ਵਿੰਡੋਜ਼ ਦੀਆਂ ਵਿਸ਼ੇਸ਼ਤਾਵਾਂ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Features of Windows
ਵਿੰਡੋਜ਼ ਦੀ ਵਰਤੋਂ ਕਰਕੇ ਅੰਕੜਿਆਂ ਅਤੇ ਪ੍ਰੋਗਰਾਮਾਂ ਦਾ ਉਚਿਤ ਪ੍ਰਬੰਧ ਕੀਤਾ ਜਾ ਸਕਦਾ ਹੈ। ਵਿਭਿੰਨ ਪ੍ਰੋਗਰਾਮਾਂ ਦਰਮਿਆਨ ਬੜੀ ਫੁਰਤੀ ਨਾਲ ਘੁੰਮਣ ਲਈ ਵਿੰਡੋਜ਼ ਦਾ ਮਹੱਤਵਪੂਰਨ ਰੋਲ ਹੈ। ਵਿੰਡੋਜ਼ ਦੀ ਬਦੌਲਤ ਟੈਕਸਟ ਅਧਾਰਿਤ ਪ੍ਰੋਗਰਾਮਾਂ (ਜਿਵੇਂ MS Word) ਨੂੰ ਗ੍ਰਾਫਿਕਸ ਅਧਾਰਿਤ ਪ੍ਰੋਗਰਾਮਾਂ (ਜਿਵੇਂ MS Paint) ਵਿੱਚ ਮਿਲਾਉਣ ਦਾ ਕੰਮ ਸੰਭਵ ਹੋਇਆ ਹੈ।
ਵਿੰਡੋਜ਼ ਵਰਤੋਂਕਾਰ (User) ਨੂੰ ਕੰਪਿਊਟਰ ਨਾਲ ਜੋੜਦਾ ਹੈ ਤੇ ਉਸ ਨੂੰ ਸੁਖਾਵਾਂ ਅਤੇ ਦੋਸਤੀ ਵਾਲਾ ਵਾਤਾਵਰਨ ਮੁਹੱਈਆ ਕਰਵਾਉਂਦਾ ਹੈ। ਆਓ ਵਿੰਡੋਜ਼ ਦੀਆਂ ਵਿਭਿੰਨ ਵਿਸ਼ੇਸ਼ਤਾਵਾਂ ਦੀ ਚਰਚਾ ਕਰੀਏ :
1. ਵਿੰਡੋਜ਼ ਵਿੱਚ ਮਲਟੀ-ਟਾਸਕਿੰਗ (Multitasking) ਦਾ ਗੁਣ ਹੁੰਦਾ ਹੈ। ਵਿੰਡੋਜ਼ ਦੀ ਵਰਤੋਂ ਕਰਕੇ ਇਕੋ ਸਮੇਂ ਇਕ ਤੋਂ ਜ਼ਿਆਦਾ ਕੰਮ ਕਰਵਾਏ ਜਾ ਸਕਦੇ ਹਨ। ਮੰਨ ਲਵੋ, ਤੁਸੀਂ ਵਰਡ ਵਿੱਚ ਕੋਈ ਡਾਕੂਮੈਂਟ ਟਾਈਪ ਕਰ ਰਹੇ ਹੋ। ਇਸ ਕੰਮ ਦੇ ਨਾਲ-ਨਾਲ ਤੁਸੀਂ ਗੀਤ-ਸੰਗੀਤ ਸੁਣ ਸਕਦੇ ਹੋ, ਫਾਈਲਾਂ ਕਾਪੀ ਕਰ ਸਕਦੇ ਹੋ ਅਤੇ ਹੋਰ ਵੀ ਬਹੁਤ ਕੁਝ ਕਰ ਸਕਦੇ ਹੋ। ਦੂਜੇ ਪਾਸੇ ਡੌਸ ਸਿੰਗਲ ਟਾਸਕਿੰਗ ਓਪਰੇਟਿੰਗ ਸਿਸਟਮ ਹੈ ਜਿਸ ਕਾਰਨ ਇਸ ਉੱਤੇ ਇਕ ਸਮੇਂ 'ਤੇ ਸਿਰਫ਼ ਇਕ ਕੰਮ ਹੀ ਕਰਵਾਇਆ ਜਾ ਸਕਦਾ ਹੈ। ਵਿੰਡੋਜ਼ ਉੱਤੇ ਇਕੋ ਸਮੇਂ ਇੱਕ ਤੋਂ ਵੱਧ ਪ੍ਰੋਗਰਾਮਾਂ ਨੂੰ ਇਕੱਠੇ ਰੂਪ ਵਿੱਚ ਚਲਾਇਆ ਜਾ ਸਕਦਾ ਹੈ। ਪ੍ਰੋਗਰਾਮ ਕੰਪਿਊਟਰ ਦੀ ਪ੍ਰਾਇਮਰੀ ਮੈਮਰੀ (RAM) ਦੀ ਸਮਰੱਥਾ ਉੱਤੇ ਨਿਰਭਰ ਕਰਦੇ ਹਨ। ਜੇਕਰ RAM ਵੱਡੀ ਹੋਵੇਗੀ ਤਾਂ ਤੁਸੀਂ ਇਕੋ ਸਮੇਂ ਜ਼ਿਆਦਾ ਪ੍ਰੋਗਰਾਮ ਚਲਾ ਸਕਦੇ ਹੋ।
2. ਵਿੰਡੋਜ਼ ਹਰੇਕ ਪ੍ਰੋਗਰਾਮ, ਡਾਕੂਮੈਂਟ (Document), ਐਪਲੀਕੇਸ਼ਨਾਂ ਆਦਿ ਨੂੰ ਆਪਣੀ ਇਕ ਵੱਖਰੀ ਵਿੰਡੋਜ਼ (ਖਿੜਕੀ) ਵਿੱਚ ਖੋਲ੍ਹਦਾ ਹੈ।
3. ਵਿੰਡੋਜ਼ ਦੀ ਵਰਤੋਂ ਕਰਕੇ ਫਾਈਲਾਂ/ਡਾਇਰੈਕਟਰੀਆਂ ਬਣਾਉਣਾ, ਕਟ , ਕਾਪੀ, ਪੇਸਟ ਅਤੇ ਡਿਲੀਟ ਕਰਨਾ , ਡਿਸਕਾਂ ਨੂੰ ਫਾਰਮੈਟ ਕਰਨਾ ਆਦਿ ਬਹੁਤ ਅਸਾਨ ਹੁੰਦਾ ਹੈ।
4. ਇਹ ਜੀਯੂਆਈ (Graphical User Interface) ਅਧਾਰਿਤ ਪ੍ਰਣਾਲੀ ਹੈ। ਇਸ ਵਿੱਚ ਡੌਸ ਦੀ ਤਰ੍ਹਾਂ ਟਾਈਪ ਕਰਨ ਦੀ ਬਜਾਏ ਨਿੱਕੀਆਂ-ਨਿੱਕੀਆਂ ਤਸਵੀਰਾਂ (ਆਈਕਾਨ) ਉੱਤੇ ਕਲਿੱਕ ਕਰਕੇ ਕਮਾਂਡਾਂ ਦਿੱਤੀਆਂ ਜਾਂਦੀਆਂ ਹਨ। ਉਦਾਹਰਣ ਵਜੋਂ ਡੌਸ ਵਿੱਚ D ਡਰਾਈਵ ਵਿੱਚ ਪਈ ਫਾਈਲ Punjabi.doc ਨੂੰ ਚਲਾਉਣ ਲਈ ਹੇਠਾਂ ਦੀ ਤਰ੍ਹਾਂ ਕਮਾਂਡ ਦਿੱਤੀ ਜਾਂਦੀ ਹੈ :
D:\> Punjabi.doc
ਵਿੰਡੋਜ਼ ਵਿੱਚ ਵਰਤੋਂਕਾਰ ਸਿੱਧਾ Punjabi.doc ਨਾਮਕ ਫਾਈਲ ਦੇ ਆਈਕਾਨ ਉੱਤੇ ਜਾਹ ਕੇ ਮਾਊਸ ਦਾ ਡਬਲ ਕਲਿੱਕ ਕਰਦਾ ਹੈ ਤੇ ਫਾਈਲ ਖੁੱਲ੍ਹ ਜਾਂਦੀ ਹੈ।
5. ਵਿੰਡੋਜ਼ ਵਿੱਚ ਕਲਿੱਪ ਬੋਰਡ (Clipboard) ਦੀ ਸੁਵਿਧਾ ਹੁੰਦੀ ਹੈ। ਵਿੰਡੋਜ਼ ਕੱਟ ਜਾਂ ਕਾਪੀ ਕੀਤੇ ਟੈਕਸਟ ਜਾਂ ਗ੍ਰਾਫਿਕਸ ਨੂੰ ਇਕ ਵੱਖਰੀ (ਆਰਜ਼ੀ) ਮੈਮਰੀ ਵਿੱਚ ਸੁਰੱਖਿਅਤ ਕਰ ਲੈਂਦੀ ਹੈ, ਜਿਸ ਨੂੰ ਕਲਿੱਪ ਬੋਰਡ ਕਿਹਾ ਜਾਂਦਾ ਹੈ। ਜਦੋਂ ਵਰਤੋਂਕਾਰ ਉਸੇ ਜਾਂ ਕਿਸੇ ਨਵੀਂ ਐਪਲੀਕੇਸ਼ਨ ਵਿੱਚ ਪੇਸਟ ਕਮਾਂਡ ਦਿੰਦਾ ਹੈ ਤਾਂ ਕਲਿੱਪ ਬੋਰਡ ਵਿਚਲੇ ਅੰਕੜੇ ਪ੍ਰਦਰਸ਼ਿਤ ਹੋ ਜਾਂਦੇ ਹਨ। ਉਦਾਹਰਣ ਵਜੋਂ ਤੁਸੀਂ ਸਪਰੈੱਡਸ਼ੀਟ ਵਿਚਲੇ ਕਿਸੇ ਚਾਰਟ ਨੂੰ ਕਾਪੀ ਕਰਕੇ ਵਰਡ ਵਿੱਚ ਪੇਸਟ ਕਰ ਸਕਦੇ ਹੋ।
6. ਵਿੰਡੋਜ਼ ਉੱਪਰ ਚੱਲਣ ਵਾਲੀਆਂ ਲਗਭਗ ਸਾਰੀਆਂ ਐਪਲੀਕੇਸ਼ਨਾਂ ਜਿਵੇਂ- ਵਰਡ, ਐਕਸਲ, ਪਾਵਰ ਪੁਆਇੰਟ, ਐਕਸੈੱਸ ਦੀਆਂ ਆਮ ਵਰਤੋਂ ਵਾਲੀਆਂ ਕਮਾਂਡਾਂ ਇਕੋ-ਜਿਹੀਆਂ ਹੁੰਦੀਆਂ ਹਨ। ਇਹੀ ਕਾਰਨ ਹੈ ਕਿ ਇਹਨਾਂ ਨੂੰ ਯਾਦ ਰੱਖਣਾ ਬਹੁਤ ਅਸਾਨ ਹੁੰਦਾ ਹੈ।
7. ਵਰਤੋਂਕਾਰ ਕਿਸੇ ਡਾਕੂਮੈਂਟ ਦੇ ਭਾਗ ਨੂੰ ਡਾਇਨੈਮਿਕ ਡਾਟਾ ਐਕਸਚੇਂਜ (DDE), ਆਬਜੈਕਟ ਲਿੰਕਿੰਗ ਐਂਡ ਐਮਬੈਂਡਿੰਗ (OLE) ਨਾਮਕ ਆਧੁਨਿਕ ਵਿਸ਼ੇਸ਼ਤਾਵਾਂ ਸਦਕਾ ਕਿਸੇ ਦੂਸਰੇ ਸਥਾਨ 'ਤੇ ਪੇਸਟ ਕਰ ਸਕਦਾ ਹੈ। ਇਹ ਤਰੀਕਾ ਕਲਿੱਪ ਬੋਰਡ ਤੋਂ ਪੇਸਟ ਕਰਨ ਨਾਲੋਂ ਬਿਲਕੁਲ ਭਿੰਨ ਹੈ।
ਇੱਥੇ ਸਰੋਤ ਡਾਕੂਮੈਂਟ ਦੇ ਬਦਲਾਓ ਦਾ ਪ੍ਰਭਾਵ ਪੇਸਟ ਕੀਤੇ ਹੋਏ ਭਾਗ ਉੱਤੇ ਪੈਂਦਾ ਹੈ। ਦੂਸਰੇ ਸ਼ਬਦਾਂ ਵਿੱਚ ਪੇਸਟ ਕੀਤਾ ਅੰਕੜਿਆਂ ਵਾਲਾਂ ਸੈਕੰਡਰੀ ਡਾਕੂਮੈਂਟ ਸਰੋਤ ਡਾਕੂਮੈਂਟ ਦੇ ਅਧਾਰ ਉੱਤੇ ਲਗਾਤਾਰ ਬਦਲਦਾ ਰਹਿੰਦਾ ਹੈ।
8. ਵਿੰਡੋਜ਼ ਸਾਨੂੰ ਕਈ ਪ੍ਰਕਾਰ ਦੇ ਛਪਾਈ ਫੌਂਟ (Font) ਅਤੇ ਟਾਈਪ-ਫੇਸ ਪ੍ਰਦਾਨ ਕਰਵਾਉਂਦੀ ਹੈ, ਜਿਨ੍ਹਾਂ ਦੀ ਵਰਤੋਂ ਅਤੇ ਪ੍ਰਬੰਧ ਕਰਨਾ ਬਹੁਤ ਅਸਾਨ ਹੁੰਦਾ ਹੈ।
9. ਵਿੰਡੋਜ਼ ਵਿੱਚ ਮਲਟੀਮੀਡੀਆ ਦੀ ਵਿਸ਼ੇਸ਼ਤਾ ਹੁੰਦੀ ਹੈ। ਮਲਟੀਮੀਡੀਆ ਵਿੱਚ ਅਨੇਕ ਪ੍ਰਕਾਰ ਦੇ ਮੀਡੀਆ ਜਿਵੇਂ ਕਿ- ਆਡੀਓ, ਵੀਡੀਓ, ਗ੍ਰਾਫਿਕਸ, ਟੈਕਸਟ ਆਦਿ ਸ਼ਾਮਿਲ ਹੁੰਦੇ ਹਨ। ਵਿੰਡੋਜ਼ ਓਪਰੇਟਿੰਗ ਸਿਸਟਮ ਸਾਊਂਡ ਰਿਕਾਰਡਰ , ਮੀਡੀਆ ਪਲੇਅਰ, ਮੂਵੀ ਮੇਕਰ ਆਦਿ ਮਲਟੀਮੀਡੀਆ ਪ੍ਰੋਗਰਾਮ ਮੁਹੱਈਆ ਕਰਵਾਉਂਦਾ ਹੈ।
10. ਵਿੰਡੋਜ਼ ਫਾਈਲਾਂ ਨੂੰ ਖੋਲ੍ਹਣ, ਸੰਪਾਦਿਤ (Edit) ਕਰਨ, ਸੇਵ ਕਰਨ ਆਦਿ ਲਈ ਡਾਈਲਾਗ ਬਾਕਸ ਵਰਤਦੀ ਹੈ ਜਿਹੜੇ ਕਿ ਵਰਤੋਂ ਵਿੱਚ ਕਾਫ਼ੀ ਸੌਖੇ ਹੁੰਦੇ ਹਨ।
11. ਵਿੰਡੋਜ਼ ਵਰਤੋਂਕਾਰ ਲਈ ਮਦਦ (ਹੈਲਪ) ਦੀ ਸੁਵਿਧਾ ਪ੍ਰਦਾਨ ਕਰਵਾਉਂਦੀ ਹੈ। ਹੈਲਪ ਰਾਹੀਂ ਇਕ ਨਵਾਂ ਵਰਤੋਂਕਾਰ ਕਿਸੇ ਐਪਲੀਕੇਸ਼ਨ, ਕਮਾਂਡ ਆਦਿ ਦੀ ਵਰਤੋਂ ਬਾਰੇ ਆਪਣੇ ਕੰਪਿਊਟਰ ਉੱਤੇ ਹੀ ਜਾਣਕਾਰੀ ਹਾਸਲ ਕਰ ਲੈਂਦਾ ਹੈ।
12. ਵਿੰਡੋਜ਼ ਨੈੱਟਵਰਕ ਦੀਆਂ ਬੇਮਿਸਾਲ ਸੁਵਿਧਾਵਾਂ ਪ੍ਰਦਾਨ ਕਰਵਾਉਂਦੀ ਹੈ। ਵਿੰਡੋਜ਼ ਦੀ ਵਰਤੋਂ ਰਾਹੀਂ ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਦਰਮਿਆਨ ਨੈੱਟਵਰਕ (ਜਾਲ) ਸਥਾਪਿਤ ਕਰਕੇ ਸੂਚਨਾਵਾਂ ਦਾ ਅਦਾਨ-ਪ੍ਰਦਾਨ ਕਰਵਾਇਆ ਜਾਂਦਾ ਹੈ।
13. ਵਿੰਡੋਜ਼ ਐਲਸੀਡੀ (LCD) ਸਕਰੀਨ ਲਈ ਅਨੇਕਾਂ ਰੰਗ ਵੰਨਗੀਆਂ (Colour Settings) ਪ੍ਰਦਾਨ ਕਰਵਾਉਂਦੀ ਹੈ।
14. ਵਿੰਡੋਜ਼ ਵਿੱਚ ਐਕਸੈਸਰੀਜ਼ ਦੀ ਮਹੱਤਵਪੂਰਨ ਸੁਵਿਧਾ ਹੁੰਦੀ ਹੈ। ਐਕਸੈਸਰੀਜ਼ ਵਿੱਚ ਪੇਂਟ , ਨੋਟ ਪੈਡ , ਵਰਡ ਪੈਡ , ਕੈਲਕੂਲੇਟਰ , ਸਿਸਟਮ ਟੂਲਜ਼ ਆਦਿ ਮਹੱਤਵਪੂਰਨ ਪ੍ਰੋਗਰਾਮ ਹੁੰਦੇ ਹਨ। ਸੋ ਛੋਟੇ-ਮੋਟੇ ਕੰਮਾਂ ਲਈ ਵਰਤੋਂਕਾਰ ਨੂੰ ਵੱਖਰੇ ਤੌਰ 'ਤੇ ਕੋਈ ਪ੍ਰੋਗਰਾਮ ਭਰਨ (Install ਕਰਨ) ਦੀ ਜ਼ਰੂਰਤ ਨਹੀਂ ਪੈਂਦੀ।
15. ਵਿੰਡੋਜ਼ ਦੇ ਆਧੁਨਿਕ ਸੰਸਕਰਨਾਂ ਵਿੱਚ ਤਸਵੀਰਾਂ ਨੂੰ ਵੱਡਾ ਕਰ ਕੇ ਜਾਂ ਸਲਾਈਡ ਸ਼ੋਅ ਦੇ ਰੂਪ ਵਿੱਚ ਦੇਖਣ ਦਾ ਇਕ ਖ਼ਾਸ ਪ੍ਰੋਗਰਾਮ ਹੁੰਦਾ ਹੈ। ਇੰਟਰਨੈੱਟ ਨਾਲ ਜੁੜਨ ਲਈ ਇਸ ਵਿੱਚ ਇੰਟਰਨੈੱਟ ਐਕਸਪਲੋਰਰ ਨਾਮਕ ਬ੍ਰਾਊਜ਼ਰ ਹੁੰਦਾ ਹੈ।
16. ਜਿਵੇਂ ਕਿ ਵਿੰਡੋਜ਼ ਦੇ ਨਾਮ ਤੋਂ ਹੀ ਸਪਸ਼ਟ ਹੈ ਕਿ ਇਹ ਹਰੇਕ ਪ੍ਰੋਗਰਾਮ ਜਾਂ ਡਾਕੂਮੈਂਟ ਨੂੰ ਇਕ ਨਵੀਂ ਵਿੰਡੋ ਵਿੱਚ ਖੋਲ੍ਹਦੀ ਹੈ। ਵਰਤੋਂਕਾਰ ਆਪਣੀ ਸਕਰੀਨ (ਡੈਸਕਟਾਪ) ਉੱਤੇ ਕਈ ਵਿੰਡੋਜ਼ ਇਕੱਠੀਆਂ ਖੋਲ੍ਹ ਸਕਦਾ ਹੈ। ਇਸੇ ਤਰ੍ਹਾਂ ਵਰਤੋਂਕਾਰ ਕਿਸੇ ਇਕ ਵਿੰਡੋ ਨੂੰ ਬਿਨਾਂ ਬੰਦ ਕੀਤਿਆਂ ਨਵੀਂ ਦੂਸਰੀ ਵਿੰਡੋ ਖੋਲ੍ਹ ਸਕਦਾ ਹੈ। ਸੋ ਵਿੰਡੋਜ਼ ਦੀ ਮਦਦ ਨਾਲ ਵੱਖ-ਵੱਖ ਵਿੰਡੋਜ਼ ਵਿਚਕਾਰ 'ਸਵਿੱਚ ਕਰਨਾ' ਬਹੁਤ ਅਸਾਨ ਹੁੰਦਾ ਹੈ।
17. ਵਿੰਡੋਜ਼ ਵਿੱਚ ਡਰੈਗ ਐਂਡ ਡਰੋਪ (Drag and Drop) ਦੀ ਮਹੱਤਵਪੂਰਨ ਵਿਸ਼ੇਸ਼ਤਾ ਹੁੰਦੀ ਹੈ। ਤੁਸੀਂ ਕਿਸੇ ਫਾਈਲ, ਫੋਲਡਰ ਆਦਿ ਨੂੰ ਇਕ ਵਿੰਡੋ ਤੋਂ ਡਰੈਗ ਕਰਕੇ (ਖਿੱਚ ਕੇ) ਦੂਸਰੀ ਵਿੰਡੋ ਵਿੱਚ ਡਰੋਪ ਕਰ (ਛੱਡ) ਸਕਦੇ ਹੋ।
ਇਹਨਾਂ ਤੋਂ ਬਿਨ੍ਹਾਂ ਵਿੰਡੋਜ਼ ਵਿੱਚ ਹੋਰ ਵੀ ਅਨੇਕਾਂ ਮਹੱਤਵਪੂਰਨ ਪ੍ਰੋਗਰਾਮ ਅਤੇ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਵਿੰਡੋਜ਼ ਵਿੱਚ ਪ੍ਰੋਗਰਾਮਾਂ ਅਤੇ ਫਾਈਲਾਂ ਦੇ ਸੁਚੱਜੇ ਪ੍ਰਬੰਧ ਲਈ ਕ੍ਰਮਵਾਰ ਪ੍ਰੋਗਰਾਮ ਮਨੇਜਰ ਅਤੇ ਫਾਈਲ ਮਨੇਜਰ ਨਾਮਕ ਪ੍ਰੋਗਰਾਮ ਹੁੰਦੇ ਹਨ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1218, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First