ਗੁਰਮੁਖੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਮੁਖੀ [ਨਾਂਇ] ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵਰਤੀ ਜਾਂਦੀ ਇੱਕ ਲਿਪੀ , ਪੈਂਤੀ, ਪੈਂਤੀ ਅੱਖਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10415, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੁਰਮੁਖੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਮੁਖੀ. ਸੰਗ੍ਯਾ—ਪੰਜਾਬੀ ਬੋਲੀ ਦੀ ਵਰਣਮਾਲਾ, ਜੋ ਸ਼ਾਰਦਾ ਅਤੇ ਟਾਂਕਰੀ ਤੋਂ ਨਿਕਲੀ ਹੈ. ਇਸ ਵਿੱਚ ਸਤਿਗੁਰਾਂ ਦੇ ਮੁਖਵਾਕ੍ਯ ਗੁਰਮੁਖਾਂ ਨੇ ਲਿਖੇ, ਜਿਸ ਕਾਰਣ ਨਾਉਂ “ਗੁਰਮੁਖੀ” ਪ੍ਰਸਿੱਧ ਹੋਇਆ. ਪੰਜਾਬ ਦੇਸ਼ ਦੀ ਸ਼ੁੱਧ ਭਾ੄੠ ਇਨ੍ਹਾਂ ਹੀ ਅੱਖਰਾਂ ਵਿੱਚ ਲਿਖੀ ਜਾ ਸਕਦੀ ਹੈ, ਇਸ ਕਾਰਣ ਇਹ ਪੰਜਾਬੀ ਵਰਣਮਾਲਾ ਭੀ ਸੱਦੀ ਜਾਂਦੀ ਹੈ.

ਕਈ ਲੇਖਕਾਂ ਨੇ ਲਿਖਿਆ ਹੈ ਕਿ ਗੁਰਮੁਖੀ ਅੱਖਰ ਗੁਰੂ ਅੰਗਦ ਦੇਵ ਨੇ ਰਚੇ ਹਨ, ਪਰ ਇਹ ਭੁੱਲ ਹੈ. ਸ਼੍ਰੀ ਗੁਰੂ ਅੰਗਦ ਸ੍ਵਾਮੀ ਨੇ ਕੇਵਲ ਪ੍ਰਚਾਰ ਕੀਤਾ ਹੈ. ਸ਼੍ਰੀ ਗੁਰੂ ਨਾਨਕ ਦੇਵ ਦੀ ਲਿਖੀ “ਪੱਟੀ” ਜੋ ਆਸਾ ਰਾਗ ਵਿੱਚ ਹੈ, ਉਸ ਦੇ ਪਾਠ ਤੋਂ ਸੰਸਾ ਦੂਰ ਹੋ ਜਾਂਦਾ ਹੈ ਕਿ ਪੈਂਤੀ ਅੱਖਰਾਂ ਦੀ ਵਰਣਮਾਲਾ ਉਸ ਵੇਲੇ ਮੌਜੂਦ ਸੀ, ਅਤੇ ੜ ਅੱਖਰ, ਜੋ ਬਿਨਾ ਪੰਜਾਬੀ ਤੋਂ ਹੋਰ ਕਿਸੇ ਭਾ੄੠ ਵਿੱਚ ਨਹੀਂ, ਪੱਟੀ ਵਿੱਚ ਦੇਖੀਦਾ ਹੈ. ਪੱਟੀ ਵਿੱਚ ਅੱਖਰਕ੍ਰਮ ਇਉਂ ਹੈ:—

ਸ ੲ ੳ ਙ ਕ ਖ ਗ ਘ ਚ ਛ ਜ ਝ ਞ

ਟ ਠ ਡ ਢ ਣ ਤ ਥ ਦ ਧ ਨ ਪ ਫ ਬ

ਭ ਮ ਯ ਰ ਲ ਵ ੜ ਹ ਅ. - - - -

ਜਦ ਅਸੀਂ ਸ਼ਾਰਦਾ ਅਤੇ ਟਾਂਕਰੀ ਦੇ ਅੱਖਰਾਂ ਨਾਲ ਗੁਰਮੁਖੀ ਦੇ ਅੱਖਰ ਮਿਲਾਉਂਦੇ ਹਾਂ ਤਾਂ ਬਹੁਤ ਸ਼ਕਲਾਂ ਆਪੋ ਵਿੱਚੀ ਮਿਲਦੀਆਂ ਹਨ.

ਗੁਰਮੁਖੀ ਅੱਖਰ ਸਮੇਂ ਦੇ ਫੇਰ ਨਾਲ ਜਿਸ ਤਰਾਂ ਆਪਣਾ ਸਰੂਪ ਬਦਲਦੇ ਰਹੇ ਹਨ ਉਹ ਅੱਗੇ ਦਿੱਤੇ ਚਿਤ੍ਰਾਂ ਤੋਂ ਪ੍ਰਤੀਤ ਹੋਵੇਗਾ—


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10128, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਰਮੁਖੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਮੁਖੀ: ਉਸ ਲਿਪੀ ਦਾ ਨਾਂ ਹੈ ਜਿਸਨੂੰ ਮੂਲ ਰੂਪ ਵਿਚ ਪੰਜਾਬੀ ਅਤੇ ਗੌਣ (ਸਧਾਰਨ) ਰੂਪ ਵਿਚ ਸਿੰਧੀ ਭਾਸ਼ਾ ਲਿਖਣ ਲਈ ਵਰਤਿਆ ਜਾਂਦਾ ਹੈ। ਸ਼ਬਦ ‘ਗੁਰਮੁਖੀ’ ਨੇ ਜ਼ਿਆਦਾ ਮਹਤੱਤਾ ਇਸ ਸ਼ਬਦ ਦੇ (ਸਿੱਖ) ਗੁਰੂਆਂ ਦੇ ਮੁੱਖ ਵਿਚੋਂ ਨਿਕਲੇ ਹੋਣ ਦੇ ਪ੍ਰਭਾਵ ਕਾਰਨ ਪ੍ਰਾਪਤ ਕੀਤੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅੱਖਰ , ਗੁਰੂ ਅੰਗਦ ਦੇਵ ਜੀ ਦੇ ਸਮੇਂ ਤੋਂ ਪਹਿਲਾਂ (ਸਗੋਂ ਗੁਰੂ ਨਾਨਕ ਜੀ ਤੋਂ ਵੀ ਪਹਿਲਾਂ) ਹੋਂਦ ਵਿਚ ਸਨ। ਇਹਨਾਂ ਦਾ ਮੂਲ ਸਰੋਤ ਬ੍ਰਹਮੀ ਵਿਚ ਸੀ ਪਰੰਤੂ ਇਸ (ਵਰਤਮਾਨ) ਗੁਰਮੁਖੀ ਲਿਪੀ ਦੀ ਉਤਪਤੀ ਗੁਰੂ ਅੰਗਦ ਦੇਵ ਜੀ ਦੁਆਰਾ ਕੀਤੀ ਗਈ ਮੰਨੀ ਜਾਂਦੀ ਹੈ। ਇਹਨਾਂ ਨੇ ਨਾ ਕੇਵਲ ਕੁਝ ਅੱਖਰਾਂ ਨੂੰ ਸੋਧਿਆ ਅਤੇ ਕੁਝ ਅੱਖਰਾਂ ਨੂੰ ਦੁਬਾਰਾ ਤਰਤੀਬ ਵਿਚ ਵੀ ਕੀਤਾ ਬਲਕਿ ਇਸ ਨੂੰ ਇਕ ਲਿਪੀ ਦਾ ਆਕਾਰ ਵੀ ਪ੍ਰਦਾਨ ਕੀਤਾ। ਅੱਖਰਾਂ ਨੂੰ ਇਹਨਾਂ ਨੇ ਨਵਾਂ ਸਰੂਪ ਅਤੇ ਨਵਾਂ ਕ੍ਰਮ ਪ੍ਰਦਾਨ ਕਰਕੇ ਇਸਨੂੰ ਸੁਨਿਸ਼ਚਿਤ ਅਤੇ ਸ਼ੁੱਧ ਬਣਾਇਆ। ਇਹਨਾਂ ਨੇ ਹਰ ਅੱਖਰ ਨੂੰ ਪੰਜਾਬੀ ਦੀਆਂ ਧੁਨੀਆਂ ਨਾਲ ਸੰਬੰਧਿਤ ਕੀਤਾ, ਸਵਰ ਚਿੰਨ੍ਹਾਂ ਦੀ ਵਰਤੋਂ ਨੂੰ ਵੀ ਲਾਜ਼ਮੀ ਬਣਾਇਆ ਅਤੇ ਜੋ ਸ਼ਬਦ ਸੰਯੁਕਤ ਬਣਦੇ ਸਨ ਉਹਨਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਕੇਵਲ ਉਹਨਾਂ ਸ਼ਬਦਾਂ ਨੂੰ ਸ਼ਾਮਲ ਕੀਤਾ ਗਿਆ ਜਿਹੜੇ ਉਸ ਸਮੇਂ ਦੀ ਬੋਲੀ ਜਾਣ ਵਾਲੀ ਭਾਸ਼ਾ ਦੀਆਂ ਧੁਨੀਆਂ ਨੂੰ ਠੀਕ ਰੂਪ ਵਿਚ ਬਿਆਨ ਕਰ ਸਕਦੇ ਸਨ। ਕੁਝ ਸ਼ਬਦਾਂ ਦੀ ਪੁਨਰ ਤਰਤੀਬ ਵੀ ਕੀਤੀ ਗਈ ਸੀ। ‘ਸ` ਅਤੇ ‘ਹ` ਜਿਹੜੇ ਮੌਜ਼ੂਦ ਅੱਖਰਾਂ ਦੀ ਅੰਤਿਮ ਪੰਕਤੀ ਵਿਚ ਸਨ, ਉਹਨਾਂ ਨੂੰ ਪਹਿਲੀ ਪੰਕਤੀ ਵਿਚ ਲੈ ਆਂਦਾ ਗਿਆ। ‘ੳ` ਨੂੰ ਦੁਬਾਰਾ ਨਵੇਂ ਅੱਖਰਕ੍ਰਮ ਵਿਚ ਪਹਿਲਾ ਸਥਾਨ ਪ੍ਰਦਾਨ ਕੀਤਾ ਗਿਆ।

     ਇਹ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਗੁਰਮੁਖੀ ਬ੍ਰਹਮੀ ਭਾਸ਼ਾ ਦੇ ਪਰਵਾਰ ਦਾ ਹਿੱਸਾ ਹੈ। ਬ੍ਰਹਮੀ ਇਕ ਆਰੀਅਨ ਲਿਪੀ ਹੈ ਜਿਹੜੀ ਕਿ ਆਰੀਅਨ ਲੋਕਾਂ ਦੁਆਰਾ ਵਿਕਸਿਤ ਕੀਤੀ ਗਈ ਅਤੇ ਸਥਾਨਿਕ ਜ਼ਰੂਰਤਾਂ ਮੁਤਾਬਿਕ ਅਪਨਾਈ ਗਈ ਸੀ। ਇਕ ਵਿਚਾਰ ਅਨੁਸਾਰ ਬ੍ਰਹਮੀ ਲਿਪੀ 8ਵੀਂ ਅਤੇ 6ਵੀਂ ਸਦੀ ਈਸਾ ਪੂਰਵ ਦੇ ਦਰਮਿਆਨ ਪ੍ਰਚਲਿਤ ਕੀਤੀ ਗਈ ਸੀ। ਇੱਥੇ ਸਾਡਾ ਇਹ ਮਸਲਾ ਨਹੀਂ ਹੈ ਕਿ ਇਹ ਲਿਪੀ ਵਿਦੇਸ਼ੀ ਸੀ ਜਾਂ ਸਥਾਨਿਕ, ਪਰੰਤੂ ਇਹ ਹੁਣ ਆਪਣੇ ਅੰਦਰੂਨੀ ਤੱਥਾਂ ਦੇ ਆਧਾਰ ਤੇ ਸਥਾਪਿਤ ਹੋ ਚੁੱਕਿਆ ਹੈ ਕਿ ਇਸਦਾ ਨਾਂ ਕੁਝ ਵੀ ਹੋਵੇ, ਆਰੀਅਨਾਂ ਕੋਲ ਲਿਖਣ ਕਲਾ ਦਾ ਵਿਧਾਨ ਸੀ, ਜਿਸਨੂੰ ਖੁੱਲ੍ਹ-ਦਿਲੀ ਨਾਲ ਸਥਾਨਿਕ ਲਿਪੀਆਂ ਤੋਂ ਲਿਆ ਗਿਆ ਸੀ। ਈਰਾਨੀਆਂ ਨੇ ਪੰਜਾਬ ਉੱਪਰ ਤੀਸਰੀ ਅਤੇ ਚੌਥੀ ਸਦੀ ਈਸਾ ਪੂਰਵ ਵਿਚ ਹਕੂਮਤ ਕੀਤੀ ਸੀ। ਉਹ ਆਪਣੇ ਨਾਲ ਅਰੈਮਿਕ ਲਿਪੀ ਲੈ ਕੇ ਆਏ ਜਿਸਨੇ ਖਰੋਸ਼ਠੀ ਦੇ ਵਿਕਾਸ ਵਿਚ ਸਹਾਇਤਾ ਕੀਤੀ ਅਤੇ ਜਿਹੜੀ ਪੰਜਾਬ, ਗੰਧਾਰ ਅਤੇ ਸਿੰਧ ਵਿਚ 300 ਈਸਾ ਪੂਰਵ ਤੋਂ ਤੀਸਰੀ ਸਦੀ ਦੇ ਵਿਚਾਲੇ ਆਮ ਵਰਤੀ ਜਾਂਦੀ ਸੀ ਪਰੰਤੂ ਉਸ ਸਮੇਂ ਬ੍ਰਹਮੀ, ਪੰਜਾਬ ਵਿਚ ਆਪਣੇ ਵਿਕਾਸ ਸਮੇਂ ਕਈ ਤਬਦੀਲੀਆਂ ਵਿੱਚੋਂ ਲੰਘ ਕੇ ਆਮ ਤੌਰ ਤੇ ਖਰੋਸ਼ਠੀ ਦੇ ਨਾਲ ਹੀ ਵਰਤੀ ਜਾਂਦੀ ਹੈ। ਬੈਕਟ੍ਰਿਅਨ (Bactrian) ਰਾਜਿਆਂ ਦੇ ਸਿੱਕਿਆਂ ਉੱਤੇ ਅਤੇ ਕੁਸ਼ਾਨ ਹਾਕਮਾਂ ਦੇ ਸ਼ਿਲਾ-ਲੇਖਾਂ ਉੱਪਰ ਇਹ ਦੋਵੇਂ ਲਿਪੀਆਂ ਪ੍ਰਾਪਤ ਹਨ। ਨਿਰਸੰਦੇਹ, ਬ੍ਰਹਮੀ ਆਪਣੀਆਂ ਸਧਾਰਨ ਅਤੇ ਸਿੱਧੀਆਂ ਰੇਖਾਵਾਂ ਦੇ ਕਾਰਨ ਜ਼ਿਆਦਾ ਹਰਮਨ ਪਿਆਰੀ ਸੀ; ਇਸ ਲਈ ਕੁਝ ਸਮੇਂ ਵਿਚ ਹੀ ਇਸਨੇ ਖਰੋਸ਼ਠੀ ਦਾ ਸਥਾਨ ਲੈ ਲਿਆ ਅਤੇ ਇੱਕਲੌਤੀ ਅਜਿਹੀ ਲਿਪੀ ਬਣ ਗਈ ਜੋ ਆਪਣੇ ਆਪ ਵਿਚ ਬਹੁਤ ਸਥਾਨਿਕ ਅਤੇ ਗੁਆਂਢੀ ਪ੍ਰਭਾਵਾਂ ਦਾ ਮੁਜੱਸਮਾਂ ਪੇਸ਼ ਕਰ ਸਕੇ। ਗੁਪਤ ਕਾਲ (ਚੌਥੀ ਅਤੇ ਪੰਜਵੀਂ ਸਦੀ) ਦੌਰਾਨ ਸਾਹਿਤਿਕ ਅਤੇ ਸੱਭਿਆਚਾਰਿਕ ਗਤੀਵਿਧੀਆਂ ਦੇ ਵਿਕਾਸ ਨਾਲ, ਬ੍ਰਹਮੀ ਲਿਪੀ ਹੋਰ ਵੀ ਬਿਹਤਰ ਹੋ ਗਈ ਅਤੇ ਇਹ ਹੋਰ ਵੀ ਵਿਸਤਾਰ ਵਾਲੀ ਅਤੇ ਆਮ ਬਣ ਗਈ।

     ਇਸ ਤੋਂ ਤੁਰੰਤ ਬਾਅਦ, ਇਸਦਾ ਵਿਕਾਸ ਖ਼ਾਸ ਤੌਰ ਤੇ ਉੱਤਰੀ ਭਾਰਤ ਵਿਚ ਹੋਇਆ। ਹਰ ਇਕ ਅੱਖਰ ਨੂੰ ਸੁੰਦਰ ਗੋਲਾਈ ਦੇ ਕੇ ਅਤੇ ਹਰ ਇਕ ਅੱਖਰ ਦੇ ਉੱਪਰ ਛੋਟੀ ਲਾਈਨ ਲਾ ਕੇ ਸੁੰਦਰ ਸਜਾਵਟੀ ਬਣਾਇਆ ਗਿਆ। ਭਾਰਤੀ ਲਿਪੀ ਦੀ ਇਹ ਅਵਸਥਾ ‘ਕੁਟਿਲ’ ਵਜੋਂ ਜਾਣੀ ਜਾਂਦੀ ਸੀ, ਜਿਸ ਤੋਂ ਭਾਵ ਮੁੜੀ ਹੋਈ ਸੀ। ਕੁਟਿਕ ਵਜੋਂ ਸਿੱਧਮਾਤ੍ਰਿਕਾ ਉਤਪੰਨ ਹੋਈ ਜਿਸਦੀ ਉੱਤਰੀ ਭਾਰਤ ਵਿਚ ਬਹੁਤ ਵੱਡੇ ਪੱਧਰ ਤੇ ਵਰਤੋਂ ਕੀਤੀ ਜਾਂਦੀ ਸੀ। ਕੁਝ ਵਿਦਵਾਨ ਸੋਚਦੇ ਹਨ ਕਿ ਇਹ ਦੋਵੇਂ ਲਿਪੀਆਂ ਨਾਲੋਂ ਨਾਲ ਹੋਂਦ ਵਿਚ ਸਨ। ਛੇਵੀਂ ਸਦੀ ਤੋਂ ਲੈ ਕੇ ਨੌਂਵੀਂ ਸਦੀ ਤਕ , ਸਿੱਧਮਾਤ੍ਰਿਕਾ ਦੀ ਕਸ਼ਮੀਰ ਤੋਂ ਵਾਰਾਣਸੀ ਤਕ ਬਹੁਤ ਵੱਡੇ ਪੈਮਾਨੇ ਤੇ ਵਰਤੋਂ ਕੀਤੀ ਜਾਂਦੀ ਸੀ। ਸੰਸਕ੍ਰਿਤ ਅਤੇ ਪ੍ਰਾਕ੍ਰਿਤ ਦੀ ਜਗ੍ਹਾ ਲੈਣੀ ਸ਼ੁਰੂ ਕਰਨ ਵਾਲੀਆਂ ਪ੍ਰਾਦੇਸ਼ਿਕ ਭਾਸ਼ਾਵਾਂ ਦੇ ਉੱਭਾਰ ਨਾਲ ਪ੍ਰਾਦੇਸ਼ਿਕ ਲਿਪੀਆਂ ਦੀ ਗਿਣਤੀ ਬਹੁਤ ਵਧ ਗਈ ਸੀ। ਅਰਧਨਾਗਰੀ (ਪੱਛਮ), ਸ਼ਾਰਦਾ (ਕਸ਼ਮੀਰ) ਅਤੇ ਨਾਗਰੀ (ਦਿੱਲੀ ਤੋਂ ਪਰੇ) ਵਰਤੋਂ ਵਿਚ ਆਈਆਂ ਅਤੇ ਬਾਅਦ ਵਿਚ ਨਾਗਰੀ ਦੀਆਂ ਪ੍ਰਮੁਖ ਸ਼ਾਖ਼ਾਵਾਂ ਦੋਵੇਂ ਸ਼ਾਰਦਾ ਅਤੇ ਦੇਵਨਾਗਰੀ ਨੇ ਪੰਜ ਦਰਿਆਵਾਂ ਦੀ ਧਰਤੀ ਤੇ ਆਪਣਾ ਬੋਲਬਾਲਾ ਸ਼ੁਰੂ ਕਰ ਦਿੱਤਾ। ਇਸਦਾ ਸਬੂਤ ਗ਼ਜ਼ਨਵੀ ਅਤੇ ਗੌਰੀ ਦੇ ਸਿੱਕਿਆਂ ਤੋਂ ਮਿਲਦਾ ਹੈ ਜੋ ਲਾਹੌਰ ਅਤੇ ਦਿੱਲੀ ਵਿਖੇ ਬਣਾਏ ਗਏ ਸਨ। ਇਹ ਵੀ ਮੰਨਿਆ ਜਾਂਦਾ ਹੈ ਕਿ ਆਮ (ਗ਼ੈਰ-ਬ੍ਰਾਹਮਣ ਅਤੇ ਗ਼ੈਰ- ਸਰਕਾਰੀ) ਵਿਅਕਤੀ ਆਪਣੇ ਵਿਹਾਰਿਕ ਅਤੇ ਵਪਾਰਿਕ ਲੋੜਾਂ ਦੀ ਪੂਰਤੀ ਲਈ ਬਹੁਤ ਸਾਰੀਆਂ ਲਿਪੀਆਂ ਦੀ ਵਰਤੋਂ ਕਰਦੇ ਸਨ। ਇਹਨਾਂ ਵਿਚੋਂ ਲੰਡੇ ਅਤੇ ਟਾਕਰੇ ਦੇ ਅੱਖਰ ਬਹੁਤ ਪ੍ਰਚਲਿਤ ਸਨ।

     ਇਹਨਾਂ ਪ੍ਰਚਲਿਤ ਪ੍ਰਵਿਰਤੀਆਂ ਦੇ ਕਾਰਨ ਵਿਦਵਾਨਾਂ ਨੇ ਗੁਰਮੁਖੀ ਲਿਪੀ ਦੇ ਦੇਵਨਾਗਰੀ (ਜੀ.ਐਚ.ਓਝਾ), ਅਰਧਨਾਗਰੀ (ਜੀ.ਬੀ.ਸਿੰਘ), ਸਿੱਧਮਾਤ੍ਰਿਕਾ (ਪ੍ਰੀਤਮ ਸਿੰਘ), ਸ਼ਾਰਦਾ (ਦਿਰਿੰਗਰ) ਅਤੇ ਆਮ ਕਰਕੇ ਬ੍ਰਹਮੀ ਨਾਲ ਸੰਬੰਧ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੁਝ ਇਸ ਲਿਪੀ ਨੂੰ ਲੰਡੇ ਨਾਲ ਸੰਬੰਧਿਤ ਕਰਦੇ ਹਨ ਅਤੇ ਕੁਝ ਹੋਰ ਇਸਨੂੰ ਸ਼ਾਰਦਾ ਦੀ ਸ਼ਾਖ਼ਾ ਅਤੇ ਚੰਬਾ ਅਤੇ ਕਾਂਗੜਾ ਵਿਚ ਵਰਤੀ ਜਾਂਦੀ ਲਿਪੀ ਟਾਕਰੀ ਨਾਲ ਸੰਬੰਧਿਤ ਕਰਦੇ ਹਨ। ਤੱਥ ਇਹ ਹੈ ਕਿ ਇਸ ਲਿਪੀ ਨੂੰ ਇਸ ਨਾਲ ਸੰਬੰਧਿਤ ਅਤੇ ਉੱਪਰ ਵਰਣਿਤ ਸਾਰੀਆਂ ਲਿਪੀਆਂ ਦੇ ਇਤਿਹਾਸਿਕ ਸੰਦਰਭ ਦੇ ਆਧਾਰ ਤੇ ਸਿਰਜਿਆ ਗਿਆ ਹੈ।

     ਖੇਤਰੀ ਅਤੇ ਸਮਕਾਲੀ ਤੁਲਨਾ ਤੋਂ ਗੁਰਮੁਖੀ ਦੇ ਅੱਖਰਾਂ ਦੀ ਬਣਤਰ ਸਪਸ਼ਟ ਰੂਪ ਵਿਚ ਸੰਬੰਧਿਤ ਗੁਜਰਾਤੀ, ਲੰਡੇ, ਨਾਗਰੀ, ਸ਼ਾਰਦਾ ਅਤੇ ਟਾਕਰੀ ਨਾਲ ਮਿਲਦੀ ਹੈ: ਉਹ ਜਾਂ ਤਾਂ ਬਿਲਕੁਲ ਇਸ ਵਰਗੇ ਹਨ ਜਾਂ ਪੂਰਨ ਰੂਪ ਵਿਚ ਇਕ ਸਮਾਨ ਹਨ।

     ਅੰਦਰੂਨੀ ਤੌਰ ਤੇ, ਗੁਰਮੁਖੀ ਦੇ ਅ,ਹ,ਚ,ਞ,ਡ, ਣ,ਨ,ਲ ਅੱਖਰਾਂ ਵਿਚ 1610 ਈ. ਤੋਂ ਪਹਿਲਾਂ ਸ਼ਬਦ-ਜੋੜ ਸੰਬੰਧੀ ਕੁਝ ਮਾਮੂਲੀ ਤਬਦੀਲੀਆਂ ਹੋਈਆਂ ਸਨ। ਉਨ੍ਹੀਵੀਂ ਸਦੀ ਦੇ ਪਹਿਲੇ ਅੱਧ ਵਿਚ ਅੱਗੇ ਅ, ਹ ਅਤੇ ਲ ਦੇ ਸਰੂਪਾਂ ਵਿਚ ਤਬਦੀਲੀਆਂ ਆਈਆਂ ਸਨ। ਖਰੜੇ ਜਿਹੜੇ 18ਵੀਂ ਸਦੀ ਨਾਲ ਸੰਬੰਧਿਤ ਸਨ ਉਹਨਾਂ ਦੇ ਅੱਖਰਾਂ ਦੇ ਸਰੂਪ ਵਿਚ ਇਹਨਾਂ ਨਾਲੋਂ ਮਾਮੂਲੀ ਭਿੰਨਤਾ ਹੈ ਪਰੰਤੂ ਇਹਨਾਂ ਅੱਖਰਾਂ ਦਾ ਆਧੁਨਿਕ ਅਤੇ ਪੁਰਾਤਨ ਸਰੂਪ 17ਵੀਂ ਅਤੇ 18ਵੀਂ ਸਦੀ ਦੇ ਉਹਨਾਂ ਹੀ ਲੇਖਕਾਂ ਦੇ ਸ਼ਬਦ-ਜੋੜਾਂ ਨਾਲ ਮਿਲਦਾ ਹੈ।

     ਇਸ ਵਿਚ ਇਕ ਹੋਰ ਸੁਧਾਰ ਕੀਤਾ ਗਿਆ; ਪਹਿਲਾਂ ਇਕ ਰਲਗੱਡ ਇਕਾਈ ਦੇ ਰੂਪ ਮਿਲਣ ਵਾਲੀਆਂ ਵਾਕ ਦੀਆਂ ਕੋਸ਼ਗਤ ਇਕਾਈਆਂ ਦੀ ਅਲਿਹਦਗੀ ਕੀਤੀ ਗਈ। ਕਾਫ਼ੀ ਬਾਅਦ ਵਿਚ ਉਚਾਰਨ ਚਿੰਨ੍ਹਾਂ ਨੂੰ ਅੰਗਰੇਜ਼ੀ ਤੋਂ ਉਧਾਰੇ ਲੈ ਲਿਆ ਗਿਆ ਅਤੇ ਇਹਨਾਂ ਨੂੰ ਪੂਰਨ ਵਿਰਾਮ ਦੇ ਤੌਰ ਤੇ ਪਹਿਲਾਂ ਹੀ ਵਰਤਮਾਨ ਫ਼ੁਲ ਸਟਾਪ (।) ਦੇ ਨਾਲ ਹੀ ਅਪਨਾ ਲਿਆ ਗਿਆ।

     ਗੁਰਮੁਖੀ ਲਿਪੀ ਇਕ ਅਰਥ ਵਿਚ ਅਰਧ-ਅੱਖਰੀ ਹੈ ਜਿਵੇਂ ‘ਅ’ ਕੁਝ ਸਥਾਨਾਂ ਤੇ ਵਿਅੰਜਨ ਚਿੰਨ੍ਹਾਂ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ। ਇਹ ‘ਅ’ ਅੱਖਰ ਦੇ ਅੰਤ ਵਿਚ ਉਚਾਰਿਆ ਨਹੀਂ ਜਾਂਦਾ। ਜਿਵੇਂ ਕਿ ਕਲ ਅਤੇ ਰਾਮ; ਕ ਕਲ ਵਿਚ ਕ+ਅ ਦੀ ਪ੍ਰਤਿਨਿਧਤਾ ਕਰਦਾ ਹੈ, ਜਦੋਂ ਕਿ ਲ ਕੇਵਲ ਮੁਕਤਾ ਅੱਖਰ ਦੀ ਪ੍ਰਤਿਨਿਧਤਾ ਕਰਦਾ ਹੈ। ਹੋਰ ਸਵਰ ਜੋ ਵਿਅੰਜਨ ਤੋਂ ਪਿੱਛੋਂ ਸਵਰ ਦੇ ਚਿੰਨ੍ਹ ਨਾਲ ਦਿਖਾਏ ਗਏ ਹਨ ਗੁਰਮੁਖੀ ਅੱਖਰਕ੍ਰਮ ਦੇ ਪਹਿਲੇ ਤਿੰਨ ਅੱਖਰ ਵੀ ਹਨ। ਇਹਨਾਂ ਵਿਚੋਂ ਪਹਿਲੇ ਅਤੇ ਤੀਸਰੇ ਅੱਖਰ ਨੂੰ ਸੁਤੰਤਰ ਢੰਗ ਨਾਲ ਨਹੀਂ ਵਰਤਿਆ ਜਾ ਸਕਦਾ। ਉਹਨਾਂ ਨਾਲ ਹਮੇਸ਼ਾਂ ਹੀ ਕੋਈ ਭੇਦ ਸੂਚਕ ਚਿੰਨ੍ਹ ਜੋੜ ਦਿੱਤਾ ਜਾਂਦਾ ਹੈ। ਦੂਸਰੇ ਅੱਖਰ ਨੂੰ ਬਿਨਾਂ ਚਿੰਨ੍ਹਾਂ ਦੇ ਵੀ ਵਰਤਿਆ ਜਾ ਸਕਦਾ ਹੈ ਅਤੇ ਅਜਿਹੀ ਹਾਲਤ ਵਿਚ ਇਹ ‘ਅ’ ਅੰਗਰੇਜ਼ੀ ਦੇ ਅਬਾਉਟ (about) ਦੇ ਸਮਾਨਾਰਥਕ ਹੋ ਜਾਂਦਾ ਹੈ। ਭੇਦ ਸੂਚਕ ਚਿੰਨ੍ਹਾਂ ਨਾਲ ਕੁਲ ਸਵਰਾਂ ਦੀ ਗਿਣਤੀ ਦਸ ਬਣਾਈ ਗਈ ਹੈ ਅਰਥਾਤ , -, = ੌ, ੋ, ਅ, ਾ, ੈ, ੌ,,ਿ ੀ ਅਤੇ ੇ। ਇਹਨਾਂ ਸਵਰ ਯੁਕਤ ਚਿੰਨ੍ਹਾਂ ਵਿਚ ‘ਿ’ ਵਿਅੰਜਨ ਤੋਂ ਪਹਿਲਾਂ ਆਉਂਦੀ ਹੈ (ਭਾਵੇਂ ਇਸਨੂੰ ਉਚਾਰਿਆ ਬਾਅਦ ਵਿਚ ਜਾਂਦਾ ਹੈ), - ਅਤੇ = ਹੇਠਾਂ ਲਿਖੇ ਜਾਂਦੇ ਹਨ: ਾ ਅਤੇ ੀ ਵਿਅੰਜਨ ਤੋਂ ਬਾਅਦ: ਅਤੇ ੇ, ੈ, ੋ, ੌ ਨੂੰ ਵਿਅੰਜਨ ਦੇ ਉੱਪਰ ਲਿਖਿਆ ਜਾਂਦਾ ਹੈ। ਇਸੇ ਤਰ੍ਹਾਂ ਅਨੁਨਾਸਿਕੀਕਰਨ ਚਿੰਨ੍ਹ ਵੀ ਵਿਅੰਜਨ ਦੇ ਉੱਤੇ ਵਰਤੇ ਜਾਂਦੇ ਹਨ ਭਾਵੇਂ ਅਸਲ ਵਿਚ ਸਵਰ ਨੂੰ ਅਨੁਨਾਸਿਕ ਬਣਾਉਂਦੇ ਹਨ। ਸਾਰੇ ਸਵਰ-ਚਿੰਨ੍ਹਾਂ ਨੂੰ ਪੰਜਾਬੀ ਵਿਚ ‘ਲਗਾਂ ’ ਕਿਹਾ ਜਾਂਦਾ ਹੈ। ‘ਾ’ ਸਭ ਤੋਂ ਪੁਰਾਤਨ ਹੈ ਭਾਵੇਂ ਸ਼ੁਰੂ ਵਿਚ ਇਸ ਲਈ ਬਿੰਦੀ ਦੀ ਵਰਤੋਂ ਕੀਤੀ ਜਾਂਦੀ ਸੀ। ਸਵਰ-ਚਿੰਨ੍ਹ ‘ੀ’ ਅਤੇ ‘=’ ਅਸ਼ੋਕ ਦੇ ਰਾਜ-ਸੰਦੇਸ਼ਾਂ ਵਿਚ ਅਤੇ ਬਾਅਦ ਦੇ ਸ਼ਿਲਾਲੇਖਾਂ ਵਿਚ ਮਿਲਦੇ ਹਨ।

     ਸਾਰੇ ਗੁਰਮੁਖੀ ਅੱਖਰਾਂ ਦੀ ਇਕਸਮਾਨ ਉਚਾਈ ਹੈ ਅਤੇ ਇਹਨਾਂ ਨੂੰ ਦੋ ਸਮਾਨਾਂਤਰ ਲੇਟਵੀਆਂ ਰੇਖਾਵਾਂ ਦੇ ਵਿਚਕਾਰ ਲਿਖਿਆ ਜਾ ਸਕਦਾ ਹੈ, ਕੇਵਲ ੳ ਨੂੰ ਛੱਡ ਕੇ (ਜਿਹੜਾ ਅੱਖਰਕ੍ਰਮ ਦਾ ਪਹਿਲਾ ਅੱਖਰ ਹੈ), ਜਿਸਦੀ ਉੱਪਰਲੀ ਮੁੜੀ ਹੋਈ ਰੇਖਾ ਉੱਪਰਲੀ ਲਾਈਨ ਤੋਂ ਉੱਤੇ ਚੱਲੀ ਜਾਂਦੀ ਹੈ। ਖੱਬੇ ਤੋਂ ਸੱਜੇ ਵੱਲ ਵੀ ਇਹਨਾਂ ਦੀ ਤਕਰੀਬਨ ਇਕਸਮਾਨ ਉਚਾਈ ਹੈ, ਕੇਵਲ ਅ ਅਤੇ ਘ ਸ਼ਾਇਦ ਬਾਕੀਆਂ ਨਾਲੋਂ ਥੋੜ੍ਹੇ ਜਿਹੇ ਲੰਮੇ ਹਨ। ਫਿਰ ਵੀ, ਸਵਰ-ਚਿੰਨ੍ਹਾਂ ਦੀ ਅੱਖਰਾਂ ਦੇ ਉੱਪਰ ਅਤੇ ਥੱਲੇ ਵਰਤੋਂ ਸਾਰੀਆਂ ਭਾਰਤੀ ਲਿਪੀਆਂ ਦੀ ਵਿਸ਼ੇਸ਼ਤਾ ਹੈ ਜੋ ਛਪਾਈ ਅਤੇ ਟਾਈਪ ਵਿਚ ਕੁਝ ਔਕੜਾਂ ਪੈਦਾ ਕਰਦੀ ਹੈ।

     ਅੱਖਰ ਦੇ ਆਕਾਰ ਵਿਚ ਉਸ ਸਮੇਂ ਕੋਈ ਵੀ ਤਬਦੀਲੀ ਨਹੀਂ ਵਾਪਰਦੀ ਜਦੋਂ ਉਸ ਨਾਲ ਕੋਈ ਸਵਰ-ਚਿੰਨ੍ਹ ਜਾਂ ਭੇਦ ਸੂਚਕ ਚਿੰਨ੍ਹ ਲਗਾਇਆ ਜਾਂਦਾ ਹੈ। ਦੋ ਅੱਖਰਾਂ ਦੀ ਪ੍ਰਤਿਨਿਧਤਾ ਕਰਨ ਵਾਲਾ ਕੇਵਲ ੳ ਹੀ ਇਕ ਅਪਵਾਦ ਹੈ ਜਿਸ ਨਾਲ ਇਕ ਵਾਧੂ ਮੋੜ ਜੁੜਿਆ ਹੋਣ ਕਰਕੇ ਇਹ ਦੋ ਅੱਖਰਾਂ ਦੀ ਧੁਨੀ ਦਿੰਦਾ ਹੈ। ਇਹ ਕੇਵਲ ਇਕੋ ਲੇਖਾਚਿੱਤਰੀ ਰੂਪ ਦਾ ਉਦਾਹਰਨ ਹੈ ਜੋ ਬਹੁਪਰਤੀ ਧੁਨੀਆਂ ਦੀ ਪ੍ਰਤਿਨਿਧਤਾ ਕਰਦਾ ਹੈ; ਦਰਅਸਲ ਇਸ ਆਕਾਰ ਦੀ ਧਾਰਮਿਕ ਪਿੱਠ ਭੂਮੀ ਹੈ; ਸਧਾਰਨ ਤੌਰ ਤੇ ਗੁਰਮੁਖੀ ਦਾ ਕੋਈ ਵੀ ਅੱਖਰ ਇਕ ਤੋਂ ਜ਼ਿਆਦਾ ਧੁਨਾਂ ਦੀ ਪ੍ਰਤਿਨਿਧਤਾ ਨਹੀਂ ਕਰਦਾ ਅਤੇ ਨਾ ਹੀ ਉਹਨਾਂ ਦੇ ਦੋ ਆਕਾਰ ਹਨ।

     ਗੁਰਮੁਖੀ ਕ੍ਰਮ ਵਿਚ ਪਹਿਲਾ ਅੱਖਰ ‘ੳ’ ਗ਼ੈਰ- ਪਰੰਪਰਿਕ ਹੈ ਅਤੇ ਸਿੱਖ ਧਰਮ ਗ੍ਰੰਥਾਂ ਵਿਚ ੴ ਅਰਥਾਤ ਪਰਮਾਤਮਾ ਇਕ ਹੈ, ਵਜੋਂ ਆਉਣ ਕਾਰਨ ਵਿਸ਼ੇਸ਼ ਮਹੱਤਤਾ ਰੱਖਦਾ ਹੈ। ਸਵਰਾਂ ਤੋਂ ਪਿੱਛੇ ‘ਸ’ ਅਤੇ ‘ਹ’ ਆਉਂਦੇ ਹਨ ਜਿਹੜੇ ਕਿ ਆਮ ਕਰਕੇ ਬਾਕੀ ਭਾਰਤੀ ਸਵਰ ਬੋਧ ਦੇ ਅੰਤ ਵਿਚ ਆਉਂਦੇ ਹਨ। ਹੋਰ ਵਿਅੰਜਨਾਤਮਕ ਚਿੰਨ੍ਹ ਆਪਣੀ ਪਰੰਪਰਿਕ ਤਰਤੀਬ ਵਿਚ ਹੀ ਹਨ। ਪਰਿਭਾਸ਼ਿਕ ਤੌਰ ਤੇ ਵਿਅੰਜਨਾਂ ਨੂੰ ਦੋਹਰਾਉ ਯੁਕਤ ਸਮਰੱਥਾ ਵੀ ਹਾਸਲ ਹੈ ਜਿਵੇਂ ਕਿ ‘ਕ’ ਨੂੰ ਕੱਕਾ , ‘ਵ’ ਨੂੰ ਵਾਵਾ ਕਿਹਾ ਜਾਂਦਾ ਹੈ। ਕੇਵਲ ‘ ’ ਨੂੰ ਟੈਂਕਾ ਕਿਹਾ ਜਾਂਦਾ ਹੈ। ਅੱਖਰ-ਮਾਲਾ ੜ (ੜਾੜਾ) ਨਾਲ ਖ਼ਤਮ ਹੁੰਦੀ ਹੈ। ਅੱਖਰਾਂ ਦੀ ਕੁੱਲ ਗਿਣਤੀ 35 ਹੈ (3 ਸਵਰ, 2 ਅਰਧ-ਸਵਰ ਅਤੇ 30 ਵਿਅੰਜਨ ਹਨ)। ਇਹ ਦੇਵਨਾਗਰੀ ਵਿਚ 52, ਸ਼ਾਰਦਾ ਅਤੇ ਟਾਕਰੀ ਵਿਚ 41 ਹਨ। ਕੁਝ ਵਿਅੰਜਨਾਂ ਦੇ ਹੇਠਲੇ ਪਾਸੇ ਮਾਂਗਵੀਆਂ ਅਵਾਜ਼ਾਂ ਦੀ ਪ੍ਰਤਿਨਿਧਤਾ ਕਰਨ ਲਈ ਬਿੰਦੀ ਦੀ ਵਰਤੋਂ ਕੀਤੀ ਗਈ ਹੈ ਜਿਵੇਂ ਕਿ: ਸ਼,ਖ਼,ਗ਼,ਜ਼,ਫ਼। ਇਹਨਾਂ ਨੂੰ ਬਾਅਦ ਵਿਚ ਲਾਗੂ ਕੀਤਾ ਗਿਆ ਹੈ ਹਾਲਾਂਕਿ ਇਹ ਮੂਲ ਅੱਖਰਕ੍ਰਮ ਦਾ ਹਿੱਸਾ ਨਹੀਂ ਹਨ। ਜੋੜੇਦਾਰ ਵਿਅੰਜਨਾਂ ਨੂੰ ਉਹਨਾਂ ਦੇ ਉੱਪਰ ਅਧਕ ( ੱ ) ਪਾ ਕੇ ਦਰਸਾਇਆ ਜਾਂਦਾ ਹੈ ਜਿਸਨੂੰ ਵਿਅੰਜਨ ਦੇ ਉੱਪਰ ਪਾਇਆ ਜਾਂਦਾ ਹੈ ਅਤੇ ਇਹ ਇਸਦੀ ਅਵਾਜ਼ ਵਿਚ ਇਕ ਵਾਧਾ ਕਰ ਦਿੰਦਾ ਹੈ। ਇੱਥੇ ਪ੍ਰਬੰਧ ਵਿਚ ਸੰਯੁਕਤ ਵਿਅੰਜਨ ਦੀ ਕਮੀ ਹੁੰਦੀ ਹੈ। ਕੇਵਲ ਹ,ਰ,ਵ ਨੂੰ ਦੂਸਰੇ ਅੱਖਰ ਵਜੋਂ ਸੰਯੁਕਤ ਵਿਅੰਜਨ ਨਾਲ ਜੋੜਕੇ ਪਾਇਆ ਜਾਂਦਾ ਹੈ ਅਤੇ ਇਸਨੂੰ ਪਹਿਲੇ ਅੱਖਰ ਦੇ ਹੇਠਾਂ ਪੈਰ ਵਿਚ ਬਿਨਾਂ ਉੱਪਰ ਲਕੀਰ ਖਿੱਚੇ ਪਾਇਆ ਜਾਂਦਾ ਹੈ। ‘ਰ’ ਨੂੰ ਵੀ ਸੰਯੁਕਤ ਦੇ ਦੂਜੇ ਅੱਖਰ ਵਜੋਂ ਪਹਿਲੇ ਅੱਖਰ ਦੇ ਪੈਰ ਵਿਚ ਤਿਰਛੇ ‘ਕੌਮੇ` ਦੇ ਰੂਪ ਵਿਚ ਪਾਇਆ ਜਾਂਦਾ ਹੈ। ਇਹ ਮਹਿਸੂਸ ਕੀਤਾ ਜਾਂਦਾ ਹੈ ਕਿ ਸੰਯੁਕਤ ਵਿਅੰਜਨ ਸੰਸਕ੍ਰਿਤ ਅਤੇ ਅੰਗਰੇਜ਼ੀ ਦੇ ਪ੍ਰਭਾਵ ਅਤੇ ਵਾਧੇ ਵਜੋਂ ਪੰਜਾਬੀ ਭਾਸ਼ਾ ਵਿਚ ਸ਼ਾਮਲ ਹੋਏ ਹਨ, ਪਰੰਤੂ ਹੁਣ ਇਹ ਪੰਜਾਬੀ ਉਚਾਰ ਦਾ ਅੰਗ ਬਣ ਗਏ ਹਨ। ਇਸ ਲਈ ਇੱਥੇ ਇਹਨਾਂ ਨੂੰ ਅਪਨਾਉਣ ਦੀ ਅਨੁਕੂਲ ਬਣਾਉਣ ਦੀ ਜਾਂ ਘੜਨ ਦੀ ਬਹੁਤ ਲੋੜ ਹੈ। ਕੁਝ ਵਿਦਵਾਨਾਂ ਦੁਆਰਾ ਯਤਨ ਕੀਤੇ ਗਏ ਹਨ ਪਰੰਤੂ ਉਹਨਾਂ ਦੀ ਸਵੀਕ੍ਰਿਤੀ ਅਜੇ ਵੀ ਸੀਮਿਤ ਹੈ।

     ਗੁਰਮੁਖੀ ਨੇ ਸਿੱਖ ਧਰਮ ਅਤੇ ਪਰੰਪਰਾ ਵਿਚ ਮਹੱਤਵਪੂਰਨ ਕਰਤੱਵ ਨਿਭਾਇਆ ਹੈ। ਇਸਨੂੰ ਮੂਲ ਰੂਪ ਵਿਚ ਸਿੱਖ ਗ੍ਰੰਥਾਂ ਲਈ ਵਰਤੋਂ ਵਿਚ ਲਿਆਂਦਾ ਗਿਆ ਸੀ। ਇਹ ਲਿਪੀ ਮਹਾਰਾਜਾ ਰਣਜੀਤ ਸਿੰਘ ਅਧੀਨ ਦੂਰ-ਦੂਰ ਤਕ ਫੈਲੀ ਅਤੇ ਉਸ ਤੋਂ ਬਾਅਦ ਪੰਜਾਬ ਦੇ ਸਿੱਖ ਸਰਦਾਰਾਂ ਅਧੀਨ ਪ੍ਰਬੰਧਕੀ ਉਦੇਸ਼ਾਂ ਲਈ ਫੈਲੀ। ਇਸ ਸਭ ਨੇ ਪੰਜਾਬੀ ਭਾਸ਼ਾ ਨੂੰ ਨਿੱਗਰ ਰੂਪ ਦੇਣ ਅਤੇ ਪ੍ਰਮਾਣਿਕ ਬਣਾਉਣ ਵਿਚ ਮਹੱਤਵਪੂਰਨ ਹਿੱਸਾ ਪਾਇਆ ਹੈ। ਸਦੀਆਂ ਤੋਂ ਇਹ ਪੰਜਾਬ ਵਿਚ ਸਾਹਿਤ ਦਾ ਮੁੱਖ ਮਾਧਿਅਮ ਰਹੀ ਹੈ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਜਿੱਥੇ ਮੁਢਲੇ ਸਕੂਲ ਗੁਰਦੁਆਰਿਆਂ ਨਾਲ ਸੰਬੰਧਿਤ ਸਨ ਉੱਥੇ ਵੀ ਇਸਨੂੰ ਅਪਣਾਇਆ ਗਿਆ ਹੈ। ਅੱਜ-ਕੱਲ੍ਹ ਇਸ ਨੂੰ ਸੱਭਿਆਚਾਰ , ਕਲਾ, ਅਕਾਦਮਿਕ ਅਤੇ ਪ੍ਰਬੰਧਕੀ ਸਾਰੇ ਖੇਤਰਾਂ ਵਿਚ ਵਰਤਿਆ ਜਾਂਦਾ ਹੈ। ਇਹ ਪੰਜਾਬ ਦੀ ਰਾਜ ਲਿਪੀ ਹੈ ਅਤੇ ਆਪਣੇ ਆਪ ਵਿਚ ਇਸਦਾ ਸਧਾਰਨ ਅਤੇ ਸਥਾਈ ਗੁਣ ਪੂਰਨ ਤੌਰ ਤੇ ਸਥਾਪਿਤ ਹੋ ਚੁੱਕਿਆ ਹੈ।

     ਇਹ ਵਰਨਮਾਲਾ ਹੁਣ ਆਪਣੀ ਮਾਤ੍ਰਭੂਮੀ ਦੀਆਂ ਹੱਦਾਂ ਪਾਰ ਕਰ ਚੁੱਕੀ ਹੈ। ਸਿੱਖ ਸੰਸਾਰ ਦੇ ਸਾਰੇ ਖਿੱਤਿਆਂ ਵਿਚ ਵੱਸ ਗਏ ਹਨ ਅਤੇ ਗੁਰਮੁਖੀ ਉਹਨਾਂ ਨਾਲ ਹਰ ਪਾਸੇ ਚੱਲੀ ਗਈ ਹੈ। ਇਸ ਲਿਪੀ ਦਾ ਆਪਣੀ ਮਾਤ੍ਰਭੂਮੀ ਦੇ ਅੰਦਰ ਅਤੇ ਬਾਹਰ ਸੱਚ-ਮੁਚ ਹੀ ਉੱਜਵਲ ਭਵਿਖ ਹੈ। ਹਾਲੇ ਤਕ, ਪੰਜਾਬੀ ਲਈ ਜ਼ਿਆਦਾਤਰ ਫ਼ਾਰਸੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਅਰੰਭ ਵਿਚ ਇਸ ਲਿਪੀ ਵਿਚ ਬਹੁਤ ਸਾਰਾ ਲਿਖਿਤ ਸਾਹਿਤ ਪ੍ਰਾਪਤ ਹੈ, ਪਰੰਤੂ ਹੁਣ ਇਹ ਬਹੁਤਾ ਪ੍ਰਚਲਿਤ ਨਹੀਂ ਰਿਹਾ। ਫਿਰ ਵੀ ਪਾਕਿਸਤਾਨੀ ਪੰਜਾਬ ਵਿਚ ਪੰਜਾਬੀ, ਅਜੇ ਵੀ ਪੋਸਟ-ਗ੍ਰੈਜੂਏਟ ਪੱਧਰ ਤਕ ਫ਼ਾਰਸੀ ਲਿਪੀ ਵਿਚ ਹੀ ਪੜ੍ਹਾਈ ਜਾਂਦੀ ਹੈ।


ਲੇਖਕ : ਹ.ਦ.ਬ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10037, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.