ਬਚਨ ਗੋਬਿੰਦ ਲੋਕਾਂ ਕੇ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬਚਨ ਗੋਬਿੰਦ ਲੋਕਾਂ ਕੇ (ਰਚਨਾ): ਇਸ ਨਾਂ ਦੀ ਰਚਨਾ ਦੇ ਕਈ ਹੱਥ-ਲਿਖਿਤ ਉਤਾਰੇ ਮਿਲਦੇ ਹਨ। ਇਸ ਨੂੰ ‘ਬਚਨ ਸਾਈਂ ਲੋਕਾਂ ਕੇ ’ ਵੀ ਕਿਹਾ ਜਾਂਦਾ ਹੈ। ਪਹਿਲੀ ਵਾਰ ਪਿਆਰਾ ਸਿੰਘ ਪਦਮ ਨੇ 1971 ਈ. ਵਿਚ ਇਸ ਦਾ ਸੰਪਾਦਨ ਕਰਕੇ ਪੁਰਾਤਨ ਗੱਦ ਵਿਚ ਰੁਚੀ ਰਖਣ ਵਾਲਿਆਂ ਲਈ ਪ੍ਰਕਾਸ਼ਿਤ ਰੂਪ ਵਿਚ ਉਪਲਬਧ ਕੀਤਾ। ਇਹ ਪੁਸਤਕ ਸੇਵਾਪੰਥੀ ਸੰਪ੍ਰਦਾਇ ਦੀ ਪੰਜਾਬੀ ਗੱਦ ਨੂੰ ਵਡਮੁੱਲੀ ਦੇਣ ਹੈ। ਇਸ ਦਾ ਕਰਤ੍ਰਿਤਵ ਭਾਵੇਂ ਸੰਦਿਗਧ ਹੈ, ਪਰ ਡਾ. ਗੁਰਮੁਖ ਸਿੰਘ ਨੇ ਆਪਣੇ ਸ਼ੋਧ-ਪ੍ਰਬੰਧ ਵਿਚ ਇਸ ਦਾ ‘ਪੋਥੀ ਆਸਾਵਰੀਆਂ ’ ਦੇ ਬਚਨਾਂ ਨਾਲ ਤੁਲਨਾਤਮਕ ਅਧਿਐਨ ਕਰਕੇ ਇਹ ਸਿੱਧ ਕੀਤਾ ਹੈ ਕਿ ਦੋਹਾਂ ਦੇ ਲਗਭਗ 70 ਬਚਨ ਪਰਸਪਰ ਮੇਲ ਖਾਂਦੇ ਹਨ। ਇਸ ਲਈ ਇਨ੍ਹਾਂ ਦੋਹਾਂ ਦਾ ਰਚੈਤਾ ਕੋਈ ਇਕ ਵਿਅਕਤੀ ਹੀ ਹੋ ਸਕਦਾ ਹੈ ਅਤੇ ਉਹ ਸਹਿਜ ਰਾਮ ਪ੍ਰਤੀਤ ਹੁੰਦਾ ਹੈ।
ਕੁਝ ਵਿਦਵਾਨ ਇਸ ਨੂੰ ਭਾਈ ਅੱਡਣ ਸ਼ਾਹ ਦੀ ਰਚਨਾ ਮੰਨਦੇ ਹਨ। ਪਰ ਇਸ ਦੇ ਪ੍ਰਮਾਣ ਵਜੋਂ ਕੋਈ ਤੱਥ ਉਪਲਬਧ ਨਹੀਂ ਹੈ। ਸੰਭਵ ਹੈ ਕਿ ਇਨ੍ਹਾਂ ਦਾ ਕੱਥ ਲੇਖਕ ਨੂੰ ਭਾਈ ਅੱਡਣ ਸ਼ਾਹ ਦੇ ਪ੍ਰਵਚਨਾਂ ਵਿਚੋਂ ਪ੍ਰਾਪਤ ਹੋਇਆ ਹੋਵੇ। ਇਸ ਸੰਗ੍ਰਹਿ ਵਿਚ ਲਗਭਗ 250 ਬਚਨ ਹਨ। ਇਨ੍ਹਾਂ ਬਚਨਾਂ ਵਿਚ ਜਿਗਿਆਸੂ ਨੂੰ ਵਿਸ਼ੇ-ਵਾਸਨਾਵਾਂ, ਵਿਕਾਰਾਂ ਅਤੇ ਅਵਗੁਣਾਂ ਦਾ ਤਿਆਗ ਕਰਨ ਲਈ ਜਿਥੇ ਉਪਦੇਸ਼ ਦਿੱਤੇ ਗਏ ਹਨ, ਉਥੇ ਨਾਮ-ਸਿਮਰਨ, ਸਤਿਸੰਗਤ, ਸੇਵਾ ਅਤੇ ਸਚੀ ਕਿਰਤ ਕਰਨ ਲਈ ਤਾਕੀਦ ਕੀਤੀ ਗਈ ਹੈ। ਇਸ ਤਰ੍ਹਾਂ ਇਨ੍ਹਾਂ ਬਚਨਾਂ ਵਿਚ ਨੈਤਿਕ ਅਤੇ ਸਦਾਚਾਰਿਕ ਗੁਣਾਂ ਦੀ ਪਾਲਨਾ ਲਈ ਸਿਧੇ ਉਪਦੇਸ਼ ਦਿੱਤੇ ਗਏ ਹਨ। ਇਥੇ ਇਕ ਗੱਲ ਦਾ ਧਿਆਨ ਰਖਣਾ ਹੈ ਕਿ ਸਾਰੇ ਉਪਦੇਸ਼ ਸੇਵਾਪੰਥੀ ਸੰਪ੍ਰਦਾਇ ਦੀ ਭਾਵ-ਭੂਮੀ ਦੇ ਸੰਦਰਭ ਵਿਚ ਦਿੱਤੇ ਗਏ ਹਨ। ਇਹੀ ਕਾਰਣ ਹੈ ਕਿ ਕੁਝ ਗੱਲਾਂ ਗੁਰਮਤਿ ਦੇ ਵਿਰੋਧੀ ਅੰਸ਼ਾਂ ਵਾਲੀਆਂ ਵੀ ਇਸ ਵਿਚ ਸਮੋ ਦਿੱਤੀਆਂ ਗਈਆਂ ਹਨ।
ਸਾਹਿਤਿਕ ਦ੍ਰਿਸ਼ਟੀ ਤੋਂ ਇਹ ਉਪਦੇਸ਼ਾਤਮਕ ਰਚਨਾ ਹੈ। ਇਸ ਵਿਚ ਵਿਸ਼ੇ ਜਾਂ ਸਿੱਧਾਂਤ ਦੇ ਵਿਸ਼ਲੇਸ਼ਣ ਲਈ ਵਿਆਖਿਆਤਮਕ ਸ਼ੈਲੀ ਦੀ ਵੀ ਵਰਤੋਂ ਹੋਈ ਹੈ। ਆਪਣੇ ਮਤ ਨੂੰ ਸਥਾਪਿਤ ਕਰਨ ਲਈ ਉਕਤੀਆਂ ਯੁਕਤੀਆਂ ਵੀ ਲੇਖਕ ਨੇ ਵਰਤ ਲਈਆਂ ਹਨ। ਮਾਇਆ ਦੇ ਪ੍ਰਭਾਵ ਤੋਂ ਬਚਣ ਲਈ ਕਿਤਨੀ ਜੁਗਤ ਨਾਲ ਉਸ ਦੇ ਭਿਆਨਕ ਰੂਪ ਨੂੰ ਲੇਖਕ ਨੇ ਹੇਠ ਲਿਖੇ ਬਚਨ ਰਾਹੀਂ ਦਰਸਾਇਆ ਹੈ :
ਬਚਨੁ ਹੈ ਹਿਕ ਸਾਧ ਦਾ ਜੋ ਮਾਇਆ ਦੇ ਤਾਈ ਦਿਹਾੜੇ ਪ੍ਰਲੋਕ ਦੇ ਸਾਈ ਦੇ ਹਾਜਰ ਕਰੀਏ। ਸੋ ਸੂਰਤ ਬੂਢੀ ਮਾਈ ਦੀ ਸੋ ਮੁਹੁ ਉਸ ਦਾ ਕਾਲਾ ਅਰੁ ਅਖੀਆਂ ਬਿਲੀ ਦੀਆਂ। ਅਰੁ ਦੰਦ ਬਾਹਰਿ ਨਿਕਲੇ ਹੋਏ। ਅਰੁ ਹੋਠ ਉਪਰਲੇ ਤਲੇ ਅਰੁ ਤਲੇ ਦੇ ਉਪਰ ਚੜੇ ਹੋਏ। ਸੋ ਜੋ ਕੋਈ ਦੇਖੇਗਾ ਸੋ ਡਰੇਗਾ। ਫੇਰਿ ਦਰਗਾਹ ਸਾਈ ਦੀ ਤੇ ਆਕਾਸ ਬਾਣੀ ਹੋਵੈਗੀ ਜੋ ਹੇ ਲੋਕੋ ਜਾਣਦੇ ਹੋ ਇਸ ਤਾਈ। ਸਭ ਕਹਿਣ ਲਗੇ ਜੋ ਹੇ ਸਾਈ ! ਰਖ ਲੈ ਅਸਾਂ ਨੂੰ ਇਸ ਥੋ ਅਸੀਂ ਨਹੀਂ ਪਛਾਨਦੇ। ਤਾਂ ਫੇਰਿ ਅਕਾਸ ਬਾਨੀ ਹੋਵੇਗੀ ਇਹ ਮਾਇਆ ਹੈ ਜਿਸ ਕਰਿ ਕੇ ਤੁਸੀ ਵਡਿਆਈਆ ਕਰਦੇ ਸੇ ਅਰ ਜਿਸ ਕਰਿ ਕੇ ਗ਼ਰੀਬਾਂ ਨੂੰ ਦੁਖ ਪਹੁੰਚਦੇ ਆਹੇ। ਅਰੁ ਧਰਮ ਅਪਨੇ ਤਾਈ ਵਿਚੇਂਦੇ ਆਹੇ ਸੋ ਉਹ ਮਾਇਆ ਹੈ ਜੇੜੀ ਤੁਸਾਡੀ ਪਿਆਰੀ ਆਹੀ। ਫੇਰਿ ਹੁਕਮੁ ਹੋਵੇਗਾ ਜੋ ਮਾਇਆ ਨੂੰ ਨਰਕ ਵਿਚਿ ਘਤੋ। ਤਬ ਮਾਇਆ ਉਸ ਵਖਤ ਪੁਕਾਰ ਕਰੇਗੀ ਹੇ ਸਾਈਂ! ਕਿਥੇ ਹੈਨਿ ਪਿਆਰੇ ਮੇਰੇ ਅਰੁ ਹੁਕਮ ਮਨਣ ਵਾਲੇ ਮੇਰੇ। ਫੇਰਿ ਹੁਕਮਿ ਹੋਇਆ ਜੋ ਇਸ ਦੇ ਪਿਆਰਿਆਂ ਨੂੰ ਭੀ ਨਰਕ ਘਤੋ।
ਇਹ ਬਚਨ ਕੇਵਲ ਜਿਗਿਆਸੂਆਂ ਲਈ ਹੀ ਨਹੀਂ, ਸਾਧਾਂ-ਸੰਤਾਂ ਲਈ ਵੀ ਉਪਕਾਰੀ ਹਨ। ਇਸ ਲਈ ਇਨ੍ਹਾਂ ਦਾ ਭਾਵ-ਪ੍ਰਸਾਰ ਖੇਤਰ ਬੜਾ ਵਿਆਪਕ ਹੈ। ਲੇਖਕ ਨੇ ਸਾਰੀ ਗੱਲ ਇਤਨੀ ਭਾਵਨਾਮਈ ਸ਼ੈਲੀ ਵਿਚ ਕਹੀ ਹੈ ਕਿ ਉਹ ਪ੍ਰਭਾਵ ਪਾਏ ਬਿਨਾ ਰਹਿ ਹੀ ਨਹੀਂ ਸਕਦੀ। ਇਨ੍ਹਾਂ ਬਚਨਾਂ ਦੀ ਸ਼ੈਲੀ ਵਰਣਿਤ ਵਿਸ਼ੇ ਅਤੇ ਉਸ ਦੇ ਸਰੂਪ ਅਨੁਸਾਰ ਬਦਲਦੀ ਹੈ। ਦਾਰਸ਼ਨਿਕ ਵਿਚਾਰਾਂ ਨੂੰ ਪ੍ਰਗਟਾਉਣ ਵੇਲੇ ਸ਼ੈਲੀ ਗੰਭੀਰ ਅਤੇ ਸ਼ਬਦਾਵਲੀ ਕਠਿਨ ਅਤੇ ਪਰਿਭਾਸ਼ਿਕ ਸ਼ਬਦਾਂ ਨਾਲ ਭਰਪੂਰ ਹੋ ਗਈ ਹੈ, ਪਰ ਕਿਸੇ ਕਥਾ-ਪ੍ਰਸੰਗ ਨੂੰ ਦਰਸਾਉਣ ਵੇਲੇ ਜਾਂ ਜੀਵਨ ਦੇ ਕਿਸੇ ਸਾਧਾਰਣ ਪੱਖ ਨੂੰ ਚਿਤ੍ਰਣ ਵੇਲੇ ਸ਼ੈਲੀ ਅਤੇ ਭਾਸ਼ਾ ਸਰਲ ਅਤੇ ਆਮ ਜਨ-ਜੀਵਨ ਦੇ ਬਹੁਤ ਨੇੜੇ ਹੈ। ਭਾਵਨਾਤਮਕ ਪ੍ਰਸੰਗਾਂ ਨੂੰ ਚਿਤ੍ਰਣ ਵੇਲੇ ਭਾਵੁਕਤਾ ਦੀ ਅਧਿਕਤਾ ਦੇ ਫਲਸਰੂਪ ਸ਼ੈਲੀ ਦਾ ਸਰੂਪ ਕਾਵਿਮਈ ਹੋ ਗਿਆ ਹੈ।
ਲੇਖਕ ਨੇ ਆਪਣੇ ਮਤ ਵਿਸ਼ਲੇਸ਼ਣ ਲਈ ਕਈ ਥਾਂਵਾਂ ਤੇ ਮਿਥਿਕ ਰੂੜ੍ਹੀਆਂ ਅਤੇ ਲੋਕ-ਯਾਨਿਕ ਭੰਡਾਰ ਵਿਚੋਂ ਕੁਝ ਕੁ ਪ੍ਰਸਿੱਧ ਕਹਾਣੀਆਂ ਅਤੇ ਘਟਨਾਵਾਂ ਨੂੰ ਵੀ ਆਪਣੇ ਕੱਥ ਵਿਚ ਗੁੰਦਿਆ ਹੈ ਅਤੇ ਮਨੁੱਖ ਸਮਾਜ ਦੀਆਂ ਬੀਤ ਚੁਕੀਆਂ ਗੱਲਾਂ ਦਾ ਪੁਨਰ-ਪਰਿਚਯ ਕਰਵਾਇਆ ਹੈ। ਇਸ ਪ੍ਰਕਾਰ ਦੇ ਬਚਨਾਂ ਵਿਚ ਇਤਿਹਾਸਿਕ, ਅਰਧ- ਇਤਿਹਾਸਿਕ, ਮਿਥਿਕ ਅਤੇ ਪੌਰਾਣਿਕ ਪ੍ਰਸੰਗਾਂ ਨੂੰ ਵੀ ਚਿਤਰ ਦਿੱਤਾ ਗਿਆ ਹੈ। ਇਸ ਤਰ੍ਹਾਂ ਭਾਵੁਕਤਾ ਦੇ ਪ੍ਰਭਾਵ ਦੇ ਫਲਸਰੂਪ ਇਤਿਹਾਸਿਕ ਘਟਨਾਵਾਂ ਦਾ ਮੁਹਾਂਦਰਾ ਵੀ ਮਿਥ ਦੇ ਮੁਹਾਂਦਰੇ ਵਰਗਾ ਹੋ ਗਿਆ ਹੈ। ਲੇਖਕ ਨੇ ਗੁਰਬਾਣੀ ਅਤੇ ਸੰਤ ਬਾਣੀ ਤੋਂ ਆਪਣੇ ਮਤ ਪ੍ਰਤਿਪਾਦਨ ਲਈ ਟੂਕਾਂ ਵੀ ਉਧਰਿਤ ਕੀਤੀਆਂ ਹਨ, ਜਿਸ ਕਰਕੇ ਉਹ ਬਹੁਤ ਪੜ੍ਹਿਆ ਲਿਖਿਆ ਪ੍ਰਤੀਤ ਹੁੰਦਾ ਹੈ ਅਤੇ ਪਰੰਪਰਾਗਤ ਗਿਆਨ ਤੋਂ ਅਭਿਜ ਨਹੀਂ ਮੰਨਿਆ ਜਾ ਸਕਦਾ। ਅਲੰਕਾਰਾਂ ਦੀ ਵਰਤੋਂ ਵੀ ਕਿਤੇ ਕਿਤੇ ਭਾਵ-ਪ੍ਰਕਾਸ਼ਨ ਲਈ ਕਰ ਲਈ ਗਈ ਹੈ। ਪਰ ਇਸ ਪਰਥਾਇ ਲੇਖਕ ਦਾ ਕੋਈ ਉਚੇਚਾ ਝੁਕਾ ਨਹੀਂ, ਇਹ ਤਾਂ ਸਹਿਜ ਸੁਭਾਵਿਕ ਆ ਗਏ ਪ੍ਰਤੀਤ ਹੁੰਦੇ ਹਨ।
ਇਨ੍ਹਾਂ ਬਚਨਾਂ ਦੀ ਭਾਸ਼ਾ ਦਾ ਪਿੰਡਾ ਪੰਜਾਬੀ ਹੈ, ਪਰ ਬਸਤ੍ਰ ਸਾਧ ਭਾਸ਼ਾਈ ਹਨ। ਸੰਸਕ੍ਰਿਤ ਦੀ ਤਤਸਮ ਅਤੇ ਤਦਭਵ ਸ਼ਬਦਾਵਲੀ ਵੀ ਸਾਧ ਭਾਸ਼ਾ ਦੇ ਮਾਧਿਅਮ ਰਾਹੀਂ ਹੀ ਇਨ੍ਹਾਂ ਤਕ ਪਹੁੰਚੀ ਹੈ। ਅਰਬੀ ਫ਼ਾਰਸੀ ਭਾਸ਼ਾ ਦੀ ਸ਼ਬਦਾਵਲੀ ਨੂੰ ਅਪਣਾਉਣ ਵਲ ਕੋਈ ਉਚੇਚਾ ਝੁਕਾ ਨਹੀਂ ਹੈ। ਆਮ ਜਨ-ਜੀਵਨ ਵਿਚ ਵਰਤੀ ਜਾ ਰਹੀ ਇਨ੍ਹਾਂ ਭਾਸ਼ਾਵਾਂ ਦੀ ਸ਼ਬਦਾਵਲੀ ਜੇ ਸਹਿਜ ਸੁਭਾ ਵਰਤੋਂ ਵਿਚ ਆ ਗਈ ਹੋਵੇ, ਤਾਂ ਲੇਖਕ ਉਸ ਨੂੰ ਨਿਸ਼ੇਧਣ ਲਈ ਤਿਆਰ ਨਹੀਂ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1197, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First