ਭਾਸ਼ਾਈ ਵਖਰੇਵੇਂ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਭਾਸ਼ਾਈ ਵਖਰੇਵੇਂ: ਹਰ ਭਾਸ਼ਾ ਦੀ ਆਪਣੀ ਇਕ ਵਿਆਕਰਨ ਹੁੰਦੀ ਹੈ। ਪਰਿਵਾਰ ਅਤੇ ਬਣਤਰ ਦੇ ਪੱਖ ਤੋਂ ਨੇੜਲੀਆਂ ਭਾਸ਼ਾਵਾਂ ਵਿਚ ਇਨ੍ਹਾਂ ਵਿਚਲਾ ਅੰਤਰ ਘੱਟ ਹੁੰਦਾ ਹੈ। ਹਰ ਭਾਸ਼ਾ ਦੇ ਆਪਣੇ ਸਥਾਨਕ ਰੂਪ ਹੁੰਦੇ ਹਨ। ਭਾਸ਼ਾ ਵਿਗਿਆਨ ਦੀ ਸ਼ਬਦਾਵਲੀ ਵਿਚ ਇਨ੍ਹਾਂ ਸਥਾਨਕ ਰੂਪਾਂ ਨੂੰ ਉਪਭਾਸ਼ਾ ਕਿਹਾ ਜਾਂਦਾ ਹੈ। ਭਾਵੇਂ ਉਪਭਾਸ਼ਾਵਾਂ ਦੀ ਵੀ ਆਪਣੀ ਵਿਆਕਰਨ ਹੁੰਦੀ ਹੈ ਪਰ ਉਪਭਾਸ਼ਾਵਾਂ ਦੀ ਵਿਆਕਰਨ ਵਿਚ ਸਮਾਨਤਾਵਾਂ ਵੱਧ ਹੁੰਦੀਆਂ ਹਨ ਅਤੇ ਵਖਰੇਵੇਂ ਘੱਟ ਹੁੰਦੇ ਹਨ। ਉਪਭਾਸ਼ਾਵਾਂ ਦਾ ਅਧਿਅਨ, ਭਾਸ਼ਾ ਵਿਗਿਆਨ ਦੀ ਇਕ ਸ਼ਾਖਾ ਉਪਭਾਸ਼ਾ ਵਿਗਿਆਨ ’ਤੇ ਅਧਾਰਤ ਹੁੰਦਾ ਹੈ। ਇਹ ਇਕ ਕਿਸਮ ਦਾ ਭਾਸ਼ਾਈ ਵਖਰੇਵਾਂ ਹੈ ਜਿਸ ਦਾ ਅਧਾਰ ਇਲਾਕਿਆਂ ਦੀ ਭੂਗੋਲਿਕ ਸਥਿਤੀ ਹੁੰਦਾ ਹੈ। ਕੁਦਰਤੀ ਰੁਕਾਵਟਾਂ, ਉਪਭਾਸ਼ਾਈ ਖਿੱਤਿਆਂ ਵਿਚਲੇ ਲੋਕਾਂ ਦੇ ਭਾਸ਼ਾਈ ਸੰਪਰਕ ਵਿਚ ਰੋਕ ਪਾਉਂਦੀਆਂ ਹਨ। ਲਗਾਤਾਰ ਸੰਪਰਕ ਘੱਟ ਹੋਣ ਕਰਕੇ ਅਤੇ ਭੂਗੋਲਿਕ ਵਖਰੇਵਾਂ ਹੋਣ ਕਰਕੇ ਇਕ ਭਾਸ਼ਾ ਦੇ ਵੱਖੋ ਵੱਖਰੇ ਉਪਭਾਸ਼ਾਈ ਰੂਪ ਵਿਕਸਿਤ ਹੋ ਜਾਂਦੇ ਹਨ। ਇਹ ਇਕ ਭਾਂਤ ਦਾ ਭਾਸ਼ਾਈ ਵਖਰੇਵਾਂ ਹੈ ਪਰ ਭਾਸ਼ਾ ਵਿਗਿਆਨ ਦੀ ਇਕ ਹੋਰ ਸ਼ਾਖਾ ਜਿਸ ਨੂੰ ਸਮਾਜ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ, ਇਸ ਰਾਹੀਂ ਇਕੋ ਸਮਾਜ ਦੇ ਭਾਸ਼ਾਈ ਵਖਰੇਵਿਆਂ ਦੇ ਅਧਿਅਨ ਦਾ ਅਧਾਰ ਲਿੰਗ, ਉਮਰ, ਜਾਤ, ਬਰਾਦਰੀ, ਕਿੱਤੇ ਆਦਿ ਨੂੰ ਬਣਾਇਆ ਜਾਂਦਾ ਹੈ। ਭਾਸ਼ਾਈ ਵਖਰੇਵਿਆਂ ਦੀ ਇਹ ਦੂਜੀ ਵੰਡ ਹੈ ਜਿਸ ਦਾ ਅਧਾਰ ਭੂਗੋਲਿਕ ਨਾ ਹੋ ਕੇ ਸਿਰਫ ਸਮਾਜਕ ਦਰਜਾਬੰਦੀ ਹੈ। ਸਮਾਜ ਭਾਸ਼ਾ ਵਿਗਿਆਨ ਦੇ ਪੱਖ ਤੋਂ ਭਾਸ਼ਾ ਦਾ ਅਧਿਅਨ ਕਰਨ ਉਪਰੰਤ ਪਤਾ ਚਲਦਾ ਹੈ ਕਿ ਸਮਾਜ ਵਿਚ ਰਹਿ ਰਹੇ ਲੋਕਾਂ ਦੀ ਭਾਸ਼ਾ ਵਿਚ ਭਾਸ਼ਾਈ ਵਖਰੇਵੇਂ ਹੁੰਦੇ ਹਨ। ਲਿੰਗ ਦੇ ਪੱਖ ਤੋਂ ਔਰਤਾਂ ਅਤੇ ਮਰਦ ਬੁਲਾਰਿਆਂ ਦੀ ਭਾਸ਼ਾ ਵਿਚ ਧੁਨੀ ਅਤੇ ਸ਼ਬਦ ਚੋਣ ਦੇ ਪੱਖ ਤੋਂ ਵਖਰੇਵਾਂ ਹੁੰਦਾ ਹੈ। ਔਰਤਾਂ ਦੇ ਨਾਦ-ਯੰਤਰ ਦੀ ਬਣਤਰ ਮਰਦਾਂ ਦੇ ਮੁਕਾਬਲੇ ਭਿੰਨ ਹੁੰਦੀ ਹੈ ਅਤੇ ਸੁਰ-ਤੰਦਾਂ ਦੀ ਕੰਬਣੀ ਦੀ ਰਫਤਾਰ ਵੱਧ ਹੁੰਦੀ ਹੈ। ਔਰਤਾਂ ਦਾ ਸੰਬੋਧਨ ਵੱਖਰਾ ਹੁੰਦਾ ਹੈ ਅਤੇ ਮਰਦਾਂ ਦਾ ਵੱਖਰਾ, ਜਿਵੇਂ : ਮਰਦ ਦੂਜੇ ਨੂੰ ‘ਯਾਰ’ ਕਹਿੰਦੇ ਹਨ ਪਰ ਔਰਤਾਂ ‘ਨੀ’, ਪਤਨੀ ‘ਤੁਸੀਂ ਜਾਂ ਛਿੰਦੇ ਦਾ ਭਾਪਾ’ ਆਦਿ ਕਹਿੰਦੀ ਹੈ ਪਰ ਮਰਦ ‘ਤੂੰ’ ਜਾਂ ਨਾ ਲੈ ਕੇ ਸੰਬੋਧਨ ਕਰਦੇ ਹਨ। ਬੁਲਾਰਿਆਂ ਦੀ ਉਮਰ ਵੀ ਭਾਸ਼ਾਈ ਵਖਰੇਵੇਂ ਦਾ ਅਧਾਰ ਬਣਦੀ ਹੈ। ਵੱਧ ਉਮਰ ਵਾਲੇ ਬੁਲਾਰਿਆਂ ਦੀ ਭਾਸ਼ਾ ਅਤੇ ਘੱਟ ਉਮਰ ਦੇ ਬੁਲਾਰਿਆਂ ਦੀ ਭਾਸ਼ਾ ਵਿਚ ਸ਼ਬਦਾਵਲੀ ਅਤੇ ਧੁਨੀ ਵਰਤੋਂ ਦਾ ਅੰਤਰ ਆਮ ਵੇਖਿਆ ਜਾ ਸਕਦਾ ਹੈ। ਇਸੇ ਪਰਕਾਰ ਕਿੱਤੇ ਦੀ ਭਾਸ਼ਾ, ਜਾਤ ਬਰਾਦਰੀ ਦੀ ਭਾਸ਼ਾ ਕੁਝ ਹੋਰ ਭਾਸ਼ਾਈ ਰੂਪ ਹਨ ਜੋ ਸਮਾਜ ਦੇ ਬਾਕੀ ਬੁਲਾਰਿਆਂ ਨਾਲੋਂ ਭਿੰਨਤਾ ਵਾਲੇ ਹੁੰਦੇ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2371, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.