ਸਰਕਾਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਕਾਰ [ਨਾਂਇ] ਹਕੂਮਤ , ਰਾਜ , ਸ਼ਾਸਨ, ਗੌਰਮਿੰਟ; ਬਾਦਸ਼ਾਹ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21606, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਰਕਾਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਕਾਰ. ਫ਼ਾ ਸੰਗ੍ਯਾ—ਹੁਕੂਮਤ। ੨ ਸ਼ਾਹੀ ਕਚਹਿਰੀ। ੩ ਹਾਕਿਮ. ਰਾਜਾ. ਬਾਦਸ਼ਾਹ. ਜਿਵੇਂ—ਸਰਕਾਰ ਦੀ ਸਵਾਰੀ ਆ ਰਹੀ ਹੈ. ਸਰਕਾਰ ਨੇ ਇਲਾਕੇ ਦਾ ਦੌਰਾ ਕੀਤਾ, ਆਦਿ। ੪ ਭਾਵ—ਪ੍ਰਜਾ. “ਦੂਜੈ-ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ.” (ਸ੍ਰੀ ਮ: ੩) ੫ ਮੁਗਲ ਬਾਦਸ਼ਾਹਾਂ ਵੇਲੇ ਪਰਗਨੇ ਦੀ ਸਰਦਾਰੀ ਅਤੇ ਹਾਕਿਮ ਦਾ ਸਦਰਮੁਕਾਮ ਸਰਕਾਰ ਸੱਦੀਦਾ ਸੀ। ੬ ਸੰ. ਸ਼ਰਕਾਰ. ਤੀਰਸਾਜ਼. ਵਾਣ ਬਣਾਉਣ ਵਾਲਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21417, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਰਕਾਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Government_ਸਰਕਾਰ: ਖੁਲ੍ਹੇ ਅਰਥਾਂ ਵਿਚ ਸਰਕਾਰ ਸ਼ਬਦ ਦਾ ਅਰਥ ਰਾਜ ਤੋਂ ਵੀ ਲੈ ਲਿਆ ਜਾਂਦਾ ਹੈ। ਆਮ ਬੋਲ ਚਾਲ ਵਿਚ ਸਰਕਾਰ ਦਾ ਮਤਲਬ ਹੈ ਰਾਜ ਦੇ ਕਾਰ-ਵਿਹਾਰ ਦਾ ਪ੍ਰਸ਼ਾਸਨ ਚਲਾਉਣ ਜਾਂ ਹਕੂਮਤ ਕਰਨ ਵਾਲੇ ਵਿਅਕਤੀਆਂ ਦਾ ਸਮੂਹ। ਜਦੋਂ ਸਭਯ ਸਮਾਜ ਹੋਂਦ ਵਿਚ ਆਉਂਦਾ ਹੈ ਤਾਂ ਉਸ ਸਮਾਜ ਵਿਚ ਅਮਨ-ਚੈਨ ਬਣਾਈ ਰੱਖਣ ਲਈ ਸਰਕਾਰ ਜ਼ਰੂਰੀ ਹੋ ਜਾਂਦੀ ਹੈ ਤਾਂ ਜੋ ਕੋਈ ਅਜਿਹੀ ਅਥਾਰਿਟੀ ਹੋਵੇ ਜਿਸ ਦੇ ਹੁਕਮ ਅਤੇ ਫ਼ੈਸਲੇ ਸਭ ਲੋਕ ਮੰਨਣ। ਇਸ ਨਾਲ ਮਨੁੱਖ ਕੁਦਰਤੀ ਅਤੇ ਜਾਂਗਲੀ ਅਵਸਥਾ ਵਿਚੋਂ ਨਿਕਲ ਕੇ ਸਭਯ ਅਤੇ ਸੰਗਠਤ ਸਮਾਜ ਦਾ ਮੈਂਬਰ ਬਣਦਾ ਹੈ। ਸਰਕਾਰ ਦੇ ਸੰਕਲਪ ਦਾ ਇਤਿਹਾਸ ਸ਼ਖ਼ਸੀ ਹਕੂਮਤ ਅਥਵਾ ਇਕਪੁਰਖੀ ਰਾਜ ਤੋਂ ਲੈ ਕੇ ਲੋਕ ਰਾਜ ਤਕ ਦੀ ਇਕ ਦਿਲਚਸਪ ਕਹਾਣੀ ਹੈ। ਇਹ ਜ਼ਰੂਰੀ ਨਹੀਂ ਕਿ ਹਰੇਕ ਸਮਾਜ ਵਿਚ ਇਸ ਸੰਕਲਪ ਦਾ ਵਿਕਾਸ ਇਕੋ ਜਿਹੇ ਹੀ ਪੜਾਵਾਂ ਵਿਚੋਂ ਲੰਘਿਆ ਹੋਵੇ।
ਅੱਜ ਕੱਲ੍ਹ ਸਰਕਾਰ ਦੇ ਤਿੰਨ ਵੱਖ-ਵੱਖ ਅੰਗ ਮੰਨੇ ਜਾਂਦੇ ਹਨ। ਇਹ ਤਿੰਨ ਅੰਗ ਹਨ ਕਾਰਜਪਾਲਕਾ , ਵਿਧਾਇਕਾ ਅਤੇ ਨਿਆਂ-ਪਾਲਕਾ। ਇਨ੍ਹਾਂ ਤਿੰਨਾਂ ਅੰਗਾਂ ਵਿਚ ਆਪਸੀ ਸਬੰਧ ਹਰੇਕ ਦੇਸ਼ ਦੇ ਸੰਵਿਧਾਨਕ ਉਪਬੰਧਾਂ ਦੁਆਰਾ ਸ਼ਾਸਤ ਹੁੰਦੇ ਹਨ। ਇਹ ਤਿੰਨ ਅੰਗ ਸਰਕਾਰ ਦੇ ਕੰਮ ਨੂੰ ਚੰਗੀ ਤਰ੍ਹਾਂ ਚਲਾਉਣ ਲਈ ਤਿੰਨ ਸ਼ਾਖਾਵਾਂ ਸਮਝੀਆਂ ਜਾ ਸਕਦੀਆਂ ਹਨ।
ਭਾਰਤੀ ਦੰਡ ਸੰਘਤਾ 1860 ਦੀ ਧਾਰਾ 17 ਅਨੁਸਾਰ ‘ਸਰਕਾਰ’ ਤੋਂ ਮੁਰਾਦ ਹੈ ਕੇਂਦਰੀ ਸਰਕਾਰ ਜਾਂ ਕਿਸੇ ਰਾਜ ਦੀ ਸਰਕਾਰ। ਸਾਧਾਰਨ ਖੰਡ ਐਕਟ 1897 ਵਿਚ ਦਿੱਤੀ ਪਰਿਭਾਸ਼ਾ ਵੀ ਇਸ ਹੀ ਭਾਵ ਦੀ ਹੈ।
ਪਸ਼ੂਪਤੀ ਨਾਥ ਸੁਕੁਲ ਬਨਾਮ ਨੇਮ ਚੰਦਰਾ ਜੈਨ (ਏ ਆਈ ਆਰ 1984 ਐਸ ਸੀ 399) ਵਿਚ ਸੰਵਿਧਾਨ ਦੇ ਪ੍ਰਯੋਜਨਾਂ ਲਈ ਇਸ ਸ਼ਬਦ ਦਾ ਅਰਥ ਕਢਦਿਆਂ ਕਿਹਾ ਗਿਆ ਹੈ ਕਿ ਸਰਕਾਰ ਵਿਚ ਵਿਧਾਨਕ ਅੰਗ, ਕਾਰਜਪਾਲਕਾ ਅਤੇ ਨਿਆਂਪਾਲਕਾ ਸ਼ਾਮਲ ਹਨ।
ਰੋਮਨ ਲੋਕੀ ਰਾਜ ਨੂੰ ਜਹਾਜ਼ ਨਾਲ ਤੁਲਨਾ ਦਿੰਦੇ ਸਨ ਅਤੇ ਰਾਜ ਦੇ ਕਰਣਧਾਰ ਜਾਂ ਰਾਜੇ ਨੂੰ ਗੁਬਰਨੇਟਰ ਕਹਿੰਦੇ ਸਨ। ਇਸ ਤਰ੍ਹਾਂ ਇਹ ਸ਼ਬਦ ਯੋਰਪੀ ਭਾਸ਼ਾਵਾਂ ਤੋਂ ਹੁੰਦਾ ਹੋਇਆ ਅਜ ਦੇ ਰੂਪ ਵਿਚ ਪ੍ਰਚਲਤ ਹੋਇਆ ਹੈ। ਸਰਕਾਰ ਦਾ ਮਤਲਬ ਹੈ ਅਜਿਹੀ ਸੰਸਥਾ ਜਾਂ ਉਨ੍ਹਾਂ ਸੰਸਥਾਵਾਂ ਦਾ ਸਮੂਹ ਜਿਨ੍ਹਾਂ ਰਾਹੀਂ ਕੋਈ ਰਾਜ ਉਨ੍ਹਾਂ ਨਿਯਮਾਂ ਨੂੰ ਲਾਗੂ ਕਰਦਾ ਹੈ ਜੋ ਮਨੁੱਖ ਨੂੰ ਸਮਾਜਕ ਅਵਸਥਾ ਵਿਚ ਰਹਿਣ ਦੇ ਯੋਗ ਬਣਾਉਂਦੇ ਹਨ। ਇਹ ਨਿਯਮ ਉਸ ਸਮਾਜ ਦੁਆਰਾ ਖ਼ੁਦ ਵੀ ਲਾਗੂ ਕੀਤੇ ਜਾ ਸਕਦੇ ਹਨ ਅਤੇ ਕਿਸੇ ਹੋਰ ਅਜਿਹੀ ਅਥਾਰਿਟੀ ਦੁਆਰਾ ਵੀ ਲਾਗੂ ਕੀਤੇ ਜਾ ਸਕਦੇ ਹਨ ਜੋ ਅਜਿਹੇ ਨਿਯਮ ਬਣਾਉਣ ਅਤੇ ਲਾਗੂ ਕਰਨ ਦੀ ਸ਼ਕਤੀ ਰਖਦੀ ਹੋਵੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21250, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸਰਕਾਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਸਰਕਾਰ (ਸੰ.। ਫ਼ਾਰਸੀ) ੧. ਰਾਜ , ਰਾਜਸਭਾ।
੨. ਸਿਰ ਪਰ ਕਾਰ ਭਾਵ ਹਕੂਮਤ। ਯਥਾ-‘ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ’ ਉਨ੍ਹਾਂ ਦੇ ਸਿਰ ਪਰ ਤੇਰੀ ਕਾਰ-ਹਕੂਮਤ ਹੈ।
੩. ਸੰਪ੍ਰਦਾ ਵਾਲੇ ਇਥੇ ਰਈਅਤ ਭੀ ਅਰਥ ਕਰਦੇ ਹਨ। ਕਿਸੇ ਨੂੰ ਕਿਸੇ ਦੀ ‘ਸਰਕਾਰ’ ਵਿਚ’ ਕਹਿਣਾ ਉਸ ਨੂੰ ਉਸ ਦੀ ਰਈਅਤ ਕਹਣਾ ਇਕ ਦਰੁਸਤ ਮੁਹਾਵਰਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 21246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no
ਸਰਕਾਰ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ
ਸਰਕਾਰ : ਬਰਕ (Burke) ਦੇ ਸ਼ਬਦਾਂ ਵਿਚ ਸਰਕਾਰ ਮਨੁੱਖੀ ਬੁੱਧੀ ਦੀ ਇਕ ਕਾਢ ਜਾਂ ਈਜਾਦ ਹੈ ਜਿਸ ਰਾਹੀਂ ਮਨੁੱਖੀ ਇਛਾਵਾਂ ਪੂਰਨ ਕੀਤੀਆਂ ਜਾਂਦੀਆਂ ਹਨ। ਸਰਕਾਰ ਰਾਜ ਦੀ ਇਕ ਮਸ਼ੀਨ ਹੈ ਜਿਸਦੇ ਰਾਹੀਂ ਉਸਦੀਆਂ ਇਛਾਵਾਂ ਨੂੰ ਪ੍ਰਗਟਾਇਆ ਅਤੇ ਲਾਗੂ ਕੀਤਾ ਜਾਂਦਾ ਹੈ। ਸਰਕਾਰ ਰਾਹੀਂ ਹੀ ਦੇਸ਼ ਦਾ ਸ਼ਾਸਨ ਚਲਦਾ ਹੈ।
ਆਰੰਭ ਤੋਂ ਲੈ ਕੇ ਹੁਣ ਤਕ ਬਹੁਤ ਸਾਰੇ ਲੇਖਕਾ ਨੇ ਰਾਜਾਂ ਦੇ ਵਰਗੀਕਰਣ ਦਾ ਯਤਨ ਕੀਤਾ ਹੈ ਪਰ ਰਾਜਾਂ ਦਾ ਵਰਗੀਕਰਣ ਅਸਲ ਵਿਚ ਸਰਕਾਰਾਂ ਦੇ ਵਰਗੀਕਰਣ ਉਤੇ ਅਧਾਰਤ ਹੈ। ਸਭ ਤੋਂ ਪਹਿਲਾਂ ਰਾਜਾਂ ਦੀ ਵੰਡ ਕਰਨ ਦੇ ਯਤਨ ਹੈਰੋਡੋਟਸ (Herodotus), ਸੁਕਰਾਤ ਤੇ ਅਫਲਾਤੂਨ ਨੇ ਕੀਤੇ ਪਰ ਵਿਗਿਆਨਕ ਢੰਗ ਨਾਲ ਕੀਤੀ ਗਈ ਵੰਡੀ ਦਾ ਸਿਹਰਾ ਅਰਸਤੂ (Aristotle) ਦੇ ਸਿਰ ਹੈ।
ਅਰਸਤੂ ਨੇ ਰਾਜਾਂ ਦੀ ਵੰਡ ਨਿਮਨ ਸਿਧਾਂਤਾਂ ਦੇ ਅਧਾਰ ਤੇ ਕੀਤੀ ਹੈ। ਪਹਿਲਾ ਰਾਜ ਵਿਚ ਸ਼ਾਸਕਾਂ ਦੀ ਸੰਖਿਆ ਤੇ ਦੂਜਾ ਰਾਜ ਦਾ ਉਦੇਸ਼। ਜਦੋਂ ਰਾਜ ਪ੍ਰਬੰਧ ਜਨ-ਹਿਤ ਲਈ ਕੀਤਾ ਜਾਵੇ ਤਾਂ ਉਸਨੂੰ ਸ਼ੁੱਧ ਰੂਪ ਕਹਿੰਦੇ ਹਨ ਤੇ ਜਦ ਪ੍ਰਬੰਧ ਸ਼ਾਸਕ ਦੇ ਨਿੱਜੀ ਸਵਾਰਥ ਲਈ ਚਲਾਇਆ ਜਾਵੇ ਤਾਂ ਉਸਨੂੰ ਅਸ਼ੁੱਧ ਰੂਪ ਕਹਿੰਦੇ ਹਨ। ਅਰਸਤੂ ਦੇ ਅਨੁਸਾਰ ਰਾਜਾਂ ਦੀ ਵੰਡ ਇਸ ਪ੍ਰਕਾਰ ਹੈ––
ਰਾਜ ਵਿਚ ਸ਼ਾਸਕਾਂ ਦੀ ਸੰਖਿਆ
|
ਰਾਜ ਦਾ ਸ਼ੁਧ ਰੂਪ
|
ਰਾਜ ਦਾ ਅਸ਼ੁਧ ਰੂਪ
|
ਇਕ-ਪੁਰਖੀ ਰਾਜ
|
ਰਾਜਤੰਤਰ
(Monarchy)
|
ਅਤਿਆਚਾਰੀ ਰਾਜ
(Tyranny
|
ਕੁਝ ਵਿਅਕਤੀਆਂ ਦਾ ਰਾਜ
|
ਕੁਲੀਨਤੰਤਰ
(Aristocracy)
|
ਅਲਪਤੰਤਰ
(Oligarchy)
|
ਬਹੁਤ ਸਾਰੇ ਵਿਅਕਤੀਆਂ ਦਾ ਰਾਜ
|
ਬਹੁਤੰਤਰ
(Polity)
|
ਲੋਕਤੰਤਰ (ਲੋਕਰਾਜ)
(Democracy)
|
ਅਰਸਤੂ ਦਾ ਕਥਨ ਹੈ ਕਿ ਕਿਸੇ ਰਾਜ ਵਿਚ ਇਕ ਕਿਸਮ ਦੀ ਸਰਕਾਰ ਸਦਾ ਨਹੀਂ ਰਹਿੰਦੀ ਸਗੋਂ ਉਹ ਸਮੇਂ ਨਾਲ ਬਦਲਦੀ ਰਹਿੰਦੀ ਹੈ। ਸਭ ਤੋਂ ਪਹਿਲਾਂ ਰਾਜਤੰਤਰ ਹੁੰਦਾ ਹੈ। ਫਿਰ ਅਤਿਆਚਾਰੀ ਰਾਜ, ਕੁਲੀਨਤੰਤਰ ਅਤੇ ਅਲਪਤੰਤਰ ਆ ਜਾਂਦਾ ਹੈ। ਅਰਸਤੂ ਅਨੁਸਾਰ ਇਸ ਨੂੰ ਸਰਕਾਰਾਂ ਦੇ ਪਰਿਵਰਤਨ ਦਾ ਚੱਕਰ ਕਿਹਾ ਜਾਂਦਾ ਹੈ।
ਮਾਂਟੇਸਕਿਊ (Montesquieu), ਰੂਸੋ ਅਤੇ ਕਈ ਹੋਰ ਦੂਜੇ ਲੇਖਕਾਂ ਨੇ ਵੀ ਸਰਕਾਰਾਂ ਦੀ ਵੰਡ ਦੇ ਯਤਨ ਕੀਤੇ ਹਨ ਪਰ ਆਧੁਨਿਕ ਸਮੇਂ ਵਿਚ ਮੇਰੀਅਟ ਤੇ ਸਟੀਫਨ ਲੀਕਾਕ (Stephen Leacock) ਵਰਗੀਕਰਣ ਵਧੇਰੇ ਪ੍ਰਸਿੱਧ ਹਨ।
ਮੇਰੀਅਟ ਨੇ ਇਹ ਵੰਡ ਤਿੰਨ ਅਧਾਰਾਂ ਤੇ ਕੀਤੀ ਹੈ। ਪਹਿਲੀ ਵੰਡ ਦਾ ਅਧਾਰ ਰਾਜ ਵਿਚ ਸਰਕਾਰ ਦੀ ਸ਼ਕਤੀ ਹੈ। ਜੇ ਸਾਰੀ ਸ਼ਕਤੀ ਕੇਂਦਰੀ ਸਰਕਾਰ ਦੇ ਹੱਥ ਵਿਚ ਹੋਵੇ ਤਾਂ ਇਹ ਏਕਾਤਮਕ (Unitary) ਸਰਕਾਰ ਹੁੰਦੀ ਹੈ ਪਰ ਜੇ ਸ਼ਕਤੀ ਕੇਂਦਰ ਤੇ ਇਕਾਈਆਂ ਵਿਚਕਾਰ ਵੰਡੀ ਹੋਈ ਹੋਵੇ ਤਾਂ ਇਸ ਨੂੰ ਸੰਘਾਤਮਕ (Federal) ਸਰਕਾਰ ਕਹਿੰਦੇ ਹਨ।
ਦੂਜੀ ਵੰਡ ਦਾ ਅਧਾਰ ਸੰਵਿਧਾਨ ਦਾ ਸਰੂਪ (Nature) ਹੈ। ਜੇ ਸੰਵਿਧਾਨ ਵਿਚ ਸੋਧ ਦਾ ਕੋਈ ਖਾਸ ਤੇ ਕਠਿਨ ਤਰੀਕਾ ਹੋਵੇ ਤਾਂ ਇਹ ਕਠੋਰ (rigid) ਹੁੰਦਾ ਹੈ ਪਰ ਜੇ ਸੰਵਿਧਾਨ ਵਿਚ ਸੋਧ ਸਾਧਾਰਨ ਤੇ ਸੌਖੇ ਤਰੀਕੇ ਨਾਲ ਕੀਤੀ ਜਾ ਸਕਦੀ ਹੋਵੇ ਤਾਂ ਇਹ ਸੰਵਿਧਾਨ ਲਚਕਦਾਰ (flexible) ਹੁੰਦਾ ਹੈ।
ਤੀਜੀ ਵੰਡ ਦਾ ਆਧਾਰ ਕਾਰਜਕਾਰੀ ਤੇ ਵਿਧਾਨ ਦੇ ਪਰਸਪਰ ਸਬੰਧ ਹਨ। ਜੇ ਵਿਧਾਨ ਮੰਡਲ ਕਾਰਜਕਾਰੀ ਦੇ ਅਧੀਨ ਹੋਵੇ ਤਾਂ ਸਰਕਾਰ ਨਿਰੰਕੁਸ਼ (despotic) ਹੁੰਦੀ ਹੈ ਪਰ ਜੇਕਰ ਦੋਹਾਂ ਨੂੰ ਸਮਾਨ ਅਧਿਕਾਰ ਪ੍ਰਾਪਤ ਹੋਣ ਤੇ ਉਨ੍ਹਾਂ ਵਿਚੋਂ ਕੋਈ ਇਕ ਦੂਜੇ ਦੇ ਅਧੀਨ ਨਾ ਹੋਵੇ ਤਾਂ ਉਸ ਨੂੰ ਪ੍ਰਧਾਨਗੀ ਸਰਕਾਰ (Presidential Government) ਕਿਹਾ ਜਾਂਦਾ ਹੈ ਅਤੇ ਜੇ ਕਾਰਜਕਾਰੀ ਪੂਰੀ ਤਰ੍ਹਾਂ ਵਿਧਾਨ ਮੰਡਲ ਦੇ ਅਧੀਨ ਹੋਵੇ ਤਾਂ ਉਸ ਨੂੰ ਸੰਸਦੀ ਸਰਕਾਰ (Parlimentary Government) ਕਿਹਾ ਜਾਂਦਾ ਹੈ।
ਡਾਕਟਰ ਸਟੀਫਨ ਲੀਕਾਕ ਦੇ ਅਨੁਸਾਰ ਸਰਕਾਰਾਂ ਦੇ ਰੂਪ ਇਸ ਪ੍ਰਕਾਰ ਹਨ :––
ਆਧੁਨਿਕ ਰਾਜ
ਨਿਰੰਕੁਸ਼ (ਆਪ ਹੁਦਰੀ) ਸਰਕਾਰ ਵਿਚ ਸ਼ਾਸਕ ਖ਼ੁਦਮੁਖ਼ਤਾਰ ਹੁੰਦਾ ਹੈ ਅਤੇ ਉਹ ਜਨਤਾ ਦੇ ਅੱਗੇ ਉਤਰਦਾਈ ਨਹੀਂ ਹੁੰਦਾ। ਉਹ ਆਪਣੀ ਮਰਜ਼ੀ ਨਾਲ ਹੀ ਕਾਨੂੰਨ ਬਣਾਉਂਦਾ ਹੈ ਅਤੇ ਰਾਜ ਵਿਚ ਕੋਈ ਵਿਧਾਨ ਮੰਡਲ ਨਹੀਂ ਹੁੰਦਾ। ਜੇ ਵਿਧਾਨਪਾਲਿਕਾ ਹੋਵੇ ਵੀ ਤਾਂ ਉਸ ਨੂੰ ਕੋਈ ਅਧਿਕਾਰ ਨਹੀਂ ਹੁੰਦੇ। ਇਸ ਕਿਸਮ ਦੀ ਸਰਕਾਰ ਜਾਂ ਤਾਂ ਤਾਨਾਸ਼ਾਹੀ ਹੁੰਦੀ ਹੈ (ਜਿਵੇਂ ਦੂਜੇ ਵਿਸ਼ਵ-ਯੁੱਧ ਤੋਂ ਪਹਿਲਾਂ ਇਟਲੀ ਤੇ ਜਰਮਨੀ ਵਿਚ ਸੀ ਜਾਂ ਖ਼ੁਦਮੁਖ਼ਤਾਰ ਰਾਜਤੰਤਰ (Absolute Monarchy) ਜਿਸਦੀ ਮਿਸਾਲ ਅੱਜ ਕਲ੍ਹ ਸਾਊਦੀ ਅਰਬ ਵਿਚ ਮਿਲਦੀ ਹੈ।
ਲੋਕਤੰਤਰੀ ਸਰਕਾਰ ਲਿੰਕਨ ਦੇ ਸ਼ਬਦਾਂ ਵਿਚ ਜਨਤਾ ਦੀ, ਜਨਤਾ ਲਈ ਅਤੇ ਜਨਤਾ ਰਾਹੀਂ ਸ਼ਾਸਨ ਹੈ। ਇਸ ਪ੍ਰਕਾਰ ਦੀ ਸਰਕਾਰ ਵਿਆਪਕ ਬਾਲਗ਼ ਮਤ ਅਧਿਕਾਰ (Universal Adult Franchise) ਦੁਆਰਾ ਬਣਦੀ ਹੈ ਅਤੇ ਜਨਤਾ ਦੇ ਅਗੇ ਉੱਤਰਦਾਈ ਹੁੰਦੀ ਹੈ। ਇਸ ਪ੍ਰਕਾਰ ਦੀਆਂ ਸਰਕਾਰਾਂ ਅੱਜਕਲ੍ਹ, ਭਾਰਤ, ਬਰਤਾਨੀਆਂ, ਸੰਯੁਕਤ ਰਾਜ ਅਮਰੀਕਾ, ਕੈਨੇਡਾ, ਫਰਾਂਸ, ਸਵਿਟਜ਼ਰਲੈਂਡ ਆਦਿ ਰਾਜਾਂ ਵਿਚ ਪ੍ਰਚਲਤ ਹਨ। ਇਸ ਸਰਕਾਰ ਦੇ ਦੋ ਰੂਪ ਹੋ ਸਕਦੇ ਹਨ ; ਸੀਮਿਤ ਰਾਜਤੰਤਰ ਤੇ ਗਣਤੰਤਰ। ਸੀਮਿਤ ਰਾਜਤੰਤਰ ਵਿਚ ਰਾਜ-ਪ੍ਰਬੰਧ ਇਕ ਵਿਅਕਤੀ ਅਰਥਾਤ ਬਾਦਸ਼ਾਹ ਦੇ ਨਾਂ ਤੇ ਚਲਾਇਆ ਜਾਂਦਾ ਹੈ ਪਰ ਅਸਲੀ ਸ਼ਾਸਕ ਜਨਤਾ ਵੱਲੋਂ ਚੁਣੇ ਹੋਏ ਪ੍ਰਤੀਨਿਧ ਹੁੰਦੇ ਹਨ ਜਿਵੇਂ ਇਸ ਪ੍ਰਕਾਰ ਦੀ ਸਰਕਾਰ ਬਰਤਾਨੀਆ ਵਿਚ ਹੈ। ਗਣਤੰਤਰ ਵਿਚ ਰਾਜ ਦੇ ਮੁਖੀ ਦੀ ਚੋਣ ਹੁੰਦੀ ਹੈ। ਭਾਰਤ, ਰੂਸ, ਸਵਿਟਜ਼ਰਲੈਂਡ ਤੇ ਸੰਯੁਕਤ ਰਾਜ ਅਮਰੀਕਾ ਵਿਚ ਗਣਤੰਤਰ ਹੈ ਅਤੇ ਰਾਸ਼ਟਰਪਤੀ ਚੁਣੇ ਜਾਂਦੇ ਹਨ।
ਸਰਕਾਰ ਦੀਆਂ ਮੁਖ ਕਿਸਮਾਂ
ਏਕਾਤਮਕ ਤੇ ਸੰਘਾਤਮਕ ਸਰਕਾਰਾਂ––ਏਕਾਤਮਕ ਸਰਕਾਰ ਵਿਚ ਸਾਰੀਆਂ ਸ਼ਕਤੀਆਂ ਕੇਂਦਰ ਕੋਲ ਹੁੰਦੀਆਂ ਹਨ ਅਤੇ ਪ੍ਰਾਂਤ ਸਿਰਫ ਰਾਜ-ਪ੍ਰਬੰਧ ਨੂੰ ਠੀਕ ਢੰਗ ਨਾਲ ਚਲਾਉਣ ਲਈ ਬਣਾਏ ਜਾਂਦੇ ਹਨ। ਪ੍ਰਾਂਤਕ ਸਰਕਾਰਾਂ ਨੂੰ ਸੰਵਿਧਾਨ ਦੁਆਰਾ ਕੋਈ ਸ਼ਕਤੀਆਂ ਨਹੀਂ ਮਿਲਦੀਆਂ ਅਤੇ ਜੋ ਵੀ ਸ਼ਕਤੀਆਂ ਉਨ੍ਹਾਂ ਦੇ ਕੋਲ ਹੋਣ ਕੇਂਦਰੀ ਸਰਕਾਰ ਵਲੋਂ ਦਿੱਤੀਆਂ ਹੁੰਦੀਆਂ ਹਨ। ਸੋ ਪ੍ਰਾਂਤਕ ਸਰਕਾਰਾਂ ਪੂਰਨ ਰੂਪ ਵਿਚ ਕੇਂਦਰੀ ਸਰਕਾਰ ਦੇ ਅਧੀਨ ਹੁੰਦੀਆਂ ਹਨ। ਇਸ ਪ੍ਰਕਾਰ ਦੀਆਂ ਸਰਕਾਰਾਂ ਬਰਤਾਨੀਆ ਤੇ ਫ਼ਰਾਂਸ ਵਿਚ ਹਨ।
ਸੰਘਾਤਮਕ ਸਰਕਾਰ ਦੋ ਤਰੀਕਿਆਂ ਨਾਲ ਬਣਦੀ ਹੈ। ਇਸ ਵਿਚ ਕੁਝ ਆਜ਼ਾਦ ਰਾਜ ਆਪਣਾ ਸਾਂਝਾ ਰਾਜ ਬਣਾ ਲੈਂਦੇ ਹਨ ਜਾਂ ਇਕ ਵੱਡੇ ਰਾਜ ਨੂੰ ਛੋਟੀਆਂ-ਛੋਟੀਆਂ ਇਕਾਈਆਂ ਵਿਚ ਵੰਡ ਦਿੱਤਾ ਜਾਂਦਾ ਹੈ। ਸੰਘ ਦੇ ਮੁਖ ਲੱਛਣ ਇਸ ਪ੍ਰਕਾਰ ਹਨ––(1) ਸੰਵਿਧਾਨ ਰਾਹੀਂ ਕੇਦਰ ਤੇ ਰਾਜਾਂ ਵਿਚਕਾਰ ਸ਼ਕਤੀਆਂ ਦੀ ਵੰਡ ਅਤੇ ਕੇਂਦਰ ਨੂੰ ਸਿਰਫ਼ ਸੀਮਿਤ ਅਧਿਕਾਰ ਪ੍ਰਾਪਤ ਹੁੰਦੇ ਹਨ (2) ਲਿਖਤੀ ਅਤੇ ਕਠੋਰ ਸੰਵਿਧਾਨ (3) ਸੁਪਰੀਮ ਕੋਰਟ (4) ਦੂਹਰੀ ਨਾਗਰਿਕਤਾ (5) ਇਕਾਈਆਂ ਨੂੰ ਆਪਣਾ ਸੰਵਿਧਾਲ ਬਣਾਉਣ ਦਾ ਅਧਿਕਾਰ (6) ਕੇਂਦਰ ਵਿਚ ਦੋ-ਸਦਨੀ ਵਿਧਾਨ ਮੰਡਲ ਅਤੇ ਉਪਰਲੇ ਸਦਨ ਵਿਚ ਸਾਰੀਆਂ ਇਕਾਈਆਂ ਨੂੰ ਸਮਾਨ ਪ੍ਰਤੀਨਿਧਤਾ ਤੇ ਹੇਠਲੇ ਸਦਨ ਵਿਚ ਜਨ-ਸੰਖਿਆ ਦੇ ਆਧਾਰ ਤੇ (7) ਸੋਵੀਅਤ ਸੰਘ ਵਿਚ ਇਕਾਈਆਂ ਨੂੰ ਫ਼ੌਜਾਂ ਰੱਖਣ ਤੇ ਬਦੇਸ਼ਾਂ ਨਾਲ ਸਬੰਧ ਸਥਾਪਤ ਕਰਨ ਅਤੇ ਸੰਘ ਵਿਚੋਂ ਨਿਕਲ ਜਾਣ ਦਾ ਵੀ ਅਧਿਕਾਰ ਪ੍ਰਾਪਤ ਹੈ। ਸੋਵੀਅਤ ਸੰਘ ਦੀਆਂ ਦੋ ਇਕਾਈਆਂ, ਯੂਕਰੇਨ (Ukraine) ਤੇ ਬਾਈਲੋਰਸ਼ੀਆ (Byelo-Russia), ਸੰਯੁਕਤ ਰਾਸ਼ਟਰ ਦੀਆਂ ਮੈਂਬਰ ਵੀ ਹਨ। ਸੰਯੁਕਤ ਰਾਜ ਅਮਰੀਕਾ, ਸਵਿਟਜ਼ਰਲੈਂਡ, ਸੋਵੀਅਤ ਸੰਘ ਅਤੇ ਭਾਰਤ ਆਦਿ ਰਾਜਾਂ ਵਿਚ ਸੰਘਾਤਮਕ ਸਰਕਾਰਾਂ ਕਾਰਜਸ਼ੀਲ ਹਨ।
ਸੰਸਦੀ ਸਰਕਾਰ––ਸੰਸਦੀ ਸਰਕਾਰ ਵਿਚ ਕਾਰਜਪਾਲਿਕਾ ਪੂਰੀ ਤਰ੍ਹਾਂ ਵਿਧਾਨ ਮੰਡਲ ਦੇ ਅਧੀਨ ਹੁੰਦੀ ਹੈ। ਇਕ ਰਾਜਾ ਜਾਂ ਰਾਸ਼ਟਰਪਤੀ ਦੇਸ ਦਾ ਸੰਵਿਧਾਨਿਕ ਮੁਖੀਆ ਹੁੰਦਾ ਹੈ। ਸੰਸਦ ਵਿਚ ਬਹੁ-ਗਿਣਤੀ ਪਾਰਟੀ ਦਾ ਨੇਤਾ ਪ੍ਰਧਾਨ ਮੰਤਰੀ ਨਿਯੁਕਤ ਕੀਤਾ ਜਾਂਦਾ ਹੈ ਤੇ ਉਹ ਸੰਸਦ ਦੇ ਕੁਝ ਹੋਰ ਮੈਂਬਰਾਂ ਨੂੰ ਮੰਤਰੀ ਨਿਯੁਕਤ ਕਰਵਾਉਂਦਾ ਹੈ। ਸਾਰਾ ਰਾਜ ਪ੍ਰਬੰਧ ਮੰਤਰੀ ਪਰਿਸ਼ਦ ਦੇ ਹੱਥ ਵਿਚ ਹੁੰਦਾ ਹੈ ਤੇ ਇਹ ਸੰਸਦ ਦੇ ਅਗੇ ਉਤਰਦਾਈ ਹੁੰਦਾ ਹੈ। ਸੰਸਦ ਜਦ ਚਾਹੇ ਮੰਤਰੀ ਪਰਿਸ਼ਦ ਨੂੰ ਹਟਾ ਸਕਦੀ ਹੈ। ਸੰਸਦੀ ਸਰਕਾਰ ਭਾਰਤ, ਬਰਤਾਨੀਆਂ ਤੇ ਸੋਵੀਅਤ ਰੂਸ ਆਦਿ ਰਾਜਾਂ ਵਿਚ ਹੈ।
ਅਸੰਸਦੀ ਸਰਕਾਰ ਜਾਂ ਪ੍ਰਧਾਨਗੀ ਸਰਕਾਰ (Presidential Government)––ਇਸ ਪ੍ਰਣਾਲੀ ਅਧੀਨ ਪ੍ਰਧਾਨ ਨਿਸ਼ਚਿਤ ਸਮੇਂ ਲਈ ਚੁਣਿਆ ਜਾਂਦਾ ਹੈ। ਉਹ ਤੇ ਉਸ ਦੇ ਮੰਤਰੀ ਵਿਧਾਨ-ਮੰਡਲ ਦੇ ਮੈਂਬਰ ਨਹੀਂ ਹੋ ਸਕਦੇ ਤੇ ਨਾ ਹੀ ਵਿਧਾਨ ਮੰਡਲ ਉਨ੍ਹਾਂ ਨੂੰ ਸਾਧਾਰਨ ਢੰਗ ਨਾਲ ਹਟਾ ਸਕਦੀ ਹੈ ਅਤੇ ਨਾ ਹੀ ਪ੍ਰਧਾਨ ਨੂੰ ਵਿਧਾਨ-ਮੰਡਲ ਤੋੜ ਸਕਣ ਦਾ ਅਧਿਕਾਰ ਹੁੰਦਾ ਹੈ। ਇਸ ਪ੍ਰਕਾਰ ਦੀ ਸਰਕਾਰ ਅਮੀਰਕਾ ਤੇ ਫਰਾਂਸ ਵਿਚ ਹੈ।
ਸਰਕਾਰ ਦੇ ਅੰਗ (Organs of Government)––ਹਰ ਸਰਕਾਰ ਦੇ ਤਿੰਨ ਮੁੱਖ ਅੰਗ ਹੁੰਦੇ ਹਨ : ਕਾਰਜਕਾਰੀ (Executive), ਵਿਧਾਨ ਮੰਡਲ (Lagislature) ਤੇ ਨਿਆਂਪਾਲਿਕਾ (Judiciary)। ਕਾਰਜਕਾਰੀ ਰਾਜ ਪ੍ਰਬੰਧ ਚਲਾਉਂਦੀ ਹੈ, ਵਿਧਾਨ ਮੰਡਲ ਕਾਨੂੰਨ ਬਣਾਉਂਦੀ ਹੈ ਤੇ ਨਿਆਂਪਾਲਿਕਾ ਨਿਆਂ ਦਾ ਪ੍ਰਬੰਧ ਕਰਦੀ ਹੈ। ਅੱਜ-ਕਲ੍ਹ ਲੋਕ ਪ੍ਰਸ਼ਾਸਨ ਨੂੰ ਸਰਕਾਰ ਦਾ ਚੌਥਾ ਅੰਗ ਮੰਨਿਆ ਜਾਂਦਾ ਹੈ।
ਸਰਕਾਰ ਦੇ ਮੁਖ ਕੰਮ (Functions of Government)––ਰਾਜ ਜਾਂ ਸਰਕਾਰ ਦੇ ਕੰਮਾਂ ਦੇ ਬਾਰੇ ਵੱਖ ਵੱਖ ਵਿਚਾਰ ਹਨ। ਕਾਂਟ (Kant), ਹੀਗਲ (Hegal), ਗਰੀਨ (Green) ਆਦਿ ਵਰਗੇ ਆਦਰਸ਼ਵਾਦੀ ਰਾਜ ਨੂੰ ਧਰਤੀ ਉੱਤੇ ਰੱਬ ਦਾ ਪ੍ਰਕਾਸ਼ ਮੰਨਦੇ ਹਨ ਤੇ ਕਹਿੰਦੇ ਹਨ ਕਿ ਰਾਜ ਨੂੰ ਵੱਧ ਤੋਂ ਵੱਧ ਕੰਮ ਆਪਣੇ ਹੱਥ ਵਿਚ ਲੈਣੇ ਚਾਹੀਦੇ ਹਨ ਅਤੇ ਵਿਅਕਤੀ ਦੇ ਰਾਜ ਵਿਰੁੱਧ ਕੋਈ ਅਧਿਕਾਰ ਨਹੀਂ। ਪ੍ਰੌਧਾਂਨ (Proudhon), ਬਕੂਨਿਨ (Bakunin) ਤੇ ਕਰੋਪੋਟਕਿਨ (Kropotkin) ਆਦਿ ਅਰਾਜਕਤਾਵਾਦੀ (anarchists) ਰਾਜ ਨੂੰ ਬਿਲਕੁਲ ਵਿਅਰਥ ਸੰਸਥਾ ਸਮਝਦੇ ਹਨ ਤੇ ਕਹਿੰਦੇ ਹਨ ਕਿ ਇਸ ਨੂੰ ਖ਼ਤਮ ਕਰ ਦੇਣ ਵਿਚ ਹੀ ਸਮਾਜ ਤੇ ਵਿਅਕਤੀ ਦੀ ਭਲਾਈ ਹੈ। ਜੇ. ਐਸ. ਮਿਲ. (J. S. Mill), ਸਪੈਂਸਰ, ਐਡਮ ਸਮਿਥ ਤੇ ਦੂਜੇ ਵਿਅਕਤੀਵਾਦੀ ਰਾਜ ਨੂੰ ਇਕ ਅਜਿਹੀ ਬੁਰਾਈ ਸਮਝਦੇ ਹਨ ਜਿਸ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ। ਉਹ ਕਹਿੰਦੇ ਹਨ ਕਿ ਰਾਜ ਨੂੰ ਬਹੁਤ ਘਟ ਕੰਮ ਕਰਨੇ ਚਾਹੀਦੇ ਹਨ ਤੇ ਵਿਅਕਤੀ ਨੂੰ ਵੱਧ ਤੋਂ ਵੱਧ ਆਜ਼ਾਦੀ ਦੇਣੀ ਚਾਹੀਦੀ ਹੈ।
ਲੇਖਕ : ਨਿਰਮਲ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਚੌਥੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 18644, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-09-03, ਹਵਾਲੇ/ਟਿੱਪਣੀਆਂ: no
ਸਰਕਾਰ ਸਰੋਤ :
ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ
ਸਰਕਾਰ : ਰਾਜ ਦਾ ਨਿਰਮਾਣ ਕਰਨ ਲਈ ਇੱਕ ਨਿਸ਼ਚਿਤ ਭੂਮੀ ਤੇ ਵੱਸਣ ਵਾਲੀ ਜਨ-ਸੰਖਿਆ ਜ਼ਰੂਰ ਹੀ ਰਾਜਨੀਤਿਕ ਅਤੇ ਕਨੂੰਨੀ ਦ੍ਰਿਸ਼ਟੀ ਤੋਂ ਸੰਗਠਿਤ ਹੋਣੀ ਚਾਹੀਦੀ ਹੈ। ਲੋਕਾਂ ਦੇ ਇਸ ਰਾਜਨੀਤਿਕ ਸੰਗਠਨ ਨੂੰ ਹੀ ਸਰਕਾਰ ਕਿਹਾ ਜਾਂਦਾ ਹੈ। ਇਹੋ ਕਾਰਨ ਹੈ ਕਿ ਸਰਕਾਰ ਨੂੰ ਰਾਜ ਦਾ ਰਾਜਨੀਤਿਕ ਤੱਤ ਮੰਨਿਆ ਗਿਆ ਹੈ। ਸਰਕਾਰ ਹੀ ਇੱਕ ਅਜਿਹਾ ਸੰਗਠਨ ਹੈ, ਜਿਸ ਦੁਆਰਾ ਰਾਜ ਦੀਆਂ ਇੱਛਾਵਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਅਸਲ ਵਿੱਚ ਸਰਕਾਰ ਦੀ ਹੋਂਦ ਤੋਂ ਬਿਨਾਂ ਰਾਜ ਦੀ ਇੱਛਾ ਨੂੰ ਅਮਲੀ ਰੂਪ ਨਹੀਂ ਦਿੱਤਾ ਜਾ ਸਕਦਾ। ਸਰਕਾਰ ਦੁਆਰਾ ਹੀ ਲੋਕਾਂ ਦੇ ਆਪਸੀ ਸੰਬੰਧਾਂ ਨੂੰ ਨਿਯਮਿਤ ਕੀਤਾ ਜਾਂਦਾ ਹੈ, ਰਾਜ ਵਿੱਚ ਸ਼ਾਂਤੀ ਸਥਾਪਿਤ ਕੀਤੀ ਜਾਂਦੀ ਹੈ ਅਤੇ ਦੇਸ ਦੀ ਬਾਹਰਲੇ ਹਮਲਿਆਂ ਤੋਂ ਰੱਖਿਆ ਕੀਤੀ ਜਾਂਦੀ ਹੈ।
ਸਰਕਾਰ ਰਾਜ ਦਾ ਇੱਕ ਮਹੱਤਵਪੂਰਨ ਅੰਗ ਹੁੰਦਾ ਹੈ। ਰਾਜ ਦੇ ਸਾਰੇ ਕੰਮ ਵਿਹਾਰਿਕ ਰੂਪ ਵਿੱਚ ਸਰਕਾਰ ਦੁਆਰਾ ਕੀਤੇ ਜਾਂਦੇ ਹਨ। ਕਨੂੰਨ ਬਣਾਉਣਾ, ਉਹਨਾਂ ਨੂੰ ਲਾਗੂ ਕਰਨਾ ਅਤੇ ਉਹਨਾਂ ਦੀ ਵਿਆਖਿਆ ਕਰਨਾ ਆਮ ਕਰਕੇ ਸਰਕਾਰ ਦੇ ਤਿੰਨ ਮੁੱਖ ਕੰਮ ਮੰਨੇ ਜਾਂਦੇ ਹਨ। ਇਹਨਾਂ ਤਿੰਨਾਂ ਮੁੱਖ ਕੰਮਾਂ ਕਰਕੇ ਸਰਕਾਰ ਦੇ ਤਿੰਨ ਮੁੱਖ ਅੰਗ ਮੰਨੇ ਗਏ ਹਨ :
1. ਵਿਧਾਨਪਾਲਿਕਾ, ਜਿਸਦਾ ਮੁੱਖ ਕੰਮ ਕਨੂੰਨਾਂ ਦਾ ਨਿਰਮਾਣ ਕਰਨਾ ਹੈ;
2. ਕਾਰਜਪਾਲਿਕਾ, ਜਿਸਦਾ ਮੁੱਖ ਕੰਮ ਵਿਧਾਨਪਾਲਿਕਾ ਦੁਆਰਾ ਬਣਾਏ ਗਏ ਕਨੂੰਨਾਂ ਨੂੰ ਲਾਗੂ ਕਰਨਾ ਹੈ, ਅਤੇ
3. ਨਿਆਂਪਾਲਿਕਾ, ਜੋ ਕਿ ਕਨੂੰਨ ਦੀ ਵਿਆਖਿਆ ਕਰਦੀ ਹੈ ਅਤੇ ਕਨੂੰਨ ਦੇ ਅਨੁਸਾਰ ਨਿਆਂ ਕਰਦੀ ਹੈ। ਇਸ ਦਾ ਭਾਵ ਇਹ ਹੈ ਕਿ ਸਮੁੱਚੇ ਸੰਸਾਰ ਵਿੱਚ ਸਰਕਾਰ ਦਾ ਰੂਪ ਭਾਵੇਂ ਕੋਈ ਵੀ ਹੋਵੇ ਸਰਕਾਰ ਦੇ ਇਹੋ ਹੀ ਤਿੰਨ ਮੁੱਖ ਅੰਗ ਮੰਨੇ ਜਾਂਦੇ ਹਨ।
ਜਦ ਤੱਕ ਵਿਧਾਨ-ਮੰਡਲ ਕਨੂੰਨਾਂ ਦਾ ਨਿਰਮਾਣ ਨਹੀਂ ਕਰਦਾ ਓਦੋਂ ਤੱਕ ਆਧੁਨਿਕ ਲੋਕਤੰਤਰੀ ਰਾਜ ਵਿੱਚ ਸਰਕਾਰ ਦੇ ਦੂਜੇ ਅੰਗਾਂ ਦੇ ਕੰਮ ਸ਼ੁਰੂ ਹੀ ਨਹੀਂ ਹੋ ਸਕਦੇ। ਰਾਜ ਦੀ ਇੱਛਾ ਪ੍ਰਗਟਾਉਣ ਅਤੇ ਲਾਗੂ ਕਰਨ ਵਿੱਚ ਵਿਧਾਨ-ਮੰਡਲ ਦਾ ਸਰਬ-ਉੱਚ ਸਥਾਨ ਹੈ। ਵਿਧਾਨਪਾਲਿਕਾ ਇੱਕ ਸਦਨੀ ਜਾਂ ਦੋ ਸਦਨੀ ਹੋ ਸਕਦੀ ਹੈ। ਜਿਸ ਵਿਧਾਨ-ਮੰਡਲ ਦਾ ਇੱਕ ਹੀ ਸਦਨ ਹੋਵੇ ਉਸਨੂੰ ਇੱਕ ਸਦਨੀ ਵਿਧਾਨ-ਮੰਡਲ ਆਖਦੇ ਹਨ। ਇਹ ਸਦਨ ਆਮ ਤੌਰ ’ਤੇ ਪ੍ਰਤਿਨਿਧੀ ਸਦਨ ਹੁੰਦਾ ਹੈ। ਪੁਰਤਗਾਲ, ਯੂਨਾਨ, ਯੂਗੋਸਲਾਵੀਆ ਆਦਿ ਦੇਸਾਂ ਅਤੇ ਭਾਰਤੀ ਸੰਘ ਦੇ 20 ਰਾਜਾਂ ਵਿੱਚ ਇੱਕ-ਸਦਨ-ਵਿਧਾਨ-ਮੰਡਲ ਦੀ ਵਿਵਸਥਾ ਹੈ। ਦੋ-ਸਦਨੀ ਵਿਧਾਨ-ਮੰਡਲ ਉਸ ਨੂੰ ਕਿਹਾ ਜਾਂਦਾ ਹੈ ਜਿਸ ਵਿਧਾਨ-ਮੰਡਲ ਦੇ ਦੋ-ਸਦਨ ਹੁੰਦੇ ਹਨ। ਆਮ ਭਾਸ਼ਾ ਵਿੱਚ ਇੱਕ ਨੂੰ ਹੇਠਲਾ ਸਦਨ ਤੇ ਦੂਜੇ ਨੂੰ ਉਪਰਲਾ ਸਦਨ ਕਿਹਾ ਜਾਂਦਾ ਹੈ। ਜਿਵੇਂ ਭਾਰਤ ਵਿੱਚ ਲੋਕ-ਸਭਾ ਅਤੇ ਰਾਜ-ਸਭਾ। ਇੰਗਲੈਂਡ, ਅਮਰੀਕਾ, ਫ਼੍ਰਾਂਸ, ਕੈਨੇਡਾ, ਆਸਟ੍ਰੇਲੀਆ, ਜਰਮਨੀ, ਜਪਾਨ, ਭਾਰਤ, ਸਵਿਟਜ਼ਰਲੈਂਡ ਆਦਿ ਦੇਸਾਂ ਵਿੱਚ ਦੋ-ਸਦਨੀ ਵਿਧਾਨ-ਮੰਡਲ ਹੈ। ਵਿਧਾਨ-ਮੰਡਲ ਦਾ ਸੰਗਠਨ ਉਸ ਦੇਸ ਦੀਆਂ ਰਾਜਨੀਤਿਕ, ਆਰਥਿਕ ਤੇ ਸਮਾਜਿਕ ਹਾਲਾਤਾਂ ਦੇ ਅਨੁਸਾਰ ਕੀਤਾ ਜਾਂਦਾ ਹੈ। ਹੇਠਲੇ ਸਦਨ ਦੀ ਰਚਨਾ ਅਤੇ ਸ਼ਕਤੀਆਂ ਕਾਫ਼ੀ ਹੱਦ ਤੱਕ ਵਿਭਿੰਨ ਦੇਸਾਂ ਵਿੱਚ ਇੱਕੋ ਹੀ ਸਿਧਾਂਤ ਤੇ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ। ਸੰਸਾਰ ਦੇ ਸਾਰੇ ਦੇਸਾਂ ਵਿੱਚ ਵਿਧਾਨਪਾਲਿਕਾ ਦੇ ਕੰਮ ਇੱਕੋ ਜਿਹੇ ਨਹੀਂ ਹੋ ਸਕਦੇ ਕਿਉਂਕਿ ਉਸ ਦੇ ਕੰਮ ਉੱਥੋਂ ਦੀ ਸ਼ਾਸਨ ਪ੍ਰਨਾਲੀ ਦੇ ਰੂਪ ’ਤੇ ਨਿਰਭਰ ਕਰਦੇ ਹਨ। ਕਨੂੰਨ ਬਣਾਉਣਾ, ਸੰਵਿਧਾਨ ਵਿੱਚ ਤਰਮੀਮ ਕਰਨਾ, ਵਿਦੇਸ਼ੀ ਸੰਬੰਧਾਂ ਉੱਤੇ ਨਿਯੰਤਰਨ ਕਰਨਾ, ਵਿੱਤ ਤੇ ਕਾਰਜਪਾਲਿਕਾ ’ਤੇ ਕੰਟ੍ਰੋਲ ਕਰਨਾ, ਨਿਆਂ ਸੰਬੰਧੀ ਕੰਮ, ਚੋਣ ਸੰਬੰਧੀ ਕੰਮ, ਪ੍ਰਸ਼ਾਸਨ ਉੱਤੇ ਕੰਟ੍ਰੋਲ ਕੁਝ ਅਜਿਹੇ ਕਾਰਜ ਹਨ ਜੋ ਕਿ ਹਰੇਕ ਦੇਸ ਦੀ ਵਿਧਾਨਪਾਲਿਕਾ ਕਰਦੀ ਹੈ।
ਕਾਰਜਪਾਲਿਕਾ ਅਧੀਨ ਉਹ ਸਭ ਰਾਜ-ਕਰਮਚਾਰੀ ਅਤੇ ਸੰਸਥਾਵਾਂ ਆ ਜਾਂਦੀਆਂ ਹਨ ਜਿਨ੍ਹਾਂ ਦਾ ਕੰਮ ਕਨੂੰਨ ਦੇ ਅੰਤਰਗਤ ਰਾਜ ਦੀ ਪ੍ਰਗਟਾਈ ਇੱਛਾ ਨੂੰ ਲਾਗੂ ਕਰਨਾ ਹੈ। ਕਾਰਜਪਾਲਿਕਾ ਕਈ ਕਿਸਮ ਦੀ ਹੋ ਸਕਦੀ ਹੈ ਜਿਵੇਂ ਵਾਸਤਵਿਕ ਅਤੇ ਨਾਂ-ਮਾਤਰ, ਸੰਸਦੀ ਅਤੇ ਪ੍ਰਧਾਨਾਤਮਿਕ, ਇਕੱਲੀ ਤੇ ਬਹੁ-ਪੁਰਖੀ, ਖਾਨਦਾਨੀ ਅਤੇ ਚੁਣੀ ਹੋਈ, ਰਾਜਨੀਤਿਕ ਤੇ ਸਥਾਈ, ਤਾਨਾਸ਼ਾਹੀ ਤੇ ਸੰਵਿਧਾਨਿਕ ਆਦਿ। ਭਾਰਤ ਦਾ ਰਾਸ਼ਟਰਪਤੀ ਨਾਂ-ਮਾਤਰ ਕਾਰਜਪਾਲਿਕਾ ਦੀ ਉਦਾਹਰਨ ਹੈ। ਭਾਰਤ, ਇੰਗਲੈਂਡ, ਕੈਨੇਡਾ, ਸਵੀਡਨ, ਹਾਲੈਂਡ, ਨਾਰਵੇ, ਬੈਲਜ਼ੀਅਮ ਸੰਸਦੀ ਕਾਰਜਪਾਲਿਕਾ ਅਤੇ ਅਮਰੀਕਾ ਪ੍ਰਧਾਨਾਤਮਿਕ ਕਾਰਜਪਾਲਿਕਾ ਦੀਆਂ ਉਦਾਹਰਨਾਂ ਹਨ। ਕਾਰਜਪਾਲਿਕਾ ਦਾ ਮੁੱਖ ਕੰਮ ਸ਼ਾਸਨ ਦਾ ਪ੍ਰਬੰਧ ਕਰਨਾ ਅਤੇ ਕਨੂੰਨਾਂ ਨੂੰ ਲਾਗੂ ਕਰਨਾ ਹੁੰਦਾ ਹੈ।
ਨਿਆਂਪਾਲਿਕਾ ਸਰਕਾਰ ਦਾ ਤੀਜਾ ਮਹੱਤਵਪੂਰਨ ਅੰਗ ਹੈ। ਨਿਆਂਪਾਲਿਕਾ ਸ਼ਾਸਨ ਨੂੰ ਨਿਰੰਕੁਸ਼ ਹੋਣ ਤੋਂ ਰੋਕਦੀ ਹੈ ਅਤੇ ਲੋਕਾਂ ਦੇ ਅਧਿਕਾਰਾਂ ’ਤੇ ਸੁਤੰਤਰਤਾਵਾਂ ਦੀ ਰੱਖਿਆ ਕਰਦੀ ਹੈ। ਨਿਆਂਪਾਲਿਕਾ ਦਾ ਸੰਗਠਨ ਕਾਫ਼ੀ ਹੱਦ ਤੱਕ ਸ਼ਾਸਨ ਪ੍ਰਨਾਲੀ ਦੇ ਰੂਪ ’ਤੇ ਨਿਰਭਰ ਕਰਦਾ ਹੈ। ਕਨੂੰਨਾਂ ਅਨੁਸਾਰ ਝਗੜਿਆਂ ਦਾ ਨਿਪਟਾਰਾ ਕਰਨ, ਸੰਵਿਧਾਨ ਦੀ ਸਰਬ-ਉੱਚਤਾ ਨੂੰ ਯਕੀਨੀ ਬਣਾਉਣਾ ਵੀ ਨਿਆਂਪਾਲਿਕਾ ਦੀ ਜ਼ੁੰਮੇਵਾਰੀ ਹੈ।
ਸਰਕਾਰਾਂ ਦੇ ਕਈ ਰੂਪ ਹੋ ਸਕਦੇ ਹਨ ਜਿਵੇਂ ਕਿ ਸੰਸਦੀ ਤੇ ਪ੍ਰਧਾਨਗੀ, ਇਕਾਤਮਿਕ ਤੇ ਸੰਘਾਤਮਿਕ ਆਦਿ। ਜੇਕਰ ਕਾਰਜਪਾਲਿਕਾ ਵਿਧਾਨਪਾਲਿਕਾ ਪ੍ਰਤਿ ਉੱਤਰਦਾਈ ਹੈ ਅਤੇ ਦੋਹਾਂ ਵਿਚਕਾਰ ਬਹੁਤ ਨੇੜੇ ਦਾ ਸੰਬੰਧ ਹੈ ਤਾਂ ਉਸ ਨੂੰ ਸੰਸਦੀ ਸਰਕਾਰ ਕਿਹਾ ਜਾਂਦਾ ਹੈ ਜਿਵੇਂ ਇੰਗਲੈਂਡ ਅਤੇ ਭਾਰਤ ਵਿੱਚ ਸੰਸਦੀ ਸਰਕਾਰ ਹੈ। ਜੇਕਰ ਕਾਰਜਪਾਲਿਕਾ, ਵਿਧਾਨਪਾਲਿਕਾ ਦੇ ਪ੍ਰਤਿ ਉੱਤਰਦਾਈ ਨਹੀਂ ਹੈ ਅਤੇ ਦੋਨੋਂ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਹਨ ਉਸ ਨੂੰ ਪ੍ਰਧਾਨਾਤਮਿਕ ਸਰਕਾਰ ਕਿਹਾ ਜਾਂਦਾ ਹੈ ਜਿਵੇਂ ਅਮਰੀਕਾ ਦੀ ਸਰਕਾਰ। ਇਸੇ ਤਰ੍ਹਾਂ ਜੇਕਰ ਪ੍ਰਾਂਤਕ ਸਰਕਾਰਾਂ ਨੂੰ ਆਪਣੀ ਇੱਛਾ ਅਨੁਸਾਰ ਆਪਣਾ ਸ਼ਾਸਨ ਚਲਾਉਣ ਦੀ ਸੁਤੰਤਰਤਾ ਹੋਵੇ ਅਤੇ ਕੇਂਦਰ ਸਰਕਾਰ ਉਹਨਾਂ ਦੀ ਸੁਤੰਤਰਤਾ ਨੂੰ ਖੋਹ ਨਾ ਸਕਦੀ ਹੋਵੇ, ਤਾਂ ਸਰਕਾਰ ਦਾ ਰੂਪ ਸੰਘਾਤਮਿਕ ਹੁੰਦਾ ਹੈ ਜਿਵੇਂ ਭਾਰਤ ਅਤੇ ਅਮਰੀਕਾ। ਇਸ ਦੇ ਵਿਪਰੀਤ ਜੇਕਰ ਪ੍ਰਾਂਤਕ ਸਰਕਾਰਾਂ ਕੇਂਦਰੀ ਸਰਕਾਰ ਦੇ ਪੂਰੇ ਨਿਯੰਤਰਨ ਅਧੀਨ ਹੋਣ ਅਤੇ ਕੇਂਦਰ ਸਰਕਾਰ ਦੇ ਆਦੇਸ਼ ਅਨੁਸਾਰ ਕੰਮ ਕਰਦੀਆਂ ਹੋਣ ਤਾਂ ਸਰਕਾਰ ਦਾ ਰੂਪ ਇਕਾਤਮਿਕ ਹੁੰਦਾ ਹੈ ਜਿਵੇਂ ਇੰਗਲੈਂਡ।
ਸਰਕਾਰਾਂ ਦੇ ਸਰੂਪ ਉੱਥੋਂ ਦੀਆਂ ਵਿਸ਼ੇਸ਼ ਪਰਿਸਥਿਤੀਆਂ ਨੂੰ ਰੱਖ ਕੇ ਚੁਣੇ ਜਾਂਦੇ ਹਨ। ਪਰ ਹਰੇਕ ਸਰਕਾਰ ਦੇ ਕਾਰਜ ਲਗਪਗ ਇੱਕੋ ਜਿਹੇ ਹੀ ਹੁੰਦੇ ਹਨ ਭਾਵ ਲੋਕ-ਹਿਤ ਕਾਰਜ।
ਲੇਖਕ : ਰਜ਼ੀਆ ਖ਼ਾਤੂਨ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 13669, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-19-11-57-15, ਹਵਾਲੇ/ਟਿੱਪਣੀਆਂ:
ਸਰਕਾਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਰਕਾਰ, (ਫ਼ਾਰਸੀ) / ਇਸਤਰੀ ਲਿੰਗ : ੧. ਪਾਤਸ਼ਾਹ, ਹਕੂਮਤ, ਰਾਜ ਦਰਬਾਰ, ਹਕੂਮਤ ਦਾ ਕੋਈ ਰੁਕਨ, ਰਾਜ ਦਾ ਮਾਲਕ; ਪੁਲਿੰਗ : ੨. ਮਹਾਰਾਜਾ ਰਣਜੀਤ ਸਿੰਘ; ੩. ਹਾਕਮ, ਇਲਾਕੇ ਦਾ ਮਾਲਕ, ਸਰਦਾਰ, ਅਧਿਕਾਰੀ, ਵੱਡਾ ਆਦਮੀ (ਆਦਰ ਵਜੋਂ)
–ਸਰਕਾਰ ਸਰਕਾਰ ਕਰਨਾ, ਮੁਹਾਵਰਾ : ਖੁਸ਼ਾਮਦ ਕਰਨਾ, ਲਿਲ੍ਹਕੜੀਆਂ ਕੱਢਣਾ
–ਸਰਕਾਰ ਦਰਬਾਰ, ਪੁਲਿੰਗ : ਰਾਜ ਦਰਬਾਰ, ਰਾਜੇ ਦੀ ਕਚਹਿਰੀ
–ਸਰਕਾਰ ਵਿਖਾਉਣਾ, ਮੁਹਾਵਰਾ : ਝਗੜੇ ਨੂੰ ਅਦਾਲਤ ਵਿੱਚ ਲੈ ਜਾਣਾ
–ਸਰਕਾਰ ਵੇਖਣਾ, ਮੁਹਾਵਰਾ : ਸਰਕਾਰ ਨਾਲ ਵਾਸਤਾ ਪੈਣਾ, ਕਚਹਿਰੀ ਵਿੱਚ ਭੁਗਤਣਾ, ਅਫ਼ਸਰ ਦੇ ਪੇਸ਼ ਹੋਣਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 6290, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-08-12-47-02, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First