ਸਰਬ ਹਿੰਦ ਸਿੱਖ ਮਿਸ਼ਨ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸਰਬ ਹਿੰਦ ਸਿੱਖ ਮਿਸ਼ਨ: ਇਕ ਸੰਸਥਾ ਜਿਸ ਦਾ ਉਦੇਸ਼ ਦਲਿਤ ਜਾਤੀਆਂ ਵਿਚ ਸਿੱਖੀ ਦਾ ਪ੍ਰਚਾਰ ਕਰਨਾ ਸੀ। ਇਸ ਦੀ ਸਥਾਪਨਾ ਪਿਛੇ ਡਾ. ਭੀਮ ਰਾਉ ਅੰਬੇਦਕਰ ਦੀ ਉਹ ਘੋਸ਼ਣਾ ਕੰਮ ਕਰ ਰਹੀ ਸੀ ਜਿਸ ਅਨੁਸਾਰ ਦਲਿਤਾਂ ਨੂੰ ਹਿੰਦੂਆਂ ਦੇ ਧਾਰਮਿਕ ਗ਼ਲਬੇ ਤੋਂ ਕਢ ਕੇ ਕਿਸੇ ਅਜਿਹੇ ਧਰਮ ਵਿਚ ਦੀਖਿਅਤ ਕੀਤਾ ਜਾਏ, ਜਿਸ ਵਿਚ ਛੂਤ-ਛਾਤ ਅਤੇ ਜਾਤਿਵਾਦ ਨ ਹੋਵੇ ਅਤੇ ਜਿਸ ਵਿਚ ਦਲਿਤਾਂ ਨੂੰ ਪੂਰਾ ਸਨਮਾਨ ਮਿਲ ਸਕੇ। ਇਸ ਮਾਮਲੇ ਉਤੇ ਵਿਚਾਰ ਕਰਨ ਲਈ 25 ਜਨਵਰੀ 1936 ਈ. ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਹੋਈ ਅਤੇ ਫਿਰ 1 ਮਾਰਚ 1936 ਈ. ਨੂੰ ਅਕਾਲ ਤਖ਼ਤ ਉਤੇ ਖੁਲ੍ਹਾ ਇਜਲਾਸ ਹੋਇਆ। ਵਿਚਾਰ-ਵਟਾਂਦਰੇ ਤੋਂ ਬਾਦ ਮਤਾ ਪਾਸ ਕਰਦਿਆਂ ਕਾਰਜਕਾਰਨੀ ਕਮੇਟੀ ਦੁਆਰਾ ਇਸ ਪਰਥਾਇ ਕੀਤੇ ਗਏ ਉਦਮ ਦੀ ਸਰਾਹਨਾ ਕੀਤੀ ਗਈ ਅਤੇ ਉਤਰ ਪ੍ਰਦੇਸ਼ ਅਤੇ ਦੱਖਣ ਵਿਚ ਪ੍ਰਚਾਰ ਦਾ ਕੰਮ ਤੇਜ਼ ਕਰਨ ਲਈ, ਵਿਸਾਖੀ ਦੇ ਮੌਕੇ ਸਰਬ ਹਿੰਦ ਸ਼੍ਰੋਮਣੀ ਸਿੱਖ ਪ੍ਰਚਾਰ ਕਾਨਫ੍ਰੰਸ ਕਰਨ ਦਾ ਫ਼ੈਸਲਾ ਕੀਤਾ ਗਿਆ। ਅੰਮ੍ਰਿਤਸਰ ਵਿਚ ਹੋਈ ਇਸ ਕਾਨਫ੍ਰੰਸ ਦੇ ਮੌਕੇ ਉਤੇ ਸਿੱਖਾਂ ਦੀਆਂ ਸਾਰੀਆਂ ਜੱਥੇਬੰਦੀਆਂ ਸ਼ਾਮਲ ਹੋਈਆਂ ਅਤੇ ਡਾ. ਅੰਬੇਦਕਰ ਨੇ ਵੀ ਹਿੱਸਾ ਲਿਆ। ਇਸ ਮੌਕੇ ਉਤੇ 94 ਵਿਅਕਤੀਆਂ ਨੇ ਅੰਮ੍ਰਿਤ ਪਾਨ ਕੀਤਾ, ਜਿਨ੍ਹਾਂ ਵਿਚ 43 ਪੰਜਾਬ ਤੋਂ ਬਾਹਰੋਂ ਸਨ ।
ਉਸ ਮੌਕੇ’ਤੇ ਪ੍ਰਚਾਰ ਦੇ ਕੰਮ ਨੂੰ ਪੱਕੇ ਪੈਰਾਂ ਉਤੇ ਖੜਾ ਕਰਨ ਲਈ ‘ਸਰਬ ਹਿੰਦ ਸਿੱਖ ਮਿਸ਼ਨ’ ਦੀ ਸਥਾਪਨਾ ਕੀਤੀ ਗਈ ਅਤੇ ਖਰਚਿਆਂ ਦੇ ਭੁਗਤਾਨ ਲਈ ਚੋਖੀ ਉਗਰਾਹੀ ਵੀ ਹੋ ਗਈ। ਹਿੰਦੁਸਤਾਨ ਦੇ ਮੁੱਖ ਮੁਖ ਇਲਾਕਿਆਂ ਵਿਚ ਸਿੱਖ ਪ੍ਰਚਾਰਕ ਜੱਥੇ ਭੇਜੇ ਗਏ। ਉਤਰ ਪ੍ਰਦੇਸ਼ ਦੇ ਹਾਪੁੜ ਅਤੇ ਅਲੀਗੜ੍ਹ ਨਗਰਾਂ ਵਿਚ, ਮੱਧ ਪ੍ਰਦੇਸ਼ ਦੇ ਬੁਰਹਾਨਪੁਰ ਨਗਰ ਵਿਚ ਅਤੇ ਮਹਾਰਾਸ਼ਟਰ ਦੇ ਨਾਗਪੁਰ ਨਗਰ ਵਿਚ ਅਤੇ ਕਈ ਹੋਰ ਥਾਂਵਾਂ’ਤੇ ਪ੍ਰਚਾਰ ਕੇਂਦਰ ਸਥਾਪਿਤ ਕੀਤੇ ਗਏ। ਪਰ ਕਾਲਾਂਤਰ ਵਿਚ ਡਾ. ਅੰਬੇਦਕਰ ਵਲੋਂ ਸਿੱਖ ਧਰਮ ਨੂੰ ਨ ਧਾਰਣ ਕਰਨ ਕਰਕੇ ਇਸ ਮਿਸ਼ਨ ਦਾ ਕੰਮ ਢਿਲਾ ਪੈ ਗਿਆ ਅਤੇ ਹੌਲੀ ਹੌਲੀ ਮਿਸ਼ਨ ਦੀ ਕਾਰਵਾਈ ਰੁਕ ਜਿਹੀ ਗਈ। ਪਰ ਇਸ ਮਿਸ਼ਨ ਦੁਆਰਾ ਹਾਪੁੜ ਅਲੀਗੜ੍ਹ, ਨਾਗਪੁਰ, ਅਕੋਲਾ ਆਦਿ ਨਗਰਾਂ ਵਿਚ ਸਥਾਪਿਤ ਕੇਂਦਰਾਂ ਨੇ ਕਾਫ਼ੀ ਕੰਮ ਕੀਤਾ ਅਤੇ ਹੁਣ ਵੀ ਕਰ ਰਹੇ ਹਨ। ਸੰਨ 1937 ਈ. ਵਿਚ ਖ਼ਾਲਸਾ ਕਾਲਜ ਬੰਬਈ ਦੀ ਸਥਾਪਨਾ ਇਸ ਮਿਸ਼ਨ ਦੀ ਮਹੱਤਵਪੂਰਣ ਉਪਲਬਧੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1210, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਸਰਬ ਹਿੰਦ ਸਿੱਖ ਮਿਸ਼ਨ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰਬ ਹਿੰਦ ਸਿੱਖ ਮਿਸ਼ਨ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਧਰਮ ਦੇ ਪ੍ਰਚਾਰ ਲਈ 1936 ਵਿਚ ਸਥਾਪਿਤ ਕੀਤਾ ਸੀ। ਇਸ ਮਿਸ਼ਨ ਨੂੰ ਸਥਾਪਿਤ ਕਰਨ ਦਾ ਤਤਕਾਲੀ ਕਾਰਨ ਅਖੌਤੀ ਅਛੂਤ ਅਤੇ ਦਲਿਤ ਜਾਤੀ ਦੇ ਨੇਤਾ ਡਾ. ਭੀਮ ਰਾਓ ਅੰਬੇਦਕਰ ਵੱਲੋਂ 1935 ਵਿਚ ਕੀਤਾ ਗਿਆ ਇਹ ਐਲਾਨ ਸੀ ਕਿ ਉਹਨਾਂ ਨੇ ਅਤੇ ਉਹਨਾਂ ਦੇ ਸਮਰਥਕਾਂ ਨੇ ਹਿੰਦੂ ਧਰਮ ਛੱਡਣ ਦਾ ਅਤੇ ਕਿਸੇ ਹੋਰ ਅਜਿਹੇ ਧਰਮ ਵਿਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ ਹੈ ਜਿਹੜਾ ਛੂਤਛਾਤ ਨੂੰ ਨਾ ਮੰਨਦਾ ਹੋਵੇ ਅਤੇ ਉਹਨਾਂ ਨੂੰ ਸਮਾਜ ਵਿਚ ਸਨਮਾਨਯੋਗ ਥਾਂ ਦੇ ਸਕੇ। 25 ਫਰਵਰੀ 1936 ਨੂੰ ਇਸ ਮੁੱਦੇ ਉੱਤੇ ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਕਮੇਟੀ ਨੇ ਵਿਚਾਰ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਮ ਅਧਿਵੇਸ਼ਨ 19 ਫੱਗਣ 1992 ਬਿਕਰਮੀ/1ਮਾਰਚ 1936 ਨੂੰ ਅਕਾਲ ਤਖ਼ਤ ਵਿਖੇ ਸ਼ੰਕਰ ਪਿੰਡ ਦੇ ਸਰਦਾਰ ਪਰਤਾਪ ਸਿੰਘ ਦੀ ਪ੍ਰਧਾਨਗੀ ਹੇਠ ਹੋਇਆ ਜਿਸ ਵਿਚ ਲੰਮੇ ਵਿਚਾਰ-ਵਟਾਂਦਰੇ ਤੋਂ ਬਾਅਦ ਪੱਛੜੀ ਸ਼੍ਰੇਣੀ ਦੇ ਲੋਕਾਂ ਨੂੰ ਆਪਣੇ ਵਿਚ ਸ਼ਾਮਲ ਕਰਨ ਸੰਬੰਧੀ ਚਾਰ ਮਤੇ ਪਾਸ ਕੀਤੇ ਗਏ। ਤੀਜਾ ਮਤਾ ਇਸ ਪ੍ਰਕਾਰ ਸੀ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰਤਮਾਨ ਆਮ ਇਜਲਾਸ ਕਮੇਟੀ ਵੱਲੋਂ ਦੱਖਣ ਅਤੇ ਯੂ.ਪੀ. ਵਿਚ ਪ੍ਰਚਾਰ ਕਰਨ ਲਈ ਹੁਣ ਤਕ ਕੀਤੇ ਕੰਮ ਸੰਬੰਧੀ ਆਪਣੀ ਸੰਤੁਸ਼ਟੀ ਜ਼ਾਹਿਰ ਕੀਤੀ ਅਤੇ ਇਸ ਨੂੰ ਨਿਰਦੇਸ਼ ਦਿੱਤਾ ਕਿ ਜਿੰਨੀ ਛੇਤੀ ਹੋ ਸਕੇ , ਹਰ ਪ੍ਰਕਾਰ ਦੇ ਵਿਚਾਰਾਂ ਵਾਲੇ ਪੰਥਕ ਵਿਅਕਤੀਆਂ ਨਾਲ ਸਲਾਹ ਕਰਕੇ ਧਰਮ ਪ੍ਰਚਾਰ ਕੇਂਦਰ ਦੀ ਸਥਾਪਨਾ ਕੀਤੀ ਜਾਵੇ, ਅਤੇ ਆਉਂਦੀ ਵਸਾਖੀ ਵਾਲੇ ਦਿਨ ਵੱਡੀ ਧਰਮ ਪ੍ਰਚਾਰ ਕਾਨਫ਼ਰੰਸ ਕਰਕੇ ਇਹ ਯਕੀਨ ਦਿਵਾਇਆ ਜਾਵੇ ਕਿ ਅੱਗੇ ਤੋਂ ਇਸ ਕੰਮ ਤੇ ਹੋਰ ਬੱਲ ਦਿੱਤਾ ਜਾਵੇਗਾ ਅਤੇ ਬੇਹਤਰ ਢੰਗ ਨਾਲ ਇਸ ਦਾ ਪ੍ਰਬੰਧ ਕੀਤਾ ਜਾਵੇਗਾ।
ਇਸ ਦੇ ਸਿੱਟੇ ਵਜੋਂ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 11,12 ਅਤੇ 13 ਅਪ੍ਰੈਲ 1936 ਨੂੰ ਅੰਮ੍ਰਿਤਸਰ ਵਿਖੇ ਸਰਬ ਹਿੰਦ ਸ਼੍ਰੋਮਣੀ ਸਿੱਖ ਪ੍ਰਚਾਰ ਕਾਨਫ਼ਰੰਸ ਬੁਲਾਈ। ਇਸ ਕਾਨਫ਼ਰੰਸ ਦੀ ਪ੍ਰਧਾਨਗੀ ਦਿੱਲੀ ਦੇ ਰਾਇ ਬਹਾਦੁਰ ਵਸਾਖਾ ਸਿੰਘ ਨੇ ਕੀਤੀ। ਇਸ ਕਾਨਫ਼ਰੰਸ ਦੀ ਸਵਾਗਤ ਕਮੇਟੀ ਦੇ ਪ੍ਰਧਾਨ ਅੰਮ੍ਰਿਤਸਰ ਦੇ ਰਿਟਾਇਰਡ ਸੈਸ਼ਨ ਜੱਜ ਸਰਦਾਰ ਹੁਕਮ ਸਿੰਘ ਸਨ। ਇਸ ਕਾਨਫ਼ਰੰਸ ਵਿਚ ਮਾਸਟਰ ਤਾਰਾ ਸਿੰਘ , ਜਥੇਦਾਰ ਊਧਮ ਸਿੰਘ ਨਾਗੋਕੇ , ਸਰਦਾਰ ਸੁੰਦਰ ਸਿੰਘ ਮਜੀਠੀਆ, ਸਰ ਜੋਗਿੰਦਰ ਸਿੰਘ, ਬਾਬਾ ਪ੍ਰਤਾਪ ਸਿੰਘ ਨਾਮਧਾਰੀ, ਡਾ. ਅੰਬੇਦਕਰ ਆਪ ਅਤੇ ਸਰਬ ਹਿੰਦ ਦਲਿਤ ਜਾਤੀ ਲੀਗ, ਬੰਗਾਲ ਦੇ ਪ੍ਰਧਾਨ ਅਤੇ ਸਕੱਤਰ ਵੀ ਸ਼ਾਮਲ ਸਨ। ਕਈ ਉੱਘੇ ਹਿੰਦੂ ਆਗੂਆਂ ਨੇ ਆਪਣੀਆਂ ਸ਼ੁਭ ਇੱਛਾਵਾਂ ਦੇ ਸੰਦੇਸ਼ ਭੇਜੇ ਸਨ। ਨਾਸਿਕ ਵਿਖੇ ਪੰਚਵਟੀ ਵਿਚ ਕਰੀਰ ਪੀਠ ਦੇ ਜਗਤਗੁਰੂ ਸ਼ੰਕਰਾਚਾਰਯ ਨੇ ਇਸ ਕਾਨਫ਼ਰੰਸ ਨੂੰ ਆਪਣਾ ਅਸ਼ੀਰਵਾਦ ਦਿੱਤਾ। ਇਸ ਮੌਕੇ ਤੇ ਅੰਮ੍ਰਿਤ ਛਕਣ ਵਾਲੇ 94 ਵਿਅਕਤੀਆਂ ਵਿਚੋਂ ਘੱਟ ਤੋਂ ਘੱਟ 43 ਗੈਰ ਸਿੱਖ ਪੰਜਾਬ ਤੋਂ ਬਾਹਰਲੇ ਇਲਾਕਿਆਂ ਦੇ ਸਨ। ਇਸ ਮੌਕੇ ਤੇ ਹੀ ਕਈ ਲੱਖਾਂ ਰੁਪਏ ਦਾ ਦਾਨ ਇਕੱਠਾ ਹੋ ਗਿਆ ਜਾਂ ਕਈ ਦਾਨੀ ਵਿਅਕਤੀਆਂ, ਸਿੰਘ ਸਭਾਵਾਂ ਅਤੇ ਹੋਰ ਸੰਸਥਾਵਾਂ ਨੇ ਦਾਨ ਦੇਣ ਦਾ ਵਾਹਦਾ ਕੀਤਾ ਸੀ। ਮੁੱਖ ਦਾਨੀਆਂ ਵਿਚੋਂ ਸ੍ਰੀ ਦਰਬਾਰ ਸਾਹਿਬ ਕਮੇਟੀ, ਅੰਮ੍ਰਿਤਸਰ ਅਤੇ ਨਨਕਾਣਾ ਸਾਹਿਬ ਕਮੇਟੀ (ਹਰੇਕ 1,00,000 ਰੁਪਏ) ਅਤੇ ਸ੍ਰੀ ਅਕਾਲ ਤਖ਼ਤ , ਗੁਰਦੁਆਰਾ ਕਮੇਟੀ ਤਰਨ ਤਾਰਨ ਅਤੇ ਪਟਿਆਲਾ ਦੇ ਮਹਾਰਾਜਾ ਭੂਪਿੰਦਰ ਸਿੰਘ (25,000 ਰੁਪਏ)ਸਨ। ਕਾਨਫ਼ਰੰਸ ਨੇ ਇਕ ਸਥਾਈ ਸਭਾ ਨੂੰ ਸਥਾਪਿਤ ਕਰਨ ਦਾ ਮਤਾ ਪਾਸ ਕੀਤਾ ਜਿਸਦਾ ਨਾਂ ਸਰਬ ਹਿੰਦ ਸਿੱਖ ਮਿਸ਼ਨ ਰੱਖਿਆ ਗਿਆ ਅਤੇ ਇਸ ਦਾ ਮੁੱਖ ਦਫ਼ਤਰ ਅੰਮ੍ਰਿਤਸਰ ਵਿਖੇ ਬਣਾਇਆ ਗਿਆ। ਇਸ ਮਿਸ਼ਨ ਦੇ ਮੁੱਖ ਉਦੇਸ਼ ਭਾਰਤ ਵਿਚ ਹਰ ਵਰਗ ਅਤੇ ਜਾਤੀ ਦੇ ਲੋਕਾਂ ਵਿਚ ਗੁਰੂਆਂ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਅਤੇ ਦਲਿਤ ਜਾਤਾਂ ਤੋਂ ਧਰਮ ਬਦਲ ਕੇ ਆਏ ਲੋਕਾਂ ਦੇ ਆਰਥਿਕ ਅਤੇ ਸਮਾਜਿਕ ਹਾਲਾਤਾਂ ਨੂੰ ਸੁਧਾਰਨ ਲਈ ਕੰਮ ਕਰਨਾ ਸੀ। ਸਿੱਖ ਪ੍ਰਚਾਰਕਾਂ ਨੂੰ ਦੂਰ ਦੂਰ ਥਾਂਵਾਂ ਜਿਵੇਂ ਮਾਲਾਬਾਰ, ਟਰਾਵਨਕੋਰ-ਕੋਚੀਨ ਭੇਜਿਆ ਗਿਆ ਸੀ। ਧਰਮ ਪ੍ਰਚਾਰ ਕੇਂਦਰ ਹਾਪੁੜ ਅਤੇ ਅਲੀਗੜ੍ਹ (ਉੱਤਰ ਪ੍ਰਦੇਸ਼), ਬੁਰਹਾਨਪੁਰ (ਮੱਧ ਪ੍ਰਦੇਸ਼), ਨਾਗਪੁਰ (ਮਹਾਰਾਸ਼ਟਰ) ਅਤੇ ਏਰਨਾਕੁਲਮ ਅਤੇ ਰਾਨੀ (ਕੇਰਲ) ਵਿਚ ਸਥਾਪਿਤ ਕੀਤੇ ਗਏ ਸਨ। ਭਾਵੇਂ, ਅਖੀਰ ਵਿਚ ਡਾ. ਅੰਬੇਦਕਰ ਅਤੇ ਉਹਨਾਂ ਦੇ ਪੈਰੋਕਾਰਾਂ ਨੇ ਸਿੱਖ ਧਰਮ ਨਾ ਅਪਣਾਉਣ ਦਾ ਫ਼ੈਸਲਾ ਕਰ ਲਿਆ ਸੀ ਪਰ ਧਰਮ ਪ੍ਰਚਾਰ ਕੇਂਦਰ, ਵਿਸ਼ੇਸ਼ ਕਰਕੇ, ਜਿਹੜੇ ਹਾਪੁੜ, ਅਲੀਗੜ੍ਹ, ਅਕੋਲਾ ਅਤੇ ਨਾਗਪੁਰ ਵਿਖੇ ਖੋਲੇ ਗਏ ਸਨ ਉਹ ਲਗਾਤਾਰ ਆਪਣੇ ਖੇਤਰ ਵਿਚ ਲਾਹੇਵੰਦ ਕੰਮ ਕਰਦੇ ਰਹੇ ਸਨ। ਇਸ ਮਿਸ਼ਨ ਦੀ ਮਹੱਤਵਪੂਰਨ ਪ੍ਰਾਪਤੀ 1937 ਵਿਚ ਬੰਬਈ ਵਿਚ ਖ਼ਾਲਸਾ ਕਾਲਜ ਦੀ ਸਥਾਪਨਾ ਕਰਨਾ ਸੀ। ਪਰ ਜਿਉਂ ਜਿਉਂ ਸਾਲ ਬੀਤਦੇ ਰਹੇ ਮਿਸ਼ਨ ਦੀ ਕਾਰਜਸ਼ੀਲਤਾ ਵੀ ਘਟਦੀ ਰਹੀ ।
ਲੇਖਕ : ਪ.ਸ.ਗ. ਅਤੇ ਅਨੁ. ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1210, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First