ਸੈਂਟ੍ਰਲ ਸਿੱਖ ਲੀਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸੈਂਟ੍ਰਲ ਸਿੱਖ ਲੀਗ: ਮੁਸਲਿਮ ਲੀਗ ਅਤੇ ਹਿੰਦੂ ਮਹਾਸਭਾ ਦੀਆਂ ਕਾਰਵਾਈਆਂ ਦੇ ਪ੍ਰਤਿਕਰਮ ਵਜੋਂ 29 ਦਸੰਬਰ 1919 ਈ. ਨੂੰ ਅੰਮ੍ਰਿਤਸਰ ਵਿਚ ਸੈਂਟ੍ਰਲ ਸਿੱਖ ਲੀਗ ਦੀ ਸਥਾਪਨਾ ਕੀਤੀ ਗਈ , ਜੋ ਇਕ ਪ੍ਰਕਾਰ ਨਾਲ ਸਿੱਖਾਂ ਦੀ ਰਾਜਨੈਤਿਕ ਪਾਰਟੀ ਸੀ। ਇਸ ਵਿਚ ਆਮ ਤੌਰ ’ਤੇ ਮੱਧ- ਵਰਗ ਦੇ ਪੜ੍ਹੇ ਲਿਖੇ ਲੋਕ ਸ਼ਾਮਲ ਹੋਏ। ਸਰਦਾਰ ਬਹਾਦੁਰ ਗੱਜਣ ਸਿੰਘ ਨੂੰ ਇਸ ਦਾ ਪਹਿਲਾ ਪ੍ਰਧਾਨ ਬਣਾਇਆ ਗਿਆ। ਇਸ ਦੀਆਂ ਸਰਗਰਮੀਆਂ ਨੂੰ ਤੇਜ਼ ਕਰਨ ਲਈ ਭਾਈ ਜੋਧ ਸਿੰਘ, ਸ. ਵਸਾਖਾ ਸਿੰਘ, ਸ. ਉਜਲ ਸਿੰਘ, ਸ. ਸਰਦੂਲ ਸਿੰਘ ਕਵੀਸ਼ਰ , ਸ. ਅਮਰ ਸਿੰਘ , ਸ. ਸੰਤ ਸਿੰਘ ਲਾਇਲਪੁਰੀ, ਸ. ਗੁਰਬਖ਼ਸ਼ ਸਿੰਘ ਆਦਿ ਨੂੰ ਇਸ ਦਾ ਮੈਂਬਰ ਬਣਾਇਆ ਗਿਆ। ਇਹ ਸਾਰੇ ਨਰਮ ਧੜੇ ਦੇ ਨੇਤਾ ਸਨ। ਸੰਨ 1920 ਈ. ਵਿਚ ਪਹਿਲਾਂ ਅੰਮ੍ਰਿਤਸਰ ਅਤੇ ਫਿਰ ਲਾਹੌਰ ਵਿਚ ਇਸ ਲੀਗ ਦੇ ਦੋ ਪ੍ਰਭਾਵਸ਼ਾਲੀ ਸਮਾਗਮ ਹੋਏ। ਲਾਹੌਰ ਵਾਲੇ ਸਮਾਗਮ ਵਿਚ ਬਾਬਾ ਖੜਕ ਸਿੰਘ ਨੂੰ ਪ੍ਰਧਾਨ ਬਣਾਇਆ ਗਿਆ। ਉਸ ਇਜਲਾਸ ਵਿਚ ਮਹਾਤਮਾ ਗਾਂਧੀ ਅਤੇ ਡਾ. ਸੈਫੁੱਦੀਨ ਕਿਚਲੂ ਵੀ ਸ਼ਾਮਲ ਹੋਏ। 22 ਜੁਲਾਈ 1921 ਈ. ਦੇ ਸਮਾਗਮ ਵਿਚ ਇਸ ਲੀਗ ਦੇ ਨਵੇਂ ਸੰਵਿਧਾਨ ਨੂੰ ਸਰਬ-ਸੰਮਤੀ ਨਾਲ ਪ੍ਰਵਾਨ ਕੀਤਾ ਗਿਆ। ਇਸ ਦੀ ਕਾਰਜਸਾਧਕ ਕਮੇਟੀ ਦੇ 101 ਮੈਂਬਰ ਬਣਾਏ ਗਏ ਅਤੇ ਇਸ ਦੀਆਂ ਸ਼ਾਖਾਵਾਂ ਪੰਜਾਬ ਦੇ ਵੱਡੇ ਵੱਡੇ ਸ਼ਹਿਰਾਂ ਵਿਚ ਸਥਾਪਿਤ ਕੀਤੀਆਂ ਗਈਆਂ। ਨਵੰਬਰ 1920 ਈ. ਵਿਚ ਸਥਾਪਿਤ ਹੋਇਆ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸੁਧਾਰ ਵਿਚ ਰੁਝੀ ਹੋਈ ਸੀ, ਇਸ ਲਈ ਦੇਸ਼ ਦੀ ਆਜ਼ਾਦੀ ਦੀ ਲਹਿਰ ਵਿਚ ਕਾਂਗ੍ਰਸ ਨਾਲ ਮਿਲ ਕੇ ਇਸ ਲੀਗ ਨੇ ਚੰਗੀ ਤਰ੍ਹਾਂ ਭਾਗ ਲਿਆ। ਪਰ ਸੰਨ 1925 ਈ. ਵਿਚ ਗੁਰਦੁਆਰਾ ਐਕਟ ਦੇ ਪਾਸ ਹੋ ਜਾਣ ਨਾਲ ਸਿੱਖ ਜਗਤ ਵਿਚ ਇਸ ਦੀ ਅਹਿਮੀਅਤ ਘਟਣ ਲਗ ਗਈ।

            ਅਪ੍ਰੈਲ 1931 ਈ. ਵਿਚ ਅਕਾਲੀਆਂ ਵਾਲੇ ਬਾਗ਼ ਵਿਚ ਹੋਏ ਇਸ ਦੇ ਸਮਾਗਮ ਵਿਚ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਪ੍ਰਮੁਖ ਨੇਤਾ ਸ਼ਾਮਲ ਹੋਏ ਅਤੇ ਕਾਂਗ੍ਰਸ ਦੇ ਨੈਸ਼ਨਲ ਪੱਧਰ ਦੇ ਆਗੂ ਵੀ ਆਏ। ਇਸ ਸਮਾਗਮ ਦੀ ਪ੍ਰਧਾਨਗੀ ਮਾ. ਤਾਰਾ ਸਿੰਘ ਨੇ ਕੀਤੀ ਅਤੇ ਇਸ ਲੀਗ ਦਾ ਪ੍ਰਮੁਖ ਉਦੇਸ਼ ਸਪੱਸ਼ਟ ਕਰਦਿਆਂ ਕਿਹਾ ਕਿ ਇਸ ਦੀ ਸਥਾਪਨਾ ਦਾ ਪ੍ਰਯੋਜਨ ਸਿੱਖ ਹੱਕਾਂ ਦੀ ਰਾਖੀ ਅਤੇ ਦੇਸ਼ ਦੀ ਆਜ਼ਾਦੀ ਤੋਂ ਭਿੰਨ ਹੋਰ ਕੁਝ ਨਹੀਂ। ਉਸ ਸਮਾਗਮ ਵਿਚ ਸਿੱਖ ਹੱਕਾਂ ਦੀ ਰਾਖੀ ਲਈ 17 ਮੰਗਾਂ ਵੀ ਪੇਸ਼ ਕੀਤੀਆਂ ਗਈਆਂ। 16 ਅਕਤੂਬਰ 1933 ਈ. ਨੂੰ ਲਾਹੌਰ ਵਿਚ ਕਾਂਗ੍ਰਸ ਨਾਲ ਮਿਲ ਕੇ ਹੋਏ ਇਕ ਸਾਂਝੇ ਸਮਾਗਮ ਵਿਚ ਕਮਿਊਨਲ ਐਵਾਰਡ ਨੂੰ ਖ਼ਤਮ ਕਰਨ ਉਤੇ ਬਲ ਦਿੱਤਾ ਗਿਆ ਕਿਉਂਕਿ ਆਜ਼ਾਦੀ ਦੀ ਪ੍ਰਾਪਤੀ ਵਿਚ ਇਹ ਸਭ ਤੋਂ ਵੱਡਾ ਰੋੜਾ ਸੀ ਅਤੇ ਸਿੱਖਾਂ ਨਾਲ ਘੋਰ ਬੇਇਨਸਾਫ਼ੀ ਸੀ। ਇਸੇ ਸੈਸ਼ਨ ਵਿਚ ਖ਼ਾਲਸਾ ਦਰਬਾਰ ਅਤੇ ਸੈਂਟ੍ਰਲ ਸਿੱਖ ਲੀਗ ਨੂੰ ਮਿਲਾ ਦਿੱਤਾ ਗਿਆ। ਇਸ ਤੋਂ ਬਾਦ ਸੰਨ 1945 ਈ. ਤਕ ਇਸ ਲੀਗ ਦੇ ਕਾਂਗ੍ਰਸ ਨਾਲ ਰਲ ਕੇ ਸਾਂਝੇ ਇਜਲਾਸ ਹੁੰਦੇ ਰਹੇ ਅਤੇ ਮਤੇ ਵੀ ਪਾਸ ਕੀਤੇ ਜਾਂਦੇ ਰਹੇ, ਪਰ ਇਸ ਲੀਗ ਵਲੋਂ ਕੋਈ ਅਹਿਮ ਗੱਲ ਸਾਹਮਣੇ ਨ ਆਉਣ ਕਾਰਣ ਜਨਤਾ ਇਸ ਤੋਂ ਪਰ੍ਹੇ ਹਟਣ ਲਗ ਗਈ ਅਤੇ ਇਸ ਤਰ੍ਹਾਂ ਹੌਲੀ ਹੌਲੀ ਇਸ ਦੀ ਹੋਂਦ ਖ਼ਤਮ ਹੋ ਗਈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3620, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.