ਜੀਵਾਤਮਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਵਾਤਮਾ. ਸੰ. जीवात्मन्. ਸੰਗ੍ਯਾ—ਦੇਹ ਨੂੰ ਚੇਤਨਸੱਤਾ ਦੇਣ ਵਾਲਾ ਆਤਮਾ. ਰੂਹ਼. ਪ੍ਰਤ੍ਯਗਾਤਮਾ. ਦੇਖੋ, ਆਤਮਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4245, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੀਵਾਤਮਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੀਵਾਤਮਾ: ‘ਜੀਵਾਤਮਾ’ ਤੋਂ ਭਾਵ ਹੈ ਸ਼ਰੀਰ ਵਿਚ ਸਥਿਤ ਚੈਤਨੑਯ ਸਰੂਪ ਆਤਮਾ । ਗੁਰੂ ਅਮਰਦਾਸ ਜੀ ਨੇ ਕਿਹਾ ਹੈ ਕਿ ਜਦੋਂ ਪਰਮਸੱਤਾ ਆਪਣੀ ਜੋਤਿ ਨੂੰ ਸ਼ਰੀਰ-ਬੱਧ ਕਰਦੀ ਹੈ, ਤਾਂ ਜੀਵ ਹੋਂਦ ਵਿਚ ਆਉਂਦਾ ਹੈ— ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ (ਗੁ.ਗ੍ਰੰ.921)। ਇਸ ਲਈ ਆਤਮਾ ਅਤੇ ਜੀਵ ਵਿਚ ਕਿਸੇ ਪ੍ਰਕਾਰ ਦਾ ਕੋਈ ਤਾਤਵਿਕ ਅੰਤਰ ਨਹੀਂ ਹੈ। ਜੋ ਅੰਤਰ ਪ੍ਰਤੀਤ ਹੁੰਦਾ ਹੈ, ਉਹ ਮਾਇਆ ਦੇ ਪ੍ਰਭਾਵ ਦਾ ਫਲ ਹੈ। ਸਤਿ-ਸਰੂਪ, ਸ਼ੁੱਧ-ਬੁੱਧ ਅਤੇ ਮੁਕਤ-ਸਰੂਪ ਆਤਮਾ ਹੀ ਮਾਇਆ ਦੇ ਪ੍ਰਭਾਵ ਕਾਰਣ ਜਦੋਂ ਆਪਣੇ ਮੂਲ ਰੂਪ ਨੂੰ ਭੁਲ ਜਾਂਦੀ ਹੈ, ਉਦੋਂ ਉਹ ‘ਜੀਵ’ ਅਖਵਾਉਂਦੀ ਹੈ। ਆਪਣੇ ਮੂਲ ਰੂਪ ਨੂੰ ਵਿਸਾਰਨ’ਤੇ ਹੀ ਆਤਮਾ ਆਪਣੇ ਆਪ ਨੂੰ ਨਾਮ- ਰੂਪਾਤਮਕ ਸ੍ਰਿਸ਼ਟੀ-ਪਰਿਵਾਰ ਦਾ ਅੰਗ ਮੰਨਣ ਲਗ ਜਾਂਦੀ ਹੈ। ਸਪੱਸ਼ਟ ਹੈ ਕਿ ਜਦ ਤਕ ਪ੍ਰਾਣੀਆਂ ਵਿਚ ਸਥਿਤ ਪਰਮਾਤਮ -ਤੱਤ੍ਵ ਆਪਣੇ ਵਾਸਤਵਿਕ ਜਾਂ ਸਦੀਵੀ ਸਰੂਪ ਵਿਚ ਰਹਿੰਦਾ ਹੈ ਤਦ ਤਕ ਉਹ ਆਤਮਾ ਹੈ ਅਤੇ ਜਦ ਮਾਇਆ ਦੇ ਪ੍ਰਭਾਵ- ਸਰੂਪ ਜੀਵ ਆਪਣੀ ਸੁਤੰਤਰ ਹੋਂਦ ਸਮਝਣ ਲਗ ਜਾਂਦਾ ਹੈ, ਤਦ ਉਹ ‘ਜੀਵ’ ਅਖਵਾਉਂਦਾ ਹੈ।

            ਜੀਵ ਪਰਮਾਤਮਾ ਦਾ ਅੰਸ਼ ਹੈ ਅਤੇ ਚੈਤਨੑਯ ਸਰੂਪ ਹੈ। ਜੜ ਦੇਹ ਤੋਂ ਇਹ ਭਿੰਨ ਹੈ ਅਤੇ ਅਜੜ ਹੈ। ‘ਅਜੜ’ ਤੋਂ ਭਾਵ ਹੈ ਆਪਣੇ ਆਪ ਪ੍ਰਕਾਸ਼ਮਾਨ। ਉਸ ਦਾ ਜਨਮ-ਮਰਨ ਅਸਲ ਵਿਚ ਉਸ ਦੇ ਦੇਹ-ਸੰਬੰਧ ਅਤੇ ਦੇਹ-ਤਿਆਗ ਦਾ ਹੀ ਸੂਚਕ ਹੈ। ਉਂਜ ਜੀਵ ਅਵਿਨਾਸ਼ੀ ਹੈ ਅਤੇ ਦੇਹ ਦੇ ਨਸ਼ਟ ਹੋਣ ’ਤੇ ਵੀ ਨਸ਼ਟ ਨਹੀਂ ਹੁੰਦਾ। ਜੀਵ ਪਰਮਾਤਮਾ ਤੋਂ ਵਖ ਹੋਣ’ਤੇ ਅਵਿਦਿਆ ਜਾਂ ਮਾਇਆ ਦੇ ਪ੍ਰਭਾਵ ਕਾਰਣ ਆਤਮ -ਸਰੂਪ ਨੂੰ ਭੁਲ ਕੇ ਸੰਸਾਰੀ ਹੋ ਜਾਂਦਾ ਹੈ। ਅਨੇਕ ਪ੍ਰਕਾਰ ਦੇ ਕਸ਼ਟ ਸਹਿੰਦਾ ਹੈ, ਪਾਪੀ ਬਣਦਾ ਹੈ। ਪਰ ਜਿਵੇਂ ਮਦਿਰਾ ਨਾਲ ਮਿਲ ਕੇ ਅਪਵਿੱਤਰ ਹੋਇਆ ਗੰਗਾ ਜਲ , ਗੰਗਾ ਵਿਚ ਮਿਲਣ ਨਾਲ ਫਿਰ ਪਵਿੱਤਰ ਹੋ ਜਾਂਦਾ ਹੈ, ਉਸੇ ਤਰ੍ਹਾਂ ਪਰਮਾਤਮਾ ਤੋਂ ਵਿਛੜਿਆ ਹੋਇਆ ਜੀਵ ਮਾਇਆ ਦੇ ਪ੍ਰਭਾਵ ਕਰਕੇ ਮੋਹ-ਗ੍ਰਸਤ ਹੋ ਜਾਂਦਾ ਹੈ। ਪਰ ਜਿਉਂ ਹੀ ਮਾਇਆ ਦਾ ਪਰਦਾ ਹਟਦਾ ਹੈ, ਤਾਂ ਉਹ ਪਰਮਾਤਮਾ ਵਿਚ ਮਿਲ ਕੇ ਫਿਰ ਆਪਣਾ ਮੂਲ ਰੂਪ ਗ੍ਰਹਿਣ ਕਰ ਲੈਂਦਾ ਹੈ।

            ਕਰਮ-ਫਲ ਤੋਂ ਉਤਪੰਨ ਹੋਣ ਵਾਲੇ ਦੁਖਾਂ-ਸੁਖਾਂ ਨੂੰ ਜੀਵ ਭੋਗਦਾ ਹੈ। ਇਸ ਲਈ ‘ਸੰਸਾਰੀ’ ਅਖਵਾਉਂਦਾ ਹੈ। ਜੀਵ ਕਰਮ ਕਰਕੇ ਅਨੇਕ ਪ੍ਰਕਾਰ ਦੀਆਂ ਜੋਨੀਆਂ ਵਿਚ ਜਨਮ ਲੈਂਦਾ ਹੈ। ਉਤਪੱਤੀ ਦੀ ਦ੍ਰਿਸ਼ਟੀ ਤੋਂ ਜੀਵ ਚਾਰ ਪ੍ਰਕਾਰ ਦੇ ਹਨ—ਅੰਡਜ, ਜੇਰਜ, ਸ੍ਵੇਤਜ ਅਤੇ ਉਦਭਿਜ। ਇਨ੍ਹਾਂ ਨੂੰ ‘ਚਾਰ ਖਾਣੀਆਂ ’ ਵੀ ਕਹਿੰਦੇ ਹਨ। ਇਨ੍ਹਾਂ ਦੀ ਗਿਣਤੀ ਚੌਰਾਸੀ ਲੱਖ ਮੰਨੀ ਗਈ ਹੈ।

            ਜੀਵ ਸੰਬੰਧੀ ਗੁਰੂ ਗ੍ਰੰਥ ਸਾਹਿਬ ਵਿਚ ਅਨੇਕ ਪ੍ਰਕਾਰ ਦੀ ਜਿਗਿਆਸਾ ਪ੍ਰਗਟ ਕੀਤੀ ਗਈ ਹੈ। ਗਉੜੀ ਰਾਗ ਵਿਚ ਗੁਰੂ ਨਾਨਕ ਦੇਵ ਜੀ ਨੇ ਜਿਗਿਆਸੂ ਵਲੋਂ ਕੁਝ ਸੁਭਾਵਿਕ ਪ੍ਰਸ਼ਨ ਉਠਾਏ ਹਨ, ਜਿਵੇਂ ਇਹ ਮਰਣਸ਼ੀਲ ਜੀਵ ਕਿਥੋਂ ਆਉਂਦਾ ਹੈ? ਕਿਸ ਤਰ੍ਹਾਂ ਪੈਦਾ ਹੁੰਦਾ ਹੈ ? ਕਿਸ ਵਿਚ ਜਾ ਕੇ ਸਮਾਉਂਦਾ ਹੈ? ਇਹ ਕਿਸ ਤਰ੍ਹਾਂ ਸੰਸਾਰਿਕ ਬੰਧਨਾਂ ਵਿਚ ਬੰਨ੍ਹਿਆ ਜਾਂਦਾ ਹੈ ? ਉਨ੍ਹਾਂ ਬੰਧਨਾਂ ਤੋਂ ਕਿਵੇਂ ਮੁਕਤੀ ਪ੍ਰਾਪਤ ਕਰਦਾ ਹੈ? ਅੰਤ ਵਿਚ ਕਿਵੇਂ ਅਵਿਨਾਸ਼ੀ ਪਰਮਾਤਮਾ ਵਿਚ ਸਹਿਜ ਭਾਵ ਨਾਲ ਸਮਾ ਜਾਂਦਾ ਹੈ ?—ਜਾਤੋ ਜਾਇ ਕਹਾ ਤੇ ਆਵੈ ਕਹ ਉਪਜੈ ਕਹ ਜਾਇ ਸਮਾਵੈ ਕਿਉ ਬਾਧਿਓ ਕਿਉ ਮੁਕਤੀ ਪਾਵੈ ਕਿਉ ਅਬਿਨਾਸੀ ਸਹਜਿ ਸਮਾਵੈ (ਗੁ.ਗ੍ਰੰ.152)।

            ਉਪਰੋਕਤ ਪ੍ਰਸ਼ਨਾਂ ਦਾ ਖ਼ੁਦ ਹੀ ਉੱਤਰ ਦਿੰਦਿਆਂ ਗੁਰੂ ਜੀ ਕਹਿੰਦੇ ਹਨ ਕਿ ਜੀਵ ਸਹਿਜ ਹੀ ਆਉਂਦਾ ਹੈ ਅਤੇ ਸਹਿਜ ਹੀ ਜਾਂਦਾ ਹੈ। ਇਹ ਮਨ ਦੇ ਸੰਕਲਪ-ਵਿਕਲਪ ਤੋਂ ਉਤਪੰਨ ਹੁੰਦਾ ਹੈ ਅਤੇ ਅੰਤ ਵਿਚ ਆਤਮ-ਸਰੂਪ ਦਾ ਗਿਆਨ ਹੋਣ’ਤੇ ਮਨ ਵਿਚ ਹੀ ਸਮਾ ਜਾਂਦਾ ਹੈ ਅਰਥਾਤ ਅੰਧਕਾਰਮਈ ਮਨ ਨੂੰ ਪ੍ਰਕਾਸ਼ਮਈ ਮਨ ਰਾਹੀਂ ਵਾਸਤਵਿਕਤਾ ਦਾ ਗਿਆਨ ਪ੍ਰਾਪਤ ਹੋ ਜਾਣ ’ਤੇ ਉਹ ਸਤਿ-ਸਰੂਪ ਪਰਮਾਤਮਾ ਵਿਚ ਹੀ ਸਮਾ ਜਾਂਦਾ ਹੈ। ਗੁਰੂ ਦੇ ਉਪਦੇਸ਼ ਦੁਆਰਾ ਜੀਵ ਮੁਕਤ ਹੋ ਜਾਂਦਾ ਹੈ ਅਤੇ ਸ਼ਬਦ ਦੇ ਵਿਚਾਰ ਦੁਆਰਾ ਉਹ ਫਿਰ ਬੰਧਨ ਵਿਚ ਨਹੀਂ ਪੈਂਦਾ। ਹਰਿ-ਨਾਮ ਦੇ ਜਪ ਦੁਆਰਾ ਸੰਸਾਰਿਕ ਪ੍ਰਪੰਚ ਤੋਂ ਮੁਕਤੀ ਪ੍ਰਾਪਤ ਕਰ ਲੈਂਦਾ ਹੈ—ਸਹਜੇ ਆਵੈ ਸਹਜੇ ਜਾਇ ਮਨ ਤੇ ਉਪਜੈ ਮਨ ਮਾਹਿ ਸਮਾਇ ਗੁਰਮੁਖਿ ਮੁਕਤੋ ਬੰਧੁ ਪਾਇ ਸਬਦੁ ਬੀਚਾਰ ਛੁਟੈ ਹਰਿ ਨਾਇ (ਗੁ.ਗ੍ਰੰ.152)।

            ਗੁਰਬਾਣੀ ਅਨੁਸਾਰ ਜੀਵ ਅਮਰ ਹੈ, ਨ ਇਹ ਡੁਬਦਾ ਹੈ, ਨ ਤਰਦਾ ਹੈ—ਨਾ ਜੀਉ ਮਰੈ ਡੂਬੈ ਤਰੇ ਕਾਰਣ ਇਹ ਹੈ ਕਿ ਜੀਵ ਸਤਿ-ਸਰੂਪ ਅਮਰ ਪਰਮਾਤਮਾ ਤੋਂ ਉਤਪੰਨ ਹੁੰਦਾ ਹੈ, ਇਸ ਲਈ ਉਹ ਵੀ ਅਮਰ ਹੈ। ਸ਼ਰੀਰ ਵਿਚ ਨਾਮ ਰੂਪ ਵਿਚ ਨਾਮੀ (ਪਰਮਾਤਮਾ) ਨਿਵਾਸ ਕਰਦਾ ਹੈ ਅਤੇ ਅਵਿਨਾਸ਼ੀ ਪਰਮਾਤਮਾ ਖ਼ੁਦ ਹੀ ਉਸ ਦਾ ਰਚੈਤਾ ਹੈ। ਪਰਮਾਤਮਾ ਦਾ ਰਚਿਆ ਜੀਵ ਨ ਮਰਦਾ ਹੈ ਅਤੇ ਨ ਹੀ ਮਾਰਿਆ ਜਾ ਸਕਦਾ ਹੈ— ਦੇਹੀ ਅੰਦਰਿ ਨਾਮੁ ਨਿਵਾਸੀ ਆਪੇ ਕਰਤਾ ਹੈ ਅਬਿਨਾਸੀ ਨਾ ਜੀਉ ਮਰੈ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ (ਗੁ.ਗ੍ਰੰ.1026)।

            ਸ਼ਰੀਰ ਵਿਚ ਪਰਮਾਤਮਾ ਦੇ ਨਿਵਾਸ ਤੋਂ ਮਤਲਬ ਹੈ ਸ਼ਰੀਰ ਵਿਚ ਸਥਿਤ ਆਤਮਾ। ਕਿਉਂਕਿ ਗੁਰਬਾਣੀ ਦੀ ਇਹ ਧਾਰਣਾ ਹੈ ਕਿ ਜੋ ਬ੍ਰਹਮੰਡ ਵਿਚ ਹੈ, ਉਹੀ ਖੰਡ (ਸ਼ਰੀਰ) ਵਿਚ ਹੈ। ਦੋਹਾਂ ਵਿਚ ਕਿਸੇ ਪ੍ਰਕਾਰ ਦਾ ਕੋਈ ਭੇਦ ਨਹੀਂ ਹੈ— ਜੋ ਬ੍ਰਾਹਮੰਡਿ ਖੰਡਿ ਸੋ ਜਾਣਹੁ (ਗੁ.ਗ੍ਰੰ.1041); ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ (ਗੁ.ਗ੍ਰੰ.695)। ਇਕ ਹੋਰ ਪ੍ਰਸੰਗ ਵਿਚ ਲਿਖਿਆ ਹੈ— ਕਾਇਆ ਅੰਦਰਿ ਆਪੇ ਵਸੈ ਅਲਖੁ ਲਖਿਆ ਜਾਈ (ਗੁ.ਗ੍ਰੰ.754)। ਸਾਰਿਆਂ ਜੀਵਾਂ ਵਿਚ ਆਪ ਪਰਮਾਤਮਾ ਰਮਣ ਕਰਦਾ ਹੈ—ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ (ਗੁ.ਗ੍ਰੰ.843)। ਹਰ ਇਕ ਪ੍ਰਾਣੀ ਅੰਦਰ ਜਗਤ ਨੂੰ ਜੀਵਨ ਪ੍ਰਦਾਨ ਕਰਨ ਵਾਲੇ ਪਰਮਾਤਮਾ ਦੀ ਜੋਤਿ ਚੰਗੀ ਤਰ੍ਹਾਂ ਵਿਆਪਤ ਹੈ। ਪਰਮਾਤਮਾ ਹੀ ਸਾਰਿਆਂ ਸ਼ਰੀਰਾਂ ਨੂੰ ਭੋਗਦਾ ਹੈ ਅਤੇ ਉਨ੍ਹਾਂ ਦਾ ਰਸਾਸੁਆਦਨ ਕਰਦਾ ਹੈ। ਉਹੀ ਪ੍ਰਾਣ ਲੈਂਦਾ ਹੈ ਅਤੇ ਉਹੀ ਤਿੰਨ ਲੋਕਾਂ ਦੀ ਸ੍ਰਿਸ਼ਟੀ ਦਾ ਜਨਕ ਅਤੇ ਦਾਤਾ ਹੈ—ਅੰਤਰਿ ਜੋਤਿ ਭਲੀ ਜਗ ਜੀਵਨ ਸਭਿ ਘਟ ਭੋਗੈ ਹਰਿ ਰਸੁ ਪੀਵਨ ਆਪੇ ਲੇਵੈ ਆਪੇ ਦੇਵੈ ਤਿਹੁ ਲੋਈ ਜਗਤ ਪਿਤ ਦਾਤਾ ਹੇ (ਗੁ.ਗ੍ਰੰ.1031)। 

            ਗੁਰਬਾਣੀ ਵਿਚ ਪਰਮਾਤਮਾ ਅਤੇ ਜੀਵਾਤਮਾ ਦਾ ਸੰਬੰਧ ਸਮੁੰਦਰ ਅਤੇ ਬੂੰਦ ਵਾਲਾ ਦਸਿਆ ਗਿਆ ਹੈ— ਸਾਗਰ ਮਹਿ ਬੂੰਦ ਬੂੰਦ ਮਹਿ ਸਾਗਰੁ ਕਵਣ ਬੁਝੈ ਬਿਧਿ ਜਾਣੈ (ਗੁ.ਗ੍ਰੰ.878)। ਇਸ ਨੂੰ ਬਿੰਬ-ਪ੍ਰਤਿਬਿੰਬ ਸੰਬੰਧ ਵੀ ਕਿਹਾ ਜਾ ਸਕਦਾ ਹੈ— ਸਭ ਮਹਿ ਜੋਤਿ ਜੋਤਿ ਹੈ ਸੋਇ ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ਗੁਰ ਸਾਖੀ ਜੋਤਿ ਪਰਗਟੁ ਹੋਇ (ਗੁ.ਗ੍ਰੰ.663)।

            ਸਪੱਸ਼ਟ ਹੈ ਕਿ ਗੁਰਬਾਣੀ ਅਨੁਸਾਰ ਪਰਮਾਤਮਾ ਅਤੇ ਜੀਵਾਤਮਾ ਵਿਚ ਕੋਈ ਤਾਤਵਿਕ ਅੰਤਰ ਨਹੀਂ ਹੈ। ਉਹ ਆਪ ਹੀ ਸ਼ਰੀਰ ਵਿਚ ਵਸ ਰਿਹਾ ਹੈ। ਪਰ ਮੂਰਖ ਮਨਮੁਖ ਵਿਅਕਤੀ ਤੋਂ ਉਹ ਅਲੱਖ ਵੇਖਿਆ ਨਹੀਂ ਜਾ ਸਕਦਾ, ਇਸ ਲਈ ਉਸ ਦੀ ਤਾਲਾਸ਼ ਲਈ ਬਾਹਰ ਭਟਕਦਾ ਹੈ— ਕਾਇਆ ਅੰਦਰਿ ਆਪੇ ਵਸੈ ਅਲਖੁ ਲਖਿਆ ਜਾਈ ਮਨਮੁਖੁ ਮੁਗਧੁ ਬੂਝੈ ਨਾਹੀ ਬਾਹਰਿ ਭਾਲਣਿ ਜਾਈ (ਗੁ.ਗ੍ਰੰ.754)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4224, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.