ਰਹਿਰਾਸ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਹਿਰਾਸ (ਬਾਣੀ): ਸਿੱਖ ਧਰਮ ਵਿਚ ਜਿਗਿਆਸੂਆਂ ਦੁਆਰਾ ਨਿੱਤ-ਪਾਠ ਦੀ ਇਕ ਬਾਣੀ ਜਿਸ ਵਿਚ ਵਖ ਵਖ ਗੁਰੂ ਸਾਹਿਬਾਨ ਦੇ ਸ਼ਬਦ ਸ਼ਾਮਲ ਕੀਤੇ ਗਏ ਹਨ। ਇਸ ਦਾ ਪਾਠ ਸੰਝ ਵੇਲੇ ਕੀਤਾ ਜਾਂਦਾ ਹੈ। ਇਸ ਵਿਚ ਸੋਦਰੁ , ਸੋਪੁਰਖੁ ਤੋਂ ਇਲਾਵਾ ਹੁਣ ਬੇਨਤੀ-ਚੌਪਈ, ‘ਅਨੰਦੁ ’ ਬਾਣੀ ਦੀਆਂ ਪਹਿਲੀਆਂ ਪੰਜ ਅਤੇ ਆਖ਼ੀਰਲੀ ਪਉੜੀ ਅਤੇ ਮੁੰਦਾਵਣੀ ਆਦਿ ਸ਼ਬਦ ਇਕੱਠੇ ਕੀਤੇ ਹੋਏ ਹਨ। ਬਾਣੀ ਦੇ ਗੁਟਕਿਆਂ ਵਿਚ ਸ਼ਬਦਾਂ ਦੀ ਵਧ ਘਟ ਗਿਣਤੀ ਵੀ ਮਿਲਦੀ ਹੈ। ਇਸ ਦਾ ਇਹ ਸਰੂਪ ਕਿਸੇ ਗੁਰੂ ਦੁਆਰਾ ਪ੍ਰਵਾਨਿਤ ਨਹੀਂ , ਸਗੋਂ ਧਰਮੀ ਸਿੱਖਾਂ ਦੇ ਉਦਮ ਅਤੇ ਸੋਚ ਦਾ ਫਲ ਹੈ।

ਸੰਝ ਵੇਲੇ ਰਹਿਰਾਸ ਦਾ ਪਾਠ ਕਰਨ ਦੀ ਪ੍ਰਥਾ ਗੁਰੂ ਅਰਜਨ ਜੀ ਨੇ ਚਲਾਈ ਪ੍ਰਤੀਤ ਹੁੰਦੀ ਹੈ। ਉਦੋਂ ਇਸ ਨੂੰ ‘ਸੋਦਰੁ’ ਨਾਂ ਨਾਲ ਯਾਦ ਕੀਤਾ ਜਾਂਦਾ ਸੀ , ਜਿਵੇਂ ਸੰਝੈ ਸੋਦਰੁ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ। (ਭਾਈ ਗੁਰਦਾਸ—6/3)। ਉਦੋਂ ਇਸ ਵਿਚ ਕੇਵਲ ਦੋ ਸ਼ਬਦ-ਜੁੱਟ ਸਨ। ਇਕ ਜੁੱਟ ਦਾ ਨਾਂ ‘ਸੋਦਰੁ’ (ਵੇਖੋ) ਸੀ ਅਤੇ ਦੂਜੇ ਦਾ ‘ਸੋਪੁਰਖੁ’ (ਵੇਖੋ)। ‘ਸੋਦਰੁ’ ਜੁੱਟ ਵਿਚ ਪੰਜ ਸ਼ਬਦ ਹਨ, ਜਿਨ੍ਹਾਂ ਵਿਚੋਂ ਪਹਿਲੇ ਤਿੰਨ ਗੁਰੂ ਨਾਨਕ ਦੇਵ ਜੀ ਦੇ, ਚੌਥਾ ਗੁਰੂ ਰਾਮਦਾਸ ਜੀ ਦਾ ਅਤੇ ਪੰਜਵਾਂ ਗੁਰੂ ਅਰਜਨ ਦੇਵ ਜੀ ਦਾ ਹੈ। ‘ਸੋਪੁਰਖੁ’ ਜੁੱਟ ਦੇ ਚਾਰ ਸ਼ਬਦਾਂ ਵਿਚੋਂ ਪਹਿਲਾ ਅਤੇ ਦੂਜਾ ਸ਼ਬਦ ਗੁਰੂ ਰਾਮਦਾਸ ਜੀ ਦੀ ਰਚਨਾ ਹੈ, ਤੀਜਾ ਗੁਰੂ ਨਾਨਕ ਦੇਵ ਜੀ ਦਾ ਹੈ ਅਤੇ ਚੌਥਾ ਗੁਰੂ ਅਰਜਨ ਦੇਵ ਜੀ ਦਾ ਲਿਖਿਆ ਹੈ। ਇਹ ਸ਼ਬਦ-ਸਮੁੱਚ ਗੁਰੂ ਗ੍ਰੰਥ ਸਾਹਿਬ ਵਿਚ ‘ਜਪੁ ’ ਬਾਣੀ ਤੋਂ ਬਾਦ ਸੰਕਲਿਤ ਹੈ। ਸਪੱਸ਼ਟ ਹੈ ਕਿ ਉਦੋਂ ਤਕ ‘ਰਹਿਰਾਸ’ ਦਾ ਪਾਠ ਇਨ੍ਹਾਂ ਸ਼ਬਦਾਂ ਤਕ ਹੀ ਸੀਮਿਤ ਸੀ।

ਇਸ ਸ਼ਬਦ-ਜੁਟ (ਸੋਦਰ + ਸੋਪੁਰਖ) ਦੇ ‘ਰਹਰਾਸ’ ਨਾਂ ਨਾਲ ਪ੍ਰਚਲਿਤ ਹੋਣ ਦਾ ਕਾਰਣ ਇਸ ਦੇ ਪਹਿਲੇ ਹਿੱਸੇ ਵਿਚ ਆਏ ਗੁਰੂ ਰਾਮਦਾਸ ਦੇ ਗੂਜਰੀ ਰਾਗ ਵਿਚ ਉਚਾਰੇ ਪਦ ਦੇ ‘ਰਹਾਉ ’ ਵਿਚ ਵਰਤਿਆ ‘ਰਹਰਾਸਿ’ ਸ਼ਬਦ ਪ੍ਰਤੀਤ ਹੁੰਦਾ ਹੈ—ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ (ਗੁ.ਗ੍ਰੰ.10)।

‘ਰਹਿਰਾਸ’ ਸ਼ਬਦ ‘ਰਹ :’ ਅਤੇ ‘ਰਾਸ ’ (jg%$jkl) ਦਾ ਸੰਯੁਕਤ ਰੂਪ ਹੈ ਅਤੇ ਇਸ ਦਾ ਇਕ ਅਰਥ ਹੈ ਬੇਨਤੀ, ਪ੍ਰਾਰਥਨਾ। ਇਹ ਸ਼ਬਦ ਸਿੱਧਾਂ/ਨਾਥਾਂ ਦੀਆਂ ਬਾਣੀਆਂ ਵਿਚ ਵਰਤਿਆ ਮਿਲਦਾ ਹੈ ਜਿਥੇ ਇਸ ਦਾ ਅਰਥ ਹੈ ਗੁਪਤ-ਕ੍ਰੀੜਾ, ਗੂੜ੍ਹ ਰਹਸਮਈ ਸਾਧਨਾ। ਗੁਰੂ ਨਾਨਕ ਦੇਵ ਜੀ ਨੇ ‘ਸਿਧ-ਗੋਸਟਿ’ ਵਿਚ ਸਿੱਧਾਂ ਨਾਲ ਸੰਵਾਦ ਕਰਦਿਆਂ ਇਸ ਸ਼ਬਦ ਦੀ ਪਹਿਲੀ ਵਾਰ ਵਰਤੋਂ ਕੀਤੀ ਹੈ—ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੈ ਇਸ ਤਰ੍ਹਾਂ ਗੁਰੂ ਸਾਹਿਬ ਨੇ ਸਿੱਧਾਂ ਦੀ ‘ਰਹਰਾਸ’ ਨੂੰ ਇਕ ਨਵਾਂ ਆਯਾਮ ਦੇ ਕੇ ਪ੍ਰਾਰਥਨਾ ਵਿਚ ਬਦਲ ਦਿੱਤਾ ਹੈ।

ਕਈ ਵਿਦਵਾਨ ‘ਰਹਿਰਾਸ’ ਸ਼ਬਦ ਦਾ ਪਿਛੋਕੜ ਫ਼ਾਰਸੀ ਭਾਸ਼ਾ ਦੇ ‘ਰਾਹੇ-ਰਾਸੑਤ’ ਨਾਲ ਜੋੜਦਿਆਂ ਸਥਾਪਿਤ ਕਰਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ‘ਸਹੀ ਰਸਤਾ ’ ਦਸਿਆ ਸੀ। ਪਰ ਧਿਆਨ ਰਹੇ ਕਿ ਜਿਸ ਸੰਦਰਭ ਵਿਚ ਗੁਰੂ ਨਾਨਕ ਦੇਵ ਜੀ ਇਸ ਸ਼ਬਦ ਦੀ ਵਰਤੋਂ ਕਰ ਰਹੇ ਹਨ, ਉਹ ਪੂਰੀ ਤਰ੍ਹਾਂ ਯੋਗ-ਸਾਧਨਾ ਨਾਲ ਸੰਬੰਧਿਤ ਹੈ। ਇਸ ਲਈ ਪ੍ਰਸੰਗ ਅਤੇ ਸੰਦਰਭ ਤੋਂ ਹਟ ਕੇ ਅਨੁਮਾਨ ਦੇ ਆਧਾਰ’ਤੇ ‘ਰਹਿਰਾਸ’ ਸ਼ਬਦ ਦਾ ਪਿਛੋਕੜ ਫ਼ਾਰਸੀ ਭਾਸ਼ਾ ਨਾਲ ਸਥਾਪਿਤ ਕਰਨਾ ਅਨੁਚਿਤ ਚੇਸ਼ਟਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13319, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.