ਪੰਜਾਬੀ ਕਹਾਣੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੰਜਾਬੀ ਕਹਾਣੀ: ਪੰਜਾਬੀ ਕਹਾਣੀ ਦਾ ਅਰੰਭ ਮਨੁੱਖੀ ਜੀਵਨ ਦੇ ਆਦਿ ਨਾਲ ਜੁੜਿਆ ਹੋਇਆ ਹੈ। ਜਦੋਂ ਮਨੁੱਖ ਬੋਲ ਕੇ ਆਪਣੀ ਗੱਲ ਸੁਣਾਉਣ, ਸਮਝਾਉਣ ਦੇ ਯੋਗ ਹੋਇਆ ਓਦੋਂ ਤੋਂ ਹੀ ਕਹਾਣੀ ਦਾ ਜਨਮ ਹੋਇਆ ਮੰਨਿਆ ਜਾਣਾ ਚਾਹੀਦਾ ਹੈ, ਕਿਉਂਕਿ ਮੁਢਲੇ ਕਬੀਲਾ ਯੁੱਗ ਵਿੱਚ ਜਦੋਂ ਮਨੁੱਖ ਆਪਣਾ ਢਿੱਡ ਭਰਨ ਲਈ ਕੀਤੇ ਯਤਨਾਂ ਬਾਰੇ ਆਪਣੇ ਕਬੀਲੇ ਦੇ ਲੋਕਾਂ ਨੂੰ ਘਟਨਾਵਾਂ ਸੁਣਾਉਂਦਾ ਹੋਵੇਗਾ, ਉਸ ਕਾਰਜ ਵਿੱਚੋਂ ਹੀ ਕਹਾਣੀ ਉਗਮੀ ਹੋਵੇਗੀ। ਅਰੰਭਿਕ ਰੂਪ ਵਿੱਚ ਕਿਸੇ ਹੋਈ ਬੀਤੀ ਘਟਨਾ ਨੂੰ ਦਿਲਚਸਪ ਬਣਾ ਕੇ ਪੇਸ਼ ਕਰਨ ਨੂੰ ਹੀ ਕਹਾਣੀ ਕਿਹਾ ਗਿਆ ਹੋਵੇਗਾ। ਘਟਨਾਵਾਂ ਦਾ ਵਾਪਰਨਾ ਜਿੱਥੇ ਜੀਵਨ ਦਾ ਅਹਿਮ ਹਿੱਸਾ ਹੈ, ਉੱਥੇ ਘਟਨਾਵਾਂ ਨੂੰ ਦੂਜਿਆਂ ਨਾਲ ਸਾਂਝਾ ਕਰਨਾ ਮਨੁੱਖੀ ਰੁਚੀ ਦੀ ਲੋੜ ਹੈ। ਇਸ ਤਰ੍ਹਾਂ ਕਹਾਣੀ ਮਨੁੱਖੀ ਸੱਭਿਅਤਾ ਦੇ ਵਿਕਾਸ ਨਾਲ ਕਦਮ ਮਿਲਾਈ ਚੱਲੀ ਆਉਂਦੀ ਹੈ। ਬਾਤਾਂ, ਬੁਝਾਰਤਾਂ, ਪਰੀ ਕਹਾਣੀਆਂ, ਲੋਕ ਕਹਾਣੀਆਂ, ਸਾਖੀਆਂ, ਸਫ਼ਰਨਾਮੇ, ਯਾਦਾਂ, ਹੱਡ-ਬੀਤੀਆਂ ਕਹਾਣੀ ਦੇ ਹੀ ਵੱਖੋ-ਵੱਖਰੇ ਵਿਕਾਸ ਪੜਾਅ ਅਤੇ ਕਿਸਮਾਂ ਹਨ।

     ਉਂਞ ਤਾਂ ਸਾਡੇ ਦੇਸ਼ ਪੰਜਾਬ ਤੇ ਬਹੁਤ ਸਾਰੇ ਧਾੜਵੀਆਂ ਨੇ ਹੱਲੇ ਕੀਤੇ, ਟਿਕੇ ਅਤੇ ਰਾਜ ਵੀ ਕੀਤਾ, ਆਪਣੀ ਸੰਸਕ੍ਰਿਤੀ, ਭਾਸ਼ਾ ਅਤੇ ਸੱਭਿਆਚਾਰ ਦੁਆਰਾ ਪੰਜਾਬੀਆਂ ਦੀ ਜੀਵਨ-ਜਾਚ ਨੂੰ ਪ੍ਰਭਾਵਿਤ ਵੀ ਕੀਤਾ ਪਰ ਪੰਜਾਬ ਤੇ ‘ਅੰਗਰੇਜ਼ਾਂ ਦਾ ਕਬਜ਼ਾ ਅਤੇ ਫਲਸਰੂਪ ਰਹਿਣੀ ਬਹਿਣੀ ਤੇ ਪਿਆ ਪ੍ਰਭਾਵ ਕੁਝ ਵਧੇਰੇ ਹੀ ਉਘੜਵਾਂ ਹੈ। ਉਹਨਾਂ ਦੀ ਭਾਸ਼ਾ ਅਤੇ ਸੱਭਿਆਚਾਰ ਬਾਕੀ ਹਮਲਾਵਰਾਂ, ਕਾਬਜ਼ਕਾਰਾਂ ਨਾਲੋਂ ਬਹੁਤ ਜ਼ਿਆਦਾ ਭਿੰਨਤਾ ਵਾਲਾ ਸੀ। ਵਖਰੇਵੇਂ ਦੇ ਨਾਲ-ਨਾਲ ਸਾਡੇ ਨਾਲੋਂ ਵੱਧ ਵਿਗਿਆਨਿਕ ਹੋਣ ਕਰ ਕੇ ਪ੍ਰਭਾਵਕਾਰੀ ਵੀ ਵਧੇਰੇ ਸੀ। ਇਸ ਪ੍ਰਭਾਵ ਨੇ ਪੰਜਾਬੀ ਜੀਵਨ ਦੇ ਨਾਲ-ਨਾਲ ਸਾਹਿਤ ਵਿੱਚ ਵੀ ਪਛਾਣਯੋਗ ਤਬਦੀਲੀ ਵਰਤਾਈ। ਇਸ ਤਬਦੀਲੀ ਦੇ ਪ੍ਰਤੱਖ ਵਖਰੇਵੇਂ ਨੇ ਆਧੁਨਿਕਤਾ ਦਾ ਸੰਕਲਪ ਦਿੱਤਾ। ਆਧੁਨਿਕਤਾ ਇੱਕ ਅਜਿਹਾ ਪੜਾਅ ਹੈ ਜੋ ਸਪਸ਼ਟ ਭਾਂਤ ਨਵੀਨਤਾ ਦੀ ਸ਼ੁਰੂਆਤ ਦਾ ਸੂਚਕ ਹੈ। ਇਸ ਤਰ੍ਹਾਂ ਪ੍ਰਾਚੀਨ ਅਤੇ ਮਧਕਾਲੀਨ ਕਹਾਣੀ ਦੀ ਨਿਰੰਤਰ ਇਤਿਹਾਸਿਕ ਲੜੀ ਵਿੱਚ ਆਧੁਨਿਕਤਾ ਅਜਿਹਾ ਮੋੜ ਹੈ ਜਿੱਥੋਂ ਅਸੀਂ ਹੁਣ ਵਰਤਮਾਨ ਦੀ ਹਰ ਕਸੌਟੀ ਦੀ ਸ਼ੁਰੂਆਤ ਕਰਦੇ ਹਾਂ। ਇਸੇ ਲਈ ਰਵਾਇਤੀ ਕਹਾਣੀ ਦੇ ਸਨਮੁਖ ਕਹਾਣੀ ਦਾ ਆਪਣਾ ਇੱਕ ਵੱਖਰਾ ਸਰੂਪਗਤ ਮੁਹਾਂਦਰਾ ਹੈ। ਆਧੁਨਿਕ ਪੰਜਾਬੀ ਕਹਾਣੀ ਦੇ ਇਤਿਹਾਸ ਵਿੱਚ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ 1913 ਵਿੱਚ ਲਿਖੀ ਗਈ ਪ੍ਰਤਿਮਾ ਕਹਾਣੀ ਨਾਲ ਗੱਲ ਸ਼ੁਰੂ ਕੀਤੀ ਜਾਂਦੀ ਹੈ। ਈਸਾਈ ਮਿਸ਼ਨਰੀਆਂ ਦੇ ਚੌਪੱਤਰੇ, ਭਾਈ ਵੀਰ ਸਿੰਘ ਦੇ ਟ੍ਰੈਕਟ ਅਤੇ ਇਹਨਾਂ ਦੇ ਸਮਕਾਲੀ ਲੇਖਕਾਂ ਹੀਰਾ ਸਿੰਘ ਦਰਦ, ਗੁਰਮੁਖ ਸਿੰਘ ਮੁਸਾਫ਼ਿਰ, ਮੋਹਨ ਸਿੰਘ ਦਿਵਾਨਾ ਅਤੇ ਨਾਨਕ ਸਿੰਘ ਹੋਰਾਂ ਵੱਲੋਂ ਲਿਖੀਆਂ ਸੁਧਾਰਵਾਦੀ ਆਦਰਸ਼ਵਾਦੀ ਕਹਾਣੀਆਂ, ਪੰਜਾਬੀ ਕਹਾਣੀ ਦੇ ਮੁਢਲੇ ਸੁਹਿਰਦ ਯਤਨ ਹਨ। ਇਹ ਲੇਖਕ, ਘਟਨਾਵਾਂ ਅਤੇ ਵਿਚਾਰਾਂ ਨੂੰ ਆਪਣੇ ਵਿਰਸੇ ਵਿੱਚੋਂ ਅਤੇ ਰੂਪਵਿਧੀ ਅੰਗਰੇਜ਼ੀ ਕਹਾਣੀ ਅਨੁਸਾਰ ਗ੍ਰਹਿਣ ਕਰ ਕੇ ਪੰਜਾਬੀ ਕਹਾਣੀ ਦਾ ਮੁਹਾਂਦਰਾ ਪ੍ਰਦਾਨ ਕਰਨ ਲਈ ਯਤਨਸ਼ੀਲ ਰਹੇ ਹਨ। ਵੀਹਵੀਂ ਸਦੀ ਦੇ ਤੀਜੇ ਦਹਾਕੇ ਵਿੱਚ ਅਕਾਲੀ, ਫੁਲਵਾੜੀ, ਪ੍ਰੀਤਮ, ਕਿਰਤੀ ਆਦਿ ਰਸਾਲਿਆਂ ਨੇ ਕਹਾਣੀ ਦਾ ਮੂੰਹ-ਮੱਥਾ ਸੰਵਾਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

     ਵੀਹਵੀਂ ਸਦੀ ਦੇ ਚੌਥੇ ਦਹਾਕੇ ਵਿੱਚ, ਅੰਗਰੇਜ਼ੀ ਵਿੱਦਿਆ ਦੇ ਪਸਾਰ ਦੇ ਨਤੀਜੇ ਵਜੋਂ ਫ਼ਰਾਇਡਵਾਦ, ਮਾਰਕਸਵਾਦ, ਪੂੰਜੀਵਾਦ ਜਿਹੀਆਂ ਲਹਿਰਾਂ ਪੰਜਾਬੀ ਲੇਖਕਾਂ ਦੀ ਚੇਤਨਾ ਨੂੰ ਪ੍ਰਭਾਵਿਤ ਕਰ ਕੇ ਆਪਣੇ ਪ੍ਰਭਾਵਾਂ ਦੀ ਸਾਹਿਤ ਵਿੱਚ ਦਖ਼ਲ-ਅੰਦਾਜ਼ੀ ਵਧਾਉਂਦੀਆਂ ਹਨ। ਪਹਿਲੋਂ-ਪਹਿਲ ਇਹ ਨਵੀਂ ਚੇਤਨਾ ਸੰਤ ਸਿੰਘ ਸੇਖੋਂ, ਕਰਤਾਰ ਸਿੰਘ ਦੁੱਗਲ, ਸੁਜਾਨ ਸਿੰਘ ਅਤੇ ਮੋਹਨ ਸਿੰਘ ਦੀਆਂ ਕਹਾਣੀਆਂ ਵਿੱਚੋਂ ਪ੍ਰਗਟ ਹੋਣ ਲੱਗਦੀ ਹੈ, ਫਿਰ ਇਹਨਾਂ ਵਿੱਚ ਬਲਵੰਤ ਗਾਰਗੀ, ਦੇਵਿੰਦਰ ਸਤਿਆਰਥੀ, ਸੰਤੋਖ ਸਿੰਘ ਧੀਰ, ਨੌਰੰਗ ਸਿੰਘ, ਸੁਰਿੰਦਰ ਸਿੰਘ ਨਰੂਲਾ, ਨਵਤੇਜ ਸਿੰਘ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਸੁਖਬੀਰ, ਗੁਰਚਰਨ ਸਿੰਘ, ਕੁਲਵੰਤ ਸਿੰਘ ਵਿਰਕ, ਮਹਿੰਦਰ ਸਿੰਘ ਸਰਨਾ, ਸੁਰਜੀਤ ਸਿੰਘ ਸੇਠੀ, ਅੰਮ੍ਰਿਤਾ ਪ੍ਰੀਤਮ ਆਦਿ ਦਰਜਨਾਂ ਨਾਂ ਹੋਰ ਸ਼ਾਮਲ ਹੋ ਜਾਂਦੇ ਹਨ। ਇਹਨਾਂ ਲੇਖਕਾਂ ਨੇ ਕਹਾਣੀ ਨੂੰ ਆਦਰਸ਼ ਅਤੇ ਰਹੱਸ ਵੱਲੋਂ ਮੋੜ ਕੇ ਯਥਾਰਥ ਨਾਲ ਜੋੜਿਆ। ਸਧਾਰਨ ਮਨੁੱਖ ਦੀ ਸਧਾਰਨਤਾ ਨੂੰ ਕੇਂਦਰੀ ਮੁੱਦਾ ਬਣਾਇਆ। ਜੁਗਤ ਪੱਖੋਂ ਘਟਨਾਵੀ ਗੁੰਝਲ, ਮੌਕਾ ਮੇਲ ਅਤੇ ਸਰਲੀਕਰਨ ਦੀ ਥਾਂ ਕਾਰਜ ਅਤੇ ਪ੍ਰਭਾਵ ਦੀ ਏਕਤਾ ਵੱਲ ਧਿਆਨ ਇਕਾਗਰ ਕਰਵਾਇਆ। ਮਨੁੱਖੀ ਮਨ ਦੀਆਂ ਸੰਵੇਦਨਾਵਾਂ ਨੂੰ ਬੋਲ ਪ੍ਰਦਾਨ ਕੀਤੇ। ਸਥਿਤੀਆਂ ਨੂੰ ਕਾਲਪਨਿਕ ਰੂਪ ਦਿੱਤਾ। ਅਣਗੌਲਿਆਂ ਨੂੰ ਗੌਲਣਯੋਗ ਬਣਾਇਆ। ਸਿੱਟੇ ਵਜੋਂ, ਯਥਾਰਥਵਾਦੀ ਅਤੇ ਪ੍ਰਗਤੀਵਾਦੀ ਕਹਾਣੀ ਮੁੱਖ ਧਾਰਾ ਵਜੋਂ ਉੱਭਰ ਆਈ। ਪੰਜਵੇਂ ਦਹਾਕੇ ਵਿੱਚ ਇਸ ਧਾਰਾ ਦੇ ਸਮਵਿਥ ਹੀ ਸੁਰਜੀਤ ਸਿੰਘ ਸੇਠੀ, ਪ੍ਰੇਮ ਪ੍ਰਕਾਸ਼, ਗੁੱਲ ਚੌਹਾਨ, ਤਰਸੇਮ ਨੀਲਗਿਰੀ ਹੋਰਾਂ ਨੇ ਆਧੁਨਿਕਤਾਵਾਦੀ ਕਹਾਣੀਆਂ ਲਿਖੀਆਂ, ਭਾਵ ਮਨੁੱਖ ਦੀਆਂ ਵਿਅਕਤੀਗਤ ਸਮੱਸਿਆਵਾਂ, ਇੱਛਾਵਾਂ, ਤਣਾਵਾਂ ਨੂੰ ਮੂਰਤੀਮਾਨ ਕੀਤਾ। ਆਧੁਨਿਕਤਾਵਾਦ, ਵਿਚਿੱਤਰਤਾ ਅਤੇ ਹੈਰਾਨੀਜਨਕ ਪੇਸ਼ਕਾਰੀ ਵਲ ਰੁਚਿਤ ਸੀ। ਯਥਾਰਥਵਾਦੀਆਂ ਨੇ ਆਮ ਸਧਾਰਨ ਲੋਕਾਈ ਦੇ ਮਸਲਿਆਂ ਨੂੰ ਜਿਊਂਦੇ-ਜਾਗਦੇ ਲੋਕਾਂ ਦੇ ਪਾਤਰੀਕਰਨ ਦੁਆਰਾ ਸਿਰਜਿਆ। ਔਰਤ ਕਹਾਣੀਕਾਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਅਤੇ ਦਲੀਪ ਕੌਰ ਟਿਵਾਣਾ, ਪ੍ਰਭਜੋਤ ਕੌਰ, ਬਚਿੰਤ ਕੌਰ, ਚੰਦਨ ਨੇਗੀ, ਅਜੀਤ ਕੌਰ ਆਦਿ ਨੇ ਨਾਰੀ ਮਨ ਦੀ ਯਥਾਰਥਿਕ ਪੇਸ਼ਕਾਰੀ ਦਾ ਰਾਹ ਅਪਣਾਇਆ। ਸੰਨ ਸੰਨਤਾਲੀ ਵਿੱਚ ਮਿਲੀ ਦੇਸ ਦੀ ਅਜ਼ਾਦੀ ਅਤੇ ਦੇਸ਼ ਦੀ ਵੰਡ ਨੇ ਬਟਵਾਰੇ ਦੌਰਾਨ ਵਾਪਰੀਆਂ ਦਿਲ-ਕੰਬਾਊ ਘਟਨਾਵਾਂ ਨੂੰ ਕਹਾਣੀ ਦਾ ਵਿਸ਼ਾ ਬਣਾਇਆ ਜਿਸ ਦੇ ਫਲਸਰੂਪ ਦੇਸ਼ ਵੰਡ ਨਾਲ ਸੰਬੰਧਿਤ ਕਹਾਣੀ ਦਾ ਆਪਣਾ ਇੱਕ ਵੱਖਰਾ ਸਥਾਨ ਨਿਸ਼ਚਿਤ ਹੋਇਆ ਹੈ। ਨਾਨਕ ਸਿੰਘ, ਦੁੱਗਲ, ਵਿਰਕ, ਮੁਸਾਫ਼ਿਰ, ਸੁਜਾਨ ਸਿੰਘ, ਗੁਰਬਚਨ ਭੁੱਲਰ, ਮਹਿੰਦਰ ਸਿੰਘ ਸਰਨਾ ਵੰਡ ਨਾਲ ਸੰਬੰਧਿਤ ਕਹਾਣੀ ਦੇ ਉਘੜਵੇਂ ਹਸਤਾਖਰ ਹਨ।

     ਅਰੰਭ ਤੋਂ ਹੀ ਭਾਵੇਂ ਕਹਾਣੀ ਵਿੱਚ ਨਾਰੀ ਮਨ ਨੂੰ ਪ੍ਰਤਿਬਿੰਬਤ ਕੀਤਾ ਜਾਂਦਾ ਰਿਹਾ ਹੈ ਅਤੇ ਮਰਦ ਲੇਖਕਾਂ ਨੇ ਵੀ ਇਸ ਵਰਗ ਦੀ ਪੇਸ਼ਕਾਰੀ ਪ੍ਰਤਿ ਕਲਾ ਦੀ ਯਥਾਯੋਗ ਵਰਤੋਂ ਕੀਤੀ ਹੈ ਪਰ ਕਹਾਣੀ ਖੇਤਰ ਵਿੱਚ ਸ਼ਾਮਲ ਹੋਈਆਂ ਉਪਰੋਕਤ ਵਰਣਿਤ ਇਸਤਰੀ ਕਹਾਣੀਕਾਰਾਂ ਨੇ ਮਰਦ ਲੇਖਕਾਂ ਨਾਲੋਂ ਵੱਖਰੀ ਭਾਂਤ ਦੀ ਦ੍ਰਿਸ਼ਟੀ, ਮਸਲੇ ਅਤੇ ਪੇਸ਼ਕਾਰੀ ਦਾ ਸਬੂਤ ਦਿਤਾ ਹੈ। ਛੇਵੇਂ, ਸਤਵੇਂ, ਅਠਵੇਂ, ਨੌਂਵੇਂ ਦਹਾਕਿਆਂ ਵਿੱਚ ਲਿਖੀ ਗਈ ਪੰਜਾਬੀ ਕਹਾਣੀ ਸਰਲ ਤੋਂ ਜਟਿਲ ਅਤੇ ਫਿਰ ਜਟਿਲਤਰ ਹੁੰਦੀ ਗਈ ਹੈ। ਕਥਾਨਕ ਵਿੱਚ ਉਪ-ਕਥਾਨਕਾਂ ਦੀ ਸ਼ਮੂਲੀਅਤ, ਸੰਘਣੀ, ਬਹੁਪਰਤੀ, ਬਹੁਪਸਾਰੀ ਸੰਰਚਨਾ ਅਤੇ ਪਾਤਰੀਕਰਨ ਦੀਆਂ ਨਵੀਨ ਵਿਭਿੰਨ ਵਿਧੀਆਂ ਕਹਾਣੀ ਨੂੰ ਜਟਿਲ ਅਤੇ ਤਣਾਉਯੁਕਤ ਬਣਾਉਂਦੀਆਂ ਹਨ। ਅਜੀਤ ਕੌਰ, ਰਘੁਬੀਰ ਢੰਡ, ਗੁਰਬਚਨ ਭੁੱਲਰ, ਵਰਿਆਮ ਸੰਧੂ, ਪ੍ਰੇਮ ਪ੍ਰਕਾਸ਼, ਰਾਮ ਸਰੂਪ ਅਣਖੀ, ਅਤਰਜੀਤ, ਗੁਰਦੇਵ ਰੁਪਾਣਾ, ਜਸਵੰਤ ਸਿੰਘ ਵਿਰਦੀ, ਜਸਬੀਰ ਭੁੱਲਰ, ਪ੍ਰੇਮ ਗੋਰਖੀ, ਬਲਦੇਵ ਸਿੰਘ, ਦਲਬੀਰ ਚੇਤਨ, ਜੋਗਿੰਦਰ ਕੈਰੋਂ, ਜੋਗਿੰਦਰ ਨਿਰਾਲਾ, ਨਰਪਿੰਦਰ ਰਤਨ, ਭੁਪਿੰਦਰ ਸਿੰਘ, ਪਰਗਟ ਸਿੱਧੂ, ਮੋਹਨ ਭੰਡਾਰੀ, ਐਸ. ਤਰਸੇਮ, ਕੇ.ਐਲ. ਗਰਗ, ਰਾਜਿੰਦਰ ਕੌਰ, ਮਹੀਪ ਸਿੰਘ, ਕੁਲਦੀਪ ਬੱਗਾ, ਗੁਰਮੁਖ ਸਿੰਘ ਜੀਤ, ਲੋਚਨ ਬਖਸ਼ੀ, ਸਵਿੰਦਰ ਸਿੰਘ ਉੱਪਲ, ਤਾਰਨ ਗੁਜਰਾਲ, ਕਾਨਾ ਸਿੰਘ, ਬਲਜੀਤ ਕੌਰ ਬਲੀ, ਕਿਰਪਾਲ ਕਜ਼ਾਕ ਜਿਹੇ ਕਹਾਣੀਕਾਰ, ਪੰਜਾਬੀ ਕਹਾਣੀ ਨੂੰ ਬਾਕੀ ਸਾਹਿਤਿਕ ਵਿਧਾਵਾਂ ਵਿੱਚੋਂ ਸ੍ਰੇਸ਼ਠ ਹੋਣ ਦਾ ਗੌਰਵ ਪ੍ਰਦਾਨ ਕਰਨ ਹਿਤ ਸੁਦ੍ਰਿੜ੍ਹ ਰਹੇ ਹਨ।

     ਪਾਕਿਸਤਾਨੀ ਪੰਜਾਬੀ ਕਹਾਣੀ ਦਾ ਵੀ ਇੱਕ ਨਿਸ਼ਚਿਤ ਮਹੱਤਵ ਹੈ। ਦੇਸ਼ ਦੀ ਅਜ਼ਾਦੀ, ਦੇਸ਼ ਦੀ ਵੰਡ, ਪਾਕਿਸਤਾਨ ਦੀ ਕਾਇਮੀ ਅਤੇ ਬਟਵਾਰੇ ਦਾ ਦੁਖਾਂਤ ਪਾਕਿਸਤਾਨੀ ਪੰਜਾਬੀ ਕਹਾਣੀਕਾਰਾਂ ਵਾਸਤੇ ਬਹੁਤ ਜਟਿਲ, ਵਿਰੋਧ- ਮੁੱਖੀ ਮਸਲੇ ਹਨ। 1960 ਤੱਕ ਉਹਨਾਂ ਨੂੰ ਸਮਝ ਹੀ ਨਹੀਂ ਆਈ ਕਿ ਇਹਨਾਂ ਮਸਲਿਆਂ ਵਿੱਚੋਂ ਕਿਸ ਬਾਰੇ ਲਿਖਣ ਪਰ ਫਿਰ ਅਫ਼ਜ਼ਲ ਅਹਿਸਨ ਰੰਧਾਵਾ, ਸਲੀਮ ਖਾਂ ਗਿਮੀ, ਹਨੀਫ ਬਾਵਾ, ਮਨਸ਼ਾ ਯਾਦ, ਕੰਵਲ ਮੁਸ਼ਤਾਕ ਅਤੇ ਬਾਅਦ ਵਿੱਚ ਅਫ਼ਜ਼ਲ ਤੌਸੀਫ਼, ਇਲਿਆਸ ਘੁੰਮਣ, ਹਾਮਿਦ ਬੇਗ, ਤੌਕੀਰ ਚੁਗਤਾਈ ਆਦਿ ਲੇਖਕਾਂ ਨੇ ਉੱਤਮ ਗਲਪ ਰਚਨਾਵਾਂ ਦਿੱਤੀਆਂ ਹਨ। ਇਹਨਾਂ ਦੀਆਂ ਕਹਾਣੀਆਂ ਵਿੱਚ ਵੰਡ ਦੇ ਦੁਖਾਂਤ ਦੀਆਂ ਸਿਮਰਤੀਆਂ ਅਤੇ ਪਾਕਿਸਤਾਨੀ ਸ਼ਾਸਨ ਦੀ ਜਕੜ ਸੰਬੰਧੀ ਮਸਲੇ ਪੇਸ਼ਕ੍ਰਿਤ ਹਨ। ਲੋਕਰਾਜੀ ਪ੍ਰਕਿਰਿਆ ਦੀ ਕਮਜ਼ੋਰੀ ਕਾਰਨ ਇਹਨਾਂ ਦਾ ਪ੍ਰਗਟਾਵਾ ਸਪਸ਼ਟ ਹੋਣ ਦੀ ਥਾਂ ਪ੍ਰਤੀਕਮਈ ਵਧੇਰੇ ਹੈ। ਇਹਨਾਂ ਵਿੱਚ ਵੀ ਇਸਲਾਮਕ ਅਵਚੇਤਨ ਅਤੇ ਉਰਦੂ ਮੁਹਾਵਰਾ ਪ੍ਰਮੁਖ ਰਹਿੰਦੇ ਹਨ।

     ਪੰਜਾਬੀ ਕਹਾਣੀ ਦਾ ਇੱਕ ਮਹੱਤਵਪੂਰਨ ਖੇਤਰ ਪਰਵਾਸੀ ਕਹਾਣੀ ਹੈ। ਪਹਿਲ ਇੰਗਲੈਂਡ ਵਾਸੀਆਂ ਨੇ ਕੀਤੀ ਪਰ ਯੂਰਪ ਦੇ ਹੋਰ ਦੇਸ਼ਾਂ ਅਤੇ ਅਮਰੀਕਾ, ਅਫਰੀਕਾ, ਕੈਨੇਡਾ, ਜਪਾਨ ਆਦਿ ਮੁਲਕਾਂ ’ਚ ਵੱਸਦੇ ਪੰਜਾਬੀਆਂ ਦਾ ਵੀ ਇਸ ਨੂੰ ਭਰਵਾਂ ਯੋਗਦਾਨ ਪ੍ਰਾਪਤ ਹੈ। ਭੂ-ਹੇਰਵਾ, ਨਸਲਵਾਦ, ਪੀੜ੍ਹੀ ਪਾੜਾ, ਪਰਿਵਾਰ- ਸੰਕਟ, ਸੱਭਿਆਚਾਰ, ਭਾਸ਼ਾ ਦੇ ਭਵਿੱਖੀ ਮਸਲੇ ਇਸ ਕਹਾਣੀ ਦੇ ਮੁੱਖ ਸਰੋਕਾਰ ਹਨ। ਰਘੁਬੀਰ ਢੰਡ, ਸਵਰਨ ਚੰਦਨ, ਪ੍ਰੀਤਮ ਸਿਧੂ, ਦਰਸ਼ਨ ਧੀਰ, ਅਮਨਪਾਲ ਸਾਰਾ, ਜਰਨੈਲ ਸਿੰਘ, ਸ਼ਿਵਚਰਨ ਗਿੱਲ, ਕੈਲਾਸ਼ ਪੁਰੀ, ਤਰਸੇਮ ਨੀਲਗਿਰੀ, ਰਾਣੀ ਨਗੇਂਦਰ, ਹਰਜੀਤ ਅਟਵਾਲ, ਵੀਨਾ ਵਰਮਾ, ਪਰਵੇਜ਼ ਸੰਧੂ, ਸੁਰਜੀਤ ਕਲਸੀ, ਪਰਮਜੀਤ ਮੋਮੀ, ਸਾਧੂ ਬਿਨਿੰਗ, ਬਲਬੀਰ ਮੋਮੀ, ਬਲਬੀਰ ਕੌਰ ਸੰਘੇੜਾ ਸਰਗਰਮ ਕਹਾਣੀਕਾਰ ਹਨ। ਅਮਨਪਾਲ ਸਾਰਾ, ਜਰਨੈਲ ਸਿੰਘ ਅਤੇ ਵੀਨਾ ਵਰਮਾ ਮੁੱਖ ਧਾਰਾ ਦੀ ਪੰਜਾਬੀ ਕਹਾਣੀ ਦੇ ਵੀ ਸਥਾਪਿਤ ਹਸਤਾਖਰ ਹਨ।

     ਨੌਂਵੇਂ ਦਹਾਕੇ ਤੋਂ ਬਾਅਦ ਪੰਜਾਬੀ ਕਹਾਣੀ ਵਿੱਚ ਗਿਣਾਤਮਿਕਤਾ ਦੇ ਨਾਲ-ਨਾਲ ਗੁਣਾਤਮਿਕ ਪੱਖੋਂ ਫਿਰ ਪਰਿਵਰਤਨ ਵਾਪਰਦਾ ਹੈ। ਦੇਸ਼ ਵੰਡ, ਰਾਸ਼ਟਰ ਨਿਰਮਾਣ, ਨੈਕਸਲਾਈਟ ਸੰਕਟ, ਹਰੀ ਕ੍ਰਾਂਤੀ, ਲਹਿਰਾਂ ਤੋਂ ਬਾਅਦ ਪੰਜਾਬ ਸਮੱਸਿਆ, ਮੰਡੀਕਰਨ, ਪੂੰਜੀਵਾਦੀ ਉਭਾਰ, ਮੀਡੀਏ ਦਾ ਪਸਾਰ, ਸਮਾਜਵਾਦ ਤੋਂ ਮੂੰਹ-ਫੇਰ, ਅਮਰੀਕੀ ਚੜ੍ਹਤ ਕੁਝ ਅਜਿਹੇ ਮਸਲੇ ਹਨ ਜੋ ਅਗਲੇ ਪੰਦ੍ਹਰਾਂ ਸਾਲਾਂ ਦੀ ਕਹਾਣੀ ਦੀ ਵਸਤੂ ਚੋਣ ਅਤੇ ਦ੍ਰਿਸ਼ਟੀਕੋਣ ਦਾ ਆਧਾਰ ਬਣਦੇ ਹਨ। ਵੱਖ-ਵੱਖ ਜਾਤਾਂ, ਕਿੱਤਿਆਂ, ਧਰਮਾਂ, ਖੇਤਰਾਂ, ਸਮਾਜਿਕ ਵਰਗਾਂ ਦੇ ਇਹ ਕਹਾਣੀਕਾਰ ਆਪੋ-ਆਪਣੇ ਅਨੁਭਵਾਂ ਸੰਗ ਕੋਈ ਨਾ ਕੋਈ ਵਿਲੱਖਣਤਾ ਲੈ ਕੇ ਚਿੱਤਰਪਟ ਤੇ ਉਭਰਦੇ ਰਹੇ ਹਨ। ਪੇਂਡੂ ਜੀਵਨ ਸੰਬੰਧੀ ਲਿਖਣ ਵਾਲੇ ਯਥਾਰਥਵਾਦੀ ਅਤੇ ਸ਼ਹਿਰੀ ਲੇਖਕ ਫੈਂਟਸੀ ਜਿਹੀਆਂ ਜੁਗਤਾਂ ਵਲ ਪ੍ਰੇਰੇ ਗਏ ਹਨ। ਇਸਤਰੀ ਲੇਖਕਾਵਾਂ ਸ੍ਵੈ ਦੀ ਪਛਾਣ, ਔਰਤ ਮਰਦ ਸੰਬੰਧ, ਮਰਦਾਂ ਦਾ ਔਰਤ ਪ੍ਰਤਿ ਦ੍ਰਿਸ਼ਟੀਕੋਣ ਅਤੇ ਨਵ-ਪ੍ਰਵਿਰਤੀਆਂ ਪ੍ਰਤਿ ਟਕਰਾਅ ਅਤੇ ਤਣਾਅ ਨੂੰ ਆਧਾਰ ਬਣਾਉਂਦੀਆਂ ਹਨ। ਸਮੁੱਚੇ ਤੌਰ ਤੇ ਕਹਾਣੀ ਕਾਰਾਂ ਦੀ ਚੇਤਨਾ ਦਾ ਝੁਕਾਅ ਰਾਜਨੀਤਿਕ ਰੂਪ ਧਾਰਦਾ ਹੈ। ਨਵੇਂ ਚਿੰਨ੍ਹ ਅਤੇ ਪ੍ਰਤੀਕ ਵਰਤੋਂ ਵਿੱਚ ਆਉਂਦੇ ਹਨ। ਨਵੀਂ ਪ੍ਰਕਾਰ ਦੀ ਮਿਲਗੋਭਾ ਸ਼ਬਦਾਵਲੀ ਪ੍ਰਚਲਿਤ ਹੋਈ ਹੈ। ਹਿੰਦੀ ਦੀ ਘੁੱਸਪੈਠ ਅਤੇ ਅੰਗਰੇਜ਼ੀ ਦਾ ਦਖ਼ਲ ਵਧਿਆ ਹੈ। ਵਿਸ਼ਵੀਕਰਨ ਦਾ ਬੋਲਬਾਲਾ ਹੋਇਆ ਹੈ। ਫਲਸਰੂਪ, ਕੰਪਿਊਟਰੀਕਰਨ, ਤੇਜ਼ ਰਫ਼ਤਾਰ ਆਵਾਜਾਈ ਅਤੇ ਸੰਚਾਰ ਪ੍ਰਣਾਲੀ, ਉੱਤਰ-ਆਧੁਨਿਕ ਚਿੰਤਨਧਾਰਾ ਨੇ ਨਵੀਆਂ ਅੰਤਰ-ਦ੍ਰਿਸ਼ਟੀਆਂ ਨੂੰ ਚਿੱਤਰਪਟ ਤੇ ਲਿਆਂਦਾ ਹੈ। ਅੰਤਰਰਾਸ਼ਟਰੀ ਸੈਮੀਨਾਰਾਂ, ਕਾਨਫਰੰਸਾਂ ਨੇ ਪੰਜਾਬੀ ਕਹਾਣੀ ਨੂੰ ਵਿਸ਼ਵ ਪੱਧਰੀ ਦ੍ਰਿਸ਼ਟੀ ਦੇ ਰੂ-ਬਰੂ ਕੀਤਾ ਹੈ। ਸੰਕੀਰਨਤਾ, ਉਦਾਰਵਾਦ ਵਿੱਚ ਬਦਲੀ ਹੈ। ਪੂੰਜੀਵਾਦ ਦੀਆਂ ਸਮੂਹ ਅਲਾਮਤਾਂ ਕਹਾਣੀ ਦਾ ਵਸਤੂ ਬਣ ਰਹੀਆਂ ਹਨ। ਬੇਕਾਰੀ, ਬੇਵਿਸਾਹੀ, ਚਿੰਤਾ, ਧਾਰਮਿਕ ਪਰਤਾਉ, ਦੁੱਖ, ਤਕਲੀਫ਼ਾਂ, ਅਜੋਕੇ ਮਨੁੱਖ ਦੇ ਤਣਾਓ ਦਾ ਕਾਰਨ ਬਣੇ ਹਨ ਜਿਨ੍ਹਾਂ ਦਾ ਪੰਜਾਬੀ ਕਹਾਣੀ ਨੇ ਭਰਪੂਰ ਵਰਣਨ ਕੀਤਾ ਹੈ।

     ਫੈਂਟਸੀ, ਜਾਦੂਮਈ ਪੇਸ਼ਕਾਰੀ ਜਾਂ ਵਿਚਿੱਤਰਤਾ ਪਿਛਲੇ ਦਹਾਕੇ ਵਿੱਚ ਉੱਭਰੀ ਪ੍ਰਵਿਰਤੀ ਹੈ। ਇਸ ਵਿਧੀ ਦੁਆਰਾ ਮਹਾਂ ਬਿਰਤਾਂਤ ਦੀ ਸਿਰਜਣਾ, ਵਿਚਾਰਧਾਰਕ ਪੈਂਤੜੇ ਬਾਜ਼ੀ, ਪ੍ਰਵਚਨ ਦੀ ਸ਼ਕਤੀ ਅਤੇ ਮਾਨਸਿਕ ਡਿਪਲੋਮੇਸੀ ਗਲਪੀ ਸੰਕਲਪ ਵਜੋਂ ਪੰਜਾਬੀ ਕਹਾਣੀ ਦੀ ਵਿਸ਼ਾ- ਸਮਗਰੀ ਅਤੇ ਪੇਸ਼ਕਾਰੀ ਦਾ ਹਾਸਲ ਬਣ ਰਹੇ ਹਨ। ਜਸਵੰਤ ਸਿੰਘ ਵਿਰਦੀ ਫੈਂਟਸੀ ਵਿਧਾ ਦਾ ਚਿਰਕਾਲੀ ਕਥਾਕਾਰ ਹੈ ਪਰ ਇਸ ਕਿਸਮ ਦੇ ਬਿਰਤਾਂਤ ਨੂੰ ਪਸਾਰ ਵਰਿਆਮ ਸੰਧੂ ਦੀ ਕਹਾਣੀ ਨੌ ਬਾਰਾਂ ਦਸ ਨੇ ਦਿਤਾ ਹੈ। ਬਾਅਦ ਵਿੱਚ ਲਿਖੀਆਂ ਗਈਆਂ ਇਸ ਵਿਧਾ ਦੀਆਂ ਕਹਾਣੀਆਂ ਨੇ ਜਿੱਥੇ ਮੁੱਖ ਧਾਰਾ ਦੇ ਮਸਲਿਆਂ ਨੂੰ ਵੱਖਰੀ ਦਿਸ਼ਾ ਤੇ ਦਸ਼ਾ ਦਿੱਤੀ ਹੈ ਉੱਥੇ ਹਾਸ਼ੀਆਗ੍ਰਸਤ ਵਰਗਾਂ ਦੇ ਦਵੰਦ ਨੂੰ ਵੀ ਦ੍ਰਿਸ਼ਟਮਾਨ ਕੀਤਾ ਹੈ। ਵਿਸ਼ਵੀਕਰਨ ਦੀਆਂ ਪ੍ਰਕਿਰਿਆ ਅਧੀਨ ਨਵ-ਉਤਪਾਦਨ ਵਿਧੀਆਂ, ਵਿੱਦਿਆ ਦੇ ਪਸਾਰ ਅਤੇ ਮੀਡੀਏ ਦੇ ਕਾਰਨ ਪੰਜਾਬੀਆਂ ਦੀ ਖੇਤੀਕਾਰੀ ਜੀਵਨ ਜਾਚ ਦੀ ਨਗਰੀਕਰਨ ਵੱਲ ਰੂਪਾਂਤਰ ਦੀ ਦਿਸ਼ਾ ਅਤੇ ਹੋਰ ਸਮਕਾਲੀ ਸਮੱਸਿਆਵਾਂ ਨਵੇਂ ਕਹਾਣੀਕਾਰਾਂ ਦੀ ਪਸੰਦ ਦਾ ਚੋਣ ਖੇਤਰ ਹੈ। ਵਰਿਆਮ ਸੰਧੂ, ਜਸਵਿੰਦਰ ਸਿੰਘ, ਜਰਨੈਲ ਸਿੰਘ, ਅਮਨਪਾਲ ਸਾਰਾ, ਇਲਿਆਸ ਘੁੰਮਣ, ਅਫ਼ਜ਼ਲ ਤੌਸੀਫ਼, ਅਵਤਾਰ ਬਿਨਿੰਗ, ਮਨਮੋਹਨ ਬਾਵਾ, ਬਲਜਿੰਦਰ ਨਸਰਾਲੀ, ਬਲਦੇਵ ਧਾਲੀਵਾਲ, ਅਜਮੇਰ ਸਿੱਧੂ, ਜ਼ਿੰਦਰ, ਤਲਵਿੰਦਰ ਸਿੰਘ, ਬਲਵਿੰਦਰ ਗਰੇਵਾਲ, ਐਸ ਬਲਵੰਤ, ਗੁਰਦੇਵ ਸਿੰਘ ਚੰਦੀ, ਸੁਖਵੰਤ ਕੌਰ ਮਾਨ ਇਸ ਖੇਤਰ ਦੀ ਕਹਾਣੀ ਦੇ ਹਸਤਾਖਰ ਹਨ। ਵਿਸ਼ਵੀਕਰਨ ਦੀਆਂ ਅਲਾਮਤਾਂ ਇਹਨਾਂ ਦੀਆਂ ਕਹਾਣੀਆਂ ਦੀ ਮੁੱਖ ਸੁਰ ਹੈ। ਉਪਭੋਗੀ ਮਾਨਸਿਕਤਾ ਇਸ ਕਹਾਣੀ ਦਾ ਕੇਂਦਰੀ ਮੁੱਦਾ ਹੈ। ਅਜਿਹੀ ਮਾਨਸਿਕਤਾ ਹੁਣ ਪੰਜਾਬੀ ਸਮਾਜ ਦੇ ਹੇਠਲੇ ਵਰਗਾਂ ਤੱਕ ਵੀ ਰਸਾਈ ਕਰ ਗਈ ਹੈ। ਰਾਖਵੇਂਕਰਨ ਦੀ ਨੀਤੀ ਤਹਿਤ ਨੌਕਰੀ ਪੇਸ਼ਾ ਦਲਿਤ ਵਰਗ ਅਤੇ ਬਹੁਗਿਣਤੀ ਕਾਮਾ ਦਲਿਤ ਵਰਗ ਦੀ ਆਪਸੀ ਕਸ਼ਮਕਸ਼ ਦੇ ਨਾਲ-ਨਾਲ ਸੁਵਰਨ ਜਾਤੀਆਂ ਨਾਲ ਟਕਰਾਅ ਦੀ ਸਥਿਤੀ ’ਚ ਆ ਜਾਣ ਨਾਲ ਹੋਰ ਵੀ ਸੰਕਟਸ਼ੀਲ ਸਥਿਤੀਆਂ ਉਸ ਦੇ ਰੂ-ਬਰੂ ਹੋ ਰਹੀਆਂ ਹਨ। ਰਚਨਾਤਮਿਕ ਸ਼ਕਤੀ ਤੋਂ ਵਿਛੁੰਨਿਆ, ਕਿਰਤ ਸ਼ਕਤੀ ਵੱਲ ਪਿੱਠ ਕਰੀ ਖੜਾ, ਬੇਰੁਜ਼ਗਾਰੀ ਨਾਲ ਜੂਝ ਰਿਹਾ ਇਹ ਵਰਗ ਹੋਰ ਵੀ ਜ਼ਿਆਦਾ ਛਟਪਟਾਉਂਦਾ ਹੋਇਆ ਕਹਾਣੀ ਵਿੱਚ ਪੇਸ਼ ਹੋ ਰਿਹਾ ਹੈ। ਅਤਰਜੀਤ, ਪ੍ਰੇਮ ਗੋਰਖੀ, ਗੁਰਮੀਤ ਕੜਿਆਲਵੀ, ਲਾਲ ਸਿੰਘ, ਭਗਵੰਤ ਰਸੂਲਪੁਰੀ, ਸੁਖਦੇਵ ਮਾਦਪੁਰੀ, ਬਲਬੀਰ ਮਾਧੋਪੁਰੀ, ਮੱਖਣ ਮਾਨ, ਜਿੰਦਰ ਆਦਿ ਇਸ ਵਰਗ ਦੇ ਨੁਮਾਇੰਦਾ ਕਹਾਣੀਕਾਰ ਹਨ।

     ਇਸ ਤਰ੍ਹਾਂ ਵਰਤਮਾਨ ਪੰਜਾਬੀ ਕਹਾਣੀ ਵਿਕਸਿਤ ਪੂੰਜੀਵਾਦੀ ਪੱਛਮੀ ਮੁਲਕਾਂ ਦੀ ਵਿਸ਼ਵੀਕਰਨ ਦੇ ਪਰਦੇ ਪਿੱਛੇ ਹੋਂਦ ਵਿੱਚ ਲਿਆਂਦੀ ਜਾ ਰਹੀ ਨਵ-ਬਸਤੀਵਾਦੀ ਨੀਤੀ ਤੋਂ ਸੁਚੇਤ ਹੈ। ਇਹ ਪੂੰਜੀਵਾਦ ਦੇ ਹੱਥਕੰਡਿਆਂ ਦਾ ਭਾਂਡਾ ਚੁਰਾਹੇ ਵਿੱਚ ਭੰਨਣ ਲਈ ਕਾਰਜਸ਼ੀਲ ਹੈ। ਇਸ ਦੇ ਨਾਲ ਹੀ ਮਧ ਵਰਗ ਦੀਆਂ ਨੀਤੀ ਪਰਕ ਚਲਾਕੀਆਂ ਅਤੇ ਹਾਸ਼ੀਆਗ੍ਰਸਤ ਸੱਭਿਆਚਾਰਿਕ ਤਣਾਵਾਂ ਨੂੰ ਵਿਭਿੰਨ ਪਸਾਰਾਂ ਸਹਿਤ ਸਿਰਜਣ ਦੇ ਪੂਰੀ ਤਰ੍ਹਾਂ ਸਮਰੱਥ ਹੈ।


ਲੇਖਕ : ਗੁਰਦੇਵ ਸਿੰਘ ਚੰਦੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 27021, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪੰਜਾਬੀ ਕਹਾਣੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਪੰਜਾਬੀ ਕਹਾਣੀ : ਪੰਜਾਬੀ ਕਹਾਣੀ ਆਧੁਨਿਕ ਪੰਜਾਬੀ ਸਾਹਿਤ ਦਾ ਵਿਕਸਤ ਅਤੇ ਲੋਕਪ੍ਰਿਯ ਰੂਪਾਕਾਰ ਹੈ । ਇਸ ਲੋਕਪ੍ਰਿਯਤਾ ਅਤੇ ਸਮਰਿਧਤਾ ਦੇ ਇਕ ਤੋਂ ਵਧੇਰੇ ਕਾਰਨ ਹਨ । ਇਹ ਕਾਰਨ ਸਾਹਿਤ ਸ਼ਾਸਤਰ ਦੀ ਪੱਧਰ ਤੇ ਇਸ ਰੂਪਾਕਾਰ ਦੀ ਆਧੁਨਿਕ ਸੰਵੇਦਨਾ ਨੂੰ ਪ੍ਰਗਟਾ ਸਕਣ ਦੀ ਅਥਾਹ ਸਮਰਥਾ ਵਿਚ, ਆਧੁਨਿਕ ਯੁਗ ਵਿਚ ਮਨੁੱਖ ਦੀ ਘਟਦੀ ਵਿਹਲ ਅਤੇ ਵਧਦੀ ਉਤਸੁਕਤਾ ਨੂੰ ਤਰਕਪੂਰਨ ਢੰਗ ਨਾਲ ਪੁਸ਼ਟ ਕਰਨ ਵਿਚ, ਆਧੁਨਿਕੀਕਰਨ ਉਪਰੰਤ ਉਪਜੇ ਨਵੇਂ ਤੇ ਜਟਿਲ ਯਥਾਰਥ ਦੀ ਮਨੁੱਖੀ ਰਿਸ਼ਤਿਆਂ ਰਾਹੀਂ ਸਹਿਜ ਤੇ ਪ੍ਰਾਕਿਰਤਕ ਪੇਸ਼ਕਾਰੀ ਵਿਚ ਨਿਸ਼ਚਿਤ ਕੀਤੇ ਜਾ ਸਕਦੇ ਹਨ ਪਰ ਇਸ ਦੀ ਲੋਕਪ੍ਰਿਯਤਾ ਦਾ ਮੂਲ ਕਾਰਨ ਮਨੁੱਖੀ ਮਾਨਸਿਕਤਾ ਦਾ ਉਹ ਕਦੀਮੀ ਹੁੰਗਾਰਾ ਹੈ ਜਿਹੜਾ ਉਹ ਸੁਤੇ ਸਿਧ ਹੀ ਕਹਾਣੀ ਰੂਪੀ ਸੰਚਾਰ ਬਿਰਤੀ ਨੂੰ ਦਿੰਦਾ ਰਿਹਾ । ਕਹਾਣੀ ਕਹਿਣਾ ਅਤੇ ਸੁਣਨਾ ਮਨੁੱਖ ਦਾ ਕਦੀਮੀ ਸ਼ੌਕ ਹੈ । ਇਹ ਮਨੁੱਖ ਦੀ ਮੂਲ ਸੰਚਾਰ ਬਿਰਤੀ ਹੈ ਜਿਸ ਨੂੰ ਸਾਹਿਤ ਸ਼ਾਸਤਰ ਵਿਚ ਬਿਰਤਾਂਤ ਕਿਹਾ ਜਾਂਦਾ ਹੈ । ਬਿਰਤਾਂਤ ਇਕ ਅਜਿਹੀ ਸਿਰਜਣਾ ਵਿਧੀ ਹੈ ਜਿਹੜੀ ਕਿਸੇ ਘਟਨਾਵੀ ਵਰਤਾਰੇ ਦੀ  ਸ਼੍ਰਿੰਖਲਾ ਪ੍ਰਤਿ ਮਨੁੱਖੀ ਹੁੰਗਾਰੇ ਨੂੰ ਰਮਜ਼ਮਈ ਪੱਧਰ ਤੇ ਚਿਤਵਦੀ ਤੇ ਸਮੇਂ ਦੀ ਤਰਤੀਬ ਵਿਚ ਵਿਉਂਤਦੀ ਅਤੇ ਪ੍ਰਗਟਾਉਂਦੀ ਹੈ। ਇਕ ਪ੍ਰਗਟਾਓ ਵਿਧੀ ਵੱਜੋਂ ਇਹ ਅਤਿਅੰਤ ਪ੍ਰਾਚੀਨ ਤੇ ਵਿਆਪਕ ਹੈ। ਇਸ ਵਿਧੀ ਦੇ ਆਗਾਜ਼ ਨੂੰ ਮਨੁੱਖਤਾ ਦੇ ਇਤਿਹਾਸ ਨਾਲ ਜੋੜਦਿਆਂ ਮਨੁੱਖ ਦੇ  ਸਭਿਆਚਾਰਕ ਇਤਿਹਾਸ ਵਿਚ ਪ੍ਰਚਲਿਤ ਪਹਿਲੀ ਮਿੱਥ ਸਬੰਧੀ ਹੀ ਇਹ ਚਿਤਵਿਆ ਗਿਆ ਹੈ ਕਿ ‘ਆਦਮ' ਨੇ ‘ਹਵਾ' ਕੋਲ ਆਪਣੇ ਮਾਅਰਕਿਆਂ ਦਾ ਬਿਆਨ ਜਿਸ ਰੂਪ ਵਿਚ ਕੀਤਾ ਹੋਵੇਗਾ, ਉਹ ਪ੍ਰਗਟਾਓ ਵਿਧੀ ਅਵੱਸ਼ ਹੀ ਬਿਰਤਾਂਤਕ ਹੋਵੇਗੀ । ਇਸ ਤਰ੍ਹਾਂ ਬਿਰਤਾਂਤ ਦੀ ਪ੍ਰਕਿਰਤੀ ਮਨੁੱਖੀ ਮਨ ਨੂੰ ਭਾਉਂਦੀ ਹੈ । ਇਸ ਦਾ ਖ਼ਮੀਰ ਮਨੁੱਖੀ ਮਨ ਵਿਚ ਰਮਿਆ ਹੋਇਆ ਹੈ । ਕਹਾਣੀ ਦੇ ਰੂਪਾਕਾਰ ਵਿਚ ਕਿਉਂਕਿ, ਇਹ ਪ੍ਰਗਟਾਓ ਵਿਧੀ ਨਿਆਰੀ ਵੰਨ ਸੁਵੰਨਤਾ ਦਾ ਇਜ਼ਹਾਰ ਕਰਦੀ ਹੈ, ਇਸ ਕਰ ਕੇ ਇਸ ਰੂਪਾਕਾਰ ਨੂੰ ਵਿਆਪਕ ਹੁੰਗਾਰਾ ਮਿਲਦਾ ਹੈ ।

ਪੰਜਾਬ ਵਿਚ ਕਥਾ ਸਾਹਿਤ ਦੀ ਭਾਵੇਂ ਅਤਿਅੰਤ ਪ੍ਰਾਚੀਨ, ਅਮੀਰ ਤੇ ਪੱਕੀ ਪੀਡੀ ਪਰੰਪਰਾ ਵਿਦਮਾਨ ਰਹੀ ਹੈ ਪਰ ਜਿਸ ਨੂੰ ਸ਼ੁਧ ਸ਼ਾਬਦਿਕ ਰੂਪ ਵਿਚ ‘ਪੰਜਾਬੀ ਕਹਾਣੀ' ਕਿਹਾ ਜਾਂਦਾ ਹੈ, ਦਾ ਇਤਿਹਾਸ ਪੌਣੀ ਸਦੀ ਪੁਰਾਣਾ ਵੀ ਨਹੀਂ । ਪੰਜਾਬੀ ਕਹਾਣੀ ਦੀ ਵਿਲੱਖਣਤਾ ਅਤੇ ਇਤਿਹਾਸਕ ਨਿਰੰਤਰਤਾ ਨੂੰ ਜਾਣਨ ਲਈ ਇਹ ਨਿਖੇੜਾ ਅਤਿ ਜ਼ਰੂਰੀ ਹੈ ਕਿ ਪੰਜਾਬੀ ਲੋਕ-ਕਥਾ ਪਰੰਪਰਾ ਅਤੇ ਪੰਜਾਬੀ ਕਹਾਣੀ ਦੋ ਅੱਡੇ ਅੱਡ ਵਰਤਾਰੇ ਹਨ। ਪੰਜਾਬ ਦੀ ਕਥਾ ਪਰੰਪਰਾ ਵਿਚ ਪ੍ਰਚਲਿਤ ਮਿੱਥਾਂ, ਲੋਕ ਕਥਾਵਾਂ, ਸਾਖੀਆਂ ਆਦਿ ਅਤੇ ਆਧੁਨਿਕ ਯੁਗ ਵਿਚ ਉਪਜੀ ਪੰਜਾਬੀ ਕਹਾਣੀ ਵਿਚ ਸਾਂਝ ਇੰਨੀ ਹੀ ਹੈ ਕਿ ਦੋਹਾਂ ਦੇ ਸੰਰਚਨਾਤਮਕ ਸੰਗਠਨ ਵਿਚ ਬਿਰਤਾਂਤ ਇਕ ਪ੍ਰਗਟਾ ਵਿਧੀ ਵੱਜੋਂ ਕਾਰਜਸ਼ੀਲ ਹੈ ਨਹੀਂ ਤਾਂ ਸਾਹਿਤ ਸੰਵੇਦਨਾ, ਕਾਲ ਚੇਤਨਾ ਅਤੇ ਸੰਚਾਰ ਪੱਖੋਂ ਇਨ੍ਹਾਂ ਰੂਪਾਕਾਰਾਂ ਦੀ ਵਿਲੱਖਣ ਹੋਂਦ ਹੈ, ਨਿਵੇਕਲੀ ਪ੍ਰਵਿਰਤੀ ਹੈ ਅਤੇ ਅੱਡਰੀ ਹੋਂਦ ਵਿਧੀ ਹੈ ।

ਆਪਣੀ ਰੂਪਾਕਾਰ ਵਿਲੱਖਣਤਾ ਵੱਜੋਂ ਪੰਜਾਬੀ ਕਹਾਣੀ ਵਿਸ਼ਵ ਸਾਹਿਤ ਪਰੰਪਰਾ ਵਿਚ ਆਧੁਨਿਕ ਨਿੱਕੀ ਕਹਾਣੀ ਵੱਜੋਂ ਜਾਣੇ ਜਾਂਦੇ ਯਾਨਰ ਦੀ ਪਰਿਆਇ ਹੈ  ਜਿਹੜੀ ਸਮਾਜਿਕ, ਇਤਿਹਾਸਕ ਵਿਕਾਸ ਦੇ ਪੂੰਜੀਵਾਦੀ ਦੌਰ ਵਿਚ ਪਨਪੀ ਹੈ । ਇਹ ਸਾਹਿਤ ਪਰੰਪਰਾ ਦੀ ਇਕ ਅਜਿਹੀ ਵਿਲੱਖਣਤਾ ਹੈ ਜਿਹੜੀ ਲੌਕਿਕ ਜੀਵਨ ਵਿਚੋਂ ਮਾਨਵੀ ਮਹੱਤਵ ਦੀ ਅਣਪਛਾਤੀ ਸਾਰਥਕਤਾ ਨੂੰ ਵਿਸ਼ੇਸ਼ ਕਲਾਤਮਕ ਸੰਜਮ ਤੇ ਤਰਕ ਨਾਲ ਸਮੇਟਦੀ ਹੈ। ਇਸ ਦੀ ਹੋਂਦ ਵਿਧੀ ਜਿਸ ਭਾਵ ਬੋਧ ਨੂੰ ਸੰਚਿਤ ਅਤੇ ਸੰਚਾਰਿਤ ਕਰਨ ਵਿਚ ਨਿਹਿਤ ਹੈ ਉਸ ਦਾ ਸਬੰਧ ਆਧੁਨਿਕ ਮਨੁੱਖ ਦੇ ਵੱਖਰੇ ਅਨੁਭਵੀ ਸੰਸਾਰ ਤੇ ਨਵੀਂ ਸੰਰਚਨਾ ਨਾਲ ਹੈ । ਆਧੁਨਿਕ ਸੰਵੇਦਨਾ ਦੀ ਉਪਜ ਹੋਣ ਕਰ ਕੇ ਇਹ ਨਿਸ਼ਚੇ ਦੀ ਥਾਂ ਤਰਕ, ਦ੍ਰਿਸ਼ਟਾਂਤ ਦੀ ਥਾਂ ਵਾਸਤਵਿਕ ਅਤੇ ਵਿਆਖਿਆ ਦੀ ਥਾਂ ਸੰਕੇਤਮੁਖੀ ਹੈ। ਇਹ ਤੱਤ ਇਸ ਦੀ ਨਵੀਂ ਨਿਆਰੀ ਸੰਰਚਨਾ ਦਾ ਨਿਰਮਾਣ ਕਰਦੇ ਹਨ । ਪੰਜਾਬੀ ਕਹਾਣੀ ਆਪਣੀ ਵੱਥ ਤੇ ਪੇਸ਼ਕਾਰੀ ਦੇ ਕਲਾਤਮਕ ਸੰਗਠਨ ਵਿਚ ਇਨ੍ਹਾਂ ਤੱਤਾਂ ਦੀ ਧਾਰਨੀ ਹੈ ।

ਪੰਜਾਬੀ ਕਹਾਣੀ ਆਧੁਨਿਕ ਯੁਗ ਦੀ ਪੈਦਾਵਾਰ ਹੈ । ਜਿਵੇਂ ਪੰਜਾਬ ਦੀ ਇਤਿਹਾਸਕ ਨਿਰੰਤਰਤਾ ਅੰਗਰੇਜ਼ੀ ਸਾਮਰਾਜ ਦੇ ਆਰੋਪਿਤ ਦਬਾਵਾਂ, ਪ੍ਰਭਾਵਾਂ ਅਧੀਨ ਆਧੁਨਿਕਤਾ ਦੇ ਰਾਹ ਪਈ ਉਵੇਂ ਹੀ ਆਧੁਨਿਕ ਸਾਹਿਤ ਪਰੰਪਰਾ ਨਾਲ ਸਬੰਧਤ ਸਾਰੇ ਸਾਹਿਤ ਰੂਪ, ਪੰਜਾਬੀ ਜਨਜੀਵਨ ਵਿਚਲੀ ਆਧੁਨਿਕੀਕਰਨ ਦੀ ਪ੍ਰਕ੍ਰਿਆ ਵਿਚੋਂ ਉਪਜੇ, ਭਾਵ ਬੋਧ ਦੀ ਅਨਿਵਾਰਤਾ ਵਿਚੋਂ ਸਹਿਜ ਭਾਅ ਉਪਜਣ ਦੀ ਥਾਂ ਪੱਛਮੀ ਸਾਹਿਤ ਵਿਚੋਂ ਮਾਡਲ ਵਾਂਗ ਪ੍ਰਵੇਸ਼ ਕੀਤੇ । ਸਾਡੇ ਸਾਹਿਤਕਾਰ ਪੱਛਮੀ ਸਾਹਿਤ ਦੇ ਅਧਿਐਨ ਦੌਰਾਨ ਇਨ੍ਹਾਂ ਨਵੇਂ ਰੂਪਕਾਰਾਂ ਤੋਂ ਪਰਿਚਿਤ ਹੋਏ ਤੇ ਇਨ੍ਹਾਂ ਦੀ ਉਪਜ ਦੇ ਕਾਰਨਾਂ ਤੋਂ ਬੇਨਿਆਜ਼ ਇਕ ਸੁਤੰਤਰ ਪ੍ਰੇਰਣਾ ਅਧੀਨ ਇਨ੍ਹਾਂ ਨੂੰ ਅਪਣਾਇਆ । ਪੰਜਾਬੀ ਸਾਹਿਤ ਪਰੰਪਰਾ ਵਿਚ ਪੰਜਾਬੀ ਕਹਾਣੀ ਵੀ ਇਸੇ ਪਿਛੋਕੜ ਵਿਚੋਂ ਉਗਮੀ ।

ਪੰਜਾਬੀ ਕਹਾਣੀ ਦੇ ਇਤਿਹਾਸਕਾਰ ਪੰਜਾਬੀ ਕਹਾਣੀ ਦੇ ਟੋਹ ਚਿੰਨ੍ਹ ਲਭਦੇ  ਇਸ ਨੂੰ ਕਦੇ ਈਸਾਈ ਮਿਸ਼ਨਰੀਆਂ ਵੱਲੋਂ ਪ੍ਰਕਾਸ਼ਿਤ ਬਾਈਬਲ ਦੀਆਂ ਕਹਾਣੀਆਂ ਤੇ ਆਧਾਰਿਤ ਚੁਪੱਤਰਿਆਂ ਤਕ ਲੈ ਜਾਂਦੇ ਹਨ ਅਤੇ ਕਦੇ ਭਾਈ ਵੀਰ ਸਿੰਘ ਦੇ ਸਿੱਖ-ਇਤਿਹਾਸ, ਸਿੱਖ-ਸਮਾਜ ਨਾਲ ਸਬੰਧਤ ਟ੍ਰੈਕਟਾਂ ਤਕ । ਇਸੇ ਤਰ੍ਹਾਂ ਪੰਜਾਬੀ ਵਿਚ ਮੌਲਿਕ ਕਹਾਣੀ ਦਾ ਮੁਹਾਂਦਰਾ ਤਲਾਸ਼ਦਿਆਂ ਕਦੇ ਮੋਹਨ ਸਿੰਘ ਵੈਦ (ਕਰਤਾ ਹੀਰੇ ਦੀਆਂ ਕਣੀਆਂ, ਰੰਗ ਬਰੰਗੇ ਫੁਲ) ਨੂੰ ਪਹਿਲਾ ਕਹਾਣੀਕਾਰ ਮੰਨਿਆ ਜਾਂਦਾ ਹੈ , ਕਦੇ ਚਰਨ ਸਿੰਘ ਸ਼ਹੀਦ ਦੁਆਰਾ ਪ੍ਰਕਾਸ਼ਿਤ ‘ਹੱਸਦੇ ਹੰਝੂ' ਨੂੰ ਪੰਜਾਬੀ ਦਾ ਪਹਿਲਾ ਕਹਾਣੀ-ਸੰਗ੍ਰਹਿ ਕਿਹਾ ਜਾਂਦਾ ਹੈ ਅਤੇ ਕਦੇ ਲਾਲ ਸਿੰਘ ਕਮਲਾ ਅਕਾਲੀ ਦੁਆਰਾ ਰਚਿਤ ‘ਸਰਬਲੋਹ ਦੀ ਵਹੁਟੀ' ਨੂੰ ਪੰਜਾਬੀ ਦੀ ਪਹਿਲੀ ਕਹਾਣੀ ਹੋਣ ਦਾ ਮਾਣ ਦਿੱਤਾ ਜਾਂਦਾ ਹੈ। ਇਸੇ ਨਿਕਾਸ ਵਿਕਾਸ ਦੀ ਇਤਿਹਾਸਕ ਅਨਿਵਾਰਤਾ ਵਿਚ ਪੰਜਾਬੀ ਪੱਤਰਕਾਰੀ ਵਿਚ ਮੌਜੀ, ਹੰਸ, ਫੁਲਵਾੜੀ, ਪ੍ਰੀਤਮ, ਪ੍ਰੀਤਲੜੀ, ਪ੍ਰਭਾਤ, ਪੰਜ-ਦਰਿਆ ਆਦਿ ਪੱਤਰ ਪਤ੍ਰਿਕਾਵਾਂ ਦੀ ਲੋੜ ਦਾ ਪ੍ਰਤਿਮਾਨ ਵੀ ਸਵੀਕਾਰ ਲਿਆ ਜਾਂਦਾ ਹੈ । ਇਨ੍ਹਾਂ ਸਾਰੇ ਤੱਥਾਂ ਦੀ ਇਕੱਲੇ ਇਕੱਲੇ ਤੌਰ ਤੇ ਪ੍ਰਮਾਣਿਕਤਾ ਦੀਆਂ ਭਾਵੇਂ ਅਨੇਕਾਂ ਸੀਮਾਵਾਂ ਹਨ ਪਰ ਇਹ ਸਾਰੇ ਸਮੁੱਚੇ ਰੂਪ ਵਿਚ ਜ਼ਰੂਰ ਸਥਾਪਤ ਕਰਦੇ ਹਨ ਕਿ ਪੰਜਾਬੀ ਕਹਾਣੀ ਮੁੱਢ 19ਵੀਂ ਸਦੀ ਦੇ ਤੀਜੇ ਦਹਾਕੇ ਵਿਚ ਬੱਝਾ ।

ਪੰਜਾਬੀ  ਕਹਾਣੀ ਦੇ ਮੁੱਢਲੇ ਦੌਰ ਵਿਚ ਤਿੰਨ ਉਪਰੋਕਤ ਮੋਢੀਆਂ ਤੋਂ ਇਲਾਵਾ ਜਿਨ੍ਹਾਂ ਸਾਹਿਤਕਾਰਾਂ ਨੇ ਇਸ ਰੂਪਾਕਾਰ ਨੂੰ ਅਪਣਾਇਆ ਉਨ੍ਹਾਂ ਵਿਚੋਂ ਜੋਸ਼ੂਆ ਫਜ਼ਲਦੀਨ, ਨਾਨਕ ਸਿੰਘ, ਹੀਰਾ ਸਿੰਘ ਦਰਦ, ਗੁਰਬਖ਼ਸ਼ ਸਿੰਘ ਪ੍ਰੀਤਲੜੀ, ਮੋਹਨ ਸਿੰਘ ਦੀਵਾਨਾ, ਗੁਰਮੁਖ ਸਿੰਘ ਮੁਸਾਫ਼ਰ ਆਦਿ ਦੇ ਨਾਂ ਵਰਣਨਯੋਗ ਹਨ। ਇਸ ਦੌਰ ਦਾ ਕਹਾਣੀ ਚਿੰਤਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਸ ਦੌਰ ਵਿਚ ਪੰਜਾਬੀ ਕਹਾਣੀ, ਕਹਾਣੀ ਦੇ ਮਾਡਲ ਨੂੰ ‘ਗੁਆਂਢੀ ਬੋਲੀਆਂ ਤੋਂ ਉਧਾਰ ਲੈਂਦੀ', ‘ਨਮੂਨਿਆਂ ਦੇ ਅਧਾਰ' ਤੇ ਉਪਜਦੀ ਹੈ ਅਤੇ ‘ਸਿੱਖਿਆਦਾਇਕ' ਤੇ ‘ਸੁਆਦਮਈ' ਹੋਣ ਦੇ ਦੋ ਹੀ ਆਦਰਸ਼ਾਂ ਨੂੰ ਅਪਨਾਉਣਾ ਚਾਹੁੰਦੀ ਹੈ। ਅਸਲ ਵਿਚ ਤਤਕਾਲੀ ਦੌਰ ਅੰਗਰੇਜ਼ੀ ਸਾਮਰਾਜ ਦੀ ਸਭਿਆਚਾਰਕ ਧਾਰਮਿਕ ਪ੍ਰਭੁਤਾ ਸਨਮੁਖ ਧਰਾਸ਼ਾਈ ਹੋਣ ਦੀ ਸਥਿਤੀ ਦਾ ਬਦਲ ਭਾਲਦੀ ਪੰਜਾਬੀ ਚੇਤਨਾ ਸੰਕਟ ਸੀ ਜਿਸ ਦਾ ਹੱਲ ਕੌਮ ਦੇ ਇਤਿਹਾਸਕ ਕਿਰਦਾਰ, ਸਮਾਜਕ, ਧਾਰਮਿਕ ਸਦਾਚਾਰ ਦੇ ਨਵਉਥਾਨ ਵਿਚ ਲੱਭਿਆ ਗਿਆ ਸੀ । ਇਸੇ ਲਈ ਇਸ ਦੌਰ ਦੀ ਕਹਾਣੀ ਦਾ ਮੁੱਖ ਸਰੋਕਾਰ ਸਮਾਜ ਸੁਧਾਰ ਸੀ । ਨਾਨਕ ਸਿੰਘ ਨੇ (ਹੰਝੂਆਂ ਦੇ ਹਾਰ, ਮਿੱਧੇ ਹੋਏ ਫੁਲ, ਠੰਡੀਆਂ ਛਾਵਾਂ ਆਦਿ ) ਪਤਿਤ, ਭ੍ਰਿਸ਼ਟ ਤੇ ਚਰਿਤਰਹੀਣ ਕੀਮਤਾਂ ਨਾਲ ਦੂਸ਼ਿਤ ਹੋਏ ਸਮਾਜ ਦੇ ਨਗਨ ਚਿੱਤਰ ਉਲੀਕੇ । ਗੁਰਬਖ਼ਸ਼ ਸਿੰਘ ਪ੍ਰੀਤਲੜੀ ਨੇ ਚੰਗੇਰੀ ਦੁਨੀਆ ਦੀ ਸਿਰਜਣਾ ਲਈ ਉਨ੍ਹਾਂ ਸਾਰੇ ਪਰੰਪਰਕ ਧਾਰਮਕ ਸਮਾਜਕ ਵਿਸ਼ਵਾਸਾਂ ਦੀ ਨਿੰਦਣਯੋਗ ਭੂਮਿਕਾ ਨੂੰ ਉਜਾਗਰ ਕੀਤਾ ਜਿਹੜੇ ਮਾਨਵੀ ਵਲਵਲਿਆਂ, ਵੇਗਾਂ ਤਰੰਗਾਂ ਦੇ ਵਿਕਾਸ ਵਿਚ ਰੋੜਾ ਬਣ ਗਏ ਸਨ। ਮੋਹਨ ਸਿੰਘ ਦੀਵਾਨਾ (ਦੇਵਿੰਦਰ ਬਤੀਸੀ, ਰੰਗ ਤਮਾਸ਼ੇ, ਪਰਾਂਦੀ ) ਨੇ ਅਤਿ ਦੀਆਂ ਚੰਗੀਆਂ ਰਵਾਇਤਾਂ ਨੂੰ ਚੇਤੇ ਕਰਵਾਇਆ , ਗੁਰਮੁਖ ਸਿੰਘ ਮੁਸਾਫ਼ਰ (ਵੱਖਰੀ ਦੁਨੀਆ, ਸਸਤਾ ਤਮਾਸ਼ਾ, ਸਭ ਅੱਛਾ, ਆਲ੍ਹਣੇ ਦੇ ਬੋਟ ) ਨੇ ਰਾਜਸੀ ਪ੍ਰਾਧੀਨਤਾ ਦੇ ਨਾਲ ਨਾਲ ਛੂਤ-ਛਾਤ ਭ੍ਰਿਸ਼ਟਾਚਾਰ ਆਦਿ ਨੂੰ ਫੋਕਸ ਵਿਚ ਲਿਆਂਦਾ । ਗੱਲ ਕੀ ਇਸ ਦੌਰ ਦੀ ਸਮੁੱਚੀ ਕਹਾਣੀ ਦਾ ਮਰਕਜ਼ ਸਮਾਜਕ ਸਦਾਚਾਰ ਬਣਿਆ ਪਰ ਅੰਤਿਮ ਦ੍ਰਿਸ਼ਟੀ ਸੁਧਾਰਵਾਦ ਦੀ ਹੀ ਰਹੀ । ਇਸੇ ਮਨੋਰਥ ਦੀ ਪੂਰਤੀ ਲਈ ਇਕ ਅਜਿਹਾ ਨਾਇਕ ਸਿਰਜਿਆ ਗਿਆ ਜਿਹੜਾ ਆਪਣੀ ਆਦਰਸ਼ਕ ਜੀਵਨ ਜਾਚ ਵਾਲੀ ਇਕ ਪੱਖੀ ਅੰਤਿਮ ਪੱਖੀ ਸ਼ਖ਼ਸੀਅਤ ਤੇ ਵਿਹਾਰ ਨਾਲ ਠੀਕ / ਗਲਤ , ਨੈਤਿਕ / ਐਨਤਿਕ , ਪਾਪ / ਪੁੰਨ, ਸਵਾਰਥ / ਪਰਉਪਕਾਰ ਆਦਿ ਪ੍ਰਤਿਮਾਨਾਂ ਦੀ ਪਛਾਣ ਕਰਵਾਉਣ ਦੇ ਸਮਰੱਥ ਸੀ । ਸੰਰਚਨਾ ਦੇ ਪੱਧਰ ਤੇ ਵੀ ਇਹ ਕਹਾਣੀ ਸਾਡੀ ਆਪਣੀ ਕਥਾ ਪਰੰਪਰਾ ਵਿਚ ਉਪਲੱਬਧ ਲੋਕ ਕਹਾਣੀ ਅਤੇ ‘ਜਨਮ ਸਾਖੀਆਂ ਦੀ ਕਥਾ ਜੁਗਤਾਂ ਤੇ ਰੂੜੀਆਂ ਤੋਂ ਪ੍ਰਭਾਵਿਤ ਰਹੀ । ਇਸੇ ਕਰ ਕੇ ਇਸ ਦੌਰ ਵਿਚ ਪੰਜਾਬੀ ਕਹਾਣੀ ਦਾ ਮੁੱਢ ਤਾਂ ਬੱਝਾ ਪਰ ਇਹ ਆਪਣਾ ਅਸਲੀ ਮੌਲਿਕ ਮੁਹਾਂਦਰਾ ਸਿਰਜਣ ਤੋਂ ਅਸਮਰੱਥ ਸੀ ।

ਪੰਜਾਬੀ ਕਹਾਣੀ ਦੇ ਇਤਿਹਾਸ ਵਿਚ 1940 ਈ. ਦੇ ਨੇੜੇ ਤੇੜੇ ਕਰਤਾਰ ਸਿੰਘ ਦੁੱਗਲ, ਸੁਜਾਨ ਸਿੰਘ ਅਤੇ ਸੰਤ ਸਿੰਘ ਸੇਖੋਂ ਦੇ ਆਗਮਨ ਨਾਲ ਇਕ ਨਵੇਂ ਦੌਰ ਦਾ ਪ੍ਰਾਰੰਭ ਹੋਇਆ । ਇਹ ਤਿੰਨ ਲੇਖਕ ਆਧੁਨਿਕ ਨਿੱਕੀ ਕਹਾਣੀ ਦੇ ਲੱਛਣਾਂ ਬਾਰੇ ਹੀ ਸੁਚੇਤ ਨਹੀਂ ਸਨ, ਸਾਡੇ ਸਮਾਜੀ ਮਨੁੱਖੀ ਸਾਰ ਨੂੰ ਪੱਛਮੀ ਯੁੱਗ ਚੇਤਨਾਵਾਂ ਦੇ ਮੁਹਾਵਰੇ ਵਿਚ ਪਕੜਨ ਦੀ ਸੋਝੀ ਵੀ ਰੱਖਦੇ ਸਨ। ਸੰਨ 1935 ਵਿਚ ਪ੍ਰਗਤੀਸ਼ੀਲ ਲੇਖਕ ਸੰਘ ਦੀ ਸਥਾਪਨਾ ਕਾਰਨ ਮਾਰਕਸਵਾਦ ਦੀਆਂ ਧਾਰਨਾਵਾਂ ਅਤੇ ਮਨੁੱਖੀ ਕਾਰ ਵਿਹਾਰ ਨੂੰ ਸਮਝਣ ਲਈ ਹੋਂਦ ਵਿਚ ਆਈਆਂ ਮਨੋਵਿਗਿਆਨ ਦੀਆਂ ਲੱਭਤਾਂ ਇਸ ਦੌਰ ਦੀ ਕਹਾਣੀ ਦਾ ਮੁੱਖ ਆਕਰਸ਼ਣ ਰਹੀਆਂ। ਪ੍ਰਗਤੀਵਾਦੀ ਚੇਤਨਾ ਨੇ ਸ਼ੋਸ਼ਿਤ ਵਰਗ ਨੂੰ ਪੂੰਜੀਵਾਦੀ ਯੁਗ ਦੀ ਉਭਰਦੀ ਸ਼ਕਤੀ ਵੱਜੋਂ ਪ੍ਰਵਾਨਗੀ ਦੇ ਕੇ ਸਮਾਜਕ ਯਥਾਰਥ, ਸਮੂਹਿਕ ਵਿਕਾਸ ਅਤੇ ਸਮਸ਼ਟੀ ਹਿਤ ਨੂੰ ਨਿਸ਼ਚਿਤ ਢੰਗ ਨਾਲ ਸਮਝਣ ਲਈ ਪ੍ਰੇਰਿਆ । ਪੰਜਾਬੀ ਕਹਾਣੀ ਵਿਚ ਇਸ ਚੇਤਨਾ ਦੀ ਪਕੜ ਕਾਫੀ ਪੀਢੀ ਰਹੀ । ਸੁਜਾਨ ਸਿੰਘ, ਸੰਤ ਸਿੰਘ ਸੇਖੋਂ, ਨਵਤੇਜ, ਨੌਰੰਗ ਸਿੰਘ, ਸੰਤੋਖ ਸਿੰਘ ਧੀਰ ਵਰਗੇ ਸਮਰੱਥ ਲੇਖਕਾਂ ਨੇ ਨਾ ਕੇਵਲ ਸ਼ੋਸ਼ਿਤ ਵਰਗ ਦੀਆਂ ਲੋੜਾਂ, ਥੁੜਾਂ, ਮਜਬੂਰੀਆਂ, ਮੁਸ਼ਕਲਾਂ ਨੂੰ ਫੋਕਸ ਵਿਚ ਲਿਆਂਦਾ ਸਗੋਂ ਇਸ ਸ਼ੋਸ਼ਣਮਈ ਸਥਿਤੀ ਨੂੰ ਅਸਤ ਵਿਅਸਤ ਕਰਨ ਲਈ ਵਿਦਰੋਹ ਦਾ, ਸਮੂਹਿਕ ਸੰਘਰਸ਼ ਦਾ ਪ੍ਰਤਿਮਾਨ ਦਿੱਤਾ । ਕੁਲਫੀ, ਰਜਾਈ, ਰੱਬ ਦੀ ਮੌਤ (ਸੁਜਾਨ ਸਿੰਘ), ਲੇਖਾ ਛੋਡਿ ਅਲੇਖੇ ਛੂਟਹਿ, ਹਲਵਾਹ , ਕਾਮੇ ਤੇ ਯੋਧੇ (ਸੰਤ ਸਿੰਘ ਸੇਖੋਂ) ਕੋਈ ਇਕ ਸਵਾਰ, ਸਵੇਰ ਹੋਣ ਤਕ, ਸਾਂਝੀ ਕੰਧ (ਸੰਤੋਖ ਸਿੰਘ ਧੀਰ), ਮੁਰਕੀਆਂ, ਮੇਰੇ ਨਾਨਕੇ (ਨੌਰੰਗ ਸਿੰਘ) ਆਦਿ ਕਹਾਣੀਆਂ ਪੰਜਾਬੀ ਕਹਾਣੀ ਵਿਚ ਪ੍ਰਗਤੀਵਾਦੀ ਸੰਵੇਦਨਾ ਦੀਆਂ ਪ੍ਰਾਪਤੀਆਂ ਬਣੀਆਂ ।

ਕਰਤਾਰ ਸਿੰਘ ਦੁੱਗਲ ਕਰਤਾ-ਸਵੇਰ ਸਾਰ, ਨਵਾਂ ਆਦਮੀ, ਪਾਰੇ ਮੈਰੇ, ਲੜਾਈ ਨਹੀਂ ਆਦਿ ਨਾਲ ਪੰਜਾਬੀ ਕਹਾਣੀ ਵਿਚ ਮਨੋਵਿਗਿਆਨਕ ਪਸਾਰ ਦਾ ਇਕ ਨਵਾਂ ਆਯਾਮ ਲੈ ਕੇ ਉਦੈ ਹੋਇਆ । ਉਸ ਨੇ ਆਪਣੇ ਹੁਣ ਤਕ ਦੇ ਲਗਭਗ ਸਾਢੇ ਪੰਜ ਦਹਾਕਿਆਂ ਦੇ ਰਚਨਾਕਾਰ ਵਿਚ ਮਨੁੱਖੀ ਕਾਰਜ ਦੇ ਅਚੇਤ ਦੀ ਥਾਹ ਪਾਉਂਦਿਆਂ ਇੰਨੇ ਮਨੋਵਿਗਿਆਨਕ ਸੂਤਰਾਂ, ਧਾਰਨਾਵਾਂ, ਤਰਕਾਂ ਤੇ ਗੁੰਝਲਾਂ ਨੂੰ ਆਪਣੇ ਗਲਪੀ ਬਿੰਬਾਂ ਵਿਚ ਇੰਨੀ ਕਲਾਤਮਕਤਾ ਨਾਲ ਸਮੋਇਆ ਹੈ ਕਿ ਪੰਜਾਬੀ ਕਹਾਣੀ ਦਾ ਉਹ ਸਭ ਤੋਂ ਵੱਧ ਲਿਖਣ ਵਾਲਾ ਤੇ ਮਾਣਯੋਗ ਕਹਾਣੀਕਾਰ ਹੋ ਨਿਬੜਿਆ ਹੈ।

ਇਸ ਦੌਰ ਵਿਚ ਪੰਜਾਬੀ ਕਹਾਣੀ ਨੂੰ ਦੇਵਿੰਦਰ ਸਤਿਆਰਥੀ, ਅੰਮ੍ਰਿਤਾ ਪ੍ਰੀਤਮ, ਮਹਿੰਦਰ ਸਿੰਘ ਸਰਨਾ, ਦਲੀਪ ਕੌਰ ਟਿਵਾਣਾ, ਗੁਲਜ਼ਾਰ ਸਿੰਘ ਸੰਧੂ, ਮਹਿੰਦਰ ਸਿੰਘ ਜੋਸ਼ੀ, ਜਸਵੰਤ ਸਿੰਘ ਕੰਵਲ, ਗੁਰਦਿਆਲ ਸਿੰਘ, ਸੁਖਬੀਰ, ਸੁਰਜੀਤ ਸਿੰਘ ਸੇਠੀ ਵਰਗੇ ਸਮਰੱਥ ਕਹਾਣੀਕਾਰ ਵੀ ਮਿਲੇ ਜਿਨ੍ਹਾਂ ਦੇ ਹੱਥਾਂ ਵਿਚ ਪੰਜਾਬੀ ਕਹਾਣੀ ਨੇ ਨਿੱਕੀ ਕਹਾਣੀ ਦੀ ਤਕਨੀਕ ਨੂੰ ਸਹੀ ਅਰਥਾਂ ਵਿਚ ਗ੍ਰਹਿਣ ਕੀਤਾ ਅਤੇ ਆਪਣੀ ਵੱਥ ਦੇ ਸੰਚਾਰ ਲਈ ਸਫ਼ਲਤਾ ਸਹਿਤ ਵਰਤਿਆ । ਇਸ ਦੌਰ ਵਿਚ ਸ਼ੁਧ ਰੂਪ ਵਿਚ ਇਕ ਨਿੱਕੇ ਗਲਪੀ ਬਿੰਬ ਦੀ ਸਿਰਜਣਾ ਕੀਤੀ ਗਈ । ਇਸ ਦੌਰ ਦਾ ਕਥਾ ਨਾਇਕ ਵੀ ਨਿੱਕੀ ਕਹਾਣੀ ਲਈ ਲੋੜੀਂਦੀ ਸਧਾਰਨਤਾ ਦੇ ਕਾਫ਼ੀ ਨੇੜੇ ਸੀ ਭਾਵੇਂ ਪ੍ਰਗਤੀਵਾਦੀ ਚੇਤਨਾ ਦੇ ਸਰਲੀਕਰਨ ਕਰ ਕੇ ਸ਼ੋਸ਼ਿਤ ਤੇ ਸ਼ੋਸ਼ਕ ਧਿਰਾਂ ਦੀ ਮਕਾਨਕੀ ਹੋਂਦ ਨੂੰ ਨਿਹਾਰਦੀ ਇਹ ਕਹਾਣੀ ਕਾਫ਼ੀ ਹਦ ਤਕ ਸਪਾਟ ਚਰਿੱਤਰਕ ਬਿੰਬ ਸਿਰਜਦੀ ਰਹੀ ਪਰ ਇਸ ਦੌਰ ਦੀ ਕਹਾਣੀ ਦੀ ਇਹ ਗੌਲਣਯੋਗ ਪ੍ਰਾਪਤੀ ਰਹੀ ਕਿ ਪੰਜਾਬੀ ਕਹਾਣੀ ਵੱਥ ਦੀ ਪੱਧਰ ਤੇ ਹੀ ਯੁਗ ਚੇਤਨਾ ਦੀ ਹਾਣੀ ਨਾ ਬਣੀ ਸਗੋਂ ਸ਼ਿਲਪ ਦੇ ਪੱਧਰ ਤੇ ਵੀ ਪੱਛਮੀ ਕਹਾਣੀ ਨਾਲ ਬਾਰ ਮੇਚਣ ਵਿਚ ਸਫ਼ਲ ਰਹੀ ।

ਭਾਵੇਂ ਕਹਾਣੀ ਦਾ ਇਹ ਮਾਡਲ ਅੱਜ ਵੀ ਕਹਾਣੀ ਵਿਚ ਦੁਹਰਾਇਆ ਜਾ ਰਿਹਾ ਹੈ ਪਰ ਹੁਨਰੀ ਪੰਜਾਬੀ ਕਹਾਣੀ ਦਾ ਸਿਖਰ ਕੁਲਵੰਤ ਸਿੰਘ ਵਿਰਕ ਸੀ । ਉਸ ਨੇ ਕਹਾਣੀ ਨੂੰ ਕਿਸੇ ਮਕਾਨਕੀ ਪ੍ਰਤਿਮਾਨ, ਰੂੜ੍ਹ  ਆਦਰਸ਼ ਜਾਂ ਯੁਗ ਚੇਤਨਾਵਾਂ ਦੁਆਰਾ ਪ੍ਰਸਤੁਤ ਕਿਸੇ ਸੂਤਰ ਸਿਧਾਂਤ ਦੇ ਪ੍ਰਗਟਾਓ ਲਈ ਵਰਤਣ ਦੀ ਥਾਂ ਵੇਗਮੱਤੀ ਜ਼ਿੰਦਗੀ ਦੇ ਆਂਤਰਿਕ ਸੁਹਜ ਭਾਵੀ ਸੰਸਾਰ ਨਾਲ ਜੋੜਿਆ । ਇਸੇ ਕਰਕੇ ਉਸ ਦੀਆਂ ਕਹਾਣੀਆਂ ਵਿਚੋਂ ਖੱਬਲ, ਧਰਤੀ ਹੇਠਲਾ ਬੌਲਦ, ਦੁੱਧ ਦਾ ਛੱਪੜ, ਤੂੜੀ ਦੀ ਪੰਡ ਆਦਿ ਕਹਾਣੀਆਂ ਪੰਜਾਬੀਅਤ ਦੀ ਮੜਕ, ਮਾਣ ਤੇ ਚੇਤਨਾ ਨੂੰ ਪ੍ਰਗਟਾਉਣ ਵਾਲੀਆਂ ਸ਼ਾਹਕਾਰ ਰਚਨਾਵਾਂ ਹੋ ਨਿਬੜੀਆਂ ।

ਪੰਜਾਬੀ ਕਹਾਣੀ ਵਿਚ ਤੀਜੀ ਪੀੜ੍ਹੀ ਦੇ ਨਕਸ਼ ਉੱਨੀਵੀਂ ਸਦੀ ਦੇ ਸੱਤਵੇਂ ਦਹਾਕੇ ਵਿਚ ਉਦੋਂ ਉਭਰੇ ਜਦੋਂ ਅਜੀਤ ਕੌਰ, ਪ੍ਰੇਮ ਪ੍ਰਕਾਸ਼, ਵਰਿਆਮ ਸੰਧੂ ਆਦਿ ਸ਼ੁਧ ਰੂਪ ਵਿਚ ਪੂੰਜੀਵਾਦੀ ਸਰੋਕਾਰਾਂ ਨਾਲ ਵਾਬਸਤਾ ਜਟਿਲ ਸੰਰਚਨਾ ਵਾਲੀ ਕਹਾਣੀ ਲੈ ਕੇ ਪੰਜਾਬੀ ਕਹਾਣੀ ਵਿਚ ਪ੍ਰਵੇਸ਼ ਕੀਤੇ । ਅਜੀਤ ਕੌਰ ਨੇ ਗੁਲਬਾਨੋ, ਫਾਲਤੂ ਔਰਤ, ਸਾਵੀਆਂ ਚਿੜੀਆਂ, ਮੌਤ ਅਲੀ ਬਾਬੇ ਦੀ , ਨਾ ਮਾਰੋ ਨਾਲ ਔਰਤ ਦੀ ਮਾਨਵੀ ਹੋਂਦ ਦੀਆਂ ਆਪਣੀਆਂ ਨਿੱਜੀ ਅਕਾਂਖਿਆਵਾਂ ਤੇ ਹੋਣੀਆਂ ਦੇ ਜੀਵੰਤ ਪਸਾਰ ਨੂੰ ਤਰਕ ਦਿੱਤਾ । ਪ੍ਰੇਮ ਪ੍ਰਕਾਸ਼ (ਮੁਕਤੀ, ਸਵੇਤਾਂਬਰ ਨੇ ਕਿਹਾ ਸੀ , ਕੁਝ ਅਣਕਿਹਾ ਵੀ ) ਨੇ ਆਧੁਨਿਕ ਯੁਗ ਦੇ ਮਹੱਤਵਕਾਂਖੀ ਲਘੂ ਮਨੁੱਖ ਦੀ ਐਡਵੈਂਚਰੀ ਫਿਤਰਤ ਦੇ ਗਾਲਪਨਿਕ ਚਿੱਤਰ ਉਲੀਕੇ । ਵਰਿਆਮ ਸੰਧੂ ਨੇ ਅੰਗ ਸੰਗ, ਭੱਜੀਆਂ ਬਾਹਾਂ ਨਾਲ ਪਰਿਵਾਰਕ, ਭਾਈਚਾਰਕ ਸਬੰਧਾਂ ਵਿਚ ਗਰਕਦੀ ਹੋਂਦ ਚੇਤਨਾ ਨੂੰ ਪੂੰਜੀਵਾਦੀ ਕੀਮਤਾਂ ਦੇ ਦਮਨਕਾਰੀ ਪ੍ਰਸੰਗ ਨਾਲ ਜੋੜ ਕੇ ਆਪਣੀ ਆਲਹਾ ਪ੍ਰਤੱਖਣ ਸਮਰੱਥਾ ਦਾ ਪ੍ਰਗਟਾਵਾ ਕੀਤਾ । ਗਤੀਸ਼ੀਲ ਯਥਾਰਥ ਦੇ ਬਾਹਰੀ ਤੇ ਆਂਤਰਿਕ ਵਿਵੇਕਾਂ ਨੂੰ ਇਕੋ ਵੇਲੇ ਪ੍ਰਤੱਖਣ ਪ੍ਰਗਟਾਉਣ ਦੀ ਇਸ ਕਲਾਤਮਕ ਸਮਰੱਥਾ ਇਸ ਦੌਰ ਵਿਚ ਕਹਾਣੀ ਦਾ ਮਾਪਦੰਡ ਬਣੀ । ਇਸ ਚੇਤਨਾ ਨੂੰ ਆਤਮਸਾਤ ਕਰਨ ਵਾਲਾ ਪੰਜਾਬੀ ਕਹਾਣੀਕਾਰਾਂ ਦਾ ਇਕ ਵੱਡਾ ਵਰਗ ਜਿਸ ਵਿਚ ਮੋਹਨ ਭੰਡਾਰੀ, ਗੁਰਬਚਨ ਭੁੱਲਰ, ਰਘਬੀਰ ਢੰਡ, ਸਾਧੂ, ਰਾਮ ਸਰੂਪ ਅਣਖੀ, ਜਸਵੰਤ ਸਿੰਘ ਵਿਰਦੀ , ਕਿਰਪਾਲ ਕਜ਼ਾਕ, ਗੁਰਪਾਲ ਲਿਟ, ਜਸਬੀਰ ਭੁੱਲਰ, ਜੋਗਿੰਦਰ ਕੈਰੋਂ, ਦਲਬੀਰ ਚੇਤਨ, ਬਲਦੇਵ ਸਿੰਘ, ਸੁਖਵੰਤ ਕੌਰ ਮਾਨ, ਗੁਰਦੇਵ ਮਡਾਹੜ ਆਦਿ ਦੇ ਨਾਂ ਵਰਣਨਯੋਗ ਹਨ, ਇਸ ਦੌਰ ਵਿਚ ਸਥਾਪਤ ਹੋਇਆ । ਇਸ ਪੀੜ੍ਹੀ ਦੇ ਹੱਥਾਂ ਵਿਚ ਪੰਜਾਬੀ ਕਹਾਣੀ ਨੇ ਵਿਸ਼ੇ ਪੱਖੋਂ ਅਥਾਹ ਵਿਸਥਾਰ ਨੂੰ ਛੋਹਿਆ । ਪੰਜਾਬ ਦੀ ਸ਼੍ਰੇਣੀ ਸਮਾਜ ਵਿਚ ਕਿਸੇ ਅਣਗੌਲੇ ਅਣਹੋਏ ਕਿਰਤੀ ਤੋਂ ਲੈ ਕੇ ਅਤਿ ਆਧੁਨਿਕ ਜੀਵਨ ਜਾਚ ਦੀ ਲਪੇਟ ਵਿਚ ਆਇਆ ਮਨੁੱਖ ਅੱਜ ਪੰਜਾਬੀ ਕਹਾਣੀ ਦੇ ਕਲੇਵਰ ਵਿਚ ਹੈ । ਆਧੁਨਿਕੀਕ੍ਰਿਤ ਸ਼ਹਿਰੀਕ੍ਰਿਤ ਸਮਾਜ ਵਿਚ ਪੂੰਜੀਵਾਦੀ ਦੌਰ ਦੇ ਦਬਾਵਾਂ ਦੇ ਅੰਦਰਲੇ ਤ੍ਰਾਸਦਿਕ ਹੁੰਗਾਰਿਆਂ ਨੂੰ ਝੇਲਦਾ, ਨਵੀਂ ਜੀਵਨ ਜਾਚ ਵਿਚ ਹੱਕਾਂ, ਫਰਜ਼ਾਂ , ਅਧਿਕਾਰਾਂ ਦੇ ਨਵੇਂ  ਪ੍ਰਤਿਮਾਨਾਂ ਅਧੀਨ ਜ਼ਿੰਦਗੀ ਜਿਉਂਦਾ ਕਿਊਂਟਦਾ ਮਨੁੱਖ ਇਸ ਦੇ ਫੋਕਸ ਵਿਚ ਹੈ । ਇਸ ਦੌਰ ਦੀ ਪ੍ਰਾਪਤੀ, ਇਸ ਦੁਆਰਾ ਸਿਰਜਿਆ ਆਧੁਨਿਕ ਯੁਗ ਦਾ ਮਹੱਤਵਾਕਾਂਖੀ ਲਘੂ ਮਨੁੱਖ ਹੈ ਜਿਹੜਾ ਆਪਣੀਆਂ ਸਥਿਤੀਆਂ ਕਰ ਕੇ ਭਾਵੇਂ ਸਧਾਰਨ ਹੈ ਪਰ ਆਪਣੇ ਵਿਚਰਨ ਕਰ ਕੇ ਔਸਤ ਮਨੁੱਖ ਨਹੀਂ । ਕਹਾਣੀ ਦੀ ਜਟਿਲ ਸੰਰਚਨਾ ਅਤੇ ਖੁਲ੍ਹਾ ਅੰਤ ਇਸ ਦੌਰ ਦੀ ਕਹਾਣੀ ਦੀ ਪਛਾਣ ਬਣੀ ਹੈ ।

ਸੰਨ 1990 ਤੋਂ ਬਾਅਦ ਪੰਜਾਬੀ ਕਹਾਣੀ ਵਿਚ ਇਕ ਨਵਾਂ ਪੋਚ ਜਿਸ ਵਿਚ ਜਸਵਿੰਦਰ ਸਿੰਘ, ਸਰਵਮੀਤ, ਬਲਜਿੰਦਰ ਨਸਰਾਲੀ, ਲਾਲ ਸਿੰਘ, ਮਹਿਮਾ ਸਿੰਘ, ਅਵਤਾਰ ਸਿੰਘ ਬਿਲਿੰਗ, ਜਿੰਦਰ, ਦੇਸ ਰਾਜ ਕਾਲੀ, ਅਮਨਪਾਲ ਸਾਰਾ, ਹਰਜੀਤ ਅਟਵਾਲ, ਬਲਦੇਵ ਧਾਲੀਵਾਲ , ਸ਼ਸ਼ੀ ਸਮੁੰਦਰਾ, ਵੀਨਾ ਵਰਮਾ ਆਦਿ ਦਾ ਨਾਂ ਵਰਣਨਯੋਗ ਹੈ, ਨਵੇਂ ਯਥਾਰਥ ਨਾਲ ਜੂਝਦਾ ਪੰਜਾਬੀ ਕਹਾਣੀ ਦੀਆਂ ਭਵਿੱਖਾਰਥੀ ਸੰਭਾਵਨਾਵਾਂ ਦੀ ਸੋਝੀ ਦੇ ਰਿਹਾ ਹੈ । ਇਨ੍ਹਾਂ ਦੀ ਸਾਹਿਤ ਸੰਵੇਦਨਾ ਦੀ ਪ੍ਰਾਪਤੀ ਇਹ ਹੈ ਕਿ ਇਨ੍ਹਾਂ ਦਾ ਬਿਰਤਾਂਤਕ ਮੂਡ ਮਨੁੱਖੀ ਗਿਆਨ ਵਿਗਿਆਨ ਦੀ  ਸਮੁੱਚੀ ਪਰੰਪਰਾ ਦੀਆਂ ਅੰਤਰ ਸੋਝੀਆਂ ਤੋਂ ਪੂਰਾ ਪੂਰਾ ਫਾਇਦਾ ਉਠਾਉਂਦਾ ਹੈ ਪਰ ਵਿਭਿੰਨ ਸਿਸਟਮਾਂ ਸੰਜਮਾਂ ਦੀਆਂ ਕੁਝ ਅਤਿਤਾਵਾਂ ਤੇ ਕਠੋਰਤਾਵਾਂ ਨੂੰ ਉਲੰਘ ਸਕਣ ਦੇ ਸਮਰੱਥ ਹੈ  । ਸਮੁੱਚੇ ਰੂਪ ਵਿਚ ਪੰਜਾਬੀ ਕਹਾਣੀ ਦੀ ਪ੍ਰਾਪਤੀ ਗੌਰਵਸ਼ੀਲ ਹੈ ।


ਲੇਖਕ : ਡਾ. ਧਨਵੰਤ ਕੌਰ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 15608, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-08-04-38-21, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.