ਸਰੋਵਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰੋਵਰ (ਨਾਂ,ਪੁ) ਪਵਿੱਤਰ ਤਲਾਅ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12275, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਰੋਵਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰੋਵਰ [ਨਾਂਪੁ] ਪਵਿੱਤਰ ਤਲਾਬ, ਤਾਲ; ਸਮੁੰਦਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12261, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਰੋਵਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰੋਵਰ. ਸੰਗ੍ਯਾ—ਉੱਤਮ ਤਾਲ. “ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ.” (ਬਿਲਾ ਕਬੀਰ) ੨ ਸਮੁੰਦਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12107, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no
ਸਰੋਵਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸਰੋਵਰ: ਸੰਸਕ੍ਰਿਤ ਦੇ ਇਸ ਸ਼ਬਦ ਦਾ ਅਰਥ ਹੈ — ਤਾਲਾਬ, ਤਾਲ , ਸਰ। ਮਨੁੱਖ ਜੀਵਨ ਵਿਚ ਜਲਾਸ਼ਯ ਦਾ ਮਹੱਤਵ ਸ਼ੁਰੂ ਤੋਂ ਹੀ ਚਲਦਾ ਆ ਰਿਹਾ ਹੈ। ਇਸੇ ਦ੍ਰਿਸ਼ਟੀ ਤੋਂ ਕਈ ਦਰਿਆਵਾਂ ਦੀ ਮਹੱਤਵ-ਸਥਾਪਨਾ ਹੋਈ ਹੈ। ਕਈ ਝੀਲਾਂ, ਤਾਲਾਬਾਂ ਨਾਲ ਵੀ ਅਧਿਆਤਮਿਕ ਮਾਨਤਾਵਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਦਰਿਆਵਾਂ ਜਾਂ ਝੀਲਾਂ ਜਾਂ ਤਾਲਾਬਾਂ ਵਿਚ ਇਸ਼ਨਾਨ ਕਰਨ ਦੇ ਅਨੇਕ ਮਹਾਤਮ ਪੁਰਾਣ ਸਾਹਿਤ ਵਿਚ ਲਿਖੇ ਮਿਲ ਜਾਂਦੇ ਹਨ। ਇਨ੍ਹਾਂ ਵਿਚ ਕੀਤਾ ਇਸ਼ਨਾਨ ਭਵ-ਸਾਗਰ ਤੋਂ ਤਰਨ ਲਈ ਉਪਯੋਗੀ ਸਮਝਿਆ ਜਾਂਦਾ ਹੈ। ਇਹੀ ਕਾਰਣ ਹੈ ਕਿ ਇਨ੍ਹਾਂ ਨਾਲ ਸੰਬੰਧਿਤ ਸਥਾਨਾਂ ਨੂੰ ‘ਤੀਰਥ ’ (ਵੇਖੋ) ਕਿਹਾ ਗਿਆ ਹੈ।
ਗੁਰਬਾਣੀ ਵਿਚ ਤੀਰਥ ਇਸ਼ਨਾਨ ਨੂੰ ਕੋਈ ਮਹੱਤਵ ਨਹੀਂ ਦਿੱਤਾ ਗਿਆ ਕਿਉਂਕਿ ਗੁਰੂ ਨਾਨਕ ਦੇਵ ਜੀ ਅਨੁਸਾਰ —ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ। (ਗੁ.ਗ੍ਰੰ.61) —ਤੀਰਥ ਨਹਾਉਣ ਦਾ ਉਦੋਂ ਤਕ ਕੋਈ ਲਾਭ ਨਹੀਂ, ਜਦੋਂ ਤਕ ਮਨ ਵਿਚੋਂ ਹੰਕਾਰ ਦੀ ਮੈਲ ਦੂਰ ਨਹੀਂ ਹੁੰਦੀ। ਸੱਚਾ ਤੀਰਥ-ਇਸ਼ਨਾਨ ਤਾਂ ਨਾਮ ਦੀ ਆਰਾਧਨਾ ਜਾਂ ਗੁਰੂ-ਸ਼ਬਦ ਦਾ ਚਿੰਤਨ ਹੈ— ਤੀਰਥਿ ਨਾਵਣ ਜਾਉ ਤੀਰਥੁ ਨਾਮ ਹੈ। ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ। (ਗੁ.ਗ੍ਰੰ.687)। ਸਹੀ ਅਰਥਾਂ ਵਿਚ ਇਸ਼ਨਾਨ ਤਾਂ ਗੁਰੂ ਦੀ ਪ੍ਰਾਪਤੀ ਹੈ ਕਿਉਂਕਿ ਗੁਰੂ ਆਪਣੇ ਸੇਵਕ ਨੂੰ ਪਸ਼ੂ ਅਤੇ ਪ੍ਰੇਤ ਤੋਂ ਦੇਵਤਾ ਬਣਾ ਸਕਦਾ ਹੈ— ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ। ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ। (ਗੁ.ਗ੍ਰੰ.1329)।
ਸਿੱਖ-ਧਰਮ ਵਿਚ ਗੁਰੂ ਦੀ ਸ਼ਰਣ ਵਿਚ ਆ ਕੇ ਸ਼ੁੱਧ ਹਿਰਦੇ ਨਾਲ ਕੀਤਾ ਇਸ਼ਨਾਨ ਪ੍ਰਵਾਨਿਤ ਹੈ। ਇਸ ਲਈ ਗੁਰੂ-ਧਾਮਾਂ ਨਾਲ ਸਰੋਵਰ ਬਣਾਉਣ ਦੀ ਲੰਬੀ ਪਰੰਪਰਾ ਹੈ। ਸਭ ਤੋਂ ਪਹਿਲਾਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਵਿਚ ਬਾਉਲੀ ਦੀ ਉਸਾਰੀ ਕਰਵਾ ਕੇ ਹਿੰਦੂ ਧਰਮ ਦੇ ਸਮਾਨਾਂਤਰ ਉਪਚਾਰਕ ਤੀਰਥ ਦੀ ਥਾਂ’ਤੇ ਵਾਸਤਵਿਕ ਤੀਰਥ ਜਾਂ ਇਸ਼ਨਾਨ-ਗ੍ਰਿਹ ਬਣਾਉਣ ਦੀ ਵਿਵਸਥਾ ਕੀਤੀ ਤਾਂ ਜੋ ਸਿੱਖ ਅਤੇ ਗੁਰੂ ਦਾ ਸੰਬੰਧ ਸੱਚੇ ਅਰਥਾਂ ਵਿਚ ਪ੍ਰਗਟ ਹੋ ਸਕੇ। ਗੁਰੂ ਰਾਮਦਾਸ ਜੀ ਨੇ ਹਰਿਮੰਦਿਰ ਸਾਹਿਬ ਦੇ ਨਾਲ ਸਰੋਵਰ ਬਣਵਾ ਕੇ ਨਾਮ-ਸਾਧਨਾ ਵਿਚ ਮਗਨ ਜਿਗਿਆਸੂਆਂ ਲਈ ਭਵਸਾਗਰ ਤਰਨ ਦੀ ਸਥਾਈ ਵਿਵਸਥਾ ਕੀਤੀ ਅਤੇ ਗੁਰੂ ਅਰਜਨ ਦੇਵ ਜੀ ਨੇ ਜਿਗਿਆਸੂ ਦੇ ਤਰਨ ਲਈ ਤਰਨਤਾਰਨ ਗੁਰੂ-ਧਾਮ ਅਤੇ ਸਰੋਵਰ ਦੀ ਵਿਵਸਥਾ ਕੀਤੀ। ਪਰਵਰਤੀ ਕਾਲ ਵਿਚ ਇਸ ਤਰ੍ਹਾਂ ਦੀ ਇਕ ਪਰੰਪਰਾ ਹੀ ਚਲ ਪਈ। ਹੁਣ ਮੁੱਖ ਮੁੱਖ ਇਤਿਹਾਸਿਕ ਗੁਰੂ-ਧਾਮਾਂ ਨਾਲ ਸਰੋਵਰ ਬਣੇ ਹੋਏ ਹਨ ਅਤੇ ਜੋ ਗੁਰੂ-ਧਾਮ ਦਰਿਆਵਾਂ ਦੇ ਕੰਢੇ ਉਤੇ ਸਥਿਤ ਹਨ, ਉਥੇ ਨਦੀਆਂ ਹੀ ਸਰੋਵਰ ਦੀ ਸਥਾਨ-ਪੂਰਤੀ ਕਰਦੀਆਂ ਹਨ।
ਸਰੋਵਰ ਦਾ ਸਿੱਖ-ਧਰਮ ਵਿਚ ਇਸ ਪੱਖੋਂ ਵੀ ਮਹੱਤਵ ਹੈ ਕਿ ਜਿਗਿਆਸੂਆਂ ਦੁਆਰਾ ਪਹਿਲਾਂ ਕਾਇਆ ਨੂੰ ਸਵੱਛ ਕਰਕੇ ਹੀ ਧਰਮ-ਧਾਮ ਵਿਚ ਪ੍ਰਵੇਸ਼ ਕਰਨਾ ਉਚਿਤ ਹੈ। ਇਸ ਮੰਤਵ ਦੀ ਪੂਰਤੀ ਲਈ ਸਰੋਵਰ ਜਨ- ਸਮੂਹ ਦੇ ਇਸ਼ਨਾਨ ਲਈ ਇਕ ਸਰਵ-ਸੁਲਭ ਸਾਧਨ ਹੈ। ਪਰ ਸ਼ਰਤ ਇਹੋ ਹੈ ਕਿ ਸ਼ੁੱਧ ਹਿਰਦੇ ਨਾਲ ਕੀਤਾ ਇਸ਼ਨਾਨ ਹੀ ਫਲੀਭੂਤ ਹੁੰਦਾ ਹੈ— ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ। (ਗੁ.ਗ੍ਰੰ.611)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12019, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਸਰੋਵਰ ਸਰੋਤ :
ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਰੋਵਰ : ਇਕ ਤਲਾਅ ਜਿਹੜਾ ਵਿਸ਼ੇਸ਼ ਤੌਰ ਤੇ ਪਵਿੱਤਰ ਥਾਵਾਂ ਜਾਂ ਪਵਿੱਤਰ ਗੁਰਦੁਆਰਿਆਂ ਨਾਲ ਹੁੰਦਾ ਹੈ ਅਤੇ ਇਸਦੀ ਵਰਤੋਂ ਇਸ਼ਨਾਨ ਕਰਨ ਅਤੇ ਧਾਰਮਿਕ ਰਸਮਾਂ ਰਿਵਾਜਾਂ ਲਈ ਕੀਤੀ ਜਾਂਦੀ ਹੈ। ਸੰਸਕ੍ਰਿਤ ਵਿਚ ਇਸਦੇ ਸਮਾਨਾਰਥੀ ਸ਼ਬਦ ਹਨ, ਸਰ , ਸਰਵਰ , ਤੜਾਗ ਅਤੇ ਵਾਪੀ। ਇਸ ਲਈ ਇਕ ਹੋਰ ਸ਼ਬਦ ਹੈ ਪੁਸ਼ਕਰ ਜਾਂ ਪੁਸ਼ਕਰਿਨੀ ਜਿਸ ਦਾ ਅਰਥ ਆਮ ਤੌਰ ਤੇ ਉਸ ਤਲਾਬ ਤੋਂ ਹੈ ਜਿਹੜ ਕਉਲ ਫੁੱਲਾਂ ਨਾਲ ਭਰਿਆ ਹੋਵੇ। ਕੰਵਲ (ਕਉਲ) ਪਵਿੱਤਰਤਾ ਦਾ ਚਿੰਨ੍ਹ ਹੈ; ਪਾਣੀ ਉਪਜਾਊ ਸ਼ਕਤੀ ਅਤੇ ਪਵਿੱਤਰਤਾ ਦਾ ਚਿੰਨ੍ਹ ਹੈ। ਸਰੋਵਰ ਦਾ ਪਹਿਲਾ ਮੁਖ ਸੰਬੰਧ ਇਸਦੇ ਪਾਣੀ ਦੀ ਪਵਿੱਤਰ ਕਰਨ ਵਾਲੀ ਸਮਰੱਥਾ ਨਾਲ ਹੈ। ਸਿੱਖ ਧਾਰਮਿਕ ਸਾਹਿਤ ਵਿਚ ਅਸੀਂ ਦੇਖਦੇ ਹਾਂ ਕਿ ਸਰਵਰ, ਸਰ, ਸਰੋਵਰ ਅਤੇ ਮਾਨਸਰ ਇਕ ਤਲਾਅ ਜਾਂ ਝੀਲ ਦੇ ਅਰਥਾਂ ਵਿਚ ਵਰਤਿਆ ਗਿਆ ਹੈ। ਸ਼ਬਦ ਸਾਗਰ ਨੂੰ ਸਮੁੰਦਰ ਦੇ ਅਰਥਾਂ ਵਿਚ ਵਰਤਿਆ ਗਿਆ ਹੈ ਜੋ ਆਵਾਗਮਨ ਦੇ ਚੱਕਰ (ਭਵ-ਸਾਗਰ, ਭਵ-ਜਲ) ਨੂੰ ਦਰਸਾਉਂਦਾ ਹੈ। ਮਾਨਸਰ ਕਰਤਾ ਇਕ ਵਚਨ ਦੇ ਰੂਪ ਵਿਚ ਮਾਨਸਰੋਵਰ ਦਾ ਛੋਟਾ ਰੂਪ ਹੈ ਜਿਹੜੀ ਕੁਦਰਤੀ ਝੀਲ ਹੈ ਅਤੇ ਜਿਥੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਹੰਸ ਰਹਿੰਦੇ ਹਨ ਅਤੇ ਜਿਹੜਾ ਹਿਮਾਲਯ ਵਿਚ ਕੈਲਾਸ਼ ਪਰਬਤ ‘ਤੇ ਸਥਿਤ ਹੈ। ਇਹ ਇਕ ਪਵਿੱਤਰ ਝੀਲ ਹੈ, ਇਕ ਤੀਰਥ ਹੈ ਅਤੇ ਹੰਸ ਇਕ ਅਜਿਹਾ ਪੰਛੀ ਹੈ ਜਿਹੜਾ ਗਿਆਨ ਅਤੇ ਪਵਿੱਤਰਤਾ ਦਾ ਸੂਚਕ ਹੈ। ਇਹ ਮਾਨਸਰੋਵਰ ਦੇ ਪਵਿੱਤਰ ਜਲ ਵਿਚ ਅਤੇ ਇਸਦੇ ਦੁਆਲੇ ਰਹਿੰਦਾ ਹੈ।
ਸਰੋਵਰ ਦੀ ਪਵਿੱਤਰਤਾ ਅਕਸਰ ਉਸ ਜਗ੍ਹਾ ਨਾਲ ਸੰਬੰਧਿਤ ਹੁੰਦੀ ਹੈ ਜਿਥੇ ਇਹ ਸਥਿਤ ਹੁੰਦਾ ਹੈ। ਇਹ ਇਕ ਇਸ਼ਨਾਨ ਕਰਨ ਦੀ ਜਗ੍ਹਾ ਹੈ ਜਿਥੇ ਇਸ਼ਨਾਨ ਕਰਨ ਦੀ ਧਾਰਮਿਕ ਮਹੱਤਤਾ ਹੁੰਦੀ ਹੈ। ਸਰੋਵਰ ਦਾ ਭਾਵ ਹੈ ਕਿ ਇਥੇ ਪਾਣੀ ਭਾਰੀ ਮਾਤਰਾ ਵਿਚ ਹੁੰਦਾ ਹੈ ਜਿਸਦਾ ਜ਼ਿਕਰ ਰਿਗ-ਵੇਦ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤਕ ਭਾਰਤ ਦੇ ਧਾਰਮਿਕ ਇਤਿਹਾਸ ਵਿਚ ਮਿਲਦਾ ਹੈ। ਭਾਵੇਂ ਕਿ ਸ਼ਬਦ ਸਰੋਵਰ ਦਾ ਆਮ ਤੌਰ ਤੇ ਪਵਿੱਤਰ ਤਲਾਅ ਤੋਂ ਭਾਵ ਹੈ ਜਿਹੜਾ ਕਿ ਕਿਸੇ ਪਵਿੱਤਰ ਥਾਂ ਤੇ ਸਥਿਤ ਹੈ ਜਿਥੇ ਇਸ਼ਨਾਨ ਅਤੇ ਦੀਕਸ਼ਾ ਦਿੱਤੀ ਜਾਂਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਵਿਚ ਇਸ ਨੂੰ ਪ੍ਰਤੀਕਾਤਮਿਕ ਅਰਥਾਂ ਵਿਚ ਵੀ ਵਰਤਿਆ ਗਿਆ ਹੈ ਜਿਸਦਾ ਅਰਥ ਗੁਰੂ ਜਾਂ ਸਾਧ ਸੰਗਤ ਹੈ। ਉਦਾਹਰਨ ਦੇ ਤੌਰ ਤੇ ਪੰਗਤੀਆਂ ਇਸ ਪ੍ਰਕਾਰ ਹਨ: ‘ਗੁਰੁ ਸਰਵਰੁ ਹਮ ਹੰਸ ਪਿਆਰੇ`(ਗੁ.ਗ੍ਰੰ. 1027), ‘ਗੁਰੁ ਸਰਵਰੁ ਮਾਨਸਰੋਵਰੁ ਹੈ ਵਡਭਾਗੀ ਪੁਰਖ ਲਹੰਨਿ`(ਗੁ.ਗ੍ਰੰ. 757), ‘ਅਠਸਠਿ ਤੀਰਥ ਮਜਨੁ ਕੀਆ ਸਤਸੰਗਤਿ ਪਗ ਨਾਏ ਧੂਰਿ (ਗੁ.ਗ੍ਰੰ. 1198)।
ਪੂਰਵ ਇਤਿਹਾਸਿਕ ਮੋਹਿੰਜੋ-ਦਰੋ ਸ਼ਹਿਰ ਵਿਚ ਜਿਹੜਾ ਕਿ ਅੱਜ-ਕਲ੍ਹ ਪਾਕਿਸਤਾਨ ਵਿਚ ਹੈ 2500 ਈ.ਪੂ. ਦੇ ਲਾਗੇਚਾਗੇ ਇਕ ਗ੍ਰੇਟ ਬਾਥ(ਵੱਡਾ ਇਸ਼ਨਾਨ-ਘਰ) 39`×23`×8` ਆਕਾਰ ਦਾ ਬਣਾਇਆ ਗਿਆ ਸੀ ਜਿਹੜਾ ਕਿ ਜਾਪਦਾ ਹੈ ਕਿ ਸ਼ਾਇਦ ਇਹ ਮਨੁੱਖੀ ਸਭਿਅਤਾ ਵਿਚ ਸਭ ਤੋਂ ਪੁਰਾਣਾ ਤਲਾਅ ਹੈ। ਉਸ ਸਮੇਂ ਤੋਂ ਲੈ ਕੇ ਤੀਰਥ ਸਥਾਨਾਂ ਤੇ ਅਤੇ ਪਵਿੱਤਰ ਜਗ੍ਹਾਵਾਂ ਤੇ ਤਲਾਅ ਪੁੱਟਣ ਦੀ ਪਰੰਪਰਾ ਚਲੀ ਆ ਰਹੀ ਹੈ ਅਤੇ ਇਸ ਨਾਲ ਸੰਬੰਧਿਤ ਇਸ ਤਰ੍ਹਾਂ ਦਾ ਵਿਸ਼ਵਾਸ ਜੁੜਿਆ ਹੋਇਆ ਹੈ ਕਿ ਖਾਸ ਸ਼ੁਭ ਮੌਕਿਆਂ ਤੇ ਸਰੋਵਰ ਵਿਚ ਇਸ਼ਨਾਨ ਕਰਨ ਨਾਲ ਮਨੁੱਖ ਦੇ ਪਾਪ ਧੋਤੇ ਜਾਂਦੇ ਹਨ। ਪਰੰਪਰਾ ਦੇ ਤੌਰ ਤੇ ਭਾਰਤ ਵਿਚ 68 ਤੀਰਥ ਹਨ ਇਹਨਾਂ ਵਿਚੋਂ ਕੁਝ ਕੁ ਤਾਂ ਦਰਿਆਵਾਂ ਦੇ ਕੰਢਿਆਂ ‘ਤੇ ਬਣੇ ਹੋਏ ਹਨ, ਕੁਝ ਸਮੁੰਦਰ ਲਾਗੇ ਅਤੇ ਕਈ ਸਾਰੇ ਦੇਸ਼ ਦੇ ਅੰਦਰਲੇ ਭਾਗ ਵਿਚ ਤਲਾਵਾਂ ਦੇ ਰੂਪ ਵਿਚ ਬਣੇ ਹੋਏ ਹਨ। ਮੰਦਰ ਦੇ ਨਾਲ ਲਗਵਾਂ ਤਲਾਅ ਬਣਾਉਣਾ ਸਾਰੇ ਭਾਰਤ ਵਿਚ ਆਮ ਜਿਹੀ ਗੱਲ ਹੈ। ਸਿੱਖਾਂ ਦੇ ਕਈ ਪਵਿੱਤਰ ਸਰੋਵਰ ਜਾਂ ਤਲਾਅ ਹਨ ਜਿਨ੍ਹਾਂ ਵਿਚੋਂ ਬਹੁਤੇ ਸਾਰੇ ਪੰਜਾਬ ਵਿਚ ਹੀ ਬਣੇ ਹੋਏ ਹਨ। ਸਿੱਖਾਂ ਲਈ ਪਹਿਲਾ ਪਵਿੱਤਰ ਤੀਰਥ ਅਸਥਾਨ 84 ਪਉੜੀਆਂ ਵਾਲੀ ਬਾਉਲੀ ਸੀ ਜਿਸ ਨੂੰ ਤੀਸਰੇ ਗੁਰੂ, ਗੁਰੂ ਅਮਰਦਾਸ (1479-1574) ਜੀ ਨੇ ਗੋਇੰਦਵਾਲ ਵਿਖੇ ਖੁਦਵਾਇਆ ਸੀ; ਜਿਥੇ ਸਿੱਖ ਹਰ ਸਾਲ ਵਸਾਖੀ ਦੇ ਦਿਨ ਇਕੱਠੇ ਹੁੰਦੇ ਸਨ। ਇਥੇ ਇਸ਼ਨਾਨ ਕਰਨ ਦਾ ਭਾਵ ਸਮਝਿਆ ਜਾਂਦਾ ਹੈ ਕਿ ਇਸ ਨਾਲ ਆਵਾਗਮਨ ਕੱਟਿਆ ਜਾਂਦਾ ਹੈ। ਹੋਰ ਵੀ ਕਈ ਸਰੋਵਰ ਹਨ ਜਿਹੜੇ ਸਿੱਖ ਗੁਰੂਆਂ ਦੀ ਯਾਦ ਵਿਚ ਬਣੇ ਹੋਏ ਹਨ ਜਿਨ੍ਹਾਂ ਵਿਚੋਂ ਇਕ ਅੰਮ੍ਰਿਤਸਰ ਵਿਚ ਹੈ ਜਿਸ ਨੂੰ ਸਿੱਖ ਤੀਰਥਾਂ ਵਿਚ ਸਭ ਤੋਂ ਵੱਧ ਪਵਿੱਤਰ ਮੰਨਿਆ ਜਾਂਦਾ ਹੈ। ਅੰਮ੍ਰਿਤਸਰ ਵਾਲੇ ਸਰੋਵਰ ਦੀ ਖੁਦਾਈ ਗੁਰੂ ਰਾਮਦਾਸ ਜੀ (1534-1581) ਨੇ ਕਰਵਾਈ ਸੀ। ਇਸ ਸ਼ਹਿਰ ਦਾ ਨਾਂ ਵੀ ਸਰੋਵਰ ਦੇ ਨਾਂ ਤੋਂ ਲਿਆ ਗਿਆ ਹੈ ਕਿਉਂਕਿ ਸ਼ਬਦ ਸਰੋਵਰ ਸੀ ਅੰਮ੍ਰਿਤ+ਸਰ ਭਾਵ ਕਿ ਅੰਮ੍ਰਿਤ ਦਾ ਸਰੋਵਰ। ਇਸੇ ਤਰਾਂ ਇਸਦੇ ਵਿਚਕਾਰ ਬਣੇ ਹੋਏ ਹਰਿਮੰਦਰ ਨੂੰ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ (1563-1606) ਨੇ ਬਣਵਾਇਆ ਸੀ।
ਪਵਿੱਤਰ ਸਰੋਵਰ ਅਤੇ ਇਸ਼ਨਾਨ ਦੀ ਪਵਿੱਤਰਤਾ ਸਿੱਖ ਪਰੰਪਰਾ ਵਿਚ ਏਨੀ ਮਹੱਤਵਪੂਰਨ ਹੈ ਕਿ ਸਵੇਰ ਅਤੇ ਸ਼ਾਮ ਦੀ ਅਰਦਾਸ ਵਿਚ ਅਸ਼ੀਰਵਾਦ ਮੰਗੀ ਜਾਂਦੀ ਹੈ ਅਤੇ ਵਿਸ਼ਵਾਸ ਭਰਪੂਰ ਸੇਵਕਾਂ ਨੂੰ ਸ੍ਰੀ ਅੰਮ੍ਰਿਤਸਰ ਜੀਓ ਕੇ ਦਰਸ਼ਨ ਇਸ਼ਨਾਨ ਦਾ ਆਦੇਸ਼ ਦਿੱਤਾ ਜਾਂਦਾ ਹੈ। ਭਾਈ ਗੁਰਦਾਸ ਆਪਣੀਆਂ ਵਾਰਾਂ ਵਿਚ ਸਿੱਖ ਧਰਮ ਲਈ ਤਿੰਨ ਕੀਮਤੀ ਵਸਤਾਂ ਦਾ ਜਿਕਰ ਕਰਦੇ ਹੋਏ ਪਵਿੱਤਰ ਇਸ਼ਨਾਨ ਨੂੰ ਵੀ ਸ਼ਾਮਲ ਕਰਦੇ ਹਨ: ਨਾਮ , ਦਾਨ ਅਤੇ ਇਸ਼ਨਾਨ।
ਨਿਰਸੰਦੇਹ ਸਰੋਵਰ ਸਿੱਖ ਧਾਰਮਿਕ ਵਿਰਸੇ ਦੇ ਅੰਗ ਹਨ ਅਤੇ ਇਹਨਾਂ ਵਿਚ ਇਸ਼ਨਾਨ ਕਰਨਾ ਇਕ ਧਾਰਮਿਕ ਕੰਮ ਸਮਝਿਆ ਜਾਂਦਾ ਹੈ ਪਰੰਤੂ ਸਿੱਖ ਧਰਮ ਵਿਚ ਅਸਲੀ ਸਰੋਵਰ ਗੁਰੂ ਦਾ ਸ਼ਬਦ ਹੈ ਜਿਹੜਾ ਇਕੱਲਾ ਹੀ ਮਨੁੱਖ ਦੇ ਪਾਪਾਂ ਨੂੰ ਧੋਣ ਦੀ ਸਮਰੱਥਾ ਰੱਖਦਾ ਹੈ (ਗੁ.ਗ੍ਰੰ.1175)। ਸਿੱਖ ਗ੍ਰੰਥ ਗੁਰੂ ਗ੍ਰੰਥ ਸਾਹਿਬ ਵਿਚ ਕਈ ਥਾਵਾਂ ਤੇ ਗੁਰੂ ਅਤੇ ਸਿੱਖ ਦੀ ਸਰੋਵਰ ਅਤੇ ਹੰਸ ਨਾਲ ਤੁਲਨਾ ਕੀਤੀ ਗਈ ਹੈ। ਹੰਸ ਦਾ ਹੀਰੇ ਮੋਤੀਆਂ ਦੀ ਭਾਲ ਵੱਲ ਇਸ਼ਾਰਾ ਕੀਤਾ ਗਿਆ ਹੈ; ਹੀਰੇ ਮੋਤੀ ਰਾਹੀਂ ਪਰਮਾਤਮਾ ਵੱਲ ਸੰਕੇਤ ਕੀਤਾ ਗਿਆ ਹੈ। ਸਰੋਵਰ ਜਵਾਹਰਾਂ ਨਾਲ ਭਰਿਆ ਹੋਇਆ ਹੈ ਪਰੰਤੂ ਇਥੇ ਉਹੀ ਪਹੁੰਚਦਾ ਹੈ ਜਿਸ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ (ਗੁ.ਗ੍ਰੰ. 685)। ਸਾਧਕ ਹਮੇਸ਼ਾ ਆਪਣੀ ਆਤਮਿਕ ਪਿਆਸ ਬੁ੍ਝਾਉਣ ਲਈ ਗੁਰੂ ਦੇ ਸਰੋਵਰ ਤੇ ਆਉਂਦਾ ਹੈ। ਸਾਧਕ ਗੁਰੂ ਨੂੰ ਦੇਖ ਕੇ ਅਨੰਦਿਤ ਹੁੰਦਾ ਹੈ ਜਿਵੇਂ ਸੂਰਜ ਕਿਰਨ ਲੱਗਣ ਨਾਲ ਤਲਾਅ ਵਿਚ ਕੰਵਲ ਫੁੱਲ ਖਿੜ ਉਠਦਾ ਹੈ। ਗੁਰੂ ਦੇ ਸਰੋਵਰ ਦੇ ਲਾਗੇ ਹੀ ਸੱਚ ਦਾ ਬੰਨ੍ਹ ਬਣਿਆ ਹੋਇਆ ਹੈ ਅਤੇ ਜਿਹੜੇ ਸੱਚੇ ਹਨ ਅਤੇ ਹਉਮੈ ਤੋਂ ਮੁਕਤ ਹਨ ਇਸ ਤਲਾਅ ਨੂੰ ਲੱਭ ਲੈਂਦੇ ਹਨ ਅਤੇ ਇਸ ਵਿਚ ਇਸ਼ਨਾਨ ਕਰਕੇ ਸਾਰੇ ਪਾਪ ਦੇ ਦਾਗਾਂ ਤੋਂ ਮੁਕਤ ਹੋ ਜਾਂਦੇ ਹਨ। ਇਹ ਤਾਂ ਕਾਗ ਹਨ ਭਾਵ ਮਨਮੁਖ ਹਨ ਜੋ ਇਸ ਪਵਿੱਤਰ ਸਰੋਵਰ ‘ਤੇ ਪਹੁੰਚ ਨਹੀਂ ਸਕਦੇ।
ਲੇਖਕ : ਲ.ਮ.ਜ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12017, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਸਰੋਵਰ ਸਰੋਤ :
ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ
ਸਰੋਵਰ : ਕੋਈ ਵੀ ਅਜਿਹਾ ਪਵਿੱਤਰ ਤਲਾਅ ਜਿਸ ਨਾਲ ਕੋਈ ਧਾਰਮਕ-ਭਾਵਨਾ ਤੇ ਸ਼ਰਧਾ ਜੁੜੀ ਹੋਵੇ, ਸਰੋਵਰ ਅਖਵਾਉਂਦਾ ਹੈ। ਹਿੰਦੂ ਸੰਸਕ੍ਰਿਤੀ ਵਿਚ ਜਲ-ਦੇਵਤਾ ਨੂੰ ਸਭ ਦੇਵਤਿਆਂ ਤੋਂ ਉੱਤਮ ਦਰਜਾ ਦਿੱਤਾ ਜਾਂਦਾ ਹੈ। ਇਸ਼ਨਾਨ ਦਾ ਇਸੇ ਲਈ ਬਹੁਤ ਮਹੱਤਵ ਹੈ। ਹਿੰਦੂਆਂ ਦੇ ਬਹੁਤੇ ਤੀਰਥ ਦਰਿਆਵਾਂ ਤੇ ਕੰਢੇ ਤੇ ਬਣੇ ਹੋਏ ਹਨ ਪਰ ਜਿਨ੍ਹਾਂ ਤੀਰਥਾਂ ਨੇੜੇ ਦਰਿਆ ਨਹੀਂ ਹਨ, ਉਥੇ ਤਾਲ ਜਾਂ ਤਲਾਅ ਬਣੇ ਹਨ। ਕਈ ਸਰੋਵਰ ਬਹੁਤ ਪਵਿੱਤਰ ਮੰਨੇ ਜਾਂਦੇ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਥਾਨੇਸ਼ਵਰ ਵਿਖੇ ਜੋ ਤਾਲ ਹੈ, ਉਥੇ ਗ੍ਰਹਿਣ ਸਮੇਂ ਭਾਰਤ ਦੀਆਂ ਸਾਰੀਆਂ ਪਵਿੱਤਰ ਨਦੀਆਂ ਯਾਤਰਾ ਕਰਨ ਪਹੁੰਚਦੀਆਂ ਹਨ। ਇਸ ਸਮੇਂ ਜੋ ਕੋਈ ਵੀ ਉਥੇ ਇਸ਼ਨਾਨ ਕਰਦਾ ਹੈ ਉਹ ਅਠਾਹਠ ਤੀਰਥਾਂ ਦਾ ਮਹਾਤਮ ਪ੍ਰਾਪਤ ਕਰ ਲੈਂਦਾ ਹੈ। ਕਟਾਸ, ਪੁਸ਼ਕਰ ਅਤੇ ਮਾਨ ਸਰੋਵਰ ਹਿੰਦੂਆਂ ਦੇ ਤਿੰਨ ਪ੍ਰਸਿੱਧ ਸਰੋਵਰ ਹਨ। ਕਟਾਸ ਨੂੰ ਧਰਤੀ ਦੀ ਤੀਜੀ ਅੱਖ ਮੰਨਿਆ ਜਾਂਦਾ ਹੈ। ਇਕ ਪੁਰਾਣਿਕ ਕਥਾ ਅਨੁਸਾਰ ਜਦੋਂ ਸ਼ਿਵ ਜੀ ਸਤੀ ਦੀ ਮੌਤ ਤੇ ਰੋਏ ਸਨ ਤਾਂ ਉਨ੍ਹਾਂ ਦੇ ਹੁੰਝੂਆਂ ਤੋਂ ਇਹ ਸਰੋਵਰ ਬਣਿਆ ਸੀ। ਪੁਸ਼ਕਰ ਸਰੋਵਰ ਦੇ ਕੰਢੇ ਬ੍ਰਹਮਾ ਨੇ ਯੱਗ ਕੀਤਾ ਅਤੇ ਮਾਨਸਰੋਵਰ ਬ੍ਰਹਮਾ ਜੀ ਨੇ ਬਣਵਾਇਆ ਸੀ।
ਸਿੱਖ ਧਰਮ ਵਿਚ ਵੀ ਸਰੋਵਰ ਦਾ ਬਹੁਤ ਮਹਾਤਮ ਗਿਣਿਆ ਜਾਂਦਾ ਹੈ। ਲਗਭਗ ਸਾਰੇ ਗੁਰਦੁਆਰਿਆਂ ਦੇ ਨਾਲ ਸਰੋਵਰ ਬਣੇ ਹੋਏ ਹਨ ਜਿਥੇ ਸ਼ਰਧਾਲੂ ਇਸ਼ਨਾਨ ਕਰਦੇ ਹਨ। ਹਰ ਗੁਰਦੁਆਰੇ ਦੇ ਸਰੋਵਰ ਨਾਲ ਵੱਖਰੀ ਧਾਰਨਾ ਜੁੜੀ ਹੋਈ ਹੈ। ਅੰਮ੍ਰਿਤਸਰ ਦਾ ਸਰੋਵਰ ਸਭ ਤੋਂ ਪਵਿੱਤਰ ਗਿਣਿਆ ਜਾਂਦਾ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਥੇ ਇਸ਼ਨਾਨ ਕਰਨ ਨਾਲ ਕਾਂ ਹੰਸ ਬਣ ਜਾਂਦੇ ਹਨ ਅਤੇ ਕੋਹੜੀ ਅਰੋਗ ਹੋ ਜਾਂਦੇ ਹਨ। ਗੁਰਬਾਣੀ ਵਿਚ ਇਸ ਤਰ੍ਹਾਂ ਲਿਖਿਆ ਹੈ- “ਰਾਮਦਾਸ ਸਰੋਵਰਿ ਨਾਤੇ॥ ਸਭ ਉਤਰੇ ਪਾਪ ਕਮਾਤੇ॥” ਸਭ ਤੋਂ ਵੱਡਾ ਸਰੋਵਰ ਤਰਨ ਤਾਰਨ ਗੁਰਦੁਆਰੇ ਦੇ ਨਾਲ ਬਣਿਆ ਹੈ ਜਿਸ ਨੂੰ ਗੁਰੂ ਅਰਜਨ ਦੇਵ ਜੀ ਨੇ 1647 ਈ. ਵਿਚ ਬਣਵਾਇਆ ਸੀ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 9051, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-12-02-05, ਹਵਾਲੇ/ਟਿੱਪਣੀਆਂ: ਹ. ਪੁ.–ਮ. ਕੋ.; ਪੰ. ਲੋ. ਵਿ. ਕੋ. -2
ਸਰੋਵਰ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਰੋਵਰ, ਪੁਲਿੰਗ : ਤਲਾਉ, ਛੰਭ, ਸਮੁੰਦਰ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 4359, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-06-09-02-30-29, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First