ਕਤਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਤਲ [ਨਾਂਪੁ] ਜਾਨੋਂ ਮਾਰਨ ਦਾ ਭਾਵ, ਹੱਤਿਆ, ਖ਼ੂਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4927, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਤਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Murder_ਕਤਲ: ਕਤਲ ਦੇ ਅਪਰਾਧ ਨੂੰ ਪਰਿਭਾਸ਼ਤ ਕਰਦੇ ਹੋਈ ਭਾਰਤੀ ਦੰਡ ਸੰਘਤਾ ਦੀ ਧਾਰਾ 300 ਵਿਚ ਨਿਮਨ-ਅਨੁਸਾਰ ਉਪਬੰਧ ਕੀਤਾ ਗਿਆ ਹੈ:-

       ‘‘ਇਸ ਵਿਚ ਇਸ ਤੋਂ ਪਿਛੋਂ ਅਪਵਾਦਤ ਸੂਰਤਾਂ ਦੇ ਸਿਵਾਏ ਅਪਰਾਧਕ ਮਨੁੱਖ-ਹੱਤਿਆ ਕਤਲ ਹੈ ਜੇ ਉਹ ਕਾਰਜ ਜਿਸ ਦੁਆਰਾ ਮੌਤ ਕਾਰਤ ਕੀਤੀ ਗਈ ਹੋਵੇ ਮੌਤ ਕਾਰਤ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਹੋਵੇ, ਜਾਂ

       ਦੂਜੇ-ਜੇ ਉਹ ਅਜਿਹੀ ਸਰੀਰਕ ਹਾਨੀ ਕਾਰਤ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਹੋਵੇ, ਜਿਸ ਬਾਰੇ ਅਪਰਾਧੀ ਜਾਣਦਾ ਹੈ ਕਿ ਉਸ ਨਾਲ ਉਸ ਵਿਅਕਤੀ ਦੀ ਮੌਤ ਕਾਰਤ ਹੋਣੀ ਸੰਭਾਵੀ ਹੈ ਜਿਸ ਨੂੰ ਹਾਨ ਕਾਰਤ ਕੀਤਾ ਗਿਆ ਹੈ, ਜਾਂ

       ਤੀਜੇ- ਜੇ ਉਹ ਕਿਸੇ ਵਿਅਕਤੀ ਨੂੰ ਸਰੀਰਕ ਹਾਨੀ ਕਾਰਤ ਕਰਨ ਦੇ ਇਰਾਦੇ ਨਾਲ ਕੀਤਾ ਗਿਆ ਹੋਵੇ, ਅਤੇ ਜੋ ਸਰੀਰਕ ਹਾਨੀ ਪਹੁੰਚਾਉਣ ਦਾ ਇਰਾਦਾ ਹੋਵੇ ਉਹ ਕੁਦਰਤ ਦੇ ਸਾਧਾਰਨ ਅਨੁਕ੍ਰਮ ਵਿਚ ਮੌਤ ਕਾਰਤ ਕਰਨ ਲਈ ਕਾਫ਼ੀ ਹੈ, ਜਾਂ

       ਚੌਥੇ- ਜੇ ਕਾਰਜ ਕਰਨ ਵਾਲਾ ਵਿਅਕਤੀ ਇਹ ਜਾਣਦਾ ਹੋਵੇ ਕਿ ਉਹ ਕਾਰਜ ਇੰਨਾ ਤੁਰੰਤ ਖ਼ਤਰਨਾਕ ਹੈ ਕਿ ਪੂਰਨ ਅਧਿਸੰਭਾਵਨਾ ਹੈ ਕਿ ਉਹ ਮੌਤ ਕਾਰਤ ਕਰ ਹੀ ਦੇਵੇਗਾ ਜਾਂ ਅਜਿਹੀ ਸਰੀਰਕ ਹਾਨੀ ਕਾਰਤ ਕਰ ਹੀ ਦੇਵੇਗਾ ਜਿਸ ਨਾਲ ਮੌਤ ਕਾਰਤ ਹੋ ਜਾਣਾ ਸੰਭਾਵੀ ਹੈ, ਅਤੇ ਉਹ ਮੌਤ ਕਾਰਤ ਕਰਨ ਜਾਂ ਉਪਰੋਕਤ ਜਿਹੀ ਹਾਨੀਕਾਰਤ ਕਰਨ ਦੀ ਜੋਖਮ ਉਠਾਉਣ ਦੇ ਲਈ ਕਿਸੇ ਕਾਰਨ ਤੋਂ ਬਿਨਾਂ ਅਜਿਹਾ ਕਾਰਜ ਕਰੇ।’’

       ਵੇਖਣ ਵਾਲੀ ਗੱਲ ਇਹ ਹੈ ਕਿ ਕਤਲ ਦੀ ਪਰਿਭਾਸ਼ਾ ਅਪਰਾਧਕ ਮਨੁੱਖ ਹੱਤਿਆ ਦੇ ਫੈਲਾਵਟੀ ਰੂਪ ਵਿਚ ਕੀਤੀ ਗਈ ਹੈ ਅਤੇ ਦੋਹਾਂ ਵਿਚ ਭਿੰਨਤਾ ਬਿਆਨ ਕੀਤੀ ਗਈ ਹੈ। ਇਸ ਅੰਤਰ-ਸਬੰਧ ਅਤੇ ਆਪਸੀ ਨਿਖੇੜੇ ਨੂੰ ਆਂਧਰਾ ਪ੍ਰਦੇਸ਼ ਰਾਜ ਬਨਾਮ ਰੈਯਾਵਰਾਪੂ-ਪੂਣੈ (1977 ਕ੍ਰਿ ਜ 1) ਵਿਚ ਸਪਸ਼ਟ ਕੀਤਾ ਗਿਆ ਹੈ ਜੋ ਸੰਵਿਧਾਨ ਦੇ ਅਨੁਛੇਦ 141 ਦੀ ਅਨੁਸਾਰਤਾ ਵਿਚ  ਕਾਨੂੰਨ ਦਾ ਦਰਜਾ ਰੱਖਦਾ ਹੈ। ਸਰਵ ਉੱਚ ਅਦਾਲਤ ਅਨੁਸਾਰ ਭਾਰਤੀ ਦੰਡ ਸੰਘਤਾ ਦੀ ਸਕੀਮ ਵਿਚ ਅਪਰਾਧਕ ਮਨੁੱਖ ਹੱਤਿਆ, ਜਿਨਸ ਅਥਵਾ ਮੋਟਾ ਅਪਰਾਧ ਹੈ ਅਤੇ ਕਤਲ ਉਸ ਦੀ ਕਿਸਮ ਹੈ। ਸਭ ਕਤਲ ਅਪਰਾਧਕ ਮਨੁੱਖ ਹੱਤਿਆ ਹੁੰਦੇ ਹਨ, ਪਰ ਹਰੇਕ ਅਪਰਾਧਕ ਮਨੁੱਖ ਹੱਤਿਆ ਕਤਲ ਨਹੀਂ ਹੁੰਦੀ। ਆਮ ਬੋਲਚਾਲ ਵਿਚ ਕਤਲ ਦੀਆਂ ਵਿਸ਼ੇਸ਼ ਖ਼ਾਸੀਅਤਾਂ ਤੋਂ ਬਿਨਾਂ ਅਪਰਾਧਕ ਮਨੁੱਖ ਹੱਤਿਆ ਕਤਲ ਦੀ ਕੋਟੀ ਵਿਚ ਨ ਆਉਣ ਵਾਲੀ ਅਪਰਾਧਕ ਮਨੁੱਖ, ਹੱਤਿਆ ਹੈ। ਇਸ ਮੋਟੇ ਅਥਵਾ ਜਿਨਸ ਜਾਂ ਪ੍ਰਜਾਤੀ ਅਪਰਾਧ ਦੀ ਗੰਭੀਰਤਾ ਦੇ ਅਨੁਪਾਤ ਵਿਚ ਸਜ਼ਾ ਨਿਯਤ ਕਰਨ ਦੇ ਪ੍ਰਯੋਜਨ ਲਈ ਸੰਘਤਾ ਵਿਚ ਅਪਰਾਧਕ ਮਨੁੱਖ ਹੱਤਿਆ ਦੇ ਤਿੰਨ ਦਰਜ ਮੰਨੇ ਗਏ ਹਨ। ਅਪਰਾਧਕ ਮਨੁੱਖ ਹੱਤਿਆ ਦਾ ਸਭ ਤੋਂ ਗੰਭੀਰ ਰੂਪ ਕਤਲ ਹੈ ਜਿਸ ਦੀ ਪਰਿਭਾਸ਼ਾ ਧਾਰਾ 300 ਵਿਚ ਦਿੱਤੀ ਗਈ ਹੈ। ਇਸ ਨੂੰ ਪਹਿਲੇ ਦਰਜੇ ਦੀ ਅਪਰਾਧਕ ਮਨੁੱਖ ਹੱਤਿਆ ਦਾ ਨਾਂ ਦਿੱਤਾ ਜਾ ਸਕਦਾ ਹੈ। ਇਸ ਤੋਂ ਹੇਠਲੀ ਪੌੜੀ ਉਤੇ ਆਉਂਦੀ ਅਪਰਾਧਕ ਮਨੁੱਖ ਹੱਤਿਆ, ਜਿਸ ਨੂੰ ਦੂਜੇ ਦਰਜੇ ਦੀ ਮਨੁੱਖ ਹੱਤਿਆ ਕਿਹਾ ਜਾ ਸਕਦਾ ਹੈ, ਜੋ ਧਾਰਾ 304 ਦੇ ਪਹਿਲੇ ਭਾਗ ਅਧੀਨ ਸਜ਼ਾਯੋਗ ਹੈ। ਉਸ ਤੋਂ ਪਿਛੋਂ ਤੀਜੇ ਦਰਜੇ ਦੀ ਅਪਰਾਧਕ ਮਨੁੱਖ ਹੱਤਿਆ ਆਉਂਦੀ ਹੈ ਜੋ ਅਪਰਾਧਕ ਮਨੁੱਖ ਹੱਤਿਆ ਦੀ ਸਭ ਤੋਂ ਹੇਠਲੀ ਕਿਸਮ ਹੈ ਅਤੇ ਇਸ ਅਪਰਾਧ ਲਈ ਉਪਬੰਧਤ ਸਜ਼ਾ ਵੀ ਤਿੰਨ ਦਰਜਿਆਂ ਲਈ ਉਪਬੰਧਤ ਸਜ਼ਾਵਾਂ ਵਿਚੋਂ ਸਭ ਤੋਂ ਘਟ ਹੈ। ਇਸ ਦਰਜੇ ਦੀ ਅਪਰਾਧਕ ਮਨੁੱਖ ਹੱਤਿਆ ਧਾਰਾ 304 ਦੇ ਦੂਜੇ ਭਾਗ ਅਧੀਨ ਸਜ਼ਾਯੋਗ ਹੈ।

       ਜਿਨ੍ਹਾਂ ਅਪਵਾਦਾਂ ਦਾ ਜ਼ਿਕਰ ਧਾਰਾ 300 ਦੇ ਮੁੱਢ ਵਿਚ ਕੀਤਾ ਗਿਆ ਹੈ ਅਤੇ ਜੋ ਕਿਸੇ ਅਪਰਾਧ ਨੂੰ ਕਤਲ ਦੀ ਕੋਟੀ ਵਿਚੋਂ ਕੱਢ ਕੇ ਅਪਰਾਧਕ ਮਨੁੱਖ ਹੱਤਿਆ ਦੀ ਕੋਟੀ ਵਿਚ ਲਿਆਉਂਦੇ ਹਨ ਉਹ ਨਿਮਨ-ਅਨੁਸਾਰ ਹਨ:-

       ਅਪਵਾਦ :1- ਅਪਰਾਧਕ ਮਨੁੱਖ-ਹੱਤਿਆ ਕਤਲ ਨਹੀਂ ਹੈ, ਜੇ ਅਪਰਾਧੀ ਉਸ ਵੇਲੇ ਜਦ ਉਹ ਗੰਭੀਰ ਅਤੇ ਅਚਾਨਕ ਭੜਕਾਹਟ ਦੁਆਰਾ ਸਵੈ-ਕਾਬੂ ਦੀ ਸ਼ਕਤੀ ਤੋਂ ਵਾਂਝਿਆ ਹੋਵੇ, ਉਸ ਵਿਅਕਤੀ ਦੀ ਮੌਤ ਕਾਰਤ ਕਰੇ ਜਿਸ ਨੇ ਭੜਕਾਹਟ ਦਿੱਤੀ ਸੀ , ਜਾਂ ਭੁੱਲ ਜਾਂ ਇਤਫ਼ਾਕ ਨਾਲ ਕਿਸੇ ਹੋਰ ਵਿਅਕਤੀ ਦੀ ਮੌਤ ਕਾਰਤ ਕਰੇ।

       ਅਪਵਾਦ :2- ਅਪਰਾਧਕ ਮਨੁੱਖ-ਹੱਤਿਆ ਕਤਲ ਨਹੀਂ ਹੈ ਜੇ ਅਪਰਾਧੀ, ਸਰੀਰ ਜਾਂ ਸੰਪਤੀ ਦੀ ਪ੍ਰਾਈਵੇਟ ਰੱਖਿਆ ਦੇ ਅਧਿਕਾਰ ਨੂੰ ਨੇਕਨੀਤੀ ਨਾਲ ਵਰਤੋਂ ਵਿਚ ਲਿਆਉਂਦੇ ਹੋਏ ਕਾਨੂੰਨ ਦੁਆਰਾ ਉਸ ਨੂੰ ਦਿੱਤੀ ਗਈ ਸ਼ਕਤੀ ਤੋਂ ਅੱਗੇ ਵਧ ਜਾਵੇ ਅਤੇ ਪੂਰਵ-ਚਿੰਤਨ ਤੋਂ ਬਿਨਾਂ ਅਤੇ ਅਜਿਹੀ ਰੱਖਿਆ ਦੇ ਪ੍ਰਯੋਜਨ ਲਈ ਜਿੰਨਾ ਹਾਨ ਕਰਨਾ ਜ਼ਰੂਰੀ ਹੈ ਉਸ ਤੋਂ ਵੱਧ ਹਾਨ ਕਰਨ ਦੇ ਕਿਸੇ ਇਰਾਦੇ ਤੋਂ ਬਿਨਾਂ ਉਸ ਵਿਅਕਤੀ ਦੀ ਮੌਤ ਕਾਰਤ ਕਰ ਦੇਵੇ ਜਿਸ ਦੇ ਵਿਰੁੱਧ ਉਹ ਰੱਖਿਆ ਦਾ ਅਜਿਹਾ ਅਧਿਕਾਰ ਵਰਤੋਂ ਵਿਚ ਲਿਆ ਰਿਹਾ ਹੋਵੇ।

       ਅਪਵਾਦ : 3- ਅਪਰਾਧਕ ਮਨੁੱਖ-ਹੱਤਿਆ ਕਤਲ ਨਹੀਂ ਹੈ ਜੇ ਅਪਰਾਧੀ,ਲੋਕ ਸੇਵਕ ਹੁੰਦੇ ਹੋਏ ਜਾਂ ਕਿਸੇ ਲੋਕ ਸੇਵਕ ਨੂੰ ਸਹਾਇਤਾ ਦਿੰਦੇ ਹੋਏ, ਜੋ ਲੋਕ ਨਿਆਂ ਦੀ ਉਨਤੀ ਲਈ ਕਾਰਜ ਕਰ ਰਿਹਾ ਹੋਵੇ, ਕਾਨੂੰਨ ਦੁਆਰਾ ਉਸ ਨੂੰ ਦਿੱਤੀਆਂ ਗਈਆਂ ਸ਼ਕਤੀਆਂ ਤੋਂ ਅੱਗੇ ਵਧ ਜਾਵੇ ਅਤੇ ਕੋਈ ਅਜਿਹਾ ਕਾਰਜ ਕਰਕੇ ਜਿਸ ਦਾ ਉਹ ਕਾਨੂੰਨ-ਪੂਰਨ ਅਤੇ ਅਜਿਹੇ ਲੋਕ ਸੇਵਕ ਦੀ ਹੈਸੀਅਤ ਵਿਚ ਆਪਣੇ ਕਰਤੱਵ ਦੇ ਠੀਕ ਨਿਭਾਉਣ ਲਈ ਜ਼ਰੂਰੀ ਹੋਣਾ ਨੇਕਨੀਤੀ ਨਾਲ ਵਿਸ਼ਵਾਸ ਕਰਦਾ ਹੋਵੇ ਅਤੇ ਉਸ ਵਿਅਕਤੀ ਦੇ ਪ੍ਰਤੀ, ਜਿਸ ਦੀ ਮੌਤ ਕਾਰਤ ਕੀਤੀ ਗਈ ਹੈ, ਮੰਦ-ਭਾਵਨਾ ਤੋਂ ਬਿਨਾਂ ਮੌਤ ਕਾਰਤ ਕਰੇ।

       ਅਪਵਾਦ :4- ਅਪਰਾਧਕ ਮਨੁੱਖ ਹੱਤਿਆ-ਕਤਲ ਨਹੀਂ ਹੈ ਜੇ ਉਹ ਅਚਾਨਕ ਝਗੜੇ ਤੋਂ ਪੈਦਾ ਹੋਏ ਤੈਸ਼ ਦੀ ਗਰਮੀ ਵਿਚ ਹੋਈ ਅਚਾਨਕ ਲੜਾਈ ਵਿਚ ਪੂਰਵ-ਚਿੰਤਨ ਤੋਂ ਬਿਨਾਂ ਅਤੇ ਅਪਰਾਧੀ ਦੁਆਰਾ ਅਯੋਗ ਲਾਭ ਉਠਾਏ ਜਾਂ ਨਿਰਦਇਤਾ ਨਾਲ ਜਾਂ ਅਸਾਧਾਰਨ ਤੌਰ ਤੇ ਕਾਰਜ ਕੀਤੇ ਬਿਨਾਂ ਕੀਤਾ ਗਿਆ ਹੋਵੇ।

       ਵਿਆਖਿਆ - ਅਜਿਹੀਆਂ ਹਾਲਤਾਂ ਵਿਚ ਇਹ ਤੱਤਹੀਣ ਹੈ ਕਿ ਕਿਹੜੀ ਧਿਰ ਭੜਕਾਹਟ ਦਿੰਦੀ ਹੈ ਜਾਂ ਪਹਿਲਾਂ ਹਮਲਾ ਕਰਦੀ ਹੈ।

       ਅਪਵਾਦ :5- ਅਪਰਾਧਕ ਮਨੁੱਖ ਹੱਤਿਆ ਕਤਲ ਨਹੀਂ ਹੈ ਜਦ ਉਹ ਵਿਅਕਤੀ ਜਿਸ ਦੀ ਮੌਤ ਕਾਰਤ ਕੀਤੀ ਗਈ ਹੈ, ਅਠਾਰਾਂ ਸਾਲ ਤੋਂ ਵੱਧ ਉਮਰ ਦਾ ਹੁੰਦੇ ਹੋਏ ਆਪਣੀ ਸੰਮਤੀ ਨਾਲ ਮੌਤ ਹੋਣ ਦਿੰਦਾ ਹੈ ਜਾਂ ਮੌਤ ਦਾ ਜੋਖਮ ਉਠਾਉਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4693, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਕਤਲ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਤਲ, (ਅਰਬੀ : ਕਤਲ) \ ਪੁਲਿੰਗ : ਜਾਨੋਂ ਮਾਰਨ ਦੀ ਕਿਰਿਆ, ਘਾਤ, ਹੱਤਿਆ, ਖ਼ੂਨ, (ਲਾਗੂ ਕਿਰਿਆ : ਹੋਣਾ, ਕਰਨਾ, ਕਰਾਉਣਾ)

–ਕਤਲਆਮ,  ਅਰਬੀ / ਪੁਲਿੰਗ : (ਕਨੂੰਨੀ)  ਜਾਣ ਬੁਝ ਕੇ ਕਿਸੇ ਨੂੰ ਮਾਰ ਦੇਣ ਦੀ ਕਿਰਿਆ, ਬੁੱਧ-ਖ਼ੂਨ

–ਕਤਲ ਅਮਦ,  (ਅਰਬੀ ਕਤਲ+ਆਮ) / (ਕਨੂੰਨੀ) ਪੁਲਿੰਗ :  ਅੰਨ੍ਹੇ ਵਾਹ ਵੱਢ-ਟੁੱਕ, ਵਾਢ, ਸਰਬ ਸੰਹਾਰ, ਆਮ ਕਤਲ, ਜੋ ਅੱਗੇ ਆਵੇ ਉਸ ਨੂੰ ਮਾਰ ਦੇਣ ਦੀ ਕਿਰਿਆ

–ਕਤਲ ਗੜ੍ਹ,   (ਅਰਬੀ : ਕਤਲ+ਹਿੰਦੀ : ਗੜ੍ਹ=ਘਰ) / ਪੁਲਿੰਗ :  ੧. ਕਤਲ ਕਰਨ ਦੀ ਥਾਂ, ਕਤਲਗਾਹ; ੨. ਇੱਕ ਗੁਰਦਵਾਰੇ ਦਾ ਨਾਂ

–ਕਤਲ ਗੜ੍ਹੀ, ਇਸਤਰੀ ਲਿੰਗ :   ਸਢੌਰੇ ਵਿੱਚ ਸੈਹਵਾਨੀ ਸਯੱਦਾਂ ਦੇ ਮਹੱਲੇ ਸਾਈਂ ਬੁੱਧੂਸ਼ਾਹ ਦੀ ਹਵੇਲੀ ਜਿਥੇ ਜਮ੍ਹਾਂ ਹੋਏ ਕਈ ਸੌ ਮੁਸਲਮਾਨ ਬੰਦੇ ਬਹਾਦਰ ਦੇ ਹਮਲੇ ਵੇਲੇ ਕਤਲ ਹੋਏ ਸਨ

–ਕਤਲਗਾਹ, (ਅਰਬੀ ਕਤਲ+ ਫ਼ਾਰਸੀ : ਗਾਹ=ਥਾਂ) / ਇਸਤਰੀ ਲਿੰਗ :  ਉਹ ਥਾਂ ਜਿਥੇ ਆਦਮੀ ਕਤਲ ਕੀਤੇ ਜਾਂਦੇ ਹੋਣ ਜਾਂ ਜਿੱਥੇ ਜਲਾਦ ਦੋਸ਼ੀਆਂ ਨੂੰ ਕਤਲ ਕਰਦਾ ਹੈ

–ਕਤਲ ਦੀ ਰਾਤ,  ਇਸਤਰੀ ਲਿੰਗ : ੧. ਮੁਹੱਰਮ ਦੀ ਦਸਵੀਂ ਤਰੀਕ ਜਦੋਂ ਅਮਾਮ ਹੁਸੈਨ ਮਾਰਿਆ ਗਿਆ ਸੀ; ੨. ਸੰਕਟ ਦੀ ਰਾਤ

–ਕਤਲਨਾਮਾ,   (ਅਰਬੀ : ਕਤਲ+ ਫ਼ਾਰਸੀ : ਨਾਮਾ=ਨਵਿਸ਼ਤ) \ ਪੁਲਿੰਗ : ਜਿਸ ਹੁਕਮ ਰਾਹੀਂ ਕਤਲ ਕਰਨ ਦੀ ਆਗਿਆ ਦਿੱਤੀ ਹੋਵੇ

–ਕਤਲਬਾਜ਼,   (ਅਰਬੀ : ਕਤਲ+ ਫ਼ਾਰਸੀ : ਬਾਜ਼) \ ਪੁਲਿੰਗ : ਕਤਲ ਕਰਨ ਵਾਲਾ, ਕਤਲ ਕਰਨ ਦੀ ਮਨੋਬਿਰਤੀ ਵਾਲਾ

–ਕਤਲਾਮ,  (ਅਰਬੀ : ਕਤਲ=ਆਮ) \ ਪੁਲਿੰਗ : ਆਮ ਕਤਲ, ਅੰਨ੍ਹੇ ਵਾਹ ਦੀ ਵੱਢ ਟੁੱਕ
 
–ਕਤਲੋਗਾਰਤ,  ਇਸਤਰੀ ਲਿੰਗ :  ਖ਼ੂਨ ਖਰਾਬਾ, ਲੁੱਟ ਮਾਰ ਧਾੜ

–ਹੱਥ ਕਤਲ ਕਰਾਉਣੇ,  ਮੁਹਾਵਰਾ : ਹੱਥ ਵਢਾਉਣੇ, ਲਿਖ ਕੇ ਦੇ ਦੇਣਾ

–ਕੇਸ ਕਤਲ ਕਰਾਉਣੇ,  ਮੁਹਾਵਰਾ : ਕਿਸੇ ਕੇਸਧਾਰੀ ਸਿੱਖ ਦਾ ਵਾਲ ਕਟਵਾ ਦੇਣਾ, ਪਤਿਤ ਹੋ ਜਾਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1331, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-26-04-34-17, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.