ਪੁਰਖ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੁਰਖ: ਪੁਰਖ ਦੀ ਇਕਾਈ ਸੰਵਾਦ ਦੀ ਸਥਿਤੀ ਦਾ ਭਾਸ਼ਾਈ ਪ੍ਰਗਟਾਵਾ ਹੈ। ਸੰਵਾਦ ਸਥਿਤੀ ਵਿੱਚ ਇੱਕ ਬੁਲਾਰਾ ਹੁੰਦਾ ਹੈ, ਇੱਕ ਸ੍ਰੋਤਾ ਅਤੇ ਇੱਕ ਤੀਜੀ ਧਿਰ ਜਿਸ ਬਾਰੇ ਸੰਵਾਦ ਹੋ ਰਿਹਾ ਹੁੰਦਾ ਹੈ। ਬੁਲਾਰਾ ਆਪਣੇ ਲਈ ਮੈਂ, ਅਸੀਂ ਆਦਿ ਸ਼ਬਦ, ਸ੍ਰੋਤਾ ਧਿਰ ਲਈ ਤੂੰ, ਤੁਸੀਂ ਆਦਿ ਅਤੇ ਤੀਜੀ ਧਿਰ ਲਈ ਇਹ, ਉਹ ਆਦਿ ਸ਼ਬਦ ਵਰਤਦਾ ਹੈ। ਇਸ ਤਰ੍ਹਾਂ ਬੁਲਾਰੇ ਲਈ ਵਰਤੇ ਜਾਂਦੇ ਪੜਨਾਂਵਾਂ ਨੂੰ ਪਹਿਲਾ ਪੁਰਖ, ਸ੍ਰੋਤੇ ਲਈ ਵਰਤੇ ਜਾਂਦੇ ਪੜਨਾਂਵਾਂ ਨੂੰ ਦੂਜਾ ਪੁਰਖ ਅਤੇ ਤੀਜੀ ਧਿਰ ਲਈ ਵਰਤੇ ਜਾਂਦੇ ਪੜਨਾਂਵਾਂ ਨੂੰ ਤੀਜਾ ਪੁਰਖ ਪੜਨਾਂਵ ਕਿਹਾ ਜਾਂਦਾ ਹੈ। ਪਹਿਲੇ, ਦੂਜੇ ਅਤੇ ਤੀਜੇ ਪੁਰਖ ਲਈ ਉੱਤਮ ਪੁਰਖ, ਮੱਧਮ ਪੁਰਖ ਅਤੇ ਅਨਯ ਪੁਰਖ ਸ਼ਬਦਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਕੁਝ ਭਾਸ਼ਾਵਾਂ ਵਿੱਚ ਪੁਰਖ ਵਰਗ ਵਿੱਚ ਇਹੋ ਜਿਹੀਆਂ ਇਕਾਈਆਂ ਵੀ ਮਿਲਦੀਆਂ ਹਨ, ਜਿਨ੍ਹਾਂ ਨੂੰ ਚੌਥਾ ਅਤੇ ਪੰਜਵਾਂ ਪੁਰਖ ਕਿਹਾ ਜਾ ਸਕਦਾ ਹੈ। ਮਿਸਾਲ ਲਈ ਅੰਗਰੇਜ਼ੀ ਦਾ ਪੜਨਾਂਵ ‘One’ ਲਿਆ ਜਾ ਸਕਦਾ ਹੈ (ਜਿਵੇਂ One, should always think positive ਵਿੱਚ)। ਇਹਨਾਂ ਚੌਥੇ ਅਤੇ ਪੰਜਵੇਂ ਪੁਰਖਾਂ ਦਾ ਹਵਾਲਾ ਉਸ ਪ੍ਰਸੰਗ ’ਤੇ ਨਿਰਭਰ ਕਰਦਾ ਹੈ, ਜਿਸ ਵਿੱਚ ਸੰਵਾਦ ਹੋ ਰਿਹਾ ਹੁੰਦਾ ਹੈ।

     ਪੁਰਖ ਵਰਗ ਵਿੱਚ ਕਈ ਉਪਵੰਡਾਂ ਵੀ ਮਿਲਦੀਆਂ ਹਨ, ਲਿੰਗ ਦੇ ਆਧਾਰ ’ਤੇ (he-she), ਵਚਨ ਦੇ ਆਧਾਰ ਤੇ (ਮੈਂ-ਅਸੀਂ, ਤੂੰ-ਤੁਸੀਂ) ਅਤੇ ਸ਼ਮੂਲੀਅਤ ਦੇ ਆਧਾਰ `ਤੇ (ਆਪਾਂ-ਸ੍ਰੋਤਾ ਸ਼ਾਮਲ, ਅਸੀਂ-ਸ੍ਰੋਤਾਂ ਸ਼ਾਮਲ ਨਹੀਂ)। ਸ਼ਮੂਲੀਅਤ ਦਾ ਇਹ ਸੰਕਲਪ ਕਈਆਂ ਭਾਸ਼ਾਵਾਂ ਦਾ ਪਛਾਣ ਚਿੰਨ੍ਹ ਹੈ। ਇਸ ਦੀ ਵਧੀਆ ਮਿਸਾਲ ਦੱਖਣੀ ਭਾਰਤ ਦੀਆਂ ਦ੍ਰਾਵਿੜ ਭਾਸ਼ਾਵਾਂ ਹਨ। ਤੇਲਗੂ ਭਾਸ਼ਾ ਵਿੱਚ Manamu ਦਾ ਮਤਲਬ ‘ਆਪਾਂ’ ਵਾਂਗ ਹੈ, ਜਿਸ ਵਿੱਚ ਸ੍ਰੋਤਾ ਸ਼ਾਮਲ ਹੁੰਦਾ ਹੈ ਪਰ Memu ਦਾ ਅਰਥ ‘ਅਸੀਂ’ ਵਾਂਗ ਹੈ, ਯਾਨੀ ਕਿ ਸ੍ਰੋਤਾ ਸ਼ਾਮਲ ਨਹੀਂ ਹੁੰਦਾ।

     ਭਾਵੇਂ ਅਸੀਂ ਸ੍ਰੋਤੇ ਲਈ ਪਹਿਲਾ ਪੁਰਖ, ਬੁਲਾਰੇ ਲਈ ਦੂਜਾ ਪੁਰਖ ਅਤੇ ਤੀਜੀ ਧਿਰ ਲਈ ਤੀਜਾ ਪੁਰਖ ਸ਼ਬਦਾਂ ਦੀ ਵਰਤੋਂ ਕੀਤੀ ਹੈ, ਪਰ ਕਈ ਵਾਰ ਵਰਤੋਂ ਵਿੱਚ ਇਹ ਵੰਡ ਭੰਗ ਵੀ ਹੋ ਜਾਂਦੀ ਹੈ। ਮਿਸਾਲ ਲਈ, ਪੰਜਾਬੀ ਵਿੱਚ ਦੂਜਾ ਪੁਰਖ ਪੜਨਾਂਵ ‘ਤੁਸੀਂ’ ਅਤੇ ਅੰਗਰੇਜ਼ੀ ਵਿੱਚ ਦੂਜਾ ਪੁਰਖ ਪੜਨਾਂਵ ਦੀ ਵਰਤੋਂ ਤਿੰਨੇ ਪੁਰਖਾਂ ਦੇ ਸਾਂਝੇ ਹਵਾਲੇ ਲਈ ਕੀਤੀ ਜਾਂਦੀ ਹੈ :

          1. ਚੰਗਾ ਕੰਮ ਤੁਹਾਨੂੰ ਖ਼ੁਸ਼ੀ ਦਿੰਦਾ ਹੈ।

          2. A good deed makes you happy.

     ਇਹਨਾਂ ਵਾਕਾਂ ਵਿੱਚ ‘ਤੁਹਾਨੂੰ’ ਅਤੇ ‘You’ ਦੀ ਵਰਤੋਂ ‘ਹਰ ਇੱਕ’ ਦੇ ਅਰਥ ਵਿੱਚ ਕੀਤੀ ਗਈ ਹੈ।

     ਪੁਰਖ ਵਰਗ ਵਿੱਚ ਇੱਕ ਹੋਰ ਵੰਡ ਉਪਚਾਰਿਕ (formal) ਅਤੇ ਅਣ-ਉਪਚਾਰਿਕ (informal) ਹੈ। ਪੰਜਾਬੀ ਵਿੱਚ ਨੇੜਲੇ ਸੰਬੰਧਾਂ ਅਤੇ ਰੁਤਬੇ ਆਦਿ ਵਿੱਚ ਛੋਟੇ ਵਿਅਕਤੀਆਂ ਲਈ ‘ਤੂੰ’ ਦੀ ਵਰਤੋਂ ਹੁੰਦੀ ਹੈ, ਪਰ ਉਪਚਾਰਿਕ ਸੰਬੰਧਾਂ ਅਤੇ ਰੁਤਬੇ ਵਿੱਚ ਵੱਡੇ ਆਦਿ ਵਿਅਕਤੀਆਂ ਲਈ ‘ਤੁਸੀਂ’ ਦੀ। ਪਰ ਕਈ ਭਾਸ਼ਾਵਾਂ ਵਿੱਚ ਇਹਨਾਂ ਦੋਹਾਂ ਸਥਿਤੀਆਂ ਲਈ ਵੱਖਰੇ-ਵੱਖਰੇ ਪੁਰਖਵਾਦੀ ਪੜਨਾਂਵ ਹਨ।

     ਪੁਰਖ ਵਰਗ ਵਿੱਚ ਇੱਕ ਹੋਰ ਵੰਡ ਸਥਾਨੀ ਨੇੜਤਾ ਅਤੇ ਦੂਰੀ ਦੀ ਪਾਈ ਜਾਂਦੀ ਹੈ। ਜਿਵੇਂ ਪੰਜਾਬੀ ਵਿੱਚ ‘ਇਹ’ ਅਤੇ ‘ਉਹ’ ਅੰਗਰੇਜ਼ੀ ਵਿੱਚ ‘This’ ਅਤੇ ‘That’ ਦੀ ਵੰਡ ਹੈ। (ਪੰਜਾਬੀ ਦੇ ਪੁਰਖ-ਵਾਚਕ ਪੜਨਾਂਵਾਂ ਵਿਚਲੀ ਵੰਡ ਦੇ ਵਿਸਤਾਰ ਲਈ ਵੇਖੋ ‘ਪੜਨਾਂਵ’)। ਪੰਜਾਬੀ ਵਿੱਚ ਤਾਂ ਇਹ ਵੰਡ ਚਾਰ ਧਿਰੀ ਹੈ-ਆਹ-ਇਹ-ਔਹ-ਉਹ।

     ਪੁਰਖ ਇਕਾਈ ਦਾ ਪ੍ਰਗਟਾਵਾ ਕਿਰਿਆ ਅਤੇ ਸਹਾਇਕ ਕਿਰਿਆਵਾਂ `ਤੇ ਵੀ ਹੁੰਦਾ ਹੈ, ਜਿਵੇਂ ਕਿ ਹੇਠਲੇ ਵਾਕਾਂ ਵਿੱਚ ਵੇਖਿਆ ਜਾ ਸਕਦਾ ਹੈ :

          3. ਮੈਂ ਜਾਵਾਂਗਾ।

          4. ਅਸੀਂ/ਆਪਾਂ ਜਾਵਾਂਗੇ।

          5. ਤੂੰ ਜਾਏਂਗਾ।

          6. ਤੁਸੀਂ ਜਾਓਗੇ।

          7. ਉਹ ਜਾਏਗਾ।

          8. ਉਹ ਜਾਣਗੇ।

          9. ਮੈਂ ਕੰਮ ਕਰ ਰਿਹਾ ਹਾਂ।

          10. ਅਸੀਂ/ਆਪਾਂ ਕੰਮ ਕਰ ਰਹੇ ਹਾਂ।

          11. ਤੂੰ ਕੰਮ ਕਰ ਰਿਹਾ ਹੈ।

          12. ਤੁਸੀਂ ਕੰਮ ਕਰ ਰਹੇ ਹੋ।

          13. ਉਹ ਕੰਮ ਕਰ ਰਿਹਾ ਹੈ।

          14. ਉਹ ਕੰਮ ਕਰ ਰਹੇ ਹਨ।

     ਪੁਰਖ ਪੱਖੋਂ ਭਾਸ਼ਾਵਾਂ ਦੇ ਆਪਸ ਵਿੱਚ ਬਹੁਤ ਅੰਤਰ ਹਨ। ਮਿਸਾਲ ਲਈ, ਅੰਗਰੇਜ਼ੀ ਵਿੱਚ ਪੁਰਖ ਇਕਾਈ ਦੇ ਪ੍ਰਗਟਾਵੇ ਦੀ ਸਿਰਫ਼ ਇੱਕੋ ਮਿਸਾਲ ਮਿਲਦੀ ਹੈ। (I work ਪਰ He works)। ਇਵੇਂ ਹੀ ਪੰਜਾਬੀ ਵਿੱਚ ਤੀਜਾ ਪੁਰਖ ਪੜਨਾਂਵ ਦਾ ਇੱਕਵਚਨ ਤੇ ਬਹੁਵਚਨ ਅਤੇ ਪੁਲਿੰਗ ਤੇ ਇਸਤਰੀ ਲਿੰਗ ਰੂਪ ਇੱਕੋ ਹੀ ਹੈ :

          15. ਉਹ ਜਾ ਰਿਹਾ ਹੈ।

          16. ਉਹ ਜਾ ਰਹੇ ਹਨ।

          17. ਉਹ ਜਾ ਰਹੀ ਹੈ।

          18. ਉਹ ਜਾ ਰਹੀਆਂ ਹਨ।

ਪਰ ਅੰਗਰੇਜ਼ੀ ਵਿੱਚ ਇਹ ਵੰਡ He ਅਤੇ They ਅਤੇ He ਅਤੇ She ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ।

     ਕਈ ਭਾਸ਼ਾ-ਵਿਗਿਆਨੀ ਪੁਰਖ ਇਕਾਈ ਦੀ ਗੱਲ ਕਰਦਿਆਂ ਕੇਵਲ ਕਿਰਿਆ ਅਤੇ ਸਹਾਇਕ ਕਿਰਿਆ ਰੂਪਾਂ ਨੂੰ ਵਿਚਾਰਦੇ ਹਨ। ਯਾਨੀ ਕਿ ਪੁਰਖ ਦੇ ਜੋ ਰੂਪ ਕਿਰਿਆ ਅਤੇ ਸਹਾਇਕ ਕਿਰਿਆ `ਤੇ ਪ੍ਰਗਟ ਹੁੰਦੇ ਹਨ, ਉਹ ਭਾਸ਼ਾ ਦੇ ਉਹ ਹੀ ਪੁਰਖ ਰੂਪ ਮੰਨੇ ਜਾਂਦੇ ਹਨ।


ਲੇਖਕ : ਜੋਗਾ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 26202, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪੁਰਖ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਪੁਰਖ: ਪੁਰਖ ਇਕ ਵਿਆਕਰਨਕ ਸ਼ਰੇਣੀ ਹੈ। ਪੁਰਖ ਦਾ ਵਿਅਕਤੀ ਨਾਲ ਸਿੱਧਾ ਸਬੰਧ ਨਹੀਂ ਹੈ ਕਿਉਂਕਿ ਤੀਜੇ ਪੁਰਖ ਦਾ ਵਿਅਕਤੀ ਹੋਣਾ ਲਾਜ਼ਮੀ ਨਹੀਂ ਜਿਵੇਂ : ਇਹ\ਉਹ ਦੀ ਵਰਤੋਂ ਗੈਰ-ਵਿਅਕਤੀ ਸੂਚਕਾਂ ਲਈ ਵੀ ਕੀਤੀ ਜਾਂਦੀ ਹੈ। ਪਰੰਪਰਾਵਾਦੀ ਵਿਆਕਰਨਾਂ ਵਿਚ ਪੁਰਖ ਨੂੰ ਧਿਰਾਂ ਜਾਂ ਵਿਅਕਤੀਆਂ ਵਿਚ ਵੰਡਿਆ ਜਾਂਦਾ ਹੈ। ਪਹਿਲੀ ਧਿਰ ਉਹ ਵਿਅਕਤੀ ਹੁੰਦਾ ਹੈ ਜੋ ਬੁਲਾਰਾ ਹੋਵੇ। ਦੂਜੀ ਧਿਰ ਵਿਚ ਸਰੋਤੇ ਨੂੰ ਸ਼ਾਮਲ ਕੀਤਾ ਜਾਂਦਾ ਹੈ ਅਤੇ ਤੀਜੀ ਧਿਰ ਵਿਚ ਜਿਸ ਬਾਰੇ ਕੋਈ ਗੱਲ ਹੋ ਰਹੀ ਹੋਵੇ ਉਸ ਨੂੰ ਸ਼ਾਮਲ ਕੀਤਾ ਜਾਂਦਾ ਹੈ। ਭਾਸ਼ਾ ਦੇ ਇਸ ਵਰਤਾਰੇ ਨੂੰ ਵਿਆਕਰਨ ਦੀ ਸ਼ਬਦਾਵਲੀ ਵਿਚ ‘ਪੁਰਖ’ ਆਖਿਆ ਜਾਂਦਾ ਹੈ। ਇਨ੍ਹਾਂ ਤਿੰਨ ਧਿਰਾਂ ਵਿਚੋਂ ਬੁਲਾਰੇ ਨੂੰ ਪਹਿਲਾ ਪੁਰਖ, ਸਰੋਤੇ ਨੂੰ ਦੂਜਾ ਪੁਰਖ ਅਤੇ ਜਿਸ ਬਾਰੇ ਗੱਲਬਾਤ ਹੋ ਰਹੀ ਹੋਵੇ ਉਸ ਨੂੰ ਤੀਜਾ ਪੁਰਖ ਕਿਹਾ ਜਾਂਦਾ ਹੈ। ਪੁਰਖ ਦੀ ਸੂਚਨਾ ਦੇਣ ਲਈ ਪੜਨਾਂਵ ਸ਼ਬਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਪੁਰਖ ਸ਼ਰੇਣੀ ਕਿਰਿਆ ’ਤੇ ਮਾਰਕ ਹੁੰਦੀ ਹੈ। ਪੰਜਾਬੀ ਦੇ ਪੁਰਖ-ਸੂਚਕ ਪੜਨਾਵਾਂ ਵਿਚੋਂ ਲਿੰਗ ਦੀ ਸੂਚਨਾ ਨਹੀਂ ਮਿਲਦੀ ਪਰ ਵਚਨ ਦੀ ਸੂਚਨਾ ਮਿਲਦੀ ਹੈ।

         ਪੰਜਾਬੀ ਦੇ ਪੜਨਾਂਵ ਸ਼ਰੇਣੀ ਦੇ ਸ਼ਬਦਾਂ ਵਿਚ ਪਹਿਲਾ ਪੁਰਖ ‘ਮੈਂ’, ਦੂਜਾ ਪੁਰਖ ‘ਤੂੰ’ ਅਤੇ ਤੀਜਾ ਪੁਰਖ ‘ਉਹ\ਇਹ’ ਨੂੰ ਰੱਖਿਆ ਜਾਂਦਾ ਹੈ। ਇਨ੍ਹਾਂ ਪੜਨਾਂਵ ਸ਼ਬਦਾਂ ਵਿਚ ਵਚਨ ਦੇ ਪੱਧਰ ਦਾ ਪਰਿਵਰਤਨ ਵਾਪਰਦਾ ਹੈ ਅਤੇ ਪਹਿਲਾ ਪੁਰਖ ਦੇ ਵਚਨ ਤੇ ਕਾਰਕ ਅਨੁਸਾਰ : ਮੈਂ, ਅਸੀਂ, ਮੈਨੂੰ, ਸਾਨੂੰ, ਮੈਥੋਂ, ਸਾਥੋਂ ਰੂਪ ਬਣਦੇ ਹਨ, ਦੂਜੇ ਪੁਰਖ ਲਈ : ਤੂੰ, ਤੁਸੀਂ, ਤੁਸਾਂ, ਤੈਨੂੰ, ਤੁਹਾਨੂੰ, ਤੈਥੋਂ, ਤੁਹਾਥੋਂ ਰੂਪ ਬਣਦੇ ਹਨ। ਇਹ ਰੂਪ ਕਿਰਿਆ ਅਤੇ ਸਹਾਇਕ ਕਿਰਿਆ ਨੂੰ ਪਰਭਾਵਤ ਕਰਦੇ ਹਨ ਜਿਵੇਂ : ਮੈਂ ਗਿਆ ਸੀ, ਅਸੀਂ ਗਏ ਸੀ, ਤੂੰ ਗਿਆ ਸੀ, ਤੁਸੀਂ ਗਏ ਸੋ ਆਦਿ। ਪੰਜਾਬੀ ਵਿਚ ਤੀਜੇ ਪੁਰਖ ਲਈ ਵਰਤੇ ਜਾਂਦੇ ਪੜਨਾਂਵ ਸ਼ਬਦਾਂ ਵਿਚ ਵੀ ਵਚਨ ਭੇਦ ਹੁੰਦਾ ਹੈ ਪਰ ਇਨ੍ਹਾਂ ਦੀ ਵਰਤੋਂ ਵਕਤਾ\ਸਰੋਤਾ ਸੰਵਾਦ ਵੇਲੇ ਸਥਾਨ ਦੇ ਅਧਾਰ ’ਤੇ ਕੀਤੀ ਜਾਂਦੀ ਹੈ, ਭਾਵ ਜਿਸ ਬਾਰੇ ਗੱਲ ਹੋ ਰਹੀ ਹੈ ਕੀ ਉਹ ਸੁਣਦਾ ਹੈ ਜਾਂ ਨਹੀਂ, ਉਹ ਦਿਸਦਾ ਹੈ ਜਾਂ ਨਹੀਂ, ਉਹ ਦੂਰ ਹੈ ਜਾਂ ਨੇੜੇ ਜਾਂ ਉਸ ਦੀ ਬਿਲਕੁਲ ਉਪਸਥਿਤੀ ਨਹੀਂ ਹੈ। ਇਸ ਅਧਾਰ ’ਤੇ ਪੁਰਖਾਂ ਨੂੰ ਨੇੜਲੇ\ਦੁਰਾਡੇ, ਸਰੋਤਾ\ਗੈਰ ਸਰੋਤਾ, ਦਿਖ\ਅਦਿਖ ਵਿਚ ਵੰਡਿਆ ਜਾ ਸਕਦਾ ਹੈ। ਇਸ ਪੱਖ ਤੋਂ ਇਨ੍ਹਾਂ ਪੜਨਾਂਵ ਸ਼ਬਦਾਂ ਦੀ ਰੂਪਾਵਲੀ ਇਸ ਪਰਕਾਰ ਬਣਦੀ ਹੈ ਜਿਵੇਂ : ਇਹ, ਉਹ, ਇਹਨੂੰ, ਉਹਨੂੰ, ਇਹਨੇ, ਉਹਨੇ, ਇਨ੍ਹਾਂ, ਉਨ੍ਹਾਂ, ਇਹਨਾਂ ਨੇ\ਨੂੰ, ਉਹਨਾਂ ਨੇ\ਨੂੰ ਆਦਿ ਇਹ ਨੇੜਲੇ ਅਤੇ ਦੁਰਾਡੇ, ਸਰੋਤਾ ਅਤੇ ਗੈਰ-ਸਰੋਤਾ ਦੇ ਸੂਚਕ ਹਨ ਪਰ ਦੂਜੇ ਪਾਸੇ ਕਈ ਵਾਰ ਤੀਜਾ ਪੁਰਖ ਦਿਸਦਾ ਵੀ ਨਹੀਂ ਹੁੰਦਾ ਤਾਂ ਉਸ ਲਈ ‘ਉਹ’ ਸ਼ਬਦ ਨਾਲ ਜਦੋਂ ਦਿਸਦਾ ਤਾਂ ਹੈ ਪਰ ਸਰੋਤਾ ਵੀ ਨਹੀਂ ਹੁੰਦਾ ਤਾਂ ਉਸ ਲਈ ‘ਉਹ’ ਸ਼ਬਦ ਨਾਲ ਅਤੇ ਜਦੋਂ ਦਿਸਦਾ ਤਾਂ ਹੈ ਪਰ ਸਰੋਤਾ ਨਹੀਂ ਤਾਂ ‘ਔਹ’ ਸ਼ਬਦ ਨਾਲ ਦਰਸਾਇਆ ਜਾਂਦਾ ਹੈ। ਇਥੇ ਇਕ ਗੱਲ ਨੋਟ ਕਰਨ ਵਾਲੀ ਹੈ ਕਿ ਤੀਜਾ ਪੁਰਖ ਹਮੇਸ਼ਾ ਵਿਅਕਤੀ ਨਹੀਂ ਹੁੰਦਾ ਸਗੋਂ ਸਥੂਲ ਜਾਂ ਗੈਰ-ਸਥੂਲ ਵਸਤੂ ਵੀ ਹੋ ਸਕਦੀ ਹੈ ਜਿਵੇਂ : ਉਹ ਪੱਥਰ ਦਾ ਬਣਿਆ ਹੈ। ਇਸ ਦੇ ਨਾਲ ਨਾਲ ਸਰੋਤਾ-ਬੁਲਾਰਾ ਸੰਵਾਦ ਵਿਚ ਪੁਰਖ ਦੀ ਸਥਿਤੀ ਨਿਸ਼ਚਤ ਨਹੀਂ ਹੁੰਦੀ ਸਗੋਂ ਸਰੋਤੇ ਅਤੇ ਬੁਲਾਰੇ ’ਤੇ ਨਿਰਭਰ ਕਰਦਾ ਹੈ। ਜੋ ਸਰੋਤਾ ਹੈ ਉਹ ਬੁਲਾਰਾ ਵੀ ਹੋ ਸਕਦਾ ਹੈ ਅਤੇ ਜੋ ਬੁਲਾਰਾ ਹੈ, ਉਸ ਬਾਰੇ ਵਾਰਤਾਲਾਪ ਵੀ ਹੋ ਸਕਦੀ ਹੈ। ਪਹਿਲਾ, ਦੂਜਾ ਅਤੇ ਤੀਜਾ ਪੁਰਖ ਦੇ ਸੂਚਕ ਸ਼ਬਦ ਸਬੰਧ ਕਾਰਕੀ ਰੂਪ ਵਿਚ ਵਿਚਰ ਸਕਦੇ ਹਨ, ਜਿਵੇਂ : ਪਹਿਲੇ ਪੁਰਖ ਲਈ : ਮੇਰਾ, ਸਾਡਾ, ਸਾਡੇ, ਮੇਰਿਆਂ, ਸਾਡਿਆਂ, ਮੇਰੀ, ਸਾਡੀ ਆਦਿ। ਦੂਜੇ ਪੁਰਖ ਲਈ : ਤੇਰਾ, ਤੁਹਾਡਾ, ਤੇਰੇ, ਤੁਹਾਡੇ, ਤੇਰਿਆਂ, ਤੁਹਾਡਿਆਂ ਆਦਿ ਅਤੇ ਤੀਜੇ ਪੁਰਖ ਲਈ : ਇਸਦਾ, ਉਸਦਾ, ਇਹਦੀ, ਉਹਦੀ ਆਦਿ। ਪ੍ਰਸ਼ਨ-ਵਾਚਕ ਪੜਨਾਂਵ : ਕੌਣ, ਕਿਸ, ਕਿੰਨ੍ਹੇ, ਕੀਹਦਾ, ਕੀ ਆਦਿ ਅਤੇ ਸਬੰਧ-ਵਾਚਕ ਪੜਨਾਂਵ : ਜੋ, ਜਿਸ, ਜੀਹਦਾ ਆਦਿ ਤੀਜੇ ਪੁਰਖ ਦੇ ਸੂਚਕ ਹਨ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 26189, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਪੁਰਖ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੁਰਖ [ਨਾਂਪੁ] ਪੜਨਾਵੀਂ ਰੂਪ ਜੋ ਬੋਲਣ ਵਾਲ਼ੇ ਸੁਣਨ ਵਾਲ਼ੇ ਜਾਂ ਕਿਸੇ ਹੋਰ ਨਾਲ਼ ਸੰਬੰਧਿਤ ਹੁੰਦਾ ਹੈ; ਵੇਖੋ ਪੁਰਸ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26178, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੁਰਖ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੁਰਖ. ਦੇਖੋ, ਪੁਰਖੁ। ੨ ਆਦਮੀ. ਮਨੁੱਖ। ੩ ਪਤਿ. ਭਰਤਾ. “ਕਵਨ ਪੁਰਖ ਕੀ ਜੋਈ.” (ਆਸਾ ਕਬੀਰ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25780, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੁਰਖ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੁਰਖ: ਇਹ ਸੰਸਕ੍ਰਿਤ ਦੇ ‘ਪੁਰੁਸ਼ਸ਼ਬਦ ਦਾ ਤਦਭਵ ਰੂਪ ਹੈ। ਪੁਰਸ਼ ਰੂਪ ਵਿਚ ਪਰਮ-ਸੱਤਾ ਦੀ ਕਲਪਨਾ ਬਹੁਤ ਪੁਰਾਤਨ ਹੈ। ‘ਰਿਗਵੇਦ ’ ਦੇ ‘ਪੁਰਸ਼ ਸੂਕੑਤ’ ਅਨੁਸਾਰ ਪੁਰਸ਼ ਤੋਂ ਭਿੰਨ ਕਿਸੇ ਹੋਰ ਸੱਤਾ ਦਾ ਅਭਾਵ ਹੈ।

ਸਾਂਖੑਯ-ਦਰਸਨ ਵਿਚ ਪੁਰਸ਼ ਆਤਮਾ ਦਾ ਵਾਚਕ ਹੈ। ਪ੍ਰਕ੍ਰਿਤੀ ਭੋਗੑਯ ਹੈ, ਜੜ ਪ੍ਰਕ੍ਰਿਤੀ ਨੂੰ ਕਿਸੇ ਅਧਿਸ਼ਠਾਨ (ਵਾਸ ਜਾਂ ਆਧਾਰ) ਦੀ ਲੋੜ ਹੈ। ਇਹ ਅਧਿਸ਼ਠਾਨ ਪੁਰਸ਼ ਰੂਪ ਵਿਚ ਪ੍ਰਾਪਤ ਹੁੰਦਾ ਹੈ। ਪ੍ਰਕ੍ਰਿਤੀ ਤ੍ਰਿਗੁਣਾਤਮਕ ਹੈ ਅਤੇ ਪੁਰਸ਼ ਤ੍ਰਿਗੁਣਾਂ ਤੋਂ ਰਹਿਤ ਅਤੇ ਨਿਸ਼ਕ੍ਰਿਯ ਹੈ। ਚੇਤਨਾ ਇਸ ਦਾ ਸਰੂਪ ਹੈ, ਧਰਮ ਨਹੀਂ। ਜੜ ਪ੍ਰਕ੍ਰਿਤੀ ਨਾਲ ਇਸ ਦਾ ਸੰਬੰਧ ਨਹੀਂ ਹੋ ਸਕਦਾ। ਕੇਵਲ ਪੁਰਸ਼ ਦੇ ਨੇੜੇ ਜਾਣ ਨਾਲ ਪ੍ਰਕ੍ਰਿਤੀ ਵਿਚ ਕ੍ਰਿਆ ਹੁੰਦੀ ਹੈ ਅਤੇ ਇਸ ਕ੍ਰਿਆ ਨੂੰ ਪੁਰਸ਼ ਭਰਮ ਨਾਲ ਆਪਣੀ ਕ੍ਰਿਆ ਮੰਨ ਕੇ ਸੰਸਾਰ ਦੇ ਤਿੰਨ ਪ੍ਰਕਾਰ ਦੇ ਦੁਖਾਂ ਵਿਚ ਫਸ ਜਾਂਦਾ ਹੈ। ਅਸਲ ਵਿਚ, ਪੁਰਸ਼ ਵਿਚ ਬੰਧਨ ਅਤੇ ਮੋਖ ਨਹੀਂ ਹੁੰਦੇ। ਇਹ ਉਸ ਦੀ ਕੈਵਲੑਯ ਅਵਸਥਾ ਹੈ ਜੋ ਆਪਣੇ ਸ਼ੁੱਧ ਰੂਪ ਦੇ ਸੰਬੰਧ ਵਿਚ ਭਰਮ ਦਾ ਨਾਸ਼ ਹੋਣ ਨਾਲ ਪ੍ਰਾਪਤ ਹੁੰਦੀ ਹੈ। ਪੁਰਸ਼ ਇਕ ਨਹੀਂ ਅਨੇਕ ਹਨ। ਇਨ੍ਹਾਂ ਪੁਰਸ਼ਾਂ ਤੋਂ ਪਰੇ ਇਕ ਪੁਰਸ਼ੋਤਮ ਦੀ ਕਲਪਨਾ ਕੀਤੀ ਵੀ ਮਿਲਦੀ ਹੈ। ਇਹ ਈਸ਼ਵਰ ਦਾ ਸਮਾਨਾਰਥਕ ਹੈ।

ਭਗਤ ਜੈਦੇਵ ਦੀ ਸਥਾਪਨਾ ਹੈ ਕਿ ਪਰਮਦਭੁਤੰ ਪਰਕ੍ਰਿਤਿ ਪਰੰ ਜਦਿਚਿੰਤਿ ਸਰਬ ਗਤੰ (ਗੁ.ਗ੍ਰੰ.526)। ਉਹ ਪਰਮ ਅਦਭੁਤ ਪਰਮਾਤਮਾ ਪ੍ਰਕ੍ਰਿਤੀ (ਕੁਦਰਤ) ਤੋਂ ਪਰੇ ਹੈ, ਜਿਸ ਦਾ ਧਿਆਨ ਕਰਨ ਨਾਲ ਸਭ ਗਤਿ ਪ੍ਰਾਪਤ ਕਰਦੇ ਹਨ। ‘ਮੂਲ ਮੰਤ੍ਰ ’ ਵਿਚ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਨੂੰ ‘ਕਰਤਾ ਪੁਰਖ’ (ਵੇਖੋ) ਕਿਹਾ ਹੈ, ਇਸ ਲਈ ਸਿੱਖ ਧਰਮ ਵਿਚ ‘ਪੁਰਖ’ ਦੀ ਭਾਵਨਾ ਸਾਂਖੑਯ ਦਰਸ਼ਨ ਤੋਂ ਭਿੰਨ ਸਿੱਧ ਹੁੰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25729, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਪੁਰਖ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪੁਰਖ* (ਸੰ.। ਸੰਸਕ੍ਰਿਤ ਪੁਰੑਖ਼=ਜੋ ਸਾਰੇ ਲੋਕਾਂ ਵਿਚ ਵ੍ਯਾਪਕ ਹੋਵੇ) ੧. ਪੂਰਣ, ਵਿਆਪਕ। ਅਕਾਲ ਪੁਰਖ , ਬ੍ਰਹਮ। ਯਥਾ-‘ਸਤਿਨਾਮੁ ਕਰਤਾ ਪੁਰਖੁ ’।

੨. (ਸਾਂਖ੍ਯ ਦਾ ਪੰਝੀਵਾਂ ਤਤ ਜੋ ਚੇਤਨ ਹੈ) ਰੂਹ , ਜੀਵਾਤਮਾ। ਯਥਾ-‘ਜਹ ਨਿਰਮਲ ਪੁਰਖੁ ਪੁਰਖ ਪਤਿ ਹੋਤਾ’। ਜਿਥੇ (ਪੁਰਖਾਂ) ਸਾਰੀਆਂ ਰੂਹਾਂ ਦਾ ਸੁਆਮੀ (ਇਕ) ਨਿਰਮਲ ਪੁਰਖ (ਅਕਾਲ ਪੁਰਖ ਆਪ ਹੀ ਹੁੰਦਾ ਹੈ, ਓਥੇ ਂਂ ਂ ਂ ਂ।

ਦੇਖੋ, ‘ਪੁਰਖੈ’

੩. ਆਦਮੀ, ਨਰ। ਯਥਾ-‘ਇਸੁ ਜਗ ਮਹਿ ਪੁਰਖੁ ਏਕੁ ਹੈ’।

----------

* ਸਾਂਖ੍ਯ ਨੇ ਇਕ ਪ੍ਰਕ੍ਰਿਤਿ ਮੰਨੀ ਹੈ ਜਿਸ ਨੂੰ ਮਾਦਾ ਕਹਿ ਸਕਦੇ ਹਾਂ ਤੇ ਇਕ ਪੁਰਖ। ਇਹ ਪੁਰਖ ਚੇਤਨ ਹੈ ਪਰ ਸਾਂਖ ਨੇ ਪੁਰਖ ਨੂੰ ਯਾ ਪੁਰਖਾਂ ਵਿਚੋਂ ਕਿਸੇ ਵਿਸ਼ੇਸ਼ ਪੁਰਖ ਨੂੰ ਈਸ਼੍ਵਰ ਯਾ ਕਰਤਾ ਨਹੀਂ ਮੰਨਿਆ। ਯੋਗ ਨੇ ਪੁਰਖ ਵਿਸ਼ੇ ਮੰਨਿਆਂ ਹੈ ਜੋ ਈਸ਼ਰ ਦਾ ਨਾਮ ਹੈ ਪਰ ਕਰਤਾ ਉਸ ਬੀ ਨਹੀਂ ਮੰਨਿਆਂ। ਗੁਰੂ ਜੀ ਨੇ ਆਪਣੇ ‘ਪੁਰਖ’ ਨੂੰ ‘ਕਰਤਾ ਪੁਰਖ’ ਲਿਖਿਆ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 25731, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਸਤਿ ਸ੍ਰੀ ਅਕਾਲ ਜੀ, ਮੈਂ ਇੱਕ ਗੱਲ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਸ਼ੁਰੂਆਤ ਤੋਂ ਤੀਸਰੇ ਪੈਰ੍ਹੇ ਵਿੱਚ ਗਲਤੀ ਨਾਲ਼ 'ਸ੍ਰੋਤੇ ਲਈ ਪਹਿਲਾ ਪੁਰਖ, ਬੁਲਾਰੇ ਲਈ ਦੂਜਾ ਪੁਰਖ' ਅੰਕਿਤ ਹੋ ਗਿਆ ਹੈ। ਉਮੀਦ ਹੈ ਕਿ ਛੇਤੀ ਹੀ ਸੋਧ ਕੀਤੀ ਜਾਵੇਗੀ। ਧੰਨਵਾਦ।


ੲਿਕਬਾਲ ਸਿੰਘ, ( 2018/05/06 10:5007)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.