ਸਿੱਖ ਸੰਪ੍ਰਦਾਵਾਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਸਿੱਖ ਸੰਪ੍ਰਦਾਵਾਂ: ਜਦੋਂ ਕਿਸੇ ਧਰਮ ਦਾ ਵਿਕਾਸ ਹੋ ਰਿਹਾ ਹੁੰਦਾ ਹੈ, ਤਾਂ ਉਸ ਵਿਕਾਸ ਦੇ ਪ੍ਰਕਾਰਜ ਨੂੰ ਸਹੀ ਦਿਸ਼ਾ ਦੇਣ ਲਈ ਕਈ ਤਰ੍ਹਾਂ ਦੇ ਪ੍ਰਚਾਰਕ , ਸਾਧਕ ਜਾਂ ਕਰਨੀ ਵਾਲੇ ਮਹਾਪੁਰਸ਼ ਸਾਹਮਣੇ ਆ ਜਾਂਦੇ ਹਨ। ਉਨ੍ਹਾਂ ਦਾ ਮੂਲ ਉਦੇਸ਼ ਤਾਂ ਭਾਵੇਂ ਮੁੱਖ ਧਰਮ ਦਾ ਵਿਕਾਸ ਕਰਨਾ ਹੀ ਹੁੰਦਾ ਹੈ, ਪਰ ਉਨ੍ਹਾਂ ਦੇ ਵਿਅਕਤਿਤਵ ਅਤੇ ਮਾਨਤਾਵਾਂ ਦੀ ਛਾਪ ਮੁੱਖ ਧਾਰਾ ਨਾਲੋਂ ਉਨ੍ਹਾਂ ਨੂੰ ਨਿਖੇੜਦੀ ਹੋਈ ਵਖਰੀ ਪਛਾਣ ਬਣਾ ਦਿੰਦੀ ਹੈ। ਇਹੀ ਵਖਰੀ ਪਛਾਣ ਕਿਸੇ ਸੰਪ੍ਰਦਾਇ ਨੂੰ ਜਨਮ ਦਿੰਦੀ ਹੈ। ਕਿਸੇ ਸੰਪ੍ਰਦਾਇ ਦੀ ਸਥਾਪਨਾ ਲਈ ਜਿਥੇ ਇਕ ਅਸਾਧਾਰਣ ਸ਼ਖ਼ਸੀਅਤ ਦੀ ਸੇਧ ਅਤਿ ਆਵੱਸ਼ਕ ਹੁੰਦੀ ਹੈ, ਉਥੇ ਉਸ ਸੰਪ੍ਰਦਾਇ ਵਲੋਂ ਮੂਲ ਸਿੱਧਾਂਤਾਂ ਦੀ ਵਿਆਖਿਆ ਜਾਂ ਸਮਾਜਿਕ ਅਤੇ ਧਾਰਮਿਕ ਰੀਤਾਂ ਦੇ ਪਾਲਣ ਦੀ ਵਿਲੱਖਣਤਾ ਆਪਣੀ ਭੂਮਿਕਾ ਵੀ ਨਿਭਾਉਂਦੀ ਹੈ।
ਸਿੱਖ ਧਰਮ ਦੇ ਵਿਕਾਸ ਵਿਚ ਵਖ ਵਖ ਸਮੇਂ ਕਾਇਮ ਹੋਈਆਂ ਸੰਪ੍ਰਦਾਵਾਂ ਦਾ ਵਿਸ਼ੇਸ਼ ਯੋਗਦਾਨ ਹੈ। ਇਨ੍ਹਾਂ ਸੰਪ੍ਰਦਾਵਾਂ ਵਿਚ ਸਰਬ ਪ੍ਰਥਮ ਉਦਾਸੀ ਸੰਪ੍ਰਦਾਇ ਹੈ, ਜਿਸ ਦਾ ਪ੍ਰਚਲਨ ਬਾਬਾ ਸ੍ਰੀ ਚੰਦ ਨੇ ਕੀਤਾ ਸੀ। ਦੂਜੀ ਹੈ ਮੀਣਾ ਸੰਪ੍ਰਦਾਇ। ਇਸ ਦਾ ਪ੍ਰਾਰੰਭ ਸੋਢੀ ਮਿਹਰਬਾਨ ਦੁਆਰਾ ਹੋਇਆ ਸੀ। ਤੀਜੀ ਨਿਰਮਲਾ ਸੰਪ੍ਰਦਾਇ ਹੈ, ਜਿਸ ਦਾ ਉਦਘਾਟਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੰਘਾਂ ਨੂੰ ਬਨਾਰਸ (ਕਾਂਸੀ) ਵਿਚ ਸੰਸਕ੍ਰਿਤ ਅਤੇ ਭਾਰਤੀ ਧਰਮ-ਗ੍ਰੰਥਾਂ ਦੇ ਅਧਿਐਨ ਲਈ ਭੇਜ ਕੇ ਕੀਤਾ ਸੀ। ਚੌਥੀ ਸੇਵਾ ਪੰਥੀ ਸੰਪ੍ਰਦਾਇ ਹੈ ਜਿਸ ਦਾ ਆਰੰਭ ਭਾਈ ਕਨ੍ਹਈਆ ਤੋਂ ਮੰਨਿਆ ਜਾਂਦਾ ਹੈ। ਪੰਜਵੀਂ ਗਿਆਨੀ ਸੰਪ੍ਰਦਾਇ ਹੈ ਜਿਸ ਦਾ ਮੋਢੀ ਭਾਈ ਮਨੀ ਸਿੰਘ ਸ਼ਹੀਦ ਨੂੰ ਦਸਿਆ ਜਾਂਦਾ ਹੈ। ਛੇਵੀਂ ਸੰਪ੍ਰਦਾਇ ਨਿਰੰਕਾਰੀਆਂ ਦੀ ਹੈ ਜਿਸ ਦਾ ਪ੍ਰਾਰੰਭ ਬਾਬਾ ਦਿਆਲ ਨੇ ਉਨ੍ਹੀਵੀਂ ਸਦੀ ਦੇ ਸ਼ੁਰੂ ਵਿਚ ਕੀਤਾ ਸੀ। ਸੱਤਵੀਂ ਦਾ ਨਾਂ ਨਾਮਧਾਰੀ ਸੰਪ੍ਰਦਾਇ ਹੈ। ਇਸ ਦਾ ਉਦਘਾਟਨ ਤਾਂ ਭਾਵੇਂ ਬਾਬਾ ਬਾਲਕ ਸਿੰਘ ਨੇ ਕੀਤਾ ਸੀ, ਪਰ ਇਸ ਦਾ ਸਹੀ ਵਿਕਾਸ ਬਾਬਾ ਰਾਮ ਸਿੰਘ ਦੁਆਰਾ ਹੋਇਆ। ਇਸ ਤਰ੍ਹਾਂ ਦੀਆਂ ਕੁਝ ਉਪ-ਸੰਪ੍ਰਦਾਵਾਂ ਵੀ ਹੋਂਦ ਵਿਚ ਆਈਆਂ। ਇਨ੍ਹਾਂ ਦੇ ਵਿਸਤਾਰ ਬਾਰੇ ਵੇਖੋ ਸੁਤੰਤਰ ਇੰਦਰਾਜ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2165, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First