ਲੋਪ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਲੋਪ : ਲੋਪ, ਇੱਕ ਧੁਨੀ-ਨੇਮ ਹੈ, ਜਿਸ ਦਾ ਸੰਬੰਧ ਭਾਸ਼ਾ ਦੇ ਪਰਿਵਰਤਨ ਨਾਲ ਹੈ। ਇਤਿਹਾਸਿਕ ਭਾਸ਼ਾ ਵਿਗਿਆਨ ਵਿੱਚ ਇਸ ਸੰਕਲਪ ਦੀ ਵਰਤੋਂ ਧੁਨੀ- ਪਰਿਵਰਤਨ ਨੂੰ ਦਰਸਾਉਣ ਲਈ ਕੀਤੀ ਜਾਂਦੀ ਹੈ। ਦਰਅਸਲ ਭਾਸ਼ਾ ਹਰ ਸਮੇਂ ਬਣਦੀ ਰਹਿੰਦੀ ਹੈ। ਭਾਸ਼ਾ ਦਾ ਬਦਲਾਓ ਜਾਂ ਪਰਿਵਰਤਨ ਹੀ ਭਾਸ਼ਾ ਦੇ ਜਿਊਂਦੇ ਹੋਣ ਦੀ ਨਿਸ਼ਾਨੀ ਹੈ। ਭਾਸ਼ਾ ਪਰਿਵਰਤਨ, ਭਾਸ਼ਾ ਵਿਕਾਸ ਹੈ। ਪਰ ਭਾਸ਼ਾ ਦਾ ਇਹ ਪਰਿਵਰਤਨ ਏਨਾ ਬੇਮਾਲੂਮਾ ਹੈ ਕਿ ਕਈ ਸਦੀਆਂ ਲੰਘ ਜਾਣ ਉਪਰੰਤ ਹੀ ਸਾਨੂੰ ਇਸ ਦਾ ਅਹਿਸਾਸ ਹੁੰਦਾ ਹੈ। ਭਾਸ਼ਾ ਪਰਿਵਰਤਨ ਦੇ ਅਨੇਕਾਂ ਸਮਾਜਿਕ, ਸੱਭਿਆਚਾਰਿਕ, ਮਨੋਵਿਗਿਆਨਿਕ, ਇਤਿਹਾਸਿਕ ਅਤੇ ਭੂਗੋਲਿਕ ਕਾਰਨ ਹੁੰਦੇ ਹਨ। ਮੋਟੇ ਤੌਰ ਤੇ ਇਹਨਾਂ ਪਰਿਵਰਤਨਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ-ਬਾਹਰੀ ਪਰਿਵਰਤਨ ਅਤੇ ਅੰਦਰੂਨੀ ਪਰਿਵਰਤਨ। ਬਾਹਰੀ ਪਰਿਵਰਤਨ ਮਾਂਗਵੇ ਸ਼ਬਦਾਂ ਕਾਰਨ ਵਾਪਰਦੇ ਹਨ। ਇਹ ਪਰਿਵਰਤਨ ਵੱਖ-ਵੱਖ ਭਾਸ਼ਾਵਾਂ ਦੇ ਬੋਲਣਹਾਰਿਆਂ ਦੇ ਆਪਸੀ ਮੇਲਜੋਲ ਕਾਰਨ ਹੁੰਦੇ ਹਨ। ਬਾਕੀ ਦੇ ਪਰਿਵਰਤਨਾਂ ਨੂੰ ਅੰਦਰੂਨੀ ਪਰਿਵਰਤਨ ਕਿਹਾ ਜਾਂਦਾ ਹੈ। ਅੰਦਰੂਨੀ ਪਰਿਵਰਤਨਾਂ ਵਿੱਚ ਧੁਨੀਆਂ ਦਾ ਵਾਧਾ ਘਾਟਾ, ਸ਼ਬਦਾਵਲੀ ਵਿੱਚ ਪਰਿਵਰਤਨ ਅਤੇ ਉਹਨਾਂ ਦੇ ਅਰਥ ਘੇਰੇ ਵਿੱਚ ਵਾਧਾ ਸ਼ਾਮਲ ਹੈ।
ਲੋਪ ਦਾ ਸੰਬੰਧ ਧੁਨੀ ਪਰਿਵਰਤਨ ਨਾਲ ਹੈ। ਧੁਨੀ ਪਰਿਵਰਤਨ ਉਹ ਪ੍ਰਕਿਰਿਆ ਹੈ, ਜਿਸ ਰਾਹੀਂ ਕੁਝ ਕੁ ਧੁਨੀਆਂ ਜਾਂ ਤਾਂ ਗੁਆਚ ਜਾਂਦੀਆਂ ਹਨ ਜਾਂ ਨਵੀਆਂ ਪੈਦਾ ਹੋ ਜਾਂਦੀਆਂ ਹਨ। ਧੁਨੀ ਪਰਿਵਰਤਨ ਦੇ ਵੀ ਅਨੇਕ ਕਾਰਨ ਖੋਜੇ ਗਏ ਹਨ। ਪਹਿਲਾ ਕਾਰਨ ਤਾਂ ਧੁਨੀ ਵਿਗਿਆਨਿਕ ਹੈ। ਜਦੋਂ ਕੋਈ ਭਾਸ਼ਾਈ ਸਮਾਜ ਕਿਸੇ ਦੂਜੀ ਭਾਸ਼ਾ ਨੂੰ ਸਿੱਖਦਾ ਹੈ ਤਾਂ ਨਵੀਂ ਸਿੱਖੀ ਜਾ ਰਹੀ ਭਾਸ਼ਾ ਨੂੰ ਆਪਣੀ ਨਿੱਜੀ ਭਾਸ਼ਾ ਦੀ ਧੁਨੀ-ਵਿਉਂਤ ਅਨੁਸਾਰ ਢਾਲਦਾ ਹੈ। ਕਈ ਵਾਰੀ ਇੱਕ ਭਾਸ਼ਾ ਦੀਆਂ ਕੁਝ ਧੁਨੀਆਂ ਦੂਜੀ ਭਾਸ਼ਾ ਵਿੱਚ ਮੌਜੂਦ ਹੀ ਨਹੀਂ ਹੁੰਦੀਆਂ। ਦੂਜਾ ਅਹਿਮ ਕਾਰਨ ਮਨੋਵਿਗਿਆਨਿਕ ਹੈ। ਆਮ ਤੌਰ ਤੇ ਮਨੁੱਖ ਵਿੱਚ ਅਰਾਮ ਕਰਨ, ਸੰਕੋਚ ਕਰਨ, ਆਲਸ ਜਾਂ ਬੇਪ੍ਰਵਾਹੀ ਇੱਕ ਸੁਭਾਵਿਕ ਰੁਚੀ ਹੈ। ਬੋਲਣ ਸਮੇਂ ਸੌਖੀ ਤੋਂ ਸੌਖੀ ਧੁਨੀ ਉਚਾਰਨਾਂ ਮਨੁੱਖ ਦੀ ਸੁਭਾਵਿਕ ਪ੍ਰਵਿਰਤੀ ਹੈ। ਕਈ ਵਾਰੀ ਅਸੀਂ ਪਹਿਲਾਂ ਪ੍ਰਚਲਿਤ ਧੁਨੀਆਂ ਦੀ ਨਕਲ ਕਰ ਕੇ ਵੀ ਓਪਰੀਆਂ ਧੁਨੀਆਂ ਨੂੰ ਉਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਇਸ ਤੋਂ ਇਲਾਵਾ ਦੋ-ਭਾਸ਼ੀ ਸਮਾਜਾਂ ਵਿੱਚ ਵਿਭਿੰਨ ਬੁਲਾਰਿਆਂ ਦੀਆਂ ਉਚਾਰਨ ਆਦਤਾਂ ਵੀ ਧੁਨੀ ਪਰਿਵਰਤਨ ਦਾ ਕਾਰਨ ਬਣਦੀਆਂ ਹਨ। ਇਉਂ ਇਤਿਹਾਸਿਕ ਭਾਸ਼ਾ- ਵਿਗਿਆਨੀਆਂ ਨੇ ਧੁਨੀ ਪਰਿਵਰਤਨਾਂ ਦੀਆਂ ਭਿੰਨ ਕਿਸਮਾਂ ਅੰਕੀਆਂ ਹਨ-ਬਿਨਾਂ ਸੂਰਤ ਪਰਿਵਰਤਨ, ਪਰਿਸਥਿਤੀ ਅਨੁਸਾਰ ਪਰਿਵਰਤਨ ਅਤੇ ਵਿਕੋਲਿਤਰੇ ਪਰਿਵਰਤਨ।
ਧੁਨੀ-ਲੋਪ ਦੇ ਨੇਮ ਨੂੰ ਵਿਕੋਲਿਤਰੇ ਪਰਿਵਰਤਨਾਂ ਤਹਿਤ ਵਿਚਾਰਿਆ ਜਾਂਦਾ ਹੈ। ਅਜਿਹੇ ਪਰਿਵਰਤਨ ਅਨਿਯਮਤ ਤੌਰ ਤੇ ਧੁਨੀਆਂ ਵਿੱਚ ਵਾਪਰਦੇ ਹਨ। ਇਹਨਾਂ ਵਿੱਚੋਂ ਪਹਿਲਾਂ ਤੇ ਪ੍ਰਮੁਖ ਨੇਮ, ਧੁਨੀ ਲੋਪ ਨੇਮ ਹੀ ਹੈ। ਆਮ ਤੌਰ ਤੇ ਧੁਨੀ-ਲੋਪ ਉਚਾਰਨ ਦੀ ਸਹੂਲਤ ਕਾਰਨ ਵਾਪਰਦਾ ਹੈ। ਭਾਸ਼ਾ ਦੇ ਬੁਲਾਰੇ ਆਪਣੀ ਉਚਾਰਨ ਸਹੂਲਤ ਨੂੰ ਮੁੱਖ ਰੱਖਦਿਆਂ ਸ਼ਬਦ, ਅੱਖਰ ਜਾਂ ਕਿਸੇ ਉਚਾਰ-ਖੰਡ ਵਿਚਲੀਆਂ ਧੁਨੀਆਂ ਨੂੰ ਆਪਣੇ ਉਚਾਰਨ ਵਿੱਚੋਂ ਲੁਪਤ ਕਰ ਦਿੰਦੇ ਹਨ। ਇਉਂ ਹੌਲੀ-ਹੌਲੀ ਅਜਿਹੇ ਪਰਿਵਰਤਨ ਕਿਸੇ ਭਾਸ਼ਾ ਦੇ ਧੁਨੀ-ਪ੍ਰਬੰਧ ਨੂੰ ਪ੍ਰਭਾਵਿਤ ਵੀ ਕਰਦੇ ਹਨ ਅਤੇ ਸਮੁੱਚੇ ਤੌਰ ਤੇ ਭਾਸ਼ਾਈ ਪਰਿਵਰਤਨ ਜਾਂ ਵਿਕਾਸ ਦਾ ਕਾਰਨ ਬਣਦੇ ਹਨ। ਇਤਿਹਾਸਿਕ ਭਾਸ਼ਾ-ਵਿਗਿਆਨ ਵਿੱਚ ਲੇਪ ਦੀ ਪ੍ਰਕਿਰਿਆ ਨੂੰ ਹੇਠ ਲਿਖੇ ਅਨੁਸਾਰ ਪਛਾਣਿਆ ਗਿਆ ਹੈ-ਸ੍ਵਰ ਲੋਪ, ਵਿਅੰਜਨ ਲੋਪ, ਉਚਾਰਖੰਡ ਲੋਪ।
ਸ੍ਵਰ ਲੋਪ ਆਮ ਤੌਰ ਤੇ ਬਲ ਜਾਂ ਦਬਾ ਕੇ ਕਮਜ਼ੋਰ ਪੈਣ ਨਾਲ ਹੋ ਜਾਂਦਾ ਹੈ, ਜਿਵੇਂ ਸੰਸਕ੍ਰਿਤ ਦੇ ਸ਼ਬਦ ਅਹੰਕਾਰ ਤੋਂ ਪੰਜਾਬੀ ਵਿੱਚ ‘ਹੰਕਾਰ’ ਅਤੇ ‘ਏਕਾਦਸ਼ੀ’ ਤੋਂ ‘ਕਾਦਸੀ’ ਬਣ ਗਿਆ ਹੈ। ਇਵੇਂ ਅਰਬੀ ‘ਅਹਾਤਾ’ ਤੋਂ ਪੰਜਾਬੀ (ਹਾਤਾ), ਅਸਵਾਰ ਤੋਂ ਸਵਾਰ, ਅਨੋਖਾ ਤੋਂ ਨੋਖਾ, ਅਨਾਜ ਤੋਂ ਨਾਜ ਅਤੇ ਫ਼ਾਰਸੀ ਅਫਸਾਨਾ ਤੋਂ ਫਸਾਨਾ ਆਦਿ ਸ਼ਬਦਾਂ ਵਿੱਚ।
ਕਈ ਵਾਰੀ ਕਿਸੇ ਸ਼ਬਦ ਦਾ ਵਿਅੰਜਨ ਲੋਪ ਹੋ ਜਾਂਦਾ ਹੈ। ਜਿਵੇਂ ਸਥਾਨ ਤੋਂ ਥਾਂ, ਸਥਲ ਤੋਂ ਥਲ, ਸੰਥਾਲੀ ਤੋਂ ਥਾਲੀ, ਸੁਮਸਾਨ ਤੋਂ ਮਸਾਣ, ਸਟਾਲ ਤੋਂ ਟਾਲ ਅਤੇ ਸਤੰਭ ਤੋਂ ਥੰਮ੍ਹ ਇਹਨਾਂ ਸ਼ਬਦਾਂ ਵਿੱਚ ਕ੍ਰਮਵਾਰ /ਸ/, ਵਿਅੰਜਨ ਧੁਨੀ ਦਾ ਲੋਪਨ ਹੋ ਗਿਆ ਹੈ।
ਕਈ ਵਾਰ ਸ਼ਬਦ ਦਾ ਪੂਰਾ ਉਚਾਰ-ਖੰਡ (ਅੱਖਰ) ਵੀ ਲੋਪ ਹੋ ਜਾਂਦਾ ਹੈ। ਮਿਸਾਲ ਵਜੋਂ :
ਅਮਾਂ - ਮਾਂ
ਸ਼ੁਹਤੂਤ - ਤੂਤ
ਇੱਥੇ ਹੀ ਬੱਸ ਨਹੀਂ, ਲੋਪ ਨੇਮ ਰੂਪਾਤਮਿਕ ਅਤੇ ਵਾਕਾਤਮਿਕ ਪੱਧਰ ਤੇ ਵੀ ਕਾਰਜਸ਼ੀਲ ਹੁੰਦਾ ਹੈ। ਪੰਜਾਬੀ ਭਾਸ਼ਾ ਦਾ ਨਿਕਾਸ ਸੰਸਕ੍ਰਿਤ, ਪ੍ਰਾਕ੍ਰਿਤ ਅਤੇ ਅਪਭ੍ਰੰਸ਼ਾਂ ਦੀ ਵਿਕਾਸ ਯਾਤਰਾ ਦਾ ਪ੍ਰਤਿਫਲ ਹੈ। ਇਸ ਲੰਮੀ ਇਤਿਹਾਸਿਕ ਵਿਕਾਸ ਪ੍ਰਕਿਰਿਆ ਵਿੱਚ ਪੰਜਾਬੀ ਵਿੱਚ ਕਈ ਰੂਪਾਤਮਿਕ ਲੱਛਣਾਂ ਦਾ ਲੋਪਣ ਵੀ ਹੋਇਆ ਹੈ, ਜਿਵੇਂ ਸੰਸਕ੍ਰਿਤ ਵਿੱਚ ਤਿੰਨ ਲਿੰਗ ਅਤੇ ਵਚਨ ਸਨ, ਪਰ ਪੰਜਾਬੀ ਵਿੱਚ ਦੋ ਲਿੰਗ-ਪੁਲਿੰਗ ਅਤੇ ਇਲਿੰਗ ਰਹਿ ਗਏ ਹਨ। ਇਸ ਤਰ੍ਹਾਂ ਵਚਨ ਵੀ ਦੋ ਹੀ ਰਹਿ ਗਏ ਹਨ। ਇਸੇ ਤਰ੍ਹਾਂ ਵਾਕਾਤਮਿਕ ਪੱਧਰ ਉੱਤੇ ਵੀ ਲੋਪ ਦੇ ਨਮੂਨੇ ਵੇਖੇ ਜਾ ਸਕਦੇ ਹਨ। ਅਸੀਂ ਪੰਜਾਬੀ ਬੋਲ-ਚਾਲ ਵਿੱਚ ‘ਮਖਿਆ’ ਆਮ ਬੋਲਦੇ ਹਾਂ। ਇਸ ਦਾ ਭਾਵ ਹੈ: ‘ਮੈਂ ਉਸ ਨੂੰ ਆਖਿਆ’। ਵਾਕ ਦੇ ਪੱਧਰ ਉੱਤੇ ਲੋਪ ਦਾ ਇਹ ਵਧੀਆ ਨਮੂਨਾ ਹੈ।
ਲੇਖਕ : ਬੂਟਾ ਸਿੰਘ ਬਰਾੜ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10475, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First