ਕਪੂਰ ਸਿੰਘ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਪੂਰ ਸਿੰਘ. ਨਵਾਬ. ਸੰਮਤ ੧੭੯੭ ਵਿੱਚ ਸੂਬਾ ਲਹੌਰ ਨੇ ਸਬੇਗ ਸਿੰਘ ਵਕੀਲ ਦੀ ਰਾਹੀਂ ਨਵਾਬੀ ਖਿਤਾਬ, ਇੱਕ ਲੱਖ ਦੀ ਜਾਗੀਰ ਅਤੇ ਵਡਮੁੱਲਾ ਖਿਲਤ ਅਮ੍ਰਿਤਸਰ ਖ਼ਾਲਸੇ ਨੂੰ ਭੇਜਿਆ, ਤਾਕਿ ਪਰਸਪਰ ਮੇਲ ਹੋ ਜਾਵੇ, ਪਰ ਅਧਰਮੀ ਜਾਲਿਮਾਂ ਦੀ ਬਖ਼ਸ਼ਿਸ਼ ਕਿਸੇ ਸਿੰਘ ਨੇ ਲੈਣੀ ਪਸੰਦ ਨਾ ਕੀਤੀ. ਸਬੇਗ ਸਿੰਘ ਦੇ ਬਾਰ ਬਾਰ ਕਹਿਣ ਤੋਂ ਪੰਥ ਨੇ ਕਪੂਰ ਸਿੰਘ ਵਿਰਕ ਜੱਟ ਫ਼ੈਜੁੱਲਾਪੁਰੀਏ ਨੂੰ, ਜੋ ਉਸ ਵੇਲੇ ਦੀਵਾਨ ਵਿੱਚ ਪੱਖਾ ਕਰ ਰਿਹਾ ਸੀ, ਨਵਾਬ ਪਦਵੀ ਦਿੱਤੀ. ਇਹ ਧਰਮਵੀਰ ਪੰਥ ਦੀ ਵਡੀ ਸੇਵਾ ਕਰਦਾ ਰਿਹਾ, ਅਤੇ ਕਰਣੀ ਵਾਲੇ ਸਿੰਘਾਂ ਵਿੱਚ ਇਸ ਦੀ ਗਿਣਤੀ ਹੋਈ.

ਕਪੂਰ ਸਿੰਘ ਦਾ ਦੇਹਾਂਤ ਸੰਮਤ ੧੮੧੧ (ਸਨ ੧੭੫੩) ਵਿੱਚ ਅਮ੍ਰਿਤਸਰ ਹੋਇਆ, ਸਸਕਾਰ ਬਾਬਾ ਅਟਲ ਜੀ ਦੇ ਦੇਹਰੇ ਪਾਸ ਕੀਤਾ ਗਿਆ. ਦੇਖੋ, ਕਪੂਰਥਲਾ

੨ ਫੂਲਵੰਸ਼ ਦੇ ਰਤਨ ਗੁਰਦਿੱਤੇ ਦਾ ਪੋਤਾ ਅਤੇ ਸੂਰਤੀਏ ਦਾ ਪੁਤ੍ਰ, ਜਿਸ ਨੇ ਆਪਣੇ ਨਾਉਂ ਕਪੂਰਗੜ੍ਹ ਵਸਾਇਆ, ਜੋ ਹੁਣ ਨਾਭੇ ਰਾਜ ਵਿੱਚ ਹੈ. ਇਸ ਦੇ ਸੰਤਾਨ ਨਹੀਂ ਸੀ, ਇਸ ਲਈ ਰਾਜ ਦਾ ਮਾਲਿਕ ਕਪੂਰ ਸਿੰਘ ਦਾ ਛੋਟਾ ਭਾਈ ਹਮੀਰ ਸਿੰਘ ਹੋਇਆ। ੩ ਦੇਖੋ, ਕਪੂਰਾ ੧.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2477, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਪੂਰ ਸਿੰਘ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਪੂਰ ਸਿੰਘ (1628-1708): ਫ਼ਰੀਦਕੋਟ ਦੇ ਹਾਕਮ ਘਰਾਣੇ ਦਾ ਇਕ ਵਡੇਰਾ ਸੀ ਜਿਸ ਦਾ ਜਨਮ 1628 ਵਿਚ ਹੋਇਆ ਸੀ। ਇਸ ਦੇ ਪਿਤਾ ਦਾ ਨਾਂ ਲਾਲਾ ਸੀ। 1643 ਵਿਚ ਆਪਣੇ ਚਾਚੇ, ਭੱਲਣ, ਦੇ ਉੱਤਰਾਧਿਕਾਰੀ ਦੇ ਰੂਪ ਵਿਚ ਇਹ ਬਰਾੜ ਜੱਟਾਂ ਦਾ ਮੁਖੀ ਜਾਂ ਚੌਧਰੀ ਬਣਿਆ। ਇਹ ਇਕ ਬਹਾਦਰ ਅਤੇ ਯੋਗ ਵਿਅਕਤੀ ਸੀ। ਇਸ ਨੇ ਆਪਣੇ ਆਲੇ-ਦੁਆਲੇ ਦੇ ਇਲਾਕੇ ਵਿਚ ਭੱਟੀ ਅਤੇ ਹੋਰ ਕਬੀਲਿਆਂ ਉੱਪਰ ਕਈ ਜਿੱਤਾਂ ਹਾਸਲ ਕਰਕੇ ਉਹ ਇਲਾਕੇ ਆਪਣੇ ਕਬਜ਼ੇ ਅਧੀਨ ਕਰ ਲਏ ਸਨ। ਇਹ ਪਹਿਲਾਂ ਪੰਜ ਗਰਾਂਈਆਂ ਵਿਖੇ ਰਹਿੰਦੇ ਸੀ ਪਰ ਛੇਤੀ ਪਿੱਛੋਂ ਹੀ ਇਸ ਨੇ ਸਾਰਲੀਵਾਲਾ ਦੀ ਨੀਂਹ ਰੱਖ ਦਿੱਤੀ ਸੀ। ਬਗਿਆਣੇ ਨਜ਼ਦੀਕ ਸਥਿਤ ਇਹ ਸਥਾਨ ਅੱਜ-ਕੱਲ੍ਹ ਉਜੜਿਆ ਹੋਇਆ ਹੈ। ਛੇਤੀ ਹੀ ਇਸ ਨੇ ਸਾਰਲੀਵਾਲਾ ਨੂੰ ਤਿਆਗ ਕੇ ਇਕ ਨਵੇਂ ਨਗਰ ਦੀ ਮੋੜ੍ਹੀ ਗੱਡੀ ਸੀ। ਇਸ ਨਗਰ ਦਾ ਨਾਂ ਇਸ ਦੇ ਆਪਣੇ ਨਾਂ ਕਰਕੇ ਕੋਟ ਕਪੂਰਾ ਪਿਆ। ਇਸ ਨਗਰ ਦੀ ਨੀਂਹ ਇਸ ਨੇ 1661 ਵਿਚ ਭਾਈ ਭਗਤੂ ਦੀ ਸਲਾਹ ਉੱਪਰ ਰੱਖੀ ਸੀ। ਭਾਈ ਭਗਤੂ ਕੈਥਲ ਪਰਵਾਰ ਦੇ ਵਡੇਰੇ ਅਤੇ ਧਰਮਾਤਮਾ ਪੁਰਸ਼ ਸਨ। ਕਪੂਰ ਸਿੰਘ ਦੇ ਉਦਾਰ ਅਤੇ ਇਨਸਾਫ਼ ਪਸੰਦ ਸੁਭਾਅ ਕਾਰਨ ਇਸ ਨੂੰ ਚੰਗੀ ਪ੍ਰਸਿੱਧੀ ਪ੍ਰਾਪਤ ਹੋਈ ਸੀ। ਇਸ ਕਾਰਨ ਬਹੁਤ ਸਾਰੇ ਲੋਕ ਇੱਥੇ ਆਣ ਕੇ ਵੱਸ ਗਏ ਸਨ। ਛੇਤੀ ਹੀ ਇਹ ਸਥਾਨ ਬਹੁਤ ਮਹੱਤਵਪੂਰਨ ਬਣ ਗਿਆ ਸੀ। ਜਦੋਂ ਗੁਰੂ ਹਰਿਰਾਇ ਅਤੇ ਗੁਰੂ ਗੋਬਿੰਦ ਸਿੰਘ ਜੀ ਪ੍ਰਚਾਰ ਕਰਦੇ ਹੋਏ ਇਸ ਇਲਾਕੇ ਵਿਚੋਂ ਲੰਘੇ ਸਨ ਤਾਂ ਇਸ ਨੂੰ ਉਹਨਾਂ ਦੀ ਸੇਵਾ ਕਰਨ ਦਾ ਮੌਕਾ ਵੀ ਮਿਲਿਆ ਸੀ। ਇਹ ਕਿਹਾ ਜਾਂਦਾ ਹੈ ਕਿ ਇਸ ਨੇ ਦਸਮ ਪਾਤਸ਼ਾਹ ਦੇ ਹੱਥੋਂ ਖੰਡੇ ਦੀ ਪਾਹੁਲ ਗ੍ਰਹਿਣ ਕੀਤੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਇਕ ਕਿਰਪਾਨ ਅਤੇ ਢਾਲ ਸੁਗਾਤ ਵਜੋਂ ਦਿੱਤੀਆਂ ਸਨ। ਇਹ ਵਸਤਾਂ ਇਸ ਦੇ ਪਰਵਾਰ ਨੇ ਅੱਜ ਤਕ ਸੰਭਾਲ ਕੇ ਰੱਖੀਆਂ ਹੋਈਆਂ ਹਨ।

      1708 ਵਿਚ, ਅੱਸੀ ਸਾਲ ਦੀ ਉਮਰ ਵਿਚ, ਕਪੂਰ ਸਿੰਘ ਨੂੰ ਇਸ ਦੇ ਇਕ ਪੁਰਾਣੇ ਦੁਸ਼ਮਣ ਈਸਾ ਖ਼ਾਨ ਨਾਂ ਦੇ ਇਕ ਮੰਝ ਰਾਜਪੂਤ, ਜਿਸ ਨਾਲ ਇਸ ਦਾ ਇਕ ਪੁਰਾਣਾ ਝਗੜਾ ਚੱਲ ਰਿਹਾ ਸੀ, ਨੇ ਧੋਖੇ ਨਾਲ ਕਤਲ ਕਰ ਦਿੱਤਾ ਸੀ। ਕਪੂਰ ਸਿੰਘ ਦੇ ਪੁੱਤਰਾਂ-ਸੁੱਖੀਆ, ਸੇਮਾ ਅਤੇ ਮੁਖੀਆ- ਨੇ ਬਦਲੇ ਵਜੋਂ ਈਸਾ ਖ਼ਾਨ ਦਾ ਕਤਲ ਕਰ ਦਿੱਤਾ ਸੀ।


ਲੇਖਕ : ਸ.ਸ.ਭ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2425, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.