ਨੇਕ ਨੀਤੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Good faith_ਨੇਕ ਨੀਤੀ : ਭਾਰਤੀ ਦੰਡ ਸੰਘਤਾ ਦੀ ਧਰਾ 52 ਅਨੁਸਾਰ ਕੋਈ ਗੱਲ ਨੇਕ ਨੀਤੀ ਨਾਲ ਕੀਤੀ ਗਈ ਜਾਂ ਵਿਸ਼ਵਾਸ ਕੀਤੀ ਗਈ ਨਹੀਂ ਕਹੀ ਜਾਂਦੀ ਜੋ ਯੋਗ-ਸਾਵਧਾਨੀ ਅਤੇ ਧਿਆਨ ਤੋਂ ਬਿਨਾਂ ਕੀਤੀ ਗਈ ਜਾਂ ਵਿਸ਼ਵਾਸ ਕੀਤੀ ਗਈ ਹੋਵੇ।’’
ਕੋਈ ਕੰਮ ਨੇਕਨੀਤੀ ਨਾਲ ਕੀਤਾ ਕਿਹਾ ਜਾਂਦਾ ਹੈ ਜੇ ਉਹ ਕੰਮ ਯੋਗ ਸਾਵਧਾਨੀ ਅਤੇ ਧਿਆਨ ਨਾਲ ਕੀਤਾ ਜਾਵੇ। ਜੇ ਕੋਈ ਵਿਅਕਤੀ ਸਰਜਰੀ ਦਾ ਗਿਆਨ ਰਖਦੇ ਹੋਣ ਤੋਂ ਬਿਨਾਂ ਕਿਸੇ ਦਾ ਓਪਰੇਸ਼ਨ ਕਰ ਦਿੰਦਾ ਹੈ ਤਾਂ ਇਹ ਕਿਹਾ ਜਾਵੇਗਾ ਕਿ ਓਪਰੇਸ਼ਨ ਨੇਕਨੀਤੀ ਨਾਲ ਨਹੀਂ ਕੀਤਾ ਗਿਆ। ਇਸਦੇ ਉਲਟ ਜੇ ਕੋਈ ਯੋਗਤਾ-ਪ੍ਰਾਪਤ ਸਰਜਨ ਪੂਰੇ ਧਿਆਨ ਨਾਲ ਓਪਰੇਸ਼ਨ ਕਰਦਾ ਹੈ ਤਾਂ ਭਾਵੇਂ ਉਹ ਓਪਰੇਸ਼ਨ ਸਫਲ ਨ ਵੀ ਹੋਵੇ, ਉਹ ਨੇਕਨੀਤੀ ਨਾਲ ਕੀਤਾ ਕਿਹਾ ਜਾਵੇਗਾ। ਲਾਪਰਵਾਹੀ ਜਾਂ ਅਣਗਹਿਲੀ ਨਾਲ ਕੀਤਾ ਗਿਆ ਕੰਮ ਨੇਕਨੀਤੀ ਨਾਲ ਕੀਤਾ ਗਿਆ ਨਹੀਂ ਕਿਹਾ ਜਾ ਸਕਦਾ। ਹਰਭਜਨ ਸਿੰਘ ਬਨਾਮ ਪੰਜਾਬ ਰਾਜ (ਏ ਆਈ ਆਰ 1966 ਐਸ ਸੀ 97) ਵਿੱਚ ਸਰਵ-ਉੱਚ ਅਦਾਲਤ ਅਨੁਸਾਰ ਨੇਕ-ਨੀਤੀ ਨਾਲ ਕੀਤੇ ਗਏ ਕੰਮ ਵਿਚ ਈਮਾਨਦਾਰੀ ਦੇ ਅੰਸ਼ ਦਾ ਕੋਈ ਤੱਲਕ ਨਹੀਂ ਜਦ ਕਿ ਆਮ ਬੋਲ ਚਾਲ ਵਿਚ ‘ਨੇਕ ਨੀਤੀ’ ਦਾ ਅਰਥ ਈਮਾਨਦਾਰੀ ਜਾਂ ਸਾਫ਼ਗੋਈ ਤੋਂ ਲਿਆ ਜਾਂਦਾ ਹੈ, ਪਰ ਇਥੇ ਇਸ ਸ਼ਬਦ ਨੂੰ ਨਵੇਂ ਅਰਥ ਦਿੱਤੇ ਗਏ ਹਨ।
‘ਨੇਕ ਨੀਤੀ’ ਪਦ ਦੀ ਪਰਿਭਾਸ਼ਾ ਸਾਧਾਰਨ ਖੰਡ ਐਕਟ, 1897 ਵਿਚ ਵੀ ਕੀਤੀ ਗਈ ਹੈ ਜੋ ਨਿਮਨ-ਅਨੁਸਾਰ ਹੈ:-
3(22) ਕੋਈ ਗੱਲ ‘‘ਨੇਕ-ਨੀਤੀ’’ ਨਾਲ ਕੀਤੀ ਸਮਝੀ ਜਾਵੇਗੀ ਜਿਥੇ ਉਹ ਤੱਥ-ਰੂਪ ਵਿਚ ਈਮਾਨਦਾਰੀ ਨਾਲ ਕੀਤੀ ਜਾਂਦੀ ਹੈ, ਭਾਵੇਂ ਉਹ ਅਣਗਹਿਲੀ ਨਾਲ ਕੀਤੀ ਜਾਂਦੀ ਹੈ ਜਾਂ ਨਹੀਂ।’’
ਇਸ ਤਰ੍ਹਾਂ ਸਾਧਾਰਨ ਖੰਡ ਐਕਟ ਵਿਚ ਕੀਤੀ ਗਈ ਪਰਿਭਾਸ਼ਾ ਸਕਾਰਾਤਮਕ ਰੂਪ ਵਿਚ ਵੀ ਬਿਆਨ ਕੀਤੀ ਗਈ ਹੈ ਅਤੇ ਉਸ ਨੂੰ ਆਮ ਤੌਰ ਤੇ ਜੋ ਅਰਥ ਉਸ ਦੇ ਲਏ ਜਾਂਦੇ ਹਨ ਉਸ ਦੇ ਨੇੜੇ ਵੀ ਰੱਖਿਆ ਗਿਆ ਹੈ। ਭਾਰਤੀ ਦੰਡ ਸੰਘਤਾ ਦੀ ਉਪਰੋਕਤ ਧਾਰਾ ਵਿਚ ਜ਼ੋਰ ਸਾਵਧਾਨੀ ਅਤੇ ਧਿਆਨ ਉਤੇ ਦਿੱਤਾ ਗਿਆ ਹੈ ਅਤੇ ਈਮਾਨਦਾਰੀ ਨਾਲ ਉਸ ਨੂੰ ਜੋੜਿਆ ਗਿਆ। ਐਚ.ਸਿੰਘ ਬਨਾਮ ਰਾਜ (ਏ ਆਈ ਆਰ 1966 ਐਸ ਸੀ 97) ਵਿੱਚ ਸਰਵ-ਉੱਚ ਅਦਾਲਤ ਨੇ ਕਿਹਾ ਹੈ ਕਿ ਈਮਾਨਦਾਰੀ ਦਾ ਅੰਸ਼ ਭਾਰਤੀ ਦੰਡ ਸੰਘਤਾ ਦੀ ਪਰਿਭਾਸ਼ਾ ਵਿਚ ਸ਼ਾਮਲ ਨਹੀਂ ਕੀਤਾ ਗਿਆ। ਸਾਧਾਰਨ ਖੰਡ ਐਕਟ ਦੇ ਕਾਨੂੰਨ ਬਣਨ ਤੋਂ ਪਹਿਲਾਂ ਭਾਰਤੀ ਦੰਡ ਸੰਘਤਾ ਹੋਂਦ ਵਿਚ ਆ ਚੁੱਕੀ ਸੀ ਅਤੇ ਇਸ ਕਾਰਨ ਕਰਕੇ ਸਾਧਾਰਨ ਖੰਡ ਵਿਚ ‘ਨੇਕ ਨੀਤੀ’ ਦੀ ਇਹ ਪਰਿਭਾਸ਼ਾ ਭਾਰਤੀ ਦੰਡ ਸੰਘਤਾ ਨੂੰ ਲਾਗੂ ਨਹੀਂ ਹੋ ਸਕਦੀ। ਇਸ ਤੋਂ ਇਲਾਵਾ ਫ਼ੌਜਦਾਰੀ ਕਾਨੂੰਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੰਡ ਸੰਘਤਾ ਵਿਚ ਦਿੱਤੀ ਗਈ ਪਰਿਭਾਸ਼ਾ ਜ਼ਿਆਦਾ ਕਾਰ-ਆਮਦ ਹੈ।
ਉਪਰੋਕਤ ਤੋਂ ਇਲਾਵਾ ‘‘ਯੋਗ ਸਾਵਧਾਨੀ ਅਤੇ ਧਿਆਨ’’ ਦੇ ਕੀ ਅਰਥ ਲਏ ਜਾਣੇ ਹਨ, ਭਾਰਤੀ ਦੰਡ ਸੰਘਤਾ ਤੋਂ ਇਸ ਗੱਲ ਦੀ ਕੋਈ ਅਗਵਾਈ ਨਹੀਂ ਮਿਲਦੀ। ਲੇਕਿਨ ਅਦਾਲਤਾਂ ਨੇ ਮੰਤਕ ਅਤੇ ਦਲੀਲ ਦੇ ਆਧਾਰ ਤੇ ਇਸ ਪਦ ਦੇ ਅਰਥ ਕੱਢੇ ਹਨ। ਉਨ੍ਹਾਂ ਨਿਰਨਿਆਂ ਅਨੁਸਾਰ ‘ਚੰਗਾ ਇਰਾਦਾ ਅਤੇ ਵਾਜਬ ਸਾਵਧਾਨੀ ਅਤੇ ਹੁਨਰਮੰਦੀ’’ ਦੋਵੇਂ ਮਿਲਕੇ ਇਸ ਪਦ ਨੂੰ ਅਰਥ ਦਿੰਦੇ ਹਨ। ਇਸ ਤਰ੍ਹਾਂ ਜੇ ਇਹ ਵੇਖਣਾ ਹੋਵੇ ਕਿ ਕੋਈ ਕੰਮ ‘‘ਨੇਕ ਨੀਤੀ’’ ਨਾਲ ਕੀਤਾ ਗਿਆ ਹੈ ਜਾਂ ਨਹੀਂ ਤਾਂ ਇਹ ਵੇਖਣਾ ਪਵੇਗਾ ਕਿ ਕੀ ਉਹ ਕੰਮ ਚੰਗੇ ਇਰਾਦੇ ਨਾਲ, ਵਾਜਬ ਸਾਵਧਾਨੀ ਅਤੇ ਹੁਨਰਮੰਦੀ ਵਰਤ ਕੇ ਕੀਤਾ ਗਿਆ ਹੈ ਜਾਂ ਨਹੀਂ। ਸੁਕਾਰੂ ਕਵਿਰਾਜ ਬਨਾਮ ਸ਼ਹਿਨਸ਼ਾਹ [(1887) 14 ਕਲਕੱਤਾ 566] ਵਿਚ ਹਕੀਮ ਨੇ ਅੰਦਰੂਨੀ ਬਵਾਸੀਰ ਵਾਲੇ ਮਰੀਜ਼ ਦੇ ਮੱਸੇ ਸਾਧਾਰਨ ਚਾਕੂ ਨਾਲ ਕੱਟ ਕੇ ਬਵਾਸੀਰ ਦਾ ਓਪਰੇਸ਼ਨ ਕਰ ਦਿੱਤਾ। ਜਿਸ ਦੇ ਫਲਸਰੂਪ ਬਹੁਤ ਜ਼ਿਆਦਾ ਖ਼ੂਨ ਵਗ ਜਾਣ ਕਾਰਨ ਉਸ ਮਰੀਜ਼ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਉਸ ਹਕੀਮ ਕੋਲ ਸਰਜਰੀ ਦੀ ਕੋਈ ਯੋਗਤਾ ਅਤੇ ਡਿਗਰੀ ਨਹੀਂ ਸੀ ਅਤੇ ਉਹ ਕਾਨੂੰਨੀ ਤੌਰ ਤੇ ਓਪਰੇਸ਼ਨ ਕਰਨ ਲਈ ਸ਼ਕਤਵਾਨ ਵੀ ਨਹੀਂ ਸੀ। ਲੇਕਿਨ ਇਹ ਸੀ ਕਿ ਉਹ ਉਸ ਤੋਂ ਪਹਿਲਾਂ ਕੁਝ ਓਪਰੇਸ਼ਨ ਉਸ ਹੀ ਢੰਗ ਨਾਲ ਕਰ ਚੁੱਕਾ ਸੀ ਜੋ ਕਾਮਯਾਬ ਰਹੇ ਸਨ। ਇਸ ਦੇ ਬਾਵਜੂਦ ਇਹ ਕਰਾਰ ਦਿੱਤਾ ਗਿਆ ਕਿ ਉਸ ਨੇ ਉਹ ਓਪਰੇਸ਼ਨ ‘ਨੇਕ ਨੀਤੀ’ ਨਾਲ ਨਹੀਂ ਸੀ ਕੀਤਾ।
ਕੈਲਾਸ਼ ਸਾਈਜ਼ਿੰਗ ਵਰਕਸ ਬਨਾਮ ਭਿਵਾਂਡੀ ਅਤੇ ਨਿਜ਼ਾਮਪੁਰ ਮਿਉਂਸਪੈਲਿਟੀ (ਏ ਆਈ ਆਰ 1969 ਬੰਬੇ 127) ਵਿਚ ਉਪਰੋਕਤ ਦੋਹਾਂ ਪਰਿਭਾਸ਼ਾਵਾਂ ਵਿਚ ਸੁਮੇਲ ਬਿਠਾਉਂਦਿਆਂ ਕਿਹਾ ਗਿਆ ਹੈ ਕਿ ਸਾਧਾਰਨ ਖੰਡ ਐਕਟ ਵਿਚ ਦਿੱਤੀ ਪਰਿਭਾਸ਼ਾ, ਬਿਲਾ-ਲਿਹਾਜ਼ ਅਣਗਹਿਲੀ ਦੇ, ਈਮਾਨਦਾਰੀ ਦੇ ਇਕ ਪੱਖ ਤੇ ਜ਼ੋਰ ਦਿੰਦੀ ਹੈ, ਲੇਕਿਨ ਭਾਰਤੀ ਦੰਡ ਸੰਘਤਾ ਵਿਚ ਦਿੱਤੀ ਪਰਿਭਾਸ਼ਾ ਦੋ ਪੱਖਾਂ ਤੇ ਆਧਾਰਤ ਇਰਾਦੇ ਦੀ ਈਮਾਨਦਾਰੀ ਅਤੇ ਨਾਲ ਯੋਗ ਧਿਆਨ ਅਤੇ ਸਾਵਧਾਨੀ ਤੇ ਜ਼ੋਰ ਦਿੰਦੀ ਹੈ। ਦੋਹਾਂ ਪਰਿਭਾਸ਼ਾਵਾਂ ਵਿਚ ਨੇਕ ਨੀਤੀ ਦਾ ਅਸਲ ਸਾਰ ਮੌਜੂਦ ਹੈ ਅਤੇ ਉਹ ਹੈ ਈਮਾਨਦਾਰੀ। ਨੇਕਨੀਤੀ ਵਿਚ ਬਹਾਨਾਸਾਜ਼ੀ, ਛਲ ਅਤੇ ਜਾਣ ਬੁਝ ਕੇ ਕੀਤੀ ਜਾਂ ਬਿਨਾਂ ਕਾਰਨ ਅਣਗਹਿਲੀ ਦੀ ਕੋਈ ਥਾਂ ਨਹੀਂ, ਉਸ ਵਿਚ ਸਵੱਛਤਾ ਅਤੇ ਸਾਫ਼ਗੋਈ ਹੋਣੀ ਜ਼ਰੂਰੀ ਹੈ
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2509, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First