ਬਿਬੇਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਿਬੇਕ [ਨਾਂਪੁ] ਚੰਗੇ-ਮਾੜੇ ਦੀ ਪਛਾਣ , ਨਿਰਨਾ-ਸ਼ਕਤੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8702, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬਿਬੇਕ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬਿਬੇਕ: ਇਹ ਸ਼ਬਦ ਸੰਸਕ੍ਰਿਤ ਦੇ ‘ਵਿਵੇਕ’ ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਅਰਥ ਹੈ ਉਹ ਬੌਧਿਕ ਦਸ਼ਾ ਜਦੋਂ ਵਿਅਕਤੀ ਹੰਸ ਵਾਂਗ ਦੁੱਧ ਅਤੇ ਪਾਣੀ ਨੂੰ ਨਿਤਾਰ ਸਕਦਾ ਹੈ। ‘ਬੁੱਧੀ ’ ਦੇ ਆਮ ਤੌਰ ’ਤੇ ਦੋ ਰੂਪ ਮੰਨੇ ਜਾਂਦੇ ਹਨ— ਇਕ ਕੁਬੁੱਧੀ ਅਤੇ ਦੂਜਾ ਸੁਬੁੱਧੀ। ਠੀਕ ਉਸੇ ਤਰ੍ਹਾਂ ਜਿਵੇਂ ਮਨ ਦੇ ਦੋ ਰੂਪ ਹਨ, ਇਕ ਪ੍ਰਕਾਸ਼ਮਈ ਮਨ ਅਤੇ ਦੂਜਾ ਅੰਧਕਾਰਮਈ ਮਨ। ਅੰਧਕਾਰਮਈ ਮਨ ਨੂੰ ਪ੍ਰਕਾਸ਼ਮਈ ਮਨ ਦੁਆਰਾ ਮਾਰਿਆ ਜਾ ਸਕਦਾ ਹੈ। ਬੁੱਧੀ ਜਦੋਂ ਸਹੀ ਮਾਰਗ ਨੂੰ ਛਡ ਕੇ ਕੁਰਾਹੇ ਪੈਂਦੀ ਹੈ ਜਾਂ ਕਲਿਆਣਕਾਰੀ ਮਾਰਗ ਦੀ ਥਾਂ ਵਿਨਾਸ਼ਕਾਰੀ ਮਾਰਗ ਉਤੇ ਅਗੇ ਵਧਦੀ ਹੈ ਤਾਂ ਉਹ ‘ਕੁਬੁੱਧੀ’ ਅਖਵਾਉਂਦੀ ਹੈ ਅਤੇ ਜਦੋਂ ਉਹ ਵਾਸਤਵਿਕ ਮਾਰਗ ਦੀ ਪਛਾਣ ਕਰਕੇ ਜਿਗਿਆਸੂ ਨੂੰ ਉਸ ਉਤੇ ਤੋਰਦੀ ਹੈ ਤਾਂ ਉਸ ਦਸ਼ਾ ਵਿਚ ਉਹ ‘ਸੁਬੁੱਧੀ’ ਹੈ। ਉਹ ਸਹੀ-ਗ਼ਲਤ ਦਾ ਨਿਰਣਾ ਕਰਨ ਵਿਚ ਸਮਰਥ ਹੋ ਜਾਂਦੀ ਹੈ। ਇਸ ਬਿਰਤੀ ਨੂੰ ਹੀ ‘ਬਿਬੇਕ’ ਕਿਹਾ ਜਾਂਦਾ ਹੈ। ਸਿੱਖ ਜਗਤ ਦੀ ਇਹ ਬਹੁ-ਚਰਚਿਤ ਬਿਰਤੀ ਹੈ।
‘ਬਿਬੇਕ’ ਦੀ ਪ੍ਰਾਪਤੀ ਗੁਰੂ ਦੁਆਰਾ ਸੰਭਵ ਹੁੰਦੀ ਹੈ। ਇਹ ਸਭ ਕੁਝ ਧੁਰ ਦਰਗਾਹ ਤੋਂ ਮਸਤਕ ਉਤੇ ਲਿਖਿਆ ਆਉਂਦਾ ਹੈ— ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ। ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ। (ਗੁ.ਗ੍ਰੰ.711)। ਬਿਬੇਕ ਬੁੱਧੀ ਨਾਲ ਦੁਬਿਧਾ ਖ਼ਤਮ ਹੋ ਜਾਂਦੀ ਹੈ ਅਤੇ ਸਾਧਕ ਬ੍ਰਹਮ ਵਿਚ ਪੂਰੀ ਤਰ੍ਹਾਂ ਮਗਨ ਹੋ ਕੇ ਅਧਿਆਤਮਿਕ ਭਵਿਸ਼ ਉਜਲਾ ਕਰ ਲੈਂਦਾ ਹੈ। ਬਿਬੇਕ ਬੁੱਧੀ ਵਾਲਾ ਸਾਧਕ ਪ੍ਰੇਮ-ਭਗਤੀ ਵਿਚ ‘ਸੁਹਾਗਣ ’ ਇਸਤਰੀ ਵਰਗਾ ਹੈ। ਇਹੀ ਗੁਰਮੁਖ ਦੀ ਅਵਸਥਾ ਹੈ। ਅਜਿਹੇ ਪਤੀ ਦੀ ਸਰਪ੍ਰਸਤੀ ਵੇਲੇ ਭਲਾ ਦੁਹਾਗਣ ਦੀ ਅਵਸਥਾ ਕਿਵੇਂ ਪੈਦਾ ਹੋ ਸਕਦੀ ਹੈ— ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ। ਓਹੁ ਹਮਾਰੈ ਮਾਥੈ ਕਾਇਮੁ ਅਉਰੁ ਹਮਰੈ ਨਿਕਟਿ ਨ ਆਵੈ। (ਗੁ.ਗ੍ਰੰ.476)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8501, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਬਿਬੇਕ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬਿਬੇਕ* (ਸੰ.। ਸੰਸਕ੍ਰਿ਼ਤ ਵਿਵੇਕ:) ਵਸਤੂ ਦੇ ਸ੍ਵਰੂਪ ਦਾ ਯਥਾਰਥ ਨਿਰਣਯ ਜੋ ਉਸਦੀ ਜ਼ਾਹਰੀ ਸ਼ਕਲ ਤੋਂ ਨਹੀਂ , ਪਰ ਉਸ ਦੇ ਗੁਣਾਂ ਤੇ ਖਾਸੀਅਤਾਂ ਦੇ ਵੀਚਾਰ ਤੋਂ ਕੀਤਾ ਜਾਏ। ਧਾਰਮਕ ਵੀਚਾਰ ਵਿਚ ਦ੍ਰਿਸ਼ਟਮਾਨ ਦਾ ਬ੍ਰਹਮ ਤੋਂ ਨਿਰਣਾ ਕਰ ਲੈਣਾ , ਮਾਯਾ ਤੋਂ ਆਤਮ ਤੱਤ ਵਸਤ ਦਾ ਨਿਰਣਾ ਕਰ ਲੈਣਾ, ਅਸੱਤ ਤੋਂ ਸੱਤ ਦਾ ਨਿਰਣਾ ਕਰ ਲੈਣਾ ਆਦਿਕ ਅਰਥ ਲਏ ਜਾਂਦੇ ਹਨ। ਯਥਾ-‘ਕਰਹੁ ਬਿਬੇਕੁ ਸੰਤ ਜਨ ਭਾਈ ਖੋਜਿ ਹਿਰਦੈ ਦੇਖਿ ਢੰਢੋਲੀ’।
----------
* ਜੋ ਸਿਖ ਲੋਕ ਹਿੰਦੂ ਬ੍ਰਹਮਚਾਰੀ ਦੀ ਤਰ੍ਹਾਂ ਆਪ ਰੋਟੀ ਪਕਾਕੇ ਖਾਂਦੇ ਤੇ ਖਾਨ ਪਾਨ ਪਹਿਰਾਨ ਬੜੀ ਸੇਧ ਦਾ ਕਰਕੇ ਆਪਣੇ ਆਪਨੂੰ ਬਿਬੇਕੀ ਕਹਿੰਦੇ ਹਨ, ਬਿਬੇਕ ਦਾ ਇਹ ਅਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਆਯਾ। ਹਾਂ ਪੰਥ ਵਿਚ ਬਿਬੇਕੀ ਦਾ ਅਰਥ-ਰਹਿਤ ਮ੍ਰਿਯਾਦਾ ਦਾ ਪੂਰਾ ਤੇ ਹਕ ਅਨਹਕ ਦਾ ਪਛਾਣੂ ਤੇ ਨਾਮ ਜਪਣ ਵਾਲੇ ਤੇ ਨਾ ਜਪਣ ਵਾਲੇ ਦੇ ਸੰਗ ਕੁਸੰਗ ਦੀ ਤਾਸੀਰ ਨੂੰ ਸਮਝਣ ਵਾਲਾ-ਲਿਆ ਜਾਂਦਾ ਰਿਹਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8500, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First