ਅਕਾਲੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਕਾਲੀ [ਵਿਸ਼ੇ] ਸਦਾ ਰਹਿਣ ਵਾਲ਼ਾ , ਅਕਾਲ ਪੁਰਖ ਦਾ [ਨਾਂਪੁ] ਅਕਾਲੀ ਦਲ ਦਾ ਮੈਂਬਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4837, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਅਕਾਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਕਾਲੀ. ਵਿ—ਅਕਾਲ ਨਾਲ ਹੈ ਜਿਸ ਦਾ ਸੰਬੰਧ । ੨ ਸੰਗ੍ਯਾ—ਅਕਾਲ ਉਪਾਸਕ. ਵਾਹਗੁਰੂ ਜੀ ਕਾ ਖ਼ਾਲਸਾ.

ਕਮਲ ਜ੍ਯੋਂ ਮਾਯਾ ਜਲ ਵਿੱਚ ਹੈ ਅਲੇਪ ਸਦਾ

ਸਭ ਦਾ ਸਨੇਹੀ ਚਾਲ ਸਭ ਤੋਂ ਨਿਰਾਲੀ ਹੈ,

ਕਰਕੇ ਕਮਾਈ ਖਾਵੇ ਮੰਗਣਾ ਹਰਾਮ ਜਾਣੇ

ਭਾਣੇ ਵਿੱਚ ਵਿਪਦਾ ਨੂੰ ਮੰਨੇ ਖ਼ੁਸ਼ਹਾਲੀ ਹੈ,

ਸ੍ਵਾਰਥ ਤੋਂ ਬਿਨਾ ਗੁਰੁਦ੍ਵਾਰਿਆਂ ਦਾ ਚੌਕੀਦਾਰ

ਧਰਮ ਦੇ ਜੰਗ ਲਈ ਚੜ੍ਹੇ ਮੁਖ ਲਾਲੀ ਹੈ,

ਪੂਜੇ ਨਾ ਅਕਾਲ ਬਿਨਾ ਹੋਰ ਕੋਈ ਦੇਵੀ ਦੇਵ

ਸਿੱਖ ਦਸ਼ਮੇਸ਼ ਦਾ ਸੋ ਕਹੀਏ ‘ਅਕਾਲੀ’ ਹੈ.

੩ ਖ਼ਾਸ ਕਰਕੇ ਇਹ ਸ਼ਬਦ ਨਿਹੰਗ ਸਿੰਘਾਂ ਲਈ ਭੀ ਵਰਤਿਆ ਜਾਂਦਾ ਹੈ. ਦੇਖੋ, ਨਿਹੰਗ ੭.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4746, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-08-05, ਹਵਾਲੇ/ਟਿੱਪਣੀਆਂ: no

ਅਕਾਲੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਾਲੀ: ‘ਅਕਾਲ ’ ਦੇ ਉਪਾਸਕ ਨੂੰ ਆਮ ਤੌਰ ’ਤੇ ‘ਅਕਾਲੀ’ ਕਿਹਾ ਜਾਂਦਾ ਹੈ। ‘ਅਕਾਲ’ (ਵੇਖੋ) ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ‘ਮੂਲ-ਮੰਤ੍ਰ ’ ਵਿਚ ਬ੍ਰਹਮ- ਵਾਚਕ ਵਜੋਂ ਵਰਤਿਆ ਗਿਆ ਹੈ। ਕਾਲ ਅਥਵਾ ਮ੍ਰਿਤੂ ਦੇ ਪ੍ਰਭਾਵ ਤੋਂ ਪਰੇ ਜਾਂ ਅਤੀਤ ਸੱਤਾ ਹੀ ‘ਅਕਾਲ’ ਹੋ ਸਕਦੀ ਹੈ। ਇਸ ਲਈ ਉਨ੍ਹਾਂ ਸਿੱਖਾਂ ਨੂੰ ਸ਼ੁਰੂ ਵਿਚ ‘ਅਕਾਲੀ’ ਕਿਹਾ ਜਾਣ ਲਗਿਆ ਜੋ ਮੌਤ ਤੋਂ ਨਿਡਰ, ਮਾਇਆ ਤੋਂ ਨਿਰਲੇਖ ਅਤੇ ਧਰਮ ਦੀ ਮਰਯਾਦਾ ਦੀ ਰਖਿਆ ਲਈ ਸ਼ਹੀਦੀ ਪਾਣ ਲਈ ਹਰ ਸਮੇਂ ਤਿਆਰ ਰਹਿੰਦੇ ਸਨ। ਇਸ ਪ੍ਰਕਾਰ ਦੇ ਆਤਮ- ਉਤਸਰਗੀਆਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਹੀ ‘ਅਕਾਲੀ’ ਕਿਹਾ ਜਾਣ ਲਗਿਆ। ਕੁਝ ਵਿਦਵਾਨਾਂ ਅਨੁਸਾਰ ਇਹ ਵਿਸ਼ੇਸ਼ਣ ਦਸਮ ਗੁਰੂ ਦਾ ਆਪਣਾ ਬਖ਼ਸ਼ਿਆ ਹੋਇਆ ਸੀ। ਇਨ੍ਹਾਂ ਨੂੰ ‘ਨਿਹੰਗ’ (ਵੇਖੋ) ਵੀ ਕਿਹਾ ਜਾਂਦਾ ਸੀ।

            ਇਤਿਹਾਸ ਤੋਂ ਪਤਾ ਚਲਦਾ ਹੈ ਕਿ ਆਪਣੇ ਨਾਂ ਨਾਲ ਸਭ ਤੋਂ ਪਹਿਲਾਂ ਨੈਨਾ ਸਿੰਘ ਨੇ ‘ਅਕਾਲੀ’ ਵਿਸ਼ੇਸ਼ਣ ਵਰਤਿਆ ਸੀ ਅਤੇ ਸਿਰ ਉਤੇ ਦੁਮਾਲਾ ਸਜਾਇਆ ਸੀ। ਉਸ ਤੋਂ ਬਾਦ ਉਸ ਦੇ ਸੇਵਕ ਫੂਲਾ ਸਿੰਘ ਨੇ ਆਪਣੇ ਨਾਂ ਨਾਲ ‘ਅਕਾਲੀ’ ਪਦ ਵਰਤਣਾ ਸ਼ੁਰੂ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ-ਕਾਲ ਵਿਚ ਇਸ ਨੇ ਆਪਣਾ ਵਿਵਸਥਿਤ ਸੈਨਾ ਦਲ ਕਾਇਮ ਕੀਤਾ ਸੀ ਅਤੇ ਮੁਲਤਾਨ , ਅਟਕ , ਨੌਸ਼ਹਿਰਾ ਆਦਿ ਦੀਆਂ ਲੜਾਈਆਂ ਵਿਚ ਇਸ ਦੇ ਸੈਨਾ-ਦਲ ਨੇ ਆਪਣੇ ਬੇਮਿਸਾਲ ਜੌਹਰ ਦਿਖਾਏ ਸਨ। ਅਕਾਲੀ ਸਾਧੂ ਸਿੰਘ ਮੁਲਤਾਨ ਦੇ ਕਿਲ੍ਹੇ ਵਿਚ ਦਾਖ਼ਲ ਹੋ ਕੇ ਨਵਾਬ ਨੂੰ ਮਾਰਦਾ ਹੋਇਆ ਸ਼ਹੀਦ ਹੋਇਆ ਸੀ। ਸੰਨ 1849 ਈ. ਵਿਚ ਸਿੱਖ ਫ਼ੌਜਾਂ ਦੀ ਹਾਰ ਤੋਂ ਬਾਦ ਅਕਾਲੀ ਸੈਨਿਕ ਦਲਾਂ ਨੂੰ ਤੋੜ ਦਿੱਤਾ ਗਿਆ। ਹੌਲੀ ਹੌਲੀ ਇਨ੍ਹਾਂ ਦੀ ਗਿਣਤੀ ਘਟਦੀ ਗਈ

            ਗੁਰਦੁਆਰਿਆਂ ਵਿਚ ਮਹੰਤਾਂ ਅਤੇ ਪੁਜਾਰੀਆਂ ਦੁਆਰਾ ਕੀਤੀਆਂ ਜਾ ਰਹੀਆਂ ਮਨਮਰਜ਼ੀਆਂ ਅਤੇ ਸਿੱਖ ਮਰਯਾਦਾ ਦੇ ਉਲਿੰਘਣ ਦੇ ਫਲਸਰੂਪ ਜਦ ਗੁਰਦੁਆਰਾ ਸੁਧਾਰ ਅੰਦੋਲਨ ਸ਼ੁਰੂ ਹੋਇਆ, ਤਾਂ ਸਭ ਤੋਂ ਪਹਿਲਾਂ ਅਕਾਲੀ-ਜੱਥਾ (ਸੇਵਕ ਜੱਥਾ) ਸੰਨ 1919 ਈ. ਵਿਚ ਸਿਆਲਕੋਟ ਵਿਚ ਕਾਇਮ ਹੋਇਆ ਅਤੇ ਉਸ ਨੇ ‘ਬਾਬੇ ਦੀ ਬੇਰ ’ ਗੁਰੂ-ਧਾਮ ਉਤੇ ਕਬਜ਼ਾ ਕਰ ਲਿਆ। ਦਸੰਬਰ 1920 ਵਿਚ ਸ਼੍ਰੋਮਣੀ ਅਕਾਲੀ ਦਲ , ਅੰਮ੍ਰਿਤਸਰ ਹੋਂਦ ਵਿਚ ਆਇਆ। ਇਸ ਅਕਾਲੀ ਦਲ ਨੇ ਗੁਰਦੁਆਰਿਆਂ ਦੇ ਸੁਧਾਰ ਲਈ ਇਕ ਮਜ਼ਬੂਤ ਲਹਿਰ ਚਲਾਈ। ਇਸ ਤਰ੍ਹਾਂ ਸੰਨ 1850 ਈ. ਤੋਂ ਲਗਭਗ 70 ਵਰ੍ਹੇ ਬਾਦ ਪਰਿਵਰਤਿਤ ਰੂਪ ਵਿਚ ਅਕਾਲੀ ਦਲ ਹੋਂਦ ਵਿਚ ਆਇਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4589, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅਕਾਲੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕਾਲੀ (ਅਖ਼ਬਾਰ): ਵੇਖੋ ‘ਰੋਜ਼ਾਨਾ ਅਕਾਲੀ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4587, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਅਕਾਲੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਅਕਾਲੀ : ਇਕ ਉਹ ਸ਼ਬਦ ਹੈ ਜੋ 1920 ਵਿਚ ਬਣੀ ਸਿੱਖਾਂ ਦੀ ਪ੍ਰਭਾਵਸ਼ਾਲੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ , ਦੇ ਮੈਂਬਰਾਂ ਨਾਲ ਸੰਬੰਧਿਤ ਹੈ ਅਤੇ ਉਹਨਾਂ ਗਰੁਪਾਂ ਲਈ ਭੀ ਵਰਤਿਆ ਜਾਂਦਾ ਹੈ ਜੋ ਸਮੇਂ ਸਮੇਂ ਤੇ ਇਸ ਨਾਲੋਂ ਟੁੱਟ ਕੇ ਇਸ ਨਾਂ ਵਾਲੇ ਦਲ ਬਣੇ। ਸ਼ੁਰੂ ਵਿਚ ਇਹ, ਅੰਮ੍ਰਿਤਧਾਰੀ ਸਿੱਖਾਂ ਵਿਚੋਂ ਹਥਿਆਰਬੰਦ ਅਤੇ ਡੂੰਘੇ ਧਾਰਮਿਕ ਜੋਸ਼ੀਲਿਆਂ ਦੇ ਸੰਗਠਨ ਨਿਹੰਗਾਂ ਲਈ ਵਰਤਿਆ ਜਾਂਦਾ ਸੀ। ਨਿਹੰਗ ਸ਼ਬਦ ਫ਼ਾਰਸੀ ਦੇ ਨਿਹੰਗ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਮਗਰਮੱਛ, ਘੜਿਆਲ, ਮੱਛ ਜਾਂ ਪਾਣੀ ਦਾ ਅਜਗਰ, ਜੋ ਭਿਆਨਕ ਕਠੋਰਤਾ ਅਤੇ ਨਿਡਰਤਾ ਦੇ ਗੁਣਾਂ ਦਾ ਸੂਚਕ ਹੈ। ਅਕਾਲੀ ਸ਼ਬਦ ਮੂਲ ਰੂਪ ਵਿਚ ਅਕਾਲ ਤੋਂ ਲਿਆ ਗਿਆ ਹੈ ਜੋ ਸਮਾਂ-ਅਤੀਤ ਹੈ। ਗੁਰੂ ਨਾਨਕ ਦੇਵ ਜੀ (1469-1539) ਨੇ ਪਰਮਾਤਮਾ ਨੂੰ ਅਕਾਲ ਮੂਰਤਿ , ਸਦੀਵੀ ਸੱਚ , ਕਿਹਾ ਹੈ। ਗੁਰੂ ਹਰਗੋਬਿੰਦ ਸਾਹਿਬ, (1595-1644) ਨੇ ਸ਼ਾਹੀ ਤੌਰ ਤਰੀਕਾ ਅਖ਼ਤਿਆਰ ਕਰ ਲਿਆ ਸੀ ਅਤੇ ਅੰਮ੍ਰਿਤਸਰ ਵਿਖੇ ਆਪਣੀ ਗੱਦੀ ਦਾ ਨਾਂ ਅਕਾਲ ਤਖ਼ਤ , ਸਦੀਵੀ ਗੱਦੀ, ਰੱਖਿਆ। ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਹੀ ਸਨ ਜਿਨ੍ਹਾਂ ਨੇ ਅਕਾਲ ਸ਼ਬਦ ਨੂੰ ਪਰਮਾਤਮਾ ਦੇ ਗੁਣਾਤਮਿਕ ਨਾਮ ਦੇ ਤੌਰ ਤੇ ਵਧੇਰੇ ਪ੍ਰਸਿੱਧ ਕੀਤਾ। ਉਹਨਾਂ ਦੇ ਸ਼ਬਦਾਂ ਦਾ ਇਕ ਸੰਗ੍ਰਹਿ ਹੈ, ਜਿਸ ਦਾ ਸਿਰਲੇਖ , ਅਕਾਲ ਉਸਤਤਿ (ਪਰਮਾਤਮਾ ਦੀ ਉਪਮਾ ਹੈ) ਹੈ। ਜਦੋਂ ਖੰਡੇ ਦਾ ਅੰਮ੍ਰਿਤ ਛਕਾ ਕੇ ਉਹਨਾਂ ਨੇ 1699 ਵਿਚ ਯੋਧਿਆਂ ਦੀ ਇਕ ਸੰਸਥਾ ਖ਼ਾਲਸਾ ਸਥਾਪਿਤ ਕੀਤੀ ਤਾਂ ਆਪ ਨੇ, ਉਹਨਾਂ ਨੂੰ ਜੰਗੀ ਬੋਲਾ ‘ਸਤਿ ਸ੍ਰੀ ਅਕਾਲ` (ਸੱਚ, ਮਹਾਨ ਅਤੇ ਸਮਾਂ ਅਤੀਤ) ਦਿੱਤਾ। ਇਹ ਸ਼ਾਇਦ ਇਸ ਜੰਗੀ ਬੋਲੇ ਤੋਂ ਹੀ ਸੀ ਕਿ ਭੱਟ , ਭੁਜੰਗੀ ਅਤੇ ਨਿਹੰਗ ਪੁਕਾਰੇ ਜਾਂਦੇ ਸਿੰਘ ਜਾਂ ਅੰਮ੍ਰਿਤਧਾਰੀ ਸਿੱਖ ਪਿੱਛੋਂ ਅਕਾਲੀ ਕਹਿਲਾਏ। ਭਾਵੇਂ ਕਿ ਨਿਹੰਗ ਆਪਣਾ ਨਿਕਾਸ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸਾਹਿਬਜ਼ਾਦਾ ਫਤਿਹ ਸਿੰਘ ਜੀ ਤੋਂ ਜਾਂ ਦਸਵੇਂ ਗੁਰੂ ਜੀ ਦੇ ਇਕ ਸਿੱਖ, ਭਾਈ ਮਾਨ ਸਿੰਘ, ਤੋਂ ਮੰਨਦੇ ਹਨ, ਪਰੰਤੂ ਸਭ ਤੋਂ ਪਹਿਲਾਂ ਅਕਾਲੀ ਇਕ ਉਪਾਧੀ ਦੇ ਤੌਰ ਤੇ ਅਠਾਰ੍ਹਵੀਂ ਸਦੀ ਦੇ ਨਿਹੰਗ ਅਤੇ ਸ਼ਹੀਦ ਮਿਸਲ ਵਿਚ ਛੋਟੇ ਆਗੂ ਨੈਣਾ ਸਿੰਘ ਦੇ ਨਾਂ ਨਾਲ ਲਗਾ ਵਿਖਾਈ ਦਿੰਦਾ ਹੈ। ਅੱਜ ਕੱਲ੍ਹ ਦੇ ਨਿਹੰਗਾਂ ਵਿਚ ਸਿਰਾਂ ਉਪਰ ਬੰਨੀ ਜਾਂਦੀ ਵੱਡੀ ਦਸਤਾਰ ਨੂੰ ਸ਼ੁਰੂ ਕਰਨ ਵਾਲਾ ਅਕਾਲੀ ਨੈਣਾ ਸਿੰਘ ਮੰਨਿਆ ਜਾਂਦਾ ਹੈ। ਅਕਾਲੀ, ਕਿਸੇ ਸਮੇਂ ਨੈਣਾ ਸਿੰਘ ਦੇ ਆਸ੍ਰਿਤ ਅਤੇ ਪੈਰੋਕਾਰ ਰਹੇ ਅਕਾਲੀ ਫੂਲਾ ਸਿੰਘ (ਅ.ਚ. 1823) ਦੇ ਅਧੀਨ ਇਕ ਸੰਗਠਿਤ ਫ਼ੌਜ ਦੇ ਰੂਪ ਵਿਚ ਪ੍ਰਸਿੱਧ ਹੋਏ। ਫੂਲਾ ਸਿੰਘ ਦੇ ਜਥੇ ਦੇ ਅਕਾਲੀ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਅਤੇ ਕੌਮ ਦੀ ਰੂਹ ਅਤੇ ਇਖ਼ਲਾਕ ਦੇ ਰਾਖੇ ਦੇ ਤੌਰ ‘ਤੇ ਇਕ ਵਖਰੇ ਗੁਣ ਵਜੋਂ ਹੋਂਦ ਵਿਚ ਆਏ ਸਨ। 1849 ਵਿਚ ਅੰਗਰੇਜ਼ਾਂ ਦੁਆਰਾ ਪੰਜਾਬ ਉੱਤੇ ਕਬਜ਼ਾ ਕਰਨ ਉਪਰੰਤ ਅਕਾਲੀ ਰੈਜਮੈਂਟਾਂ ਤੋੜ ਦਿੱਤੀਆਂ ਗਈਆਂ ਅਤੇ ਕੇਵਲ ਸੈਨਿਕ ਸੇਵਾ ਉਹਨਾਂ ਦਾ ਕਿੱਤਾ ਹੋਣ ਕਰਕੇ ਫ਼ੌਜ ਵਿਚ ਉਹਨਾਂ ਦੀ ਗਿਣਤੀ ਜਲਦੀ ਹੀ ਬਹੁਤ ਘੱਟ ਗਈ। 1892 ਦੀ ਜਨਗਣਨਾ ਵਿਚ “ਅਕਾਲੀ ਸਿੱਖ ਜਾਂ ਨਿਹੰਗ" ਸਿਰਫ 1,376 ਸਨ ਅਤੇ 1901 ਵਿਚ ਇਹ ਗਿਣਤੀ ਹੋਰ ਘੱਟ ਕੇ ਕੇਵਲ 431 ਰਹਿ ਗਈ। ਇਸ ਤੋਂ ਇਲਾਵਾ 136 ਉਹ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਜਾਤ ਪੱਖੋਂ ਅਕਾਲੀ ਲਿਖਵਾਇਆ ਸੀ। ਇਹਨਾਂ ਵਿਚੋਂ 457 ਪੁਰਸ਼ ਅਤੇ 110 ਇਸਤਰੀਆਂ ਸਨ। ਗੁਰਦੁਆਰਾ ਸੁਧਾਰ ਲਹਿਰ (1920-25) ਸਮੇਂ ਅਕਾਲੀ ਸ਼ਬਦ ਸੁਧਾਰਕਾਂ ਨਾਲ ਜੁੜ ਗਿਆ ਜਿਨ੍ਹਾਂ ਨੇ ਆਪਣੇ ਆਪ ਨੂੰ ਇਕ ਰਾਜਨੀਤਿਕ ਸੰਸਥਾ ‘ਸ਼੍ਰੋਮਣੀ ਅਕਾਲੀ ਦਲ` ਦੇ ਤੌਰ ਤੇ ਸੰਗਠਿਤ ਕਰ ਲਿਆ। ਏਥੋਂ ਤਕ ਕਿ ਸੁਧਾਰ ਲਹਿਰ ਨੂੰ ਵੀ ਅਕਾਲੀ ਲਹਿਰ ਕਰਕੇ ਜਾਣਿਆ ਜਾਂਦਾ ਸੀ। 1930 ਦੇ ਅਧ ਵਿਚ ਇਕ ਵਿਰੋਧੀ ਸੰਸਥਾ ਹੋਂਦ ਵਿਚ ਆਈ ਜਿਸ ਨੇ ਵੀ ਆਪਣਾ ਨਾਂ ‘ਸੈਂਟਰਲ ਅਕਾਲੀ ਦਲ` ਰੱਖ ਲਿਆ। ਨਿਹੰਗਾਂ ਨੂੰ ਹੁਣ ਅਕਾਲੀ ਨਹੀਂ ਕਿਹਾ ਜਾਂਦਾ। ਸਭ ਤੋਂ ਪਿੱਛੋਂ ਦਾ ਪ੍ਰਸਿੱਧ ਨਿਹੰਗ ਅਕਾਲੀ ਕੌਰ ਸਿੰਘ (1886-1953) ਸੀ ਜਿਸ ਨੂੰ ਅਕਾਲੀ ਕਰਕੇ ਜਾਣਿਆ ਜਾਂਦਾ ਸੀ।


ਲੇਖਕ : ਮ.ਗ.ਸ. ਅਤੇ ਅਨੁ. ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4585, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਅਕਾਲੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਅਕਾਲੀ : ‘ਅਕਾਲੀ’ ਸ਼ਬਦ ਅਕਾਲ ਤੋਂ ਬਣਿਆ ਹੈ ਜਿਸ ਦੇ ਕੌਸ਼ਗਤ ਅਰਥ ਹਨ ਅਬਿਨਾਸੀ, ਕਾਲਰਹਿਤ, ਮੌਤ ਤੋਂ ਬਿਨਾ। ‘ਅਕਾਲ’ ਸ਼ਬਦ ਆਦਿ ਗ੍ਰੰਥ ਦੇ ‘ਮੂਲ ਮੰਤ੍ਰ’ ਵਿਚ ਵਰਤਿਆ ਗਿਆ ਹੈ ਅਤੇ ਇਹ ਪਰਮਾਤਮਾ ਦਾ ਵਿਸ਼ੇਸ਼ਣ ਹੈ ਜਿਸ ਤੋਂ ਭਾਵ ਹੈ ਕਾਲਰਹਿਤ ਪ੍ਰਭੂ। ਇਸ ਸ਼ਬਦ ਦਸ਼ਮੇਸ਼ ਗੁਰੂ ਨੇ ਵਾਹਿਗੁਰੂ ਲਈ ਵਰਤਿਆ ਹੈ। “ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ” (ਬਚਿਤ੍ਰ ਨਾਟਕ) ਅਤੇ ਇਸੇ ਅਕਾਲ ਦੀ ਮਹਿਮਾ ਦਾ ਇਕ ਸਤੋਤ੍ਰ ‘ਅਕਾਲ ਉਸਤਤਿ’ ਹੈ। ‘ਅਕਾਲੀ’ ਸ਼ਬਦ ਆਮ ਤੌਰ ਤੇ ਨਿਹੰਗ ਸਿੰਘ ਲਈ ਵਰਤਿਆ ਜਾਂਦਾ ਰਿਹਾ ਹੈ।

          ਸੋ ਅਕਾਲੀ ਜਾਂ ਨਿਹੰਗ ਅਕਾਲ ਪੁਰਖ ਦੇ ਅਨੁਯਾਈ ਸਿੱਘਾਂ ਜਾਂ ਸਿੱਖਾਂ ਦਾ ਉਹ ਦਲ ਹੈ ਜਿਹੜਾ ਮੋਤ ਦਾ ਸੰਕੋਚ ਤਿਆਗ ਕੇ, ਮਾਇਆ ਤੋਂ ਨਿਰਲੇਪ ਅਕਾਲ ਅਕਾਲ ਕਹਿੰਦਾ ਹਰ ਵੇਲੇ ਸ਼ਹੀਦੀ ਪਾਉਣ ਨੂੰ ਤਿਆਰ ਰਹਿੰਦਾ ਹੈ। ਅਕਾਲੀ ਸੰਪ੍ਰਦਾਇ ਦਾ ਆਰੰਭ ਸਤਾਰ੍ਹਵੀਂ ਸਦੀ ਈ. ਵਿਚ ਦਸ਼ਮੇਸ਼ ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਹੋਇਆ ਜਦ ਉਨ੍ਹਾਂ ਨੇ ਆਪਣੇ ਨਿਰਸੁਆਰਥ, ਵੀਰਤਾ ਅਤੇ ਸ਼ਹੀਦੀ ਲਈ ਹਰ ਵੇਲੇ ਤਿਆਰ, ਅਕਾਲ ਪੁਰਖ ਨੂੰ ਸਦਾ ਸਹਾਈ ਮੰਨਣ ਵਾਲੇ ਸਿੰਘਾਂ ਨੂੰ ਅਕਾਲੀਆਂ ਜਾਂ ਨਿਹੰਗਾਂ ਦਾ ਨਾਉਂ ਬਖ਼ਸ਼ਿਆ। ਸਿਰ ਉਤੇ ਫ਼ਰਹਰੇ ਵਾਲਾ ਉੱਚਾ ਦੁਮਾਲਾ, ਚੱਕਰ, ਤੋੜਾ, ਖੰਡਾ ਕ੍ਰਿਪਾਨ, ਰਾਜਗਾਹ ਆਦਿ ਸ਼ਸ਼ਤ੍ਰ ਅਤੇ ਨੀਲਾ ਬਾਣਾ ਇਨ੍ਹਾਂ ਅਕਾਲੀਆਂ ਦੀ ਵੇਸ਼–ਭੂਸ਼ਾ ਸੀ। ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਨੇ ਉੱਚ ਪੀਰ ਵਾਲਾ ਨੀਲਾ ਬਾਣਾ ਅੱਗ ਵਿਚ ਸਾੜਿਆ ਪਰ ਉਸ ਦੀ ਇਕ ਲੀਰ ਕਟਾਰ ਨਾਲ ਬੰਨ੍ਹੀ ਜਿਸ ਤੋਂ ਨੀਲ ਬਸਤਰ ਸੰਪ੍ਰਦਾਇ ਚੱਲੀ।

          ਗੁਰੂ ਸਾਹਿਬ ਦੇ ਸਮੇਂ ਤੋਂ ਹੀ  ਆਪਣੀ ਵਿਸ਼ੇਸ਼ ਧਾਰਮਿਕ ਉਤਪਤੀ ਕਾਰਣ ਅਕਾਲੀ ਆਪਣੇ ਆਪ ਨਟੂੰਘ ਸਿੱਖ ਧਰਮ ਤੇ ਸਿੱਖ ਆਦਰਸ਼ਾਂ ਦੇ ਰਾਖੇ ਸਮਝਦੇ ਹਰੇ ਹਨ ਅਤੇ ਇਹ ਕਰਤੱਵ ਚੰਗੀ ਤਰ੍ਹਾਂ ਨਿਭਾਉਂਦੇ ਵੀ ਰਹੇ ਹਨ। ਅਕਾਲੀ ਫੂਲਾ ਸਿੰਘ ਅਤੇ ਅਕਾਲੀ ਸਾਧੂ ਸਿੰਘ ਦੇ ਨਾਉਂ ਸਿੱਖ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਵਿਚ ਲਿਖਣਯੋਗ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਨੇ 1818 ਈ. ਵਿਚ ਮੁਲਤਾਨ ਅਤੇ 1823 ਈ. ਵਿਚ ਅਟਕ ਉਤੇ ਜਿੱਤ ਪ੍ਰਾਪਤ ਕੀਤੀ। ਅਕਾਲੀ ਸਿੰਘ ਹਾਕਮਾਂ ਨੂੰ ਨੈਤਿਕਤਾ ਦੇ ਰਾਹ ਉੱਤੇ ਚਲਣ ਲਈ ਪ੍ਰੇਰਦੇ ਰਹੇ, ਅਤੇ ਮਹਾਰਾਜਾ ਰਣਜੀਤ ਸਿੰਘ ਅਤੇ ਪਟਿਆਲਾ ਪਤੀ ਮਹਾਰਾਜਾ ਨਰਿੰਦਰ ਸਿੰਘ ਨੂੰ ਉਨ੍ਹਾਂ ਦੀਆਂ ਨੈਤਿਕ ਉਕਾਈਆਂ ਬਦਲੇ ਸਜ਼ਾ ਦੇਣ ਤੋਂ ਵੀ ਗੁਰੇਜ਼ ਨਹੀਂ ਕੀਤਾ।

          ਵੀਹਵੀਂ ਸਦੀ ਈ. ਦੇ ਮੱਧ ਤਕ ਸਿੱਖਾਂ ਦਾ ਇਹ ਵਿਸ਼ੇਸ਼ ਦਲ ਧਰਮ ਅਤੇ ਗੁਰਦੁਆਰਿਆਂ ਦੀ ਰਾਖੀ ਕਰਦਾ ਰਿਹਾ। ਲੇਕਿਨ ਅੰਗ੍ਰੇਜ਼ੀ ਰਾਜ ਮਗਰੋਂ ਆਈਆਂ ਕਈ ਸਮਾਜਕ ਤਬਦੀਲੀਆਂ ਨਾਲ ਸਿੱਖਾਂ ਵਿਚ ਵੀ ਖਾਲਸਾ ਦੀਵਾਨ ਅਤੇ ਸਿੰਘ ਸਭਾ ਵਰਗੀਆਂ ਸੰਸਥਾਵਾਂ ਕਾਇਮ ਹੋਈਆਂ। ਇਸ ਲੰਮੇ ਸਮੇਂ ਤੋਂ ਗੁਰਦੁਆਰਿਆਂ ਤੇ ਕਾਬਿਜ਼ ਤੁਰੇ ਆਏ ਮਹੰਤਾਂ ਵੱਲੋਂ ਉਨਾਂ ਦੀ ਸੇਵਾ ਸੰਭਾਲ ਵਿਚ ਫ਼ਰਕ ਆ ਗਿਆ ਸੀ ਅਤੇ ਸਿੱਖ ਮਰਯਾਦਾ ਭੰਗ ਹੋ ਰਹੀ ਸੀ। ਸਿੰਘ ਸਭਾਵਾਂ ਅਤੇ ਖਾਲਸਾ ਦੀਵਾਨ ਪੜ੍ਹੇ ਲਿਖੇ ਲੋਕਾਂ ਵਿਚ ਜਾਗ੍ਰਿਤੀ ਤਾਂ ਲਿਆ ਰਹੇ ਸਨ, ਪਰ ਇਹ ਕੰਮ ਕੇਵਲ ਸ਼ਹਿਰਾਂ ਤਕ ਹੀ ਸੀਮਤ ਸੀ। ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਲਈ ਪਹਿਲਾਂ ਅਕਾਲੀ ਜੱਥਾ (ਸੇਵਕ ਜੱਥਾ) 1919 ਈ. ਵਿਚ ਸਿਆਲਕੋਟ ਕਾਇਮ ਹੋਇਆ ਜਿਸ ਨੇ ‘ਬਾਬੇ ਦੀ ਬੇਰ’ ਗੁਰਦੁਆਰੇ ਉਤੇ ਕਬਜ਼ਾ ਕਰ ਲਿਆ। ਮਈ 1920 ਵਿਚ ਹਰਚੰਦ ਸਿੰਘ ਨੇ ਆਪਣੇ ਅਖ਼ਬਾਰ ‘ਖਾਲਸਾ ਅਖ਼ਬਾਰ’ ਦਾ ਨਾਂ ਬਦਲ ਕੇ ‘ਅਕਾਲੀ’ ਰੱਖਿਆ।  ਦਸੰਬਰ 1920 ਵਿਚ ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਵਿਚ ਕਾਇਮ ਹੋਇਆ। ਇਸ ਦਲ ਨੇ ਗੁਰਦੁਆਰਿਆਂ ਦੇ ਸੁਧਾਨ ਲਈ ਲਹਿਰ ਚਲਾਈ ਅਤੇ ਇਹ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਇਮ ਕਰਵਾਉਣ ਵਿਚ ਸਫਲ ਹੋਇਆ।  ਬਾਬਾ ਖੜਕ ਸਿੰਘ, ਮਾਸਟਰ ਮਹਿਤਾਬ ਸਿੰਘ, ਸ. ਸੁੰਦਰ ਸਿੰਘ ਲਾਇਲਪੁਰ, ਮਾਸਟਰ ਤਾਰਾ ਸਿੰਘ ਦੀ ਅਗਵਾਈ ਹੇਠ ਇਸ ਪਾਰਟੀ ਨ ਇਕ ਜ਼ੋਰਦਾਰ ਮੁਹਿੰਮ ਰਾਹੀਂ ਪੰਜਾਬ ਅਤੇ ਸਮੁੱਚੇ ਭਾਰਤ ਦੀ ਰਾਜਨੀਤੀ ਨੂੰ ਪ੍ਰਭਾਵਿਤ ਕੀਤਾ। ਇਹ ਪੰਜਾਬ ਦੀ ਲੋਕ ਲਹਿਰ ਬਣ ਗਈ ਅਤੇ ਅਕਾਲੀ ਜੱਥੇ ਹਰੇਕ ਥਾਂ ਸਮਮਾਨੇ ਜਾਂਦੇ ਅਤੇ

                   ਆ ਗਈ ਫ਼ੌਜ ਅਕਾਲੀ। ਡੇਰੇ ਕਰ ਦਿਓ ਖਾਲੀ।

                   ਤੂੰ ਬਾਹੁੜ ਪੰਥ ਦੇ ਵਾਲੀ। ਤੇਰੀ ਆ ਗਈ ਫ਼ੌਜ ਅਕਾਲੀ।

                   ਗੀਤ ਹਰ ਇਕ ਦੀ ਜ਼ਬਾਨ ਤੇ ਹੁੰਦਾ ਸੀ।

          ਸੰਨ 1936–37 ਈ. ਵਿਚ ਜਦੋਂ ਭਾਰਤ ਵਿਚ ਚੋਣਾਂ ਹੋਈਆਂ ਤਾਂ ਅਕਾਲੀ ਦਲ ਦੇ ਰਾਜਨੀਤੀ ਵਿਚ ਵੀ ਪ੍ਰਵੇਸ਼ ਕੀਤਾ। ਇਸ ਨਵੀਂ ਲਹਿਰ ਦੇ ਫਲਸਰੂਪ ਪਰੰਪਰਾਗਤ ਨਿਹੰਗ ਅਕਾਲੀ ਅਤੇ ਅਕਾਲੀ ਦਲ ਦੋ ਵੱਖ ਵੱਖ ਸੰਸਥਾਵਾਂ ਬਣ ਗਈਆਂ।

          ਪੰਜਾਬੀ ਸਾਹਿੱਤ ਨੂੰ ਅਕਾਲੀ ਲਹਿਰ ਨੇ ਬਹੁਤ ਪ੍ਰਭਾਵਿਤ ਕੀਤਾ। ਗਿਆਨੀ ਹੀਰਾ ਸਿੰਘ ਦਰਦ, ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਫੀਰੋਜ਼ਦੀਨ ਸ਼ਰਫ ਅਤੇ ਵਿਧਾਤਾ ਸਿੰਘ ਤੀਰ ਵਰਗੇ ਕਵੀ ਇਸੇ ਲਹਿਰ ਦੀ ਉਪਜ ਹਨ। ਇਨ੍ਹਾਂ ਅਤੇ ਕੁਝ ਹੋਰ ਸਾਹਿੱਤਕਾਰਾਂ/ਲੇਖਕਾਂ ਨੇ ਇਸ ਲਹਿਰ ਬਾਰੇ ਜਾਂ ਇਸ ਤੋਂ ਪ੍ਰਭਾਵਿਤ ਹੋ ਕੇ ਲਗਭਗ ਹਰ ਸਾਹਿੱਤ ਰੂਪ ਰਾਹੀਂ ਆਪਣੀ ਭਾਵ–ਅਭਿਵਿਅਕਤੀ ਨੂੰ ਪੇਸ਼ ਕੀਤਾ। ਆਪਣੀ ਸਥਾਪਨਾ ਤੋਂ ਹੀ ਅਕਾਲੀ ਦਲ ਪੰਜਾਬ ਦੀ ਰਾਜਨੀਤੀ ਵਿਚ ਕਾਫ਼ੀ ਸਰਗਰਮ ਰਿਹਾ ਹੈ। ਅੱਜਕਲ੍ਹ  ਇਹ ਕੁਝ ਧੜਿਆਂ (ਲੌਂਗੋਵਾਲ, ਤਲਵੰਡੀ, ਮਾਸਟਰ ਤਾਰਾ ਸਿੰਘ ਧੜੇ ਆਦਿ) ਵਿਚ ਵੰਡਿਆ ਹੋਇਆ ਹੈ।


ਲੇਖਕ : ਡਾ. ਮਹਿੰਦਰ ਪਾਲ ਕੋਹਲੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3625, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-07-31, ਹਵਾਲੇ/ਟਿੱਪਣੀਆਂ: no

ਅਕਾਲੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਅਕਾਲੀ, ਪੁਲਿੰਗ : ੧. ਅਕਾਲ ਦਾ ਉਪਾਸ਼ਕ, ਨਿਹੰਗ ਸਿੰਘ; ੨. ਅਕਾਲੀ ਦਲ ਦਾ ਮੈਂਬਰ, ਵਿਸ਼ੇਸ਼ਣ : ਸਦਾ ਰਹਿਣ ਵਾਲਾ, ਅਕਾਲ ਪੁਰਖ ਦਾ

–ਅਕਾਲੀਆ, ਪੁਲਿੰਗ : ਅਕਾਲੀ

–ਅਕਾਲੀ ਦਲ, ਪੁਲਿੰਗ : ਇਕ ਸੰਸਥਾ ਜੋ ੧੯੨0 ਵਿਚ ਗੁਰਦਵਾਰਿਆਂ ਦੇ ਸੁਧਾਰ ਲਈ ਬਣੀ ਸੀ ਤੇ ਅੱਗੇ ਜਾ ਕੇ ਸਿੱਖਾਂ ਦੀ ਰਾਜਨੀਤਕ ਪਾਰਟੀ ਬਣ ਗਈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1712, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-01-03-29-55, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First