ਸਾਲਸ ਰਾਇ ਜੌਹਰੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸਾਲਸ ਰਾਇ ਜੌਹਰੀ: ਪੱਛਮੀ ਬੰਗਾਲ ਦੇ ਬਾਂਕੁਰਾ ਜ਼ਿਲ੍ਹੇ ਦੇ ਬਿਸੰਭਰਪੁਰ (ਵਰਤਮਾਨ ਨਾਂ ਬਿਸ਼ਨੂਪੁਰ) ਨਗਰ ਦਾ ਇਕ ਜੌਹਰੀ (ਸਰਾਫ਼), ਜੋ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣਿਆ। ‘ਬਾਲਾ ਜਨਮਸਾਖੀ’ ਅਨੁਸਾਰ ਜਦੋਂ ਗੁਰੂ ਜੀ ਮਰਦਾਨੇ ਸਹਿਤ ਉਸ ਨਗਰ ਪਾਸ ਪਹੁੰਚੇ ਤਾਂ ਮਰਦਾਨੇ ਨੂੰ ਭੁਖ ਨੇ ਆਣ ਸਤਾਇਆ। ਗੁਰੂ ਜੀ ਨੇ ਜੰਗਲ ਵਿਚੋਂ ਚੁਕਿਆ ਇਕ ਨਿੱਕਾ ਜਿਹਾ ਪੱਥਰ ਮਰਦਾਨੇ ਨੂੰ ਦਿੰਦਿਆਂ ਕਿਹਾ ਕਿ ਇਸ ਨੂੰ ਲੈ ਕੇ ਨਗਰ ਵਿਚ ਜਾ ਅਤੇ ਵੇਚ ਕੇ ਜੋ ਚੰਗਾ ਲਗੇ , ਖ਼ਰੀਦ ਲਈਂ। ਉਹ ਦੁਕਾਨ ਦੁਕਾਨ ਫਿਰਿਆ, ਪਰ ਸਭ ਨੇ ਉਸ ਪੱਥਰ ਨੂੰ ਵਿਅਰਥ ਕਹਿ ਕੇ ਲੈਣੋਂ ਨਾਂਹ ਕਰ ਦਿੱਤੀ। ਅੰਤ ਵਿਚ ਉਹ ਸਾਲਸ ਰਾਇ ਜੌਹਰੀ ਦੀ ਦੁਕਾਨ ਉਤੇ ਗਿਆ। ਜੌਹਰੀ ਨੇ ਪੱਥਰ ਨੂੰ ਵਡਮੁੱਲਾ ਸਮਝ ਕੇ ਮਰਦਾਨੇ ਨੂੰ ਉਸ ਦੇ ਮਾਲਕ ਦੇ ਦਰਸ਼ਨ ਕਰਨ ਦੀ ਇੱਛਾ ਪ੍ਰਗਟ ਕੀਤੀ। ਸਾਲਸ ਰਾਇ ਨੇ ਆਪਣੇ ਨੌਕਰ ਅੱਧਰਖੇ ਨੂੰ ਭੇਂਟ ਕਰਨ ਲਈ ਤੋਹਫ਼ੇ ਅਤੇ ਫਲ ਚੁਕ ਕੇ ਨਾਲ ਚਲਣ ਲਈ ਕਿਹਾ। ਦੋਵੇਂ ਮਰਦਾਨੇ ਸਹਿਤ ਗੁਰੂ ਜੀ ਪਾਸ ਪਹੁੰਚੇ ਅਤੇ ਵਿਚਾਰ- ਵਟਾਂਦਰਾ ਕਰਨ ਤੋਂ ਬਾਦ ਬਹੁਤ ਪ੍ਰਭਾਵਿਤ ਹੋਏ। ਉਹ ਦੋਵੇਂ ਗੁਰੂ ਜੀ ਦੇ ਸਿੱਖ ਬਣੇ। ਗੁਰੂ ਜੀ ਨੇ ਉਨ੍ਹਾਂ ਨੂੰ ਪ੍ਰਚਾਰ ਕਰਨ ਲਈ ਇਕ ‘ਸੰਗਤ ’ ਦੀ ਜ਼ਿੰਮੇਵਾਰੀ ਸੌਂਪੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2080, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.