ਭਗਤੀ-ਰਸ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭਗਤੀ-ਰਸ: ਗੁਰਬਾਣੀ ਦੀ ਖੋਜ ਅਤੇ ਵਿਸ਼ਲੇਸ਼ਣ ਕਰਨ ਵਾਲੇ ਕਈ ਵਿਦਵਾਨਾਂ ਨੇ ਟੂਕਾਂ ਦੇ ਕੇ ਬਾਣੀ ਵਿਚ ਨੌਂ ਰਸਾਂ ਦੀ ਹੋਂਦ ਨੂੰ ਦਰਸਾਇਆ ਹੈ, ਪਰ ਅਸਲੋਂ ਕੋਈ ਰਸ ਵੀ ਬਾਣੀ ਵਿਚ ਆਪਣੀ ਪੂਰਣਤਾ ਨੂੰ ਪ੍ਰਾਪਤ ਨਹੀਂ ਹੁੰਦਾ , ਕੇਵਲ ਕੁਝ ਰਸਾਤਮਕ ਭਾਵਾਂ ਦਾ ਚਿਤ੍ਰਣ ਹੋਇਆ ਮਿਲਦਾ ਹੈ। ਇਨ੍ਹਾਂ ਨਾਲ ਰਸ ਦੀ ਨਿਸ਼ਪੱਤੀ ਨਹੀਂ ਹੁੰਦੀ, ਰਸ ਦਾ ਕੇਵਲ ਆਭਾਸ ਹੁੰਦਾ ਹੈ। ਬਾਣੀ ਵਿਚ ਸਿਰਫ਼ ਦੋ ਰਸ ਕੁਝ ਅਧਿਕ ਉਘੜੇ ਹਨ, ਇਕ ਸ਼ਿੰਗਾਰ ਅਤੇ ਦੂਜਾ ਸ਼ਾਂਤ। ਪਰ ਇਨ੍ਹਾਂ ਦੋਹਾਂ ਰਸਾਂ ਦੀ ਵੀ ਅੰਤਿਮ ਸਮਾਈਭਗਤੀ ਰਸ’ ਵਿਚ ਹੁੰਦੀ ਹੈ, ਇਸ ਲਈ ਇਨ੍ਹਾਂ ਨੂੰ ਵੀ ਬਾਣੀ ਦਾ ਅੰਗੀ ਰਸ ਜਾਂ ਪ੍ਰਧਾਨ ਰਸ ਨਹੀਂ ਕਿਹਾ ਜਾ ਸਕਦਾ।

ਬਾਣੀ ਦਾ ਪ੍ਰਧਾਨ ਜਾਂ ਅੰਗੀ ਰਸ ਭਗਤੀ-ਰਸ ਹੈ, ਬਾਕੀ ਸਾਰੇ ਇਸ ਦੇ ਸਹਾਇਕ ਰਸ ਹਨ। ਭਗਤੀ-ਰਸ ਨੂੰ ਭਰਤ ਮੁਨੀ ਤੋਂ ਲੈ ਕੇ ਪੰਡਿਤ-ਰਾਜ ਜਗਨ-ਨਾਥ ਤਕ ਸੰਸਕ੍ਰਿਤ ਦੇ ਕਿਸੇ ਵੀ ਪ੍ਰਮੁਖ ਆਚਾਰਯ ਨੇ ਸ਼ਾਸਤ੍ਰ ਦੇ ਅੰਤਰਗਤ ਨਹੀਂ ਮੰਨਿਆ। ਕਿਉਂਕਿ ਉਨ੍ਹਾਂ ਅਨੁਸਾਰ ਭਗਤੀ-ਰਸ ਦਾ ਸਥਾਈ ਭਾਵ ‘ਬ੍ਰਹਮ-ਰਤਿ’ ਸ਼ਿੰਗਾਰ-ਰਸ ਦੇ ਅੰਤਰਗਤ ਆਉਂਦਾ ਹੈ। ਉਨ੍ਹਾਂ ਦੀ ਇਹ ਵੀ ਸਥਾਪਨਾ ਹੈ ਕਿ ਸ਼ਿੰਗਾਰ-ਰਸ ਵਿਚ ਤਾਂ ਆਸ਼੍ਰਯ ਅਤੇ ਆਲੰਬਨ ਦੋਹਾਂ ਦੀ ਸਪੱਸ਼ਟ ਸਥਿਤੀ ਹੈ, ਪਰ ਭਗਤੀ-ਰਸ ਵਿਚ ਕੇਵਲ ਭਗਤ ਸਪੱਸ਼ਟ ਹੈ, ਇਸ਼ਟ-ਦੇਵ ਤਾਂ ਭਾਵ ਜਾਂ ਕਲਪਨਾ ਵਿਚ ਹੀ ਸਮੋਹਿਤ ਹੈ। ਇਸ ਲਈ ਪ੍ਰੇਮ ਦੀ ਪੂਰੀ ਅਨੁਭੂਤੀ ਸੰਭਵ ਨਹੀਂ ਹੈ। ਨਿਰਾਕਾਰ ਬ੍ਰਹਮ ਜਾਂ ਮੂਰਤੀ ਦੋਵੇਂ ਵਿਸ਼ੇ-ਆਲੰਬਨ ਨਹੀਂ ਬਣ ਸਕਦੇ ਕਿਉਂਕਿ ਇਕ ਨਿਰਾਧਾਰ ਹੈ, ਦੂਜੀ ਸਥੂਲ ਅਤੇ ਅਚੇਤਨ ਹੈ। ਇਸ ਲਈ ਰਸ ਦੀ ਪੂਰਣ ਸਾਮਗ੍ਰੀ ਭਗਤੀ-ਰਸ ਵਿਚ ਮੌਜੂਦ ਨਹੀਂ ਹੈ। ਇਹ ‘ਭਾਵ’ ਤਾਂ ਹੋ ਸਕਦਾ ਹੈ, ਪੂਰਣ ਰਸ ਨਹੀਂ।

ਉਪਰੋਕਤ ਦੇ ਉਲਟ ਕੁਝ ਵਿਦਵਾਨ ਦ੍ਰਿੜ੍ਹਤਾ- ਪੂਰਵਕ ਭਗਤੀ ਨੂੰ ਰਸ ਮੰਨਦੇ ਹਨ ਅਤੇ ਹੋਰਨਾਂ ਪਰੰਪਰਾਗਤ ਰਸਾਂ ਦੀ ਤੁਲਨਾ ਵਿਚ ਇਸ ਨੂੰ ਸ੍ਰੇਸ਼ਠ ਦਸਦੇ ਹਨ। ਸ਼ਾਂਤ-ਰਸ ਨੂੰ ਵੀ ਭਗਤੀ-ਰਸ ਦਾ ਪ੍ਰਕਾਰ ਸਮਝਦੇ ਹਨ। ਉਨ੍ਹਾਂ ਅਨੁਸਾਰ ਭਗਤੀ ਹੀ ਵਾਸਤਵਿਕ ਰਸ ਹੈ, ਬਾਕੀ ਦੇ ਰਸ ਉਸ ਦੇ ਅੰਗ ਜਾਂ ਕੇਵਲ ਰਸ-ਆਭਾਸ ਹਨ। ਧਿਆਨ ਪੂਰਵਕ ਵਿਚਾਰੀਏ ਤਾਂ ਈਸ਼ਵਰੀ ‘ਰਤਿ’ (ਪ੍ਰੇਮ) ਨਾਲ ਸੰਬੰਧਿਤ ਕਾਵਿ ਭਗਤ-ਪਾਠਕਾਂ ਦੇ ਹਿਰਦੇ ਵਿਚ ਇਕ ਵਿਸ਼ੇਸ਼ ਪ੍ਰਕਾਰ ਦੀ ਮਗਨਤਾ, ਲੀਨਤਾ ਜਾਂ ਸੁਰਤਿ ਦਾ ਵਾਤਾਵਰਣ ਸਿਰਜਦਾ ਹੈ। ਇਹ ਸਥਿਤੀ ਭਗਤੀ-ਰਸ ਦੀ ਨਿਸ਼ਪੱਤੀ ਕਾਰਣ ਪੈਦਾ ਹੁੰਦੀ ਹੈ। ਇਸ ਲਈ ਭਗਤੀ- ਰਸ ਦਾ ਮਾਨਵ-ਜੀਵਨ ਵਿਚ ਆਪਣਾ ਨਵੇਕਲਾ ਮਹੱਤਵ ਅਤੇ ਸਥਾਨ ਹੈ।

ਅਸਲ ਵਿਚ, ਭਗਤੀ-ਰਸ ਕਾਵਿ-ਸ਼ਾਸਤ੍ਰ ਦਾ ਵਿਸ਼ਾ ਨ ਹੋ ਕੇ ਧਰਮ-ਸਾਧਨਾ ਜਾਂ ਵੈਸ਼ਣਵ-ਸਾਧਨਾ ਦਾ ਸਰੋਕਾਰ ਹੈ। ਇਸ ਨੂੰ ਉਜਵਲ-ਰਸ, ਮਧੁਰ-ਰਸ ਆਦਿ ਕਈ ਹੋਰਾਂ ਨਾਂਵਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਕਾਵਿ- ਸ਼ਾਸਤ੍ਰ ਦੇ ਆਚਾਰਯਾਂ ਨੇ ਇਸ ਨੂੰ ਸੰਪ੍ਰਦਾਇਕ ਰਸ ਮੰਨਿਆ ਹੈ, ਸਾਹਿਤਿਕ ਰਸ ਵਜੋਂ ਸਵੀਕਾਰ ਨਹੀਂ ਕੀਤਾ। ਉਨ੍ਹਾਂ ਦੀ ਸਥਾਪਨਾ ਹੈ ਕਾਵਿ-ਰਸ ਵਿਚ ਸਾਰੀ ਮਾਨਵ ਜਾਤਿ ਦੇ ਹਿਰਦੇ ਵਿਚ ਵਿਆਪਤ ਹੋਣ ਦੀ ਯੋਗਤਾ ਹੈ, ਪਰ ਭਗਤੀ-ਰਸ ਨੂੰ ਇਕ ਵਿਸ਼ੇਸ਼ ਵਰਗ ਜਾਂ ਸੰਪ੍ਰਦਾਇ ਨਾਲ ਸੰਬੰਧ ਰਖਣ ਕਾਰਣ ਸੰਪ੍ਰਦਾਇਕ ਰਸ ਹੀ ਕਿਹਾ ਜਾ ਸਕਦਾ ਹੈ। ਇਸ ਪੱਖੋਂ ਵੈਸ਼ਣਵ ਆਚਾਰਯ ਕਾਵਿ-ਸ਼ਾਸਤ੍ਰੀ ਆਚਾਰਯਾਂ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਦੀਆਂ ਸਥਾਪਨਾਵਾਂ ਦਾ ਆਪਣਾ ਇਤਿਹਾਸ ਹੈ।

ਭਗਤੀ-ਰਸ ਸੰਬੰਧੀ ਸ਼ਾਸਤ੍ਰੀ ਦ੍ਰਿਸ਼ਟੀ ਤੋਂ ਵਿਆਖਿਆ ਸਭ ਤੋਂ ਪਹਿਲਾ ਗੌੜੀਯ ਸੰਪ੍ਰਦਾਇ ਦੇ ਸੰਸਥਾਪਕ ਆਚਾਰਯ ਰੂਪ ਗੋਸੁਆਮੀ ਨੇ ਆਪਣੇ ਰਚੇ ਗ੍ਰੰਥ ‘ਹਰਿ ਭਕੑਤਿ ਰਸਾਮ੍ਰਿਤ ਸਿੰਧੁ’ ਵਿਚ ਕੀਤੀ ਹੈ। ਇਸ ਤੋਂ ਬਾਦ ਮਧੁਸੂਦਨ ਸਰਸਵਤੀ ਨੇ ਭਗਤੀ ਦੇ ਅਲੌਕਿਕ ਮਹੱਤਵ ਅਤੇ ਰਸਤ੍ਵ ਦਾ ਵਿਸਤਾਰ ਸਹਿਤ ਵਿਸ਼ਲੇਸ਼ਣ ‘ਭਕੑਤਿ ਰਸਾਯਨ’ ਵਿਚ ਕਰਦੇ ਹੋਇਆਂ ਇਸ ਨੂੰ ਸਰਵਸ੍ਰੇਸ਼ਠ ਅਤੇ ਦਸਵਾਂ ਰਸ ਮੰਨਿਆ ਹੈ। ਇਨ੍ਹਾਂ ਵਿਦਵਾਨਾਂ ਤੋਂ ਇਲਾਵਾ ‘ਭਗਵਦ ਭਕੑਤਿ ਚੰਦ੍ਰਿਕਾ’, ‘ਉਜ੍ਵਲ ਨੀਲ ਮਣਿ’, ‘ਰਸ ਕਲਿਕਾ’, ‘ਭਕੑਤਿ ਸੰਦਰਭ’ ਆਦਿ ਗ੍ਰੰਥਾਂ ਦੇ ਰਚੈਤਿਆਂ ਨੇ ਭਗਤੀ ਦਾ ਰਸਤ੍ਵ ਸਵੀਕਾਰ ਕੀਤਾ ਹੈ ਅਤੇ ਇਸ ਦੇ ਅੰਗਾਂ- ਉਪਾਂਗਾਂ ਦੀ ਵਿਸਤਾਰ ਸਹਿਤ ਵਿਆਖਿਆ ਕੀਤੀ ਹੈ। ਇਸ ਨੂੰ ਸ਼ਿੰਗਾਰ-ਰਸ ਤੋਂ ਇਸ ਤਰਕ ਦੇ ਆਧਾਰ’ਤੇ ਨਿਖੇੜਿਆ ਹੈ ਕਿ ਸ਼ਿੰਗਾਰ-ਰਸ ਕਾਮ ਆਧਾਰਿਤ ਹੈ, ਜਦ ਕਿ ਭਗਤੀ-ਰਸ ਸ਼ੁੱਧ ਪ੍ਰੇਮ ਉਤੇ ਨਿਰਭਰ ਕਰਦਾ ਹੈ। ਕੁਝ ਵੀ ਹੋਵੇ, ਭਗਤੀ-ਰਸ ਨੂੰ ਰਸ-ਪਰਿਵੇਸ਼ ਤੋਂ ਬਾਹਰ ਨਹੀਂ ਰਖਿਆ ਜਾ ਸਕਦਾ।

ਭਗਤੀ-ਰਸ ਦਾ ਆਲੰਬਨ ਹੈ ਨਿਰਾਕਾਰ ਨਿਰਗੁਣ ਬ੍ਰਹਮ ਦੀ ਸੂਖਮ ਭਾਵਨਾ (ਵਿਸ਼ੇ ਆਲੰਬਨ) ਅਤੇ ਭਗਤ- ਜਨ (ਆਸ਼੍ਰਯ ਆਲੰਬਨ)। ਚੂੰਕਿ ਭਗਤੀ-ਰਸ ਦੇ ਕਾਵਿ- ਸ਼ਾਸਤ੍ਰ ਦੀ ਰਚਨਾ ਮੁੱਖ ਰੂਪ ਵਿਚ ਕ੍ਰਿਸ਼ਣ- ਉਪਾਸਕਾਂ ਨੇ ਕੀਤੀ ਸੀ , ਇਸ ਲਈ ਸ਼੍ਰੀ ਕ੍ਰਿਸ਼ਣ ਅਤੇ ਰਾਧਾ ਨੂੰ ਇਸ ਦਾ ਆਲੰਬਨ ਮੰਨਿਆ ਗਿਆ ਹੈ। ਇਥੇ ਕ੍ਰਿਸ਼ਣ ਵਿਸ਼ੇ ਆਲੰਬਨ ਅਤੇ ਰਾਧਾ ਆਸ਼੍ਰਯ ਆਲੰਬਨ ਹਨ। ਇਸ ਰਸ ਦਾ ਉੱਦੀਪਨ-ਵਿਭਾਵ ਹੈ ਬ੍ਰਹਮ ਦਾ ਰੂਪ, ਗੁਣ , ਸ੍ਰਿਸ਼ਟੀ ਸੰਚਾਲਨ ਦੀਆਂ ਕ੍ਰਿਆਵਾਂ ਦੀ ਅਨੁਭੂਤੀ, ਪ੍ਰਕ੍ਰਿਤੀ, ਸਤਿਸੰਗ, ਕੀਰਤਨ , ਮਨਨ , ਸ਼੍ਰਵਣ ਆਦਿ। ਇਸ ਦੇ ਅਨੁਭਾਵਾਂ ਵਿਚ ਰੋਮਾਂਚ, ਹੰਝੂਆਂ ਦਾ ਡਿਗਣਾ, ਬੇਹਬਲਤਾ, ਬੋਲਾਂ ਦਾ ਰੁਕ ਰੁਕ ਕੇ ਮੂੰਹ ਵਿਚੋਂ ਨਿਕਲਣਾ, ਗਦ ਗਦ ਹੋਣਾ। ਨਿਰਵੇਦ, ਗਿਲਾਨੀ, ਦੀਨਤਾ, ਹਰਸ਼ , ਉਤਸੁਕਤਾ, ਗਰਵ, ਧੀਰਜ ਆਦਿ ਇਸ ਦੇ ਸੰਚਾਰੀ-ਭਾਵ ਹਨ। ਪਰਮਾਤਮਾ ਪ੍ਰਤਿ ਗੂੜ੍ਹ-ਰਤਿ ਇਸ ਦਾ ਸਥਾਈ-ਭਾਵ ਹੈ।

ਸਥਾਈ-ਭਾਵ ਰਤਿ (ਪ੍ਰੇਮ) ਦੇ ਵੀ ਵਿਦਵਾਨਾਂ ਨੇ ਕਈ ਭੇਦ ਦਸੇ ਹਨ, ਜਿਵੇਂ ਵੈਰਾਗ ਭਾਵ ਕਾਰਣ ਸ਼ਾਂਤ- ਭਗਤੀ, ਦਾਸੑਯ ਭਾਵ ਕਰਕੇ ਦਾਸੑਯ-ਭਗਤੀ, ਸਖੑਯ ਭਾਵ ਕਰਕੇ ਸਖੑਯ-ਭਗਤੀ, ਪੁੱਤਰ ਪ੍ਰਤਿ ਸਨੇਹ ਕਾਰਣ ਵਾਤਸਲੑਯ-ਭਗਤੀ ਅਤੇ ਪ੍ਰੇਮ ਭਾਵ ਕਰਕੇ ਮਧੁਰ-ਭਗਤੀ ਜਾਂ ਕਾਂਤਾ-ਭਗਤੀ। ਇਨ੍ਹਾਂ ਪੰਜਾਂ ਵਿਚੋਂ ਕਾਂਤਾ-ਭਗਤੀ ਵਿਚ ਪ੍ਰੇਮ ਦੀ ਪ੍ਰਗਾੜ੍ਹਤਾ ਕਰਕੇ ਬਾਕੀ ਦੇ ਸਾਰੇ ਭਾਵ ਇਸ ਵਿਚ ਸਮਾ ਜਾਂਦੇ ਹਨ। ਇਸੇ ਕਰਕੇ ਇਸ ਭਗਤੀ ਨੂੰ ਸਰਬ ਸ੍ਰੇਸ਼ਠ ਮੰਨਿਆ ਗਿਆ ਹੈ।

ਗੁਰਬਾਣੀ ਦਾ ਗੰਭੀਰ ਅਧਿਐਨ ਇਸ ਸਿੱਟੇ ਉਤੇ ਪਹੁੰਚਾਉਂਦਾ ਹੈ ਕਿ ਇਸ ਵਿਚ ਸਭ ਥਾਂ ਭਗਤੀ-ਰਸ ਦੀ ਸਥਾਪਨਾ ਹੋਈ ਹੈ ਅਤੇ ਇਸ ਵਿਚ ਕਾਂਤਾ ਜਾਂ ਦੰਪਤਿਕ ਸੰਬੰਧ ਦੀ ਪ੍ਰਧਾਨਤਾ ਹੈ। ਵੇਖਣ ਵਿਚ ਆਇਆ ਹੈ ਕਿ ਕਈ ਸ਼ਬਦਾਂ ਵਿਚ ਸ਼ਾਂਤ-ਭਾਵ ਦੀ ਭੂਮਿਕਾ ਤਿਆਰ ਕੀਤੀ ਜਾਂਦੀ ਹੈ, ਪਰ ਜਿਉਂ ਜਿਉਂ ‘ਸ਼ਬਦ ’ (ਪਦ) ਅੰਤ ਵਲ ਵਿਕਾਸ ਕਰਦਾ ਹੈ ਤਾਂ ਸ਼ਾਂਤ-ਭਾਵ ਦੀ ਥਾਂ ਮਧੁਰ-ਭਾਵ ਲੈਂਦਾ ਜਾਂਦਾ ਹੈ। ਇਸ ਤਰ੍ਹਾਂ ਸ਼ਾਂਤ-ਭਾਵ ਦੀ ਅਭਿਵਿਅਕਤੀ ਭਗਤੀ-ਰਸ ਦੀ ਭੂਮਿਕਾ ਵਜੋਂ ਹੋਈ ਹੈ। ਇਹੀ ਸਥਿਤੀ ਦਾਸੑਯ, ਸਖੑਯ ਅਤੇ ਵਾਤਸਲੑਯ ਭਾਵਾਂ ਦੀ ਹੈ। ਪਰ ਕਈ ਸ਼ਬਦਾਂ ਵਿਚ ਇਨ੍ਹਾਂ ਭਾਵਾਂ ਨਾਲ ਸੰਬੰਧਿਤ ਭਗਤੀ-ਰਸ ਵੀ ਪਰਿਪਕਤਾ ਦੀ ਅਵਸਥਾ ਵਿਚ ਪਹੁੰਚਿਆ ਹੈ। ਗੁਰਬਾਣੀ ਵਿਚ ਪ੍ਰਧਾਨ ਅਥਵਾ ਅੰਗੀ ਰਸ ਭਗਤੀ-ਰਸ ਹੈ ਅਤੇ ਭਗਤੀ-ਰਸ ਦੇ ਪੰਜਾਂ ਭੇਦਾਂ ਵਿਚੋਂ ਪ੍ਰਧਾਨਤਾ ਕਾਂਤਾ-ਭਾਵ ਵਾਲੇ ਭਗਤੀ- ਰਸ ਦੀ ਹੈ। ਇਸ ਪ੍ਰਕਾਰ ਦੇ ਭਗਤੀ-ਰਸ ਦੀ ਸਾਧਨਾ ਅਵਸਥਾ ਤੋਂ ਲੈ ਕੇ ਸਿੱਧ ਅਵਸਥਾ ਤਕ ਬੜਾ ਵਿਸਤਾਰ ਸਹਿਤ ਚਿਤ੍ਰਣ ਹੋਇਆ ਹੈ। ਇਸ ਵਿਚ ਸੰਯੋਗ ਅਤੇ ਵਿਯੋਗ ਦੋਹਾਂ ਅਵਸਥਾਵਾਂ ਦੇ ਅਨੇਕਾਂ ਸ਼ਬਦ ਮਿਲ ਜਾਂਦੇ ਹਨ। ਸੰਯੋਗ ਅਵਸਥਾ ਦਾ ਇਕ ਸ਼ਬਦ ਵੇਖੋ—ਮੇਰੀ ਇਛ ਪੁਨੀ ਜੀਉ ਹਮ ਘਰਿ ਸਾਜਨੁ ਆਇਆ ਮਿਲਿ ਵਰੁ ਨਾਰੀ ਮੰਗਲੁ ਗਾਇਆ ਗੁਣ ਗਾਇ ਮੰਗਲੁ ਪ੍ਰੇਮਿ ਰਹਸੀ ਮੁੰਧ ਮਨਿ ਓਮਾਹਓ ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ ਕਰ ਜੋੜਿ ਸਾਧਨ ਕਰੈ ਬਿਨਤੀ ਰੈਣਿ ਦਿਨੁ ਰਸਿ ਭਿੰਨੀਆ ਨਾਨਕ ਪਿਰੁ ਧਨ ਕਰਹਿ ਰਲੀਆ ਇਛ ਮੇਰੀ ਪੁੰਨੀਆ (ਗੁ.ਗ੍ਰੰ.242)।

ਇਥੇ ਪਰਮਾਤਮਾ ਨੂੰ ਮਿਲਣ ਲਈ ਵਿਆਕੁਲ ਜੀਵਾਤਮਾ ਆਸ਼੍ਰਯ-ਆਲੰਬਨ ਹੈ ਅਤੇ ਪਿਰ, ਵਰ ਜਾਂ ਸਾਜਨ ਵਿਸ਼ੇ-ਆਲੰਬਨ ਹੈ। ਸਾਜਨ ਦਾ ਪ੍ਰਸੰਨ ਹੋਣਾ, ਦੁਸ਼ਟਾਂ ਦਾ ਖ਼ਤਮ ਹੋਣਾ, ਮੰਗਲ ਗਾਉਣਾ ਉੱਦੀਪਨ- ਵਿਭਾਵ ਹਨ। ਪਰਮਾਤਮਾ ਦੇ ਗੁਣ ਗਾਉਣਾ, ਬੇਨਤੀ ਕਰਨੀ, ਮਨ ਵਿਚ ਉਮਾਹ ਭਰਨਾ, ਪਿਰ ਸੰਗ ਰਲੀਆਂ ਮਾਣਨਾ ਅਨੁਭਾਵ ਹਨ। ਰਸ-ਭਿੰਨਣਾ, ਇੱਛਾ ਦਾ ਪੂਰਾ ਹੋਣਾ ਸਾਤਵਿਕ ਭਾਵ ਹਨ। ਮੋਹ, ਧੀਰਜ, ਹਰਸ਼, ਉਗ੍ਰਤਾ ਆਦਿ ਸੰਚਾਰੀ ਭਾਵ ਹਨ। ਇਥੇ ਭਗਤੀ-ਰਸ ਦੇ ਕਾਂਤਾ- ਭਾਵ ਵਾਲੇ ਸੰਯੋਗ-ਪੱਖ ਦੀ ਨਿਸ਼ਪੱਤੀ ਹੋਈ ਹੈ।

ਹੁਣ ਇਕ ਨਮੂਨਾ ਵਿਯੋਗ ਪੱਖ ਦਾ ਵੇਖੋ—ਸੁਣਿ ਨਾਹ ਪ੍ਰਭੂ ਜੀਉ ਏਕਲੜੀ ਬਨ ਮਾਹੇ ਕਿਉ ਧੀਰੈਗੀ ਨਾਹ ਬਿਨਾ ਪ੍ਰਭ ਵੇਪਰਵਾਹੇ ਧਨ ਨਾਅ ਬਾਝਹੁ ਰਹਿ ਸਾਕੈ ਬਿਖਮ ਰੈਣਿ ਘਣੇਰੀਆ ਨਹ ਨੀਦ ਆਵੈ ਪ੍ਰੇਮੁ ਭਾਵੈ ਸੁਣਿ ਬੇਨੰਤੀ ਮੇਰੀਆ ਬਾਝਹੁ ਪਿਆਰੇ ਕੋਇ ਸਾਰੇ ਏਕਲੜੀ ਕੁਰਲਾਏ ਨਾਨਕ ਸਾਧਨ ਮਿਲੈ ਮਿਲਾਈ ਬਿਨੁ ਪ੍ਰੀਤਮ ਦੁਖੁ ਪਾਏ (ਗੁ.ਗ੍ਰੰ.243)। ਇਸ ਸ਼ਬਦ ਵਿਚ ਪਰਮਾਤਮਾ ਨੂੰ ਮਿਲਣ ਲਈ ਵਿਆਕੁਲ ਜੀਵਾਤਮਾ ਆਸ਼੍ਰਯ-ਆਲੰਬਨ ਹੈ। ਪਿਆਰਾ , ਨਾਹ, ਪ੍ਰਭੂ ਵਿਸ਼ੇ-ਆਲੰਬਨ ਹੈ। ਬਨ ਵਿਚ ਇਕਲਿਆਂ ਹੋਣਾ, ਪਰਮਾਤਮਾ ਦੀ ਬੇਪਰਵਾਹੀ, ਵਿਖਮ ਰੈਣਿ ਘਨੇਰੀਆ, ਆਦਿ ਉੱਦੀਪਨ-ਵਿਭਾਗ ਹਨ। ਬੇਨਤੀ ਕਰਨਾ, ਨੀਂਦ ਨ ਆਉਣਾ ਆਦਿ ਅਨੁਭਾਵ ਹਨ। ਦੁਖੀ ਹੋਣਾ, ਕੁਰਲਾਉਣਾ ਅਤੇ ਮਿਲਣ ਲਈ ਪ੍ਰਯਤਨਸ਼ੀਲ ਹੋਣਾ ਸਾਤਵਿਕ ਭਾਵ ਹਨ। ਦੀਨਤਾ, ਤ੍ਰਾਸ, ਚਿੰਤਾ , ਵਿਸ਼ਾਦ ਆਦਿ ਸੰਚਾਰੀ ਭਾਵ ਹਨ। ਇਸ ਤਰ੍ਹਾਂ ਭਗਤੀ-ਰਸ ਦੇ ਕਾਂਤਾ-ਭਾਵ ਦੇ ਵਿਯੋਗ-ਪੱਖ ਦੀ ਨਿਸ਼ਪੱਤੀ ਹੋਈ ਹੈ।

ਗੁਰਬਾਣੀ ਵਿਚਲੇ ਭਗਤੀ-ਰਸ ਦੇ ਸਰੂਪ ਨੂੰ ਸਪੱਸ਼ਟ ਕਰਨ ਵਾਲਾ ਅਗੇ ਲਿਖਿਆ ਸ਼ਬਦ ਵਿਚਾਰਨਯੋਗ ਹੈ—ਸਾਖੀ ਕਾਜਲ ਹਾਰ ਤੰਬੋਲ ਸਭੈ ਕਿਛੁ ਸਾਜਿਆ ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ ਜੇ ਘਰਿ ਆਵੈ ਕੰਤੁ ਸਭੁ ਕਿਛ ਪਾਈਐ ਹਰਿਹਾਂ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ ਜਿਸੁ ਘਰਿ ਵਸਿਆ ਕੰਤੁ ਸਾ ਵਡਭਾਗਣੇ ਤਿਸੁ ਬਣਿਆ ਹਭੁ ਸੀਗਾਰੁ ਸਾਈ ਸੋਹਾਗਣੇ ਹਉ ਸੁਤੀ ਹੋਇ ਅਚਿੰਤ ਮਨਿ ਆਸ ਪੁਰਾਈਆ ਹਰਿਹਾਂ ਜਾ ਘਰਿ ਆਇਆ ਕੰਤੁ ਸਭੁ ਕਿਛੁ ਪਾਈਐ ਆਸਾ ਇਤੀ ਆਸ ਕਿ ਆਸ ਪੁਰਾਈਐ ਸਤਿਗੁਰ ਭਏ ਦਇਆਲ ਪੂਰਾ ਪਾਈਐ ਮੈ ਤਨਿ ਅਵਗਣ ਬਹੁਤੁ ਕਿ ਅਵਗਣ ਛਾਇਆ ਹਰਿਹਾਂ ਸਤਿਗੁਰ ਭਏ ਦਇਆਲ ਮਨ ਠਹਰਾਇਆ ਕਹੁ ਨਾਨਕ ਬੇਅੰਤੁ ਬੇਅੰਤੁ ਧਿਆਇਆ ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ ਮਿਟਿਆ ਆਵਾਗਉਣ ਜਾਂ ਪੂਰਾ ਪਾਇਆ ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ ਸਤਿਗੁਰ ਤੇ ਪਾਇਆ (ਗੁ.ਗ੍ਰੰ.1361-62)

ਪਹਿਲੀ ਨਜ਼ਰੇ ਅਹਿਸਾਸ ਹੁੰਦਾ ਹੈ ਕਿ ਇਸ ਸ਼ਬਦ ਵਿਚ ਸ਼ਿੰਗਾਰ-ਰਸ ਹੈ। ਪਰ ਇਥੇ ਸ਼ਿੰਗਾਰ-ਰਸ ਨਹੀਂ ਹੈ, ਕਿਉਂਕਿ ਇਥੇ ਨਾਇਕ ਅਤੇ ਨਾਇਕਾ (ਪਰਮਾਤਮਾ ਅਤੇ ਗੁਰੂ ਅਰਜਨ ਦੇਵ) ਸ਼ਿੰਗਾਰ-ਰਸ ਵਾਲੇ ਸਾਧਾਰਣ ਮਨੁੱਖ ਨਹੀਂ ਅਤੇ ਨ ਹੀ ਇਥੇ ਰਤਿ-ਭਾਵ ਵੀ ਲੌਕਿਕ ਹੈ। ਇਥੇ ਨਾਇਕ ਨਿਰਗੁਣ ਬ੍ਰਹਮ ਕਲਪਨਾ ਆਧਾਰਿਤ ਹੈ, ਨਾਇਕਾ-ਅਧਿਆਤਮਿਕ ਸਾਧਕ ਗੁਰੂ ਅਰਜਨ ਦੇਵ ਜੀ ਹਨ। ਇਸ ਲਈ ਇਥੇ ਸਾਧਾਰਣ ਸ਼ਿੰਗਾਰ-ਰਸ ਦੀ ਨਿਸ਼ਪੱਤੀ ਨਹੀਂ ਹੋਈ; ਨ ਹੀ ਇਥੇ ਸ਼ਾਂਤ-ਰਸ ਹੈ। ਇਹ ਸਹੀ ਹੈ ਕਿ ਇਸ ਸ਼ਬਦ ਦਾ ਭਾਵਾਤਮਕ ਵਿਕਾਸ ਸ਼ਾਂਤ-ਰਸ ਵਲ ਹੋਇਆ ਹੈ ਪਰ ਇਥੇ ਸ਼ਾਂਤ-ਰਸ ਭਗਤੀ-ਰਸ ਦੇ ਕਾਂਤਾ-ਭਾਵ ਦੀ ਨਿਸ਼ਪੰਨਤਾ ਲਈ ਸਹਾਇਕ ਜਾਂ ਅੰਗ- ਰਸ ਵਜੋਂ ਭੂਮਿਕਾ ਨਿਭਾ ਰਿਹਾ ਹੈ। ਸਪੱਸ਼ਟ ਹੈ ਕਿ ਗੁਰਬਾਣੀ ਵਿਚ ਭਗਤੀ-ਰਸ ਤੋਂ ਬਿਨਾ ਕਿਸੇ ਹੋਰ ਰਸ ਦੀ ਸਹੀ ਅਤੇ ਕਾਵਿ-ਸ਼ਾਸਤ੍ਰੀ ਨਿਸ਼ਪੱਤੀ ਨਹੀਂ ਹੋਈ। ਕੁਲ ਮਿਲਾ ਕੇ ਬਾਕੀ ਸਭ ਰਸ-ਆਭਾਸ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2110, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.