ਗੁਰਮੁਖੀ ਲਿਪੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰਮੁਖੀ ਲਿਪੀ: ਬੋਲਾਂ ਨੂੰ ਲਿਖਤ ਵਿੱਚ ਢਾਲਣ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਲਿਪੀ ਬੋਲੀ ਦਾ ਵਾਹਣ ਹੈ। ਭਾਸ਼ਾ ਤੇ ਲਿਪੀ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ। ਜਿਵੇਂ ਮਨੁੱਖੀ ਭਾਵਾਂ ਦੀ ਪੁਸ਼ਾਕ ਬੋਲੀ ਹੈ, ਉਵੇਂ ਲਿਪੀ ਭਾਸ਼ਾ/ਬੋਲੀ ਦਾ ਪਹਿਰਾਵਾ ਹੈ। ਲਿਪੀ ਦੇ ਪਹਿਰਾਵੇ ਨੇ ਭਾਸ਼ਾ ਨੂੰ ਸਦੀਵਤਾ ਬਖ਼ਸ਼ੀ ਹੈ। ਲਿਪੀ ਮਨੁੱਖੀ ਭਾਵਾਂ ਨੂੰ ਅਮਰ ਕਰ ਦਿੰਦੀ ਹੈ। ਅੱਜ ਗਿਆਨ, ਵਿਗਿਆਨ ਅਤੇ ਕੰਪਿਊਟਰੀ ਯੁੱਗ ਵਿੱਚ ਭਾਵੇਂ ਨਵੀਆਂ ਤਕਨੀਕਾਂ ਨੇ ਬੋਲੀ ਭਾਸ਼ਾ (ਅਵਾਜ਼) ਨੂੰ ਸਥਾਈ ਰੂਪ ਦੇਣ ਦੇ ਹੋਰ ਵੀ ਕਈ ਨਵੀਨ ਸਾਧਨ ਬਣਾ ਲਏ ਹਨ, ਪਰ ਲਿਪੀ ਦੀ ਤਾਕਤ ਅਤੇ ਵਿਆਪਕਤਾ ਦੇ ਮੁਕਾਬਲੇ ਇਹ ਅਜੇ ਵੀ ਤੁੱਛ ਹਨ।

     ਹਰੇਕ ਭਾਸ਼ਾ ਦੇ ਲਿਖਤੀ ਸਰੂਪ ਲਈ ਕਿਸੇ ਨਾ ਕਿਸੇ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਭਾਸ਼ਾ ਦੀ ਲਿਪੀ ਦਾ ਕੋਈ ਨਾ ਕੋਈ ਨਾਂ ਵੀ ਜ਼ਰੂਰ ਹੁੰਦਾ ਹੈ, ਜਿਵੇਂ ਹਿੰਦੀ ਭਾਸ਼ਾ ਲਈ ਦੇਵਨਾਗਰੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਅੰਗਰੇਜ਼ੀ ਭਾਸ਼ਾ ਲਈ ਰੋਮਨ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ।

     ਗੁਰਮੁਖੀ ਲਿਪੀ ਦੇ ਨਾਮਕਰਨ ਅਤੇ ਅਰੰਭ ਬਾਰੇ ਇਹ ਵਿਸ਼ਵਾਸ ਪ੍ਰਚਲਿਤ ਰਿਹਾ ਹੈ ਕਿ ਇਹ ਗੁਰੂਆਂ ਦੇ ਪਵਿੱਤਰ ਮੁੱਖ ਤੋਂ ਨਿਕਲੀ। ਇਸੇ ਕਾਰਨ ਇਸ ਦਾ ਨਾਮ ਗੁਰਮੁਖੀ ਪਿਆ। ਦਰਅਸਲ ਭਾਸ਼ਾ ਦੀ ਉਤਪਤੀ ਵਾਂਗ ਲਿਪੀ ਦੇ ਅਰੰਭ ਅਤੇ ਨਾਮਕਰਨ ਬਾਰੇ ਵੀ ਵੱਖ- ਵੱਖ ਕੌਮਾਂ ਵਿੱਚ ਧਾਰਮਿਕ ਵਿਸ਼ਵਾਸ ਪ੍ਰਚਲਿਤ ਰਹੇ ਹਨ। ਮਿਸਰ ਵਾਸੀ ਆਪਣੀ ਲਿਪੀ ਨੂੰ ‘ਬੋਬ’ ਦੇਵਤੇ ਦੁਆਰਾ ਰਚੀ ਦੱਸਦੇ ਹਨ। ਯਹੂਦੀਆਂ ਦਾ ਯਕੀਨ ਸੀ ਕਿ ਉਹਨਾਂ ਦੀ ਲਿਪੀ ਖ਼ੁਦਾ ਨੇ ਖ਼ੁਦ ਮੂਸਾ ਨੂੰ ਲਿਖਤੀ ਦੱਸੀ ਸੀ। ਯੂਨਾਨੀ ਲੋਕ ਆਪਣੀ ਲਿਪੀ ਨੂੰ ‘ਕੈਡਮਸ’ ਦੇਵਤੇ ਦੀ ਬਣਾਈ ਆਖਦੇ ਹਨ। ਹਿੰਦੋਸਤਾਨੀ ਲੋਕ ਆਪਣੀ ਸਭ ਤੋਂ ਪੁਰਾਣੀ ਲਿਪੀ ਨੂੰ ‘ਬਰ੍ਹਮਾ’ ਦੀ ਕ੍ਰਿਤ ਦੱਸਦੇ ਹਨ। ਇਵੇਂ ਸੰਸਕ੍ਰਿਤ ਨੂੰ ‘ਦੇਵ ਭਾਸ਼ਾ’ ਮੰਨਣ ਵਾਲੇ ਆਪਣੀ ਲਿਪੀ ਨੂੰ ਦੇਵਨਾਗਰੀ ਆਖਦੇ ਹਨ ਤੇ ਫਿਰ ਇਹ ਕੋਈ ਅਲੋਕਾਰ ਗੱਲ ਨਹੀਂ ਹੈ, ਜੇ ਪੰਜਾਬੀ ਲੋਕ ਆਪਣੀ ਭਾਸ਼ਾ ਦੀ ਲਿਪੀ ਨੂੰ ‘ਗੁਰੂ ਦੇ ਮੁੱਖੋਂ’ ਨਿਕਲੀ ਲਿਪੀ ਕਹਿੰਦੇ ਹਨ। ਹਾਂ ਇਹ ਅਟੱਲ ਸਚਾਈ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਲਿਖਤੀ ਰੂਪ, ਗੁਰਮੁਖੀ ਲਿਪੀ ਵਿੱਚ ਹੀ ਦਿੱਤਾ ਗਿਆ। ਗੁਰੂ ਸਾਹਿਬਾਨ ਨੇ ਉਸ ਵੇਲੇ ਪ੍ਰਚਲਿਤ ਲਿਪੀ ਵਿੱਚ ਸੁਧਾਰ ਕਰ ਕੇ, ਉਸ ਨੂੰ ਗੁਰਬਾਣੀ ਦੇ ਲਿਖਣ ਯੋਗ ਬਣਾਉਣ ਦਾ ਸ਼ਲਾਘਾਯੋਗ ਮਹਾਨ ਕਾਰਜ ਕੀਤਾ। ਇਸੇ ਕਾਰਨ ਇਸ ਦਾ ਨਾਮ ਗੁਰਮੁਖੀ ਲਿਪੀ ਪੈ ਗਿਆ।

     ਅਰੰਭ ਵਿੱਚ ਗੁਰਮੁਖੀ ਲਿਪੀ ਵਿੱਚ ਪੈਂਤੀ ਅੱਖਰ ਸਨ। ‘ੳ’ ਤੋਂ ਲੈ ਕੇ ‘ੜ’ ਤੱਕ ਸੱਤ ਸਤਰਾਂ ਵਿੱਚ ਪੰਜ-ਪੰਜ ਅੱਖਰ ਸਨ। ਪੰਜਾਬੀ ਲਿਪੀ ਦੀ ਇਸ ਵਿਸ਼ੇਸ਼ਤਾ ਵੱਲ ਬਹੁਤੇ ਵਿਦਵਾਨਾਂ ਦਾ ਧਿਆਨ ਨਹੀਂ ਗਿਆ। ਇਹ ਸ਼ਾਇਦ ਇੱਕੋ-ਇੱਕ ਅਜਿਹੀ ਲਿਪੀ ਹੈ, ਜੋ ਕਿ ‘ੳ’ ਤੋਂ ਅਰੰਭ ਹੁੰਦੀ ਹੈ ‘ਅ’ ਤੋਂ ਨਹੀਂ ਜਦ ਕਿ ਦੇਵਨਾਗਰੀ, ਰੋਮਨ, ਅਰਬੀ-ਫ਼ਾਰਸੀ, ਗ੍ਰੀਕ ਆਦਿ ਲਿਪੀਆਂ ‘ਅ’ ਤੋਂ ਸ਼ੁਰੂ ਹੁੰਦੀਆਂ ਹਨ। ‘ਊੜੇ’ (ੳ) ਨੂੰ ਪਹਿਲ ਦੇਣ ਪਿੱਛੇ ਇੱਕ ਨਜ਼ਰੀਆ ਤਾਂ ਇਹ ਪੇਸ਼ ਕੀਤਾ ਜਾਂਦਾ ਹੈ ਕਿ ਇਸ ਪਿੱਛੇ ‘ਓਅੰਕਾਰ’ ਜਾਂ ‘ਓਮ’ ਦੀ ਮਾਨਤਾ ਕਾਰਜਸ਼ੀਲ ਸੀ। ਦੂਜਾ ਅਹਿਮ ਕਾਰਨ ਧੁਨੀ-ਵਿਗਿਆਨਿਕ ਹੈ। ਇਸ ਵੱਲ ਵੀ ਖ਼ਾਸ ਧਿਆਨ ਦੇਣ ਦੀ ਲੋੜ ਹੈ। ਕਿਸੇ ਵੀ ਲਿਪੀ ਦੇ ਲਿਪਾਂਕਾਂ (ਅੱਖਰਾਂ) ਦੇ ਤਿੰਨ ਗੁਣ ਲਾਜ਼ਮੀ ਹੁੰਦੇ ਹਨ :

         1.        ਹਰ ਲਿਪਾਂਕ ਜਾਂ ਲਿਪੀ-ਚਿੰਨ੍ਹ ਦਾ ਕੋਈ ਨਾ ਕੋਈ ਨਾਮ ਹੁੰਦਾ ਹੈ। ਜਿਵੇਂ ਊੜਾ, ਆੜਾ, ਈੜੀ ਜਾਂ ਏ.ਬੀ.ਸੀ.

         2.        ਹਰ ਲਿਪਾਂਕ ਦੀ ਕੋਈ ਨਾ ਕੋਈ ਸ਼ਕਲ ਵੀ ਹੁੰਦੀ ਹੈ। ਜਿਵੇਂ (ੳ), (ਅ) ਅਤੇ (ੲ)

         3.        ਹਰ ਲਿਪਾਂਕ ਦੀ ਕੋਈ ਨਾ ਕੋਈ ਧੁਨੀ ਜਾਂ ਅਵਾਜ਼ ਵੀ ਹੁੰਦੀ ਹੈ। ਜਿਵੇਂ (ਕ), (ਖ), (ਗ) ਆਦਿ।

     ਜਦੋਂ ਕਿਸੇ ਲਿਪੀ ਦਾ ਨਿਰਮਾਣ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਭਾਸ਼ਾ ਦੀ ਧੁਨੀ ਵਿਉਂਤ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਆਦਰਸ਼ ਸਥਿਤੀ ਤਾਂ ਇਹ ਹੁੰਦੀ ਹੈ ਕਿ ਹਰੇਕ ਲਿਪਾਂਕ ਨਾਲ ਕੇਵਲ ਇੱਕ ਹੀ ਨਿਖੇੜੂ ਧੁਨੀ ਸੰਬੰਧਿਤ ਹੋਵੇ, ਪਰ ਅਜਿਹੀ ਸਥਿਤੀ ਹਮੇਸ਼ਾਂ ਕਾਇਮ ਨਹੀਂ ਰਹਿੰਦੀ। ਜਿੱਥੋਂ ਤੱਕ ਗੁਰਮੁਖੀ ਲਿਪੀ ਚਿੰਨ੍ਹਾਂ ਦੀ ਤਰਤੀਬ ਦਾ ਸੰਬੰਧ ਹੈ, ਇਸ ਵਿੱਚ ਧੁਨੀ-ਵਿਗਿਆਨਿਕ ਨੇਮਾਂ ਨੂੰ ਅਪਣਾਇਆ ਗਿਆ ਹੈ। ਗੁਰਮੁਖੀ ਲਿਪੀ ਦੀ ਬਣਤਰ ਵਿੱਚ ਸਭ ਤੋਂ ਪਹਿਲਾਂ ਸ੍ਵਰ ਵਾਹਕ ਲਿਪੀ ਚਿੰਨ੍ਹ ਹਨ। ਸ੍ਵਰ ਉਚਾਰ-ਖੰਡ ਵਿੱਚ ਕੇਂਦਰੀ ਮਹੱਤਵ ਦਾ ਧਾਰਨੀ ਹੈ, ਜਦੋਂ ਕਿ ਵਿਅੰਜਨ ਦੁਜੈਲੇ ਮਹੱਤਵ ਵਾਲਾ ਤੱਤ ਹੈ। ਇਸ ਲਈ ਕੇਂਦਰੀ ਤੱਤ ਦਾ ਪਹਿਲਾਂ ਆਉਣਾ ਜ਼ਰੂਰੀ ਸੀ। (ੳ, ਅ ਤੇ ੲ) ਦੀ ਆਪਣੀ ਤਰਤੀਬ ਵੀ ਧੁਨੀ-ਵਿਉਂਤ ਦੇ ਨੁਕਤੇ ਤੋਂ ਤਰਕ ਸੰਗਤ ਹੈ। ਇਹ ਤਰਤੀਬ ਉਚਾਰਨ ਸਥਾਨ ਦੀ ਵਿਉਂਤ ਅਨੁਸਾਰ ਹੈ। (ੳ) ਪਿਛਲੇ ਸ੍ਵਰ ਦਾ ਵਾਹਕ ਚਿੰਨ੍ਹ ਹੈ। ਇਸੇ ਤਰ੍ਹਾਂ ਹੀ ਕਵਰਗ, ਚਵਰਗ, ਟਵਰਗ, ਤਵਰਗ ਤੇ ਪਵਰਗ ਆਦਿ ਵਿਅੰਜਨ ਲਿਪੀ ਚਿੰਨ੍ਹਾਂ ਦੀ ਤਰਤੀਬ ਵੀ ਉਚਾਰਨ ਸਥਾਨ ਅਨੁਸਾਰ ਹੈ।

     ਹੁਣ ਮਸਲਾ ਗੁਰਮੁਖੀ ਲਿਪੀ ਦੀ ਪਹਿਲੀ ਪਾਲ ਵਿੱਚ ‘ਸ’ ਤੇ ‘ਹ’ ਦਾ ਹੈ। ਇਹ ਗੱਲ ਤਾਂ ਸਰਬਪ੍ਰਵਾਨਿਤ ਹੈ ਕਿ ਹੋਰਨਾਂ ਭਾਰਤੀ ਲਿਪੀਆਂ ਵਾਂਗ ਗੁਰਮੁਖੀ ਲਿਪੀ ਦਾ ਨਿਕਾਸ ਵੀ ‘ਬ੍ਰਹਮੀ’ ਤੋਂ ਹੋਇਆ। ਪ੍ਰੀਤਮ ਸਿੰਘ ਦਾ ਖ਼ਿਆਲ ਹੈ ਕਿ ਗੁਰਮੁਖੀ ਦਾ ‘ਹ’ ਅੱਖਰ ‘ਹਾਹੇ’ ਦੇ ਬ੍ਰਹਮੀ ਵਾਲੇ ਚਿੰਨ੍ਹ ਤੋਂ ਹੀ ਵਿਗਸਿਆ ਹੋਇਆ ਹੈ, ਪਰ ਕਿਉਂਕਿ ਇਹ ਪੰਜਾਬੀ ਉਚਾਰਨ ਦੀ ਸੁਰ ਨੂੰ ਲਿਖਤ ਰਾਹੀਂ ਪ੍ਰਗਟਾਉਣ ਦੇ ਕੰਮ ਵੀ ਆਉਂਦਾ ਹੈ, ਇਸ ਲਈ ਇਸ ਦੀ ਵਰਤੋਂ ਲਿਖਾਰੀਆਂ ਨੂੰ ਔਖਾ ਕਰਦੀ ਰਹੀ। ਮਸਲਨ ਜੇ ਇੱਕ ਜਾਣਾ ‘ਅਵਹਿ’ ਲਿਖ ਕੇ ਰਾਜ਼ੀ ਸੀ, ਤਾਂ ਦੂਜਾ ਇਸ ਨੂੰ ‘ਆਵੈ’ ਲਿਖਣਾ ਪਸੰਦ ਕਰਦਾ ਸੀ। ਇਸ ਲਈ ਇਸ ਅੱਖਰ ਨੂੰ ਅੰਤਲੇ ਭਾਗ ਵਿੱਚੋਂ ਚੁੱਕ ਕੇ ਪਹਿਲੀ ਪਾਲ ਦੇ ਅੰਤ ਵਿੱਚ ਟਿਕਾ ਦਿੱਤਾ ਗਿਆ। ‘ਸੱਸੇ’ ਦੀ ਕਹਾਣੀ ਈੜੀ ਨਾਲ ਮੇਲ ਖਾਂਦੀ ਹੈ। ਦੇਵਨਾਗਰੀ ਦਾ ‘ਸ’ ਬ੍ਰਹਮੀ ਦੇ ‘ਸ’ ਤੋਂ ਵਿਗਸਿਆ ਹੋਇਆ ਹੈ, ਪਰ ਗੁਰਮੁਖੀ ਨੇ ਇਸ ਨੂੰ ਆਪਣੀ ਵਰਨਮਾਲਾ ਵਿੱਚ ਕੋਈ ਥਾਂ ਨਹੀਂ ਦਿੱਤੀ ਅਤੇ ਉਸ ਦੀ ਥਾਂ ਜਿਹੜਾ ਅੱਖਰ-ਚਿੰਨ੍ਹ ਅਪਣਾਇਆ, ਉਸ ਨੂੰ ‘ਬ੍ਰਹਮੀ’ ਤੇ ਉਸ ਤੋਂ ਵਿਗਸੀਆਂ ਇਸ ਇਲਾਕੇ ਦੀਆਂ ਹੋਰ ਲਿਪੀਆਂ ਵਿੱਚ ‘ਸ਼’ ਧੁਨੀ ਲਈ ਸਮਰਪਿਤ ਕੀਤਾ ਹੋਇਆ ਸੀ। ਮਸਲਨ ਸ਼ਾਰਦਾ ਵਿੱਚ ‘ਸ’ ਅੱਖਰ ‘ਸ਼’ ਦਾ ਉਚਾਰਨ ਹੀ ਪ੍ਰਗਟਾਉਂਦਾ ਹੈ। ਇਸ ਲਈ ਇਹ ‘ਸ਼’ ਧੁਨੀ ਵਾਲਾ ਪੁਰਾਣਾ ਚਿੰਨ੍ਹ ਲੈ ਕੇ, ਇਸ ਨੂੰ ‘ਸ’ ਧੁਨੀ ਲਈ ਵਰਤਣਾ ਸ਼ੁਰੂ ਕਰ ਦਿੱਤਾ ਅਤੇ ਵਰਨਮਾਲਾ ਦੀ ਪਹਿਲੀ ਪਾਲ ਵਿੱਚ ਚੌਥੀ ਥਾਂ ਉੱਤੇ ਟਿਕਾ ਦਿੱਤਾ। ਬ੍ਰਹਮੀ ਤੋਂ ਵਿਗਸਿਆ ‘ਖ’ ਵੀ ਗੁਰਮੁਖੀ ਨੇ ਬਦਲਵੇਂ ਰੂਪ ਵਿੱਚ ਅਪਣਾਇਆ ਹੈ। ਇਸ ਨੂੰ ਪੇਟ-ਚੀਰਵੇਂ ‘ਸ਼’ ਦੀ ਥਾਂ ਟਿਕਾ ਕੇ, ਇਸ ਤੋਂ ‘ਖ’ ਧੁਨੀ ਦਾ ਕੰਮ ਲੈਣਾ ਸ਼ੁਰੂ ਕਰ ਦਿੱਤਾ। ਅੰਤਲਾ ਅਤੇ ਨਵ-ਵਰਗ ਮਿਲਵੇਂ-ਜੁਲਵੇਂ ਵਿਅੰਜਨ ਲਿਪੀ ਚਿੰਨ੍ਹਾਂ ਨੂੰ ਪ੍ਰਗਟਾਉਂਦਾ ਜਾਂ ਉਹਨਾਂ ਦਾ ਵਾਹਨ ਬਣਦਾ ਹੈ।

     ਭਾਵੇਂ ਇੱਕ ਨਾ ਖ਼ੁਸ਼ਗਵਾਰ ਤੱਥ ਇਹ ਵੀ ਹੈ ਕਿ ਗੁਰਮੁਖੀ ਲਿਪੀ ਦੀ ਵਰਤੋਂ ਵਿਵਾਦ ਦਾ ਵਿਸ਼ਾ ਬਣਦੀ ਰਹੀ ਹੈ, ਐਪਰ ਹਕੀਕਤ ਇਹ ਹੈ ਕਿ ਹੋਰਨਾਂ ਲਿਪੀਆਂ ਵਾਂਗ ਗੁਰਮੁਖੀ ਲਿਪੀ ਵੀ ਇੱਕ ਲੰਮੇ ਇਤਿਹਾਸਿਕ ਕਾਲ ਦੌਰਾਨ ਵਿਕਸਿਤ ਹੋਈ ਹੈ ਅਤੇ ਇਸ ਦਾ ਮੂਲ ਸ੍ਰੋਤ ਬ੍ਰਹਮੀ ਲਿਪੀ ਹੈ। 10ਵੀਂ-11ਵੀਂ ਸਦੀ ਤੋਂ ਇਸ ਖਿਤੇ ਦੀ ਲਿਪੀ ਲਈ ਭੱਟਛਰੀ, ਸਿਧ ਮਾਤ੍ਰਿਕਾ ਤੇ ਸ਼ਾਰਦਾ ਆਦਿ ਨਾਮ ਪ੍ਰਚਲਿਤ ਸਨ, ਪਰ ਗੁਰੂ ਸਾਹਿਬਾਨ ਵੱਲੋਂ ਇਸ ਲਿਪੀ ਨੂੰ ਇੱਕ ਸਥਾਨਿਕ ਲਿਪੀ ਵਜੋਂ ਅਪਣਾਉਣ ਅਤੇ ਇਸ ਲਿਪੀ ਨੂੰ ਗੁਰਬਾਣੀ ਲਈ ਵਰਤਣ ਕਾਰਨ, ਇਸ ਦਾ ਨਾਮ ਗੁਰਮੁਖੀ ਪੈ ਗਿਆ।

     ਇਹ ਪ੍ਰਸ਼ਨ ਵੀ ਲਗਪਗ ਨਜਿੱਠਿਆ ਹੋਇਆ ਹੈ ਕਿ ਪੰਜਾਬੀ ਜ਼ੁਬਾਨ ਦੀਆਂ ਵਿਸ਼ੇਸ਼ ਧੁਨੀਆਂ ਦੇ ਪ੍ਰਗਟਾਉਣ ਲਈ ਗੁਰਮੁਖੀ ਹੀ ਇੱਕੋ-ਇੱਕ ਢੁੱਕਵੀਂ ਲਿਪੀ ਹੈ। ਇਹ ਲਿਪੀ ਪੰਜਾਬੀ ਭਾਸ਼ਾ ਲਈ ਲੰਮੇ ਸਮੇਂ ਤੋਂ ਵਰਤੋਂ ਵਿੱਚ ਆ ਰਹੀ ਹੈ ਤੇ ਅੱਜ ਜਦੋਂ ਭਾਰਤ ਦੇ ਪੰਜਾਬ ਪ੍ਰਾਂਤ ਵਿੱਚ ਇਸ ਨੂੰ ਰਾਜਸੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਅਤੇ ਇਹ ਉਚੇਰੀ ਸਿੱਖਿਆ ਦਾ ਮਾਧਿਅਮ ਹੈ ਤਾਂ ਇਸ ਵਰਤੋਂ ਲਈ ਗੁਰਮੁਖੀ ਨੂੰ ਹੀ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ।


ਲੇਖਕ : ਬੂਟਾ ਸਿੰਘ ਬਰਾੜ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 42440, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਗੁਰਮੁਖੀ ਲਿਪੀ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਗੁਰਮੁਖੀ ਲਿਪੀ: ਇਕ ਭਾਸ਼ਾ ਦਾ ਵਰਤਾਰਾ ਦੂਜੀ ਭਾਸ਼ਾ ਨਾਲੋਂ ਭਿੰਨ ਹੁੰਦਾ ਹੈ। ਭਾਵੇਂ ਇਹ ਭਿੰਨਤਾ ਕੁਝ ਨਿਯਮਾਂ ਦੇ ਅੰਤਰਗਤ ਹੀ ਹੁੰਦੀ ਹੈ, ਇਕ ਭਾਸ਼ਾ ਭਾਵੇਂ ਦੂਜੀ ਭਾਸ਼ਾ ਨਾਲ ਪਰਿਵਾਰਕ ਅਤੇ ਬਣਤਰਾਤਮਕ ਪੱਧਰ ’ਤੇ ਕਿੰਨੀ ਵੀ ਨੇੜੇ ਕਿਉਂ ਨਾ ਹੋਵੇ। ਇਸ ਲਈ ਭਾਸ਼ਾ ਲਈ ਇਹ ਇਕ ਆਦਰਸ਼ਕ ਸਥਿਤੀ ਹੋਵੇਗੀ ਕਿ ਹਰ ਭਾਸ਼ਾ ਦਾ ਕੋਈ ਆਪਣਾ ਲਿਖਣ-ਪਰਬੰਧ ਹੋਵੇ ਪਰ ਇਸ ਪਰਕਾਰ ਦੀ ਸਥਿਤੀ ਅਜੇ ਤੱਕ ਨਹੀਂ ਭਾਵ ਹਰ ਭਾਸ਼ਾ ਦੀ ਆਪੋ ਆਪਣੀ ਲਿਪੀ ਮੌਜੂਦ ਨਹੀਂ। ਭਾਸ਼ਾਵਾਂ ਦੀ ਗਿਣਤੀ ਦੀ ਇਕ ਲੰਬੀ ਸੂਚੀ ਹੈ ਪਰ ਲਿਪੀਆਂ ਦੀ ਸੂਚੀ ਸੀਮਤ ਹੈ। ਭਾਵੇਂ ਹਰ ਇਕ ਭਾਸ਼ਾ ਦੀ ਆਪਣੀ ਇਕ ਲਿਪੀ ਘੜੀ ਜਾ ਸਕਦੀ ਹੈ। ਪੰਜਾਬੀ ਭਾਸ਼ਾ ਨੂੰ ਲਿਖਤ ਵਿਚ ਲਿਆਉਣ ਲਈ ਮੋਟੇ ਤੌਰ ’ਤੇ ਦੋ ਲਿਪੀਆਂ ਦੀ ਵਰਤੋਂ ਕੀਤੀ ਜਾਂਦੀ ਹੈ : ਗੁਰਮੁਖੀ ਅਤੇ ਪਰਸ਼ੋ-ਅਰੈਬਿਕ। ਇਨ੍ਹਾਂ ਦੀ ਵਰਤੋਂ ਦਾ ਕਾਰਨ ਰਾਜਨੀਤਕ ਹੈ ਕਿਉਂਕਿ ਪੰਜਾਬੀ ਭਾਸ਼ੀ ਲੋਕ ਦੋ ਦੇਸ਼ਾਂ ਵਿਚ ਵੰਡੇ ਹੋਏ ਹਨ। ਗੁਰਮੁਖੀ ਨੂੰ ਪੰਜਾਬੀ ਭਾਸ਼ਾ ਦੇ ਲਿਖਣ ਲਈ ਪੂਰਬੀ ਪੰਜਾਬ ਵਿਚ ਵਰਤਿਆ ਜਾਂਦਾ ਹੈ। ਗੁਰਮੁਖੀ ਨੂੰ ਪੈਂਤੀ ਅੱਖਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦੇ ਮੂਲ ਚਿੰਨ੍ਹਾਂ ਦੀ ਗਿਣਤੀ ਪੈਂਤੀ ਹੈ। ਇਸ ਲਿਪੀ ਨੂੰ ਖੱਬੇ ਤੋਂ ਸੱਜੇ ਵੱਲ ਲਿਖਿਆ ਜਾਂਦਾ ਹੈ। ਇਸ ਵਿਚ (ੳ ਅ ਤੇ ੲ) ਸਵਰ-ਵਾਹਕ ਚਿੰਨ੍ਹ ਹਨ। ਇਨ੍ਹਾਂ ਚਿੰਨ੍ਹਾਂ ਵਿਚ ‘ੳ ਅਤੇ ੲ’ ਦਾ ਆਪਣਾ ਕੋਈ ਉਚਾਰਨ ਨਹੀਂ ਹੈ ਪਰ ਇਨ੍ਹਾਂ ਚਿੰਨ੍ਹਾਂ ਨਾਲ ਨੌਂ ਦੂਜੈਲੇ ਲਿਪੀ ਚਿੰਨ੍ਹ ਲੱਗ ਕੇ 10 ਸਵਰ ਧੁਨੀਆਂ ਲਈ ਵਰਤੇ ਜਾਂਦੇ ਹਨ। ਇਨ੍ਹਾਂ ਦੂਜੈਲੇ ਲਿਪੀ ਚਿੰਨ੍ਹਾਂ ਨੂੰ ਲਗ ਜਾਂ ਮਾਤਰਾ ਵੀ ਕਿਹਾ ਜਾਂਦਾ ਹੈ। ਇਹ ਮਾਤਰਾਵਾਂ ਇਸ ਪਰਕਾਰ ਹਨ; ੳ (ਉ, ਊ, ਓ) ਅ (ਆ, ਐ, ਔ) ਅਤੇ ੲ (ਇ, ਈ, ਏ)। (ਇ ਅ ਉ) ਲਘੂ ਸਵਰਾਂ ਦੇ ਸੂਚਕ ਹਨ ਜਦੋਂ ਕਿ ਬਾਕੀ ਦੀਰਘ ਸਵਰਾਂ ਦੇ ਸੂਚਕ ਹਨ। ਗੁਰਮੁਖੀ ਲਿਪੀ ਉਚਾਰਨ (ਸਥਾਨ) ’ਤੇ ਅਧਾਰਤ ਹੈ ਜਿਨ੍ਹਾਂ ਧੁਨੀਆਂ ਦਾ ਉਚਾਰਨ ਮੂੰਹ ਦੇ ਪਿਛਲੇ ਪਾਸੇ ਤੋਂ ਹੁੰਦਾ ਹੈ ਉਨ੍ਹਾਂ ਦਾ ਲਿਪੀ ਵਿਚ ਪਹਿਲਾ ਸਥਾਨ ਅਤੇ ਤਰਤੀਬਵਾਰ ਇਹ ਮੂੰਹ ਦੇ ਅੱਗੇ ਵੱਲ ਨੂੰ ਵੱਧਦਾ ਜਾਂਦਾ ਹੈ, ਜਿਵੇਂ : ਕ (ਮੂੰਹ ਦੇ ਪਿਛੇ ਕੰਠੀ), ਚ (ਉਸ ਤੋਂ ਅੱਗੇ ਤਾਲਵੀ), ਟ (ਸਖਤ ਤਾਲੂ), ਤ (ਦੰਤੀ) ਅਤੇ ਪ (ਦੋ ਹੋਂਠੀ) ਹੈ। ਇਕ ਵਰਗ ਦੀਆਂ ਧੁਨੀਆਂ ਲਈ ਇਕ ਪਾਲ ਹੈ ਜਿਵੇਂ (ਕ, ਖ, ਗ, ਙ) ਕੰਠੀ ਅਤੇ (ਪ, ਫ, ਬ, ਮ) ਦੋ ਹੋਂਠੀ। ਇਹੀ ਤਰਤੀਬ ਸਵਰਾਂ ਦੇ ਉਚਾਰਨ ’ਤੇ ਲਾਗੂ ਹੁੰਦੀ ਹੈ। ਅਜੋਕੀ ਪੂਰਬੀ ਪੰਜਾਬੀ ਵਿਚੋਂ ਸਘੋਸ਼ ਮਹਾਂ-ਪਰਾਣ ਧੁਨੀਆਂ (ਘ, ਝ, ਢ, ਧ ਤੇ ਭ) ਅਲੋਪ ਹੋ ਗਈਆਂ ਹਨ ਅਤੇ ਇਨ੍ਹਾਂ ਦਾ ਉਚਾਰਨ ਸੁਰ ਵਿਚ ਬਦਲ ਗਿਆ ਹੈ ਪਰ ਇਹ ਲਿਪੀ ਚਿੰਨ੍ਹ ਗੁਰਮੁਖੀ ਵਿਚ ਸ਼ਾਮਲ ਹਨ। (ਞ ਤੇ ਙ) ਦੋ ਨਾਸਕੀ ਧੁਨੀਆਂ ਲਈ ਵਰਤੇ ਜਾਂਦੇ ਹਨ। ਇਹ ਧੁਨੀਆਂ ਬੋਲਚਾਲ ਵਿਚ ਤਾਂ ਕਿਤੇ ਕਿਤੇ ਵਰਤੀਆਂ ਜਾਂਦੀਆਂ ਹਨ ਪਰ ਅਜੋਕੀ ਲਿਖਤ ਵਿਚ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ। ਪੰਜਾਬੀ ਵਿਚ (ਹ, ਵ ਤੇ ਰ) ਤਿੰਨ ਧੁਨੀਆਂ ਹਨ ਜਿਨ੍ਹਾਂ ਦੀ ਵਰਤੋਂ ਮੂਲ ਰੂਪ ਵਿਚ ਵੀ ਹੁੰਦੀ ਹੈ। ਦੁਜੈਲੇ ਰੂਪ ਵਿਚ ਵੀ ਹੁੰਦੀ ਹੈ। ਦੂਜੈਲੇ ਰੂਪ ਵਿਚ ਇਹ ਦੂਜੇ ਲਿਪੀ ਚਿੰਨ੍ਹਾਂ ਦੇ ਪੈਰਾਂ ਵਿਚ ਲਿਖੇ ਜਾਂਦੇ ਹਨ। ਬਿੰਦੀ, ਟਿੱਪੀ ਅਤੇ ਅੱਧਕ ਤਿੰਨ ਹੋਰ ਚਿੰਨ੍ਹ ਹਨ ਜੋ ਦੂਜੇ ਲਿਪੀ ਚਿੰਨ੍ਹਾਂ ਨਾਲ ਵਰਤੇ ਜਾਂਦੇ ਹਨ। ਟਿੱਪੀ : ਦੁੱਤ ਵਿਅੰਜਨ ਤੇ ਨਾਸਿਕਤਾ ਲਈ, ਬਿੰਦੀ : ਨਾਸਿਕਤਾ ਲਈ ਅਤੇ ਅੱਧਕ ਦੁੱਤ ਵਿਅੰਜਨ ਲਈ ਵਰਤਿਆ ਜਾਂਦਾ ਹੈ। (ਹ) ਧੁਨੀ ਦੀ ਵਰਤੋਂ ਕੁਝ ਉਪਭਾਸ਼ਾਵਾਂ ਵਿਚ ਸ਼ਬਦ ਦੇ ਸ਼ੁਰੂ ਵਿਚ ਕੀਤੀ ਜਾਂਦੀ ਹੈ। ਬਾਦ ਵਿਚ ਇਹ ਸੁਰ ਵਿਚ ਬਦਲ ਜਾਂਦੀ ਹੈ। ਸ਼ਬਦ-ਜੋੜਾਂ ਨੂੰ ਤਰਕਸੰਗਤ ਬਣਾਉਣ ਲਈ ਪੰਜਾਬੀ ਧੁਨੀ-ਵਿਉਂਤ ਅਤੇ ਲਿਪੀ ਚਿੰਨ੍ਹਾਂ ਦੇ ਵਰਤਾਰਿਆਂ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 42394, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਗੁਰਮੁਖੀ ਲਿਪੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰਮੁਖੀ (ਲਿਪੀ) :  ਪੰਜਾਬੀ ਬੋਲੀ ਦੀ ਪ੍ਰਵਾਣਿਤ ਵਰਣਮਾਲਾ ਜਾਂ ਪੈਂਤੀ ਦੇ ਅੱਖਰਾ ਨੂੰ ਗੁਰਮੁੱਖੀ ਅੱਖਰ ਕਿਹਾ ਜਾਂਦਾ ਹੈ। ਗੁਰਮੁਖੀ ਸ਼ਬਦ ਵਿਚ ‘ਖ’ ਨੂੰ ( I) ਦੀ ਥਾਂ ਜਦੋਂ (i) ਲਾਈ ਜਾਵੇ ਤਾਂ ਗੁਰਮੁਖ ਦੇ ਲਫ਼ਜ਼ੀ ਮਾਇਨੇ ਹਨ ਗੁਰੂ ਦੇ ਮੁਖ ਵਿਚ, ਅਰਥਾਤ ਗੁਰੂ ਦੇ ਉਪਦੇਸ਼ ਅਤੇ ਬਾਣੀ ਵਿਚ। ਜਪੁਜੀ ਸਾਹਿਬ ਵਿਚ ‘ਗੁਰਮੁਖਿ ਨਾਦੰ, ਗੁਰਮੁਖਿ ਵੇਦੰ’ ਵਾਲੀਆਂ ਤੁਕਾਂ ਵਿਚ ਇਹ ਸ਼ਬਦ ‘ਗੁਰੂ ਦੇ ਮੁਖ’ ਦੇ ਅਰਥਾਂ ਵਿਚ ਆਇਆ ਹੈ। ਮਾਝ ਅਸਟਪਦੀਆਂ, ਮਹਲਾ ੫ ਦੀ ਤੁਕ ‘ਗੁਰਮੁਖਿ ਮਿਲੀਐ, ਮਨਮੁਖਿ ਵਿਛੁਰੈ’, ਵਿਚ ‘ਗੁਰਮੁਖਿ’ ਦੇ ਅਰਥ ‘ਗੁਰਮੁਖਤਾ ਦੁਆਰਾ’ ਲਏ ਗਏ ਹਨ। ਗੁਰਮੁਖਿ ਸ਼ਬਦ ਗੁਰਮੁਖਾਂ ਲਈ ਵੀ ਵਰਤਿਆ ਗਿਆ ਹੈ, ਜਿਵੇਂ ਉਪਰੋਕਤ ਅਸ਼ਟਪਦੀਆਂ ਦੀ ਤੁਕ ‘ਗੁਰਮੁਖਿ ਮੁਕਤਾ, ਗੁਰਮੁਖਿ ਜੁਗਤਾ’ ਵਿਚ ‘ਗੁਰਮੁਖਿ’ ਸ਼ਬਦ ਦੇ ਅਰਥ ਗੁਰਮੁਖ ਲੋਕ ਹਨ। ‘ਗੁਰਮੁਖਿ’ ਦੇ ਅਰਥ ਆਦਿ––ਗੁਰੂ, ਪ੍ਰਧਾਨ ਗੁਰੂ ਜਾਂ ਆਪ ਅਕਾਲਪੁਰਖ ਵੀ ਹਨ। ‘ਬਾਵਨ ਅੱਖਰੀ’ ਦੀ ਇਸ ਤੁਕ ਵਿਚ ਇਹ ਸ਼ਬਦ ਇਨ੍ਹਾਂ ਅਰਥਾਂ ਵਿਚ ਹੀ ਆਇਆ ਹੈ :

                   ‘ਉਅੰ ਗੁਰਮੁਖਿ ਕੀਓ ਅਕਾਰਾ’।

ਨਿਰਮਲੇ ਆਪਣੇ ਸਾਹਿੱਤ ਨੂੰ ਗੁਰਮੁਖੀ ਦਾ ਨਾਂ ਦਿੰਦੇ ਹਨ। ਕਈ ਅਣਜਾਣ ਗੁਰਮੁਖੀ ਦੀ ਥਾਂ ‘ਪੰਜਾਬੀ’ ਸ਼ਬਦ ਦੀ ਵਰਤੋਂ ਵੀ ਕਰਦੇ ਵੇਖੇ ਗਏ ਹਨ।

          ‘ਗੁਰਮੁਖੀ’ ਸ਼ਬਦ ਦੇ ਅਰਥ, ‘ਗੁਰਮੁਖਿ’ ਨਾਲੋਂ ਭਿੰਨ ਹਨ ਤੇ ਕੇਵਲ ਗੁਰਮੁਖੀ ਵਰਣਮਾਲਾ ਜਾਂ ਪੈਂਤੀ ਅੱਖਰੀ ਲਈ ਮਖ਼ਸੂਸ ਹਨ। ਗੁਰਮੁਖੀ ਦੇ ਪੈਂਤੀ ਅੱਖਰ ਸ਼ਾਰਦਾ, ਲੇਡੇ, ਟਾਕਰੀ ਆਦਿ ਲਿਪੀਆਂ ਦਾ ਸੁਧਾਰਿਆ ਤੇ ਸੰਵਾਰਿਆ ਰੂਪ ਮੰਨੇ ਜਾਂਦੇ ਹਨ। ਸਿੱਖ ਗੁਰੂ ਸਾਹਿਬਾਨ ਨੇ ਇਸ ਲਿਪੀ ਦਾ ਚੋਖਾ ਪ੍ਰਯੋਗ ਕੀਤਾ ਅਤੇ ਮਗਰੋਂ ਉਨ੍ਹਾਂ ਦੇ ਗੁਰਮੁਖ ਸਿੱਖ ਵੀ ਇਸੇ ਲਿਪੀ ਵਿਚ ਲਿਖਦੇ ਰਹੇ, ਇਸ ਲਈ ਇਸ ਦਾ ਨਾਂ ਗੁਰਮੁਖੀ ਪੈ ਗਿਆ ਜਾਪਦਾ ਹੈ।

          ਕਈਆਂ ਦਾ ਵਿਚਾਰ ਹੈ ਕਿ ਇਹ ਲਿਪੀ ਗੁਰੂ ਅੰਗਦ ਸਹਿਬ ਨੇ ਬਣਾਈ, ਪਰ ਇਹ ਵਿਚਾਰ ਨਿਰਮੂਲ ਹੈ ਕਿਉਂਕਿ ਗੁਰੂ ਅੰਗਦ ਸਾਹਿਬ ਤੋਂ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਨੇ ਰਾਗ ਆਸਾ ਵਿਚ ‘ਪੱਟੀ’ ਨਾਂ ਦੀ ਬਾਣੀ ਰਚੀ ਹੈ ਤੇ ਉੱਥੇ ਇਨ੍ਹਾਂ ਸਾਰੇ ਗੁਰਮੁਖੀ ਅੱਖਰਾਂ ਨੂੰ ਵਰਤਿਆ ਗਿਆ ਹੈ, ਅਰਥਾਤ ਗੁਰੂ ਅੰਗਦ ਸਾਹਿਬ ਤੋਂ ਹੀ ਪਹਿਲੋਂ ਇਹ ਅੱਖਰ ਮੌਜੂਦ ਸਨ। ਹੋਰ ਤਾਂ ਹੋਰ ਗੁਰੂ ਨਾਨਕ ਦੀ ‘ਪੱਟੀ’ ਬਾਣੀ ਵਿਚ ‘ੜ’ ਅੱਖਰ ਵੀ ਆਉਂਦਾ ਹੈ ਜੋ ਉਸ ਵੇਲੇ ਕਿਸੇ ਹੋਰ ਪ੍ਰਮਾਣਿਕ ਲਿਪੀ ਵਿਚ ਨਹੀਂ ਸੀ। ਗੁਰੂ ਨਾਨਕ ਦੀ ਬਾਣੀ ਵਿਚ ਅੱਖਰਾਂ ਦਾ ਕ੍ਰਮ ਤੇ ਉਨ੍ਹਾਂ ਵਿਚੋਂ ਹਰ ਅੱਖਰ ਦਾ ਉਚਾਰਣ ਇਸ ਪ੍ਰਕਾਰ ਹੈ :

          ਸ(ਸੱਸਾ), ੲ(ਈਵੜੀ), ੳ(ਊੜਾ) ਙ(ਙੰਙਾ), ਕ(ਕੱਕਾ), ਖ(ਖੱਖਾ), ਗ(ਗੱਗਾ), ਘ (ਘੱਘਾ), ਚ(ਚੱਚਾ), ਛ(ਛੱਛਾ), ਜ(ਜੱਜਾ), ਝ(ਝੱਝਾ) , ਞ(ਞੰਞਾ),ਟ(ਟੱਟਾ) , ਠ(ਠੱਠਾ) , ਡ(ਡੱਡਾ), ਢ(ਢੱਢਾ), ਣ(ਣਾਣਾ), ਤ(ਤੱਤਾ), ਥ(ਥੱਥਾ), ਦ(ਦੱਦਾ), ਧ(ਧੱਧਾ), ਨ(ਨੱਨਾ), ਪ(ਪੱਪਾ), ਫ(ਫੱਫਾ), ਬ(ਬੱਬਾ), ਭ(ਭੱਭਾ) ਮ(ਮੱਮਾ), ਯ(ਯੱਯਾ), ਰ(ਰੱਰਾ), ਲ(ਲੱਲਾ), ਵ(ਵੱਵਾ), ੜ(ੜਾੜਾ), ਹ(ਹਾਹਾ), ਅਤੇ ਅ(ਐੜਾ)।

          ਪਰ ਗੁਰਮੁਖੀ ਦਾ ਪ੍ਰਚੱਲਿਤ ਅੱਖਰ–ਕ੍ਰਮ ਹੁਣ ਇਸ ਤੋਂ ਭਿੰਨ, ਅਤੇ ਇਸ ਪ੍ਰਕਾਰ ਹੈ :

                   ੳ       ਅ       ੲ        ਸ       ਹ

                   ਕ       ਖ        ਗ       ਘ       ਙ

                   ਚ       ਛ       ਜ       ਝ       ਞ

                   ਟ       ਠ       ਡ       ਢ       ਣ

                   ਤ       ਥ       ਦ       ਧ        ਨ

                   ਪ        ਫ        ਬ       ਭ        ਮ

                   ਯ       ਰ        ਲ       ਵ        ੜ

          ਇਨ੍ਹਾਂ ਪੈਂਤੀ ਅੱਖਰਾਂ ਤੋਂ ਇਲਾਵਾ ਕੁਝ ਫ਼ਾਰਸੀ ਆਵਾਜ਼ਾਂ ਨੂੰ ਗੁਰਮੁਖੀ ਲਿਪੀ ਰਾਹੀਂ ਸਹੀ ਜਾਂ ਤਤਸਮ ਰੂਪ ਵਿਚ ਲਿਖਣ ਲਈ ਸ, ਕ, ਖ, ਗ, ਜ, ਫ ਆਦਿ ਅੱਖਰਾਂ ਹੇਠ ਨੁਕਤਾ ਲਗਾਇਆ ਜਾਣ ਲੱਗਾਹੈ। ‘ਸ਼ਬਦ ਜੋੜ ਕੋਸ਼’ ਵਿਚ ਲਾ ਦੇ ਹੇਠ ਨੁਕਤਾ ਲਗਾ ਕੇ ਇਕ ਹੋਰ ਧ੍ਵਨੀ ਪੈਦਾ ਕੀਤੀ ਗਈ ਹੈ।

          [ਸਹਾ. ਗ੍ਰੰਥ–ਡਾਕਟਰ ਮੋਹਨ ਸਿੰਘ : ‘ਪੰਜਾਬੀ ਭਾਖਾ ਵਿਗਿਆਨ ਤੇ ਗੁਰਮਤਿ ਗਿਆਨ ’ ; ਮ. ਕੋ. ]         


ਲੇਖਕ : ਡਾ.ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 35813, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਗੁਰਮੁਖੀ ਲਿਪੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੁਰਮੁਖੀ ਲਿਪੀ : ਪੰਜਾਬੀ ਬੋਲੀ ਵਾਂਗ ਪੰਜਾਬੀ ਦੀ ਲਿਪੀ ਵੀ ਬਹੁਤ ਪੁਰਾਣੀ ਹੈ। ਇਹ ਭਾਰਤ ਦੀ ਪ੍ਰਾਚੀਨਤਮ ਲਿਪੀ ਬ੍ਰਹਮੀ ’ਚੋਂ ਨਿਕਲੀ ਸੀ, ਜਿਸ ਦਾ ‘ੜ’ ਅੱਖਰ ਅੱਜ ਤੱਕ ਇਸ ਨੇ ਸਾਂਭ ਕੇ ਰੱਖਿਆ ਹੋਇਆ ਹੈ।

          ਇਸ ਲਿਪੀ ਦੇ ਪੁਰਾਣੇ ਨਾਂ ਸਨ ‘ਸਿੱਧਮ’, ‘ਓਨਮ ਸਿੱਧਮ’, ‘ਸਿੱਧ ਮਾਤ੍ਰਿਕਾ’ ਜਾਂ ‘ਪੈਂਤੀਸ ਚੌਂਤੀਸ ਅੱਖਰੀ’ ਜਾਂ ‘ਪੈਂਤੀ’ ਜਾਂ ‘ਚੌਂਤੀ’। ਡਾ. ਰਘੁਵੀਰਾ ਨੇ ਸਿੱਧ ਕੀਤਾ ਹੈ ਕਿ ਗੁਰਮੁਖੀ ਦਾ ਆਧਾਰ ਉੱਤਰ-ਅਸ਼ੋਕਾ ਕਾਲ ਦੀਪ ਬ੍ਰਹਮੀ ਲਿਪੀ ਹੀ ਨਹੀਂ ਹੈ, ਸਗੋਂ ਇਹ ਸਿੱਧ ਲਿਪੀ ਸਿੱਧਮ ਤੇ ਵੀ ਆਧਾਰਿਤ ਹੈ ਜਿਹੜੀ ਛੇਵੀਂ ਸੱਤਵੀਂ ਸਦੀ ਵਿਚ ਉੱਤਰੀ ਭਾਰਤ ਵਿਚ ਪ੍ਰਚੱਲਤ ਸੀ। ਅਲਬੈਰੂਨੀ (ਅਲਹਿੰਦ) ਵੀ ‘ਸਿੱਧ ਮਾਤ੍ਰਿਕਾ’ ਲਿਪੀ ਵੱਲ ਸੰਕੇਤ ਕਰਦਾ ਹੈ ਜਿਹੜੀ ਕਸ਼ਮੀਰ ਵਿਚ ਵੀ ਪ੍ਰਚੱਲਤ ਸੀ।

          ਇਸ ਲਿਪੀ ਦੀ ਪੱਟੀ ਲਿਖਣ ਲੱਗਿਆਂ ਵਿਦਿਆਰਥੀ ‘ਸਿੱਧਮ’ ਜਾਂ ‘ਓਨਮ ਸਿੱਧਮ’ ਕਹਿ ਕੇ ਆਰੰਭ ਕਰਦੇ ਸਨ। ਇਸ ਦੇ 31 ਅੱਖਰ ਅਤੇ ਤਿੰਨ ਮਾਤਰਾਵਾਂ ਸਨ। ਬਾਵਨ ਅੱਖਰੀ ਦੇਵ ਨਾਗਰੀ ਲਿਪੀ ਨੂੰ ਕਿਹਾ ਜਾਂਦਾ ਸੀ। ਕਬੀਰ ਦੀ ਬਾਵਨ ਅੱਖਰੀ ਦੇ ਵੀ ਅਸਲ ਵਿਚ ‘ੳ’ ਤੋਂ ਬਿਨਾਂ ਪੈਂਤੀ ਚੌਂਤੀ ਅੱਖਰ ਹੀ ਹਨ ਜਿਨ੍ਹਾਂ ਵਿਚ ਦੋ ਅੱਖਰ ਦੂਹਰੀ ਵਾਰ ਆਉਂਦੇ ਹਨ। ਇਸ ਤਰ੍ਹਾਂ ਉਸ ਦੇ ਕੁੱਲ ਅੱਖਰ 31 ਅਤੇ ਮਾਤਰਾਵਾਂ 13 ਹਨ।

          ਲਿਪੀ ਦੇ ਪਹਿਲੇ ਭਾਗ ਨੂੰ ‘ਓਨਮ’ ਕਿਹਾ ਜਾਂਦਾ ਸੀ ਅਤੇ ਪਿਛਲੇ ਭਾਗ ਨੂੰ ‘ਸਿੱਧਮ’।

          ਬਾਲੇ ਵਾਲੀ ਜਨਮ ਸਾਖੀ ਵਿਚ ਆਉਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਜਦ ਤਲਵੰਡੀ ਗਏ ਤੇ ਬਾਲੇ ਨੂੰ ਕਿਹਾ ਜਾ ਕੋਈ ਅਜਿਹਾ ਪੁਰਸ਼ ਲਿਆ ਜੋ ਦੋਵੇਂ ਅੱਖਰ ਜਾਣਦਾ ਹੋਵੇ (ਭਾਵ ਬਾਵਨ ਅੱਖਰੀ ਤੇ ਚੌਂਤੀਸ ਅੱਖਰੀ) ਤਾਂ ਬਾਲੇ ਕਿਹਾ, ਜੀ, ਗੁਰੂ ਜੀ, ਭਾਈ ਪੈੜਾ ਮੋਖਾ ਹੈਂ, ਜੋ ਦੋਵੇਂ ਅੱਖਰ ਜਾਣਦਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਅੰਗਦ ਤੇ ਗੁਰੂ ਨਾਨਕ ਤੋਂ ਪਹਿਲਾਂ ਦੋਵੇਂ ਅੱਖਰ ਪ੍ਰਚੱਲਤ ਸਨ ਅਤੇ ਇਹ ਭੁਲੇਖਾ ‘ਐਨਸਾਈਕਲੋਪੀਡੀਆ ਬ੍ਰਿਟੈਨਿਕਾ’ ਦੀ ਪਹਿਲੀ ਛਾਪ ਵਿਚ ਪਾਇਆ ਗਿਆ, ਕਿ ਗੁਰਮੁਖੀ ਅੱਖਰ ਗੁਰੂ ਅੰਗਦ ਦੇਵ ਜੀ ਨੇ ਬਣਾਏ ਸਨ। ਅੱਜ ਇਹ ਭਰਮ ਦੂਰ ਹੋ ਚੁੱਕਾ ਹੈ ਅਤੇ ਗੁਰਮੁਖੀ ਲਿਪੀ ਦੀ ਗੁਰੂ-ਕਾਲ ਤੋਂ ਪਹਿਲਾਂ ਦੀ ਹੋਂਦ ਸਿੱਧ ਹੋ ਚੁੱਕੀ ਹੈ।

          ‘ਬੰਸਾਵਲੀ ਨਾਮਾ’ ਵਿਚ ਬਾਬਾ ਸਿਰੀ ਚੰਦ ਨੂੰ ਗੁਰਮੁਖੀ ਅੱਖਰ ਬਣਾਉਣ ਵਾਲਾ ਦੱਸਿਆ ਹੈ :––

 

          ‘ਜੈਸੇ ਸਾਹਿਬ ਸਿਰੀ ਚੰਦ ਅੱਖਰ ਗੁਰਮੁਖੀ ਬਣਾਏ,

          ਅਗੈ ਸਾਸਤ੍ਰੀ, ਪਾਰਸੀ, ਟਾਕਰੇ ਆਹੇ,

          ‘ਸ੍ਰੀ ਚੰਦ ਸਾਹਿਬ ਉਤਮੁ ਕਰਮ ਨਾ ਹਿਰਾਇਆ

          ਅਖਰ ਗੁਰਮੁਖੀ ਜਿਨੇ ਵਰਤਾਇਆ’

          ਹੋਰ ਵੀ ਕਈ ਗ੍ਰੰਥਾਂ ਵਿਚ ਅਜਿਹੇ ਭੁਲੇਖੇ ਪਾਏ ਗਏ ਹਨ। ਅਜਿਹੇ ਕਥਨ ਕਿਸੇ ਖੋਜ ਜਾਂ ਭਾਸ਼ਾ ਵਿਗਿਆਨ ਤੋਂ ਬਿਨਾਂ ਹੀ ਕਹੇ ਗਏ ਜਾਪਦੇ ਹਨ। ਗੁਰਮੁਖੀ ਲਿਪੀ ਦੀ ਪੁਰਾਤਨਤਾ ਨੂੰ ਇਤਿਹਾਸਕ ਪੱਖ ਤੋਂ ਦੇਖਿਆਂ ਇਹ ਸਭ ਸਿਰਫ਼ ਭਰਮ ਹੀ ਦਿਸਣ ਲੱਗ ਪੈਂਦੇ ਹਨ।

          ਗੁਰਮੁਖੀ ਦੇ ਤਕਰੀਬਨ ਸਾਰਿਆਂ ਅੱਖਰਾਂ ਦੀ ਗੁਰੂ ਨਾਨਕ ਤੋਂ ਪਹਿਲਾਂ ਦੇ ਪੰਜਾਬੀ ਅੱਖਰਾਂ ਨਾਲ ਬੜੀ ਸਪਸ਼ਟ ਸਮਾਨਤਾ ਹੈ।

          ਇਸੇ ਤਰ੍ਹਾਂ ਗੁਰਮੁਖੀ ਅੱਖਰਾਂ ਦੀਆਂ ਧੁਨੀਆਂ ਕਿਸੇ ਦੀ ਕਾਢ ਨਹੀਂ ਹਨ। ਉਹ ਪਹਿਲਾਂ ਤੋਂ ਹੀ ਇਸੇ ਤਰ੍ਹਾਂ ਤੁਰੀਆਂ ਆ ਰਹੀਆਂ ਹਨ। ਜਿਥੋਂ ਤੱਕ ਇਨ੍ਹਾਂ ਅੱਖਰਾਂ ਦੀਆਂ ਸ਼ਕਲਾਂ ਦਾ ਸਬੰਧ ਹੈ ਉਹ ਬ੍ਰਹਮੀ ਤੋਂ ਸ਼ੁਰੂ ਹੋ ਕੇ ਵਿਕਾਸ ਦੇ ਇਤਿਹਾਸਕ ਪੜਾਅ ਲੰਘ ਕੇ ਹੁਣ ਵਾਂਗ ਬਣ ਗਈਆਂ ਹਨ। ਇਹ ਸ਼ਕਲਾਂ ਕਿਸੇ ਇਕ ਖ਼ਾਸ ਵਿਅਕਤੀ ਦੇ ਬਣਾਇਆਂ ਨਹੀਂ ਬਣੀਆਂ।

          ਹਠੂਰ (ਜ਼ਿਲ੍ਹਾ ਲੁਧਿਆਣਾ) ਵਿਚ ਰਾਏ ਫ਼ੀਰੋਜ਼ ਦੇ ਮਕਬਰੇ ਉੱਪਰ 516 ਈ. (1573 ਬਿ.) ਦੇ ਲੇਖ ਵਿਚ ‘ਇ’ (ਙ) ਦਾ ਚਿੰਨ੍ਹ ਮੌਜੂਦ ਹੈ, ਜਿਹੜਾ ਚੰਬਿਆਲੀ ਲੇਖਾਂ ਨਾਲ ਮਿਲਦਾ ਹੈ ਅਥਵਾ ਦੋ ਗੋਲ ਸਿਫ਼ਰਾਂ ਦੇ ਥੱਲੇ ਨਾਗਰੀ ਦਾ ਔਂਕੜ ਹਠੂਰ ਦੀਆਂ ਲਿਖਤਾਂ ‘ਊੜਾ ‘ਓ’ ਧੁਨੀ ਵਾਲਾ’ ਵੀ ਮਿਲਦਾ ਹੈ, ਉਸ ਦਾ ਮੂੰਹ ਖੁੱਲ੍ਹਾ ਹੈ ਪਰ ਔਂਕੜ ਉਸ ਨਾਲ ਕੋਈ ਨਹੀਂ। ‘ਇ’ ਵਾਂਗ ‘ਉ’ ਦਾ ਸੁਭਾਅ ਵੀ ਗੁਰਮੁਖੀ ਦਾ ਆਪਣਾ ਨਿਆਰਾ ਲੱਛਣ ਹੈ।

          ਇਹ ਲਿਪੀ ਗੁਰੂ ਕਾਲ ਤੋਂ ਪਹਿਲਾਂ ਸੁਰਾਂ ਸਹਿਤ ਹੋਂਦ ਵਿਚ ਆ ਚੁੱਕੀ ਸੀ।

          ਗੁਰੂ-ਕਾਲ ਤੋਂ ਪਹਿਲਾਂ ਇਹ ਆਮ ਪ੍ਰਚੱਲਤ ਸੀ ਅਤੇ ਪਾਠਸ਼ਾਲਾਵਾਂ ਵਿਚ ਲਿਖਾਈ-ਪੜ੍ਹਾਈ ਜਾਂਦੀ ਸੀ। ਇਹ ਸਾਰੇ ਉੱਤਰੀ ਭਾਰਤ ਦੀ ਲਿਪੀ ਸੀ। ਆਮ ਕਾਰ-ਵਿਹਾਰ ਲਈ ‘ਲੰਡਿਆਂ’ ਦਾ ਪ੍ਰਯੋਗ ਹੁੰਦਾ ਸੀ।

          ਐਪਰ ਅੱਖਰਾਂ ਦੇ ਕ੍ਰਮ ਤੇ ਰੂਪ ਬਦਲਦੇ ਰਹੇ ਹਨ। ਸ਼ਾਰਦਾ ਤੇ ਟਾਕਰੀ ਦੇ ਬਹੁਤ ਸਾਰੇ ਅੱਖਰਾਂ ਦੀਆਂ ਸ਼ਕਲਾਂ ਆਪਸ ਵਿਚ ਮਿਲਦੀਆਂ ਹਨ।

          ਪੰਜਾਬ ਦਾ ਇਤਿਹਾਸ ਜਿੰਨਾ ਪੁਰਾਣਾ ਹੈ ਇਸ ਦੀ ਭਾਸ਼ਾ ਤੇ ਲਿਪੀ ਵੀ ਉੱਨੀ ਹੀ ਪੁਰਾਣੀ ਹੈ। ਪੰਜਾਬੀ ਸਾਹਿਤ ਦਾ ਇਤਿਹਾਸ ਵੀ ਸਾਰੀਆਂ ਉੱਤਰੀ ਭਾਸ਼ਾਵਾਂ ਦੇ ਸਾਹਿਤ ਦੇ ਇਤਿਹਾਸ ਨਾਲੋਂ ਪੁਰਾਣਾ ਹੈ।

          ਗੁਰਮੁਖੀ ਬੋਲੀ ਦੀ ਵਰਣਮਾਲਾ ਨੂੰ ਗੁਰਮੁਖੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਸਤਿਗੁਰਾਂ ਦੇ ਮੁਖਵਾਕ ਗੁਰਮੁਖਾਂ ਨੇ ਲਿਖੇ ਜਿਸ ਕਰਕੇ ਨਾਓ ‘ਗੁਰਮੁਖੀ’ ਪ੍ਰਸਿੱਧ ਹੋਇਆ। ਪੰਜਾਬ ਦੀ ਸ਼ੁੱਧ ਭਾਸ਼ਾ ਗੁਰਮੁਖੀ ਅੱਖਰਾਂ ਵਿਚ ਲਿਖੀ ਜਾਂਦੀ ਹੈ ਇਸੇ ਕਰਕੇ ਇਸ ਨੂੰ ਪੰਜਾਬੀ ਵਰਣਮਾਲਾ ਵੀ ਕਿਹਾ ਜਾਂਦਾ ਹੈ।

          ਹ. ਪੁ.––ਮ. ਕੋ. ; ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ––ਡਾ. ਜੀਤ ਸਿੰਘ ਸੀਤਲ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 35577, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no

ਗੁਰਮੁਖੀ ਲਿਪੀ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਗੁਰਮੁਖੀ ਲਿਪੀ : ਪੰਜਾਬੀ ਬੋਲੀ ਵਾਂਗ ਪੰਜਾਬੀ ਦੀ ਲਿਪੀ ਵੀ ਬਹੁਤ ਪੁਰਾਣੀ ਹੈ। ਇਹ ਭਾਰਤ ਦੀ ਪ੍ਰਾਚੀਨਤਮ ਲਿਪੀ ਬ੍ਰਹਮੀ ਵਿਚੋਂ ਨਿਕਲੀ ਸੀ ਜਿਸ ਦਾ ‘ੜ’ ਅੱਖਰ ਅੱਜ ਤਕ ਇਸ ਨੇ ਸਾਂਭ ਕੇ ਰੱਖਿਆ ਹੋਇਆ ਹੈ।

ਇਸ ਲਿਪੀ ਦੇ ਪੁਰਾਣੇ ਨਾਂ ਸਨ ‘ਸਿੱਧਮ’, ‘ਓਨਮ ਸਿੱਧਮ’, ‘ਸਿੱਧ ਮਾਤ੍ਰਿਕਾ’ ਜਾਂ ‘ਪੈਂਤੀਸ ਚੌਂਤੀਸ ਅੱਖਰੀ’ ਜਾਂ ‘ਪੈਂਤੀ’ ਜਾਂ ‘ਚੌਂਤੀਸ’ । ਡਾ. ਰਘੁਵੀਰਾ ਨੇ ਸਿੱਧ ਕੀਤਾ ਹੈ ਕਿ ਗੁਰਮੁਖੀ ਦਾ ਆਧਾਰ ਉੱਤਮ-ਅਸ਼ੋਕਾ ਕਾਲ ਦੀ ਬ੍ਰਹਮੀ ਲਿਪੀ ਹੀ ਨਹੀਂ ਸਗੋਂ ਇਹ ਸਿੱਧ ਲਿਪੀ ਸਿੱਧਮ ਤੇ ਵੀ ਆਧਾਰਿਤ ਹੈ ਜਿਹੜੀ ਛੇਵੀਂ ਸੱਤਵੀਂ ਸਦੀ ਵਿਚ ਉੱਤਰੀ ਭਾਰਤ ਵਿਚ ਪ੍ਰਚਲਿਤ ਸੀ। ਅਲਬੈਰੂਨੀ (ਅਲਹਿੰਦ) ਵੀ ‘ਸਿੱਧ ਮਾਤ੍ਰਿਕਾ’ ਲਿਪੀ ਵੱਲ ਸੰਕੇਤ ਕਰਦਾ ਹੈ ਜਿਹੜੀ ਕਸ਼ਮੀਰ ਵਿਚ ਵੀ ਪ੍ਰਚਲਿਤ ਸੀ। 

ਇਸ ਲਿਪੀ ਦੀ ਪੱਟੀ ਲਿਖਣ ਲੱਗਿਆਂ ਵਿਦਿਆਰਥੀ ‘ਸਿੱਧਮ’ ਜਾਂ ‘ਓਨਮ ਸਿੱਧਮ’ ਕਹਿ ਕੇ ਆਰੰਭ ਕਰਦੇ ਸਨ। ਇਸ ਦੇ 31 ਅੱਖਰ ਅਤੇ ਤਿੰਨ ਮਾਤਰਾਵਾਂ ਸਨ। ਬਾਵਨ ਅੱਖਰੀ ਦੇਵਨਾਗਰੀ ਲਿਪੀ ਨੂੰ ਕਿਹਾ ਜਾਂਦਾ ਸੀ। ਕਬੀਰ ਜੀ ਦੀ ਬਾਵਨ ਅੱਖਰੀ ਦੇ ਵੀ ਅਸਲ ਵਿਚ ‘ੳ’ ਤੋਂ ਬਿਨਾ ਪੈਂਤੀ ਚੌਂਤੀ ਅੱਖਰ ਹੀ ਹਨ ਜਿਨ੍ਹਾਂ ਵਿਚ ਦੋ ਅੱਖਰ ਦੂਹਰੀ ਵਾਰ ਆਉ਼ਦੇ ਹਨ। ਇਸ ਤਰ੍ਹਾਂ ਉਸ ਦੇ ਕੁੱਲ ਅੱਖਰ 31 ਅਤੇ ਮਾਤਰਾਵਾਂ 13 ਹਨ।

ਲਿਪੀ ਦੇ ਪਹਿਲੇ ਭਾਗ ਨੂੰ ‘ਓਨਮ’ ਕਿਹਾ ਜਾਂਦਾ ਸੀ ਅਤੇ ਪਿਛਲੇ ਭਾਗ ਨੂੰ ‘ਸਿੱਧਮ’।

ਭਾਈ ਬਾਲੇ ਵਾਲੀ ਜਨਮਸਾਖੀ ਵਿਚ ਆਉਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਜਦ ਤਲਵੰਡੀ ਗਏ ਤੇ ਭਾਈ ਬਾਲੇ ਨੂੰ ਕਿਹਾ ਕਿ ਕੋਈ ਅਜਿਹਾ ਪੁਰਸ਼ ਲਿਆ ਜੋ ਦੋਵੇਂ ਅੱਖਰ ਜਾਣਦਾ ਹੋਵੇ (ਭਾਵ ਬਾਵਨ ਅੱਖਰੀ ਤੇ ਚੌਂਤੀਸ ਅੱਖਰੀ) ਤਾਂ ਭਾਈ ਬਾਲੇ ਨੇ ਕਿਹਾ, ਕਿ, ਗੁਰੂ ਜੀ, ਭਾਈ ਪੈੜਾ ਮੋਖਾ ਹੈ, ਜੋ ਦੋਵੇਂ

ਅੱਖਰ ਜਾਣਦਾ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਗੁਰੂ ਅੰਗਦ ਦੇਵ ਜੀ ਤੇ ਗੁਰੂਉੰਨੀਨਕ ਦੇਵ ਜੀ ਤੋਂ ਪਹਿਲਾਂ ਦੋਵੇਂ ਅੱਖਰ ਪ੍ਰਚਲਿਤ ਸਨ ਅਤੇ ਇਹ ਭੁਲੇਖਾ ‘ਐਨਸਾਈਕਲੋਪੀਡੀਆ ਬ੍ਰਿਟੈਨਿਕਾ’ ਦੀ ਪਹਿਲੀ ਛਾਪ ਵਿਚ ਪਾਇਆ ਗਿਆ, ਕਿ ਗੁਰਮੁਖੀ ਅੱਖਰ ਗੁਰੂ ਅੰਗਦ ਦੇਵ ਜੀ ਨੇ ਬਣਾਏ ਸਨ। ਅੱਜ ਇਹ ਭਰਮ ਦੂਰ ਹੋ ਚੁੱਕਾ ਹੈ ਅਤੇ ਗੁਰਮੁਖੀ ਲਿਪੀ ਦੀ ਗੁਰੂ-ਕਾਲ ਤੋਂ ਪਹਿਲਾਂ ਦੀ ਹੋਂਦ ਸਿੱਧ ਹੋ ਚੁੱਕੀ ਹੈ।

‘ਬੰਸਾਵਲੀ ਨਾਮਾ’ ਵਿਚ ਬਾਬਾ ਸ੍ਰੀ ਚੰਦ ਨੂੰ ਗੁਰਮੁਖੀ ਅੱਖਰ ਬਣਾਉਣ ਵਾਲਾ ਦੱਸਿਆ ਹੈ :-

      ‘ਜੈਸੇ ਸਾਹਿਬ ਸਿਰੀ ਚੰਦ ਅੱਖਰ ਗੁਰਮੁਖੀ ਬਣਾਏ,

      ਅਗੈ ਸਾਸਤ੍ਰੀ ਪਾਰਸੀ, ਟਾਕਰੇ ਆਹੇ,

     ‘ਸ੍ਰੀ ਚੰਦ ਸਾਹਿਬ ਉਤਮੁ ਕਰਮ ਨ ਹਿਰਾਇਆ 

      ਅਖਰ ਗੁਰਮੁਖੀ ਜਿਨੇ ਵਰਤਾਇਆ’

ਹੋਰ ਵੀ ਕਈ ਗ੍ਰੰਥਾਂ ਵਿਚ ਅਜਿਹੇ ਭੁਲੇਖੇ ਪਾਏ ਗਏ ਹਨ। ਅਜਿਹੇ ਕਥਨ ਕਿਸੇ ਖੋਜ ਜਾਂ ਭਾਸ਼ਾ ਵਿਗਿਆਨ ਤੋਂ ਬਿਨਾ ਹੀ ਕਹੇ ਗਏ ਜਾਪਦੇ ਹਨ। ਗੁਰਮੁਖੀ ਲਿਪੀ ਦੀ ਪੁਰਾਤਨਤਾ ਨੂੰ ਇਤਿਹਾਸਕ ਪੱਖ ਤੋਂ ਦੇਖਿਆਂ ਇਹ ਸਭ ਸਿਰਫ਼ ਭਰਮ ਹੀ ਦਿਸਣ ਲੱਗ ਪੈਂਦੇ ਹਨ।

 ਗੁਰਮੁਖੀ ਦੇ ਤਕਰੀਬਨ ਸਾਰਿਆਂ ਅੱਖਰਾਂ ਦੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦੇ ਪੰਜਾਬੀ ਅੱਖਰਾਂ ਨਾਲ ਸਮਾਨਤਾ ਬੜੀ ਸਪਸ਼ਟ ਹੈ।

 ਇਸੇ ਤਰ੍ਹਾਂ ਗੁਰਮੁਖੀ ਅੱਖਰਾਂ ਦੀਆਂ ਧੁਨੀਆਂ ਕਿਸੇ ਦੀ ਕਾਢ ਨਹੀਂ ਹਨ। ਉਹ ਪਹਿਲਾਂ ਤੋਂ ਹੀ ਇਸੇ ਤਰ੍ਹਾਂ ਤੁਰੀਆਂ ਆ ਰਹੀਆਂ ਹਨ। ਜਿਥੋਂ ਤਕ ਇਨ੍ਹਾਂ ਅੱਖਰਾਂ ਦੀਆਂ ਸ਼ਕਲਾਂ ਦਾ ਸਬੰਧ ਹੈ ਉਹ ਬ੍ਰਹਮੀ ਤੋਂ ਸ਼ੁਰੂ ਹੋ ਕੇ ਵਿਕਾਸ ਦੇ ਇਤਿਹਾਸਕ ਪੜਾਅ ਲੰਘ ਕੇ ਹੁਣ ਵਾਂਗ ਬਣ ਗਈਆਂ ਹਨ। ਇਹ ਸ਼ਕਲਾਂ ਕਿਸੇ ਇਕ ਖ਼ਾਸ ਵਿਅਕਤੀ ਦੇ ਬਣਾਇਆਂ ਨਹੀਂ ਬਣੀਆਂ।

ਹਠੂਰ (ਜ਼ਿਲ੍ਹਾ ਲੁਧਿਆਣਾ) ਵਿਚ ਰਾਏ ਫ਼ੀਰੋਜ਼ ਦੇ ਮਕਬਰੇ ਉੱਪਰ 516 ਈ. (1573 ਬਿ.) ਦੇ ਲੇਖ ਵਿਚ ‘ਇ’ ਦਾ ਚਿੰਨ੍ਹ ਮੌਜੂਦ ਹੈ ਜਿਹੜਾ ਚੰਬਿਆਲੀ ਲੇਖਾਂ ਨਾਲ ਮਿਲਦਾ ਹੈ ਅਥਵਾ ਦੋ ਗੋਲ ਸਿਫ਼ਰਾਂ ਦੇ ਥੱਲੇ ਨਾਗਰੀ ਦਾ ਔਂਕੜ ਹਠੂਰ ਦੀਆਂ ਲਿਖਤਾਂ ‘ਊੜਾ ਓ ਧੁਨੀ ਵਾਲਾ’ ਵੀ ਮਿਲਦਾ ਹੈ, ਉਸ ਦਾ ਮੂੰਹ ਖੁੱਲ੍ਹਾ ਹੈ ਪਰ ਔਂਕੜ ਉਸ ਨਾਲ ਕੋਈ ਨਹੀਂ। ‘ਇ’ ਵਾਂਗ ‘ੳ’ ਦਾ ਸੁਭਾਅ ਵੀ ਗੁਰਮੁਖੀ ਦਾ ਆਪਣਾ ਨਿਆਰਾ ਲੱਛਣ ਹੈ।

ਇਹ ਲਿਪੀ ਗੁਰੂ ਕਾਲ ਤੋਂ ਪਹਿਲਾਂ ਸੁਰਾਂ ਸਹਿਤ ਹੋਂਦ ਵਿਚ ਆ ਚੁੱਕੀ ਸੀ।

ਗੁਰੂ-ਕਾਲ ਤੋਂ ਪਹਿਲਾਂ ਇਹ ਆਮ ਪ੍ਰਚਲਿਤ ਸੀ ਅਤੇ ਪਾਠਸ਼ਾਲਾਵਾਂ ਵਿਚ ਲਿਖਾਈ-ਪੜ੍ਹਾਈ ਜਾਂਦੀ ਸੀ। ਇਹ ਸਾਰੇ ਉੱਤਰੀ ਭਾਰਤ ਦੀ ਲਿਪੀ ਸੀ। ਆਮ ਕਾਰ-ਵਿਹਾਰ ਲਈ ‘ਲੰਡਿਆ’ ਦਾ ਪ੍ਰਯੋਗ ਹੁੰਦਾ ਸੀ।

ਇਸ ਦੇ ਅੱਖਰਾਂ ਦੇ ਕ੍ਰਮ ਦੇ ਰੂਪ ਬਦਲਦੇ ਰਹੇ ਹਨ। ਸ਼ਾਰਦਾ ਤੇ ਟਾਕਰੀ ਦੇ ਬਹੁਤ ਸਾਰੇ ਅੱਖਰਾਂ ਦੀਆਂ ਸ਼ਕਲਾਂ ਆਪਸ ਵਿਚ ਮਿਲਦੀਆਂ ਹਨ।

ਪੰਜਾਬੀ ਦਾ ਇਤਿਹਾਸ ਜਿੰਨਾ ਪੁਰਾਣਾ ਹੈ ਇਸ ਦੀ ਭਾਸ਼ਾ ਤੇ ਲਿਪੀ ਵੀ  ਓਨੀ ਹੀ ਪੁਰਾਣੀ ਹੈ। ਪੰਜਾਬੀ ਸਾਹਿਤ ਦਾ ਇਤਿਹਾਸ ਵੀ ਸਾਰੀਆਂ ਉੱਤਰੀ ਭਾਸ਼ਾਵਾਂ ਦੇ ਸਾਹਿਤ ਦੇ ਇਤਿਹਾਸ ਨਾਲੋਂ ਪੁਰਾਣਾ ਹੈ।

ਗੁਰਮੁਖੀ ਬੋਲੀ ਦੀ ਵਰਣਮਾਲਾ ਨੂੰ ਗੁਰਮੁਖੀ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਸਤਿਗੁਰਾਂ ਦੇ ਮੁਖਵਾਕ ਗੁਰਮੁਖਾਂ ਨੇ ਲਿਖੇ ਜਿਸ ਕਰ ਕੇ ਨਾਂ ‘ਗੁਰਮੁਖੀ’ ਪ੍ਰਸਿੱਧ ਹੋਇਆ। ਪੰਜਾਬੀ ਦੀ ਸ਼ੁੱਧ ਭਾਸ਼ਾ ਗੁਰਮੁਖੀ ਅੱਖਰਾਂ ਵਿਚ ਲਿਖੀ ਜਾਂਦੀ ਹੈ ਇਸੇ ਕਰ ਕੇ ਇਸ ਨੂੰ ਪੰਜਾਬੀ ਵਰਣਮਾਲਾ ਵੀ ਕਿਹਾ ਜਾਂਦਾ ਹੈ। 


ਲੇਖਕ : -ਡਾ. ਜੀਤ ਸਿੰਘ ਸੀਤਲ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 29280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-08-10-04-50-24, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਪੰਜਾਬੀ ਸਾਹਿਤ ਦਾ ਆਲੋਚਨਾਤਮਕ ਇਤਿਹਾਸ

ਵਿਚਾਰ / ਸੁਝਾਅ


ਚਰਨਕਮਲ ਸਿੰਘ, ( 2018/05/23 07:3119)

ਬੜੀ ਹੈਰਾਨੀ ਦੀ ਗੱਲ ਹੈ ਵਿਸ਼ਵ ਪੱਧਰ ਦੀਆਂ ਖੋਜੀਆਂ ਹੋ ਰਹੀਆਂ ਹਨ । ਇਹਨਾਂ ਵਿਦਵਾਨਾਂ ਨੇ ਪੰਜਾਬੀ ਦੇ ਖੋਜ ਪੱਤਰ ਲਿਖਦੇ ਹੋਏ ਗੁਰਮੁਖੀ ਲਿਪੀ ਦਾ ਇਕ ਵੀ ਸਹੀ ਲੇਖ ਨਹੀਂ ਲਿਖ ਸਕੇ ਐਨੀਆਂ ਤਨਖਾਹਾ ਲੈ ਰਹੇ ਹਨ । ਗੁਰਮੁਖੀ ਲਿਪੀ ਦਾ ਕੋਈ ਸਿਧਾਂਤਕ ਤੱਤ ਨਹੀਂ ਪੇਸ਼ ਕਰ ਸਕੇ ਗੁਰੂ ਪੁਤਰਾਂ ਤੇ ਪੰਜਾਬੀ ਕਹਿ ਲਵੋਂ ਤੱਤ ਹੀਣ ਗੱਲਾਂ ਕਰਕੇ ਇਹਨਾਂ ਨੇ ਐਨੇ ਵਿਸ਼ਾਲ ਵਿਰਸੇ ਦਾ ਘਾਣ ਕਰ ਰੱਖਿਆ ਹੈ । ਇਹ ਸਾਰੇ ਲੇਖ ਗੁਰਮੁਖੀ ਲਿਪੀ ਦਾ ਘਰ ਪੂਰਾ ਨਹੀਂ ਕਰਦੇ ਸਗੋਂ ਕੋਈ ਸੁਝਵਾਨ ਵਿਸ਼ਵ ਪੱਧਰ ਦਾ ਵਿਦਵਾਨ ਪੜ੍ਹੇਗਾ ਤਾਂ ਉਹ ਇਹਨਾਂ ਤੇ ਲਾਹਨਤਾਂ ਪਾਵੇਗਾ । ਚਲੋ ਇਸ ਤੇ ਸੁਤੰਤਰ ਚਰਚਾ ਕਰੋ ਤੇ ਫਿਰ ਲੇਖ ਲਿਖੋ ।


ਵੀਰ ਗੁਰਬੰਸ ਸਿੰਘ, ( 2024/11/19 12:4216)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.