ਧਰਮ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਰਮ (ਨਾਂ,ਪੁ) ਕਿਸੇ ਲਿਖਤ ਗ੍ਰੰਥ ’ਤੇ ਅਧਾਰਿਤ ਨੇਕ ਕਰਮ ਅਤੇ ਭਗਤੀ ਸੰਬੰਧੀ ਪਵਿੱਤਰ ਨਿਯਮ; ਦੀਨ; ਮਜ਼੍ਹਬ; ਮੱਤ; ਨਿਆਂ; ਸਚਾਈ; ਕਰਤਵ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21653, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਧਰਮ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਰਮ [ਨਾਂਪੁ] ਮਜ਼੍ਹਬ, ਦੀਨ , ਸਚਾਈ, ਇਮਾਨਦਾਰੀ; ਕਰਤਵ, ਫ਼ਰਜ਼; ਮਰਯਾਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21644, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਧਰਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਰਮ. ਸੰ. धम्र्म. ਸੰਗ੍ਯਾ—ਜੋ ਸੰਸਾਰ ਨੂੰ ਧਾਰਨ ਕਰਦਾ ਹੈ. ਜਿਸ ਦੇ ਆਧਾਰ ਵਿਸ਼੍ਵ ਹੈ, ਉਹ ਪਵਿਤ੍ਰ ਨਿਯਮ.1 “ਸਭ ਕੁਲ ਉਧਰੀ ਇਕ ਨਾਮ ਧਰਮ.” (ਸਵੈਯੇ ਸ੍ਰੀ ਮੁਖਵਾਕ ਮ: ੫) ੨ ਸ਼ੁਭ ਕਰਮ. “ਨਹਿ ਬਿਲੰਬ ਧਰਮੰ, ਬਿਲੰਬ ਪਾਪੰ.” (ਸਹਸ ਮ: ੫) “ਸਾਧ ਕੈ ਸੰਗਿ ਦ੍ਰਿੜੈ ਸਭਿ ਧਰਮ.” (ਸੁਖਮਨੀ) ਸਾਧੂ ਦੇ ਸੰਗ ਤੋਂ ਜੋ ਦ੍ਰਿੜ੍ਹ ਕਰਦਾ ਹੈ, ਉਹ ਸਭ ਧਰਮ ਹੈ. ਦੇਖੋ, ਧਰਮ ਅਧਰਮ। ੩ ਮ੏ਹਬ. ਦੀਨ. “ਸੰਤ ਕਾ ਮਾਰਗ ਧਰਮ ਕੀ ਪਉੜੀ.” (ਸੋਰ ਮ: ੫) ੪ ਪੁਨ੍ਯਰੂਪ. “ਇਹੁ ਸਰੀਰੁ ਸਭੁ ਧਰਮ ਹੈ, ਜਿਸ ਅੰਦਰਿ ਸਚੇ ਕੀ ਵਿਚਿ ਜੋਤਿ.” (ਮ: ੪ ਵਾਰ ਗਉ ੧) ੫ ਰਿਵਾਜ. ਰਸਮ. ਕੁਲ ਅਥਵਾ ਦੇਸ਼ ਦੀ ਰੀਤਿ। ੬ ਫ਼ਰ੒. ਡ੍ਯੂਟੀ। ੭ ਨ੍ਯਾਯ. ਇਨ੉੠ਫ਼। ੮ ਪ੍ਰਕ੍ਰਿਤਿ. ਸੁਭਾਵ। ੯ ਧਰਮਰਾਜ. “ਅਨਿਕ ਧਰਮ ਅਨਿਕ ਕੁਮੇਰ.” (ਸਾਰ ਅ: ਮ: ੫) ੧੦ ਧਨੁਸ. ਕਮਾਣ. ਚਾਪ। ੧੧ ਤੱਤਾਂ ਦੇ ਸ਼ਬਦ ਸਪਰਸ਼ ਆਦਿ ਗੁਣ। ੧੨ ਦੇਖੋ, ਧਰਮਅੰਗ। ੧੩ ਦੇਖੋ, ਉਪਮਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21097, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਧਰਮ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਧਰਮ: ਸੰਸਕ੍ਰਿਤ ਦੀ ‘ਧ੍ਰਿ’ ਧਾਤੂ ਤੋਂ ਵਿਉਤਪੰਨ ਹੋਣ ਕਾਰਣ ‘ਧਰਮ’ ਸ਼ਬਦ ਦਾ ਅਰਥ ਹੁੰਦਾ ਹੈ ਧਾਰਣ ਕਰਨਾ। ਅਨੇਕ ਧਰਮ-ਗ੍ਰੰਥਾਂ ਵਿਚ ਧਰਮ ਦੀਆਂ ਬਹੁਤ ਸਾਰੀਆਂ ਪਰਿਭਾਸ਼ਾਵਾਂ ਉਪਲਬਧ ਹਨ, ਜਿਨ੍ਹਾਂ ਤੋਂ ਧਰਮ ਦੇ ਵਾਸਤਵਿਕ ਸਰੂਪ ਦਾ ਗਿਆਨ ਅਵੱਸ਼ ਹੋ ਜਾਂਦਾ ਹੈ। ਧਰਮ ਦਾ ਪ੍ਰਭਾਵ-ਖੇਤਰ ਬਹੁਤ ਵਿਆਪਕ ਹੈ। ਇਸ ਦੀਆਂ ਸੀਮਾਵਾਂ ਮਨੁੱਖ ਜੀਵਨ ਦੇ ਆਦਿ ਤੋਂ ਅੰਤ ਤਕ ਪਸਰੀਆਂ ਹੋਈਆਂ ਹਨ। ਪ੍ਰਾਣੀ ਦੇ ਜਨਮ ਤੋਂ ਲੈ ਕੇ ਵਿਕਾਸ ਤਕ ਦੀਆਂ ਸਾਰੀਆਂ ਅਵਸਥਾਵਾਂ ਵਿਚ ਧਰਮ ਦੀ ਵਿਆਪਕਤਾ ਸਵੀਕਾਰ ਕੀਤੀ ਗਈ ਹੈ। ਮਨੁੱਖ ਦਾ ਧਰਮ ਕੇਵਲ ਭੌਤਿਕ ਅੰਸ਼ਾਂ ਵਿਚ ਹੀ ਸੀਮਿਤ ਨ ਰਹਿ ਕੇ ਉਸ ਦੇ ਜੀਵਨ ਦਾ ਸੰਪੂਰਣ ਕ੍ਰਮ ਬਣ ਜਾਂਦਾ ਹੈ, ਉਹੀ ਉਸ ਦੇ ਕਰਤੱਵਾਂ ਦਾ ਸੰਚਾਲਨ ਕਰਦਾ ਹੈ। ਇਹੀ ਕਾਰਣ ਹੈ ਕਿ ਸਭਿਆਚਾਰ ਅਤੇ ਧਰਮ ਦਾ ਬੜਾ ਡੂੰਘਾ ਸੰਬੰਧ ਹੈ।

            ਭਾਰਤੀ ਲੌਕਿਕ ਧਾਰਾਣਾਵਾਂ ਵਿਚ ਅਰੁਕ ਗਤਿ ਨਾਲ ਵਹਿਣ ਵਾਲੀ ਕਰਤੱਵ-ਧਾਰਾ ਹੀ ‘ਧਰਮ’ ਹੈ। ਭਾਰਤ ਵਿਚ ਵਿਕਸਿਤ ਹੋਣ ਵਾਲੇ ਸਾਰੇ ਦਾਰਸ਼ਨਿਕ ਮਤ ਅਤੇ ਸੰਪ੍ਰਦਾਵਾਂ ਧਰਮ ਦੀ ਇਸ ਮੂਲ ਵਿਆਖਿਆ ਨੂੰ ਸਵੀਕਾਰ ਕਰਦੀਆਂ ਹਨ। ਧਰਮ ਦਾ ਸਭ ਤੋਂ ਵੱਡਾ ਸਿੱਧਾਂਤ ਹੈ ਕਿ ਸਾਨੂੰ ਹਰ ਦਸ਼ਾ ਵਿਚ ਆਪਣਾ ਕਰਤੱਵ ਕਰਨਾ ਚਾਹੀਦਾ ਹੈ।

            ਸੰਸਾਰ ਦੇ ਸਾਰੇ ਧਰਮਾਂ ਵਿਚ ਈਸ਼ਵਰ ਨੂੰ ਮਹਾਨ ਅਦ੍ਰਿਸ਼ ਸ਼ਕਤੀ ਮੰਨਿਆ ਗਿਆ ਹੈ। ਸਾਰੇ ਧਰਮ ਈਸ਼ਵਰ ਨੂੰ ਸਰਵ-ਵਿਆਪੀ ਅਤੇ ਅੰਤਰਯਾਮੀ ਮੰਨਦੇ ਹਨ। ਹਿੰਦੂ ਧਰਮ ਇਸ ਮਤ ਦਾ ਸਭ ਤੋਂ ਵੱਡਾ ਸਮਰਥਕ ਹੈ। ਈਸ਼ਵਰ ਦੀ ਆਰਾਧਨਾ ਕਰਦੇ ਸਮੇਂ ਉਸ ਨੂੰ ਕੁਝ ਅਰਪਿਤ ਕਰਨ ਦਾ ਇਹੀ ਭਾਵ ਹੈ ਕਿ ਉਹ ਪ੍ਰਾਣੀ-ਮਾਤ੍ਰ ਦੇ ਅੰਦਰ ਨਿਵਾਸ ਕਰਦਾ ਹੈ ਅਤੇ ਸਭ ਦੀ ਸੁਣਦਾ ਹੈ। ਇਸ ਵਿਸ਼ਵਾਸ ਨੇ ਸੰਸਾਰ ਦੀ ਕਿਸੇ ਵੀ ਵਸਤੂ ਦੇ ਅੰਦਰ ਪ੍ਰਤੀਕ ਰੂਪ ਵਿਚ ਸ਼ਰਧਾ ਅਤੇ ਨਿਮਰਤਾ ਨਾਲ ਈਸ਼ਵਰ ਨੂੰ ਪ੍ਰਾਪਤ ਕਰਨ ਦੀ ਪੱਧਤੀ ਢੂੰਢ ਕਢੀ ਹੈ।

            ਧਰਮ ਆਤਮਾ ਅਤੇ ਅਨਾਤਮਾ, ਜੀਵਾਤਮਾ ਅਤੇ ਸ਼ਰੀਰ ਦਾ ਵਿਧਾਇਕ ਹੈ। ਧਰਮ ਵਿਅਕਤੀ ਵਾਂਗ ਸਮਾਜ ਦਾ ਵੀ ਵਿਧਾਇਕ ਹੈ। ਇਸ ਤਰ੍ਹਾਂ ਧਰਮ ਸਮਾਜ ਅਤੇ ਸੰਸਕ੍ਰਿਤੀ ਨਾਲ ਬਹੁਤ ਡੂੰਘਾ ਰਿਸ਼ਤਾ ਰਖਦਾ ਹੈ।

            ਸਥੂਲ ਰੂਪ ਵਿਚ ਧਰਮ ਦੇ ਦੋ ਪੱਖ ਮੰਨੇ ਗਏ ਹਨ— ਇਕ ਸਾਧਾਰਣ ਜਾਂ ਮੌਲਿਕ ਅਤੇ ਦੂਜਾ ਸੰਕੀਰਣ। ਸਾਧਾਰਣ ਸਰੂਪ ਧਰਮ ਨੂੰ ਦੇਸ਼ , ਕਾਲ ਅਤੇ ਵਿਅਕਤੀ ਦੀਆਂ ਸੀਮਾਵਾਂ ਤੋਂ ਪਰੇ ਰਖਦਾ ਹੈ। ਇਸ ਵਿਚ ਹਰ ਥਾਂ ਮਾਨਵਤਾ ਦੇ ਸਮ-ਭਾਵ, ਸਮਦਰਸ਼ੀ ਰੁਚੀ ਦੇ ਦਰਸ਼ਨ ਹੁੰਦੇ ਹਨ। ਇਸ ਵਿਚ ਮਾਨਵ ਦੇ ਕੇਵਲ ਨੈਤਿਕ ਨਿਯਮਾਂ ਦੀ ਪ੍ਰਤਿਸ਼ਠਾ ਰਹਿੰਦੀ ਹੈ। ਧਰਮ ਦੇ ਇਸ ਸਰੂਪ ਨੂੰ ‘ਮਾਨਵ- ਧਰਮ’ ਕਿਹਾ ਜਾਂਦਾ ਹੈ। ਧਰਮ ਦਾ ਸੰਕੀਰਣ ਰੂਪ ਵਿਅਕਤੀ, ਦੇਸ਼ ਅਤੇ ਕਾਲ ਦੀਆਂ ਸੀਮਾਵਾਂ ਵਿਚ ਬੰਨ੍ਹਿਆ ਰਹਿੰਦਾ ਹੈ, ਜਿਸ ਦੇ ਫਲਸਰੂਪ ਵਖ ਵਖ ਧਰਮਾਂ ਵਿਚ ਆਪਸੀ ਵਿਥਾਂ ਬਣੀਆਂ ਰਹਿੰਦੀਆਂ ਹਨ। ਇਥੋਂ ਹੀ ਸਾਰੇ ਧਾਰਮਿਕ ਦੁਅੰਦਾਂ ਦਾ ਵਿਕਾਸ ਹੁੰਦਾ ਹੈ।

            ਸੰਸਾਰ ਦੇ ਧਰਮ-ਸੰਸਥਾਪਕਾਂ ਨੇ ਧਰਮ ਵਿਚ ਧਰਮ ਦੇ ਦੋਹਾਂ ਪੱਖਾਂ ਦੀ ਸਥਾਪਨਾ ਕੀਤੀ ਹੈ। ਪਰ ਧਰਮ- ਸੰਸਥਾਪਕਾਂ ਦੇ ਨ ਰਹਿਣ ’ਤੇ ਧਰਮ ਦੇ ਪ੍ਰਚਾਰਕ ਧਰਮ ਦੇ ਸੰਕੀਰਣ ਸਰੂਪ ਨੂੰ ਲੈ ਕੇ ਸਦਾ ਅਨਰਥ ਕਰਦੇ ਰਹੇ ਹਨ। ਇਹੀ ਕਾਰਣ ਹੈ ਕਿ ਧਰਮ ਦਾ ਮੂਲ ਸਰੂਪ ਵਿਗੜੇ ਬਿਨਾ ਰਹਿ ਨ ਸਕਿਆ। ਪਰ ਇਹ ਵਿਗੜਿਆ ਹੋਇਆ ਰੂਪ ਸਥਾਈ ਨਹੀਂ ਹੁੰਦਾ। ਸਮੇਂ ਦੇ ਪ੍ਰਵਾਹ ਵਿਚ ਸਦਾ ਇਸ ਦੀ ਪ੍ਰਤਿਕ੍ਰਿਆ ਹੁੰਦੀ ਰਹਿੰਦੀ ਹੈ। ਸਚ ਪੁਛੋਂ ਤਾਂ ਧਰਮਾਂ ਦਾ ਇਤਿਹਾਸ ਇਸੇ ਕ੍ਰਿਆ-ਪ੍ਰਤਿਕ੍ਰਿਆ ਦਾ ਇਤਿਹਾਸ ਹੈ।

            ਧਰਮ ਦਾ ਸਾਧਾਰਣ ਜਾਂ ਮੌਲਿਕ ਸਰੂਪ ਹੀ ਸਥਾਈ ਹੈ। ਇਸ ਨੂੰ ‘ਸਹਿਜ-ਧਰਮ’ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ। ਧਰਮ ਦਾ ਇਹੀ ਸਰੂਪ ਮਾਨਵ ਦੀ ਜੀਵਨ- ਯਾਤ੍ਰਾ ਦਾ ਆਧਾਰ ਹੈ। ਮਾਨਵ ਜਾਤਿ ਦੀ ਨਿਰੰਤਰ ਪਰੰਪਰਾ ਵਿਚ ਇਸ ਦਾ ਪ੍ਰਮੁਖ ਮਹੱਤਵ ਹੈ। ਇਸ ਨਾਲ ਇਕ ਪਾਸੇ ਮਾਨਵ ਮਾਨਵੀ ਗੁਣਾਂ ਨਾਲ ਪਰਿਪੂਰਣ ਹੁੰਦਾ ਹੈ ਅਤੇ ਦੂਜੇ ਪਾਸੇ ਉਸ ਦੇ ਮਨ ਵਿਚ ਪਾਰਲੌਕਿਕ ਜੀਵਨ ਦੀ ਸੁਖ -ਸੁਵਿਧਾ ਪ੍ਰਤਿ ਇੱਛਾ ਪੈਦਾ ਹੁੰਦੀ ਹੈ ਅਤੇ ਉਸ ਦਾ ਭੌਤਿਕ ਜੀਵਨ ਸੁਖਮਈ ਬਣਦਾ ਹੈ। ਧਰਮ ਮਨੁੱਖ ਦੀਆਂ ਕਾਇਕ ਅਤੇ ਮਾਨਸਿਕ ਚੇਸ਼ਟਾਵਾਂ ਨੂੰ ਸੰਜਮ ਵਿਚ ਹੀ ਨਹੀਂ ਬੰਨ੍ਹਦਾ, ਸਗੋਂ ਉਸ ਨੂੰ ਆਦਰਸ਼-ਮੁਖੀ ਜੀਵਨ- ਪਥ ਦਾ ਯਾਤ੍ਰੀ ਵੀ ਬਣਾਉਂਦਾ ਹੈ। ਅਸਲ ਵਿਚ, ਧਰਮ ਮਨੁੱਖ ਦੀਆਂ ਚੰਗੀਆਂ ਚੇਸ਼ਟਾਵਾਂ ਅਤੇ ਸਦ-ਬਿਰਤੀਆਂ ਦਾ ਫਲ ਹੈ, ਜੀਵਨ ਦੀਆਂ ਅਮਿਟ ਇੱਛਾਵਾਂ ਅਤੇ ਅਦ੍ਰਿਸ਼ਟ ਦੀਆਂ ਅਸਪੱਸ਼ਟ ਭਾਵਨਾਵਾਂ ਨੂੰ ਪ੍ਰਾਪਤ ਕਰਨ ਦਾ ਇਕ ਅਚੂਕ ਸਾਧਨ ਹੈ। ਇਸ ਦੀ ਰਾਹ ਜੀਵਨ ਦੀ ਸਚੀ ਰਾਹ ਹੈ, ਇਸ ਦਾ ਪਿਆਰ ਈਸ਼ਵਰੀ ਪ੍ਰੇਮ ਦਾ ਸੰਸਾਰੀ ਰੂਪ ਹੈ ਅਤੇ ਇਸ ਦੀ ਮਹਾਨਤਾ ਮਨੁੱਖ ਦੇ ਸਦ-ਉਦਮਾਂ, ਸਦ-ਸੰਕਲਪਾਂ ਅਤੇ ਆਪਣੇ ਗੌਰਵ ਦਾ ਮੁਨਾਰਾ ਹੈ। ਧਰਮ ਮਨੁੱਖ ਦੀ ਮਾਨਸਿਕ ਉੱਨਤੀ ਦਾ ਪਰਖ-ਆਧਾਰ ਹੈ ਕਿਉਂਕਿ ਧਰਮ ਅਤੇ ਮਨੁੱਖ ਦਾ ਇਕ ਦੂਜੇ ਨਾਲ ਅਨਿਖੜਵਾਂ ਸੰਬੰਧ ਹੈ।

            ਗੁਰਮਤਿ ਵਿਚ ਧਰਮ ਦੇ ਮਹੱਤਵ ਨੂੰ ਸਵੀਕਾਰ ਹੀ ਨਹੀਂ ਕੀਤਾ ਗਿਆ, ਸਗੋਂ ਧਰਮ ਦੇ ਸਰੂਪ ਨੂੰ ਵੀ ਨਿਰਧਾਰਿਤ ਕੀਤਾ ਗਿਆ ਹੈ। ਗੁਰੂ ਅਰਜਨ ਦੇਵ ਜੀ ਨੇ ‘ਸੁਖਮਨੀਬਾਣੀ ਵਿਚ ਸਪੱਸ਼ਟ ਕਿਹਾ ਹੈ ਕਿ —ਸਰਬ ਧਰਮ ਮਹਿ ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ (ਗੁ.ਗ੍ਰੰ.266)। ਗੁਰੂ ਨਾਨਕ ਦੇਵ ਜੀ ਨੇ ‘ਆਸਾ ਕੀ ਵਾਰ ’ ਵਿਚ ‘ਸਬਦ’ (ਨਾਮ) ਨੂੰ ਸਮਝਣਾ ਹੀ ਸ੍ਰੇਸ਼ਠ ਮੰਨਿਆ ਹੈ—ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ਨਾਨਕ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ (ਗੁਗ੍ਰੰ.469)।

ਗੁਰੂ ਅਰਜਨ ਦੇਵ ਜੀ ਨੇ ਧਰਮ-ਕਰਮ ਕਰਨ ਅਤੇ ਅਧਰਮ-ਕਰਮ ਨ ਕਰਨ ਲਈ ‘ਸਹਸਕ੍ਰਿਤੀ ਸ਼ਲੋਕ ’ ਪ੍ਰਕਰਣ ਵਿਚ ਕਿਹਾ ਹੈ ਕਿ ਧਰਮ-ਕਰਮ ਵਿਚ ਕਦੇ ਢਿਲ ਨ ਕਰੋ , ਪਾਪ ਕਰਨ ਤੋਂ ਸੰਕੋਚ ਕਰੋ, ਸਿਰਜਨਹਾਰ ਪਰਮਾਤਮਾ ਨੂੰ ਚੇਤੇ ਰਖੋ , (ਪਰ-ਧਨ ਅਤੇ ਪਰ-ਇਸਤਰੀ ਦਾ) ਲੋਭ ਨ ਰਖੋ, ਸੰਤਾਂ ਦੀ ਸੰਗਤ ਕਰੋ, ਪਾਪਾਂ ਨੂੰ ਕਰਨੋ ਬਚੋ। ਇਹ ਹੀ ਸਚੇ ਧਰਮ ਦੇ ਲੱਛਣ ਹਨ—ਨਹ ਬਿਲਿੰਬ ਧਰਮੰ ਬਿਲਿੰਬ ਪਾਪੰ ਦ੍ਰਿੜੰਤ ਨਾਮੰ ਤਜੰਤ ਲੋਭੰ ਸਰਣਿ ਸੰਤੰ ਕਿਲਬਿਖ ਨਾਸੰ ਪ੍ਰਾਪਤੰ ਧਰਮ ਲਖਿੑਣ (ਗੁ.ਗ੍ਰੰ. 1354)।

            ਗੁਰੂ ਨਾਨਕ ਦੇਵ ਜੀ ਨੇ ਸਪੱਸ਼ਟ ਕਿਹਾ ਹੈ ਕਿ ਜੇ ਕੋਈ ਵਾਸਤਵਿਕਤਾ ਨੂੰ ਸਮਝੇ ਤਾਂ ਧਰਮ ਸਦਾ ਇਕੋ ਹੀ ਹੈ। ਗੁਰੂ ਦੀ ਸਿਖਿਆ ਅਨੁਸਾਰ ਪਰਮਾਤਮਾ ਯੁਗ ਯੁਗ ਵਿਚ ਇਕੋ ਜਿਹਾ ਹੀ ਰਹਿੰਦਾ ਹੈ—ਏਕੋ ਧਰਮੁ ਦ੍ਰਿੜੈ ਸਚੁ ਕੋਈ ਗੁਰਮਤਿ ਪੂਰਾ ਜੁਗਿ ਜੁਗਿ ਸੋਈ (ਗੁ.ਗ੍ਰੰ.1188)। ਇਸ ਸਰਣੀ’ਤੇ ਗੁਰੂ ਅਰਜਨ ਦੇਵ ਜੀ ਨੇ ਗੱਲ ਨੂੰ ਨਿਬੇੜਦਿਆਂ ਕਿਹਾ ਹੈ ਕਿ ਭਰਮਾਂ ਨੂੰ ਤਿਆਗ ਕੇ ਪਰਮਾਤਮਾ ਨੂੰ ਭਜਣਾ ਇਹੀ ਅਟਲ ਧਰਮ ਹੈ—ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ ਕਹੁ ਨਾਨਕ ਅਟਲ ਇਹੁ ਧਰਮ (ਗੁ.ਗ੍ਰੰ.196)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20991, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਧਰਮ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Religion_ਧਰਮ: ਕਮਿਸ਼ਨਰ, ਹਿੰਦੂ ਰਿਲਿਜਸ ਇੰਡੌਮੈਂਟਸ ਮਦਰਾਸ ਬਨਾਮ ਸ਼੍ਰੀ ਲਖਸ਼ਮੇਂਦਰ ਥੀਰਥ ਸੁਆਮੀਆਰ ਆਫ਼ ਸ੍ਰੀ ਸ੍ਰੀਰੁਰ ਮਠ (ਏ ਆਈ ਆਰ 1954 ਐਸ ਸੀ 282) ਅਨੁਸਾਰ ‘‘ਸੰਵਿਧਾਨ ਵਿਚ ਧਰਮ ਸ਼ਬਦ ਦੀ ਪਰਿਭਾਸ਼ਾ ਨਹੀਂ ਦਿੱਤੀ ਗਈ ਅਤੇ ਇਹ ਇਕ ਅਜਿਹਾ ਸ਼ਬਦ ਹੈ ਜਿਸ ਦੀ ਸਹੀ ਪਰਿਭਾਸ਼ਾ ਦੇਣਾ ਸੰਭਵ ਵੀ ਨਹੀਂ। ਡੈਵਿਸ ਬਨਾਮ ਬੰਵਸਨ (1888 ਯੂ ਐਸ 33) ਇਕ ਅਮਰੀਕਨ ਕੇਸ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਧਰਮ ਸ਼ਬਦ ਦਾ ਭਾਵ ਸਿਰਜਣਹਾਰ ਅਤੇ ਵਿਅਕਤੀ ਵਿਚਕਾਰਲੇ ਸਬੰਧਾਂ ਤੋਂ ਅਤੇ ਉਨ੍ਹਾਂ ਫ਼ਰਜ਼ਾਂ ਤੋਂ ਹੈ ਜੋ ਸਿਰਜਣਹਾਰ ਅਤੇ ਵਿਅਕਤੀ ਵਿਚਕਾਰਲੇ ਸਬੰਧਾਂ ਤੋਂ ਅਤੇ ਉਨ੍ਹਾਂ ਫ਼ਰਜ਼ਾਂ ਤੋਂ ਹੈ ਜੋ ਸਿਰਜਣਹਾਰ ਦੀ ਹਸਤੀ ਵਿਚ ਸ਼ਰਧਾ ਅਤੇ ਉਸ ਦੀ ਰਜ਼ਾ ਨੂੰ ਮੰਨਣ ਲਈ ਵਿਅਕਤੀ ਤੇ ਆਇਦ ਕੀਤੇ ਜਾਂਦੇ ਹਨ। ਧਰਮ ਨੂੰ ਅਕਸਰ ਰਸਮਾਂ ਰੀਤਾਂ ਅਤੇ ਕਿਸੇ ਸੰਪਰਦਾਇ ਦੇ ਪੂਜਾ ਦੇ ਢੰਗਾਂ ਨਾਲ ਜੋੜ ਦਿੱਤਾ ਜਾਂਦਾ ਹੈ, ਪਰ ਇਹ ਉਸ ਤੋਂ ਵੱਖਰੀ ਚੀਜ਼ ਹੈ। ਸਾਡਾ ਇਹ ਖ਼ਿਆਲ ਨਹੀਂ ਕਿ ਉਪਰੋਕਤ ਪਰਿਭਾਸ਼ਾ ਨਪੀ ਤੁਲੀ ਜਾਂ ਲੋੜ ਅਨੁਸਾਰ ਪੂਰੀ ਹੈ। ਸਾਡੇ ਸੰਵਿਧਾਨ ਦੇ ਅਨੁਛੇਦ 25 ਅਤੇ 26 ਆਇਰਲੈਂਡ ਦੇ ਸੰਵਿਧਾਨ ਦੇ ਅਨੁਛੇਦ 44 (2) ਉਤੇ ਆਧਾਰਤ ਹਨ ਅਤੇ ਸਾਨੂੰ ਇਸ ਗੱਲ ਬਾਰੇ ਸ਼ੱਕ ਹੈ ਕਿ ਧਰਮ ਦੀ ਜੋ ਪਰਿਭਾਸ਼ਾ ਉਪਰ ਦਿੱਤੀ ਗਈ ਹੈ, ਉਹ ਸਾਡੇ ਸੰਵਿਧਾਨਕਾਰਾਂ ਦੇ ਮਨਾਂ ਵਿਚ ਸੀ, ਜਦੋਂ ਉਨ੍ਹਾਂ ਨੇ ਸੰਵਿਧਾਨ ਬਣਾਇਆ। ਧਰਮ ਨਿਸਚੇ ਹੀ ਵਿਅਕਤੀਆਂ ਜਾਂ ਫ਼ਿਰਕਿਆਂ ਦੇ ਵਿਸ਼ਵਾਸ ਦਾ ਮਾਮਲਾ ਹੈ ਅਤੇ ਇਹ ਜ਼ਰੂਰੀ ਨਹੀਂ ਕਿ ਉਹ ਆਸਤਕ ਹੀ ਹੋਣ। ਭਾਰਤ ਵਿਚ ਬੁੱਧ ਧਰਮ ਅਤੇ ਜੈਨ ਧਰਮ ਚੰਗੇ ਜਾਣੇ ਪਛਾਣੇ ਧਰਮ ਹਨ ਜੋ ਪਰਮਾਤਮਾ ਜਾਂ ਸੋਝੀ-ਪੂਰਨ ਮੂਲ ਕਾਰਨ ਵਿਚ ਵਿਸ਼ਵਾਸ ਨਹੀਂ ਰੱਖਦੇ। ਬਿਲਾ ਸ਼ੱਕ ਧਰਮ ਦਾ ਆਧਾਰ ਵਿਸ਼ਵਾਸ ਜਾਂ ਸਿਧਾਂਤਾਂ ਦਾ ਉਹ ਸਿਸਟਮ ਹੁੰਦਾ ਹੈ ਜੋ ਉਸ ਧਰਮ ਨੂੰ ਮੰਨਣ ਵਾਲਿਆਂ ਦੁਆਰਾ ਉਨ੍ਹਾਂ ਦੀ ਆਤਮਕ ਉਚਤਾ ਦਾ ਸਾਧਨੀ ਸਮਝਿਆ ਜਾਂਦਾ ਹੈ ਪਰ ਇਹ ਕਹਿਣਾ ਦਰੁਸਤ ਨਹੀਂ ਹੋਵੇਗਾ ਕਿ ਧਰਮ ਵਿਸ਼ਵਾਸ ਜਾਂ ਸਿਧਾਂਤ ਤੋਂ ਵੱਧ ਕੁਝ ਹੈ ਹੀ ਨਹੀਂ। ਧਰਮ ਆਪਣੇ ਅਨੁਯਾਈਆਂ ਦੁਆਰਾ ਮੰਨੇ ਜਾਣ ਲਈ ਸਿਰਫ਼ ਨੈਤਿਕ ਨਿਯਮਾਂ ਦੀ ਸੰਘਤਾ ਹੀ ਨਹੀਂ ਹੁੰਦਾ, ਸਗੋਂ ਕਰਮਾਂ, ਰਸਮਾਂ, ਰੀਤਾਂ ਅਤੇ ਪੂਜਾ ਦੇ ਢੰਗ ਵੀ ਮੁਕਰਰ ਕਰ ਸਕਦਾ ਹੈ, ਜੋ ਧਰਮ ਦਾ ਅਨਿਖੜ ਅੰਗ ਸਮਝੇ ਜਾਂਦੇ ਹਨ ਅਤੇ ਇਹ ਰੂਪ ਅਤੇ ਇਨ੍ਹਾਂ ਰੀਤਾਂ ਦਾ ਵਿਸਤਾਰ ਖਾਣ ਪੀਣ ਅਤੇ ਪਹਿਨਣ ਦੇ ਮਾਮਲਿਆਂ ਤਕ ਵੀ ਹੋ ਸਕਦਾ ਹੈ।’’

       ਰਾਮਾਸ੍ਰਮਮ ਬਨਾਮ ਕਮਿਸ਼ਨਰ ਫ਼ਾਰ ਹਿੰਦੂ ਰਿਲਿਜਸ ਐਂਡ ਚੈਰਿਟੇਬਲ ਇੰਡੌਮੈਂਟਸ (ਏ ਆਈ ਆਰ 1961 ਮਦਰਾਸ 265) ਅਨੁਸਾਰ ਧਰਮ ਦੀ ਸਰਬੋਤਮ ਪਰਿਭਾਸ਼ਾ ਭਾਵੇਂ ਕੁਝ ਵੀ ਹੋਵੇ, ਸਪਸ਼ਟ ਤੌਰ ਤੇ ਉਸ ਦਾ ਸਬੰਧ ਕੁਝ ਖ਼ਾਸ ਕਿਸਮ ਦੇ ਡੈਟਾ (ਵਿਸ਼ਵਾਸਾਂ, ਕਰਮਾਂ, ਅਹਿਸਾਸਾਂ, ਮਨੋਭਾਵਾਂ ਆਦਿ) ਨਾਲ ਹੈ। ਧਰਮ ਵਿਚ ਮੁੱਖ ਤੌਰ ਤੇ ਸਰਬੋਚ ਵਿਅਕਤਕ ਸ਼੍ਰੇਸਠਤਾ ਦੀ ਇੰਦਰੀ- ਅਤੀਤ ਅਸਲੀਅਤ ਦੀ ਚੇਤਨਾ ਪਲਚੀ ਹੁੰਦੀ ਹੈ ਜੋ ਜੀਵਨ ਅਤੇ ਵਿਚਾਰਾਂ ਨੂੰ ਡੂੰਘੇ ਰੂਪ ਵਿਚ ਪ੍ਰਭਾਵਤ ਕਰਦੀ ਹੈ ਅਤੇ ਉਹ ਵਿਚਾਰ ਉਨ੍ਹਾਂ ਵਿਅਕਤੀਆਂ ਦੇ ਸਮੁੱਚੇ ਵਿਕਾਸ ਅਤੇ ਆਲੇ ਦੁਆਲੇ ਦੀ ਸ਼ਕਲ ਵਿਚ ਪਰਗਟ ਹੁੰਦੇ ਹਨ ਅਤੇ ਮਿਥਿਹਾਸ , ਅਧਿਆਤਕ ਰੂਪ, ਦਰਸ਼ਨ ਅਤੇ ਵਿਗਿਆਨਕ ਸਿਧਾਂਤਾਂ ਦੇ ਰੂਪ ਵਿਚ ਜ਼ਿਆਦਾ ਅਭਿਵਿਅਕਤ ਅਤੇ ਸਥਾਈ ਬਣ ਜਾਂਦੇ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20988, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਧਰਮ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਧਰਮ : ਧਰਮ ਮਨੁੱਖੀ ਵਿਸ਼ਵਾਸ ਨਾਲ ਜੁੜੇ ਹੋਏ ਜਜ਼ਬਾਤਾਂ ਦਾ ਸਮੂਹ ਹੈ, ਜੋ ਕਿ ਡਰ ਅਤੇ ਸ਼ਰਧਾ ਵਿੱਚੋਂ ਪੈਦਾ ਹੁੰਦਾ ਹੈ। ਸ਼ਰਧਾ ਨਾਲ ਧਰਮ ਦਾ ਪੱਲਾ ਫੜਨ ਵਾਲੇ ਲੋਕਾਂ ਦੀ ਗਿਣਤੀ ਘੱਟ ਅਤੇ ਡਰ ਕਾਰਨ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਧਰਮ ਮਨੁੱਖ ਅੰਦਰ ਅਜਿਹੇ ਵਿਸ਼ਵਾਸ ਪੈਦਾ ਕਰਦਾ ਹੈ, ਜੋ ਜਨਮ ਤੋਂ ਪਹਿਲਾਂ ਤੋਂ ਲੈ ਕੇ ਮਰਨ ਤੱਕ ਵਿਅਕਤੀ ਦੇ ਨਾਲ ਰਹਿੰਦੇ ਹਨ। ਮਰਨ ਤੋਂ ਬਾਅਦ ਵੀ ਵਿਅਕਤੀ ਦੇ ਪਰਿਵਾਰ ਵਾਲੇ ਵਿਛੜੇ ਪ੍ਰਾਣੀ ਦੀਆਂ ਕਿਰਿਆਵਾਂ ਧਰਮ ਦੀ ਮਰਯਾਦਾ ਅਨੁਸਾਰ ਕਰਦੇ ਹਨ। ਧਰਮ ਵਿਅਕਤੀ ਨੂੰ ਵਿਅਕਤੀ ਨਾਲ ਜੋੜਨ ਦਾ ਕੰਮ ਕਰਦਾ ਹੈ ਪਰ ਨਾਲ ਹੀ ਇਸ ਦੀ ਗ਼ਲਤ ਵਰਤੋਂ ਸਮਾਜ ਵਿੱਚ ਦੁਫੇੜ ਵੀ ਪੈਦਾ ਕਰ ਸਕਦੀ ਹੈ।

ਧਰਮ ਸ਼ਬਦ ਸੰਸਕ੍ਰਿਤ ਦੇ ‘ਧ੍ਰੀ’ ਧਾਤੂ ਤੋਂ ਨਿਕਲਿਆ ਹੈ, ਜਿਸ ਦਾ ਅਰਥ ਹੈ ਧਾਰਨ ਕਰਨਾ, ਅਪਣਾਉਣਾ, ਗ੍ਰਹਿਣ ਕਰਨਾ ਆਦਿ। ਇਸ ਦਾ ਭਾਵ ਇਹ ਹੈ ਕਿ ਉਹਨਾਂ ਨਿਯਮਾਂ ਨੂੰ ਧਾਰਨ ਕਰਨਾ, ਜਿਨ੍ਹਾਂ ਦੇ ਸਹਾਰੇ ਸਮੁੱਚਾ ਵਿਸ਼ਵ ਚੱਲ ਰਿਹਾ ਹੈ। ਸਿੱਖ ਧਰਮ ਅਨੁਸਾਰ, ਸਮੁੱਚੇ ਸੰਸਾਰ ਦਾ ਆਧਾਰ ਪਰਮਾਤਮਾ ਦਾ ਨਾਮ ਹੈ ਜਿਸ ਨਾਲ ਅਗਿਆਨਤਾ ਦਾ ਹਨੇਰਾ ਦੂਰ ਕੀਤਾ ਜਾ ਸਕਦਾ ਹੈ।

ਹਿੰਦੂ ਧਰਮ ਦਾ ਸਮਾਜਿਕ ਆਧਾਰ ਮਨੂਸਿਮ੍ਰਤੀ ਹੈ। ਮਨੂਸਿਮ੍ਰਤੀ ਵਿੱਚ ਧਰਮ ਦੇ ਦਸ ਅੰਗਾਂ ਦਾ ਵਰਣਨ ਕੀਤਾ ਗਿਆ ਹੈ-ਸੰਜਮ, ਖਿਮਾ, ਮਨ ਮਾਰਨਾ, ਚੋਰੀ ਨਾ ਕਰਨਾ, ਪਵਿੱਤਰਤਾ, ਇੰਦਰੀਆਂ ਤੇ ਕਾਬੂ, ਗਿਆਨ, ਵਿੱਦਿਆ, ਸੱਚ ਅਤੇ ਕ੍ਰੋਧ ਦਾ ਤਿਆਗ, ਗੁਰਮਤਿ ਨੇ ਧਰਮ ਦੇ ਤਿੰਨ ਅੰਗਾਂ ਦਾ ਵਰਣਨ ਕੀਤਾ ਹੈ-ਨਾਮ, ਦਾਨ ਅਤੇ ਇਸ਼ਨਾਨ। ਇਹ ਤਿੰਨ ਗੁਣ ਧਰਮ ਦੇ ਮਾਰਗ ਤੇ ਚੱਲਣ ਵਾਲੇ ਮਨੁੱਖ ਨੂੰ ਗੁਰੂ ਤੋਂ ਪ੍ਰਾਪਤ ਹੁੰਦੇ ਹਨ:

ਗੁਰਮੁਖਿ ਨਾਮੁ ਦਾਨੁ ਇਸਨਾਨੁ॥

                              (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 942)

ਧਰਮ ਭੌਤਿਕ ਅਤੇ ਪਰਾ-ਭੌਤਿਕ ਗਿਆਨ ਨਾਲ ਸੰਬੰਧਿਤ ਹੈ। ਧਰਮ ਦਾ ਭੌਤਿਕ ਗਿਆਨ ਸਦਾਚਾਰਿਕ ਅਤੇ ਨੈਤਿਕ ਨਿਯਮਾਂ ਤੇ ਆਧਾਰਿਤ ਹੈ। ਇਹਨਾਂ ਨਿਯਮਾਂ ਬਾਰੇ ਜਾਣਕਾਰੀ ਹਾਸਲ ਕਰਨਾ ਅਤੇ ਇਹਨਾਂ ਨੂੰ ਅਮਲ ਵਿੱਚ ਲਿਆਉਣਾ ਹੀ ਧਰਮ ਹੈ। ਧਰਮ, ਚੋਰੀ, ਹਿੰਸਾ, ਝੂਠ, ਵਿਭਚਾਰ, ਈਰਖਾ, ਦਵੈਸ਼ ਆਦਿ ਤੋਂ ਪ੍ਰਹੇਜ਼ ਕਰਨਾ ਅਤੇ ਸਤ, ਸੰਤੋਖ, ਦਇਆ, ਧੀਰਜ ਆਦਿ ਨੂੰ ਅਮਲੀ ਜਾਮਾ ਪਹਿਨਾਉਣ ਦਾ ਮਾਰਗ ਹੈ। ਪਰਾ-ਭੌਤਿਕ ਪੱਖ ਤੋਂ ਧਰਮ ਪਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ ਨਾਲ ਅਰੰਭ ਹੁੰਦਾ ਹੈ ਪਰ ਜੈਨ ਅਤੇ ਬੁੱਧ ਧਰਮ ਪਰਮਾਤਮਾ ਦੀ ਹੋਂਦ ਵਿੱਚ ਵਿਸ਼ਵਾਸ ਨਹੀਂ ਕਰਦੇ। ਇਹਨਾਂ ਧਰਮਾਂ ਅਨੁਸਾਰ ਸਦਾਚਾਰਿਕ ਕੀਮਤਾਂ ਵਿੱਚ ਵਿਸ਼ਵਾਸ ਦਾ ਨਾਮ ਹੀ ਧਰਮ ਹੈ। ਸੰਸਾਰ ਦੇ ਹੋਰ ਧਰਮਾਂ ਵਿੱਚ ਸਦਾਚਾਰਿਕ ਕੀਮਤਾਂ ਦੇ ਨਾਲ-ਨਾਲ ਰੱਬ ਦੀ ਹੋਂਦ ਅਤੇ ਤਾਕਤ ਨੂੰ ਵੀ ਪ੍ਰਵਾਨ ਕੀਤਾ ਗਿਆ ਹੈ। ਸਿੱਖ ਧਰਮ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਦੁਨਿਆਵੀ ਕੀਮਤਾਂ ਰੱਬੀ ਹੋਂਦ ਦੇ ਦੁਆਲੇ ਘੁੰਮਦੀਆਂ ਹਨ ਤਾਂ ਹੀ ਸਥਿਰ ਰਹਿ ਸਕਦੀਆਂ ਹਨ। ਰੱਬੀ ਹੋਂਦ ਤੋਂ ਬਗ਼ੈਰ ਸਦਾਚਾਰਿਕ ਕੀਮਤਾਂ ਸਥਿਰ ਨਹੀਂ ਰਹਿ ਸਕਦੀਆਂ ਅਤੇ ਕੀਮਤਾਂ ਵਿੱਚ ਲਗਾਤਾਰ ਬਦਲਾਅ ਸਮਾਜਿਕ ਅਤੇ ਭਾਈਚਾਰਿਕ ਏਕਤਾ ਲਈ ਖ਼ਤਰਾ ਪੈਦਾ ਕਰ ਸਕਦਾ ਹੈ। ਰੱਬੀ ਹੋਂਦ ਨੂੰ ਪ੍ਰਵਾਨ ਕਰਦੇ ਹੋਏ ਸਦਾਚਾਰਿਕ ਕੀਮਤਾਂ ਅਨੁਸਾਰ ਕਰਮ ਕਰਨ ਨੂੰ ਹੀ ਸ੍ਰੇਸ਼ਠ ਧਰਮ ਪ੍ਰਵਾਨ ਕੀਤਾ ਗਿਆ ਹੈ

ਸਰਬ ਧਰਮ ਮਹਿ ਸ੍ਰੇਸਟ ਧਰਮੁ॥

ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 266)

ਧਰਮ ਦੀਆਂ ਇਹਨਾਂ ਸਿੱਖਿਆਵਾਂ ਦਾ ਆਧਾਰ ਦੈਵੀ ਇਲਹਾਮ ਸ੍ਵੀਕਾਰ ਕੀਤਾ ਜਾਂਦਾ ਹੈ। ਆਧੁਨਿਕ ਸੰਸਾਰ ਦੇ ਲਗਪਗ ਸਾਰੇ ਹੀ ਪ੍ਰਮੁੱਖ ਧਰਮਾਂ ਦੇ ਬਾਨੀ ਪੈਗ਼ੰਬਰਾਂ ਨੂੰ ਦੈਵੀ ਇਲਹਾਮ ਦੀ ਪ੍ਰਾਪਤੀ ਹੋਈ। ਇਹ ਇਲਹਾਮ ਉਹਨਾਂ ਨੇ ਵੱਖਰੇ-ਵੱਖਰੇ ਇਤਿਹਾਸਿਕ ਸਮਿਆਂ ਵਿੱਚ ਉੱਥੋਂ ਦੇ ਸੱਭਿਆਚਾਰ ਵਿੱਚੋਂ ਲਏ ਗਏ ਬਿੰਬਾਂ ਅਤੇ ਚਿੰਨ੍ਹਾਂ ਦੀ ਸਹਾਇਤਾ ਨਾਲ ਉਸ ਖੇਤਰ ਦੀ ਆਪਣੀ ਭਾਸ਼ਾ ਵਿੱਚ ਪ੍ਰਗਟ ਕੀਤਾ। ਇਲਹਾਮ ਦਾ ਇਹ ਸਾਂਝਾ ਸੰਦੇਸ਼ ਵਿਭਿੰਨ ਧਰਮਾਂ ਦੀ ਤੱਤ-ਰੂਪੀ ਸਾਂਝ ਦਾ ਲਖਾਇਕ ਹੈ। ਇਲਹਾਮ ਦੈਵੀ ਸੰਦੇਸ਼ ਹੈ ਅਤੇ ਪੀਰ-ਪੈਗ਼ੰਬਰ ਉਸ ਨੂੰ ਮਾਨਵਤਾ ਤੱਕ ਪਹੁੰਚਾਉਣ ਦਾ ਸਾਧਨ।

ਧਰਮ ਰੱਬੀ ਅਤੇ ਮਨੁੱਖੀ ਪ੍ਰੇਮ ਦਾ ਦੂਜਾ ਨਾਮ ਹੈ। ਧਰਮ ਮਨੁੱਖਤਾ ਦਾ ਰਾਹ ਦਰਸਾਉਂਦਾ ਹੈ ਜੋ ਮਨੁੱਖ ਨੂੰ ਮਨੁੱਖ ਨਾਲ ਜੋੜ ਕੇ ਸਮਾਜਿਕ ਅਤੇ ਭਾਈਚਾਰਿਕ ਤੰਦਾਂ ਨੂੰ ਮਜ਼ਬੂਤ ਕਰਨ ਦਾ ਮਾਰਗ ਦ੍ਰਿੜ੍ਹ ਕਰਾਉਂਦਾ ਹੈ। ਧਰਮ ਮਨੁੱਖ ਅੰਦਰ ਚੇਤਨਾ ਪੈਦਾ ਕਰਦਾ ਹੈ ਤਾਂ ਜੋ ਉਹ ਸਮਾਜਿਕ, ਰਾਜਨੀਤਿਕ, ਆਰਥਿਕ ਅਤੇ ਭੂ-ਵਿਗਿਆਨਿਕ ਵਲਗਣਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਦੇ ਭਲੇ ਹਿਤ ਯਤਨ ਕਰੇ। ਸਮੁੱਚੇ ਸਮਾਜ ਦੇ ਮਨੁੱਖਾਂ ਦਾ ਕੇਵਲ ਇੱਕ ਹੀ ਧਰਮ ਹੈ ਅਤੇ ਉਸ ਧਰਮ ਨੂੰ ਅਪਣਾਉਣ ਵਾਲਾ ਮਨੁੱਖ ਹੀ ਧਰਮੀ ਹੈ। ਸਮੇਂ-ਸਮੇਂ ਅਤੇ ਵੱਖ-ਵੱਖ ਇਲਾਕਿਆਂ ਵਿੱਚ ਪੈਦਾ ਹੋਏ ਧਾਰਮਿਕ ਆਗੂਆਂ ਨੇ ਕੇਵਲ ਇੱਕੋ ਪਰਮਾਤਮਾ ਦੇ ਰਾਹ ਤੇ ਚੱਲਣ ਦੀ ਪ੍ਰੇਰਨਾ ਕੀਤੀ ਤਾਂ ਜੋ ਮਨੁੱਖ ਨੂੰ ਪ੍ਰੇਮ ਅਤੇ ਭਾਈਚਾਰੇ ਨਾਲ ਜੋੜ ਕੇ ਮਨੁੱਖਤਾ ਦਾ ਰਾਹ ਦਰਸਾਇਆ ਜਾ ਸਕੇ।

ਧਰਮ ਜਿੱਥੇ ਮਨੁੱਖ ਦੀਆਂ ਸਮਾਜਿਕ ਕਿਰਿਆਵਾਂ ਨਾਲ ਸੰਬੰਧਿਤ ਹੈ ਉੱਥੇ ਇਹ ਮਨੁੱਖ ਅੰਦਰ ਨਿੱਜੀ ਅਨੁਭਵ ਅਤੇ ਭਾਵਨਾਵਾਂ ਦਾ ਜਜ਼ਬਾ ਵੀ ਪੈਦਾ ਕਰਦਾ ਹੈ। ਇਹਨਾਂ ਭਾਵਨਾਵਾਂ ਕਰਕੇ ਹੀ ਮਨੁੱਖ ਆਪਣੇ ਆਪ ਨੂੰ ਕਿਸੇ ਦੈਵੀ ਹਸਤੀ ਨਾਲ ਸੰਬੰਧਿਤ ਕਰਦਾ ਹੈ। ਇਹ ਦੈਵੀ ਹਸਤੀ ਅੱਲਾ, ਖ਼ੁਦਾ, ਪਰਮਾਤਮਾ, ਈਸ਼ਵਰ, ਭਗਵਾਨ ਆਦਿਕ ਵੱਖ-ਵੱਖ ਨਾਂਵਾਂ ਨਾਲ ਮਨੁੱਖੀ ਜੀਵਨ ਦੀ ਅਗਵਾਈ ਕਰਦੀ ਰਹੀ ਹੈ। ਇਸ ਦੈਵੀ ਹਸਤੀ ਨੂੰ ਸਰਬਸ਼ਕਤੀਮਾਨ, ਸਰਬਵਿਆਪਕ ਅਤੇ ਸਰਬਗਿਆਤਾ ਮੰਨਿਆ ਗਿਆ ਹੈ ਜੋ ਕਿ ਸਮੁੱਚੀ ਸ੍ਰਿਸ਼ਟੀ ਨੂੰ ਪੈਦਾ ਕਰਦੀ ਹੈ, ਪਾਲਦੀ ਹੈ ਅਤੇ ਸਮਾਂ ਆਉਣ ਤੇ ਨਾਸ਼ ਕਰ ਦਿੰਦੀ ਹੈ। ਮਨੁੱਖ ਇਸ ਦੈਵੀ ਹਸਤੀ ਵਿੱਚ ਵਿਸ਼ਵਾਸ ਕਰਕੇ ਇਸ ਨੂੰ ਖ਼ੁਸ਼ ਰੱਖਣ ਦਾ ਯਤਨ ਕਰਦਾ ਹੈ। ਦੈਵੀ ਹਸਤੀ ਨੂੰ ਖ਼ੁਸ਼ ਕਰਨ ਲਈ ਮਨੁੱਖ ਜੋ ਰਸਮਾਂ ਅਤੇ ਰਹੁ-ਰੀਤਾਂ ਕਰਦਾ ਹੈ ਉਹ ਧਰਮ ਦਾ ਅੰਗ ਬਣ ਜਾਂਦੀਆਂ ਹਨ।

ਧਰਮ ਅਧਰਮ ਦਾ ਪ੍ਰਤਿਰੂਪ ਹੈ। ਧਰਮ ਨੂੰ ਪੁੰਨ ਦੇ ਅਰਥਾਂ ਵਿੱਚ ਅਤੇ ਅਧਰਮ ਨੂੰ ਪਾਪ ਦੇ ਸੰਦਰਭ ਵਿੱਚ ਵੇਖਿਆ ਜਾਂਦਾ ਹੈ। ਪੁੰਨ ਵਿਅਕਤੀ ਦੇ ਸ਼ੁੱਭ ਕਰਮਾਂ ਵਿੱਚੋਂ ਜਨਮ ਲੈਂਦਾ ਹੈ ਅਤੇ ਅਧਰਮ ਅਸ਼ੁੱਭ ਕਰਮਾਂ ਦਾ ਸਿੱਟਾ ਮੰਨਿਆ ਜਾਂਦਾ ਹੈ। ਭੁੱਖੇ ਦਾ ਪੇਟ ਭਰਨ, ਨੰਗੇ ਦਾ ਤਨ ਕੱਜਣਾ, ਪਿਆਸੇ ਨੂੰ ਪਾਣੀ ਪਿਲਾਉਣਾ, ਅਨਪੜ੍ਹ ਨੂੰ ਸਿੱਖਿਆ ਦੇਣੀ, ਲੋੜਵੰਦਾਂ ਦੀ ਸੇਵਾ ਕਰਨੀ ਆਦਿ ਪੁੰਨ ਕਰਮ ਮੰਨੇ ਗਏ ਹਨ। ਨਿਸ਼ਕਾਮ ਭਾਵ ਨਾਲ ਕੀਤੇ ਇਹ ਸਾਰੇ ਪੁੰਨ ਕਰਮ ਸੰਤੁਸ਼ਟੀ ਪ੍ਰਦਾਨ ਕਰਦੇ ਹਨ। ਧਰਮ ਦਾ ਮਾਰਗ ਮਨੁੱਖ ਨੂੰ ਜਿੱਥੇ ਨਿਸ਼ਕਾਮ ਕਰਮਾਂ ਵੱਲ ਲੈ ਕੇ ਜਾਂਦਾ ਹੈ ਉੱਥੇ ਨਾਲ ਹੀ ਉਸ ਨੂੰ ਦੁਨਿਆਵੀ ਅਤੇ ਅਧਿਆਤਮਿਕ ਗਿਆਨ ਦੀ ਸੋਝੀ ਵੀ ਪ੍ਰਦਾਨ ਕਰਦਾ ਹੈ। ਧਰਮ ਦੇ ਮਾਰਗ ਦਾ ਪਾਂਧੀ ਮਨੁੱਖ ਆਪਣੇ ਅਤੇ ਪਰਾਏ ਦਾ ਫ਼ਰਕ ਮਿਟਾ ਕੇ ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਭਾਈ ਘਨਈਆ ਧਰਮ ਦੇ ਮਾਰਗ ਤੇ ਚੱਲਣ ਵਾਲੇ ਮਨੁੱਖਾਂ ਦੀ ਅਦੁੱਤੀ ਮਿਸਾਲ ਸਨ ਜਿਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਵਾਲੀ ਸੰਤ ਪਰੰਪਰਾ, ਸੇਵਾ ਪੰਥੀ, ਅੱਜ ਵੀ ਗੁਰੂ ਆਸ਼ੇ ਅਨੁਸਾਰ ਧਰਮਾਰਥ ਦੇ ਕੰਮਾਂ ਵਿੱਚ ਰੁਝੀ ਹੋਈ ਹੈ। ਧਰਮ ਦੇ ਮਾਰਗ ਤੇ ਚੱਲਣ ਵਾਲਿਆਂ ਨੂੰ ਧਰਮ ਅਨੁਸਾਰ ਸ੍ਰੇਸ਼ਠ ਮਾਨਵ ਮੰਨਿਆ ਗਿਆ ਹੈ।

ਇਸ ਤਰ੍ਹਾਂ ਸਪਸ਼ਟ ਹੈ ਕਿ ਧਰਮ ਮਨੁੱਖ ਦੇ ਜੀਵਨ ਦਾ ਅਟੁੱਟ ਅੰਗ ਹੈ। ਧਰਮ ਮਨੁੱਖੀ ਜੀਵਨ ਦੇ ਹਰ ਪਹਿਲੂ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਉਸ ਨੂੰ ਸਦਾਚਾਰਿਕ ਕਦਰਾਂ-ਕੀਮਤਾਂ ਉੱਤੇ ਚੱਲਣ ਦੀ ਪ੍ਰੇਰਨਾ ਕਰਦੇ ਹੋਏ ਅਧਿਆਤਮਿਕ ਵਿਕਾਸ ਦੇ ਰਾਹ ਤੇ ਲੈ ਜਾਂਦਾ ਹੈ।


ਲੇਖਕ : ਪਰਮਵੀਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 7063, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-25-10-40-38, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.