ਗੁਰਮੰਤਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਮੰਤਰ [ਨਾਂਪੁ] ਗੁਰੂ ਵੱਲੋਂ ਦਿੱਤਾ ਉਪਦੇਸ਼; ਨਸੀਹਤ; ਭੇਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7551, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੁਰਮੰਤਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਰਮੰਤਰ: ਪੰਜਾਬੀ ਗੁਰਮੰਤਰ ਉਹ ਗੁਪਤ ਮੰਤਰ ਜਾਂ ਪਰਿਭਾਸ਼ਿਕ ਸ਼ਬਦ ਹੈ ਜੋ ਪਰਮਾਤਮਾ ਜਾਂ ਕਰਤਾਰਪੁਰਖ ਦਾ ਮਹੱਤਵ ਉਜਾਗਰ ਕਰਦਾ ਹੈ। ਇਸ ਨੂੰ ਗੁਰੂ ਜਾਂ ਅਧਿਆਪਕ ਆਪਣੇ ਨਵੇਂ ਚੇਲੇ ਜਾਂ ਮੁਰੀਦ ਨੂੰ ਚਿੰਤਨ ਕਰਨ ਲਈ ਉਸ ਸਮੇਂ ਪ੍ਰਦਾਨ ਕਰਦਾ ਹੈ ਜਦੋਂ ਉਹ ਉਸਨੂੰ ਅਧਿਆਤਮਿਕ ਸ਼ਾਗਿਰਦ ਬਣਾਉਣ ਲਈ ਦੀਖਿਆ ਪ੍ਰਦਾਨ ਕਰ ਰਿਹਾ ਹੁੰਦਾ ਹੈ। ਬਹੁਤ ਪਿੱਛੇ ਜਾਇਆਂ ਮੰਤਰ ਦਾ ਸੰਕਲਪ ਪੂਰਵ ਵੈਦਿਕ, ਅਵੈਦਿਕ ਪਰੰਪਰਾ ਨਾਲ ਜਾ ਜੁੜਦਾ ਹੈ ਅਤੇ ਇਹ ਜਾਦੂ , ਜੀਵਵਾਦ/ ਅਧਿਆਤਮਵਾਦ ਅਤੇ ਕੁਟੰਬ ਚਿੰਨ੍ਹਵਾਦ ਦੀ ਆਦਿਕਾਲੀਨ ਉਪਾਸਨਾ-ਵਿਧੀ ਨਾਲ ਜਾ ਮਿਲਦਾ ਹੈ। ਉਦੋਂ ਤੋਂ ਲੈ ਕੇ ਇਕ ਜਾਂ ਦੂਸਰੇ ਰੂਪ ਵਿਚ ਇਹ ਵਿਸ਼ਵ ਭਰ ਦੀਆਂ ਧਾਰਮਿਕ ਪਰੰਪਰਾਵਾਂ ਵਿਚ ਨਿਰੰਤਰ ਬਣੇ ਰਹਿਣ ਵਾਲੇ ਤੱਤ ਰੂਪ ਵਿਚ ਵਿਦਮਾਨ ਰਿਹਾ ਹੈ ਅਤੇ ਇਸ ਦੇ ਅੰਸ਼ ਅਜੋਕੇ ਸਮੇਂ ਦੇ ਕੁਝ ਅਤਿਆਧੁਨਿਕ ਧਰਮਾਂ ਵਿਚ ਵੀ ਆ ਗਏ ਹਨ। ਰਹੱਸਵਾਦੀ ਅਤੇ ਤਾਂਤਰਿਕ ਵਿਸ਼ਵਾਸ ਕਰਦੇ ਹਨ ਕਿ ਮੰਤਰਾਂ ਵਿਚ ਦੇਵਤਿਆਂ ਨੂੰ ਪ੍ਰਭਾਵਿਤ ਕਰਨ ਦੀ ਸ਼ਕਤੀ ਹੈ ਅਤੇ ਇਸ ਤਰੀਕੇ ਨਾਲ ਇੱਛਤ ਫਲ ਜਾਂ ਵਰਦਾਨ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ। ਬ੍ਰਾਹਮਣਵਾਦੀ ਪਰੰਪਰਾ ਅਨੁਸਾਰ, ਬ੍ਰਹਿਮੰਡ ਦੇਵਤਿਆਂ ਦੀ ਸ਼ਕਤੀ ਦੇ ਅਧੀਨ ਹੈ, ਦੇਵਤੇ ਮੰਤਰਾਂ ਦੀ ਸ਼ਕਤੀ ਦੇ ਅਧੀਨ ਹਨ ਅਤੇ ਮੰਤਰ ਬ੍ਰਾਹਮਣਾਂ ਦੀ ਸ਼ਕਤੀ ਦੇ ਅਧੀਨ ਹਨ। ਮੰਤਰਾਂ ਵਿਚ ਦੇਵਤਿਆਂ ਜਾਂ ਪ੍ਰਾਕ੍ਰਿਤਕ ਸ਼ਕਤੀਆਂ ਤੋਂ ਵਧ ਸ਼ਕਤੀ ਹੈ, ਪਰੰਤੂ ਪਰਮ ਸੱਤ ਜਾਂ ਪਰਮਾਤਮਾ ਨੂੰ ਇੱਥੇ ਇਸ ਤੋਂ ਬਾਹਰ ਰੱਖਿਆ ਗਿਆ ਹੈ। ਰਹੱਸਵਾਦੀ ਦੇ ਮੰਤਰਾਂ ਵਿਚ ਉਹ ਸ਼ਬਦ ਸ਼ਾਮਲ ਹੁੰਦੇ ਹਨ ਜਿਹੜੇ ਜ਼ਿਆਦਾਤਰ ਮਾਮਲਿਆਂ ਵਿਚ ਸਮੁੱਚੇ ਤੌਰ ਤੇ ਅਲੌਕਿਕ ਧੁਨਾਂ ਵਾਲੇ ਜਾਂ ਸਾਰਥਕ/ਭਾਵਪੂਰਨ ਸ਼ਬਦਾਂ ਦੇ ਵਿਗਾੜ ਹੁੰਦੇ ਹਨ। ਇਹਨਾਂ ਮੰਤਰਾਂ ਦੇ ਵਿਸ਼ੇਸ਼ ਨਿਰਧਾਰਿਤ ਆਦੇਸ਼ ਅਨੁਸਾਰ ਜਾਪ ਨਿਰੰਤਰ ਜਾਪ ਸੰਬੰਧੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਹ ਮਨ ਇੱਛਤ ਫਲ ਦੀ ਪ੍ਰਾਪਤੀ ਲਈ ਪ੍ਰਭਾਵਕਾਰੀ ਸਿੱਧ ਹੁੰਦੇ ਹਨ। ਮੰਤਰਾਂ ਨੂੰ ਧਰਮ ਗ੍ਰੰਥਾਂ ਸੰਬੰਧੀ ਮੂਲ ਪਾਠਾਂ ਵਿਚੋਂ ਵੀ ਚੁਣ ਲਿਆ ਗਿਆ ਅਤੇ ਇਹਨਾਂ ਦੀ ਵਰਤੋਂ ਦੇਵਤਿਆਂ ਨੂੰ ਪ੍ਰਸੰਨ ਕਰਨ ਦੇ ਉਦੇਸ਼ ਨਾਲ ਕੀਤੀ ਜਾਣ ਲੱਗੀ। ਇਸੇ ਤਰ੍ਹਾਂ ਧਰਮਗ੍ਰੰਥਾਂ ਵਿਚੋਂ ਕੁਝ ਰਹੱਸਵਾਦੀ ਸ਼ਬਦਾਂ ਨੂੰ ਚੁਣਿਆ ਗਿਆ ਤਾਂ ਕਿ ਉਹਨਾਂ ਦਾ ਚਿੰਤਨ ਕਰਕੇ ਮੁਕਤੀ ਪ੍ਰਾਪਤ ਕੀਤੀ ਜਾ ਸਕੇ। ਓਮ (OM) ਹਿੰਦੂ ਧਰਮ ਵਿਚ ਸਰਵੋਤਮ ਮੰਤਰ ਹੈ।

     ਵੱਖ-ਵੱਖ ਧਾਰਮਿਕ ਮਤਾਂ ਦੇ ਰੀਤੀ ਰਿਵਾਜ ਅਰੰਭ ਹੋਣ ਨਾਲ ਗੁਰਮੰਤਰ ਦਾ ਸੰਕਲਪ ਵਿਕਸਿਤ ਹੋਇਆ। ਹਿੰਦੂ ਧਰਮ ਵਿਚ ਬ੍ਰਾਹਮਣ ਅਧਿਆਪਕ ਸਨ। ਉਹਨਾਂ ਦੇ ਗੁਰਮੰਤਰ, ਮੰਤਰ ਗੁਰੂਆਂ ਦੁਆਰਾ ਦਿੱਤੇ ਜਾਂਦੇ ਸਨ ਜੋ ਨਾ ਤਾਂ ਅਸਧਾਰਨ ਹੁੰਦੇ ਸਨ ਅਤੇ ਨਾ ਹੀ ਗੁਪਤ ਸਨ। ਉਹਨਾਂ ਦੇ ਆਮ ਰੂਪ ਹਰੀ, ਹਰ , ਰਾਮ, ਹਰੇ ਕ੍ਰਿਸ਼ਣ ਆਦਿ ਸਨ। ਸੋਹੰਗ (ਉਹ ਮੈਂ) ਅਤੇ ਅਹੰਗ (ਮੈਂ ਉਹ) ਦੋਵੇਂ ਹੀ ਵੇਦਾਂਤੀਆਂ ਦੇ ਰਹੱਸਵਾਦੀ ਗੁਰਮੰਤਰ ਹਨ। ਗੁਰਮੰਤਰ ਨੂੰ ਸਾਰਥਕ ਬਣਾਉਣ ਵਾਲਾ ਤੱਥ ਇਹ ਹੈ ਕਿ ਇਸ ਮੰਤਰ ਨੂੰ ਗੁਰੂ ਦੁਆਰਾ ਆਪਣੇ ਸ਼ਾਗਿਰਦ ਦੇ ਕੰਨ ਵਿਚ ਦੱਸਿਆ ਜਾਵੇ। ਸ਼ਾਗਿਰਦ ਉਸ ਗੁਰਮੰਤਰ ਨੂੰ ਉਸੇ ਤਰੀਕੇ ਨਾਲ ਹੀ ਨਿਰੰਤਰ ਉਚਾਰਦਾ ਹੈ ਜਿਵੇਂ ਕਿ ਉਸਨੂੰ ਪਰਮਾਤਮਾ ਨੂੰ ਅਨੁਭਵ ਕਰਨ ਲਈ ਦੱਸਿਆ ਹੁੰਦਾ ਹੈ। ਜਦੋਂ ਕਿ ਤਾਂਤਰਿਕਾਂ ਦੇ ਮੰਤਰਾਂ ਦਾ ਉਦੇਸ਼ ਦੁਨਿਆਵੀ ਸਹੂਲਤਾਂ ਨੂੰ ਹਾਸਲ ਕਰਨਾ ਹੈ, ਗੁਰਮੰਤਰ ਵਿਅਕਤੀ ਨੂੰ ਮੁਕਤੀ ਦੇ ਅੰਤਿਮ ਲਕਸ਼ ਦੀ ਪ੍ਰਾਪਤੀ ਵੱਲ ਲਿਜਾਣ ਲਈ ਬਣਾਇਆ ਗਿਆ ਹੈ।

     ਸਿੱਖ ਧਰਮ ਵਿਚ ਗੁਰਮੰਤਰ ਨਾ ਤਾਂ ਪਰਿਵਰਤਨਸ਼ੀਲ ਹੈ ਅਤੇ ਨਾ ਹੀ ਗੁਪਤ ਹੈ। ਇਸ ਨੂੰ ਨਾ ਤਾਂ ਸ਼ਾਗਿਰਦ ਦੇ ਕੰਨ ਵਿਚ ਦੱਸਿਆ ਜਾਂਦਾ ਹੈ, ਬਲਕਿ ਖੁੱਲ੍ਹੇ ਤੌਰ ਤੇ ਉਚਾਰਿਆ ਜਾਂਦਾ ਹੈ। ‘ਵਾਹਿਗੁਰੂ’ ਸ਼ਬਦ ਸਿੱਖਾਂ ਲਈ ਸ਼ੁਰੂ ਤੋਂ ਹੀ ਗੁਰਮੰਤਰ ਦੇ ਤੌਰ ਤੇ ਹੈ; ਵਾਹਿਗੁਰੂ ਉਹ ਨਾਮ ਹੈ ਜਿਸ ਦੁਆਰਾ ਸਿੱਖ ਪਰੰਪਰਾ ਵਿਚ ਪਰਮਾਤਮਾ ਨੂੰ ਜਾਣਿਆ ਜਾਂਦਾ ਹੈ। ਭਾਈ ਗੁਰਦਾਸ (1551-1636) ਬਿਆਨ ਕਰਦੇ ਹਨ-“ਵਾਹਿਗੁਰੂ ਗੁਰਮੰਤਰ ਹੈ ਜਪਿ ਹਉਮੈ ਖੋਈ (ਵਾਰਾਂ XIII.2)। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰਮੰਤਰ ਜਿਸਦਾ ਅਭਿਆਸ ਕਰਨਾ ਚਾਹੀਦਾ ਹੈ ਉਸਨੂੰ ‘ਨਾਮ’ ਅਰਥਾਤ ਰੱਬੀ ਨਾਂ ਦੇ ਸੰਦਰਭ ਵਿਚ ਦੇਖਿਆ ਗਿਆ ਹੈ। ਨਾਮ ਵਿਚ ਲੀਨਤਾ, ਯਾਨੀ ਰੱਬ ਦੇ ਨਾਂ ਦਾ ਨਿਰੰਤਰ ਸਿਮਰਨ ਬਾਰ-ਬਾਰ ਉਸਦੀ ਸਲਾਹਉਣਾ ਕਰਦਾ ਹੈ। “ਸਰਬ ਕਲਿਆਣ ਸੂਖ ਨਿਧਿ ਨਾਮੁ" (ਗੁ.ਗ੍ਰੰ. 290)। “ਲਾਹਾ ਨਾਮੁ ਗੁਰਮਤਿ ਲੈ ਚਾਲਹੁ ਹਰਿ ਦਰਗਹ ਪੈਧਾ ਜਾਵੈਗੋ" (ਗੁ.ਗ੍ਰੰ. 1311)। ਇਹ ‘ਨਾਮ’ ਸਿੱਖ ਪਰੰਪਰਾ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ ਵੇਈਂ ਨਦੀ ਵਿਚ ਅਲੋਪ ਹੋਣ ਦੌਰਾਨ ਰਹੱਸਵਾਦੀ ਅਨੁਭਵ ਵਿਚ ਪ੍ਰਾਪਤ ਕੀਤਾ ਜਿਸਨੂੰ ਪੁਰਾਤਨ ਜਨਮ ਸਾਖੀ ਵਿਚ ਪਰਮਾਤਮਾ ਨਾਲ ਸਿੱਧੀ ਗੱਲ-ਬਾਤ ਦੇ ਰੂਪ ਵਿਚ ਬਿਆਨ ਕੀਤਾ ਗਿਆ ਹੈ। “ਆਗਿਆ ਪਰਮੇਸਰ ਦੀ ਹੋਈ, ਜੋ ‘ਨਾਨਕ ਭਗਤੁ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਹਾਜਰ’ ਕੀਤਾ ਗਿਆ। ਅੰਮ੍ਰਿਤ ਦਾ ਭਰਿਆ ਕਟੋਰਾ ਉਸਨੂੰ ਦਿੱਤਾ ਗਿਆ ਅਤੇ ਹੁਕਮ ਹੋਆ: ‘ਨਾਨਕ! ਇਹੁ ਅੰਮ੍ਰਿਤ ਮੇਰੇ ਨਾਮ ਦੀ ਮਹਿਮਾ ਕਾ ਪਿਆਲਾ ਹੈ: ਪੀਉ, ਜਾਉ ਮੇਰੇ ਨਾਮ ਦਾ ਅਨੰਦ ਮਾਣੋ ਅਤੇ ਅਜਿਹਾ ਕਰਨ ਦੀ ਸਿੱਖਿਆ ਹੋਰਨਾਂ ਨੂੰ ਵੀ ਦਿਉ। ਤਬਿ ਗੁਰੂ ਨਾਨਕ ਤਸਲੀਮ ਕੀਤੀ, ਪਿਆਲਾ ਪੀਤਾ, ਸਾਹਿਬੁ ਮਿਹਰਵਾਨੁ ਹੋਆ: ‘ਨਾਨਕੁ ਮੈਂ ਤੇਰੇ ਨਾਲ ਹਾਂ। ਮੈਂ ਤੇਰੇ ਤਾਈਂ ਨਿਹਾਲੁ ਕੀਆ ਹੈ, ਅਰੁ ਜੋ ਤੇਰਾ ਨਾਉ ਲੇਵੇਗਾ ਸੋ ਸਭ ਮੈਂ ਨਿਹਾਲੁ ਕੀਤੇ ਹੈਨਿ। ਤੂ ਜਾਇ ਕਰਿ ਮੇਰਾ ਨਾਮੁ ਜਪਿ, ਅਰੁ ਲੋਕਾਂ ਥੀਂ ਭੀ ਜਪਾਇ। ਅਰੁ ਸੰਸਾਰ ਥੀਂ ਨਿਰਲੇਪੁ ਰਹੁ। ਨਾਮੁ, ਦਾਨੁ , ਇਸਨਾਨੁ, ਸੇਵਾ , ਸਿਮਰਨ ਵਿਚ ਰਹੁ। ਮੈਂ ਤੇਰੇ ਤਾਈਂ ਆਪਣਾ ਨਾਮ ਦੀਆ ਹੈ। ਤੂ ਏਹਾ ਕਿਰਤਿ ਕਰਿ...।`` ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੋ ‘ਨਾਮ` ਗੁਰੂ ਨਾਨਕ ਦੇਵ ਜੀ ਨੇ ਪ੍ਰਗਟਾਇਆ ਉਹ ਇਲਾਹੀ ਸ਼ਬਦ ‘ਵਾਹਿਗੁਰੂ` ਸੀ

     ਸਿੱਖ ਧਰਮ ਗ੍ਰੰਥ ਦੇ ਅਰੰਭ ਵਿਚ ਆਉਣ ਵਾਲਾ ਮੂਲ ਮੰਤਰ ਜਾਂ ਬੁਨਿਆਦੀ ਮੰਤਰ ਦੀ ਸ਼ੁਰੂਆਤ ਹੁੰਦੀ ਹੈ, ਪਰਮ ਸੱਚ ਦੀ ਵਿਆਖਿਆ ਕਰਦਾ ਹੈ। ਵਿਸ਼ੇਸ਼ ਨਾਮ ਸਤਿ (ਸੰਸਕ੍ਰਿਤ ‘ਅਸ` ਤੋਂ ਬਣਿਆ ਸਤਯ) ਭਾਵ ਸਦਾ ਰਹਿਣ ਵਾਲਾ ਸਦੀਵੀ ਹੈ। ਓਂਕਾਰ (Onkar), ਜੋ ਮੂਲ ਮੰਤਰ ਵਿਚ ਪੁਰਾਤਨਤਮ ਸ਼ਬਦ ਹੈ, ਜੋ ਚਲਾਇਮਾਨ ਸੰਸਾਰ ਲਈ ਇਕ ਵਿਸਮਾਦ ਹੈ ਜਿਸਦਾ ਨਾਂ ਸਤ ਹੈ। ਵਾਹਿਗੁਰੂ ਸਿੱਧੇ ਰੂਪ ਅਤੇ ਮੌਖਿਕ ਰੂਪ ਵਿਚ ਗੁਰੂ ਅਕਾਲ ਪੁਰਖ ਦੇ ਵਿਸਮਾਦਕਾਰੀ ਪਹਿਲੂ ਦੀ ਗੁੰਜ ਪੈਦਾ ਕਰਦਾ ਹੈ। ਇੰਝ ਵਾਹਿਗੁਰੂ ਅਤੇ ਸਤਿਨਾਮ ਦੋਵੇਂ ਹੀ ਇਕ ਸਮਾਨ ਚੇਤਨਾ ਵਿਅਕਤ ਕਰਦੇ ਹਨ; ਵਾਹਿਗੁਰੂ, ਗੁਰੂ ਗ੍ਰੰਥ ਸਾਹਿਬ ਵਿਚ ਛੁਪੇ ਰੂਪ ਵਿਚ ਅਤੇ ਸਤਿਨਾਮ, ਸਪਸ਼ਟ ਰੂਪ ਵਿਚ ਵਿਦਮਾਨ ਹੈ। ਸਰਬਉੱਚ ਹੋਂਦ ਰੂਪੀ ਪਰਮਾਤਮਾ ਹੀ ਮੁਢਲਾ ਅਤੇ ਆਖ਼ਰੀ ਗੁਰੂ ਹੈ। ਗੁਰ ਗੁਰੁ ਏਕੋ ਵੇਸ ਅਨੇਕ (ਗੁ.ਗ੍ਰੰ. 357)। ਗੁਰਮੰਤਰ ਵਾਹਿਗੁਰੂ ਦਾ ਅਰਥ ਹੈ ਵਿਸਮਾਦ-ਭਰਪੂਰ ਸਦੀਵੀ ਹੋਂਦ ਵਾਲਾ ਅਤੇ ਪਰਮ ਗਿਆਨ ਦੇਣ ਵਾਲਾ ਪਰਮਾਤਮਾ।

     ਪਰਿਭਾਸ਼ਾ ਅਨੁਸਾਰ ਸਿੱਖ ਧਰਮ ਸਿੱਖਿਆਰਥੀ ਵਿਚ ਵਿਸ਼ਵਾਸ ਰੱਖਣ ਵਾਲਾ ਹੈ। ਸਿੱਖ ਮਤ ਦੇ ਅਨੁਸਾਰ ਗੁਰੂ ਕੇਂਦਰੀ ਧੁਰਾ ਹੈ-ਦਸ ਗੁਰੂ ਜੋ ਮਨੁੱਖੀ ਜਾਮੇ ਵਿਚ ਰਹੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ 1708 ਵਿਚ ਅਖੀਰਲੇ ਗੁਰੂ, ਗੁਰੂ ਗੋਬਿੰਦ ਸਿੰਘ ਜੀ ਨੇ ਗੁਰਆਈ ਦਿੱਤੀ ਸੀ। ਇਕ ਸਿੱਖ ਦੇ ਲਈ ਗੁਰੂ ਦੇ ਸ਼ਬਦ ਇਲਾਹੀ ਹਨ ਅਤੇ ਉਹ ਉਹਨਾਂ ਸ਼ਬਦਾਂ ਅਨੁਸਾਰ ਹੀ ਜੀਵਨ ਜਿਊਂਣ ਲਈ ਪੈਦਾ ਹੋਇਆ ਹੈ। ਉਹ ਜਿਸਨੂੰ ਗੁਰੂ ‘ਨਾਮ’ ਮੰਤਰ ਯਾਨੀ ਗੁਰਮੰਤਰ ਦੀ ਬਖ਼ਸ਼ਸ਼ ਕਰ ਦਿੰਦਾ ਹੈ ਉਹ ਹੀ ਸਰਬ ਕਲਾ ਦਾ ਗਿਆਤਾ ਹੋ ਜਾਂਦਾ ਹੈ -ਸਰਬ ਕਲਾ ਸੋਈ ਪਰਬੀਨ॥ ਨਾਮ ਮੰਤ੍ਰ ਜਾ ਕਉ ਗੁਰਿ ਦੀਨ॥ (ਗੁ.ਗ੍ਰੰ. 1298), ਅੰਮ੍ਰਿਤ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ॥ ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ॥ (ਗੁ.ਗ੍ਰੰ. 318); ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰ ਹਿਰਦੈ ਹੋਇ॥ (ਗੁ.ਗ੍ਰੰ. 51); ਨੰਨਾਕਾਰੁ ਨ ਹੋਤਾ ਤਾ ਕਹੁ॥ ਨਾਮੁ ਮੰਤ੍ਰ ਗੁਰਿ ਦੀਨੋ ਜਾ ਕਹੁ (ਗੁ.ਗ੍ਰੰ. 257)। ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨਿ ਕੈ॥ ਗੁਰ ਮੰਤ੍ਰੜਾ ਚਿਤਾਰਿ ਨਾਨਕ ਦੁਖੁ ਨ ਥੀਵਈ॥ (ਗੁ.ਗ੍ਰੰ. 521)। ਗੁਰਿ ਮੰਤ੍ਰ ਅਵਖਧੁ ਨਾਮੁ ਦੀਨਾ ਜਨ ਨਾਨਕ ਸੰਕਟ ਜੋਨਿ ਨ ਪਾਇ॥ (ਗੁ.ਗ੍ਰੰ. 1002)। ਗੁਰ ਮੰਤ੍ਰ ਹੀਣਸ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ॥ (ਗੁ.ਗ੍ਰੰ. 1356)। ਮੰਤ੍ਰ ਰਾਮ ਰਾਮ ਨਾਮੰ ਧਾਨੰ ਸਰਬਤ੍ਰ ਪੂਰਨਹ॥ (ਗੁ.ਗ੍ਰੰ. 1357)

     ਮੁਢਲੇ ਸਿੱਖ ਧਰਮ ਵਿਚ ਅੰਮ੍ਰਿਤ ਛਕਾਉਣ ਦੀ ਰਸਮ ਨੂੰ ਚਰਨਾਮ੍ਰਿਤ ਜਾਂ ਚਰਨ ਪਾਹੁਲ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਸਿੱਖਿਆਰਥੀ ਉਸ ਗੁਰੂ ਦੇ ਅੰਗੂਠੇ ਦੁਆਰਾ ਛੋਹੇ ਗਏ ਪਾਣੀ ਨੂੰ ਪੀਂਦਾ ਸੀ ਜੋ ਉਸਨੂੰ ਗੁਰਮੰਤਰ ਦੀ ਬਖ਼ਸ਼ਸ਼ ਕਰਦਾ ਸੀ। ਜਿਵੇਂ-ਜਿਵੇਂ ਕੌਮ ਦੀ ਗਿਣਤੀ ਵਧਦੀ ਗਈ , ਸਥਾਨਿਕ ਸੰਗਤ ਦੇ ਆਗੂ ਵੱਖ-ਵੱਖ ਅਸਥਾਨਾਂ ਤੇ ਚਰਨ ਪਾਹੁਲ ਦਾ ਪ੍ਰਬੰਧ ਕਰਨ ਲੱਗੇ। ਗੁਰੂ ਅਰਜਨ ਦੇਵ ਜੀ ਦੇ ਸਮੇਂ ਅਰੰਭ ਹੋਈ ਇਕ ਹੋਰ ਪ੍ਰਥਾ ਦੱਸੀ ਜਾਂਦੀ ਹੈ, ਜਿਸ ਵਿਚ ਪਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਮੰਜੀ ਦੇ ਹੇਠਾਂ ਰੱਖ ਦਿੱਤਾ ਜਾਂਦਾ ਸੀ ਅਤੇ ਫਿਰ ਉਸ ਨੂੰ ਅੰਮ੍ਰਿਤ ਵਜੋਂ ਨਵੇਂ ਜਿਗਿਆਸੂਆਂ ਨੂੰ ਧਰਮ ਵਿਚ ਸ਼ਾਮਲ ਕਰਨ ਲਈ ਵਰਤਿਆ ਜਾਂਦਾ ਸੀ। 1699 ਵਿਚ ਖ਼ਾਲਸਾ ਦੀ ਸਾਜਨਾ ਕਰਨ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੇ ਚਰਨ ਪਾਹੁਲ ਦੇ ਬਦਲੇ ਖੰਡੇ ਦੀ ਪਾਹੁਲ ਨੂੰ ਅੰਮ੍ਰਿਤ ਵਜੋਂ ਰੱਖਿਆ। ਇਸ ਰਸਮ ਸਮੇਂ ਨਵੇਂ ਸਿੰਘ ਸਜ ਰਹੇ ਸਿੱਖਾਂ ਲਈ ਸਟੀਲ ਦੇ ਬਾਟੇ ਵਿਚ ਜਲ ਨੂੰ ਪਵਿੱਤਰ ਬਾਣੀ ਦਾ ਪਾਠ ਕਰਦੇ ਹੋਏ ਖੰਡੇ ਨਾਲ ਮਿਲਾਇਆ ਜਾਂਦਾ ਸੀ ਅਤੇ ਉਸਨੂੰ ਪੰਜ ਵਾਰੀ ਹੱਥ ਨੂੰ ਚੂਲੀ ਬਣਾ ਕੇ ਛਕ ਲੈਂਦੇ ਸਨ। ਗੁਰੂ ਦੀ ਫ਼ਤਿਹ ਦੀ ਅਵਾਜ਼ ਦੇ ਉੱਤਰ ਵਿਚ ਉਹਨਾਂ ਵਿਚੋਂ ਹਰ ਇਕ ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ ਬੁਲਾਉਂਦਾ। ਹਰ ਇਕ ਵਾਰੀ ਅੰਮ੍ਰਿਤ ਦਾ ਘੁੱਟ ਛਕ ਲੈਂਦੇ ਸੀ। ਇਸ ਤਰ੍ਹਾਂ ਉਹਨਾਂ ਨੇ ਗੁਰਮੰਤਰ ‘ਵਾਹਿਗੁਰੂ’ ਧਾਰਨ ਕੀਤਾ। ਇਸ ਵਿਧੀ ਦੁਆਰਾ ਸਾਜੇ ਗਏ ਪਹਿਲੇ ਪੰਜ ਸਿੱਖਾਂ ਨੂੰ ‘ਪੰਜ ਪਿਆਰੇ` ਵਜੋਂ ਜਾਣਿਆ ਗਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਵੀ ਉਹਨਾਂ ਹੱਥੋਂ ਉਸੇ ਵਿਧੀ ਦੁਆਰਾ ਅੰਮ੍ਰਿਤ ਛੱਕਿਆ ਸੀ। ਉਦੋਂ ਤੋਂ ਲੈ ਕੇ ਹੁਣ ਤਕ ਕੋਈ ਵੀ ਪੰਜ ਸ਼ਰਧਾਲੂ ਜੋ ਆਪਣੀ ਧਾਰਮਿਕ ਸ਼ਰਧਾ ਲਈ ਪ੍ਰਸਿੱਧ ਮੰਨੇ ਜਾਂਦੇ ਸਨ ਉਹ ਨਵੇਂ ਸਿੰਘ ਸਜਣ ਵਾਲਿਆਂ ਨੂੰ ਅੰਮ੍ਰਿਤ ਛਕਾ ਸਕਦੇ ਹਨ ਅਤੇ ਉਹਨਾਂ ਨੂੰ ਗੁਰਮੰਤਰ ਦੇ ਸਕਦੇ ਸਨ। ਵਾਹਿਗੁਰੂ ਦਾ ਪੂਰਨ ਧਿਆਨ ਨਾਲ ਕੀਤਾ ਗਿਆ ਨਿਰੰਤਰ ਜਾਪ ਵਿਅਕਤੀ ਦੇ ਮਨ ਨੂੰ ਦੁਨਿਆਵੀ ਇੱਛਾਵਾਂ ਤੋਂ ਮੁਕਤ ਕਰ ਦਿੰਦਾ ਹੈ ਅਤੇ ਸਿੱਖ ਅਧਿਆਤਮਿਕ ਰਹਿਤ ਦੇ ‘ਨਾਮ` ਨੂੰ ਅਮਲ ਵਿਚ ਲਿਆਉਂਦਾ ਹੈ ਜਿਸ ਨੂੰ ਪਵਿੱਤਰ ਗ੍ਰੰਥ ਵਿਚ ਗੁਰੂਆਂ ਦੁਆਰਾ ਦ੍ਰਿੜਤਾ ਨਾਲ ਪੇਸ਼ ਕੀਤਾ ਗਿਆ ਹੈ।


ਲੇਖਕ : ਤ.ਸ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7289, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.