ਦਿੱਲੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਿੱਲੀ [ਨਿਇ] ਭਾਰਤ ਦਾ ਇਤਿਹਾਸਿਕ ਨਗਰ ਜੋ ਲੰਮੇ ਸਮੇਂ ਤੋਂ ਦੇਸ਼ ਦੀ ਰਾਜਧਾਨੀ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10204, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਦਿੱਲੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਦਿੱਲੀ. ਜਮੁਨਾ ਨਦੀ ਦੇ ਕਿਨਾਰੇ ਇੱਕ ਪੁਰਾਣੀ ਪ੍ਰਸਿੱਧ ਨਗਰੀ, ਜੋ ਕਈ ਥਾਈਂ ਵਸ ਚੁੱਕੀ ਹੈ.2 ਪਾਂਡਵਾਂ ਵੇਲੇ ਇਸ ਦਾ ਨਾਮ ਇੰਦ੍ਰਪ੍ਰਥ3 ਅਤੇ ਪਾਂਡਵਨਗਰ ਸੀ. ਫੇਰ ਇਸ ਦਾ ਨਾਮ ਯੋਗਿਨੀਪੁਰ ਹੋਇਆ. ਤੋਮਰਵੰਸ਼ ਦੇ ਰਾਜਾ ਰਾਇਸੇਨ ਨੇ ਸਨ ੯੧੯—੨੦ ਵਿੱਚ ਸੁੰਦਰ ਮਕਾਨ ਬਣਵਾਕੇ ਰਾਜਧਾਨੀ ਕ਼ਾਯਮ ਕੀਤੀ.
ਮਯੂਰਵੰਸ਼ ਦੇ ਰਾਜਾ ਦਿਲੂ ਨੇ ਇਸ ਨੂੰ ਦਿੱਲੀ ਨਾਉਂ ਦਿੱਤਾ.4 ਸਨ ੧੧੫੧ ਵਿੱਚ ਚੌਹਾਨ ਰਾਜਪੂਤ ਵਿਸ਼ਾਲਦੇਵ ਨੇ ਇਸ ਨੂੰ ਰਾਜਧਾਨੀ ਬਣਾਇਆ. ਇਸ ਦੇ ਪੋਤੇ ਪ੍ਰਿਥੀ (ਪ੍ਰਿਥਿਵੀ) ਰਾਜ ਨੂੰ ਸਨ ੧੧੯੨ ਵਿੱਚ ਜਿੱਤਕੇ ਸ਼ਾਹਬੁੱਦੀਨ ਮੁਹੰਮਦ ਗੋਰੀ ਨੇ ਮੁਸਲਿਮ ਰਾਜ ਕ਼ਾਯਮ ਕੀਤਾ.
ਇਸ ਵੇਲੇ ਜਮੁਨਾ ਦੇ ਕਿਨਾਰੇ ਜੋ ਪੱਕੀ ਚਾਰ ਦੀਵਾਰੀ ਅੰਦਰ ਬਸਤੀ ਦੇਖੀ ਜਾਂਦੀ ਹੈ ਇਹ ਬਾਦਸ਼ਾਹ ਸ਼ਾਹਜਹਾਂ ਦੀ ਰਚਨਾ ਹੈ. ਉਸ ਨੇ ਇਸ ਦੇ ਲਾਲ ਕਿਲੇ ਅਤੇ ਸ਼ਹਿਰ ਦੀ ਬੁਨਿਆਦ ੧੬ ਏਪ੍ਰਿਲ ਸਨ ੧੬੩੯ ਨੂੰ ਰੱਖੀ ਅਤੇ ਆਪਣੇ ਅਹਿਲਕਾਰ ਗ਼ੈਰਤਖ਼ਾਨ ਦੀ ਨਿਗਰਾਨੀ ਵਿੱਚ ਇਮਾਰਤ ਬਣਵਾਈ. ਬਾਦਸ਼ਾਹ ਨੇ ਇਸ ਦਾ ਨਾਮ “ਸ਼ਾਹਜਹਾਨਾਬਾਦ” ਰੱਖਿਆ ਸੀ, ਪਰ ਜਗਤ ਵਿੱਚ ਪ੍ਰਸਿੱਧ ਦਿੱਲੀ ਹੀ ਰਿਹਾ.
ਸਨ ੧੮੦੩ ਵਿੱਚ ਦਿੱਲੀ ਅੰਗ੍ਰੇਜ਼ਾਂ ਦੇ ਅਧਿਕਾਰ ਵਿੱਚ ਆਈ, ਭਾਵੇਂ ਨਾਮਮਾਤ੍ਰ ਮੁਗਲ ਰਾਜਧਾਨੀ ਰਹੀ. ਸਨ ੧੮੫੭ ਦੇ ਗ਼ਦਰ ਪਿੱਛੋਂ ਦਿੱਲੀ ਅੰਗ੍ਰੇਜ਼ੀ ਰਾਜ ਨਾਲ ਮਿਲੀ, ਅਰ ੧੨ ਦਿਸੰਬਰ ਸਨ ੧੯੧੧ ਨੂੰ ਸ਼ਹਨਸ਼ਾਹ ਜਾਰਜਪੰਚਮ (George v) ਨੇ ਇਸ ਨੂੰ ਭਾਰਤ ਦੀ ਰਾਜਧਾਨੀ ਹੋਣ ਦਾ ਮੁੜ ਮਾਨ ਦਿੱਤਾ ਅਤੇ ੧੫ ਦਿਸੰਬਰ ਨੂੰ ਆਪਣੇ ਹੱਥੀਂ ਨਵੀਂ ਦਿੱਲੀ (New Delhi) ਦਾ ਬੁਨਿਆਦੀ ਪੱਥਰ ਰੱਖਿਆ. ੧ ਅਕਤੂਬਰ ਸਨ ੧੯੧੨ ਨੂੰ ਦਿੱਲੀ ਨੂੰ ਪੰਜਾਬ ਤੋਂ ਅਲਗ ਕਰਕੇ ਚੀਫ਼ਕਮਿਸ਼ਨਰ ਦੇ ਅਧੀਨ ਕੀਤਾ ਗਿਆ.
ਨਵੀਂ ਦਿੱਲੀ ਵਿੱਚ ਬਣੇ ਵਾਯਸਰਾਯ ਦੇ ਮਨੋਹਰ ਮਹਲ ਅੰਦਰ ਲਾਰਡ ਇਰਵਿਨ ਨੇ ੨੩ ਦਿਸੰਬਰ ੧੯੨੯ ਨੂੰ ਨਿਵਾਸ ਕੀਤਾ. ੧੦ ਫਰਵਰੀ ੧੯੩੧ ਨੂੰ ਕੈਨਾਡਾ, ਸਾਉਥ ਐਫ਼ਰੀਕਾ, ਆਸਟ੍ਰੇਲੀਆ ਅਤੇ ਨਯੂਜ਼ੀਲੈਂਡ ਵੱਲੋਂ ਤਿਆਰ ਹੋਏ ਸ੍ਤੰਭ (Dominion Columns) ਖੋਲੇ ਗਏ ਅਰ ੧੨ ਫਰਵਰੀ ਨੂੰ Indian War Memorial Arch ਦੇ ਖੋਲ੍ਹਣ ਦੀ ਰਸਮ ਹੋਈ.
ਦਿੱਲੀ ਤੋਂ ਲਹੌਰ ੨੯੭, ਕਲਕੱਤਾ ੯੫੬, ਬੰਬਈ ੯੮੨ ਅਤੇ ਕਰਾਚੀ ੯੦੭ ਮੀਲ ਹੈ.
ਸਨ ੧੯੨੧ ਦੀ ਮਰਦਮਸ਼ੁਮਾਰੀ ਅਨੁਸਾਰ ਦਿੱਲੀ ਦੀ ਆਬਾਦੀ ੩੦੪੪੨੦ ਹੈ. ਜਿਸ ਵਿੱਚੋਂ ਹਿੰਦੂ ੧੭੪੩੦੩, ਮੁਸਲਮਾਨ ੧੧੪੭੦੪, ਈਸਾਈ ੮੭੯੧, ਜੈਨੀ ੩੮੬੨, ਸਿੱਖ ੨੬੬੯, ਅਤੇ ਬਾਕੀ ਬੌੱਧ ਪਾਰਸੀ ਯਹੂਦੀ ੯੧ ਹਨ.
ਦਿੱਲੀ ਵਿੱਚ ਇਹ ਗੁਰਦ੍ਵਾਰੇ ਹਨ:—5
(੧) ਸੀਸਗੰਜ. ਇਹ ਚਾਂਦਨੀ ਚੌਕ ਵਿੱਚ ਹੈ. ਇੱਥੇ ੧੨ ਮੱਘਰ ਸੰਮਤ ੧੭੩੨ ਨੂੰ ਗੁਰੂ ਤੇਗਬਹਾਦੁਰ ਸਾਹਿਬ ਨੇ ਦੇਸ਼ ਅਤੇ ਧਰਮ ਦੀ ਖਾਤਿਰ ਸੀਸ ਕੁਰਬਾਨ ਕੀਤਾ. ਇਹ ਗੁਰਦ੍ਵਾਰਾ ਪਹਿਲਾਂ ਸਰਦਾਰ ਬਘੇਲ ਸਿੰਘ ਜੀ ਨੇ ਬਣਾਵਾਇਆ ਸੀ. ਫੇਰ ਮੁਸਲਮਾਨਾਂ ਨੇ ਗੁਰਦ੍ਵਾਰਾ ਢਾਹਕੇ ਪਾਸ ਮਸੀਤ ਉਸਾਰ ਦਿੱਤੀ. ਸਨ ੧੮੫੭ ਦੇ ਗਦਰ ਦੇ ਅੰਤ ਰਾਜਾ ਸਰੂਪ ਸਿੰਘ ਸਾਹਿਬ ਜੀਂਦਪਤਿ ਨੇ ਸੀਸਗੰਜ ਗੁਰਦ੍ਵਾਰੇ ਦੀ ਇਮਾਰਤ ਬਣਵਾਈ, ਅਰ ਹੁਣ ਪ੍ਰੇਮੀ ਗੁਰਸਿੱਖਾਂ ਦੇ ਉੱਦਮ ਨਾਲ ਪੱਥਰ ਦੀ ਆਲੀਸ਼ਾਨ ਇਮਾਰਤ ਬਣ ਰਹੀ ਹੈ.
ਨਿੱਤ ਦੀ ਚੜ੍ਹਤ (ਭੇਟਾ ਪੂਜਾ) ਤੋਂ ਛੁੱਟ, (ਜਿਸ ਦਾ ਅੰਦਾਜ਼ਾ ਤਿੰਨ ਹਜਾਰ ਰੁਪਯਾ ਸਾਲ ਹੈ), ਇਸ ਗੁਰਦ੍ਵਾਰੇ ਨੂੰ ਹੇਠ ਲਿਖੀ ਸਾਲਾਨਾ ਪੱਕੀ ਆਮਦਨ ਹੈ:—
ਮਹਾਰਾਜਾ ਰਣਜੀਤ ਸਿੰਘ ਜੀ ਦਾ ਦਿੱਲੀ ਦੇ ਗੁਰਦ੍ਵਾਰਿਆਂ ਨੂੰ ਦਿੱਤਾ ਪਿੰਡ “ਦੁਸਾਂਝ” (ਤਸੀਲ ਨਵਾਂ ਸ਼ਹਿਰ, ਜਿਲਾ ਜਲੰਧਰ ਵਿੱਚ) ਹੈ,6 ਉਸ ਦਾ ਹਿੱਸਾ ੨੦੦), ਰਿਆਸਤ ਜੀਂਦ ਤੋਂ ੬੨), ਰਿਆਸਤ ਨਾਭੇ ਤੋਂ ੨੧੫), ਰਿਆਸਤ ਪਟਿਆਲੇ ਤੋਂ ੩੮੦)—ਜ਼ੀਨਤ ਮਹਿਲ ਦੇ ਕਿਰਾਏ ਵਿੱਚੋਂ ਦੋ ਸੌ ਚਾਲੀ, ਅਤੇ ਪੂਜਾ ਦੇ ਇੱਕ ਸੌ ਚਾਲੀ ਸਾਲਾਨਾ ਮਿਲਦੇ ਹਨ.
ਰਾਇਸੀਨਾ ਪਿੰਡ, ਜੋ ਰਿਆਸਤ ਜੀਂਦ ਨੇ ਖ਼ਰੀਦ ਕੇ ਗੁਰਦ੍ਵਾਰਾ ਸੀਸਗੰਜ ਅਤੇ ਰਕਾਬਗੰਜ ਨੂੰ ਭੇਟਾ ਕੀਤਾ ਸੀ, ਉਹ ਨਵੀਂ ਦਿੱਲੀ ਵਿੱਚ ਆ ਗਿਆ. ਗਵਰਨਮੇਂਟ ਨੇ ਉਸ ਦੀ ਕੀਮਤ ਜੋ ਦਿੱਤੀ ਉਸ ਦੇ ਪ੍ਰਾਮਿਸਰੀ (Promissory) ਨੋਟ ਖਰੀਦੇ ਗਏ. ਗੁਰਦ੍ਵਾਰਾ ਸੀਸਗੰਜ ਦੀ ਰਕਮ ਬੱਤੀ ਹਜਾਰ ਦਾ ਸੂਦ ਸਾਲਾਨਾ ੧੧੫੨) ਹੈ. ਇਸ ਤੋਂ ਛੁੱਟ ੧੫ ਮੁਰੱਬੇ ਜ਼ਮੀਨ ਗਰਵਨਮੇਂਟ ਨੇ ਦਿੱਤੀ, ਜਿਸ ਦੇ ਠੇਕੇ ਦੀ ਮਾਕੂਲ ਆਮਦਨ ਹੈ. ਗੁਰਦ੍ਵਾਰੇ ਦੇ ਸੇਵਾਦਾਰ ਮਹੰਤ ਭਾਈ ਹਰੀ ਸਿੰਘ ਜੀ ਬੀ.ਏ. ਅਤੇ ਭਾਈ ਰਣਜੋਧ ਸਿੰਘ ਜੀ ਹਨ.
(੨) ਰਕਾਬਗੰਜ. ਇੱਥੇ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਹੋਇਆ ਹੈ. ਇਹ ਅਸਥਾਨ ਗੁਰਦ੍ਵਾਰਾ ਰੋਡ ਤੇ ਹੈ, ਜੋ ਚਾਂਦਨੀ ਚੌਂਕ ਤੋਂ ਤਿੰਨ ਮੀਲ ਹੈ. ਇਸ ਗੁਰਧਾਮ ਨੂੰ ਸਾਲਾਨਾ ਆਮਦਨ ਦੋਸਾਂਝ ਪਿੰਡ ਦੇ ਹਿੱਸੇ ਵਿੱਚੋਂ ੩੩੨), ਰਿਆਸਤ ਪਟਿਆਲੇ ਤੋਂ ਆਲਾ ਸਿੰਘ ਦੀ ਵਡਾਲੀ ਅਤੇ ਹਿੰਦੂਪੁਰ ਦੋ ਪਿੰਡ ਜਾਗੀਰ , ਜਿਨ੍ਹਾਂ ਦੀ ਸਾਲਾਨਾ ਰਕਮ ੧੩੯੦) ਹੈ, ਰਾਇਸੀਨਾ ਪਿੰਡ ਦੀ ਰਕਮ ਦੇ ਖਰੀਦੇ ਪ੍ਰਾਮਿਸਰੀ ਨੋਟਾ ਦਾ ਸੂਦ ੧੩੯੮), ਮਹਾਰਾਜਾ ਪਟਿਆਲਾ ਵੱਲੋਂ ਪੂਜਾ ੧੪੦), ਕਿਰਾਇਆ ਕੋਠੜੀਆਂ ੨੫੦), ਅੱਠ ਏਕੜ ਦਾ ਗੁਰਦ੍ਵਾਰੇ ਨਾਲ ਬਾਗ , ਜਿਸਦੀ ਸਾਲਾਨਾ ਆਮਦਨ ੨੫੦) ਹੈ, ਪੰਦਰਾਂ ਮੁਰੱਬੇ ਜ਼ਮੀਨ ਗਵਰਨਮੇਂਟ ਵੱਲੋਂ, ਜੋ ਠੇਕੇ ਪੁਰ ਚੜ੍ਹਾਈ ਜਾਂਦੀ ਹੈ. ਗੁਰਦ੍ਵਾਰੇ ਦੀ ਸੇਵਾ ਕਰਨ ਵਾਲੇ ਭਾਈ ਗੁਰਬਖ਼ਸ਼ ਸਿੰਘ ਜੀ ਅਤੇ ਜੀਵਨ ਸਿੰਘ ਜੀ ਹਨ.
(੩) ਬੰਗਲਾ ਸਾਹਿਬ. ਜਯਸਿੰਘਪੁਰੇ ਵਿੱਚ ਗੁਰੂ ਹਰਿਕ੍ਰਿਸਨ ਸਾਹਿਬ ਸੰਮਤ ੧੭੨੦ ਵਿੱਚ ਵਿਰਾਜੇ ਸਨ. ਉਸ ਸਮੇਂ ਗੁਰੂ ਸਾਹਿਬ ਦੇ ਨਿਵਾਸ ਲਈ ਅੰਬਰਪਤਿ1 ਮਿਰਜ਼ਾ ਜਯ ਸਿੰਘ ਨੇ ਬੰਗਲਾ ਬਣਵਾਇਆ ਸੀ. ਇਹ ਗੁਰਦ੍ਵਾਰਾ ਜਯ ਸਿੰਘ ਰੋਡ ਅਤੇ ਕੈਂਟਨਮੈਂਟ ਰੋਡ (Cantonement Road) ਦੇ ਮੱਧ ਹੈ. ਇਸ ਗੁਰਦ੍ਵਾਰੇ ਨੂੰ ਪਿੰਡ ਦੋਸਾਂਝ ਦਾ ਹਿੱਸਾ ੧੬੯), ਨਾਭੇ ਤੋਂ ੪॥), ਜੀਂਦ ਤੋਂ ੬੨), ਪਟਿਆਲੇ ਤੋਂ ੧੪੦), ਗੁਰਦ੍ਵਾਰੇ ਦੀ ਕੁਝ ਜ਼ਮੀਨ ਜੋ ਸਰਕਾਰ ਨੇ ਨਵੀਂ ਆਬਾਦੀ ਲਈ ਲਈ ਹੈ, ਉਸ ਦੀ ਰਕਮ ਦਾ ਸਾਲਾਨਾ ਸੂਦ ੨੨੦) ਹੈ. ਪੁਜਾਰੀ ਭਾਈ ਹਾਕਮ ਸਿੰਘ ਜੀ ਹਨ.
(੪) ਬਾਲਾਸਾਹਿਬ. ਤਿਲੋਖਰੀ ਪਿੰਡ ਪਾਸ ਇੱਕ ਗੁਰਦ੍ਵਾਰਾ. ਬਾਲਗੁਰੂ ਹਰਿਕ੍ਰਿਸਨ ਜੀ ਦੇ ਸ਼ਰੀਰ ਦਾ ਸੰਸਕਾਰ ਇਸ ਥਾਂ ਸੰਮਤ ੧੭੨੧ ਵਿੱਚ ਹੋਇਆ. ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸੰਸਕਾਰ ਭੀ ਇਸੇ ਥਾਂ ਹੋਇਆ ਹੈ. ਦਿੱਲੀ ਦਰਵਾਜ਼ੇ ਤੋਂ ਬਾਹਰ ਬਾਰਾਂਪੁਲਾ ਲੰਘਕੇ ਨਾਲੇ ਤੋਂ ਪਾਰ ਇਹ ਅਸਥਾਨ ਹੈ, ਜੋ ਚਾਂਦਨੀ ਚੌਕ ਤੋਂ ਚਾਰ ਮੀਲ ਹੈ. ਗੁਰਦ੍ਵਾਰੇ ਦੀ ਸਾਲਾਨਾ ਆਮਦਨ—ਦੁਸਾਂਝ ਵਿੱਚੋਂ ਹਿੱਸਾ ੭੦੨), ਜੀਂਦ ਤੋਂ ੬੨), ਪਟਿਆਲੇ ਤੋਂ ਬੰਧਾਨ ੧੨੫) ਅਤੇ ਪੂਜਾ ੩੦੬), ਨਾਭੇ ਤੋਂ ੧੦੯), ਗੁਰਦ੍ਵਾਰੇ ਨਾਲ ਲਗਦੀ ਜ਼ਮੀਨ ਦੀ ਆਮਦਨ ੪੦) ਹੈ. ਸੇਵਾਦਾਰ ਭਾਈ ਤਾਰਾ ਸਿੰਘ ਜੀ ਅਤੇ ਬੀਰ ਸਿੰਘ ਜੀ ਹਨ.
(੫) ਮੋਤੀਬਾਗ. ਇਸ ਥਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਮਤ ੧੭੬੪ ਵਿੱਚ ਚਰਣ ਪਾਏ ਸਨ. ਇਹ ਗੁਰਦ੍ਵਾਰਾ ਅਜਮੇਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਂਕ ਤੋਂ ਪੰਜ ਮੀਲ ਹੈ. ਇਸ ਅਸਥਾਨ ਨੂੰ ਕੇਵਲ ਪਟਿਆਲੇ ਤੋਂ ਸਾਲਾਨਾ ੨੫) ਬੰਧਾਨ ਅਤੇ ਪੂਜਾ ੧੪੦) ਹੈ. ਪੁਜਾਰੀ ਭਾਈ ਦੇਵਾ ਸਿੰਘ ਜੀ ਹਨ.
(੬) ਦਮਦਮਾ ਸਾਹਿਬ. ਇਸ ਥਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹਾਥੀ ਨਾਲ ਝੋਟੇ ਦੀ ਲੜਾਈ ਕਰਵਾਈ ਸੀ. ਗੁਰਦ੍ਵਾਰਾ ਹੁਮਾਯੂੰ ਦੇ ਮਕਬਰੇ ਪਾਸ ਹੈ. ਚਾਂਦਨੀ ਚੌਂਕ ਤੋਂ ਤਿੰਨ ਮੀਲ ਹੈ. ਇਸ ਗੁਰਦ੍ਵਾਰੇ ਨੂੰ ਮਹਾਰਾਜਾ ਪਟਿਆਲਾ ਵੱਲੋਂ ੧੪੦) ਅਤੇ ਇੱਕ ਪ੍ਰੇਮੀ ਸਿੱਖ ਦੀ ਚੜ੍ਹਾਈ ਹੋਈ ੩੮ ਵਿੱਘੇ ਜ਼ਮੀਨ ਜੋਗਾਬਾਈ ਪਿੰਡ ਵਿੱਚ ਹੈ, ਜਿਸ ਦੀ ਆਮਦਨ ੬੪) ਸਾਲਾਨਾ ਹੈ. ਸੇਵਾਦਾਰ ਭਾਈ ਰਘੁਬੀਰ ਸਿੰਘ ਜੀ ਹਨ.
(੭) ਮਾਤਾ ਸੁੰਦਰੀ ਜੀ ਦੀ ਹਵੇਲੀ , ਜੋ ਤੁਰਕਮਾਨ ਦਰਵਾਜੇ2 ਤੋਂ ਬਾਹਰ ਚਾਂਦਨੀ ਚੌਂਕ ਤੋਂ ਡੇਢ ਮੀਲ ਹੈ. ਇੱਥੇ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇਹਾਂਤ ਤੀਕ ਨਿਵਾਸ ਕਰਦੇ ਰਹੇ. ਇਸ ਅਸਥਾਨ ਨੂੰ ਪਟਿਆਲੇ ਤੋਂ ੨੫) ਬੰਧਾਨ, ਅਤੇ ਪੂਜਾ ੫੧) ਹੈ. ਜੀਂਦ ਤੋਂ ੬੨) ਸਾਲਾਨਾ ਮਿਲਦੇ ਹਨ. ਗਵਰਨਮੇਂਟ ਨੇ ਜੋ ਗੁਰਦ੍ਵਾਰੇ ਦੀ ਜ਼ਮੀਨ ਨਵੀਂ ਆਬਾਦੀ ਲਈ ਖਰੀਦੀ, ਉਸ ਦੀ ਰਕਮ ਦਾ ਸਾਲਾਨਾ ਸੂਦ ੪੮) ਹੈ. ਸੇਵਾਦਾਰ ਭਾਈ ਕਾਹਨ ਸਿੰਘ ਜੀ ਅਤੇ ਬਾਬਾ ਦਿਆਲ ਸਿੰਘ ਜੀ ਹਨ.
(੮) ਮਜਨੂੰ ਕਾ ਟਿੱਲਾ. (ਇਸ ਥਾਂ ਮਜਨੂੰ ਨਾਮ ਦਾ ਕੋਈ ਤਪੀਆ) ਸਾਧੂ, ਜੋ ਗੁਰੂ ਨਾਨਕ ਦੇਵ ਦਾ ਸੇਵਕ ਸੀ, ਬਹੁਤ ਚਿਰ ਰਿਹਾ ਹੈ ਜਿਸ ਤੋਂ ਉਸ ਦੇ ਨਾਮ ਤੇ ਇਹ ਥਾਂ ਪ੍ਰਸਿੱਧ ਹੋ ਗਿਆ. ਛੇਵੀਂ ਪਾਤਸ਼ਾਹੀ ਦੇ ਗੁਰੂ ਵਿਲਾਸ ਦੇ ਅੱਠਵੇਂ ਅਧ੍ਯਾਯ ਵਿੱਚ ਲਿਖਿਆ ਹੈ ਕਿ ਮਜਨੂੰ ਫ਼ਕੀਰ ਗੁਰੂ ਹਰਿਗੋਬਿੰਦ ਸਾਹਿਬ ਨੂੰ ਮਿਲਿਆ. “ਗੁਰੂ ਪਗ ਮਜਨੂੰ ਸੀਸ ਨਿਵਾਯੋ.” (੨੦੬) ਇੱਥੇ ਜਗਤਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵਿਰਾਜੇ ਹਨ, ਅਰ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਰਹਿਣ ਸਮੇਂ ਬਾਬਾ ਰਾਮਰਾਇ ਜੀ ਦਾ ਨਿਵਾਸ ਭੀ ਇੱਥੇ ਹੀ ਰਿਹਾ ਹੈ. ਇਹ ਗੁਰਦ੍ਵਾਰਾ ਜਮੁਨਾ ਕਿਨਾਰੇ ਚੰਦ੍ਰਾਵਲ ਪਿੰਡ ਪਾਸ ਹੈ. ਕਸ਼ਮੀਰੀ ਦਰਵਾਜ਼ੇ ਤੋਂ ਬਾਹਰ, ਚਾਂਦਨੀ ਚੌਂਕ ਤੋਂ ੩ ਮੀਲ ਹੈ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਬਿਸਨਦਾਸ ਜੀ ਹਨ.
(੯) ਕੂਚਾ ਦਿਲਵਾਲੀ ਸਿੰਘ. ਇਹ ਅਜਮੇਰੀ ਦਰਵਾਜ਼ੇ ਤੋਂ ਅੰਦਰ ਸੀਸਗੰਜ ਗੁਰਦ੍ਵਾਰੇ ਤੋਂ ਅੱਧ ਮੀਲ ਹੈ. ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦਸ਼ਮੇਸ਼ ਦੀ ਆਗ੍ਯਾ ਅਨੁਸਾਰ ਭਾਈ ਮਨੀ ਸਿੰਘ ਜੀ ਨਾਲ ਜਦ ਦਿੱਲੀ ਪੁੱਜੇ, ਤਦ ਪਹਿਲਾਂ ਕੁਝ ਕਾਲ ਇੱਥੇ ਰਹੇ. ਇੱਥੇ ਰਹਿਣ ਸਮੇਂ ਮਾਤਾ ਸੁੰਦਰੀ ਜੀ ਨੇ ਅਜੀਤ ਸਿੰਘ ਪਾਲਿਤਪੁਤ੍ਰ ਬਣਾਇਆ ਸੀ. ਸਿੱਖਾਂ ਨੇ ਅਨਗਹਿਲੀ ਕਰਕੇ ਇੱਥੇ ਗੁਰਦ੍ਵਾਰਾ ਨਹੀਂ ਬਣਾਇਆ. ਹਿੰਦੂ ਅਰੋੜੇ ਇਸ ਥਾਂ ਵਸਦੇ ਹਨ.
(੧੦) ਮਟੀਆ ਬਾਜ਼ਾਰ ਦੇ ਚਿਤਲੀਕਬਰ ਮਹਲੇ ਵਿੱਚ ਮਾਤਾ ਸੁੰਦਰੀ ਜੀ ਦੇ ਸੇਵਕ ਜੀਵਨ ਸਿੰਘ ਪਾਸ ਉਹ ਸ਼ਸਤ੍ਰ ਸਨ, ਜੋ ਸ਼੍ਰੀ ਦਸ਼ਮੇਸ਼ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ ਬਖ਼ਸ਼ੇ ਸਨ. ਜੀਵਨ ਸਿੰਘ ਦੀ ਔਲਾਦ ਇਨ੍ਹਾਂ ਸ਼ਸਤ੍ਰਾਂ ਦਾ ਦਰਸ਼ਨ ਗੁਰਸਿੱਖਾਂ ਨੂੰ ਕਰਾਉਂਦੀ ਅਤੇ ਧੂਪ ਦੀਪ ਦੀ ਸੇਵਾ ਕਰਦੀ ਰਹੀ ਹੈ. ਹੁਣ ਇਹ ਸ਼ਸਤ੍ਰ ਗੁਰਦ੍ਵਾਰਾ ਰਕਾਬਗੰਜ ਵਿੱਚ ਅਸਥਾਪਨ ਕੀਤੇ ਗਏ ਹਨ. ਸ਼ਸਤ੍ਰਾਂ ਦੀ ਸੇਵਾ ਲਈ ਪਟਿਆਲੇ ਤੋਂ ਸਾਲਾਨਾ ੧੦੧) ਅਤੇ ਪੂਜਾ ੭੪) ਹੈ, ਰਿਆਸਤ ਨਾਭੇ ਤੋਂ ੨੦) ਅਤੇ ਦੁਸਾਂਝ ਦੀ ਜਾਗੀਰ ਵਿੱਚੋਂ ਹਿੱਸਾ ੭੦) ਮਿਲਦੇ ਹਨ.
(੧੧) ਨਾਨਕਪਿਆਉ. ਸਤਿਗੁਰੂ ਨਾਨਕਦੇਵ ਜੀ ਨੇ ਇਸ ਖੂਹ ਤੋਂ ਜਲ ਕੱਢਕੇ ਤ੍ਰਿਖਾਤੁਰ ਰਾਹੀਆਂ ਨੂੰ ਪਿਆਇਆ ਸੀ. ਇਹ ਅਸਥਾਨ ਕਰਨਾਲ ਰੋਡ ਦੇ ਕਿਨਾਰੇ ਸੀਸਗੰਜ ਤੋਂ ਉੱਤਰ ਪੱਛਮ ਚਾਰ ਮੀਲ ਹੈ. ਇਸ ਨੂੰ “ਪਉ ਸਾਹਿਬ” ਭੀ ਆਖਦੇ ਹਨ. ਇਸ ਗੁਰਦ੍ਵਾਰੇ ਨੂੰ ਕੋਈ ਜਾਗੀਰ ਨਹੀਂ. ਸੇਵਾਦਾਰ ਮਹੰਤ ਨਿਰੰਜਨਦਾਸ ਜੀ ਹਨ.
(੧੨) ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਯਰ ਦੇ ਕਿਲੇ ਰਹੇ, ਤਦ ਬਾਬਾ ਬੁੱਢਾ ਜੀ ਦਿੱਲੀ ਤੋਂ ਪੰਜ ਕੋਹ ਤੇ ਗੁਰੂ ਸਾਹਿਬ ਦੇ ਘੋੜਿਆਂ ਨੂੰ ਲੈਕੇ ਜਮੁਨਾ ਕਿਨਾਰੇ ਰਹੇ ਸਨ.
“ਚਲੇ ਆਗਰੇ ਤੇ ਸਭ ਆਏ,
ਦਿੱਲੀ ਨਗਰ ਪਿਖ੍ਯੋ ਸਮੁਦਾਏ,
ਸੁਨ੍ਯੋ ਘਾਸ ਜਹਿਂ ਖਰੋ ਉਦਾਰੇ,
ਪੰਜ ਕੋਸ ਪੁਰ ਤਯਾਗ ਪਧਾਰੇ,
ਹਰਿਤ ਤਿਰਣ ਦੇਖਤ ਹਰਖਾਏ,
ਕਰ੍ਯੋ ਸਿਵਿਰ ਉਤਰੇ ਸਮੁਦਾਏ,
ਅਬ ਲੌ ਤਿਸ ਥਲ ਚਿੰਨ੍ਹ ਲਖੰਤੇ,
ਜਗਾ ਬ੍ਰਿੱਧ ਕੀ ਲੋਕ ਕਹੰਤੇ.”
(ਗੁਪ੍ਰਸੂ ਰਾਸਿ ੪, ਅ. ੬੧)
ਇਹ ਥਾਂ ਮਜਨੂੰ ਦੇ ਟਿੱਲੇ ਤੋਂ ਜਮਨਾ ਦੇ ਦੂਜੇ ਪਾਸੇ ਤਿੰਨ ਮੀਲ ਦੀ ਵਿੱਥ ਤੇ ਹੈ, ਅਰ ਉਦਾਸੀ ਸੰਤਾਂ ਦੇ ਕਬਜ਼ੇ ਵਿੱਚ ਹੈ.
ਬਾਬਾ ਬੁੱਢਾ ਜੀ ਦੀ ਵੰਸ਼ ਦੇ ਰਤਨ ਭਾਈ ਗੁਰਦਿੱਤਾ ਜੀ, ਜੋ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਦੇ ਨਾਲ ਦਿੱਲੀ ਕੈਦ ਹੋ ਗਏ ਸਨ, ਉਨ੍ਹਾਂ ਨੇ ਭੀ ਇਸੇ ਥਾਂ ਸ਼ਰੀਰ ਤਿਆਗਿਆ ਹੈ:—“ਜਬ ਨੌਮੇ ਪਾਤਸ਼ਾਹ ਗੁਰੂ ਗਏ ਬਕੁੰਠ ਮਝਾਰ, ਗੁਰੁ ਦਿੱਤਾ ਬ੍ਰਿਧ ਵੰਸ਼ ਕੇ ਸਰਬ ਪ੍ਰਕਾਰ ਨਿਹਾਰ, ਤਜਿ ਦਿੱਲੀ ਤਤਛਿਨ ਚਲਿ ਗਯੋ, ਪੰਚ ਕੋਸ ਪਰ ਪ੍ਰਾਪਤ ਭਯੋ, ਅਪਨ ਵਡੇ ਕੋ ਪਿਖ੍ਯੋ ਸਥਾਨਾ, ਕਿਤਕ ਕਾਲ ਵ੍ਰਿਧ ਰਹ੍ਯੋ ਸੁਜਾਨਾ, ਪੌਢ੍ਯੋ ਤਹਾਂ ਕੁਸ਼ਾਸਨ ਕਰਿਕੈ, ਸ਼੍ਰੀ ਸਤਿਗੁਰੁ ਮੂਰਤਿ ਉਰ ਧਰਿਕੈ, ਦਸ਼ਮੋਦ੍ਵਾਰ ਪੌਨ ਤੇ ਫੋਰਾ, ਤ੍ਰਿਣ ਸਮ ਨਿਜ ਸ਼ਰੀਰ ਕੋ ਛੋਰਾ, ਹੋਰ ਨਰਨ ਤਿਹ ਠਾਂ ਸਸਕਾਰਾ, ਅਬ ਲੌ ਚਿੰਨ੍ਹਤ ਥਾਨ ਨਿਹਾਰਾ.” (ਗੁਪ੍ਰਸੂ, ਰੁੱਤ ੧, ਅ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਦਿੱਲੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਦਿੱਲੀ (ਮਹਾਨਗਰ): ਦਿੱਲੀ ਤੋਂ ਭਾਵ ਹੈ ‘ਪੁਰਾਣੀ ਦਿੱਲੀ’। ਨਵੀਂ ਦਿੱਲੀ ਤਾਂ ਸੰਨ 1912 ਈ. ਵਿਚ ਸਰਕਾਰੀ ਦਫ਼ਤਰਾਂ ਅਤੇ ਕਰਮਚਾਰੀਆਂ ਦੇ ਰਹਿਣ ਲਈ ਬਣਨੀ ਸ਼ੁਰੂ ਹੋਈ, ਜਦੋਂ ਅੰਗ੍ਰੇਜ਼ ਸਰਕਾਰ ਨੇ ਕਲਕੱਤਾ ਦੀ ਥਾਂ ਦਿੱਲੀ ਨੂੰ ਰਾਜਧਾਨੀ ਬਣਾਉਣ ਦਾ ਫ਼ੈਸਲਾ ਕੀਤਾ।
ਇਸ ਦਾ ‘ਦਿੱਲੀ’ ਨਾਂ ਕਿਵੇਂ ਪਿਆ, ਇਸ ਬਾਰੇ ਕੋਈ ਤੱਥ ਆਧਾਰਿਤ ਕਥਨ ਉਪਲਬਧ ਨਹੀਂ ਹੈ। ਮਹਾਨ- ਕੋਸ਼ਕਾਰ ਅਨੁਸਾਰ ਮਯੂਰਵੰਸ਼ ਦੇ ਰਾਜਾ ਦਿਲੂ ਨੇ ਇਸ ਨੂੰ ‘ਦਿੱਲੀ’ ਨਾਂ ਦਿੱਤਾ। ‘ਦਸਮ-ਗ੍ਰੰਥ ’ ਵਿਚ ਸੰਕਲਿਤ ਪਹਿਲੀ ਫ਼ਾਰਸੀ ਹਕਾਇਤ (ਛੰਦਾਂਕ 29) ਵਿਚ ਛੋਲਿਆਂ ਦੀ ਦਾਲ ਤੋਂ ਇਸ ਨੂੰ ਵਿਕਸਿਤ ਹੋਇਆ ਲਿਖਿਆ ਹੈ।
ਪੁਰਾਤਨ ਦਿੱਲੀ ਮੂਲ ਰੂਪ ਵਿਚ ਸੱਤ ਬਸਤੀਆਂ ਦਾ ਸਮੁੱਚ ਹੈ ਜੋ ਭਿੰਨ ਭਿੰਨ ਸਮਿਆਂ ਵਿਚ ਵਿਭਿੰਨ ਹੁਕਮਰਾਨਾਂ ਨੇ ਵਸਾਈਆਂ ਸਨ। ਪਹਿਲਾਂ ਇਥੇ ਪਾਂਡਵਾਂ ਦੀ ਰਾਜਧਾਨੀ ਇੰਦਰਪ੍ਰਸਥ ਰਹੀ ਸੀ ਜਿਸ ਉਤੇ ਵਖ ਵਖ ਕਾਲਾਂ ਵਿਚ ਮੌਰੀਆਂ ਵੰਸ਼ ਦੇ ਰਾਜਿਆਂ, ਮਥੁਰਾ ਦੇ ਰਾਜਿਆਂ, ਆਦਿ ਨੇ ਰਾਜ ਕੀਤਾ। ਪਰ ਦਿੱਲੀ ਦੀ ਪਹਿਲੀ ਬਸਤੀ ਯਾਰ੍ਹਵੀਂ ਸਦੀ ਵਿਚ ਲਾਲ-ਕੋਟ ਦੇ ਨੇੜੇ-ਤੇੜੇ ਤੋਮਰ ਰਾਜਪੂਤਾਂ ਨੇ ਵਸਾਈ ਸੀ। ਇਨ੍ਹਾਂ ਵਿਚੋਂ ਹੀ ਸੂਰਜਪਾਲ ਨਾਂ ਦੇ ਸ਼ਾਸਕ ਦੇ ਸੂਰਜਕੁੰਡ ਦਾ ਨਿਰਮਾਣ ਵੀ ਕਰਵਾਇਆ ਜੋ ਹੁਣ ਤੁਗ਼ਲਕਾਬਾਦ ਦੇ ਨੇੜੇ ਦੱਖਣ ਦਿਸ਼ਾ ਵਿਚ ਹੈ। ਤੋਮਰ ਵੰਸ਼ ਤੋਂ ਬਾਦ ਚੌਹਾਨ ਵੰਸ਼ ਦੇ ਪ੍ਰਿਥਵੀਰਾਜ ਨੇ ਰਾਇਪਿਥੋਰਾ ਨਾਂ ਦਾ ਕਿਲ੍ਹਾ ਬਣਵਾ ਕੇ ਇਸ ਨੂੰ ਵਿਸਤਾਰ ਦਿੱਤਾ। ਗ਼ੁਲਾਮ ਵੰਸ਼ੀ ਕੁਤੁਬੁੱਦੀਨ ਐਬਕ ਨੇ ਲਾਲ-ਕੋਟ ਦੇ ਮੰਦਿਰਾਂ ਨੂੰ ਢਵਾ ਕੇ ਕੁਤੁਬਮੀਨਾਰ ਵਾਲੀ ਥਾਂ ਕੋਲ ‘ਕੁਵੱਤੁਲ ਇਸਲਾਮ’ ਮਸਜਿਦ ਤਾਮੀਰ ਕਰਵਾਈ। ਖ਼ਿਲਜੀ ਵੰਸ਼ੀ ਅਲਾਉੱਦੀਨ ਨੇ ਇਸ ਮਸਜਿਦ ਦਾ ਵਿਸਤਾਰ ਕੀਤਾ ਅਤੇ ਹੌਜ਼-ਖ਼ਾਸ ਦਾ ਨਿਰਮਾਣ ਕਰਵਾਇਆ। ਇਹ ਦਿੱਲੀ ਦੀ ਦੂਜੀ ਬਸਤੀ ਮੰਨੀ ਜਾਂਦੀ ਹੈ।
ਤੁਗ਼ਲਕ ਵੰਸ਼ ਦੇ ਗਿਆਸੁੱਦੀਨ (ਰਾਜ-ਕਾਲ 1320-25 ਈ.) ਨੇ ਤੁਗ਼ਲਕਾਬਾਦ ਨਾਂ ਦਾ ਨਗਰ ਵਸਾਇਆ। ਇਸ ਨੂੰ ਦਿੱਲੀ ਦੀ ਤੀਜੀ ਬਸਤੀ ਕਿਹਾ ਜਾਂਦਾ ਹੈ। ਇਸ ਤੋਂ ਬਾਦ ਮੁਹੰਮਦ ਤੁਗ਼ਲਕ ਨੇ ਜਹਾਂਪਨਾਹ ਨਾਂ ਦੀ ਚੌਥੀ ਬਸਤੀ ਬਣਵਾਈ। ਇਸ ਦੇ ਉੱਤਰਾਧਿਕਾਰੀ ਫ਼ਿਰੋਜ਼ਸ਼ਾਹ ਤੁਗ਼ਲਕ ਨੇ ਫ਼ਿਰੋਜ਼ਾਬਾਦ ਨਾਂ ਦੀ ਪੰਜਵੀਂ ਬਸਤੀ ਦੀ ਸਥਾਪਨਾ ਕਰਵਾਈ। ਇਹ ਹੁਣ ਕੋਟਲਾ ਫਿਰੋਜ਼ਸ਼ਾਹ ਦੇ ਨਾਂ ਨਾਲ ਪ੍ਰਸਿੱਧ ਹੈ। ਸਪੱਸ਼ਟ ਹੈ ਕਿ ਕੇਵਲ ਤੁਗ਼ਲਵੰਸ਼ ਨੇ ਦਿੱਲੀ ਦੀਆਂ ਤਿੰਨ ਬਸਤੀਆਂ ਬਣਵਾਈਆਂ ਸਨ।
ਮੁਗ਼ਲ ਬਾਦਸ਼ਾਹ ਹੁਮਾਯੂੰ ਨੇ ਕੋਟਲਾ ਫ਼ਿਰੋਜ਼ਸ਼ਾਹ ਕੋਲ ਦੀਨ-ਪਨਾਹ ਨਾਂ ਦੀ ਇਕ ਨਵੀਂ ਬਸਤੀ ਬਣਵਾਈ ਜਿਸ ਨੂੰ ਸ਼ੇਰਸ਼ਾਹ ਸੂਰੀ ਨੇ ਢਵਾ ਕੇ ‘ਪੁਰਾਣਾ ਕਿਲ੍ਹਾ’ ਨਾਂ ਨਾਲ ਪ੍ਰਸਿੱਧ ਛੇਵੀਂ ਬਸਤੀ ਕਾਇਮ ਕੀਤੀ। ਮੁਗ਼ਲ ਬਾਦਸ਼ਾਹ ਅਕਬਰ ਨੇ ਦਿੱਲੀ ਦੀ ਥਾਂ ਆਗਰੇ ਨੂੰ ਆਪਣੀ ਰਾਜਧਾਨੀ ਬਣਾਇਆ, ਪਰ ਸ਼ਾਹਜਹਾਂ (ਰਾਜ-ਕਾਲ 1626-57 ਈ.) ਨੇ ਆਗਰਾ ਦੀ ਥਾਂ ਦਿੱਲੀ ਨੂੰ ਰਾਜਧਾਨੀ ਬਣਾਉਣ ਦਾ ਫ਼ੈਸਲਾ ਕੀਤਾ ਅਤੇ ਹੁਣ ਵਾਲੀ ਪੁਰਾਣੀ ਦਿੱਲੀ ਵਾਲੇ ਸਥਾਨ’ਤੇ ਸ਼ਾਹਜਹਾਨਾਬਾਦ ਨਾਂ ਦਾ ਨਗਰ ਵਸਾਇਆ। ਇਸ ਨਗਰ ਦੀ ਨੀਂਹ 16 ਅਪ੍ਰੈਲ 1639 ਈ. ਨੂੰ ਰੱਖੀ ਗਈ ਅਤੇ ਨੌਂ ਸਾਲ ਬਾਦ ਇਸ ਦੀ ਉਸਾਰੀ ਖ਼ਤਮ ਹੋਈ। ਇਹ ਸੱਤਵੀਂ ਦਿੱਲੀ ਕਰਕੇ ਪ੍ਰਸਿੱਧ ਹੈ। ਸ਼ਾਹਜਹਾਨਾਬਾਦ ਨਾਂ ਬਹੁਤ ਪ੍ਰਚਲਿਤ ਨ ਹੋ ਸਕਿਆ ਅਤੇ ਦਿੱਲੀ ਦਾ ਨਾਂ ਆਖ਼ਿਰ ਦਿੱਲੀ ਹੀ ਰਿਹਾ। ਲਾਲ ਕਿਲ੍ਹਾ , ਜਾਮਾ ਮਸਜਿਦ ਆਦਿ ਹੋਰ ਵੀ ਕਈ ਇਮਾਰਤਾਂ ਸ਼ਾਹਜਹਾਂ ਨੇ ਬਣਵਾਈਆਂ। ਔਰੰਗਜ਼ੇਬ ਤੋਂ ਬਾਦ ਜਦੋਂ ਬਾਹਰੋਂ ਹਮਲਾਵਰ ਆਉਂਦੇ ਸਨ ਤਾਂ ਉਨ੍ਹਾਂ ਦਾ ਨਿਸ਼ਾਨਾ ਕੇਵਲ ਦਿੱਲੀ ਜਿਤਣਾ ਹੀ ਹੁੰਦਾ ਸੀ। ਕੋਈ ਇਥੋਂ ਤਕ ਪਹੁੰਚ ਜਾਂਦਾ, ਕੋਈ ਵਾਪਸ ਚਲਾ ਜਾਂਦਾ। ਕੋਈ ਇਸ ਨੂੰ ਜਿਤ ਕੇ ਵੀ ਲੁਟ ਮਾਰ ਕਰਨ ਉਪਰੰਤ ਜਾਂ ਨਜ਼ਰਾਨਾ ਲੈ ਕੇ ਪਰਤ ਜਾਂਦੇ। ਅਹਿਮਦ ਸ਼ਾਹ ਦੁਰਾਨੀ ਅਤੇ ਨਾਦਰਸ਼ਾਹ ਨੇ ਦਿੱਲੀ ਨੂੰ ਜਿਤ ਕੇ ਵੀ ਇਥੇ ਰਾਜ ਨ ਕੀਤਾ।
ਧਿਆਨ ਪੂਰਵਕ ਵੇਖਿਆ ਜਾਏ ਤਾਂ ਲਾਲ ਕਿਲ੍ਹੇ ਤੋਂ ਲੈ ਕੇ ਤੁਗ਼ਲਕਾਬਾਦ ਅਤੇ ਕੁਤੁਬ-ਮੀਨਾਰ ਤਕ ਪੁਰਾਣੀ ਦਿੱਲੀ ਦੇ ਖੰਡਰਾਤ ਪਸਰੇ ਹੋਏ ਹਨ ਕਿਉਂਕਿ ਇਸ ਸਾਰੇ ਖੇਤਰ ਵਿਚ ਕਿਲ੍ਹਿਆਂ, ਮਸਜਿਦਾਂ, ਮਕਬਰਿਆਂ ਦੇ ਖੰਡਰ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਬਹੁਤ ਸਾਰੇ ਸ਼ਾਸਕਾਂ ਨੇ ਦਿੱਲੀ ਨੂੰ ਆਪਣੀ ਰਾਜਧਾਨੀ ਬਣਾਈ ਰਖਿਆ। ਮੁਗ਼ਲ ਬਾਦਸ਼ਾਹ ਅਕਬਰ ਅਤੇ ਜਹਾਂਗੀਰ ਦੇ ਰਾਜਕਾਲ ਵੇਲੇ ਇਸ ਦਾ ਮਹੱਤਵ ਕੁਝ ਘਟਿਆ ਜਾਂ ਫਿਰ ਅੰਗ੍ਰੇਜ਼ਾਂ ਦੇ ਰਾਜ-ਕਾਲ ਵੇਲੇ ਜਦੋਂ ਉਨ੍ਹਾਂ ਨੇ ਕਲਕੱਤਾ ਨੂੰ ਰਾਜਧਾਨੀ ਬਣਾਇਆ ਹੋਇਆ ਸੀ। ਸੰਨ 1912 ਈ. ਤੋਂ ਇਸ ਨੇ ਫਿਰ ਤੋਂ ਰਾਜਧਾਨੀ ਬਣਨ ਦਾ ਗੌਰਵ ਪ੍ਰਾਪਤ ਕਰ ਲਿਆ ਸੀ।
ਰਾਜਨੈਤਿਕ ਕੇਂਦਰ ਹੋਣ ਕਾਰਣ ਇਸ ਨਗਰ ਦੀਆਂ ਕਈ ਘਟਨਾਵਾਂ ਦਾ ਸੰਬੰਧ ਸਿੱਖ ਇਤਿਹਾਸ ਨਾਲ ਵੀ ਰਿਹਾ ਹੈ। ਇਥੇ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤਿ ਸਮਾਏ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਕ ਵਿਚ ਸ਼ਹੀਦ ਕੀਤਾ ਗਿਆ। ਬੰਦਾ ਬਹਾਦਰ ਅਤੇ ਉਸ ਦੇ ਹੋਰ ਕੈਦੀ- ਸਾਥੀਆਂ ਨੂੰ ਵੀ ਇਸ ਨਗਰ ਵਿਚ ਆਪਣਾ ਬਲਿਦਾਨ ਦੇਣਾ ਪਿਆ। ਇਸ ਨਗਰ ਵਿਚ ਗੁਰਦੁਆਰਾ ਸੀਸ-ਗੰਜ, ਗੁਰਦੁਆਰਾ ਰਕਾਬਗੰਜ, ਗੁਰਦੁਆਰਾ ਬੰਗਲਾ ਸਾਹਿਬ , ਗੁਰਦੁਆਰਾ ਬਾਲਾ ਸਾਹਿਬ, ਗੁਰਦੁਆਰਾ ਮੋਤੀ-ਬਾਗ਼, ਗੁਰਦੁਆਰਾ ਦਮਦਮਾ ਸਾਹਿਬ , ਗੁਰਦੁਆਰਾ ਮਾਤਾ ਸੁੰਦਰੀ ਜੀ, ਗੁਰਦੁਆਰਾ ਮਜਨੂੰ ਟਿੱਲਾ , ਗੁਰਦੁਆਰਾ ਨਾਨਕ ਪਿਆਉ ਆਦਿ (ਵਿਸਤਾਰ ਲਈ ਵੇਖੋ ‘ਦਿੱਲੀ ਦੇ ਗੁਰੂ- ਧਾਮ’) ਪ੍ਰਸਿੱਧ ਗੁਰੂ-ਧਾਮ ਹਨ। 11 ਮਾਰਚ 1783 ਈ. ਨੂੰ ਕਰੋੜੀਆ ਮਿਸਲ ਦੇ ਜੱਥੇਦਾਰ ਬਘੇਲ ਸਿੰਘ (ਵੇਖੋ) ਨੇ ਅਨੇਕ ਮਿਸਲਾਂ ਦੇ ਸਰਦਾਰਾਂ ਸਹਿਤ 30 ਹਜ਼ਾਰ ਘੋੜ- ਸਵਾਰਾਂ ਦੀ ਤਕੜੀ ਫ਼ੌਜ ਨਾਲ ਦਿੱਲੀ ਉਤੇ ਆਕ੍ਰਮਣ ਕਰਕੇ ਜਿਤ ਪ੍ਰਾਪਤ ਕੀਤੀ ਅਤੇ ਗੁਰੂ-ਧਾਮਾਂ ਦੀ ਉਸਾਰੀ ਕਰਵਾ ਕੇ ਦਸੰਬਰ 1783 ਈ. ਵਿਚ ਪੰਜਾਬ ਵਲ ਪਰਤ ਆਇਆ।
ਪੰਜਾਬ ਵਿਚ ਗੁਰਦੁਆਰਾ ਸੁਧਾਰ ਲਹਿਰ ਦੇ ਚਲਣ ਤਕ ਦਿੱਲੀ ਦੇ ਗੁਰੂ-ਧਾਮਾਂ ਦੀ ਸੇਵਾ-ਸੰਭਾਲ ਮਹੰਤਾਂ ਦੁਆਰਾ ਹੁੰਦੀ ਆ ਰਹੀ ਸੀ, ਜੋ ਉਨ੍ਹਾਂ ਨੇ ਇਕ ਪ੍ਰਕਾਰ ਨਾਲ ਪੁਸ਼ਤੈਨੀ ਅਧਿਕਾਰ ਬਣਾ ਲਿਆ ਸੀ। ਸਭ ਤੋਂ ਪਹਿਲਾਂ ਗੁਰਦੁਆਰਾ ਸੀਸ ਗੰਜ ਦੇ ਮਹੰਤ ਹਰੀ ਸਿੰਘ ਨੇ 19 ਦਸੰਬਰ 1922 ਈ. ਨੂੰ ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਕਰ ਦਿੱਤਾ ਅਤੇ ਉਸ ਤੋਂ ਬਾਦ ਬਾਕੀ ਗੁਰਦੁਆਰੇ ਵੀ ਸ਼੍ਰੋਮਣੀ ਕਮੇਟੀ ਨੂੰ ਦੇ ਦਿੱਤੇ ਗਏ। ਹੁਣ ਇਨ੍ਹਾਂ ਗੁਰੂ-ਧਾਮਾਂ ਦੀ ਵਿਵਸਥਾ ‘ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’ (ਵੇਖੋ) ਕਰਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9744, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
CanaraBank. CashLoding. WordBank.. BabaNanak. 13.13.Tologhee.Thakhree.13.13Baba.Nank.Kisan.Kushal.
President. AmandeepSinghRai.,
( 2023/10/28 10:5649)
Please Login First