ਲੋਹੜੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲੋਹੜੀ : ਲੋਹੜੀ ਪੰਜਾਬ ਦਾ ਪ੍ਰਸਿੱਧ ਤਿਉਹਾਰ ਹੈ, ਜੋ ਪੋਹ ਮਹੀਨੇ ਦੇ ਅੰਤਲੇ ਦਿਨ ਅਤੇ ਮਾਘ ਮਹੀਨੇ ਦੀ ਸੰਗਰਾਂਦ ਦੀ ਪੂਰਵ ਸੰਧਿਆ ਨੂੰ ਮਨਾਇਆ ਜਾਂਦਾ ਹੈ। ਮੁੱਖ ਰੂਪ ਵਿੱਚ ਇਹ ਤਿਉਹਾਰ ਨਵ-ਜਨਮੇਂ ਬੱਚੇ ਦੀ ਖ਼ੁਸ਼ੀ ਨਾਲ ਸੰਬੰਧਿਤ ਹੈ, ਪਰ ਕਈ ਲੋਕ ਇਸ ਨੂੰ ਸੱਜਰੇ ਵਿਆਹ ਦੀ ਖ਼ੁਸ਼ੀ ਨਾਲ ਵੀ ਜੋੜ ਲੈਂਦੇ ਹਨ।

     ਇਸ ਤਿਉਹਾਰ ਦੇ ਨਾਂ ਬਾਰੇ ਵਿਦਵਾਨਾਂ ਵਿੱਚ ਕਾਫ਼ੀ ਮੱਤ-ਭੇਦ ਹਨ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਲੋਹੜੀ ਦਾ ਮੂਲ ਸ਼ਬਦ ਤਿਲ+ਰੋੜੀ ਹੈ, ਜਿਸ ਤੋਂ ‘ਤਿਲੋੜੀ’ ਬਣਿਆ ਅਤੇ ਬਾਅਦ ਵਿੱਚ ਇਸ ਸ਼ਬਦ ਦਾ ਰੂਪਾਂਤਰ ਲੋਹੜੀ ਹੋ ਗਿਆ।

     ਨਵਰਤਨ ਕਪੂਰ ਅਨੁਸਾਰ, ਲੋਹੜੀ ਸ਼ਬਦ ਦਾ ਨਿਕਾਸ ‘ਲੋਂਹਡੀ’ ਸ਼ਬਦ ਤੋਂ ਹੋਇਆ। ਲੋਹੜੀ ਦੀ ਅਗਨੀਂ ਵਿੱਚ ਕਿਉਂਕਿ ਮੂੰਗਫ਼ਲੀ, ਤਿਲ, ਮੱਕੀ ਆਦਿ ਦਾਹ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਭੁੰਨਣ ਲਈ (ਲੋਹ+ਭਾਂਡ = ਲੋਹੇ ਦਾ ਭਾਂਡਾ) ਲੋਂਹਡੀ (ਲੋਹੇ ਦੀ ਛੋਟੀ ਕੜਾਹੀ) ਲੋੜੀਂਦੀ ਹੈ, ਜਿਸ ਕਾਰਨ ਇਸ ਤਿਉਹਾਰ ਦਾ ਨਾਂ ਲੋਹੜੀ ਪਿਆ।

     ਇਸ ਤਿਉਹਾਰ ਦਾ ਨਾਂ ਲੋਹੀ ਵੀ ਹੈ, ਜਿਸ ਦਾ ਭਾਵ-ਅਰਥ ਲੋਹੇ ਦੀ ਕੜਾਹੀ ਤੋਂ ਹੀ ਹੈ। ਦੋ ਨਾਂ ਹੋਰ ਵੀ ਪ੍ਰਚਲਿਤ ਹਨ, ਜਿਸ ਨੂੰ ਬਾਲੜੀਆਂ ਮੋਹ ਮਾਈ ਅਤੇ ਮਾਂਵਾਂ ਬੇਹ-ਮਾਤਾ ਕਹਿੰਦੀਆਂ ਹਨ। ਮੋਹ ਮਾਈ ਨਾਂ ਵਾਲਾ ਤਿਉਹਾਰ ਲੋਹੜੀ ਦੀ ਅਗਲੀ ਸਵੇਰ ਮਾਘੀ ਵਾਲੇ ਦਿਨ ਨਾਲ ਸੰਬੰਧਿਤ ਹੈ। ਇਸ ਦਿਨ ਕੰਨਿਆਵਾਂ ਨਵ- ਜਨਮੇਂ ਬਾਲ ਦੇ ਪਿਤਾ ਤੋਂ ਦਾਨ ਮੰਗ ਕੇ ਉਹਨਾਂ ਦਾ ਭਾਰ ਲਾਹੁੰਦੀਆਂ ਹਨ ਅਤੇ ਮਾਂਵਾਂ ਬੇਹ-ਮਾਤਾ (ਬੱਚੇ ਦੇ ਜਨਮ ਦਾ ਹਿਸਾਬ ਰੱਖਣ ਵਾਲੀ ਦੇਵੀ) ਦੀ ਮਨੌਤ ਅਨੁਸਾਰ, ਦੇਵੀ ਨੂੰ ਲੋਹੜੀ ਵਾਲੀ ਰਾਤ ਅਗਨੀਂ ਵਿੱਚ ਤਿਲ ਆਦਿ ਭੇਟ ਕਰ ਕੇ ਪ੍ਰਸੰਨ ਕਰਦੀਆਂ ਹਨ।

     ਲੋਹੜੀ ਦਾ ਤਿਉਹਾਰ ਆਪਣੇ ਨਿਸ਼ਚਿਤ ਦਿਨ ਤੋਂ ਪੰਜ-ਸੱਤ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ, ਜਿਸ ਵਿੱਚ ਪਿੰਡਾਂ ਦੇ ਬਾਲ ਬਾਲੜੀਆਂ ਨਵ-ਜਨਮੇਂ ਬੱਚਿਆਂ ਅਤੇ ਸੱਜਰੇ ਵਿਆਹ ਵਾਲੇ ਟੱਬਰਾਂ ਕੋਲੋਂ ਲੱਕੜਾਂ, ਪਾਥੀਆਂ, ਦਾਣੇ, ਮਕਈ ਦੇ ਭੁੱਜੇ ਫੁੱਲੇ ਅਤੇ ਪੈਸੇ ਆਦਿ ਉਗਰਾਹ ਕੇ ਬਾਕੀ ਵਸਤਾਂ ਤਾਂ ਵੰਡ ਲੈਂਦੇ ਹਨ, ਪਰ ਬਾਲਣ ਇੱਕ ਥਾਂ ਇਕੱਤਰ ਰੱਖਿਆ ਜਾਂਦਾ ਹੈ, ਜਿਸ ਦੀ ਲੋਹੜੀ ਵਾਲੇ ਦਿਨ ਅੱਗ ਬਾਲੀ ਜਾਂਦੀ ਹੈ।

     ਲੋਹੜੀ ਵਾਲੇ ਦਿਨ ਬਾਲ-ਬਾਲੜੀਆਂ, ਗੱਭਰੂ ਅਤੇ ਮੁਟਿਆਰਾਂ ਦੀਆਂ ਟੋਲੀਆਂ ਵੀ ਘਰੋਂ-ਘਰੀ ਜਾ ਕੇ ਲੋਹੜੀ ਨਾਲ ਸੰਬੰਧਿਤ ਗੀਤ ਗਾਉਂਦੀਆਂ ਹੋਈਆਂ, ਦਾਣੇ, ਰੁਪਏ, ਲੱਕੜ, ਬਾਲਣ ਅਤੇ ਗੁੜ੍ਹ ਆਦਿ ਮੰਗਦੀਆਂ ਹਨ। ਬਾਲਾਂ ਦੁਆਰਾ ਲੋਹੜੀ `ਤੇ ਗਾਏ ਜਾਣ ਵਾਲੇ ਗੀਤ ਅਨੇਕ ਪ੍ਰਕਾਰ ਦੇ ਹਨ, ਜਿਨ੍ਹਾਂ ਵਿੱਚ ਖੇਤਰੀ ਵੱਖਰਤਾ ਦੇ ਨਾਲ-ਨਾਲ ਵੱਧ ਪੈਸੇ ਦੇਣ ਵਾਲੇ ਦੀ ਉਸਤਤ ਅਤੇ ਘੱਟ ਦੇਣ ਵਾਲੇ `ਤੇ ਕੀਤੇ ਜਾਣ ਵਾਲੇ ਤਿੱਖੇ ਵਿਅੰਗ ਦੀ ਪ੍ਰਧਾਨਤਾ ਹੈ। ਇਹ ਗੀਤ ਬਾਲੜੀਆਂ ਦੀ ਮੌਲਿਕ ਸਿਰਜਣਾ ਹਨ, ਜੋ ਸਮੇਂ-ਸਮੇਂ ਅਤੇ ਮੌਕੇ ਅਨੁਸਾਰ, ਪੁਨਰ ਸਿਰਜਤ ਹੋਣ ਦੇ ਖ਼ਮੀਰ ਵਾਲੇ ਹਨ। ਇਹਨਾਂ ਗੀਤਾਂ ਨੂੰ ਟੋਲੀਆਂ ਦੇ ਰੂਪ ਵਿੱਚ ਕੋਈ ਮੁੰਡਾ/ਕੁੜੀ ਮੋਹਰੀ ਗੀਤ ਦੇ ਬੋਲ ਉਚਾਰਦਾ ਹੈ ਅਤੇ ਟੋਲੀ ਦੇ ਬਾਕੀ ਸਾਥੀ ਸਮੂਹਿਕ ਰੂਪ ਵਿੱਚ ਹੋ-ਹੋ ਦੀ ਅਵਾਜ਼ ਕੱਢਦੇ ਹੋਏ ਗੀਤ ਨੂੰ ਲੈਅ, ਤਾਲ ਅਤੇ ਗਤੀ ਦਿੰਦੇ ਹਨ। ਇਹਨਾਂ ਗੀਤਾਂ ਵਿੱਚ ਮੰਗ ਅਨੁਸਾਰ ਵਸਤ ਦੇਣ ਵਾਲੇ ਨੂੰ ਵਸਤ ਬਦਲੇ ਵੱਡੀ ਵਸਤ ਦੇਣ ਦੀ ਵਡਿਆਈ ਕੀਤੀ ਗਈ ਹੁੰਦੀ ਹੈ। ਜਿਵੇਂ :

          -        ਦੇਹ ਮਾਈ ਪਾਥੀ ਜੀਵੇ ਤੇਰਾ ਹਾਥੀ

          -        ਦੇਹ ਮਾਈ ਰੋੜੀ ਤੇਰੀ ਜੀਵੇ ਜੋੜੀ

          -        ਪਾ ਮਾਈ ਪਾ ਕਾਲੇ ਕੁੱਤੇ ਨੂੰ ਵੀ ਪਾ

                   ਕਾਲਾ ਕੁੱਤਾ ਦੇ ਵਧਾਈ, ਤੇਰੀਆਂ ਜਿਉਣ ਮੱਝੀਂ ਗਾਈਂ

                   ਮੱਝੀਂ ਗਾਈਂ ਦਿੱਤਾ ਦੁੱਧ, ਤੇਰੇ ਜੀਵਣ ਸਤੇ ਪੁੱਤ।

          -        ਪਾ ਮਾਈ ਸੇਮ

                   ਤੇਰੀ ਨੂੰਹ ਆਵੇ ਮੇਮ।

          -        ਸਾਡੇ ਪੈਰਾਂ ਹੇਠ ਰੋੜ ਸਾਨੂੰ ਛੇਤੀ ਛੇਤੀ ਤੋਰ।

          -        ਸਾਡੇ ਪੈਰਾਂ ਹੇਠ ਸਲਾਈਆਂ

                   ਅਸੀਂ ਕਿਹੜੇ ਵੇਲੇ ਦੀਆਂ ਆਈਆਂ।

ਲੋਹੜੀ ਦਾ ਸੰਬੰਧ ਦੁੱਲੇ ਭੱਟੀ ਨਾਲ ਵੀ ਜੋੜਿਆ ਜਾਂਦਾ ਹੈ, ਜਿਸ ਨਾਲ ਸੰਬੰਧਿਤ ਕਹਾਣੀ ਦਾ ਸਾਰ ਇਸ ਪ੍ਰਕਾਰ ਹੈ।

     ਇੱਕ ਪਿੰਡ ਦੇ ਗ਼ਰੀਬ ਬ੍ਰਾਹਮਣ ਦੀਆਂ ਦੋ ਖ਼ੂਬਸੂਰਤ ਧੀਆਂ ਸਨ-ਸੁੰਦਰੀ ਅਤੇ ਮੁੰਦਰੀ। ਇਲਾਕੇ ਦਾ ਹਾਕਮ ਉਹਨਾਂ ਨੂੰ ਪ੍ਰਾਪਤ ਕਰਨਾ ਚਾਹੁੰਦਾ ਸੀ। ਬ੍ਰਾਹਮਣ ਨੇ ਧੀਆਂ ਦੇ ਸਹੁਰੇ ਘਰ ਜਾ ਕੇ ਉਹਨਾਂ ਨੂੰ ਵਰ ਲੈਣ ਲਈ ਬੇਨਤੀ ਕੀਤੀ, ਪਰ ਧੀਆਂ ਦੇ ਸਹੁਰੇ ਮੁਗ਼ਲ ਹਾਕਮ ਤੋਂ ਡਰ ਗਏ।

     ਗ਼ਰੀਬ ਬ੍ਰਾਹਮਣ ਡਰ ਕੇ ਘਰ ਪਰਤ ਰਿਹਾ ਸੀ ਤਾਂ ਇੱਕ ਜੰਗਲ ਵਿੱਚ ਉਸ ਨੂੰ ਅਚਾਨਕ ਦੁੱਲਾ ਭੱਟੀ ਮਿਲਿਆ, ਜੋ ਗ਼ਰੀਬਾਂ ਦਾ ਸਹਾਇਕ ਸੀ। ਦੁੱਲੇ ਨੇ ਗ਼ਰੀਬ ਬ੍ਰਾਹਮਣ ਨੂੰ ਬੀਆਬਾਨ ਜੰਗਲ ਵਿੱਚ ਆਉਣ ਦਾ ਕਾਰਨ ਪੁੱਛਿਆ। ਬ੍ਰਾਹਮਣ ਨੇ ਦੱਸਿਆ ਕਿ ਉਹ ਦੁੱਲਾ ਭੱਟੀ ਨੂੰ ਮਿਲਣ ਜਾ ਰਿਹਾ ਹੈ, ਜੋ ਉਸ ਦੀਆਂ ਧੀਆਂ ਦੇ ਡੋਲੇ ਉਠਵਾ ਸਕਦਾ ਹੈ।

     ਤਦ ਦੁੱਲੇ ਨੇ ਬ੍ਰਾਹਮਣ ਦੀਆਂ ਧੀਆਂ ਵਿਆਹੁਣ ਦਾ ਵਚਨ ਦਿੱਤਾ। ਦੁੱਲਾ ਕਿਉਂਕਿ ਉਹਨੀਂ ਦਿਨੀਂ ਹਕੂਮਤ ਤੋਂ ਲੁੱਕਿਆ ਫਿਰਦਾ ਸੀ, ਫਿਰ ਵੀ ਉਸ ਨੇ ਬ੍ਰਾਹਮਣ ਦੀਆਂ ਗ਼ਰੀਬ ਧੀਆਂ ਨੂੰ ਪਾਟੇ ਸਾਲੂਆਂ ਨਾਲ ਵਿਆਹਿਆ ਅਤੇ ਸੇਰ ਸ਼ੱਕਰ ਉਹਨਾਂ ਦੀ ਝੋਲੀ ਪਾ ਕੇ ਸਹੁਰੇ ਘਰ ਤੋਰਿਆ ਤਦ ਤੋਂ ਲੈ ਕੇ ਲੋਹੜੀ ਦੇ ਗੀਤਾਂ ਵਿੱਚ ਬੱਚਿਆਂ ਦੁਆਰਾ ਉਸ ਵਿਆਹ ਵੇਰਵਿਆਂ ਦੇ ਸੰਕੇਤ ਗਾਏ ਜਾਂਦੇ ਹਨ। ਜਿਸ ਵਿੱਚ ਟੋਲੀ ਦਾ ਮੋਹਰੀ ਮੁੰਡਾ ਗੀਤ ਦੇ ਬੋਲ ਉਚਾਰਦਾ ਹੈ ਅਤੇ ਟੋਲੀ ਦੇ ਬਾਕੀ ਮੁੰਡੇ ਅੰਤਰੇ ਦੇ ਅੰਤ `ਤੇ ਹੋ ਦੀ ਇਕੱਠੀ ਅਵਾਜ਼ ਕੱਢਦੇ ਹਨ।

     ਗੀਤ ਦੇ ਬੋਲ ਖੇਤਰੀ ਵੱਖਰਤਾ ਅਨੁਸਾਰ ਹੁੰਦੇ ਹਨ:

ਸੁੰਦਰ ਮੁੰਦਰੀਏ

              ਹੋ...

ਤੇਰਾ ਕੌਣ ਵਿਚਾਰਾ

              ਹੋ...

ਦੁੱਲਾ ਭੱਟੀ ਵਾਲਾ

              ਹੋ...

ਦੁੱਲੇ ਧੀ ਵਿਆਹੀ

              ਹੋ...

ਸੇਰ ਸ਼ੱਕਰ ਪਾਈ

              ਹੋ...

ਕੁੜੀ ਦਾ ਲਾਲ ਦੁਪੱਟਾ

              ਹੋ...

ਕੁੜੀ ਦਾ ਸਾਲੂ ਪਾਟਾ

              ਹੋ...

ਚਾਚੇ ਚੂਰੀ ਕੁੱਟੀ

              ਹੋ...

ਜ਼ਿਮੀਂਦਾਰਾਂ ਲੁੱਟੀ

              ਹੋ...

ਜ਼ਿਮੀਂਦਾਰ ਸਦਾਏ

              ਹੋ...

ਗਿਣ ਗਿਣ ਪੋਲੇ ਲਾਏ

              ਹੋ...

ਪੌਲਿਆਂ ਕੰਮ ਸੰਵਾਰਿਆ

              ਹੋ...

ਨਿਕਲ ਬਈ ਕਰਤਾਰਿਆ

              ਹੋ...

ਕਰਤਾਰੇ ਮਾਰੀ ਪੱਤਰੀ

              ਹੋ...

ਵਿੱਚੋਂ ਨਿਕਲਿਆ ਗੰਜਾ ਖਤਰੀ

              ਹੋ...

ਖੱਤਰੀ ਮਾਰਿਆ ਤੀਰ ਕਮਾਨ

              ਹੋ...

ਵਿੱਚੋਂ ਨਿਕਲਿਆ ਗੁਲੂ ਤਰਖਾਣ

              ਹੋ...

ਗੁੱਲੂ ਖਾਧੀ ਖੰਡ

              ਹੋ...

          ਦੇਹ ਮਾਈ ਰੁਪਈਆ ਦੀ ਪੰਡ।

ਲੋਹੜੀ ਦੇ ਬਹੁਤ ਸਾਰੇ ਗੀਤ ਬਾਲਾਂ ਦੀ ਨਿੱਜੀ ਸਿਰਜਣਾ ਹਨ, ਜੋ ਸਮੇਂ-ਸਮੇਂ ਪੁਨਰ ਸਿਰਜਤ ਹੁੰਦੇ ਰਹਿੰਦੇ ਹਨ।


ਲੇਖਕ : ਕਿਰਪਾਲ ਕਜ਼ਾਕ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 21642, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਲੋਹੜੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੋਹੜੀ (ਨਾਂ,ਇ) ਪੋਹ ਮਹੀਨੇ ਦੀ ਅੰਤਲੀ ਰਾਤ ਅੱਗ ਬਾਲ ਕੇ ਮਨਾਇਆ ਜਾਣ ਵਾਲਾ ਤਿਉਹਾਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21608, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਲੋਹੜੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੋਹੜੀ [ਨਾਂਇ] ਇੱਕ ਤਿਉਹਾਰ ਜਿਹੜਾ ਪੋਹ ਮਹੀਨੇ ਦੀ ਆਖ਼ਰੀ ਰਾਤ ਨੂੰ ਮਨਾਇਆ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਲੋਹੜੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਲੋਹੜੀ : ਇਹ ਤਿਉਹਾਰ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਨੂੰ ਮਨਾਇਆ ਜਾਂਦਾ ਹੈ। ਇਸ ਰਾਤ ਨੂੰ ਗਲੀ ਮੁਹੱਲੇ ਦੇ ਲੋਕ ਇਕ ਸਾਂਝੀ ਥਾਂ ਇਕੱਠੇ ਹੁੰਦੇ ਹਨ ਜਿਥੇ ਸ਼ਾਮ ਨੂੰ ਹੀ ਲੱਕੜਾਂ ਪਾਥੀਆਂ ਆਦਿ ਬਾਲਣ ਇਕੱਠਾ ਕੀਤਾ ਹੁੰਦਾ ਹੈ। ਹਰ ਕੋਈ ਆਪਣੇ ਆਪਣੇ ਘਰੋਂ ਰਿਉੜੀਆਂ, ਮੂੰਗਫਲੀਆਂ, ਫੁੱਲੇ (ਮੱਕੀ ਦੇ ਦਾਣੇ) ਆਦਿ ਲੈ ਕੇ ਪਹੁੰਚਦਾ ਹੈ ਅਤੇ ਧੂਣੀ ਦੀ ਅੱਗ ਸੇਕਦਾ ਹੈ। ਕੁਝ ਤਿਲ (ਰਿਉੜੀਆਂ) ਤੇ ਫੁੱਲੇ ਧੂਣੀ ਵਿਚ ਹੀ ਸੁਟੇ ਜਾਂਦੇ ਹਨ ਅਤੇ ਨਾਚ-ਗਾਣਾ ਹੁੰਦਾ ਹੈ। ਜਿਸ ਘਰ ਵਿਚ ਉਸ ਵਰ੍ਹੇ ਮੁੰਡਾ ਜੰਮਿਆ ਹੋਵੇ ਜਾਂ ਮੁੰਡੇ ਦਾ ਵਿਆਹ ਹੋਇਆ ਹੋਵੇ, ਉਨ੍ਹਾਂ ਦੇ ਘਰੋਂ ਖਾਸ ਤੌਰ ਤੇ ਗੁੜ, ਰਿਉੜੀਆਂ ਆਦਿ ਭੇਜੀਆਂ ਜਾਂਦੀਆਂ ਹਨ ਜੋ ਸਾਰੇ ਲੋਕਾਂ ਵਿਚ ਵੰਡੀਆਂ ਜਾਂਦੀਆਂ ਹਨ।

ਲੋਹੜੀ ਤੋਂ ਕਈ ਦਿਨ ਪਹਿਲਾਂ ਹੀ ਬੱਚਿਆਂ ਦੀਆਂ ਟੋਲੀਆਂ ਇਕੱਠੀਆਂ ਹੋ ਕੇ ਘਰ-ਘਰ ਲੋਹੜੀ ਮੰਗਣ ਜਾਂਦੀਆਂ  ਹਨ ਅਤੇ ਤਰ੍ਹਾਂ- ਤਰ੍ਹਾਂ ਦੇ ਗੀਤ ਗਾ ਕੇ ਪੈਸੇ, ਗੁੜ, ਬਾਲਣ ਆਦਿ ਪ੍ਰਾਪਤ ਕਰਦੀਆਂ ਹਨ। ਜਿਹੜੇ ਘਰੋਂ ਲੋਹੜੀ ਮਿਲ ਜਾਵੇ ਉਸ ਘਰ ਦੀ ਸਿਫ਼ਤ ਵੀ ਕਰਦੇ ਹਨ– 

              ਕੋਠੇ ਉੱਤੇ ਮੰਜਾ।

             ਇਹ ਘਰ ਚੰਗਾ।

ਜਿਸ ਘਰੋਂ ਕੁਝ ਵੀ ਪ੍ਰਾਪਤ ਨਾ ਹੋਏ ਉਸ ਨੂੰ ਭੰਡਣ ਵਿਚ ਵੀ ਜ਼ਰਾ ਨਹੀਂ ਕਤਰਾਉਂਦੇ–

            ਕੋਠੇ ਉੱਤੇ ਹੁੱਕਾ।

             ਇਹ ਘਰ ਭੁੱਖਾ ।

ਲੋਹੜੀ ਮੰਗਣ ਵਾਲੀ ਟੋਲੀ ਵਿੱਚੋਂ ਇਕ ਬੱਚਾ ਗੀਤ ਦੇ ਬੋਲ ਗਾਉਂਦਾ ਹੈ। ਬਾਕੀ ਸਾਰੇ ‘ਹੋ’ ਕਰਕੇ ਹੇਕ ਮਿਲਾਉਂਦੇ ਹਨ। ਲੋਹੜੀ ਦਾ ਸਭ ਤੋਂ ਵਧ ਮਸ਼ਹੂਰ ਗੀਤ ‘ਸੁੰਦਰ ਮੁੰਦਰੀਏ’ ਹੈ ਜਿਹੜਾ ਲੋਹੜੀ ਨਾਲ ਸਬੰਧਤ ਕਿੱਸੇ ਨੂੰ ਵਰਣਨ ਕਰਦਾ ਹੈ। ਰਵਾਇਤ ਅਨੁਸਾਰ ਇਕ ਡਾਕੂ ਦੁੱਲੇ ਭੱਟੀ ਨੇ ਪਿੰਡ ਦੇ ਕਿਸੇ ਗ਼ਰੀਬ ਦੀ ਧੀ ਨੂੰ ਆਪਣੀ ਧੀ ਬਣਾ ਕੇ ਵਿਆਹਿਆ ਅਤੇ ਸ਼ਰੀਕਾਂ ਨੂੰ ਜ਼ਬਰਦਸਤੀ ਵਿਆਹ ਦੀ ਭਾਜੀ ਵੰਡੀ। ਸਾਰੇ ਕੰਮ ਕਾਜ ਤੋਂ ਵਿਹਲਿਆਂ ਹੋ ਕੇ ਉਸ ਨੇ ਆਪਣੇ ਸਾਥੀਆਂ ਸਹਿਤ ਧੂਣੀ ਸੇਕੀ। ਉਸ ਦੇ ਇਸ ਪੁੰਨ ਕਰਮ ਨੂੰ ਯਾਦ ਕਰਦੇ ਹੋਏ ਲੋਹੜੀ ਦਾ ਤਿਉਹਾਰ ਮਨਾਉਣ ਦੀ ਪਿਰਤ ਪੈ ਗਈ ਅਤੇ ਇਸ ਨਾਲ ਸਬੰਧਤ ਗੀਤ ਗਾਉਣ ਦਾ ਵੀ ਰਿਵਾਜ ਪੈ ਗਿਆ–

ਸੁੰਦਰ ਮੁੰਦਰੀਏ ! ਹੋ

ਤੇਰਾ ਕੌਣ ਵਿਚਾਰਾ, ਹੋ,

ਦੁੱਲਾ ਭੱਟੀ ਵਾਲਾ, ਹੋ

ਦੁੱਲੇ ਧੀ ਵਿਆਹੀ, ਹੋ

ਸੇਰ ਸ਼ੱਕਰ ਪਾਈ, ਹੋ

ਕੁੜੀ ਦੇ ਬੋਝੇ ਪਾਈ, ਹੋ

ਕੁੜੀ ਦਾ ਲਾਲ ਪਟਾਕਾ, ਹੋ

ਕੁੜੀ ਦਾ ਸਾਲੂ ਪਾਟਾ, ਹੋ

ਚਾਚੇ ਚੂਰੀ ਕੁਟੀ, ਹੋ

ਜ਼ਿੰਮੀਦਾਰਾਂ ਲੁੱਟੀ, ਹੋ

ਜ਼ਿੰਮੀਦਾਰ ਸਦਾਉ, ਹੋ

ਗਿਣ ਗਿਣ ਪੌਲੇ ਲਾਉ, ਹੋ

ਇਕ ਪੌਲਾ ਘਟ ਗਿਆ, ਹੋ

ਜ਼ਿਮੀਦਾਰ ਨੱਸ ਗਿਆ, ਹੋ

ਹੋ –ਹੋ  –ਹੋ ।

ਇਸ ਤੋਂ ਇਲਾਵਾ ਇਕ ਹੋਰ ਗੀਤ ਵੀ ਬਹੁਤ ਮਸ਼ਹੂਰ ਹੈ–

ਕੁਪੀਏ ਨੀ ਕੁਪੀਏ, ਹੋ

ਅਸਮਾਨ ਤੇ ਲੁਟੀਏ, ਹੋ

ਅਸਮਾਨ ਪੁਰਾਣਾ, ਹੋ

ਛਿੱਕ ਬੰਨ੍ਹ ਤਾਣਾ, ਹੋ

ਲੰਗਰੀ ਚ ਦਾਲ, ਹੋ

ਮਾਰ ਮੱਥੇ ਨਾਲ, ਹੋ

ਮੱਥਾ ਤੇਰਾ ਵੱਡਾ, ਹੋ

ਲਿਆ ਲੱਕੜਾਂ ਦਾ ਗੱਡਾ, ਹੋ।

ਸ਼ਹਿਰਾਂ ਵਿਚ ਕਈ ਥਾਈ ਸਾਂਝੀ ਲੋਹੜੀ ਬਾਲਣ ਤੇ ਮਨਾਉਣ ਦਾ ਰਿਵਾਜ ਘੱਟ ਗਿਆ ਹੈ ਅਤੇ ਲੋਕ ਆਪਣੇ ਘਰਾਂ ਅੰਦਰ ਹੀ ਇਹ ਤਿਉਹਾਰ ਮਨਾਉਣ ਲੱਗ ਪਏ ਹਨ ਪਰ ਅਜਿਹਾ ਬਹੁਤ ਘੱਟ ਹੈ। ਲੋਹੜੀ ਸਾਂਝੀਵਾਲਤਾ ਦੀ ਪ੍ਰਤੀਕ ਤੇ ਰਲ ਮਿਲ ਕੇ ਹੱਸਣ ਗਾਉਣ ਦਾ ਹੀ ਤਿਉਹਾਰ ਹੈ।

ਅੱਜਕੱਲ੍ਹ ਪੱਛਮੀ ਪ੍ਰਭਾਵ ਹੇਠ ਆਉਣ ਕਰ ਕੇ ਅਤੇ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਨ ਕਰ ਕੇ ਸ਼ਹਿਰਾਂ ਦੇ ਬੱਚੇ ਲੋਹੜੀ ਮੰਗਣ ਵਿਚ ਸ਼ਰਮ ਮਹਿਸੂਸ ਕਰਦੇ ਹਨ ਪਰ ਪਿੰਡਾਂ ਵਿਚ ਅਤੇ ਸ਼ਹਿਰਾਂ ਦੇ ਪੁਰਾਣੇ ਹਿੱਸਿਆਂ ਵਿਚ ਅੱਜ ਵੀ ‘ਸੁੰਦਰ ਮੁੰਦਰੀਏ’ ਤੇ ‘ਕੁਪੀਏ ਨੀ ਕੁਪੀਏ’ ਦੀ ਆਵਾਜ਼ ਸੁਣਾਈ ਦਿੰਦੀ ਹੈ।

ਰਾਤ ਦੇਰ ਤੱਕ ਧੂਣੀ ਸੇਕਣ ਅਤੇ ਨੱਚਣ ਗਾਉਣ ਤੋਂ ਬਾਅਦ ਲੋਕ ਘਰੋਂ ਘਰੀ ਚਲੇ ਜਾਂਦੇ ਹਨ। ਲੋਹੜੀ ਵਾਲੇ ਦਿਨ ਅਤੇ ਰਾਤ ਨੂੰ ਰਿਉੜੀਆਂ, ਮੂੰਗਫਲੀਆਂ, ਤਿਲਾਂ ਦਾ ਭੁੱਗਾ ਆਦਿ ਗਰਮ ਚੀਜ਼ਾਂ ਬਹੁਤੀਆਂ ਖਾਈਆਂ ਜਾਂਦੀਆਂ ਹਨ ਇਸ ਲਈ ਅਤੇ ਅਗਲੇ ਦਿਨ ਮਾਘੀ ਹੋਣ ਕਾਰਨ ਚਾਵਲ ਨਵੇਂ ਕਰਨ ਲਈ ਜ਼ਿਆਦਾਤਰ ਦਾਲ ਚਾਵਲ ਆਦਿ ਰਿੰਨ੍ਹੇ ਜਾਂਦੇ ਹਨ ਅਤੇ ਮਾਘੀ ਦਾ ਦਿਨ ਹੋਣ ਕਰ ਕੇ ਪਵਿੱਤਰ ਸਰੋਵਰਾਂ ਤੇ ਇਸ਼ਨਾਨ ਕੀਤਾ ਜਾਂਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3511, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-25-03-17-20, ਹਵਾਲੇ/ਟਿੱਪਣੀਆਂ: ਹ. ਪੁ. –ਪੰ. -ਰੰਧਾਵਾ; ਪੰ. ਲੋ. ਵਿ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.