ਕ੍ਰੋਧ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕ੍ਰੋਧ [ਨਾਂਪੁ] ਗੁੱਸਾ, ਰੋਹ , ਵੱਟ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13732, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕ੍ਰੋਧ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕ੍ਰੋਧ. ਗੁੱਸਾ. ਰੋਹ. “ਕ੍ਰੋਧ ਬਿਨਾਸੈ ਸਗਲ ਬਿਕਾਰੀ.” (ਗਉ ਅ: ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13452, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕ੍ਰੋਧ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਕ੍ਰੋਧ: ਗੁਰੂ ਗ੍ਰੰਥ ਸਾਹਿਬ ਵਿਚ ਜਿਨ੍ਹਾਂ ਪੰਜ ਵਿਕਾਰਾਂ (ਕਾਮ, ਕ੍ਰੋਧ, ਲੋਭ , ਮੋਹ ਅਤੇ ਹੰਕਾਰ) ਤੋਂ ਬਚਣ ਦਾ ਬਾਰ ਬਾਰ ਜ਼ਿਕਰ ਆਇਆ ਹੈ, ਉਨ੍ਹਾਂ ਵਿਚ ‘ਕੋਧ ’ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਇਹ ਮਨ ਦੀ ਅਜਿਹੀ ਬਿਰਤੀ ਹੈ ਜਿਸ ਕਰਕੇ ਮਨੁੱਖ ਕਿਸੇ ਕਾਰਣ ਜਾਂ ਉਕਸਾਹਟ ਜਾਂ ਸੰਜਮ ਦੇ ਅਭਾਵ ਕਰਕੇ ਆਪਣਾ ਮਾਨਸਿਕ ਸੰਤੁਲਨ ਖੋਹ ਬਹਿੰਦਾ ਹੈ। ਉਸ ਅੰਦਰ ਵਿਨਾਸ਼ਕਾਰੀ ਰੁਚੀਆਂ ਸਿਰ ਚੁਕ ਲੈਂਦੀਆਂ ਹਨ, ਫਿਰ ਉਸ ਨੂੰ ਕੁਝ ਪਤਾ ਨਹੀਂ ਲਗਦਾ ਕਿ ਉਹ ਕੀ ਕਰ ਰਿਹਾ ਹੈ ਅਤੇ ਉਸ ਦਾ ਕੀ ਨਤੀਜਾ ਨਿਕਲੇਗਾ। ਇਕ ਕਿਸਮ ਦਾ ਪਾਗਲਪਨ ਉਸ ਉਤੇ ਸਵਾਰ ਹੋ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਨੇ ਗਉੜੀ ਰਾਗ ਵਿਚ ਸਪੱਸ਼ਟ ਕਿਹਾ ਹੈ ਕਿ ਕ੍ਰੋਧ ਨਾਲ ਗਿਆਨਹੀਨਤਾ ਦੀ ਅਵਸਥਾ ਪੈਦਾ ਹੋ ਜਾਂਦੀ ਹੈ, ਸੁੱਧ-ਬੁੱਧ ਵਿਸਰ ਜਾਂਦੀ ਹੈ ਅਤੇ ਉਸ ਨਾਲ ਕੁਝ ਵਸ ਨਹੀਂ ਚਲਦਾ— ਕਠਿਨ ਕ੍ਰਿੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਬਸਾਈ (ਗੁ.ਗ੍ਰੰ.219)। ਇਸ ਨੂੰ ਗੁਰਬਾਣੀ ਵਿਚ ‘ਚੰਡਾਲਤਕ ਕਿਹਾ ਗਿਆ ਹੈ ਅਤੇ ਕ੍ਰਿੋਧੀ ਵਿਅਕਤੀ ਦੇ ਸੰਪਰਕ ਨੂੰ ਤਿਆਗਣ ਉਤੇ ਬਲ ਦਿੱਤਾ ਗਿਆ ਹੈ— ਓਨਾ ਪਾਸਿ ਦੁਆਸਿ ਭਿਟੀਐ ਜਿਨ ਅੰਤਰ ਕ੍ਰਿੋਧੁ ਚੰਡਾਲਾ (ਗੁ.ਗ੍ਰੰ. 40)।

            ਪੰਜ ਵਿਕਾਰਾਂ ਤੋਂ ਕਈ ਪ੍ਰਕਾਰ ਦੇ ਮਾਨਸਿਕ ਅਤੇ ਸ਼ਰੀਰਿਕ ਰੋਗ ਲਗ ਜਾਂਦੇ ਹਨ। ਗੁਰੂ ਨਾਨਕ ਦੇਵ ਜੀ ਨੇ ‘ਓਅੰਕਾਰਬਾਣੀ ਵਿਚ ਦਸਿਆ ਹੈ ਕਿ ਇਹ ਰੋਗ ਸ਼ਰੀਰ ਨੂੰ ਇਸ ਤਰ੍ਹਾਂ ਗਾਲ ਦਿੰਦੇ ਹਨ ਜਿਵੇਂ ਸੁਹਾਗਾ ਸੋਨੇ ਨੂੰ ਢਾਲ ਦਿੰਦਾ ਹੈ— ਕਾਮੁ ਕ੍ਰਿੋਧੁ ਕਾਇਆ ਕਉ ਗਾਲੈ ਜਿਉ ਕੰਚਨ ਸੁਹਾਗਾ ਢਾਲੈ (ਗੁ.ਗ੍ਰੰ. 932)। ਬਾਬਾ ਫ਼ਰੀਦ ਨੇ ਵੀ ਕਿਹਾ ਹੈ ਕਿ ਮਨ ਵਿਚ ਗੁੱਸਾ (ਕ੍ਰਿੋਧ) ਕਰਨ ਦੀ ਥਾਂ ਬੁਰੇ ਦਾ ਵੀ ਭਲਾ ਕਰਨਾ ਚਾਹੀਦਾ ਹੈ, ਕਿਉਂਕਿ ਇਸ ਨਾਲ ਨ ਕੇਵਲ ਸ਼ਰੀਰ ਹੀ ਨਿਰੋਗ ਰਹਿੰਦਾ ਹੈ, ਸਗੋਂ ਚੰਗੇ ਕਰਮ ਕਰਨ ਦੀ ਫਲ-ਪ੍ਰਾਪਤੀ ਵੀ ਹੁੰਦੀ ਹੈ— ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਹਢਾਇ ਦੇਹੀ ਰੋਗੁ ਲਗਈ ਪਲੈ ਸਭੁ ਕਿਛੁ ਪਾਇ (ਗੁ.ਗ੍ਰੰ. 1381-82)।

            ਗੁਰਬਾਣੀ ਵਿਚ ਕ੍ਰਿੋਧ ਤੋਂ ਬਚਣ ਦੇ ਉਪਾ ਵੀ ਦਸੇ ਗਏ ਹਨ। ਇਨ੍ਹਾਂ ਵਿਚੋਂ ਪ੍ਰਮੁਖ ਸਚ ਅਤੇ ਸੰਜਮ ਹਨ। ਇਨ੍ਹਾਂ ਉਪਾਵਾਂ ਦੀ ਪ੍ਰਾਪਤੀ ਗੁਰੂ ਦੇ ਸ਼ਬਦ ਦੁਆਰਾ ਹੁੰਦੀ ਹੈ— ਸਚੁ ਸੰਜਮੁ ਸਤਿਗੁਰੂ ਦੁਆਰੈ ਹਉਮੈ ਕ੍ਰਿੋਧੁ ਸਬਦਿ ਨਿਵਾਰੈ (ਗੁ.ਗ੍ਰੰ. 1059)। ਸਤਿਗੁਰ ਦਾ ਸ਼ਬਦ ਕ੍ਰਿੋਧ ਨੂੰ ਭਸਮ ਕਰ ਦਿੰਦਾ ਹੈ— ਸਤਿਗੁਰ ਸਬਦ ਕ੍ਰੋਧ ਜਲਾਵੈ

            ਗੁਰੂ ਅਰਜਨ ਦੇਵ ਜੀ ਨੇ ਸਹਸਕ੍ਰਿਤੀ ਸ਼ਲੋਕਾਂ ਵਿਚ ਕ੍ਰਿੋਧ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਹੈ ਕਿ ਹੇ ਦਇਆ- ਹੀਨ ਕ੍ਰਿੋਧ! ਤੂੰ ਵਿਸ਼ਈ ਵਿਅਕਤੀਆਂ ਨੂੰ ਵਸ ਵਿਚ ਕਰਕੇ ਬੰਦਰ ਵਾਂਗ ਨਾਚ ਨਚਾਉਂਦਾ ਹੈ ਅਤੇ ਉਨ੍ਹਾਂ ਨੂੰ ਅਧਮ ਬਣਾਉਂਦਾ ਹੈਂ। ਦੀਨ ਦਿਆਲ ਪ੍ਰਭੂ ਹੀ ਸਾਰਿਆਂ ਦੀ ਤੇਰੇ ਤੋਂ ਰਖਿਆ ਕਰਦਾ ਹੈ— ਹੇ ਕਲਿ ਮੂਲ ਕ੍ਰਿੋਧੰ ਕਦੰਚ ਕਰੁਣਾ ਉਪਰਜਤੇ ਬਿਖਯੰਤ ਜੀਵੰ ਵਸ੍ਹੰ ਕਰੋਤਿ ਨਿਰਤ੍ਹੰ ਕਰੋਤਿ ਜਥਾ ਮਰਕਟਹ ਅਨਿਕ ਸਾਸਨ ਤਾੜੰਤਿ ਜਮਦੂਤਹ ਤਵ ਸੰਗੇ ਅਧਮੰ ਨਰਹ ਦੀਨ ਦੁਖ ਭੰਜਨ ਦਯਾਲ ਪ੍ਰਭੁ ਨਾਨਕ ਸਰਬ ਜੀਅ ਰਖ੍ਹਾ ਕਰੋਤਿ (ਗੁ.ਗ੍ਰੰ. 1358)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13289, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਕ੍ਰੋਧ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕ੍ਰੋਧ: ਇਕ ਭਾਵਨਾ ਜਿਸ ਨੂੰ ਸਿੱਖ ਪ੍ਰਣਾਲੀ ਵਿਚ ਮਾਨਸਿਕ ਪ੍ਰਕਿਰਿਆ ਦੀ ਅਵਸਥਾ ਅਤੇ ਪੰਜ ਵਿਕਾਰਾਂ ਵਿਚੋਂ ਇਕ ਮੰਨਿਆ ਗਿਆ ਹੈ। ਇਹ ਅਵਸਥਾ ਆਪਣੇ ਆਪ ਨੂੰ ਚਿੜਚੜੇਪਣ ਤੋਂ ਬਦਮਿਜਾਜ਼ ਅਤੇ ਅਤਿ ਭਾਵੁਕਤਾ ਵਾਲੀ ਹਿੰਸਾਤਮਿਕ ਆਦਿ ਕਈ ਰੂਪਾਂ ਵਿਚ ਪ੍ਰਗਟ ਕਰਦੀ ਹੈ। ਸਿੱਖ ਧਰਮ ਗ੍ਰੰਥ ਵਿਚ ਕ੍ਰੋਧ ਆਮ ਤੌਰ ‘ਤੇ ਕਾਮ ਦੇ ਮੇਲ ਨਾਲ ਕਾਮ-ਕ੍ਰੋਧ ਦੇ ਤੌਰ ‘ਤੇ ਸਾਮ੍ਹਣੇ ਆਉਂਦਾ ਹੈ। ਇਹ ਸੰਯੋਗ ਕੇਵਲ ਅਨੁਪ੍ਰਾਸਮਈ ਪ੍ਰਭਾਵ ਕਰਕੇ ਹੀ ਨਹੀਂ ਹੈ। ਕ੍ਰੋਧ-ਕਾਮ (ਇੱਛਾ) ਦੇ ਪ੍ਰਤੱਖ ਸਿੱਟੇ ਵਜੋਂ ਹੀ ਹੈ। ਜਦੋਂ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ ਤਾਂ ਕ੍ਰੋਧ ਪੈਦਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਕ੍ਰੋਧ ਨੂੰ ਅੱਗ ਦੇ ਚਾਰ ਦਰਿਆਵਾਂ ਵਿਚ ਮੰਨਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਫ਼ੁਰਮਾਉਂਦੇ ਹਨ ਕਿ ਹਿੰਸਾ , ਮੋਹ , ਲੋਭ ਅਤੇ ਗੁੱਸਾ ਅੱਗ ਦੇ ਚਾਰ ਦਰਿਆਵਾਂ ਦੀ ਤਰ੍ਹਾਂ ਹਨ; ਜੋ ਇਹਨਾਂ ਵਿਚ ਫਸ ਜਾਂਦਾ ਹੈ ਉਹ ਸੜ ਜਾਂਦਾ ਹੈ ਅਤੇ ਇਸਨੂੰ ਪਰਮਾਤਮਾ ਦੀ ਕਿਰਪਾ ਨਾਲ ਹੀ ਪਾਰ ਕੀਤਾ ਜਾ ਸਕਦਾ ਹੈ: ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ॥ ਪਵਹਿ ਦਝਹਿ ਨਾਨਕਾ ਤਰੀਐ ਕਰਮੀ ਲਗਿ॥ (ਗੁ.ਗ੍ਰੰ. 147)। ਇਕ ਹੋਰ ਥਾਂ ‘ਤੇ ਉਹ ਕਹਿੰਦੇ ਹਨ, “ਕਾਮ ਅਤੇ ਕ੍ਰੋਧ ਸਰੀਰ ਨੂੰ ਇਸ ਤਰ੍ਹਾਂ ਖ਼ਤਮ ਕਰ ਦਿੰਦੇ ਹਨ ਜਿਵੇਂ ਸੁਹਾਗਾ ਸੋਨੇ ਨੂੰ ਖ਼ਤਮ ਕਰ ਦਿੰਦਾ ਹੈ: ਕਾਮੁ ਕ੍ਰੋਧੁ ਕਾਇਆ ਕਉ ਗਾਲੈ॥ ਜਿਉ ਕੰਚਨ ਸੋਹਾਗਾ ਢਾਲੈ॥” (ਗੁ.ਗ੍ਰੰ. 932)। ਪੰਜਵੇਂ ਨਾਨਕ , ਗੁਰੂ ਅਰਜਨ ਦੇਵ ਜੀ, ਕ੍ਰੋਧ ਦਾ ਇਹਨਾਂ ਸ਼ਬਦਾਂ ਵਿਚ ਤ੍ਰਿਸਕਾਰ ਕਰਦੇ ਹਨ: “ਹੇ ਕ੍ਰੋਧ, ਤੂੰ ਵਿਸ਼ਈ ਜੀਵਾਂ ਨੂੰ ਵੱਸ ਵਿਚ ਕੀਤਾ ਹੋਇਆ ਹੈ ਜੋ ਤੇਰੇ ਅੱਗੇ ਬਾਂਦਰ ਵਾਂਗ ਨਾਚ ਕਰਦੇ ਹਨ। ਤੇਰੀ ਸੰਗਤ ਵਿਚ ਨਰ ਨੀਚ ਹੋ ਜਾਂਦੇ ਹਨ ਅਤੇ ਜਮਦੂਤ ਕਈ ਤਰ੍ਹਾਂ ਦੀ ਸਜ਼ਾ ਨਾਲ ਤਾੜਦੇ ਹਨ। ਨਿਮਾਣਿਆਂ ਦੇ ਦੁੱਖ ਦੂਰ ਕਰਨ ਵਾਲਾ ਦਿਆਲੂ ਪਰਮਾਤਮਾ ਹੀ ਸਭ ਨੂੰ ਬਚਾ ਸਕਦਾ ਹੈ: ਹੇ ਕਲਿ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ॥ ਬਿਖਯੰਤ ਜੀਵੰ ਵਸੰ ਕਰੋਤਿ ਨਿਰੰਤ ਕਰੋਤਿ ਜਥਾ ਮਰਕਟਹ॥ ਅਨਿਕ ਸਾਸਨ ਤਾੜੰਤਿ ਜਮਦੂਤਹ ਤਵ ਸੰਗੇ ਅਧਮੰ ਨਰਹ॥ ਦੀਨ ਦੁਖ ਭੰਜਨ ਦਯਾਲ ਪ੍ਰਭੁ ਨਾਨਕ ਸਰਬ ਜੀਅ ਰਖਾ ਕਰੋਤਿ॥ (ਗੁ.ਗ੍ਰੰ. 1358)। ਚੌਥੇ ਨਾਨਕ, ਗੁਰੂ ਰਾਮਦਾਸ ਜੀ ਚੇਤੰਨ ਕਰਦੇ ਹਨ: “ਉਹਨਾਂ ਦੇ ਨੇੜੇ ਨਾ ਜਾਓ ਜੋ ਸੰਜਮ-ਰਹਿਤ ਕ੍ਰੋਧ ਨਾਲ ਭਰੇ ਹੋਏ ਹਨ”: ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ॥ (ਗੁ. ਗ੍ਰੰ. 40)। ਕ੍ਰੋਧ ਤੇ ਕਾਬੂ ਪਾਉਣਾ ਅਤੇ ਇਸਨੂੰ ਖ਼ਤਮ ਕਰਨਾ ਚਾਹੀਦਾ ਹੈ। ਇਹ ਕੇਵਲ ਪਰਮਾਤਮਾ ਵਿਚ ਦ੍ਰਿੜ ਵਿਸ਼ਵਾਸ ਅਤੇ ਨਿਮਾਣਾ ਹੋ ਕੇ ਹੀ ਸੰਭਵ ਹੋ ਸਕਦਾ ਹੈ। ਗੁਰੂ ਅਰਜਨ ਦੇਵ ਜੀ ਦਾ ਫ਼ੁਰਮਾਨ ਹੈ ਕਿ “ਕਿਸੇ ਨਾਲ ਵੀ ਰੋਸ ਨਾ ਕਰ; ਆਪਣਾ ਆਪ ਖੋਜ ਅਤੇ ਇਸ ਸੰਸਾਰ ਵਿਚ ਨਿਮਾਣਾ ਹੋ ਕੇ ਰਹਿ। ਇਸ ਤਰ੍ਹਾਂ, ਹੇ ਨਾਨਕ, ਤੁਸੀਂ ਪਰਮਾਤਮਾ ਦੀ ਕਿਰਪਾ ਨਾਲ ਇਸ ਸੰਸਾਰ ਸਾਗਰ ਨੂੰ ਪਾਰ ਕਰ ਸਕਦੇ ਹੋ”; ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ॥ ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ॥ (ਗੁ. ਗ੍ਰੰ. 259)। ਸ਼ੇਖ਼ ਫ਼ਰੀਦ , ਤ੍ਹੇਰਵੀਂ ਸਦੀ ਦੇ ਇਕ ਸੂਫ਼ੀ ਫ਼ਕੀਰ ਸਨ ਜਿਹਨਾਂ ਦੀਆਂ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹਨ, ਉਹ ਵੀ ਆਪਣੇ ਇਕ ਸਲੋਕ ਵਿਚ ਕਹਿੰਦੇ ਹਨ ਕਿ “ਉਹ ਫ਼ਰੀਦ! ਉਹਨਾਂ ਨਾਲ ਭਲਾ ਕਰ ਜੋ ਤੇਰੇ ਨਾਲ ਬੁਰਾ ਕਰਦੇ ਹਨ ਅਤੇ ਆਪਣੇ ਮਨ ਵਿਚ ਕ੍ਰੋਧ ਨਾ ਲਿਆ; ਇਸ ਤਰ੍ਹਾਂ ਕਰਨ ਨਾਲ ਤੇਰੇ ਸਰੀਰ ਨੂੰ ਕੋਈ ਵੀ ਰੋਗ ਨਹੀਂ ਲੱਗੇਗਾ ਅਤੇ ਪਰਮ ਅਨੰਦ ਦੀ ਪ੍ਰਾਪਤੀ ਹੋ ਜਾਵੇਗੀ”; ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ॥ ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ॥ (ਗੁ.ਗ੍ਰੰ. 1381-82)। ਬੁਰਾਈ, ਅਨਿਆਂ ਅਤੇ ਜ਼ੁਲਮ ਖ਼ਿਲਾਫ਼ ਨਿਆਂਕਾਰੀ ਰੋਸ ਨੂੰ ਅਣਇੱਛਤ ਆਵੇਗ ਦੇ ਤੌਰ ਤੇ ਕ੍ਰੋਧ ਸਮਾਨ ਨਹੀਂ ਸਮਝਿਆ ਜਾਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਵਿਚ ਬਹੁਤ ਸਾਰੇ ਸ਼ਬਦ , ਵਿਸ਼ੇਸ਼ ਕਰ ਗੁਰੂ ਨਾਨਕ ਦੇਵ ਜੀ ਅਤੇ ਕਬੀਰ ਜੀ ਦੇ ਸ਼ਾਮਲ ਹਨ ਜਿਹੜੇ ਸਮਕਾਲੀ ਸਮਾਜ ਦੇ ਭ੍ਰਿਸ਼ਟਾਚਾਰ ਦੇ ਵਿਰੋਧ ਵਿਚ ਪ੍ਰਗਟ ਕੀਤੇ ਗਏ ਹਨ।


ਲੇਖਕ : ਲ.ਮ.ਜ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.