ਡਿਸਕ ਦੀ ਬਣਤਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Disk Structure
ਡਿਸਕ ਦੇ ਸਾਰੇ ਭਾਗ ਉੱਤੇ ਅੰਕੜੇ ਸਟੋਰ ਨਹੀਂ ਕੀਤੇ ਜਾਂਦੇ। ਡਿਸਕ ਦਾ ਕੁਝ ਖੇਤਰ ਅਜਿਹਾ ਹੁੰਦਾ ਹੈ ਜਿਸ ਉੱਪਰ ਡਿਸਕ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਸਾਂਭੀ ਜਾਂਦੀ ਹੈ। ਦੂਸਰੇ ਸ਼ਬਦਾਂ ਵਿੱਚ ਜਦੋਂ ਅਸੀਂ ਡਿਸਕ ਨੂੰ ਫਾਰਮੈਟ ਕਰਦੇ ਹਾਂ ਤਾਂ ਕੁਝ ਸੈਕਟਰ ਅਜਿਹੇ ਹੁੰਦੇ ਹਨ ਜਿਨ੍ਹਾਂ ਉੱਤੇ ਡਿਸਕ ਬਾਰੇ ਜ਼ਰੂਰੀ ਸੂਚਨਾਵਾਂ ਇਕੱਤਰ ਹੁੰਦੀਆਂ ਹਨ। ਐਮਐਸ ਡੌਸ ਡਿਸਕ ਨੂੰ ਹੇਠਾਂ ਲਿਖੇ ਦੋ ਭਾਗਾਂ ਵਿੱਚ ਵਰਗੀਕਰਨ ਕਰਦੀ ਹੈ :
· ਸਿਸਟਮ ਖੇਤਰ
· ਡਾਟਾ ਖੇਤਰ
ਸਿਸਟਮ ਖੇਤਰ
ਇਹ ਖੇਤਰ ਡਿਸਕ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ। ਇਸ ਖੇਤਰ ਨੂੰ ਅੱਗੇ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ।
· ਬੂਟ ਰਿਕਾਰਡ
· ਫੈਟ ਖੇਤਰ
· ਰੂਟ ਡਾਇਰੈਕਟਰੀ
(i) ਬੂਟ ਰਿਕਾਰਡ : ਇਸ ਨੂੰ ਬੂਟ ਖੇਤਰ ਵੀ ਕਹਿੰਦੇ ਹਨ। ਇਹ ਡਿਸਕ ਦੇ ਪਹਿਲੇ ਟਰੈਕ ਦੇ ਪਹਿਲੇ ਸੈਕਟਰ ਉੱਪਰ ਹੁੰਦਾ ਹੈ। ਇਸ ਖੇਤਰ ਵਿੱਚ ਇਕ ਪ੍ਰੋਗਰਾਮ ਭਰਿਆ ਹੁੰਦਾ ਹੈ ਜਿਸ ਦਾ ਕੰਮ ਓਪਰੇਟਿੰਗ ਸਿਸਟਮ ਨੂੰ ਚਾਲੂ ਕਰਨਾ ਹੁੰਦਾ ਹੈ। ਇਸ ਸਾਰੇ ਵਰਤਾਰੇ ਨੂੰ ਬੂਟਿੰਗ ਪ੍ਰਕਿਰਿਆ (Process) ਕਹਿੰਦੇ ਹਨ। ਸਿਸਟਮ ਦੇ ਚਾਲੂ ਹੋਣ ਉਪਰੰਤ ਇਹ ਪ੍ਰੋਗਰਾਮ ਆਪਣੇ ਆਪ ਚਲ ਪੈਂਦਾ ਹੈ।
(ii) ਫੈਟ ਖੇਤਰ : ਫੈਟ (FAT) ਤੋਂ ਭਾਵ ਹੈ - ਫਾਈਲ ਐਲੋਕੇਸ਼ਨ ਟੇਬਲ। ਇਹ ਟੇਬਲ ਡਿਸਕ ਉੱਤੇ ਪਏ ਡਾਟੇ ਦਾ ਰਿਕਾਰਡ ਰੱਖਦਾ ਹੈ। ਇਹ ਟੇਬਲ ਇਹ ਵੀ ਦੱਸਦਾ ਹੈ ਕਿ ਡਿਸਕ ਦਾ ਕਿਹੜਾ ਹਿੱਸਾ ਵਰਤਿਆ ਜਾ ਚੁੱਕਾ ਹੈ ਤੇ ਕਿਹੜਾ ਹਿੱਸਾ ਖਾਲੀ ਪਿਆ ਹੈ। ਫੈਟ ਖੇਤਰ ਡਿਸਕ ਲਈ ਬਹੁਤ ਹੀ ਮਹੱਤਵਪੂਰਨ ਸਮਝਿਆ ਜਾਂਦਾ ਹੈ। ਡੌਸ ਪ੍ਰਣਾਲੀ ਫੈਟ ਦੀਆਂ ਦੋ ਵੱਖਰੀਆਂ-ਵੱਖਰੀਆਂ ਕਾਪੀਆਂ ਸਾਂਭ ਕੇ ਰੱਖਦਾ ਹੈ।
(iii) ਰੂਟ ਡਾਇਰੈਕਟਰੀ : ਇਹ ਡਿਸਕ ਦੇ ਸਿਸਟਮ ਖੇਤਰ ਦਾ ਭਾਗ ਹੁੰਦਾ ਹੈ। ਰੂਟ ਡਾਇਰੈਕਟਰੀ ਵਿੱਚ ਉਹਨਾਂ ਸਾਰੀਆਂ ਫਾਈਲਾਂ ਦਾ ਬਿਓਰਾ ਹੁੰਦਾ ਹੈ ਜੋ ਡਿਸਕ ਉੱਤੇ ਸਥਿਤ ਹੁੰਦੀਆਂ ਹਨ। ਡੌਸ ਪ੍ਰਣਾਲੀ ਹਰੇਕ ਫਾਈਲ ਨੂੰ ਸਾਂਭਣ ਲਈ 32 ਬਾਈਟ ਥਾਂ ਲੈਂਦੀ ਹੈ।
ਇਸ ਵਿੱਚ ਹੇਠਾਂ ਲਿਖਿਆ ਰਿਕਾਰਡ ਸ਼ਾਮਿਲ ਹੁੰਦਾ ਹੈ
1. ਮੂਲ ਨਾਮ (Primary Name)
2. ਵਿਸਥਾਰ (Extension)
3. ਫਾਈਲ ਦਾ ਅਕਾਰ (File Size)
4. ਤਾਰੀਖ਼ ਤੇ ਸਮਾਂ (Date and Time)
5. ਡਿਸਕ ਦਾ ਆਰੰਭਿਕ ਪਤਾ (The starting address of the file on the disk)
6. ਵਿਸ਼ੇਸ਼ਤਾਵਾਂ (Attributes)
ਰੂਟ ਡਾਇਰੈਕਟਰੀ ਨੂੰ ਬੈਕ ਸਲੈਸ਼ (\) ਦੁਆਰਾ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਇਕ ਰੂਟ ਡਾਇਰੈਕਟਰੀ ਵਿੱਚ ਕੁੱਲ 112 ਫਾਈਲਾਂ ਸਟੋਰ ਕੀਤੀਆਂ ਜਾ ਸਕਦੀਆਂ ਹਨ। ਇਸ ਵਿੱਚ ਤਿੰਨ ਚੀਜਾਂ ਬੂਟ ਰਿਕਾਰਡ, ਫੈਟ ਖੇਤਰ, ਰੂਟ ਡਾਇਰੈਕਟਰੀ ਤੋਂ ਇਲਾਵਾ ਆਇਓਸਿਸ (IO.Sys), ਐਮਐਸ ਡੌਸ ਸਿਸ (MS-DOS.Sys) ਅਤੇ ਕਮਾਂਡ ਕਾਮ (COMMAND.COM) ਫਾਈਲਾਂ ਵੀ ਹੁੰਦੀਆਂ ਹਨ।
ਡਾਟਾ ਖੇਤਰ
ਸਿਸਟਮ ਖੇਤਰ ਵਿੱਚ ਡਿਸਕ ਬਾਰੇ ਮਹੱਤਵਪੂਰਨ ਜਾਣਕਾਰੀ ਸਟੋਰ ਹੁੰਦੀ ਹੈ। ਡਿਸਕ ਦਾ ਬਾਕੀ ਭਾਗ ਡਾਟਾ ਇਕੱਤਰ ਕਰਨ ਲਈ ਵਰਤਿਆ ਜਾਂਦਾ ਹੈ ਜਿਸ ਕਾਰਨ ਇਸ ਨੂੰ ਡਾਟਾ ਖੇਤਰ ਕਿਹਾ ਜਾਂਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1186, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First