ਸ਼ਾਹ ਹੁਸੈਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ਼ਾਹ ਹੁਸੈਨ (1539–1602) : ਪੰਜਾਬੀ ਸੂਫ਼ੀ-ਕਾਵਿ ਪਰੰਪਰਾ ਵਿੱਚ ਸ਼ਾਹ ਹੁਸੈਨ ਤਿੰਨ ਵੱਡੇ ਕਵੀਆਂ ਵਿੱਚੋਂ ਇੱਕ ਹੈ, ਦੂਜੇ ਦੋ ਹਨ ਸ਼ੇਖ਼ ਫ਼ਰੀਦ ਅਤੇ ਬੁੱਲ੍ਹੇਸ਼ਾਹ। ਸ਼ਾਹ ਹੁਸੈਨ ਲਾਹੌਰ ਦਾ ਵਸਨੀਕ ਸੀ। ਉਸ ਦੇ ਪਿਤਾ ਦਾ ਨਾਂ ਸ਼ੇਖ਼ ਉਸਮਾਨ ਸੀ ਜੋ ਹਿੰਦੂ ਰਾਜਪੂਤ ਸੀ ਪਰ ਹਮਾਯੂੰ ਦੇ ਰਾਜ-ਕਾਲ ਵਿੱਚ ਮੁਸਲਮਾਨ ਹੋ ਗਿਆ ਸੀ। ਕਿੱਤੇ ਵਜੋਂ ਉਹ ਜੁਲਾਹਾ ਸੀ। ਸ਼ਾਹ ਹੁਸੈਨ ਖ਼ੁਦ ਇਸ ਬਾਰੇ ਸੰਕੇਤ ਕਰਦਾ ਹੈ:

ਨਾਉਂ ਹੁਸੈਨ ਤੇ ਜਾਤ ਜੁਲਾਹਾ,

            ਗਾਲੀਆਂ ਦੇਂਦੀਆਂ ਤਾਣੀਆਂ ਵਾਲੀਆਂ।

     ਇਸ ਨੀਵੀਂ ਜਾਤ ਦੀ ਨਿਮਰਤਾ ਕਾਰਨ ਹੀ ਸ਼ਾਹ ਹੁਸੈਨ ‘ਫ਼ਕੀਰ ਨਿਮਾਣਾ` ਬਣ ਗਿਆ:

ਸਭੇ ਜਾਤੀ ਵੱਡੀਆਂ,

            ਨਿਮਾਣੀ ਫ਼ਕੀਰਾਂ ਦੀ ਜਾਤ।

     ਸ਼ਾਹ ਹੁਸੈਨ ਦਾ ਜਨਮ 1539 ਵਿੱਚ ਹੋਇਆ। ਦਸ ਸਾਲ ਦੀ ਉਮਰ ਵਿੱਚ ਉਸ ਨੇ ਕੁਰਾਨ ਸ਼ਰੀਫ ਜ਼ਬਾਨੀ ਯਾਦ ਕਰ ਲਿਆ। ਸ਼ੇਖ਼ ਅਸਦ ਉਲਾ ਉਸ ਦਾ ਉਸਤਾਦ ਸੀ। ਇੱਕ ਦਿਨ ਉਸ ਨੇ ਕੁਰਾਨ ਦੀ ਇੱਕ ਆਇਤ ਦੀ ਵਿਆਖਿਆ ਕਰਦਿਆਂ ਦੱਸਿਆ ਕਿ ਜ਼ਿੰਦਗੀ ਇੱਕ ਖੇਡ ਹੈ। ਇਹ ਗੱਲ ਸ਼ਾਹ ਹੁਸੈਨ ਦੇ ਦਿਲ ਵਿੱਚ ਖੁਭ ਗਈ। ਉਸ ਨੇ ਪੜ੍ਹਾਈ ਵਿੱਚੇ ਛਡ ਕੇ ਗੇਰੂਆ ਵੇਸ ਪਹਿਨ ਲਿਆ ਤੇ ਫ਼ਕੀਰੀ ਧਾਰਨ ਕਰ ਲਈ। ਇਸੇ ਗੇਰੂਆ ਲਿਬਾਸ ਕਰ ਕੇ ਉਹ ਲੋਕਾਂ ਵਿੱਚ ਲਾਲ ਹੁਸੈਨ ਦੇ ਨਾਂ ਨਾਲ ਜਾਣਿਆ ਜਾਣਨ ਲੱਗਾ। ਓਦੋਂ ਉਹ ਤਕਰੀਬਨ ਸੋਲ੍ਹਾਂ ਵਰ੍ਹਿਆਂ ਦਾ ਸੀ। ਛੋਟੀ ਉਮਰ ਤੋਂ ਹੀ ਉਸ ਦੇ ਨਾਂ ਨਾਲ ਕਈ ਕਰਾਮਾਤਾਂ ਜੁੜ ਗਈਆਂ ਸਨ।

     ਬ੍ਰਾਹਮਣਾਂ ਦੇ ਇੱਕ ਸੁਹਣੇ-ਸੁਣੱਖੇ ਮੁੰਡੇ ਮਾਧੋ ਨਾਲ ਉਸ ਦੇ ਇਸ਼ਕ ਦੀਆਂ ਵੀ ਕਈ ਕਹਾਣੀਆਂ ਪ੍ਰਚਲਿਤ ਹਨ। ਸ਼ਾਹ ਹੁਸੈਨ ਨੇ ਮਾਧੋ ਲਾਲ ਨੂੰ ਆਖਿਆ ਕਿ ਜਿਸ ਤਰ੍ਹਾਂ ‘ਸੀਤਾ ਰਾਮ` ਤੇ ‘ਰਾਧੇ ਸ਼ਾਮ` ਵਿੱਚ ਸੀਤਾ ਤੇ ਰਾਧਾ ਦਾ ਨਾਂ ਪਹਿਲਾਂ ਆਉਂਦਾ ਹੈ ਇਸੇ ਤਰ੍ਹਾਂ ਲੋਕੀਂ ਮੇਰੇ ਨਾਲੋਂ ਪਹਿਲਾਂ ਤੇਰਾ ਨਾਂ ਲਿਆ ਕਰਨਗੇ ਅਤੇ ਇਸ ਤਰ੍ਹਾਂ ਸ਼ਾਹ ਹੁਸੈਨ ਮਾਧੋ ਲਾਲ ਹੁਸੈਨ ਦੇ ਨਾਂ ਨਾਲ ਮਸ਼ਹੂਰ ਹੋ ਗਿਆ। ਮਾਧੋ ਲਾਲ ਨੇ 84 ਸਾਲ ਦੀ ਉਮਰ ਭੋਗੀ ਅਤੇ ਉਸ ਨੂੰ ਵੀ ਸ਼ਾਹ ਹੁਸੈਨ ਦੇ ਮਜ਼ਾਰ ਦੇ ਲਾਗੇ ਦਫ਼ਨਾ ਦਿੱਤਾ ਗਿਆ।

     ਛੱਤੀ ਸਾਲ ਦੀ ਉਮਰ ਤੱਕ ਸ਼ਾਹ ਹੁਸੈਨ ਨੇ ਤਪ ਕੀਤਾ ਤੇ ਬਾਕੀ ਦੇ ਸਤਾਈ ਸਾਲ ਮਸਤਾਨੇ ਰਹਿ ਕੇ ਬਿਤਾਈ। ਉਸ ਨੇ 63 ਸਾਲ ਦੀ ਉਮਰ ਭੋਗੀ। ਉਸ ਦੀ ਮੌਤ ਨਾਲ ਬੜੀ ਦਿਲਚਸਪ ਘਟਨਾ ਜੁੜੀ ਹੋਈ ਹੈ। ਉਹ ਆਪਣੇ ਮੁਰੀਦਾਂ ਤੇ ਦੋਸਤਾਂ ਨਾਲ ਦਰਿਆ ਰਾਵੀ ਵਿੱਚ ਠਿੱਲ੍ਹੀ ਹੋਈ ਕਿਸ਼ਤੀ `ਤੇ ਸਵਾਰ ਸੀ। ਅਚਾਨਕ ਉਸ ਨੇ ਫ਼ਰਮਾਇਆ ਕਿ ਜੇ ਕਿਸੇ ਦਾ ਬਹੁਤ ਪਿਆਰਾ ਦੋਸਤ ਉਸਨੂੰ ਬੁਲਾਵੇ ਤਾਂ ਕੀ ਕਰਨਾ ਚਾਹੀਦਾ ਹੈ।‘ਫੌਰਨ ਚਲੇ ਜਾਣਾ ਚਾਹੀਦਾ ਹੈ ਉਸਨੂੰ।` ਬੇੜੀ `ਤੇ ਸਵਾਰ ਲੋਕਾਂ ਨੇ ਆਖਿਆ। ਸ਼ਾਹ ਹੁਸੈਨ ਨੇ ਆਖਿਆ ਉਸ ਦਾ ਮਿੱਤਰ ਰੱਬ ਹੈ। ਉਹ ਬੁਲਾ ਰਿਹਾ ਹੈ ਉਸ ਨੂੰ। ਉਹ ਬੇੜੀ ਤੋਂ ਉਤਰਿਆ, ਆਪਣੇ `ਤੇ ਚਿੱਟੀ ਚਾਦਰ ਤਾਣੀ ਤੇ ਦਰਿਆ ਕੰਢੇ ਲੇਟ ਗਿਆ। ਲੋਕੀਂ ਹੱਕੇ ਬੱਕੇ ਰਹਿ ਗਏ। ਦੇਹ ਵਿੱਚੋਂ ਭੌਰ ਉੱਡ ਚੁੱਕਿਆ ਸੀ। ਉਸ ਥਾਂ ਉੱਤੇ ਉਸ ਦੀ ਦੇਹ ਨੂੰ ਦਫ਼ਨ ਕਰ ਦਿੱਤਾ ਗਿਆ। ਕੁਝ ਸਾਲਾਂ ਪਿੱਛੋਂ ਰਾਵੀ ਦਰਿਆ `ਚ ਹੜ੍ਹ ਆਇਆ। ਕਬਰ ਨਾਂ ਮਾਤਰ ਰਹਿ ਗਈ। ਉਸ ਦੇ ਕਿਸੇ ਸ਼ਰਧਾਲੂ ਨੂੰ ਸੁਪਨਾ ਆਇਆ: ਕਬਰ ਵਿੱਚ ਲਾਸ਼ ਨਹੀਂ, ਗੁਲਦਸਤਾ ਹੈ। ਇਸ ਨੂੰ ਪੁੱਟ ਕੇ ਮਜ਼ਾਰ ਕਿਤੇ ਹੋਰ ਥਾਂ ਬਣਾ ਦਿਉ। ਹੁਣ ਸ਼ਾਹ ਹੁਸੈਨ ਦਾ ਮਜ਼ਾਰ ਇੱਕ ਖ਼ਾਨਗਾਹ ਦੇ ਰੂਪ ਵਿੱਚ ਸ਼ਾਲਾਮਾਰ ਬਾਗ਼ (ਲਾਹੌਰ) ਦੇ ਨੇੜੇ ਮੌਜੂਦ ਹੈ। ਇਸ ਦੇ ਤਿੰਨ ਦਰਵਾਜ਼ੇ ਹਨ। ਚੜ੍ਹਦੇ ਵਾਲਾ ਦਰਵਾਜਾਂ ‘ਸਵਰਗੀ ਬੂਹਾ` ਦੇ ਨਾਂ ਨਾਲ ਮਸ਼ਹੂਰ ਹੈ।

     ਹਰ ਸਾਲ ਚੇਤਰ ਮਹੀਨੇ ਦੇ ਚੌਧਵੇਂ ਦਿਨ ਸ਼ਾਹ ਹੁਸੈਨ ਦੀ ਖ਼ਾਨਗਾਹ ਉੱਤੇ ਉਰਸ ਮਨਾਇਆ ਜਾਂਦਾ ਹੈ। ਦੂਰੋਂ-ਦੂਰੋਂ ਲੋਕ ਉਸ ਦੇ ਮਜ਼ਾਰ ਉੱਤੇ ਸਿਜਦਾ ਕਰਨ ਆਉਂਦੇ ਹਨ। ਦੀਵਿਆਂ ਦੀ ਰੋਸ਼ਨੀ ਨਾਲ ਮਜ਼ਾਰ ਜਗਮਗਾ ਉੱਠਦਾ ਹੈ। ਸਿੱਖਾਂ ਦੇ ਰਾਜ ਸਮੇਂ ਇੱਥੇ ਬਸੰਤ ਦਾ ਸ਼ਾਹੀ ਮੇਲਾ ਲੱਗਿਆ ਕਰਦਾ ਸੀ ਜਿਸ ਵਿੱਚ ਖ਼ੁਦ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਜਾ ਸ਼ੇਰ ਸਿੰਘ ਆ ਕੇ ਮੱਥਾ ਟੇਕਦੇ ਤੇ ਰੁਪਈਏ ਲੋਕਾਂ ਵਿੱਚ ਵੰਡਦੇ ਸਨ।

     ਸ਼ਾਹ ਹੁਸੈਨ ਨੇ ਆਪਣੇ ਅੰਦਰ ਦੇ ਭਾਵਾਂ ਨੂੰ ਮੁੱਖ ਤੌਰ `ਤੇ ‘ਕਾਫ਼ੀ` ਦੇ ਮਾਧਿਅਮ ਦੁਆਰਾ ਪ੍ਰਗਟ ਕੀਤਾ ਹੈ। ਬਾਬਾ ਫ਼ਰੀਦ ਪਿੱਛੋਂ ਸ਼ਾਹ ਹੁਸੈਨ ਹੀ ਅਜਿਹਾ ਸੂਫ਼ੀ ਕਵੀ ਹੋਇਆ ਹੈ ਜਿਸ ਨੇ ਸੂਖਮ ਸੂਫ਼ੀ ਨੂੰ ਏਨੀ ਠੇਠ ਤੇ ਰਵਾਂ ਪੰਜਾਬੀ ਵਿੱਚ ਪੇਸ਼ ਕੀਤਾ ਹੈ। ਉਸ ਦੀਆਂ ਕਾਫ਼ੀਆਂ ਦੀ ਗਿਣਤੀ ਤਕਰੀਬਨ 150 ਹੈ। ਇਹ ਕਾਫ਼ੀਆਂ ਤਿੰਨ-ਤਿੰਨ ਰਾਗਾਂ ਵਿੱਚ ਕਹੀਆਂ ਗਈਆਂ ਹਨ।

ਕਾਫ਼ੀਆਂ ਤੋਂ ਇਲਾਵਾ ਸ਼ਾਹ ਹੁਸੈਨ ਨੇ ਬੈਂਤ ਤੇ ਸਲੋਕ ਵੀ ਰਚੇ ਹਨ :

ਦਿਨ ਚਾਰ ਚਉਗਨ ਮੇਂ ਖੇਲ ਪੜੀ

ਦੇਖਾ ਕਉਨ ਜੀਤੇ ਬਾਜ਼ੀ ਕਉਨ ਹਰੇ।

    

ਜਾਹਿ ਦੇਖੋ ਤਹਿ ਕਪਟ ਹੈ, ਕਹੂੰ ਨਾ ਪਾਇਉ ਚੈਨ

            ਦਗਾਬਾਜ਼ ਸੰਸਾਰ ਤੇ, ਗੋਸ਼ਾ ਪਕੜ ਹੁਸੈਨ।

     ਉਸ ਦਾ ਬਹੁਤ ਸਾਰਾ ਕਲਾਮ ਕਵਾਲਾਂ ਦੀ ਜ਼ੁਬਾਨੀ ਪੀੜ੍ਹੀ ਦਰ ਪੀੜ੍ਹੀ ਚੱਲਿਆ ਆ ਰਿਹਾ ਹੈ। ਉਸ ਨੇ ਬੰਦੇ ਨੂੰ ਚੰਗੇ ਅਮਲ ਕਰਨ ਲਈ ਪ੍ਰੇਰਿਆ :

ਕਿਤ ਗੁਣ ਲੱਗੇਂਗੀ ਸ਼ਹੁ ਨੂੰ ਪਿਆਰੀ।

ਕੱਤਣ ਸਿੱਖ ਨੀ ਵਲੱਲੀਏ ਕੁੜੀਏ, ਚੜ੍ਹਿਆ ਲੋੜੇਂ ਖਾਰੀ।

ਤੰਦ ਟੁੱਟੀ ਅਟੇਰਨ ਭੰਨਾਂ, ਚਰਖੇ ਦੀ ਕਰ ਕਾਰੀ।

            ਕਹੈ ਹੁਸੈਨ ਫ਼ਕੀਰ ਸਾਈਂ ਦਾ ਅਮਲਾਂ ਬਾਝ ਖੁਆਰੀ।

     ਉਸ ਦੀ ਕਵਿਤਾ ਦੀ ਦੂਜੀ ਮੁੱਖ ਸੁਰ ‘ਇਸ਼ਕ` ਦੀ ਹੈ:

ਇਸ਼ਕ ਦੀ ਸਿਰ ਖਾਰੀ ਚਾਈਆ

            ਦਰਿ ਦਰਿ ਦੇਨੀਆਂ ਹੋਕਾ, ਵੇ ਲੋਕਾ।

     ਬਿਰਹਾ ਆਸ਼ਕ ਦੀ ਕੁਠਾਲੀ ਹੈ। ਜਦ ਤੱਕ ਉਹ ਇਸ ਕੁਠਾਲੀ ਵਿੱਚ ਨਹੀਂ ਪੈਂਦਾ ਤਦ ਤੱਕ ਉਸ ਦੇ ਅੰਦਰ ਦੀ ਖੋਟ ਦੂਰ ਨਹੀਂ ਹੁੰਦੀ। ਤਦੇ ਹੀ ਉਸ ਦੀ ਰਚਨਾ ਵਿੱਚ ਦਰਦ, ਵਿਛੋੜਾ, ਬ੍ਰਿਹਾ ਤੇ ਜੁਦਾਈ ਆਦਿ ਦੇ ਭਾਵ ਉੱਭਰ ਕੇ ਆਉਂਦੇ ਹਨ :

ਦਰਦ ਵਿਛੋੜੇ ਦਾ ਹਾਲ, ਨੀ ਮੈਂ ਕੈਨੂੰ ਆਖਾਂ।

ਸੂਲਾਂ ਮਾਰ ਦੀਵਾਨੀ ਕੀਤੀ

ਬ੍ਰਿਹੋਂ ਪਿਆ ਸਾਡੇ ਖਿਆਲ, ਨੀ ਮੈਂ ਕੈਨੂੰ ਆਖਾਂ?

       

ਸਜਨ ਬਿਨ ਰਾਤੀਂ ਹੋਈਆਂ ਵੱਡੀਆਂ,

            ਮਾਸ ਝਰੇ ਝਰ ਪਿੰਜਰ ਹੋਇਆ ਕਣ-ਕਣ ਹੋਈਆਂ ਹੱਡੀਆਂ।

     ਸ਼ਾਹ ਹੁਸੈਨ ਦੀ ਬੋਲੀ ਟਕਸਾਲੀ ਪੰਜਾਬੀ ਹੈ ਪਰ ਉਸ ਵਿੱਚ ਲਹਿੰਦੀ ਦੀ ਰੰਗਤ ਵੀ ਹੈ। ਉਸ ਦੀ ਸ਼ੈਲੀ ਵਿੱਚ ਸਾਦਗੀ ਤੇ ਸ਼ਬਦਾਂ ਵਿੱਚ ਸੰਗੀਤ, ਰੂਪਕਾਂ ਤੇ ਅਲੰਕਾਰਾਂ ਵਿੱਚ ਰੰਗੀਨ ਜਲੌਅ, ਸ਼ਬਦ-ਚੋਣ ਤੇ ਸ਼ਬਦ- ਜੜਤ ਬੇ-ਮਿਸਾਲ ਹੈ। ਉਸ ਦੇ ਕਲਾਮ ਵਿੱਚ ਮਿਠਾਸ, ਰਸ ਤੇ ਪਾਕੀਜ਼ਗੀ ਹੈ। ਉਸ ਨੇ ਮੁਹਾਵਰੇ, ਤਸ਼ਬੀਹਾਂ ਤੇ ਰੂਪਕ ਅਲੋਕਾਰੀ ਨਹੀਂ ਵਰਤੇ ਸਗੋਂ ਆਮ ਜੀਵਨ ਵਿੱਚੋਂ ਇਹਨਾਂ ਦੀ ਚੋਣ ਕੀਤੀ ਹੈ ਜਿਵੇਂ : ਚਰਖਾ, ਪਟਾਰੀ, ਜਮ, ਬਾਗ਼, ਹਰਟ, ਪੂਣੀ, ਗੋਹੜਾ, ਸਖ਼ੀ ਆਦਿ। ਇਹਨਾਂ ਦੀ ਵਰਤੋਂ ਦੁਆਰਾ ਉਸ ਨੇ ਜ਼ਿੰਦਗੀ ਦੇ ਡੂੰਘੇ ਭੇਦਾਂ ਨੂੰ ਉਜਾਗਰ ਕੀਤਾ ਹੈ।


ਲੇਖਕ : ਬਖਸ਼ੀਸ਼ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 23640, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-17, ਹਵਾਲੇ/ਟਿੱਪਣੀਆਂ: no

ਸ਼ਾਹ ਹੁਸੈਨ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ

ਸ਼ਾਹ ਹੁਸੈਨ (1539-1593) : ਪੰਜਾਬੀ ਦੇ ਇਸ ਸ਼੍ਰੋਮਣੀ ਸੂਫ਼ੀ ਕਵੀ ਦਾ ਜਨਮ ਸੰਨ 1539 ਵਿਚ ਲਾਹੌਰ ਵਿਖੇ ਹੋਇਆ। ਇਸ ਦੇ ਜੀਵਨ ਬਿਓਰੇ ਸਬੰਧੀ ਇਤਿਹਾਸਕਾਰਾਂ ਵਿਚਕਾਰ ਚੋਖਾ ਮਤ–ਭੇਦ ਹੈ ਅਤੇ ਪ੍ਰਾਪਤ ਸਮੱਗਰੀ ਵਿਚ ਇਸ ਦੇ ਜੀਵਨ ਨਾਲ ਕਈ ਕਹਾਣੀਆਂ ਤੇ ਕਰਾਮਾਤਾਂ ਜੁੜੀਆਂ ਹੋਈਆਂ ਹਨ। ਇਸ ਦੇ ਪਿਤਾ ਦਾ ਨਾਂ ਉਸਮਾਨ ਖ਼ਾਂ ਅਤੇ ਜ਼ਾਤ ਜੁਲਾਹਾ ਦੱਸੀ ਗਈ ਹੈ। ਮਾਧੋ ਲਾਲ ਨਾਮੀ ਇਕ ਲੜਕੇ ਦੇ ਡੂੰਘੇ ਇਸ਼ਕ ਕਾਰਨ ਇਸ ਨੂੰ ਮਾਧੋ ਲਾਲ ਹੁਸੈਨ ਵੀ ਕਿਹਾ ਜਾਂਦਾ ਹੈ। ਮੁਸਲਮਾਨੀ ਮੱਤ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਇਸ ਦੇ ਬਜ਼ੁਰਗ ਕਾਇਸਥ ਹਿੰਦੂ ਮੰਨੇ ਜਾਂਦੇ ਸਨ।

          ਇਸ ਨੇ ਆਪਣੀ ਬੁਨਿਆਦੀ ਵਿਦਿਆ ਪਰੰਪਰਾਗਤ ਤਰੀਕੇ ਨਾਲ ਕੁਰਾਨ ਸ਼ਰੀਫ਼ ਦੇ ਵੱਡੇ ਵਿਦਵਾਨ ਅਬੂ ਬੱਕਰ ਤੋਂ ਹਾਸਲ ਕੀਤੀ ਅਤੇ ਰਵਾਇਤ ਅਨੁਸਾਰ ਦਸ ਸਾਲ ਦੀ ਆਯੂ ਵਿਚ ਹੀ ਇਹ ਕੁਰਾਨ ਦਾ ਹਾਫ਼ਿਜ਼ ਬਣ ਗਿਆ। ਇਸ ਪਿਛੋਂ ਇਹ ਸ਼ੇਖ ਬਹਿਲੋਲ ਦਾ ਮੁਰੀਦ ਬਣ ਗਿਆ ਅਤੇ ਸੂਫ਼ੀ ਮੱਤ ਦੇ ਸਿਧਾਂਤਾਂ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ ਲਗਭਗ 12 ਸਾਲ ਕੱਟੜ ਸ਼ਰੀਅਤ ਵਾਲਾ ਜੀਵਨ ਜੀਵਿਆ। ਮਾਨਸਿਕ ਤ੍ਰਿਪਤੀ ਨਾ ਹੋਣ ਕਾਰਨ ਫਿਰ ਇਹ ਪੀਰ ਸਾਦੁੱਲਾ ਦਾ ਮੁਰੀਦ ਬਣਿਆ ਅਤੇ ਛੇਤੀ ਹੀ ਸ਼ਰੀਅਤ ਦੇ ਬੰਧਨਾਂ ਨੂੰ ਤਿਆਗ ਕੇ ਸੂਫ਼ੀ ਬਣ ਗਿਆ। ਇਹ ਲਾਲ ਕਪੜੇ ਪਾ ਕੇ ਨਸ਼ਿਆਂ ਦਾ ਸੇਵਨ ਕਰਕੇ ਮਸਤੀ ਵਿਚ ਨੱਚਣ ਗਾਉਣ ਵਿਚ ਮਗਨ ਰਹਿਣ ਲੱਗਾ।

          ਕਈ ਜੀਵਨੀਕਾਰ ਸ਼ਾਹ ਹੁਸੈਨ ਨੂੰ ਕਾਦਰੀ ਫ਼ਿਰਕੇ ਨਾਲ ਜੋੜਦੇ ਹਨ ਪਰ ਕਾਦਰੀ ਲੋਕ ਇਸਲਾਮੀ ਮਰਿਯਾਦਾ ਦੇ ਪੱਕੇ ਅਨੁਯਾਈ ਹਨ। ਸ਼ਾਹ ਹੁਸੈਨ ਸ਼ਰੀਅਤ ਦੇ ਵਿਰੁੱਧ ਸੀ। ਇਸਨੂੰ ਮਲਾਮਤੀ ਮੰਨਿਆ ਜਾਂਦਾ ਹੈ। ਇਸ ਫ਼ਿਰਕੇ ਦੇ ਅਨੁਯਾਈਆਂ ਦਾ ਵਿਸ਼ਵਾਸ ਹੈ ਕਿ ਜਿੰਨਾ ਕੋਈ ਵਿਅਕਤੀ ਘਿਰਣਾ ਤੇ ਬਦਨਾਮੀ ਦਾ ਪਾਤਰ ਬਣ ਸਕੇਗਾ। ਉੱਨੀ ਜਲਦੀ ਹੀ ਉਹ ਰੱਬ ਨਾਲ ਜੁੜ ਸਕੇਗਾ। ਇਸ ਪੱਖੋਂ ਇਹ ਫ਼ਰੀਦ, ਬੁੱਲ੍ਹੇ ਸ਼ਾਹ ਅਤੇ ਹੋਰ ਸੂਫ਼ੀ ਪੰਜਾਬੀ ਕਵੀਆਂ ਨਾਲੋਂ ਅੱਡਰਾ ਹੈ।

          ਇਸ ਦੀਆਂ ਜਗਤ ਪ੍ਰਸਿੱਧ ਕਾਫ਼ੀਆਂ ਤੋਂ ਇਲਾਵਾ ਇਸ ਦੀ ਕੋਈ ਹੋਰ ਸਾਹਿਤਕ ਰਚਨਾ ਪ੍ਰਾਪਤ ਨਹੀਂ ਹੋਈ। ਡਾ. ਮੋਹਨ ਸਿੰਘ ਦੀਵਾਨਾ ਨੇ ਆਪਣੀ ਪੁਸਤਕ ‘ਮੁਕੰਮਲ ਕਲਾਮ ਸ਼ਾਹ ਹੁਸੈਨ ਲਾਹੌਰੀ’ ਵਿਚ 162 ਕਾਫ਼ੀਆਂ ਇਕੱਤਰ ਕਰਕੇ ਪਾਠਕਾਂ ਨੂੰ ਪੇਸ਼ ਕੀਤੀਆਂ ਹਨ।

          ਕਾਫ਼ੀ ਕਾਵਿ–ਰੂਪ ਸ਼ਾਹ ਹੁਸੈਨ ਤੋਂ ਪਹਿਲਾਂ ਸਿੱਖ ਗੁਰੂ ਸਾਹਿਬਾਨ ਨੇ ਵੀ ਆਪਣਾ ਰਹੱਸਵਾਦੀ ਅਨੁਭਵ ਪ੍ਰਰਾਟ ਕਰਨ ਲਈ ਵਰਤਿਆ ਹੈ ਅਤੇ ਕੁਝ ਪੁਰਾਤਨ ਮੁਲਤਾਨੀ ਕਾਫ਼ੀਆਂ ਵੀ ਮਿਲੀਆਂ ਦੱਸੀਆਂ ਜਾਂਦੀਆਂ ਹਨ। ਪਰ ਇਸ ਗੱਲ ਵਿਚ ਸ਼ੱਕ ਨਹੀਂ ਹੈ ਕਿ ਸ਼ਾਹ ਹੁਸੈਨ ਨੇ ਵਿਸ਼ੇਸ਼ ਸ਼ਬਦਾਬਲੀ ਤੇ ਬਿੰਬਾਵਲੀ ਦਾ ਪ੍ਰਯੋਗ ਕਰਕੇ ਇਸ ਕਾਵਿ–ਰੂਪ ਨੂੰ ਪਕਿਆਈ ਪ੍ਰਦਾਨ ਕੀਤੀ ਅਤੇ ਹਰਮਨ ਪਿਆਰਾ ਬਣਾਇਆ।

          ਰਵਾਇਤ ਹੈ ਕਿ ਸ਼ਾਹ ਹੁਸੈਨ ਆਪਣਾ ਕਲਾਮ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਗਿਆ ਸੀ ਪਰ ਇਸ ਦੀ ਰਚਨਾ ਗੁਰਮਤਿ ਦੀ ਕਸਵੱਟੀ ਉੱਤੇ ਪੂਰੀ ਨਾ ਉਤਰੀ। ਇਸ ਲਈ ਇਹ ਰਚਨਾ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਾ ਕੀਤੀ ਗਈ।

          ਸ਼ਾਹ ਹੁਸੈਨ ਦਾ ਜੀਵਨ ਭਾਵੇਂ ਦੂਜੇ ਸੂਫ਼ੀ ਕਵੀਆਂ ਨਾਲੋਂ ਵੱਖਰਾ ਸੀ ਪਰ ਵਿਚਾਰ ਪੱਖੋਂ ਇਹ ਉਨ੍ਹਾਂ ਨਾਲ ਕਾਫ਼ੀ ਮੇਲ ਖਾਂਦਾ ਹੈ। ਇਹ ਵਾਰ ਵਾਰ ਦੁਨੀਆਂ ਦੀ ਨਾਸ਼ਮਾਨਤਾ ਤੇ ਅਸਥਿਰਤਾ ਦਾ ਜ਼ਿਕਰ ਕਰਦਾ ਹੈ। ਮੌਤ ਦਾ ਯਕੀਨੀ ਹੋਣਾ ਅਤੇ ਇਸ ਜਗਤ ਦੇ ਫ਼ਾਨੀ ਹੋਣ ਦਾ ਸੰਕਲਪ ਦ੍ਰਿੜ੍ਹ ਕਰਵਾਉਂਦਾ ਹੈ। ਕੱਟੜ ਪੰਥੀਆਂ ਵਾਂਗ ਇਹ ਕਿਸੇ ਗਾਡੀ ਰਾਹ ਤੇ ਤੁਰਨ ਦਾ ਅਭਿਲਾਸ਼ੀ ਤਾਂ ਨਹੀਂ ਪਰ ਸਬਰ ਸਬੂਰੀ ਤੇ ਸਿਦਕ ਨਾਲ ਆਪੇ ਦੀ ਪਛਾਣ ਕਰਨ ਦਾ ਹਾਮੀ ਹੈ :––

                        ਆਪਣਾ ਆਪ ਪਛਾਣ ਬੰਦੇ,

                             ਜੇ ਤੁਧ ਆਪਣਾ ਆਪ ਪਛਾਤਾ,

                             ਸਾਈਂ ਦਾ ਮਿਲਣ ਆਸਾਨ ਬੰਦੇ।

          ਇਹ ਮਲਾਮਤੀਆ ਸੀ, ਬੇਪਰਵਾਹ ਤੇ ਨਿਡਰ ਸੁਭਾ ਦਾ ਮਾਲਕ ਸੀ, ਨਸ਼ਿਆਂ ਦਾ ਖੁੱਲ੍ਹਮ–ਖੁੱਲ੍ਹਾ ਸੇਵਨ ਕਰਦਾ ਸੀ ਪਰ ਇਸ ਦੇ ਬਾਵਜੂਦ ਇਸ ਦੀਆਂ ਕਾਫ਼ੀਆਂ ਵਿਚ ਸ਼ਰਾਬ ਦਾ ਕਿਧਰੇ ਵਰਣਨ ਨਹੀਂ, ਸਗੋਂ ਸਦਾਚਾਰਕ ਕੀਮਤਾਂ ਉੱਤੇ ਜ਼ੋਰ ਦਿੱਤਾ ਗਿਆ ਹੈ। ਗਿਆਨ, ਧਿਆਨ, ਨੇਹੁੰ, ਸਿਮਰਨ, ਤਪ ਤੇ ਜ਼ੁਹਦ ਦੀ ਮਹੱਤਤਾ ਹੀ ਨਹੀਂ ਦੱਸੀ, ਸਗੋਂ ਪਰਮਾਤਮਾ ਨਾਲ ਅਭੇਦ ਤੇ ਇਕ ਰੂਪ ਹੋ ਗਿਆ :–

                   ਚਰਖਾ ਬੋਲੇ ਸਾਈਂ ਸਾਈਂ,

                   ਬਾਇੜ ਬੋਲੇ ਤੂੰ,

                   ਕਹੇ ਹੁਸੈਨ ਫ਼ਕੀਰ ਸਾਈਂ ਦਾ,

                   ਮੈਂ ਨਾਹੀਂ ਸਭ ਤੂੰ ।

          ਇਸ ਦੀ ਕਵਿਤਾ ਦਾ ਵਿਸ਼ੇਸ਼ ਗੁਣ ਇਹ ਹੈ ਕਿ ਇਸ ਵਿਚ ਬਿਰਹਾ ਦਾ ਵਰਣਨ ਹੈ ਅਤੇ ਕਵਿਤਾ ਸਰੋਦ ਭਰਪੂਰ ਹੈ ਜੋ ਸਰੋਤਿਆਂ ਨੂੰ ਹਲੂਣ ਦਿੰਦੀ ਹੈ। ਅਧਿਆਤਮਕ ਅਨੁਭਵ ਨੂੰ ਨਿਤਾ–ਪ੍ਰਤੀ ਜੀਵਨ ਵਿਚੋਂ ਬਿੰਬ ਲੈ ਕੇ ਸਪਸ਼ਟ ਕੀਤਾ ਹੈ। ਚਰਖਾ, ਮਾਹਲ, ਹੱਥੀ, ਤੱਕਲਾ, ਨਾੜਾ, ਨਲੀ, ਖੱਡੀ, ਕੰਘੀ, ਅੱਟੀ, ਆਦਿ ਵਸਤਾਂ ਨੂੰ ਡੂੰਘੇ ਭਾਵਾਂ ਨੂੰ ਇਕ ਵੇਗ ਤੇ ਵਲਵਲੇ ਨਾਲ ਮੂਰਤੀਮਾਨ ਕੀਤਾ ਹੈ। ਸਾਧਾਰਨ ਸ਼ਬਦਾਵਲੀ ਵਰਤ ਕੇ ਪ੍ਰਭਾਵਸ਼ਾਲੀ ਸ਼ਬਦ–ਚਿਤਰ ਪੇਸ਼ ਕੀਤੇ ਹਨ।  ਸ਼ਾਹ ਹੁਸੈਨ, ਵਾਸਤਵ ਵਿਚ, ਇਕ ਜਨਤਕ ਕਵੀ ਹੈ, ਜਿਸਨੇ ਨਿਤ ਦੇ ਜੀਵਨ ਵਿਚੋਂ ਮਿਸਾਲਾਂ ਲੈ ਕੇ ਡੂੰਘੇ ਅਧਿਆਤਮਕ ਅਨੁਭਵਾਂ ਨੂੰ ਆਮ ਪਾਠਕਾਂ ਨਾਲ ਸਾਂਝਾ ਕੀਤਾ ਹੈ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 18035, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-09, ਹਵਾਲੇ/ਟਿੱਪਣੀਆਂ: no

ਸ਼ਾਹ ਹੁਸੈਨ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸ਼ਾਹ ਹੁਸੈਨ : ਪੰਜਾਬੀ ਦੇ ਇਸ ਪ੍ਰਸਿੱਧ ਸੂਫ਼ੀ ਕਵੀ ਦਾ ਜਨਮ 1539 ਈ. ਵਿਚ ਲਾਹੌਰ ਵਿਖੇ ਹੋਇਆ। ਕਿਹਾ ਜਾਂਦਾ ਹੈ ਕਿ ਇਸ ਦੇ ਪਿਤਾ ਦਾ ਨਾਂ ਉਸਮਾਨ ਖ਼ਾਂ ਸੀ ਜੋ ਜਾਤ ਦਾ ਜੁਲਾਹਾ ਸੀ। ਮਾਧੋ ਲਾਲ ਨਾਂ ਦੇ ਲੜਕੇ ਨਾਲ ਇਸ ਦੇ ਇਸ਼ਕ ਕਾਰਨ ਇਸ ਨੂੰ ਮਾਧੋ ਲਾਲ ਹੁਸੈਨ ਵੀ ਕਹਿ ਦਿੱਤਾ ਜਾਂਦਾ ਹੈ। ਇਕ ਵਿਚਾਰ ਇਹ ਹੈ ਕਿ ਇਹ ਮੁਸਲਮਾਨ ਬਣਨ ਤੋਂ ਪਹਿਲਾਂ ਹਿੰਦੂ ਸੀ।

        ਮੁੱਢਲੀ ਧਾਰਮਿਕ ਸਿੱਖਿਆ ਇਸ ਨੇ ਇਕ ਵਿਦਵਾਨ ਅਬੂ ਬਕਰ ਤੋਂ ਪ੍ਰਾਪਤ ਕੀਤੀ ਅਤੇ ਦਸ ਸਾਲ ਦੀ ਉਮਰ ਵਿਚ ਹੀ ਕੁਰਾਨ ਦਾ ਹਾਫ਼ਿਜ਼ ਬਣ ਗਿਆ। ਪਹਿਲਾਂ ਇਹ ਸ਼ੇਖ ਬਹਿਲੋਲ ਅਤੇ ਫਿਰ ਪੀਰ ਸਾਦੁੱਲਾ ਦਾ ਮੁਰੀਦ ਰਿਹਾ ਅਤੇ 12 ਸਾਲ ਦਾਤਾ ਗੰਜ ਬਖ਼ਸ਼ ਦੇ ਦਰਬਾਰ ਵਿਚ ਰਹਿ ਕੇ ਸੂਫ਼ੀ ਸਿਧਾਂਤਾਂ ਦੀ ਤਾਲੀਮ ਹਾਸਲ ਕੀਤੀ। ਹੌਲੇ ਹੌਲੇ ਇਸ ਨੇ ਸ਼ਰੀਅਤ ਦੇ ਬੰਧਨ ਛੱਡ ਦਿੱਤੇ। ਇਹ ਲਾਲ ਕਪੜੇ ਪਹਿਨਕੇ ਨਚਦਾ ਅਤੇ ਗਾਉਂਦਾ ਰਹਿੰਦਾ।

        ਸ਼ਾਹ ਹੁਸੈਨ ਦੀਆਂ ਕਾਫ਼ੀਆਂ ਬਹੁਤ ਲੋਕ-ਪ੍ਰਿਯ ਹਨ ਜਿਹੜੀਆਂ ਡਾ. ਮੋਹਨ ਸਿੰਘ ਦੀਵਾਨਾ ਦੀ ਪੁਸਤਕ ‘ਮੁਕੰਮਲ ਕਲਾਮ ਸ਼ਾਹ ਹੁਸੈਨ ਲਾਹੌਰੀ’ ਵਿਚ ਮਿਲਦੀਆਂ ਹਨ। ਇਸ ਪੁਸਤਕ ਵਿਚ ਦਿੱਤੀਆਂ ਗਈਆਂ ਕਾਫ਼ੀਆਂ ਦੀ ਗਿਣਤੀ 162 ਹੈ।

        ਰਵਾਇਤੀ ਹੈ ਕਿ ਸ਼ਾਹ ਹੁਸੈਨ ਆਪਣਾ ਕਲਾਮ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕੀਤੇ ਜਾਣ ਲਈ ਲੈ ਕੇ ਗਿਆ ਪਰ ਗੁਰਮਤਿ ਦੀ ਕਸਵੱਟੀ ਤੇ ਪੂਰਾ ਨਾ ਉਤਰਨ ਕਰ ਕੇ ਇਹ ਵਾਪਸ ਕਰ ਦਿੱਤਾ ਗਿਆ।

        ਇਸ ਦੀ ਕਵਿਤਾ ਸਬਰ, ਸਬੂਰੀ ਅਤੇ ਸਿਦਕ ਉੱਪਰ ਜ਼ੋਰ ਦਿੰਦੀ ਹੈ ਅਤੇ ਮਨੁੱਖ ਨੂੰ ਮੌਤ ਦਾ ਡਰ ਦੇ ਕੇ ਚੰਗੇ ਕੰਮ ਕਰਨ ਲਈ ਪ੍ਰੇਰਦੀ ਹੈ। ਇਸ ਦਾ ਵਿਸ਼ੇਸ਼ ਗੁਣ ਇਸ ਦਾ ਸਰੋਦ ਭਰਪੂਰ ਹੋਣਾ ਹੈ ਅਤੇ ਇਸ ਵਿਚ ਸਾਧਾਰਣ ਘਰੇਲੂ ਬਿੰਬਾਵਲੀ ਰਾਹੀਂ ਡੂੰਘੇ ਅਧਿਆਤਮਕ ਵਿਚਾਰ ਪ੍ਰਗਟਾਏ ਗਏ ਹਨ।

        ਇਸ ਦੀ ਮੌਤ 1593 ਈ. ਵਿਚ ਹੋਈ ਅਤੇ ਇਸ ਦਾ ਮਜ਼ਾਰ ਲਾਹੌਰ ਦੇ ਬਾਗ਼ਬਾਨ ਪੁਰੇ ਦੀ ਉੱਤਰੀ ਬਾਹੀ ਵੱਲ ਹੈ।


ਲੇਖਕ : ਰਾਮ ਸਰੂਪ ਅਣਖੀ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 15834, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-01-18-35, ਹਵਾਲੇ/ਟਿੱਪਣੀਆਂ: ਹ. ਪੁ.––ਪੰ. ਵਿ. ਕੋ. 1-399; ਪੰ. ਸਾ. ਇ.-ਭਾ. ਵਿ. ਪੰ. 1-390-396.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.