਧਾ ਦਾ ਹੋਣਾ ਅਤਿ ਆਵੱਸ਼ਕ ਹੈ। ਵੈਸ਼ਣਵ -ਭਗਤੀ ਚੂੰਕਿ ਅਵਤਾਰਵਾਦ ਉਤੇ ਟਿਕੀ ਹੈ, ਇਸ ਲਈ ਇਸ ਨੂੰ ‘ਸਗੁਣ-ਭਗਤੀ’ (ਵੇਖੋ) ਕਿਹਾ ਜਾਵੇਗਾ ਅਤੇ ਨਿਰਾਕਾਰ ਪ੍ਰਤਿ ਭਗਤੀ ਨੂੰ ‘ਨਿਰਗੁਣ-ਭਗਤੀ’ (ਵੇਖੋ) ਮੰਨਿਆ ਜਾਵੇਗਾ।

ਭਗਤੀ ਦੇ ਸਗੁਣ ਅਤੇ ਨਿਰਗੁਣ ਪ੍ਰਕਾਰਾਂ ਤੋਂ ਇਲਾਵਾ ਵਿਦਵਾਨਾਂ ਨੇ ਇਸ ਦੇ ਕਈ ਹੋਰ ਭੇਦਾਂ ਦੀ ਸਥਾਪਨਾ ਵੀ ਕੀਤੀ ਹੈ, ਜਿਵੇਂ ਗੁਣਾਂ ਦੇ ਆਧਾਰ’ਤੇ ਤਿੰਨ ਭੇਦ ਹਨ—ਸਾਤਵਿਕੀ, ਰਾਜਸੀ ਅਤੇ ਤਾਮਸੀ। ਹੋਰ ਪ੍ਰਕਾਰ ਹਨ— ਪਰਾ ਅਤੇ ਗੌਣੀ, ਸੂਖਮਾ ਅਤੇ ਸਥੂਲਾ, ਰਾਗਾਤਮਿਕਾ ਅਤੇ ਗੌਣੀ, ਮਾਨਸੀ ਅਤੇ ਸ਼ਰੀਰੀ, ਨਿਸ਼ਕਾਮ ਅਤੇ ਸਕਾਮ, ਸਾਧੑਯ-ਰੂਪਾ ਅਤੇ ਸਾਧਨ-ਰੂਪਾ। ਨਵਧਾ ਭਗਤੀ ਵੀ ਬਹੁਤ ਚਰਚਿਤ ਹੈ। ਇਸ ਭਗਤੀ ਦੇ ‘ਭਾਗਵਤ ਪੁਰਾਣ ’ (7/5/23) ਅਨੁਸਾਰ ਨੌਂ ਸਾਧਨ ਹਨ—ਸ਼੍ਰਵਣ, ਕੀਰਤਨ , ਸਮਰਣ, ਪਾਦ-ਸੇਵਨ, ਪੂਜਾ-ਅਰਚਾ, ਵੰਦਨ, ਦਾਸੑਯ, ਸਖੑਯ ਅਤੇ ਆਤਮ-ਨਿਵੇਦਨ। ‘ਨਾਰਦ ਭਕੑਤਿ ਸੂਤ੍ਰ’ (82) ਵਿਚ ਭਗਤੀ ਦੀਆਂ 11 ਆਸਕੑਤੀਆਂ ਦਾ ਜ਼ਿਕਰ ਹੋਇਆ ਹੈ— ਗੁਣ ਮਹਾਤਮ, ਰੂਪ, ਪੂਜਾ, ਸੑਮਰਣ, ਦਾਸੑਯ, ਸਖੑਯ, ਕਾਂਤਾ, ਵਾਤਸਲੑਯ, ਆਤਮ-ਨਿਵੇਦਨ, ਤਨਮਯਤਾ ਅਤੇ ਪਰਮ-ਵਿਰਹ। ਇਸੇ ਤਰ੍ਹਾਂ ਦੇ ਹੋਰ ਵੀ ਕਈ ਭੇਦ ਆਚਰਯਾਂ ਨੇ ਕੀਤੇ ਹਨ। ਪਰ ਮੁੱਖ ਭੇਦ ਦੋ ਹੀ ਹਨ—ਸਗੁਣ ਅਤੇ ਨਿਰਗੁਣ। ਇਨ੍ਹਾਂ ਦੋਹਾਂ ਦਾ ਮੂਲਾਧਾਰ ਇਸ਼ਟ ਦਾ ਸਰੂਪ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1991, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.