ਸਿਕੱਮ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Sikkim ਸਿਕੱਮ: ਸਿਕੱਮ ਰਾਜ ਸਬੰਧੀ ਸੰਵਿਧਾਨ ਵਿਚ ਕੁਝ ਵਿਸ਼ੇਸ਼ ਵਿਵਸਥਾਵਾਂ ਹਨ। ਸਿਕੱਮ ਰਾਜ ਦੀ ਵਿਧਾਨ ਸਭਾ ਵਿਚ ਘੱਟੋ ਘੱਟ 30 ਮੈਂਬਰ ਹੋਣਗੇ। ਸਿਕੱਮ ਦੀ ਐਸੰਬਲੀ ਲਈ ਅਪ੍ਰੈਲ, 1974 ਵਿਚ ਤਕ ਮੈਂਬਰ ਚੁਣੇ ਗਏ ਅਤੇ ਇਸਨੂੰ ਸਿਕੱਮ ਰਾਜ ਦੀ ਉਚਿਤ ਰੂਪ ਵਿਚ ਸਥਾਪਤ ਵਿਧਾਨ ਸਭਾ ਮੰਨਿਆ ਗਿਆ। ਸੰਸਦ ਦੁਆਰਾ ਕਾਨੂੰਨੀ ਵਿਵਸਥਾ ਕਰਨ ਤਕ ਸਿਕੱਮ ਰਾਜ ਨੂੰ ਲੋਕ ਸਭਾ ਵਿਚ ਇਕ ਸੀਟ ਅਲਾਟ ਕੀਤੀ ਜਾਵੇਗੀ ਅਤੇ ਇਸਨੂੰ ਸਿਕੱਮ ਲਈ ਸੰਸਦੀ ਚੋਣ-ਖੇਤਰ ਕਰਾਰ ਦਿੱਤਾ ਜਾਵੇਗਾ। ਲੋਕ ਸਭਾ ਵਿਚ ਸਿੱਕਮ ਰਾਜ ਦਾ ਪ੍ਰਤਿਨਿਧ ਸਿਕੱਮ ਰਾਜ ਦੀ ਵਿਧਾਨ ਸਭਾ ਦੇ ਮੈਂਬਰਾਂ ਦੁਆਰਾ ਚੁਣਿਆ ਜਾਵੇਗਾ। ਸੰਸਦ ਸਿਕੱਮ ਦੇ ਲੋਕਾਂ ਦੇ ਵੱਖ-ਵੱਖ ਵਰਗਾਂ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਦੇ ਮੰਤਵ ਲਈ ਸਿੱਕਮ ਰਾਜ ਦੀ ਵਿਧਾਨ ਸਭਾ ਵਿਚ ਸੀਆਂ ਦੀ ਗਿਣਤੀ ਦਾ ਉਪਬੰਧ ਕਰ ਸਕਦੀ ਹੈ ਜੋ ਅਜਿਹੇ ਵਰਗਾਂ ਨਾਲ ਸਬੰਧਤ ਉਮੀਦਵਾਰਾਂ ਦੁਆਰਾ ਭਰੀਆਂ ਜਾਣਗੀਆਂ।
ਸਿਕੱਮ ਦੇ ਰਾਜਪਾਲ ਨੂੰ ਸਿਕੱਮ ਦੀ ਆਬਾਦੀ ਦੇ ਵੱਖ-ਵੱਖ ਵਰਗਾਂ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਨੂੰ ਯਕੀਨੀ ਬਣਾਉਣ ਲਈ ਸਾਂਤੀ ਅਤੇ ਨਿਆਂ ਸੰਸਤ ਪ੍ਰਬੰਧ ਕਰਨ ਦੀ ਵਿਸ਼ੇਸ਼ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ ਅਤੇ ਇਹ ਵਿਸ਼ੇਸ਼ ਜ਼ਿੰਮੇਵਾਰੀ ਨਿਭਾਉਣ ਲਈ ਰਾਜਪਾਲ ਆਪਣੇ ਵਿਵੇਕ ਅਨੁਸਾਰ ਕੰਮ ਕਰੇਗਾ। ਸਾਰੀਆਂ ਸੰਪਤੀਆਂ ਅਤੇ ਲੈਣਦਾਰੀਆਂ ਜੋ ਪਹਿਲਾਂ ਸਿਕੱਮ ਦੀ ਸਰਕਾਰ ਜਾਂ ਕਿਸੇ ਹੋਰ ਵਿਅਕਤੀ ਪਾਸ ਸਨ , ਹੁਣ ਸਿਕੱਮ ਰਾਜ ਦੀ ਸਰਕਾਰ ਨੂੰ ਪ੍ਰਾਪਤ ਹੋਣਗੀਆਂ।
ਸਿਕੱਮ ਰਾਜ ਵਿਚ ਕੰਮ ਕਰ ਰਿਹਾ ਹਾਈ ਕੋਰਟ ਹੁਣ ਸਿਕੱਮ ਰਾਜ ਦਾ ਹਾਈ ਕੋਰਟ ਸਮਝਿਆ ਜਾਵੇਗਾ। ਸਾਰੀਆਂ ਦੀਵਾਨੀ , ਫ਼ੌਜਦਾਰੀ ਅਤੇ ਮਾਲ ਅਧਿਕਾਰ-ਖੇਤਰ ਰੱਖਦੀਆਂ ਅਦਾਲਤਾਂ, ਸਾਰੀਆਂ ਅਥਾਰਿਟੀਆਂ ਅਤੇ ਅਦਾਲਤੀ, ਕਾਰਜਕਾਰੀ ਅਤੇ ਕਲਰਕੀ ਪਦ ਦੇ ਸਾਰੇ ਅਫ਼ਸਰ ਆਪਣੇ ਸਬੰਧਤ ਕਾਰਜ ਪਹਿਲਾਂ ਵਾਂਗ ਨਿਭਾਉਂਦੇਂ ਰਹਿਣਗੇ। ਸਿਕੱਮ ਰਾਜ ਵਿਚ ਪਹਿਲਾਂ ਤੋਂ ਲਾਗੂ ਸਾਰੇ ਕਾਨੂੰਨ ਸਮਰੱਥ ਵਿਧਾਨ ਸਭਾ ਜਾਂ ਹੋਰ ਸਮਰੱਥ ਅਧਿਕਾਰੀ ਦੁਆਰਾ ਮਨਸੂਖ਼ ਕੀਤੇ ਜਾਣ ਤਕ ਲਾਗੂ ਰਹਿਣਗੇ। ਰਾਸ਼ਟਰਪਤੀ ਅਧਿਸੂਚਨਾ ਰਾਹੀਂ ਅਜਿਹੀਆਂ ਪਾਬੰਦੀਆਂ ਜਾਂ ਸੋਧਾਂ ਸਿਕੱਮ ਰਾਜ ਤੇ ਲਗਾ ਸਕਦਾ ਹੈ, ਜੋ ਉਹ ਉਚਿਤ ਸਮਝੇ ਅਤੇ ਜੋ ਅਧਿਸੂਚਨਾ ਦੀ ਮਿਤੀ ਨੂੰ ਭਾਰਤ ਦੇ ਹੋਰ ਰਾਜਾਂ ਵਿਚ ਲਾਗੂ ਹੋਣ। ਕਿਸੇ ਵਿਵਸਥਾ ਨੂੰ ਅਮਲੀ ਰੂਪ ਦੇਣ ਵਿਚ ਜੇ ਕੋਈ ਔਕੜ ਪੇਸ਼ ਆਉਂਦੀ ਹੈ ਤਾਂ ਰਾ਼ਸਟਰਪਤੀ ਉਸ ਔਕੜ ਨੂੰ ਦੂਰ ਕਰਨ ਲਈ ਜੋ ਮੁਨਾਸਿਬ ਸਮਝੇ, ਕਰ ਸਕਦਾ ਹੈ। ਸਿਕੱਮ ਰਾਜ ਸਬੰਧੀ ਕੀਤੇ ਸਾਰੇ ਕੰਮਾਂ ਨੂੰ ਸਾਰੇ ਮੰਤਵਾਂ ਲਈ ਇਸ ਸੰਵਿਧਾਨ ਅਧੀਨ ਸਮਝਿਆ ਜਾਵੇਗਾ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3060, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First