ਮਟਨ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮਟਨ (ਨਗਰ): ਜੰਮੂ ਅਤੇ ਕਸ਼ਮੀਰ ਪ੍ਰਾਂਤ ਦਾ ਇਕ ਪੁਰਾਤਨ ਨਗਰ ਤੋਂ ਅਨੰਤਨਾਗ ਤੋਂ ਚਾਰ ਕਿ.ਮੀ. ਪੂਰਬ ਵਲ ਹੈ। ਗੁਰੂ ਨਾਨਕ ਦੇਵ ਜੀ ਉਦਾਸੀ ਦੌਰਾਨ ਇਥੇ ਪਧਾਰੇ ਸਨ ਅਤੇ ਇਥੋਂ ਦੇ ਇਕ ਪ੍ਰਸਿੱਧ ਵਿਦਵਾਨ ਬ੍ਰਾਹਮਣ ਬ੍ਰਹਮਦਾਸ ਨਾਲ ਗੋਸਟਿ ਕੀਤੀ ਸੀ। ਜਨਮਸਾਖੀ ਸਾਹਿਤ ਅਨੁਸਾਰ ਬ੍ਰਹਮਦਾਸ ਗੁਰੂ ਜੀ ਦਾ ਸਿੱਖ ਬਣਿਆ। ਕਹਿੰਦੇ ਹਨ ਕਿ ਚਿਨਾਰ ਦੇ ਜਿਸ ਬ੍ਰਿਛ ਹੇਠਾਂ ਗੋਸਟਿ ਹੋਈ ਸੀ, ਉਹ ਹੁਣ ਵੀ ਮੌਜੂਦ ਹੈ। ਇਕ ਰਵਾਇਤ ਅਨੁਸਾਰ ਗੁਰੂ ਜੀ ਨੇ ਇਕ ਵੱਡੇ ਸਾਰੇ ਪੱਥਰ ਉਤੇ ਬੈਠ ਕੇ ਗੋਸਟਿ ਕੀਤੀ ਸੀ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਉਥੇ ਪਹਿਲਾਂ ਥੜਾ ਸਾਹਿਬ ਬਣਾਇਆ ਗਿਆ। ਮਹਾਰਾਜਾ ਰਣਜੀਤ ਸਿੰਘ ਦੁਆਰਾ ਕਸ਼ਮੀਰ ਨੂੰ ਜਿਤਣ ਤੋਂ ਬਾਦ ਸ. ਹਰੀ ਸਿੰਘ ਨਲਵਾ ਨੇ ਸੰਨ 1821 ਈ. ਵਿਚ ਉਥੇ ਗੁਰੂ-ਧਾਮ ਦੀ ਉਸਾਰੀ ਕਰਵਾਈ। ਸਿੱਖ ਰਾਜ ਤੋਂ ਬਾਦ ਉਸ ਗੁਰੂ-ਧਾਮ ਨੂੰ ਡਿਗਵਾਉਣ ਦੀ ਸਾਜ਼ਿਸ਼ ਕੀਤੀ ਗਈ ਦਸੀ ਜਾਂਦੀ ਹੈ। ਉਨ੍ਹੀਵੀਂ ਸਦੀ ਦੇ ਅੰਤ ਵਿਚ ਨਵੀਂ ਇਮਾਰਤ ਉਸਰਵਾਈ ਗਈ। ਹੁਣ ਇਹ ਗੁਰੂ-ਧਾਮ ‘ਗੁਰਦੁਆਰਾ ਪਹਿਲੀ ਪਾਤਸ਼ਾਹੀ ਨਾਨਕਸਰ, ਮਟਨ ਸਾਹਿਬ’ ਦੇ ਨਾਂ ਨਾਲ ਮਸ਼ਹੂਰ ਹੈ ਅਤੇ ਜੰਮੂ ਅਤੇ ਕਸ਼ਮੀਰ ਗੁਰਦੁਆਰਾ ਪ੍ਰਬੰਧਕ ਬੋਰਡ ਨਾਲ ਸੰਬੰਧਿਤ ਹੈ। ਇਸ ਦੀ ਵਿਵਸਥਾ ਬੋਰਡ ਦੀ ਜ਼ਿਲ੍ਹਾ ਇਕਾਈ ਕਰਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2362, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First