ਸੁੰਦਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੰਦਰੀ 1 [ਨਾਂਇ] ਸੋਹਣੀ ਔਰਤ 2 (ਸੰਗੀ) ਸਿਤਾਰ ਦੀਆਂ ਤਾਰਾਂ ਦੇ ਹੇਠ ਪਿੱਤਲ਼ ਦਾ ਬੰਦ ਜੋ ਸੁਰ ਬਣਾਉਣ ਵਿੱਚ ਸਹਾਇਕ ਹੁੰਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9412, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੁੰਦਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੰਦਰੀ. ਦੇਖੋ, ਸਵੈਯੇ ਦਾ ਰੂਪ ੧੬। ੨ ਪਿੰਗਲਗ੍ਰੰਥਾਂ ਵਿੱਚ ਬਾਰਾਂ ਅੱਖਰਾਂ ਦਾ ਇੱਕ ਛੰਦ ਭੀ “ਸੁੰਦਰੀ” ਹੈ. ਇਸ ਦੇ ਪ੍ਰਤਿ ਚਰਣ ਨ, ਭ, ਭ, ਰ, ਹੁੰਦਾ ਹੈ. ਇਸ ਦੀ ਸੰਗ੍ਯਾ “ਦ੍ਰੁਤਵਿਲੰਬਿਤਾ” ਭੀ ਹੈ.

ਉਦਾਹਰਣ—

      ਦੁਖਭਰੀ ਜਗ ਆਸਨ ਤ੍ਯਾਗਰੀ,

ਜਪ ਹਰੀ ਗੁਰੁਪਾਦਨ ਲਾਗਰੀ.***

(ਅ) ਰਾਮਚੰਦ੍ਰਿਕਾ ਵਿੱਚ “ਮੋਦਕ” ਛੰਦ ਦਾ ਹੀ ਨਾਉਂ ਸੁੰਦਰੀ ਆਇਆ ਹੈ, ਯਥਾ:—

ਰਾਜ ਤਜ੍ਯੋ ਧਨ ਧਾਮ ਤਜ੍ਯੋ ਸਬ,

ਨਾਰਿ ਤਜੀ ਸੁਤ ਸ਼ੋਚ ਤਜ੍ਯੋ ਸਬ,

ਆਪਨਪੌ ਜੁ ਤਜ੍ਯੋ ਜਗਬੰਦਹਿ,

ਸਤ੍ਯ ਨ ਏਕ ਤਜ੍ਯੋ ਹਰਿਚੰਦਹਿ.

ਇਹੀ ਰੂਪ ਦਸਮਗ੍ਰੰਥ ਵਿੱਚ ਰਾਮਾਵਤਾਰ ਦੇ ਪੰਜਵੇਂ ਅਧ੍ਯਾਯ ਵਿੱਚ ਦੇਖੀਦਾ ਹੈ, ਯਥਾ—

ਸੂਪਨਖਾ ਇਹ ਭਾਂਤ ਸੁਨੀ ਜਬ,

ਧਾਯ ਚਲੀ ਅਵਿਲੰਬ ਤ੍ਰਿਯਾ ਤਬ,

ਕਾਮ ਸਰੂਪ ਕਲੇਵਰ ਜਾਨਿਯ,

ਰੂਪ ਅਨੂਪ ਤਿਹੂ ਪੁਰ ਮਾਨਿਯ.

(ੲ) ਦਸਮਗ੍ਰੰਥ ਰਾਮਾਵਤਾਰ ਦੇ ਦੂਜੇ ਅਧ੍ਯਾਯ ਵਿੱਚ ਸੁੰਦਰੀ ਦਾ ਰੂਪ ਹੈ ਪ੍ਰਤਿ ਚਰਣ ੧੬ ਮਾਤ੍ਰਾ, ਅੰਤ ਮਗਣ. ਉਦਾਹਰਣ—

ਭਟ ਹੁੰਕੇ ਧੁੰਕੇ ਬੰਕਾਰੇ,

ਰਣ ਬੱਜੇ ਗੱਜੇ ਨੱਗਾਰੇ,

ਰਣ ਹੁੱਲ ਕਲੋਲੰ ਹੁੱਲਾਲੰ,

ਢਲਹੱਲੰ ਢਾਲੰ ਉੱਛਾਲੰ.

੩ ਸੁੰਦਰ ਬਣ ਵਿੱਚ ਹੋਣ ਵਾਲੀ ਇੱਕ ਲੱਕੜ , ਜੋ ਬਹੁਤ ਲਚਕੀਲੀ ਹੁੰਦੀ ਹੈ. ਬੱਘੀਆਂ ਦੇ ਬੰਬ ਆਦਿਕ ਇਸ ਦੇ ਬਣਦੇ ਹਨ. L. Heretiera minora। ੪ ਦੇਖੋ, ਸੁੰਦਰੀ ਮਾਤਾ । ੫ ਵਿ—ਸੋਹਣੀ. ਸੁੰਦਰਤਾ ਵਾਲੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9199, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੁੰਦਰੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੁੰਦਰੀ : ਭਾਈ ਵੀਰ ਸਿੰਘ ਦੁਆਰਾ ਰਚਿਤ 1898 ਵਿਚ ਪਹਿਲੀ ਵਾਰ ਛਪਿਆ ਪੰਜਾਬੀ ਭਾਸ਼ਾ ਵਿਚ ਲਿਖਿਆ ਗਿਆ ਪਹਿਲਾ ਨਾਵਲ ਮੰਨਿਆ ਜਾਂਦਾ ਹੈ। ਅਠਾਰਵ੍ਹੀਂ ਸਦੀ ਦੀ ਇਸ ਦੀ ਕਹਾਣੀ ਵਿਚ ਸੁੰਦਰ ਕੌਰ (ਛੋਟਾ ਨਾਂ ਸੁੰਦਰੀ) ਦੀਆਂ ਮੁਸ਼ਕਲਾਂ ਅਤੇ ਬੀਰਤਾ ਦਾ ਵਰਨਨ ਹੈ ਜੋ ਪੰਜਾਬੀ ਖੱਤਰੀ ਹਿੰਦੂ ਪਰਵਾਰ ਵਿਚ ਜਨਮੀ ਹੈ ਅਤੇ ਅਸਧਾਰਨ ਹਾਲਤਾਂ ਵਿਚ ਸਿੱਖ ਧਰਮ ਗ੍ਰਹਿਣ ਕਰਦੀ ਹੈ ਅਤੇ ਆਪਣਾ ਸੰਖੇਪ ਅਤੇ ਕਾਰਨਾਮਿਆਂ ਭਰਿਆ ਜੀਵਨ ਅਰਦਾਸ ਅਤੇ ਜੰਗ ਕਰ ਰਹੇ ਖ਼ਾਲਸੇ ਦੀ ਸੇਵਾ ਵਿਚ ਗੁਜਾਰਦੀ ਹੈ।

    ਸੁੰਦਰੀ ਦੀਆਂ ਮੁਸ਼ਕਿਲਾਂ ਸਥਾਨਿਕ ਮੁਗਲ ਮੁਖੀ ਦੇ ਇਸ ਉੱਤੇ ਰੀਝਣ ਨਾਲ ਸ਼ੁਰੂ ਹੋ ਜਾਂਦੀਆਂ ਹਨ ਜੋ ਇਕ ਦਿਨ ਆਪਣੇ ਸੇਵਕਾਂ ਨਾਲ ਸ਼ਿਕਾਰ ਲਈ ਆਇਆ ਇਸ ਦੇ ਪਿੰਡ ਕੋਲੋਂ ਲੰਘਦਾ ਹੈ। ਇਸ ਨੂੰ ਉਹ ਚੁੱਕ ਕੇ ਲੈ ਜਾਂਦਾ ਹੈ। ਇਸਦੇ ਛੁਡਾਉਣ ਲਈ ਸਾਰੀਆਂ ਬੇਨਤੀਆਂ ਨਿਸਫਲ ਜਾਂਦੀਆਂ ਹਨ। ਇਤਨੇ ਚਿਰ ਵਿਚ ਇਸ ਦਾ ਵੱਡਾ ਭਰਾ ਬਲਵੰਤ ਸਿੰਘ ਜੋ ਸਿੱਖ ਬਣ ਗਿਆ ਹੁੰਦਾ ਹੈ ਅਤੇ ਜੋ ਆਪਣੇ ਮਾਤਾ-ਪਿਤਾ ਦੀਆਂ ਇੱਛਾਵਾਂ ਦੇ ਵਿਪਰੀਤ ਸਿੱਖ ਗੁਰੀਲਿਆਂ ਨਾਲ ਕੁਝ ਸਾਲ ਪਹਿਲਾਂ ਰਲ ਗਿਆ ਹੁੰਦਾ ਹੈ, ਪਿੰਡ ਆ ਜਾਂਦਾ ਹੈ ਅਤੇ ਉਸ ਨੂੰ ਪਰਵਾਰ ਦੇ ਦੁਰਭਾਗ ਦਾ ਪਤਾ ਲਗਦਾ ਹੈ। ਉਹ ਮੁਖੀ ਦੇ ਝੁੰਡ ਦਾ ਪਿੱਛਾ ਕਰਦਾ ਹੈ ਅਤੇ ਸੁੰਦਰੀ ਨੂੰ ਹੁਣੇ ਹੀ ਜਲਾਈ ਚਿਖਾ ਤੇ ਬੈਠੀ ਸਿੱਖਾਂ ਦੇ ਅੰਮ੍ਰਿਤ ਵੇਲੇ ਦੀ ਬਾਣੀ ਜਪੁਜੀ ਦਾ ਪਾਠ ਕਰਦੀ ਦੇਖਦਾ ਹੈ। ਉਹ ਉਸ ਨੂੰ ਫੜ ਕੇ ਚੁੱਕ ਲੈਂਦਾ ਹੈ ਅਤੇ ਨਾਲ ਲੈ ਕੇ ਭੱਜ ਜਾਂਦਾ ਹੈ। ਸੁੰਦਰੀ ਜਿਸ ਨੇ ਸਿੱਖ ਬਹਾਦਰੀ ਦੀਆਂ ਕਹਾਣੀਆਂ ਸੁਣ ਕੇ ਆਪਣੇ ਅੰਦਰ ਸਿੱਖੀ ਵਿਦਰੋਹ ਦੀ ਭਾਵਨਾ ਪੱਕੀ ਕਰ ਲਈ ਸੀ ਅਤੇ ਇਸ ਦੇ ਭਰਾ ਦੇ ਸਿੱਖਾਂ ਵਿਚ ਮਿਲ ਜਾਣ ਪਿੱਛੋਂ ਇਸ ਅੰਦਰ ਸਿੱਖਾਂ ਦੇ ਤੌਰ ਤਰੀਕਿਆਂ ਪ੍ਰਤੀ ਗੁਪਤ ਤੌਰ ਤੇ ਸਤਿਕਾਰ ਵੀ ਬਣ ਗਿਆ ਸੀ ਇਸ ਲਈ ਇਸ ਨੇ ਚਤਰਾਈ ਨਾਲ ਮੁਖੀ ਅਤੇ ਉਸਦੇ ਆਦਮੀਆਂ ਨੂੰ ਦੂਰ ਭੇਜ ਦਿੱਤਾ ਸੀ ਤਾਂ ਕਿ ਇਹ ਆਪ ਜਿੰਦਾ ਸੜ ਕੇ ਮਰ ਸਕੇ

    ਪਰਵਾਰ ਨੇ ਸੁੰਦਰੀ ਨੂੰ ਮੁਖੀ ਦੇ ਡਰ ਕਰ ਕੇ ਕਿ ਉਹ ਉਹਨਾਂ ਉੱਤੇ ਆਪਣਾ ਗੁੱਸਾ ਕੱਢੇਗਾ ਘਰ ਰਖਣ ਤੋਂ ਇਨਕਾਰ ਕਰਨ ਤੇ ਬਲਵੰਤ ਸਿੰਘ ਨੇ ਇਸ ਨੂੰ ਜੰਗਲ ਵਿਚ ਲੁਕੇ ਆਪਣੇ ਜਥੇ ਵਿਚ ਲੈ ਜਾਣ ਦਾ ਫੈਸਲਾ ਕਰ ਲਿਆ। ਜਦੋਂ ਉਹ ਇਕ ਜ਼ਖਮੀ ਸਿੱਖ ਨੂੰ ਬਚਾਉਣ ਦਾ ਜਤਨ ਕਰ ਰਹੇ ਸਨ ਤਾਂ ਦੋਵਾਂ ਨੂੰ ਮੁਖੀ ਦੇ ਬੰਦਿਆਂ ਨੇ ਫੜ ਲਿਆ। ਸੁੰਦਰੀ ਨੂੰ ਆਪਣੇ ਨਾਲ ਵਿਆਹ ਕਰਾਉਣ ਲਈ ਮਨਾਉਣ ਤੇ ਤੁਲੇ ਹੋਏ ਮੁਖੀ ਨੇ ਇਸ ਦੇ ਭਰਾ ਨੂੰ ਇਸਲਾਮ ਵਿਚ ਲਿਆਉਣ ਦਾ ਅਤੇ ਸੁਲ੍ਹਾ ਕਰ ਲੈਣ ਦਾ ਫ਼ੈਸਲਾ ਕਰ ਲਿਆ। ਇਕ ਮਹੀਨਾ ਪਿੱਛੋਂ ਸੁੰਦਰੀ ਅਤੇ ਬਲਵੰਤ ਸਿੰਘ ਜੁੰਮੇ (ਸ਼ੁਕਰਵਾਰ) ਵਾਲੇ ਦਿਨ ਜਬਰੀ ਧਰਮ ਬਦਲੀ ਲਈ ਮੁਖੀ ਦੇ ਕਾਰਜ ਖੇਤਰ ਦੀ ਮਸੀਤ ਵਿਚ ਲਿਆਂਦੇ ਗਏ ਪਰ ਬਲਵੰਤ ਸਿੰਘ ਦੇ ਮੁਖੀ, ਸਰਦਾਰ ਸ਼ਾਮ ਸਿੰਘ ਨੇ ਅਚਾਨਕ ਹਮਲਾ ਕਰਕੇ ਉਹਨਾਂ ਨੂੰ ਛੁਡਾ ਲਿਆ।

    ਆਪਣੇ ਭਰਾ ਦੇ ਗੁਰੀਲਾ ਸਾਥੀਆਂ ਵਿਚ ਜਾ ਕੇ ਇਹ ਅੰਮ੍ਰਿਤ ਛਕ ਕੇ ਖ਼ਾਲਸਾ ਬਰਾਦਰੀ ਵਿਚ ਸ਼ਾਮਲ ਹੋ ਗਈ ਅਤੇ ਸਿੱਖ ਜਥੇ ਦੀ ਸੇਵਾ ਵਿਚ ਇਸ ਨੇ ਇਕ ਜਤ ਸਤ ਵਾਲਾ ਜੀਵਨ ਜਿਉਣ ਦਾ ਫ਼ੈਸਲਾ ਕਰ ਲਿਆ। ਇਹ ਜਥੇ ਦੇ ਲੰਗਰ ਦੀ ਸੰਭਾਲ ਕਰਦੀ ਹੈ ਅਤੇ ਜਖ਼ਮੀਆਂ ਦੀ ਸੇਵਾ ਕਰਦੀ ਕਦੇ ਕਦੇ ਜੰਗਲ ਦੇ ਬਾਹਰ ਨੇੜੇ ਪਿੰਡ ਵਿਚੋਂ ਲੁੜੀਂਦਾ ਸਾਮਾਨ ਖਰੀਦਣ ਜਾਂਦੀ ਹੈ। ਇਕ ਵਾਰੀ ਇਸੇ ਤਰ੍ਹਾਂ ਬਾਹਰ ਜਾਣ ਤੇ ਇਸ ਦਾ ਮੇਲ ਇਕ ਦੁਖੀ ਖਤਰੀ ਨਾਲ ਹੁੰਦਾ ਹੈ ਜਿਸਦੀ ਪਤਨੀ ਨੂੰ ਉਸ ਦੇ ਕਸਬੇ ਦੇ ਮੁਗਲ ਨੌਕਰਾਂ ਨੇ ਉਸਦੇ ਪਿੱਛੋਂ ਚੁੱਕ ਲਿਆ ਸੀ ਅਤੇ ਇਹ ਉਸ ਨੂੰ ਉਹਨਾਂ ਦੀ ਲੁੱਕਣਵਾਲੀ ਥਾਂ ਤੇ ਲੈ ਜਾਂਦੀ ਹੈ। ਉਸ ਬਾਰੇ ਪੂਰੀ ਪੁਛ ਪੜਤਾਲ ਕਰਨ ਪਿੱਛੋਂ ਸਰਦਾਰ ਸ਼ਾਮ ਸਿੰਘ ਦੇ ਆਦਮੀ ਇਕ ਬਚਾਉ ਮੁਹਿੰਮ ਤੇ ਚਲ ਪੈਂਦੇ ਹਨ ਅਤੇ ਖੱਤਰੀ ਦੀ ਪਤਨੀ ਨੂੰ ਬਚਾ ਲਿਆਉਂਦੇ ਹਨ ਅਤੇ ਉਸ ਦੀ ਜਾਇਦਾਦ ਵਾਪਸ ਦਿਵਾਉਂਦੇ ਹਨ। ਹਿੰਦੂ ਪੁਜਾਰੀ ਦੁਆਰਾ ਖੱਤਰੀ ਦੀ ਪਤਨੀ ਨੂੰ ਦੁਬਾਰਾ ਹਿੰਦੂ ਧਰਮ ਵਿਚ ਵਾਪਸ ਲੈਣ ਤੋਂ ਇਨਕਾਰ ਕਰਨ ਤੇ ਦੋਵੇਂ ਸਿੱਖ ਧਰਮ ਧਾਰਨ ਕਰ ਲੈਂਦੇ ਹਨ ਅਤੇ ਉਹਨਾਂ ਦਾ ਨਾਂ ਧਰਮ ਸਿੰਘ ਅਤੇ ਧਰਮ ਕੌਰ ਰੱਖਿਆ ਜਾਂਦਾ ਹੈ।

    ਪਿੱਛੋਂ ਫਿਰ ਇਸੇ ਤਰ੍ਹਾਂ ਪਿੰਡ ਵੱਲ ਆਉਣ ਤੇ ਸੁੰਦਰੀ ਅਤੇ ਧਰਮ ਕੌਰ ਨੂੰ ਇਕ ਬੁਰੀ ਤਰ੍ਹਾਂ ਜਖ਼ਮੀ ਮੁਗ਼ਲ ਸਿਪਾਹੀ ਮਿਲਦਾ ਹੈ। ਇਹ ਉਸ ਨੂੰ ਮੁੱਢਲੀ ਸਹਾਇਤਾ ਦਿੰਦੀਆਂ ਹਨ ਅਤੇ ਪੂਰੇ ਇਲਾਜ ਲਈ ਉਸ ਦੀਆਂ ਅੱਖਾਂ ਬੰਨ੍ਹ ਕੇ ਉਸ ਨੂੰ ਲੁੱਕਣ ਵਾਲੀ ਥਾਂ ਤੇ ਲੈ ਆਉਂਦੀਆਂ ਹਨ। ਮੁਗਲ ਜਦੋਂ ਠੀਕ ਹੋ ਜਾਂਦਾ ਹੈ ਤਾਂ ਇਹ ਉਸ ਦੀਆਂ ਅੱਖਾਂ ਬੰਨ੍ਹ ਕੇ ਉਸ ਨੂੰ ਪਿੰਡ ਕੋਲ ਲੈ ਜਾਂਦੀਆਂ ਹਨ ਅਤੇ ਉਸ ਨੂੰ ਛੱਡ ਦਿੰਦੀਆਂ ਹਨ। ਇਹ, ਉਸੇ ਮੁਗਲ ਮੁਖੀ, ਜੋ ਸੁੰਦਰੀ ਤੇ ਰੀਝ ਗਿਆ ਸੀ ਉਸਦਾ ਅਰਦਲੀ ਸੀ ਅਤੇ ਉਸ ਨੇ ਇਸ ਨੂੰ ਪਛਾਣ ਲਿਆ ਸੀ। ਉਹ ਕੁਝ ਦਿਨਾਂ ਪਿੱਛੋਂ ਸੁੰਦਰੀ ਲਈ ਜਾਲ ਵਿਛਾਉਂਦਾ ਹੈ। ਇਹ ਫੜੀ ਜਾਂਦੀ ਹੈ ਅਤੇ ਹੱਥ ਪੈਰ ਬੰਨ੍ਹ ਕੇ ਪਾਲਕੀ ਵਿਚ ਲਿਜਾਈ ਜਾਂਦੀ ਹੈ।

    ਬਿਜਲਾ ਸਿੰਘ ਰਮਤੇ ਸੂਫੀ ਫਕੀਰ ਦੇ ਭੇਸ ਵਿਚ ਇਕ ਵਧੀਆ ਸਿੱਖ ਜਾਸੂਸ ਸੀ। ਉਹ ਮੁਗਲ ਪਾਰਟੀ ਦਾ ਖੁਰਾ ਲੱਭ ਲੈਂਦਾ ਹੈ ਅਤੇ ਸੁੰਦਰੀ ਦੀ ਉਸ ਦੇ ਬੰਦੀ ਬਣਾਉਣ ਵਾਲੇ ਉੱਤੇ ਹਮਲਾ ਕਰਨ ਅਤੇ ਭੱਜਣ ਵਿਚ ਮਦਦ ਕਰਦਾ ਹੈ। ਉਹ ਦੁਬਾਰਾ ਫਿਰ ਮੁਖੀ ਦੁਆਰਾ ਫੜੀ ਗਈ ਜੋ ਬਤਖਾਂ ਮਾਰਨ ਨਿਕਲਿਆ ਸੀ ਪਰੰਤੂ ਰੱਬ ਦੀ ਮਿਹਰ ਨਾਲ ਇਸ ਦੇ ਭਰਾ ਦੁਆਰਾ ਇਸ ਨੂੰ ਬਚਾ ਲਿਆ ਜਾਂਦਾ ਹੈ ਅਤੇ ਇਹ ਛੇਤੀ ਹੀ ਆਪਣੇ ਗੁਰੀਲਾ ਸਾਥੀਆਂ ਨਾਲ ਜਾ ਮਿਲਦੀ ਹੈ ਜਿਹੜੇ ਖ਼ਾਲਸੇ ਦੇ ਮੁੱਖ ਦਸਤੇ ਨਾਲ ਮਿਲਣ ਲਈ ਪਹਾੜਾਂ ਦੇ ਹੇਠਲੇ ਪਾਸੇ ਵੱਲ ਵਧ ਰਹੇ ਸਨ।

    ਜਦੋਂ ਅਹਮਦ ਸ਼ਾਹ ਦੁੱਰਾਨੀ ਅਪ੍ਰੈਲ 1752 ਨੂੰ ਆਪਣੇ ਤੀਜੇ ਹਮਲੇ ਤੇ ਆਉਂਦਾ ਹੈ ਤਾਂ ਸੁੰਦਰੀ ਸਣੇ ਤੀਹ ਹਜ਼ਾਰ ਸਿੱਖ ਲਾਹੌਰ ਦੇ ਗਵਰਨਰ ਮੀਰ ਮੰਨੂੰ ਵਾਸਤੇ ਉਸ ਨਾਲ ਲੜੇ। ਜਦੋਂ ਮੀਰ ਮੰਨੂੰ ਦੀਆਂ ਫ਼ੌਜਾਂ ਖਿਲਰ-ਪੁਲਰ ਰਹੀਆਂ ਸਨ ਉਸ ਵੇਲੇ ਸੁੰਦਰੀ ਜਿਸ ਦਾ ਜਖ਼ਮੀ ਟੱਟੂ ਪਿੱਛੋਂ ਹੌਲੀ ਹੌਲੀ ਚਾਲ ਚਲਦਾ ਆ ਰਿਹਾ ਸੀ ਧਰਮ ਸਿੰਘ ਅਤੇ ਉਸ ਦੀ ਪਤਨੀ ਤੋਂ ਕਾਫ਼ੀ ਪਿੱਛੇ ਰਹਿ ਜਾਂਦਾ ਹੈ। ਇਕ ਜ਼ਖ਼ਮੀ ਮੁਗਲ ਸਿਪਾਹੀ ਨੂੰ ਦੇਖ ਕੇ ਉਸ ਦੀ ਮਦਦ ਕਰਨ ਲਈ ਇਹ ਆਪਣੇ ਟੱਟੂ ਤੋਂ ਉਤਰ ਪੈਂਦੀ ਹੈ। ਹੋਸ਼ ਵਿਚ ਆਉਣ ਤੇ ਅਤੇ ਇਸ ਨੂੰ ਪਛਾਣ ਕੇ ਮੁਗਲ ਸੁੰਦਰੀ ਤੇ ਇਕ ਡੂੰਘਾ ਵਾਰ ਕਰਦਾ ਹੈ ਅਤੇ ਇਹ ਬੇਹੋਸ਼ ਹੋ ਕੇ ਡਿਗ ਪੈਂਦੀ ਹੈ, ਪਰੰਤੂ ਡਿਗਣ ਤੋਂ ਪਹਿਲਾਂ ਇਹ ਵੀ ਹਮਲਾਵਰ ਤੇ ਮਾਰੂ ਵਾਰ ਕਰ ਦਿੰਦੀ ਹੈ।

      ਉਹ ਪੁਰਾਣਾ ਮੁਖੀ ਜਿਸ ਨੇ ਇਸ ਲੜਾਈ ਵਿਚ ਵੀ ਹਿੱਸਾ ਲਿਆ ਸੀ ਇਸ ਨੂੰ ਦੇਖ ਲੈਂਦਾ ਹੈ ਅਤੇ ਚੁੱਕ ਲੈਂਦਾ ਹੈ। ਮੁਖੀ ਦੇ ਹਕੀਮਾਂ ਦੇ ਧਿਆਨ ਨਾਲ ਕੀਤੇ ਇਲਾਜ ਨਾਲ ਸੁੰਦਰੀ ਦੇ ਜਖ਼ਮ ਠੀਕ ਹੋ ਜਾਂਦੇ ਹਨ, ਭਾਵੇਂ ਕਿ ਬੁਖਾਰ ਨਹੀਂ ਟੁਟਦਾ। ਮੁਖੀ ਜਿਹੜਾ ਚਾਹੁੰਦਾ ਹੈ ਕਿ ਇਹ ਉਸ ਨਾਲ ਆਪਣੀ ਇੱਛਾ ਨਾਲ ਵਿਆਹ ਕਰਾਵੇ, ਇਸ ਲਈ ਇਕ ਹਿੰਦੂ ਨੌਕਰਾਣੀ ਰਾਧਾ ਰੱਖ ਲੈਂਦਾ ਹੈ ਅਤੇ ਆਪਣੇ ਹਕੀਮ ਦੀ ਸਲਾਹ ‘ਤੇ ਸੁੰਦਰੀ ਨੂੰ ਇਕ ਦਰਿਆ ਦੇ ਕੰਢੇ ਤੇ ਇਕ ਖੁੱਲ੍ਹੇ ਥਾਂ ਤੇ ਲੈ ਜਾਂਦਾ ਹੈ। ਦੋਵੇਂ ਰਾਧਾ(ਜੋ ਅਸਲ ਵਿਚ ਧਰਮ ਕੌਰ ਹੀ ਹੈ ਜੋ ਰਾਧਾ ਬਣੀ ਹੋਈ ਹੈ) ਅਤੇ ਹਕੀਮ ਸਿੱਖਾਂ ਦੁਆਰਾ ਭੇਜੇ ਗਏ ਸਨ ਤਾਂ ਕਿ ਉਹ ਇਸ ਨੂੰ ਉਸ ਥਾਂ ਤੇ ਲੈ ਆਉਣ ਜਿਥੋਂ ਆਸਾਨੀ ਨਾਲ ਇਸ ਨੂੰ ਬਚਾ ਕੇ ਲੈ ਜਾਇਆ ਜਾ ਸਕੇ।

    ਸੁੰਦਰੀ ਨੂੰ ਬਚਾਇਆ ਜਾਂਦਾ ਹੈ ਅਤੇ ਇਹ ਆਪਣੇ ਪੁਰਾਣੇ ਲੁਕਣ ਵਾਲੇ ਟਿਕਾਣੇ ਤੇ ਆਪਣੇ ਭਰਾਵਾਂ ਨਾਲ ਜਾ ਮਿਲਦੀ ਹੈ। ਪਰੰਤੂ ਇਸ ਦੀ ਸਿਹਤ ਵਿਗੜਦੀ ਜਾਂਦੀ ਹੈ। ਇਹ ਜਾਣ ਕੇ ਕਿ ਉਸ ਦਾ ਅੰਤ ਨੇੜੇ ਹੈ, ਸੁੰਦਰੀ ਗੁਰੂ ਗ੍ਰੰਥ ਸਾਹਿਬ ਦਾ ਇਕ ਅਖੰਡ ਪਾਠ ਕਰਾਉਣ ਦਾ ਪ੍ਰਬੰਧ ਕਰਾਉਂਦੀ ਹੈ। ਅਖੰਡ ਪਾਠ ਦੇ ਭੋਗ ਤੇ ਸੁੰਦਰੀ ਆਪਣੇ ਵਿਦਾਇਗੀ ਭਾਸ਼ਣ ਵਿਚ ਸੰਗਤ ਨੂੰ ਚੜ੍ਹਦੀ ਕਲਾ ਵਿਚ ਰਹਿਣ ਦੀ ਅਪੀਲ ਕਰਦੀ ਹੈ, ਇਸਤਰੀ ਦਾ ਸਤਿਕਾਰ ਕਰਨ ਅਤੇ ਦੁਨਿਆਵੀ ਅਸਥਿਰ ਖੁਸ਼ੀਆਂ ਲਈ ਕਦੇ ਵੀ ਇਕ ਪਰਮਾਤਮਾ ਤੋਂ ਆਪਣਾ ਵਿਸ਼ਵਾਸ ਨਾ ਗੁਆਉਣ ਲਈ ਕਹਿੰਦੀ ਹੈ। ਫਿਰ ਇਹ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੀ ਹੈ ਅਤੇ ਫਿਰ ਦੁਬਾਰਾ ਆਪਣਾ ਸਿਰ ਨਹੀਂ ਚੁਕਦੀ। ਇਸ ਦੀ ਮੌਤ ਨਾਲ ਸਾਰੇ ਸਿੱਖਾਂ ਵਿਚ ਮਾਤਮ ਛਾ ਜਾਂਦਾ ਹੈ।

    ਸੁੰਦਰੀ ਦੋਵੇਂ ਹੀ ਸਮਾਜਿਕ ਅਤੇ ਸਾਹਿਤਿਕ ਰੂਪ ਵਿਚ ਚਮਤਕਾਰੀ ਘਟਨਾ ਹੈ। ਇਸ ਪਿੱਛੇ ਮੁੱਢਲਾ ਮੰਤਵ ਸੁਧਾਰ ਕਰਨਾ ਸੀ। ਇਹ ਉਨੀਵੀਂ ਸਦੀ ਦੇ ਅਖੀਰਲੇ ਹਿੱਸੇ ਦੇ ਸਿੱਖਾਂ ਦੇ ਡਰ ਅਤੇ ਇੱਛਾਵਾਂ ਦੀ ਉਪਜ ਹੈ- ਡਰ ਇਹ ਕਿ ਭ੍ਰਿਸ਼ਟਾਚਾਰ ਅਤੇ ਗਿਰਾਵਟਾਂ ਜੋ ਸਿੱਖ ਧਰਮ ਅਸਥਾਨਾਂ ਅਤੇ ਸਮਾਜ ਵਿਚ ਆ ਗਈਆਂ ਹਨ ਜੇਕਰ ਖਤਮ ਨਾ ਹੋਈਆਂ ਤਾਂ ਸਿੱਖ ਧਰਮ ਖਤਮ ਹੋ ਜਾਵੇਗਾ ਅਤੇ ਇੱਛਾਵਾਂ ਇਹ ਕਿ ਸਿੱਖ ਧਰਮ ਨੂੰ ਆਪਣੀ ਸ਼ਾਨ ਵਾਲਾ ਉਹ ਸਥਾਨ ਲੈਣਾ ਚਾਹੀਦਾ ਹੈ ਜਿਸ ਥਾਂ ਦਾ ਇਹ ਆਪਣੇ ਸਿਧਾਂਤਾਂ ਅਤੇ ਪਰੰਪਰਾ ਕਰਕੇ ਅਧਿਕਾਰੀ ਹੈ। ਸੁਧਾਰਵਾਦੀ ਲਹਿਰ ਦੇ ਮੋਢੀਆਂ ਵਿਚੋਂ ਇਕ ਇਸ ਦੇ ਲੇਖਕ ਅਨੁਸਾਰ ਇਹ “ਚੂਰ-ਚੂਰ ਹੋਏ ਪੰਥਕ ਢਾਂਚੇ” ਨੂੰ ਮੁੜ ਖੜਾ ਕਰਨ ਦਾ ਇਕ ਨਿਮਾਣਾ ਜਿਹਾ ਯਤਨ ਹੈ ਜਿਸ ਰਾਹੀਂ ਸਿੱਖਾਂ ਅੰਦਰ ਥੋੜਾ ਹੀ ਸਮਾਂ ਪਹਿਲਾਂ ਸ਼ਾਨਦਾਰ ਬੀਤੇ ਸਮੇਂ ਦੀ ਚੇਤਨਾ ਜਗਾਈ ਗਈ ਹੈ, ਜਿਸ ਵਿਚ ਸਿੱਖਾਂ ਨੇ ਆਪਣੇ ਵਡੇਰਿਆਂ ਦੇ ਸਮਰਪਣ, ਸਹਿਨ-ਸ਼ਕਤੀ ਅਤੇ ਕੁਰਬਾਨੀ ਦੀ ਭਾਵਨਾ ਵਿਖਾਈ ਸੀ।

    ਇਹ ਪੇਸ਼ਕਾਰੀ ਕੁਝ ਸਾਹਿਤਿਕ ਖ਼ਾਮੀਆਂ ਦੇ ਬਾਵਜੂਦ ਇਕ ਇਤਿਹਾਸਿਕ ਰੋਮਾਂਸ ਬਣ ਗਿਆ ਹੈ ਜੋ ਅਸਧਾਰਨ ਸ਼ਕਤੀ ਅਤੇ ਸੁੰਦਰਤਾ ਨਾਲ ਭਰਪੂਰ ਹੈ। ਭਾਈ ਵੀਰ ਸਿੰਘ ਦਾ ਸਮੇਂ ਦੇ ਇਤਿਹਾਸ ਦਾ ਗਿਆਨ ਜਿਹੜਾ ਸੁੰਦਰੀ ਵਿਚ ਅੰਕਿਤ ਹੈ, ਯਕੀਨੀ ਬਹੁਤ ਭਾਵਮਈ ਹੈ ਅਤੇ ਉਸ ਦੀ ਕਲਪਨਾ ਸੰਵੇਦਨਸ਼ੀਲ ਅਤੇ ਡੂੰਘੀ ਹੈ। ਉਹਨਾਂ ਸਖ਼ਤ ਸਮਿਆਂ ਵਿਚ ਲੇਖਕ ਦੀ ਸਮਾਜਿਕ ਹਾਲਤਾਂ ਦੀ ਸੰਕਲਪਨਾ ਬੜੀ ਸਪਸ਼ਟ ਹੈ। ਇਸ ਦਾ ਨਤੀਜਾ ਹੈ ਕਿ ਸੁੰਦਰੀ ਵਿਚ ਵੀ ਉਸ ਦੇ ਬਾਕੀ ਇਤਿਹਾਸਿਕ ਰੋਮਾਂਸਾਂ ਵਿਜੇ ਸਿੰਘ ਅਤੇ ਸਤਵੰਤ ਕੌਰ ਵਾਂਗ ਮੁਰਦਾ ਯੁੱਗ ਜੀਵਿਤ ਹੋ ਉਠਿਆ ਹੈ ਅਤੇ ਇਹ ਬਾਵਜੂਦ ਇਸ ਤੱਥ ਦੇ ਹੋਇਆ ਹੈ ਕਿ ਉਸ ਦੇ ਜ਼ਿਆਦਾਤਰ ਪਾਤਰ ਆਦਰਸ਼ ਕਿਸਮ ਦੇ ਹੁੰਦੇ ਹਨ ਅਤੇ ਆਪਣੇ ਦ੍ਰਿੜ ਇਰਾਦੇ ਨੂੰ ਪੂਰਾ ਕਰਨ ਲਈ ਉਹਨਾਂ ਦਾ ਵਰਤਾਉ ਵੀ ਜ਼ਿਆਦਾ ਕਰਕੇ ਬਹੁਤ ਉੱਚਾ ਜਾਂ ਪੂਰੀ ਤਰ੍ਹਾਂ ਗਿਰਿਆ ਹੋਇਆ ਹੁੰਦਾ ਹੈ। ਮੁਖ ਇਤਿਹਾਸਿਕ ਪਾਤਰ ਜਿਵੇਂ ਦੀਵਾਨ ਕੌੜਾ ਮੱਲ, ਸਰਦਾਰ ਸ਼ਾਮ ਸਿੰਘ, ਸਰਦਾਰ ਜੱਸਾ ਸਿੰਘ, ਲਖਪਤ ਰਾਇ ਅਤੇ ਮੀਰ ਮੰਨੂ ਜੋ ਕਥਾਨਿਕ ਵਿਚ ਆਉਂਦੇ ਹਨ ਇਸ ਨੂੰ ਇਕ ਬਹੁਤ ਗਹਿਰੀ ਇਤਿਹਾਸਿਕ ਸੰਭਾਵਨਾ ਪ੍ਰਦਾਨ ਕਰਦੇ ਹਨ। ਅਕਸਰ ਇਤਿਹਾਸ ਸਿੱਧੇ ਵਰਨਨ ਨਾਲ ਜਾਂ ਪਾਤਰਾਂ ਵਿਚ ਵਿਚਾਰ ਵਟਾਂਦਰੇ ਰਾਹੀਂ ਪੇਸ਼ ਕੀਤਾ ਗਿਆ ਹੈ। ਇਸ ਤਰ੍ਹਾਂ ਦੀਆਂ ਗੱਲਾਂ ਕਈ ਵਾਰ ਇਤਿਹਾਸਿਕ ਤੌਰ ਤੇ ਬੇਮੇਲ ਲਗਦੀਆਂ ਹਨ ਅਤੇ ਅਸੰਗਤ ਜਾਪਦੀਆਂ ਹਨ। ਪਰੰਤੂ ਕੁਲ ਮਿਲਾ ਕੇ ਕਹਾਣੀ, ਬੜੇ ਹੁਨਰ ਨਾਲ ਸੰਕੋਚਵੇਂ ਅਤੇ ਪ੍ਰੇਰਨਾਮਈ ਗੱਦ ਰਾਹੀਂ ਦੱਸੀ ਗਈ ਹੈ। ਕਹਾਣੀ ਵਿਚ ਮੌਕਾ ਮੇਲ ਵਾਲੀਆਂ ਘਟਨਾਵਾਂ ਦਾ ਬਹੁਤ ਪ੍ਰਯੋਗ ਕੀਤਾ ਗਿਆ ਹੈ ਪਰੰਤੂ ਕਿਧਰੇ ਵੀ ਇਹ ਤਰਕਹੀਨ ਨਹੀਂ ਹੈ। ਕਈ ਥਾਵਾਂ ਤੇ ਕਹਾਣੀ ਵਿਚ ਸਿੱਖਿਆਵਾਂ ਅਤੇ ਉਪਦੇਸ਼ਾਂ ਨਾਲ ਰੁਕਾਵਟ ਪੈਂਦੀ ਹੈ। ਕੁਝ ਇਕ ਤਕਨੀਕੀ ਕਮੀਆਂ ਦੇ ਬਾਵਜੂਦ ਇਹ ਨਾਵਲ ‘ਸੁੰਦਰੀ` ਪੰਜਾਬੀ ਪਾਠਕਾਂ ਲਈ ਖਿੱਚ ਦਾ ਕਾਰਨ ਬਣਿਆ ਰਿਹਾ ਹੈ। ਕੋਈ ਵੀ ਹੋਰ ਪੰਜਾਬੀ ਨਾਵਲ ਇਸ ਤੋਂ ਜ਼ਿਆਦਾ ਨਹੀਂ ਪੜ੍ਹਿਆ ਗਿਆ ਜਾਂ ਏਨੇ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਿਆ ਹੈ।


ਲੇਖਕ : ਕ.ਰ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9010, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸੁੰਦਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਸੁੰਦਰੀ ਸੰਸਕ੍ਰਿਤ ਸੁਨੑਦਰੀ। ਪ੍ਰਾਕ੍ਰਿਤ ਸੁੰਦਰੀ। ਮਨੋਹਰ ਇਸਤ੍ਰੀ , ਸ਼੍ਰੇਸ਼ਠ ਨਾਰੀ, ਸੋਹਣੀ ਦਿੱਸਣ ਵਾਲੀ- ਛਿਜੰਤ ਮਹਾ ਸੁੰਦਰੀ ਕਾਂਇਆ ਕਾਲ ਕੰਨਿਆ ਗ੍ਰਾਸਤੇ ; ਸੋਹਣੇ ਜੀਵਨ ਵਾਲੀ- ਅਤਿ ਸੁਆਲਿਉ ਸੁੰਦਰੀ ਸੋਭਾਵੰਤੀ ਨਾਰਿ ; ਭਗਵਾਨ ਰਿਸ਼ਭ ਦੇਵ ਦੀ ਇਕ ਪੁੱਤਰੀ ; ਰਾਵਣ ਦੀ ਇਕ ਪਤਨੀ ; ਛੰਦ-ਵਿਸ਼ੇਸ਼।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9009, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਸੁੰਦਰੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੁੰਦਰੀ, ਇਸਤਰੀ ਲਿੰਗ : ੧.  ਸੋਹਣੀ ਤ੍ਰੀਮਤ. ੨. ਤ੍ਰੀਮਤ; ੩.  ਵਾਜੇ ਜਾਂ ਸਤਾਰ ਦੀਆਂ ਤਾਰਾਂ ਦੇ ਹੇਠ ਪਿੱਤਲ ਦੇ ਬੰਦ ਜੋ ਸੁਰ ਬਣਾਉਣ ਵਿੱਚ ਸਹਾਇਕ ਹੁੰਦਾ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 2750, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-08-17-03-32-18, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.