ਹੋਲਾ-ਮਹੱਲਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੋਲਾ-ਮਹੱਲਾ (ਨਾਂ,ਪੁ) ਸ਼ਸਤਰਧਾਰੀ ਸਿੰਘਾਂ ਦੀ ਸ਼ਮੂਲੀਅਤ ਵਾਲਾ ਅਨੰਦਪੁਰ ਵਿਖੇ ਹੋਲੇ ਦੇ ਤਿਉਹਾਰ ਦਾ ਜਲੂਸ; ਹੋਲੀ ਤੋਂ ਇੱਕ ਦਿਨ ਪਿੱਛੋਂ ਮਨਾਇਆ ਜਾਣ ਵਾਲਾ ਤਿਉਹਾਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5900, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਹੋਲਾ-ਮਹੱਲਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਹੋਲਾ-ਮਹੱਲਾ [ਨਾਂਪੁ] ਵੇਖੋ ਹੋਲਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5897, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਹੋਲਾ-ਮਹੱਲਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਹੋਲਾ-ਮਹੱਲਾ: ਹੋਲੀ ਦੇ ਪਰੰਪਰਾਗਤ ਤਿਉਹਾਰ ਦੇ ਸਮਾਨਾਂਤਰ ਗੁਰੂ ਗੋਬਿੰਦ ਸਿੰਘ ਜੀ ਨੇ ‘ਹੋਲਾ-ਮਹੱਲਾ’ ਖੇਡਣ ਦੀ ਰੀਤ ਚਲਾਈ ਕਿਉਂਕਿ ਦਸਮ ਗੁਰੂ ਨਵੇਂ ਸਿਰਜੇ ਖ਼ਾਲਸੇ ਨੂੰ ਯੁੱਧ-ਵਿਦਿਆ ਵਿਚ ਪ੍ਰਬੀਨ ਬਣਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਪਰੰਪਰਾ ਤੋਂ ਹਟ ਕੇ ਇਸ ਤਿਉਹਾਰ ਦਾ ਸੰਬੰਧ ਯੁੱਧ-ਪ੍ਰਕ੍ਰਿਆ ਨਾਲ ਜੋੜਿਆ। ਸਿੱਖ-ਇਤਿਹਾਸ ਅਨੁਸਾਰ ਆਨੰਦਪੁਰ ਸਾਹਿਬ ਸਥਿਤ ਹੋਲ-ਗੜ੍ਹ ਕਿਲ੍ਹੇ ਵਾਲੀ ਥਾਂ’ਤੇ ਸੰਨ 1700 ਈ. (1757 ਬਿ. ਚੇਤ ਵਦੀ ੧) ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਰੰਪਰਾ ਦਾ ਉਦਘਾਟਨ ਕੀਤਾ। ਭਾਈ ਕਾਨ੍ਹ ਸਿੰਘ , ਭਾਈ ਵੀਰ ਸਿੰਘ ਆਦਿ ਵਿਦਵਾਨਾਂ ਨੇ ਇਸ ਦੇ ਅਰਥ ‘ਹੱਲਾ ’ ਅਤੇ ‘ਹੱਲੇ ਵਾਲੀ ਥਾਂ’ ਜਾਂ ‘ਬਣਾਵਟੀ ਹਮਲਾ ’ ਕੀਤੇ ਹਨ। ਪ੍ਰਸਤੁਤ ਲੇਖਕ ਦੇ ਵਿਚਾਰ ਅਨੁਸਾਰ ਹੋਲੀ ਤੋਂ ਹੋਲਾ (ਪੁਲਿੰਗ ਸ਼ਬਦ) ਬਣਾ ਕੇ ਉਸ ਦਿਨ ਮਹਾ-ਹੱਲਾ ਕਰਨ ਦੀ ਗੱਲ ਨੂੰ ਇਸ ਸ਼ਬਦ ਰਾਹੀਂ ਅਭਿਵਿਅਕਤ ਕੀਤਾ ਗਿਆ ਹੈ। ਕਵੀ ਸੁਮੇਰ ਸਿੰਘ ਨੇ ਇਸ ਪਰਥਾਇ ਗੁਰੂ ਜੀ ਦੇ ਆਦੇਸ਼ ਦਾ ਇਸ ਤਰ੍ਹਾਂ ਕਥਨ ਕੀਤਾ ਹੈ— ਔਰਨ ਕੀ ਹੋਲੀ ਮਮ ਹੋਲਾ। ਕਹੑਯੋ ਕ੍ਰਿਪਾਨਿਧ ਬਚਨ ਅਮੋਲਾ।
ਇਹ, ਅਸਲ ਵਿਚ, ਸਿੱਖ ਸੈਨਿਕਾਂ ਨੂੰ ਅਭਿਆਸ ਕਰਾਉਣ ਲਈ ਇਕ ਬਣਾਵਟੀ ਯੁੱਧ ਹੁੰਦਾ ਸੀ। ਸੈਨਿਕਾਂ ਨੂੰ ਦੋ ਦਲਾਂ ਵਿਚ ਵੰਡ ਕੇ ਇਕ ਦਲ ਨੂੰ ਸਫ਼ੈਦ ਅਤੇ ਦੂਜੇ ਨੂੰ ਕੇਸਰੀ ਬਸਤ੍ਰ ਪਾਉਣ ਲਈ ਕਿਹਾ ਜਾਂਦਾ ਸੀ। ਬਣਾਵਟੀ ਜੰਗ ਦੇ ਵੀ ਕਈ ਰੂਪ ਹੁੰਦੇ ਸਨ। ਮੁੱਖ ਤੌਰ ’ਤੇ ਦੋਹਾਂ ਦਲਾਂ ਨੂੰ ਲੋਹਗੜ੍ਹ ਉਤੇ ਕਬਜ਼ਾ ਕਰਨ ਲਈ ਪ੍ਰੇਰਿਆ ਜਾਂਦਾ ਸੀ। ਜੋ ਦਲ ਪਹਿਲਾਂ ਕਬਜ਼ਾ ਕਰਦਾ ਉਸ ਨੂੰ ਇਨਾਮ ਅਤੇ ਸਿਰੋਪੇ ਦਿੱਤੇ ਜਾਂਦੇ ਜਾਂ ਫਿਰ ਇਕ ਦਲ ਨੂੰ ਲੋਹਗੜ੍ਹ ਉਤੇ ਕਾਬਜ਼ ਦਸਿਆ ਜਾਂਦਾ ਅਤੇ ਦੂਜੇ ਦਲ ਵਾਲੇ ਕਾਬਜ਼ ਦਲ ਨੂੰ ‘ਵੈਰੀ ’ ਸਮਝ ਕੇ ਉਸ ਤੋਂ ਕਿਲ੍ਹਾ ਖੋਹਣ ਦਾ ਉਦਮ ਕਰਦੇ। ਜਿਤਣ ਵਾਲੇ ਦਲ ਨੂੰ ਖ਼ੂਬ ਇਨਾਮ ਦਿੱਤੇ ਜਾਂਦੇ। ਇਸ ਮੌਕੇ ਸੱਤ ਦਿਨ ਦੀਵਾਨ ਸਜਦੇ, ਕਥਾ ਕੀਰਤਨ ਹੁੰਦਾ, ਵਾਰਾਂ ਗਾਈਆਂ ਜਾਂਦੀਆਂ, ਅਨੇਕ ਤਰ੍ਹਾਂ ਦੀਆਂ ਫ਼ੌਜੀ ਕਵਾਇਦਾਂ ਜਾਂ ਮਸ਼ਕਾਂ ਹੁੰਦੀਆਂ। ਹਰ ਪਾਸੇ ਚੜ੍ਹਦੀ ਕਲਾ ਦਾ ਮਾਹੌਲ ਬਣਿਆ ਰਹਿੰਦਾ। ਇਨ੍ਹਾਂ ਸਾਰੀਆਂ ਕਾਰਵਾਈਆਂ ਵਿਚ ਗੁਰੂ ਸਾਹਿਬ ਰੁਚੀ-ਪੂਰਵਕ ਸ਼ਾਮਲ ਹੁੰਦੇ ਅਤੇ ਸਿੱਖਾਂ ਦਾ ਉਤਸਾਹ ਵਧਾਉਂਦੇ।
ਹੁਣ ਇਹ ਤਿੰਨ ਦਿਨਾਂ ਦਾ ਤਿਉਹਾਰ ਬਣ ਗਿਆ ਹੈ ਜੋ ਹੋਲੀ ਤੋਂ ਇਕ ਦਿਨ ਪਹਿਲਾਂ ਅਤੇ ਇਕ ਦਿਨ ਬਾਦ (ਫਗਣ ਸੁਦੀ ਚੌਦਾਂ ਤੋਂ ਚੇਤਰ ਵਦੀ ਇਕ ਤਕ) ਵਿਸ਼ੇਸ਼ ਤੌਰ’ਤੇ ਆਨੰਦਪੁਰ ਸਾਹਿਬ ਵਿਚ ਮਨਾਇਆ ਜਾਂਦਾ ਹੈ। ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਪਹੁੰਚਦੇ ਹਨ। ਇਸ ਮੌਕੇ’ਤੇ ਨਿਹੰਗ ਸਿੰਘਾਂ ਦਾ ਜਲਾਲ ਵੇਖਣ ਨੂੰ ਬਣਦਾ ਹੈ। ਧਰਮ-ਪ੍ਰਚਾਰ ਤੋਂ ਇਲਾਵਾ ਰਾਜਨੈਤਿਕ ਪਾਰਟੀਆਂ ਦੇ ਜਲਸੇ ਵੀ ਹੁੰਦੇ ਹਨ। ਤੀਜੇ ਦਿਨ ਆਨੰਦਗੜ੍ਹ ਤੋਂ ਹੋਲੇ ਮਹੱਲੇ ਦਾ ਜਲੂਸ ਨਿਕਲਦਾ ਹੈ ਜਿਸ ਨੂੰ ‘ਮਹੱਲਾ ਚੜ੍ਹਨਾ’ ਕਹਿੰਦੇ ਹਨ। ਇਹ ਜਲੂਸ ਮਾਤਾ ਜੀਤੋ ਜੀ ਦੇ ਦੇਹੁਰੇ , ਹੋਲਗੜ੍ਹ, ਚਰਨ-ਗੰਗਾ ਆਦਿ ਸਥਾਨਾਂ ਤੋਂ ਹੁੰਦਾ ਹੋਇਆ ਖੁਲ੍ਹੇ ਮੈਦਾਨ ਵਿਚ ਪਹੁੰਚਦਾ ਹੈ। ਉਥੇ ਜੰਗੀ ਕਰਤੱਬ ਦਿਖਾਏ ਜਾਂਦੇ ਹਨ। ਪਿਛਲੇ ਪਹਿਰ ਜਲੂਸ ਕੇਸਗੜ੍ਹ ਨੂੰ ਵਾਪਸ ਆਉਂਦਾ ਹੈ ਅਤੇ ਇਸ ਉਤਸਵ ਦੀ ਸਮਾਪਤੀ ਘੋਸ਼ਿਤ ਕੀਤੀ ਜਾਂਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5772, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First