ਹੈਮਿੰਗਵੇ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਹੈਮਿੰਗਵੇ (1898–1961) : ਨੋਬੇਲ ਪੁਰਸਕਾਰ ਵਿਜੇਤਾ ਅਰਨੇਸਟ ਮਿਲਰ ਹੈਮਿੰਗਵੇ (Hemingway) ਅਮਰੀਕਾ ਦਾ ਇੱਕ ਬਹੁ-ਚਰਚਿਤ ਅਤੇ ਪ੍ਰਸਿੱਧ ਗਲਪਕਾਰ ਹੋਇਆ ਹੈ, ਜਿਸ ਦੀ ਸਾਹਿਤਿਕ ਸ਼ੈਲੀ ਨੇ ਵੀਹਵੀਂ ਸਦੀ ਦੇ ਸਾਹਿਤ ਨੂੰ ਪ੍ਰਭਾਵਿਤ ਕੀਤਾ। ਹੈਮਿੰਗਵੇ ਆਪਣੇ ਜੀਵਨ ਵਿੱਚ ਹੀ ਲੇਖਕ-ਨਾਇਕ ਬਣ ਗਿਆ ਸੀ। ਜਿਹੋ-ਜਿਹੇ ਨਾਇਕ ਹੈਮਿੰਗਵੇ ਨੇ ਆਪਣੇ ਨਾਵਲਾਂ ਵਿੱਚ ਪੇਸ਼ ਕੀਤੇ, ਉਹੋ ਜਿਹਾ ਉਸ ਨੇ ਆਪ ਵੀ ਬਣਨ ਦਾ ਉਪਰਾਲਾ ਕੀਤਾ। ਉਸ ਦੇ ਨਾਇਕ ਖਾਣ ਅਤੇ ਪੀਣ ਵਿੱਚ ਨਿਪੁੰਨ ਹਨ, ਸ਼ਿਕਾਰ ਖੇਡਦੇ ਹਨ, ਬਹਾਦਰ ਫ਼ੌਜੀ ਹਨ, ਬਾਕਸਿੰਗ ਦੇ ਸ਼ੁਕੀਨ ਹਨ ਅਤੇ ਝੋਟਿਆਂ ਨਾਲ ਲੜਦੇ ਹਨ। ਹੈਮਿੰਗਵੇ ਨੇ ਆਪਣੇ ਜੀਵਨ ਵਿੱਚ ਇਹ ਸਭ ਕੁਝ ਆਪ ਵੀ ਕੀਤਾ। ਆਲੋਚਕਾਂ ਲਈ ਲੇਖਕ ਅਤੇ ਨਾਇਕ ਵਿਚਕਾਰ ਅੰਤਰ ਦੱਸਣਾ ਸੰਭਵ ਨਹੀਂ ਸੀ। ਉਸ ਦੇ ਨਾਇਕ ਹਿੰਸਾ ਅਤੇ ਮੌਤ ਦੇ ਖੇਤਰਾਂ ਵਿੱਚ ਵਿਚਰਦੇ ਹਨ ਅਤੇ ਹੈਮਿੰਗਵੇ ਆਪ ਵੀ ਬੜੇ ਖ਼ਤਰੇ ਵਾਲਾ ਜੀਵਨ ਜਿਊਂਦਾ ਰਿਹਾ ਹੈ।
ਅਰਨੇਸਟ ਹੈਮਿੰਗਵੇ ਦਾ ਜਨਮ ਇਲੀਓਨਸ ਦੇ ਓਕ ਪਾਰਕ ਵਿੱਚ 21 ਜੁਲਾਈ 1898 ਨੂੰ ਹੋਇਆ। ਉਸ ਦਾ ਪਿਤਾ ਇੱਕ ਡਾਕਟਰ ਸੀ, ਜਿਸ ਨੇ ਆਪਣੇ ਪੁੱਤਰ ਨੂੰ ਮੱਛੀਆਂ ਫੜਨ ਅਤੇ ਸ਼ਿਕਾਰ ਖੇਡਣ ਵਿੱਚ ਮਾਹਰ ਬਣਾਇਆ। ਹੈਮਿੰਗਵੇ ਦੀ ਮਾਂ ਰੱਬ ਤੋਂ ਡਰਨ ਵਾਲੀ ਧਾਰਮਿਕ ਵਿਚਾਰਾਂ ਵਾਲੀ ਇੱਕ ਸਾਊ-ਸਾਦੀ ਇਸਤਰੀ ਸੀ, ਜਿਹੜੀ ਗਿਰਜੇ ਦੇ ਕਾਰਜਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦੀ ਸੀ। ਮਾਂ ਨੇ ਆਪਣੇ ਪੁੱਤਰ ਨੂੰ ਗਿਰਜੇ ਵਿਚਲੀ ਭਜਨ-ਮੰਡਲੀ ਵਿੱਚ ਸਾਜ਼ ਵਜਾਉਣਾ ਅਤੇ ਗਾਉਣਾ ਸਿਖਾਇਆ। ਹੈਮਿੰਗਵੇ ਉੱਤੇ ਪਿਤਾ ਅਤੇ ਮਾਤਾ ਦੋਹਾਂ ਵੱਲੋਂ ਸ਼ਕਤੀਸ਼ਾਲੀ ਪ੍ਰਭਾਵ ਪਏ ਪਰ ਉਹ ਆਪਣੀ ਮਾਂ ਦੇ ਆਖੇ ਲੱਗਣ ਦੀ ਥਾਂ ਆਪਣੇ ਪਿਤਾ ਦਾ ਕਿਹਾ ਵਧੇਰੇ ਮੰਨਦਾ ਸੀ। ਹੈਮਿੰਗਵੇ ਦਾ ਬਚਪਨ ਖੁੱਲ੍ਹੀਆਂ ਥਾਂਵਾਂ ਤੇ ਗੁਜ਼ਰਿਆ। ਉਹ ਆਪਣੇ ਪਿਤਾ ਨਾਲ ਲੋਕਾਂ ਦੇ ਘਰਾਂ ਵਿੱਚ ਮਰੀਜ਼ਾਂ ਦੀ ਦੇਖ-ਭਾਲ ਲਈ ਜਾਇਆ ਕਰਦਾ ਸੀ। ਭਾਵੇਂ ਹੈਮਿੰਗਵੇ ਨੂੰ ਖੁੱਲ੍ਹੀਆਂ ਥਾਂਵਾਂ ਦਾ ਜੀਵਨ ਚੰਗਾ ਲੱਗਦਾ ਸੀ ਪਰ ਉਹ ਇੱਕ ਲਾਇਕ ਵਿਦਿਆਰਥੀ ਅਤੇ ਇੱਕ ਚੰਗਾ ਖਿਡਾਰੀ ਵੀ ਸੀ। ਹੈਮਿੰਗਵੇ ਦੋ ਵਾਰੀ ਆਪਣੇ ਘਰੋਂ ਦੌੜਿਆ। ਜਦੋਂ 1917 ਵਿੱਚ ਅਮਰੀਕਾ ਨੇ ਪਹਿਲੇ ਵਿਸ਼ਵ ਯੁੱਧ ਵਿੱਚ ਪ੍ਰਵੇਸ਼ ਕੀਤਾ ਤਾਂ ਹੈਮਿੰਗਵੇ ਨੇ ਫ਼ੌਜ ਵਿੱਚ ਭਰਤੀ ਹੋਣਾ ਚਾਹਿਆ ਪਰ ਅੱਖ ਦੀ ਤਕਲੀਫ਼ ਕਾਰਨ ਉਸ ਨੂੰ ਸਵੀਕਾਰ ਨਾ ਕੀਤਾ ਗਿਆ। ਪਰ ਆਪਣੀ ਧੁਨ ਦਾ ਪੱਕਾ ਹੈਮਿੰਗਵੇ ਰੈੱਡਕਰਾਸ ਦੀ ਮੈਡੀਕਲ ਸਰਵਿਸ ਵਿੱਚ ਐਂਬੂਲੈਂਸ ਦਾ ਡਰਾਈਵਰ ਭਰਤੀ ਹੋ ਗਿਆ ਜਿਸ ਦੌਰਾਨ ਉਹ ਕਈ ਵਾਰ ਫੱਟੜ ਹੋਇਆ। ਉਸ ਨੇ ਅਸਟਰੀਅਨ ਸਰਹੱਦ ਤੇ ਜੰਗ ਦੇ ਖ਼ਾਤਮੇ ਤੱਕ ਕਾਰਜ ਕੀਤਾ ਅਤੇ ਇੱਕ ਵਾਰੀ ਉਹ ਇਤਨਾ ਫੱਟੜ ਹੋ ਗਿਆ ਕਿ ਉਸ ਦੇ ਸਰੀਰ ਵਿੱਚੋਂ ਗੋਲੇ-ਬਰੂਦ ਦੇ ਦੋ ਸੌ ਤੋਂ ਵੀ ਵੱਧ ਟੁਕੜੇ ਕੱਢਣੇ ਪਏ।
ਹੈਮਿੰਗਵੇ ਨੇ ਟੋਰਾਂਟੋ ਸਟਾਰ ਲਈ ਇੱਕ ਪੱਤਰਕਾਰ ਵਜੋਂ ਵੀ ਕਾਰਜ ਕੀਤਾ। ਇਸ ਦੌਰਾਨ ਉਸ ਨੇ ਆਪਣੇ ਆਪ ਨੂੰ ਗਲਪ ਲੇਖਕ ਵਜੋਂ ਸਥਾਪਿਤ ਕਰਨ ਦੀ ਵਿਉਂਤ ਬਣਾਈ। ਉਸ ਵੱਲੋਂ ਸਮਾਚਾਰਾਂ, ਲੇਖਾਂ ਅਤੇ ਕਈ ਕਹਾਣੀਆਂ ਦੀ ਵੰਨਗੀ ਤੋਂ ਸਮਕਾਲੀ ਆਲੋਚਕ ਅਤੇ ਆਲੋਚਕ ਸ਼ੇਰਵੂਡ ਐਂਡਰਸਨ ਬੜਾ ਪ੍ਰਭਾਵਿਤ ਹੋਇਆ ਅਤੇ ਜਦੋਂ ਹੈਮਿੰਗਵੇ ਯੂਰਪ ਗਿਆ ਤਾਂ ਐਂਡਰਸਨ ਨੇ ਉਸ ਨੂੰ ਯੂਰਪ ਦੇ ਲੇਖਕਾਂ ਨਾਲ ਮਿਲਣ ਦੀ ਸਹੂਲਤ ਵਜੋਂ ਸਿਫਾਰਿਸ਼ੀ ਚਿੱਠੀਆਂ ਦਿੱਤੀਆਂ। ਯੂਰਪ ਵਿੱਚ ਹੈਮਿੰਗਵੇ ਐਜ਼ਰਾ ਪਾਉਂਡ ਅਤੇ ਜਰਟਰੂਡ ਸਟੇਨ ਆਦਿ ਨੂੰ ਮਿਲਿਆ ਅਤੇ ਆਪਣੀ ਪਤਨੀ ਹੈਡਲੇ ਰਿਚਰਡਸਨ ਨਾਲ ਪੈਰਿਸ ਗਿਆ, ਜਿੱਥੇ ਉਸ ਨੇ ਇੱਕ ਗਲਪਕਾਰ ਵਜੋਂ ਮੁਢਲੀ ਸਿੱਖਿਆ ਗ੍ਰਹਿਣ ਕੀਤੀ। ਭਾਵੇਂ ਇਹ ਸਾਲ ਹੈਮਿੰਗਵੇ ਦੀ ਗ਼ਰੀਬੀ ਦਾ ਸਮਾਂ ਸੀ ਪਰ ਉਸ ਦੇ ਜੀਵਨ ਦੇ ਇਹੀ ਵਰ੍ਹੇ ਸਭ ਤੋਂ ਵੱਧ ਖ਼ੁਸ਼ੀ ਵਾਲੇ ਸਨ।
1923 ਵਿੱਚ ਹੈਮਿੰਗਵੇ ਨੇ ਆਪਣੀ ਪਹਿਲੀ ਪੁਸਤਕ ਥ੍ਰੀ ਸਟੋਰੀਜ਼ ਐਂਡ ਟੈੱਨ ਪੋਇਮਜ਼ ਛਾਪੀ। ਕਵਿਤਾਵਾਂ ਤਾਂ ਆਮ ਪੱਧਰ ਦੀਆਂ ਸਨ ਪਰ ਕਹਾਣੀਆਂ ਉੱਚ ਪਾਏ ਦੀਆਂ ਸਨ। ਇਨ ਓਵਰ ਟਾਈਮਜ਼ (1925) ਦੇ ਛਪਣ ਨਾਲ ਹੈਮਿੰਗਵੇ ਇੱਕ ਲੇਖਕ ਵਜੋਂ ਉੱਭਰਿਆ। ਇਹਨਾਂ ਕਹਾਣੀਆਂ ਵਿੱਚ ਹੈਮਿੰਗਵੇ ਨੇ ਦੁੱਖਾਂ-ਦਰਦਾਂ ਅਤੇ ਹਿੰਸਾ ਦਾ ਪ੍ਰਗਟਾਵਾ ਕੀਤਾ ਅਤੇ ਨਿੱਕ ਐਡਮ ਨਾਇਕ ਵਜੋਂ ਉਭਾਰਿਆ ਜਿਹੜਾ ਹੈਮਿੰਗਵੇ ਦੇ ਮਗਰਲੇ ਨਾਵਲਾਂ ਦੇ ਨਾਇਕਾਂ ਦਾ ਅਗਵਾਨੂੰ ਬਣਿਆ।
1926 ਵਿੱਚ ਹੈਮਿੰਗਵੇ ਅਮਰੀਕਾ ਪਰਤ ਆਇਆ। ਇਸ ਸਮੇਂ ਉਸ ਕੋਲ ਦੋ ਨਾਵਲਾਂ ਅਤੇ ਅਨੇਕ ਕਹਾਣੀਆਂ ਦੇ ਖਰੜੇ ਸਨ। 1926 ਵਿੱਚ ਹੀ ਉਸ ਨੇ ਦਾ ਟੋਰੈਂਟ ਆਫ਼ ਸਪਰਿੰਗ ਪ੍ਰਕਾਸ਼ਿਤ ਕੀਤਾ ਅਤੇ ਦਾ ਸਨ ਆਲਸੋ ਰਾਈਜ਼ਜ਼ ਦੇ ਪ੍ਰਕਾਸ਼ਨ ਨਾਲ ਉਸ ਨੂੰ ਪਹਿਲੀ ਪ੍ਰਸਿੱਧੀ ਪ੍ਰਾਪਤ ਹੋਈ। ਇਸ ਨਾਵਲ ਵਿੱਚ ਉਸ ਨੇ ਸਰੀਰਕ ਅਤੇ ਮਾਨਸਿਕ ਪੱਖੋਂ ਪਹਿਲੇ ਯੁੱਧ ਵਿਚਲੇ ਫੱਟੜ ਹੋਏ ਵਿਅਕਤੀਆਂ ਦਾ ਹਾਲ ਬਿਆਨ ਕੀਤਾ ਹੈ। ਅਗਲੇ ਵਰ੍ਹੇ ਉਸ ਨੇ ਮੈਨ ਵਿਦਾਊਟ ਵੂਮੈਨ ਕਹਾਣੀ-ਸੰਗ੍ਰਹਿ ਛਾਪਿਆ, ਜਿਸ ਵਿੱਚ ਉਸ ਨੇ ਜੀਵਨ ਦੀਆਂ ਨਵੀਆਂ ਸਥਿਤੀਆਂ ਨੂੰ ਪੇਸ਼ ਕੀਤਾ। ਦਸੰਬਰ 1929 ਵਿੱਚ ਉਸ ਦਾ ਨਾਵਲ ਏ ਫੇਅਰਵੈਲ ਟੂ ਆਰਮਜ਼ ਛਪਿਆ ਜਿਸ ਵਿੱਚ ਹੈਮਿੰਗਵੇ ਨੇ ਇੱਕ ਅਮਰੀਕਨ ਫ਼ੌਜੀ ਅਤੇ ਅੰਗਰੇਜ਼ੀ ਨਰਸ ਦੇ ਪਿਆਰ ਨੂੰ ਪਹਿਲੇ ਵਿਸ਼ਵ ਯੁੱਧ ਦੀ ਕਰੂਪਤਾ ਦੀ ਪਿੱਠ-ਭੂਮੀ ਨਾਲ ਪੇਸ਼ ਕੀਤਾ। ਹੈਮਿੰਗਵੇ ਨੇ ਲਿਖਿਆ ਕਿ ਸੰਸਾਰ ਹਰ ਕਿਸੇ ਨੂੰ ਤੋੜ ਦਿੰਦਾ ਹੈ, ਜਿਹੜੇ ਟੁਟਦੇ ਨਹੀਂ ਉਹਨਾਂ ਨੂੰ ਮਾਰ ਦਿੰਦਾ ਹੈ। ਭਾਵੇਂ ਸੰਸਾਰ ਆਮ ਸਧਾਰਨ ਬੰਦਿਆਂ ਨੂੰ ਵੀ ਮਾਰਦਾ ਹੈ ਪਰ ਉਹਨਾਂ ਨੂੰ ਮਾਰਨ ਵਿੱਚ ਕਾਹਲ ਨਹੀਂ ਕਰਦਾ।
ਆਪਣੇ ਨਾਵਲ ਡੈਥ ਇਨ ਦਾ ਆਫਟਰਨੂਨ ਵਿੱਚ ਹੈਮਿੰਗਵੇ ਨੇ ਝੋਟਿਆਂ ਨਾਲ ਭਿੜਨ ਵਿੱਚ ਰੁਚੀ ਵਿਖਾਈ। ਅਗਲੇ ਹੀ ਵਰ੍ਹੇ ਉਸ ਨੇ ਆਪਣੀਆਂ ਕਹਾਣੀਆਂ ਦਾ ਤੀਜਾ ਸੰਗ੍ਰਹਿ ਛਪਵਾਇਆ। ਵਿਨਰ ਟੇਕ ਨਥਿੰਗ ਨਾਂ ਦੇ ਕਹਾਣੀ-ਸੰਗ੍ਰਹਿ ਵਿੱਚ ਹੈਮਿੰਗਵੇ ਨੇ ਭਾਵੁਕ ਟੁੱਟ-ਭੱਜ, ਨਾਮਰਦੀ ਅਤੇ ਸਮਲਿੰਗੀ ਵਿਸ਼ਿਆਂ ਤੇ ਲਿਖਿਆ। 1934 ਵਿੱਚ ਹੈਮਿੰਗਵੇ ਨੇ ਅਫਰੀਕੀ ਯਾਤਰਾ ਉਪਰੰਤ ਇੱਕ ਗ਼ੈਰ-ਗਲਪੀ ਰਚਨਾ ਦਾ ਗਰੀਨ ਹਿਲਜ਼ ਆਫ਼ ਅਫਰੀਕਾ ਛਪਵਾਈ। ਸਪੈਨਿਸ਼ ਖ਼ਾਨਾ ਜੰਗੀ ਨੇ ਹੈਮਿੰਗਵੇ ਉੱਤੇ ਡੂੰਘਾ ਪ੍ਰਭਾਵ ਪਾਇਆ। 1936 ਵਿੱਚ ਉਹ ਸਪੇਨ ਚਲਾ ਗਿਆ ਜਿੱਥੇ ਉਸ ਨੇ ਪੱਤਰਪ੍ਰੇਰਕ ਵਜੋਂ ਕਾਰਜ ਕੀਤਾ। ਇਸ ਦੌਰਾਨ ਉਸ ਨੇ ਇੱਕ ਨਾਟਕ ਦਾ ਫਿਫਥ ਕਾਲਮ ਲਿਖਿਆ ਜਿਸ ਨੂੰ 1940 ਵਿੱਚ ਨਿਊਯਾਰਕ ਵਿੱਚ ਪੇਸ਼ ਕੀਤਾ ਗਿਆ। ਸਤਾਰ੍ਹਾਂ ਮਹੀਨੇ ਉਪਰੰਤ ਜਦੋਂ ਯੁੱਧ ਮੁੱਕ ਗਿਆ ਤਾਂ ਹੈਮਿੰਗਵੇ ਨੇ ਫਾਰ ਹੂਮ ਦਾ ਬੈੱਲ ਟੋਲਜ਼ ਲਿਖਿਆ ਜਿਸ ਵਿੱਚ ਇੱਕ ਅਮਰੀਕਨ ਪ੍ਰੋਫ਼ੈਸਰ ਨੂੰ ਗੁਰੀਲਿਆਂ ਨਾਲ ਕੰਮ ਕਰਦਿਆਂ ਵਿਖਾਇਆ ਗਿਆ ਹੈ। ਇਸ ਨਾਵਲ ਵਿੱਚ ਹੈਮਿੰਗਵੇ ਨੇ ਭਾਸ਼ਾ ਅਤੇ ਸ਼ੈਲੀ ਦੇ ਪੱਖੋਂ ਨਵੇਂ ਪ੍ਰਯੋਗ ਕੀਤੇ। ਇਸ ਨਾਵਲ ਨਾਲ ਹੈਮਿੰਗਵੇ ਪ੍ਰਸਿੱਧ ਹੋ ਗਿਆ। ਇਸ ਨਾਵਲ ਉਪਰੰਤ ਹੈਮਿੰਗਵੇ ਲਗਪਗ ਇੱਕ ਦਹਾਕਾ ਚੁੱਪ ਰਿਹਾ ਅਤੇ ਦੂਜੇ ਵਿਸ਼ਵ ਯੁੱਧ ਵਿੱਚ ਉਸ ਨੇ ਮੁੱਖ ਤੌਰ ਉੱਤੇ ਜੰਗੀ ਪੱਤਰ ਪ੍ਰੇਰਕ ਵਜੋਂ ਕਾਰਜ ਕੀਤਾ। ਭਾਵੇਂ ਉਹ ਫ਼ੌਜ ਦਾ ਕਰਮਚਾਰੀ ਨਹੀਂ ਸੀ ਪਰ ਉਸ ਨੇ ਫ਼ੌਜੀ ਕਾਰਜਾਂ ਵਿੱਚ ਜੋ ਯੋਗਦਾਨ ਪਾਇਆ ਉਸ ਨਾਲ ਉਸ ਨੂੰ ਬੜਾ ਮਾਣ-ਸਤਿਕਾਰ ਮਿਲਿਆ ਅਤੇ ਪਿਆਰ ਨਾਲ ਉਸ ਨੂੰ ‘ਪਾਪਾ’ ਕਿਹਾ ਜਾਣ ਲੱਗ ਪਿਆ। 1944 ਵਿੱਚ ਲੰਦਨ ਵਿੱਚ ਹੈਮਿੰਗਵੇ ਦਾ ਮੇਲ ਟਾਈਮ ਮੈਗਜ਼ੀਨ ਦੀ ਰਿਪੋਰਟਰ ਮੈਰੀ ਵੈਲਸ਼ ਨਾਲ ਹੋਇਆ ਜਿਸ ਨਾਲ ਉਸ ਨੇ ਝਟਪਟ ਵਿਆਹ ਕਰਵਾ ਲਿਆ। ਇਹ ਉਸ ਦਾ ਚੌਥਾ ਵਿਆਹ ਸੀ। ਉਸ ਦੇ ਪਹਿਲੇ ਤਿੰਨ ਵਿਆਹ ਤਲਾਕਾਂ ਵਿੱਚ ਗੁਆਚ ਗਏ ਸਨ। ਦੂਜਾ ਵਿਸ਼ਵ ਯੁੱਧ ਮੁੱਕਣ ਉਪਰੰਤ ਹੈਮਿੰਗਵੇ ਨੇ ਕਿਊਬਾ ਵਿੱਚ ਇੱਕ ਮਕਾਨ ਖ਼ਰੀਦ ਕੇ ਰਹਿਣਾ ਅਰੰਭ ਕੀਤਾ। ਇੱਥੇ ਰਹਿੰਦਿਆਂ ਉਸ ਨੇ ਆਪਣੀਆਂ ਕੁਝ ਹੋਰ ਰਚਨਾਵਾਂ ਛਪਵਾਈਆਂ।
1952 ਵਿੱਚ ਹੈਮਿੰਗਵੇ ਦੀ ਕਲਾਤਮਿਕ ਸ਼ਕਤੀ ਮੁੜ ਪ੍ਰਗਟ ਹੋਈ ਅਤੇ ਉਸ ਨੇ ਇੱਕ ਨੋਵੈਲਾ ਦਾ ਓਲਡ ਮੈਨ ਐਂਡ ਦਾ ਸੀ ਛਪਵਾਇਆ ਜਿਸ ਦੀ ਬੜੀ ਪ੍ਰਸੰਸਾ ਹੋਈ। ਇਸ ਪੁਸਤਕ ਨੂੰ 1953 ਵਿੱਚ ਪੁਲਿਟਜ਼ਰ ਪੁਰਸਕਾਰ ਮਿਲਿਆ ਅਤੇ ਅਗਲੇ ਵਰ੍ਹੇ 1954 ਵਿੱਚ ਉਸ ਨੂੰ ਵਿਸ਼ਵ ਦਾ ਸਰਬੋਤਮ ਪੁਰਸਕਾਰ ‘ਨੋਬੇਲ’ ਪ੍ਰਾਪਤ ਹੋਇਆ।
ਇਸ ਸਮੇਂ ਤੱਕ ਹੈਮਿੰਗਵੇ ਦੀ ਸਿਹਤ ਵਿਗੜਨ ਲੱਗ ਪਈ ਸੀ। 1954 ਵਿੱਚ ਅਫ਼ਰੀਕਾ ਜਾਂਦਿਆਂ ਉਸ ਦਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਹੈਮਿੰਗਵੇ ਭਾਵੇਂ ਬਚ ਗਿਆ ਪਰ ਉਹ ਬੁਰੀ ਤਰ੍ਹਾਂ ਝੁਲਸਿਆ ਗਿਆ ਸੀ। ਉਸ ਦੀਆਂ ਮੁਸੀਬਤਾਂ ਓਦੋਂ ਵੱਧ ਗਈਆਂ ਜਦੋਂ ਕਿਊਬਾ ਦੀ ਸਰਕਾਰ ਨੇ ਪਤੀ-ਪਤਨੀ ਨੂੰ ਕਿਊਬਾ ਤੋਂ ਚਲੇ ਜਾਣ ਲਈ ਹੁਕਮ ਦਿੱਤਾ। ਭਾਵੇਂ ਉਸ ਦਾ ਇਲਾਜ ਜਾਰੀ ਰਿਹਾ ਪਰ ਹੈਮਿੰਗਵੇ ਇੱਕ ਅਪੰਗ ਅਤੇ ਅਪਾਹਜ ਵਜੋਂ ਜਿਊਣਾ ਨਹੀਂ ਸੀ ਚਾਹੁੰਦਾ। ਸੋ ਉਸ ਨੇ 2 ਜੁਲਾਈ 1961 ਨੂੰ ਆਪਣੇ-ਆਪ ਨੂੰ ਗੋਲੀ ਮਾਰ ਕੇ ਆਤਮਘਾਤ ਕਰ ਲਿਆ। ਇਵੇਂ ਸੰਸਾਰ ਭਰ ਵਿੱਚ ਜਾਣੇ-ਜਾਣ ਵਾਲੇ ਇੱਕ ਸ਼ਕਤੀਸ਼ਾਲੀ ਨਾਵਲਕਾਰ ਦਾ ਘਟਨਾਵਾਂ ਭਰਪੂਰ ਜੀਵਨ ਮੁੱਕ ਗਿਆ। ਹੈਮਿੰਗਵੇ ਹੁਣ ਵੀ ਸੰਸਾਰ ਵਿੱਚ ਇੱਕ ਸ਼ਕਤੀਸ਼ਾਲੀ ਨਾਵਲਕਾਰ ਵਜੋਂ ਜਾਣਿਆ ਜਾਂਦਾ ਹੈ।
ਲੇਖਕ : ਨਰਿੰਦਰ ਸਿੰਘ ਕਪੂਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1258, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-19, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First