ਬੁਝਾਰਤਾਂ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੁਝਾਰਤਾਂ: ਪੰਜਾਬੀ ਲੋਕ-ਸਾਹਿਤ ਵਿੱਚ ਪੰਜਾਬੀ ਬੁਝਾਰਤਾਂ ਇੱਕ ਵਿਸ਼ੇਸ਼ ਖ਼ਜ਼ਾਨਾ ਹਨ। ਪ੍ਰਾਚੀਨ ਕਾਲ ਤੋਂ ਇਹ ਸਾਡੇ ਜੀਵਨ ਨਾਲ ਤੁਰੀਆਂ ਆ ਰਹੀਆਂ ਹਨ। ਇਹ ਕਾਵਿ-ਰੂਪ ਵਿੱਚ ਹੋਣ ਕਾਰਨ ਛੰਦਾ-ਬੰਦੀ ਦਾ ਅਨੂਠਾ ਨਮੂਨਾ ਹਨ। ਭਾਰਤ ਦੇ ਸਾਰੇ ਰਾਜਾਂ ਵਿੱਚ ਆਪਣੀ-ਆਪਣੀ ਭਾਸ਼ਾ ਵਿੱਚ ਬੁਝਾਰਤਾਂ ਮਿਲਦੀਆਂ ਹਨ। ਮਨੁੱਖ ਦੇ ਜਨਮ ਨਾਲ ਹੀ ਬੁਝਾਰਤਾਂ ਦਾ ਜਨਮ ਹੋਇਆ ਲੱਗਦਾ ਹੈ। ਮੁੱਢ ਵਿੱਚ ਇਹ ਮੌਖਿਕ-ਸਾਹਿਤ ਵਾਂਗ ਹੀ ਹੋਂਦ ਵਿੱਚ, ਪੀੜ੍ਹੀ-ਦਰ-ਪੀੜ੍ਹੀ ਪ੍ਰਾਪਤ ਹੁੰਦੀਆਂ ਰਹੀਆਂ। ਲਿਖਤੀ ਰੂਪ ਵਿੱਚ ਬੁਝਾਰਤ ਪਾਉਣ ਦੀ ਪਰੰਪਰਾ ਵੈਦਿਕ-ਸਾਹਿਤ ਵਿੱਚ ਹੀ ਸਭ ਤੋਂ ਪਹਿਲਾਂ ਵਿਖਾਈ ਦਿੰਦੀ ਹੈ। ਬੁਝਾਰਤਾਂ ਦਾ ਜਨਮ ਬ੍ਰਹਿਮੰਡ ਦੇ ਰਹੱਸਾਂ (ਭੇਤਾਂ) ਨੂੰ ਸਮਝਣ ਤੇ ਖੋਜਣ ਦੀ ਜਿਗਿਆਸਾ ਵਿੱਚੋਂ ਹੋਇਆ ਮੰਨਿਆ ਜਾਂਦਾ ਹੈ। ਪੰਜਾਬੀ ਜੀਵਨ ਵਿੱਚ ਵੀ ਬੁਝਾਰਤ ਪਾਉਣ ਦਾ ਰਿਵਾਜ ਬਹੁਤ ਪੁਰਾਣਾ ਹੈ। ਇਹਨਾਂ ਨੂੰ ਬੁਝਣ ਵਾਲੀਆਂ ਬਾਤਾਂ ਵੀ ਕਿਹਾ ਜਾਂਦਾ ਹੈ। ਅੜਾਉਣੀ ਭਾਵ ਕੋਈ ਗੁੰਝਲਦਾਰ ਗੱਲ ਦਾ ਉੱਤਰ ਦੇਣਾ। ਸੂਫ਼ੀ ਕਵੀ ਅਮੀਰ ਖ਼ੁਸਰੋ ਫ਼ਾਰਸੀ ਦੇ ਵੱਡੇ ਵਿਦਵਾਨ ਨੇ ਪਹਿਲੀ ਵਾਰ ਪੰਜਾਬੀ ਬੁਝਾਰਤਾਂ ਦਾ ਦਿਹਲਵੀ ਭਾਸ਼ਾ ਵਿੱਚ ਉੱਲਥਾ ਕੀਤਾ। ਇੱਕ ਨਮੂਨਾ ਵੇਖੋ-ਏਕ ਰਾਜਾ ਕੀ ਅਨੋਖੀ ਰਾਨੀ, ਨੀਚੇ ਸੇ ਬਹ ਪੀਵੈ ਪਾਨੀ। (ਦੀਵੇ ਦੀ ਬੱਤੀ)। ਪੰਜਾਬੀ ਵਿੱਚ ਸਭ ਤੋਂ ਪਹਿਲਾਂ ਬਾਬਾ ਗੰਗਾ ਸਿੰਘ ਬੇਦੀ ਨੇ ਲਗਪਗ 150 ਬੁਝਾਰਤਾਂ ਨੂੰ ਸੰਗ੍ਰਹਿ ਦਾ ਰੂਪ ਦਿੱਤਾ।

     ਆਮ ਤੌਰ ਤੇ ਰਾਤ ਨੂੰ ਰੋਟੀ-ਟੁੱਕਰ ਖਾਣ ਪਿੱਛੋਂ ਪਰਿਵਾਰ ਬਾਤਾਂ ਪਾਉਣ ਲਈ ਜੁੜ ਜਾਂਦਾ। ਬੁਝਾਰਤਾਂ (ਬਾਤਾਂ) ਪਾਈਆਂ ਜਾਂਦੀਆਂ ਤੇ ਮਨੋਰੰਜਨ ਕੀਤਾ ਜਾਂਦਾ। ਇੱਕ ਬਾਤ ਪਾਉਂਦਾ ਤੇ ਬਾਕੀ ਦੇ ਬੁੱਝਦੇ। ਇਹਨਾਂ ’ਚ ਬੱਚੇ ਵੱਧ ਚੜ੍ਹਕੇ ਹਿੱਸਾ ਲੈਂਦੇ। ਪਰਿਵਾਰਿਕ ਸਾਂਝ ਲਈ ਬੁਝਾਰਤਾਂ ਇੱਕ ਮਾਧਿਅਮ ਦੀ ਭੂਮਿਕਾ ਨਿਭਾਉਂਦੀਆਂ। ਗੁਰਬਾਣੀ ’ਚ ਆਉਂਦਾ ਹੈ :

ਨਾਨਕ ਜਿਸ ਬੁਝਾਏ ਸੁ ਬੁਝਸੀ।

ਹਰਿ ਪਾਇਆ ਗੁਰਮੁਖਿ ਘਾਲਿ॥

(ਸੋਰਠਿ ਵਾਰ, ਗੁਰੂ ਅਮਰਦਾਸ)

ਕਹਾ ਬੁਝਾਰਤਿ ਬੂਝੈ ਡੋਰਾ

          ਨਿਸਿ ਕਹੀਐ ਤਉ ਸਮਝੈ ਭੋਰਾ।

                   (ਸੁਖਮਨੀ, ਗੁਰੂ ਅਰਜਨ ਦੇਵ)

     ਬੁਝਾਰਤਾਂ ਦੀ ਕਵਿਤਾ ਦੀ ਦ੍ਰਿਸ਼ਟੀ ਤੋਂ ਬਹੁਤ ਮਹੱਤਤਾ ਹੈ। ਨਿੱਕੀ ਕਵਿਤਾ ਵਾਂਗ ਇਸ ਦਾ ਮੁੱਖ ਉਦੇਸ਼ ਹੁੰਦਾ ਹੈ। ਇਸ ਗੱਲ ਦੀ ਪ੍ਰੋੜ੍ਹਤਾ ਡਬਲਿਊ.ਜੀ. ਆਰਚਰ. ਇਸ ਤਰ੍ਹਾਂ ਕਰਦਾ ਹੈ :

     ਮਾਨਵ-ਵਿਗਿਆਨ ਦੀ ਦ੍ਰਿਸ਼ਟੀ ਤੋਂ ਕਿਸੇ ਬੁਝਾਰਤ ਦੀ ਮਹੱਤਤਾ ਪ੍ਰਤੱਖ ਹੈ। ਬੁਝਾਰਤ ਝਟਪਟ ਰੁਚੀਆਂ ਦੇ ਥਹੁ- ਪਤੇ ਦਾ ਪ੍ਰਗਟਾਉ ਹੁੰਦੀ ਹੈ। ਕਿਸੇ ਕਬੀਲੇ ਦੀਆਂ ਬੁਝਾਰਤਾਂ ਕੇਵਲ ਬਾਲਾਂ ਦੇ ਖਿਡੌਣੇ ਹੀ ਨਹੀਂ ਹੁੰਦੀਆਂ। ਇਹਨਾਂ ਤੋਂ ਉਸ ਵਿਉਂਤ ਦੀ ਸੂਹ ਲੱਗਦੀ ਹੈ ਜਿਹੜੀ ਇੱਕ ਕਬੀਲੇ ਨੂੰ ਹੋਰਨਾਂ ਕਬੀਲਿਆਂ ਤੋਂ ਵੱਖਰਾ ਕਰਦੀ ਹੈ।

     ਨਾਹਰ ਸਿੰਘ ਦੇ ਵਿਚਾਰ ਅਨੁਸਾਰ-ਬੁਝਾਰਤਾਂ ਮੱਧ- ਕਾਲ ਤੱਕ ਸਮੂਹਿਕ ਗਿਆਨ ਦੇ ਆਦਾਨ-ਪ੍ਰਦਾਨ ਦਾ ਇੱਕ ਵੱਡਾ ਸਾਧਨ ਰਹੀਆਂ ਹਨ। ਬੁਝਾਰਤ ਦੀ ਰੂਪ ਰਚਨਾ ਲੋਕਧਾਰਿਕ ਸੰਰਚਨਾ ਦੀ ਧਾਰਨੀ ਹੁੰਦੀ ਹੈ।

     ਬੁਝਾਰਤ ਵਿੱਚ ਕਿਸੇ ਪ੍ਰਸ਼ਨ ਦਾ ਹੱਲ ਪੁੱਛਿਆ ਜਾਂਦਾ ਹੈ ਜਿਸ ਵਿੱਚ ਕੋਈ ਨਿੱਕੀ ਜਿਹੀ ਘੁੰਡੀ ਰੱਖ ਲਈ ਜਾਂਦੀ ਹੈ ਜਿਸ ਦਾ ਉੱਤਰ ਦੇਣ ਲਈ ਦਿਮਾਗ਼ ਲੜਾਇਆ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਵਿਆਹ ਮੌਕੇ ਲਾੜੇ ਦੀ ਬੁੱਧੀ ਤੇ ਹਾਜ਼ਰ ਜੁਆਬੀ ਲਈ ਵੀ ਬੁਝਾਰਤਾਂ ਪੁੱਛਣ ਦਾ ਰਿਵਾਜ ਹੁੰਦਾ ਸੀ। ਬੁਝਾਰਤਾਂ ਵਿੱਚ ਸਾਡੀ ਕਲਪਨਾ ਨੂੰ ਟੁੰਬਣ ਦੀ ਸ਼ਕਤੀ ਹੁੰਦੀ ਹੈ। ਬਣਤਰ ਦੇ ਪੱਖ ਤੋਂ ਬੁਝਾਰਤਾਂ ਦਾ ਆਕਾਰ ਬਹੁਤ ਛੋਟਾ ਅਤੇ ਵੱਡੀ ਕਾਵਿ- ਟੁਕੜੀ ਜਿੱਡਾ ਹੋ ਸਕਦਾ ਹੈ। ਇਹ ਸੰਬੋਧਨੀ ਕਿਸਮ ਦੀਆਂ ਵੀ ਹਨ। ਨਾ ਬੁੱਝੀਆਂ ਜਾਣ ਤੇ ਇਹ ਮਜ਼ਾਕ ਉਡਾਣ ਵਾਲੀਆਂ ਵੀ ਹਨ। ਇਹ ਕਾਵਿ-ਸ਼ਿਲਪ ਦਾ ਸੁੰਦਰ ਨਮੂਨਾ ਹਨ।

     ਬੱਚੇ ਦੇ ਬੌਧਿਕ ਵਿਕਾਸ ਲਈ, ਬੁਝਾਰਤਾਂ ਦੀ ਭੂਮਿਕਾ ਬੜੀ ਹੀ ਲਾਭਕਾਰੀ ਹੈ। ਬੁਝਾਰਤਾਂ ਰਾਹੀਂ ਬੱਚੇ ਨੂੰ ਆਲੇ-ਦੁਆਲੇ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਾ ਸਕਦੀ ਹੈ। ਛੰਦ-ਬੱਧ ਰੂਪ ਹੋਣ ਕਾਰਨ, ਬੱਚੇ ਇਹਨਾਂ ਦਾ ਨਰਸਰੀ-ਗੀਤਾਂ ਵਰਗਾ ਅਨੰਦ ਮਾਣਦੇ ਹਨ। ਇਹਨਾਂ ਦੀ ਰਚਨਾ ਹੌਲੀ ਫੁੱਲ ਹੁੰਦੀ ਹੈ। ਕਲਪਨਾ ਤੇ ਜਿਗਿਆਸਾ ਰੁਚੀ ਨੂੰ ਟੁੰਬਦੀ ਹੈ। ਬੱਚੇ ਦੀ ਸੋਚਣ ਸ਼ਕਤੀ ਨੂੰ ਉਭਾਰਦੀ ਹੈ ਤੇ ਹੋਰ-ਹੋਰ ਜਾਣਨ ਲਈ ਦਿਲਚਸਪੀ ਪੈਦਾ ਕਰਦੀ ਹੈ। ਬੱਚੇ ਨੂੰ ਦੂਜੇ ਦੀ ਗੱਲ ਧਿਆਨ ਤੇ ਤਰਕ ਨਾਲ ਸੁਣਨ ਦੀ ਆਦਤ ਪ੍ਰਫੁਲਿਤ ਹੁੰਦੀ ਹੈ। ਬੱਚਿਆਂ ’ਚ ਆਪਸੀ ਸੰਵਾਦ ਰਚਾਉਣ ਲਈ ਬੁਝਾਰਤਾਂ ਇੱਕ ਉਸਾਰੂ ਰੋਲ ਅਦਾ ਕਰਦੀਆਂ ਹਨ।

     ਵਿਸ਼ੇ ਦੇ ਪੱਖੋਂ ਵੀ ਬੁਝਾਰਤਾਂ ਗਿਆਨ-ਵਿਗਿਆਨ ਦਾ ਭੰਡਾਰ ਹਨ। ਇਹਨਾਂ ਵਿੱਚ ਸਿੱਖਿਆ, ਇਤਿਹਾਸ, ਭੂਗੋਲ, ਵਿਗਿਆਨ, ਸੱਭਿਆਚਾਰ ਅਤੇ ਕਿਸੇ ਸਮੇਂ ਦਾ ਆਰਥਿਕ ਤੇ ਸਮਾਜਿਕ ਜੀਵਨ ਕਿਸੇ ਨਾ ਕਿਸੇ ਰੂਪ ਵਿੱਚ ਆ ਹੀ ਜਾਂਦਾ ਹੈ। ਲੋਕ-ਸਾਹਿਤ ਦਾ ਵਿਸ਼ੇਸ਼ ਅੰਗ ਹੋਣ ਕਾਰਨ, ਬੁਝਾਰਤਾਂ ਨੇ ਮਨੁੱਖ ਅੰਦਰ ਕਲਾਤਮਿਕ- ਪ੍ਰਤਿਭਾ ਬਖ਼ਸ਼ਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਬੁਝਾਰਤਾਂ ਦਾ ਰੂਪਕ ਪੱਖ ਬਲਵਾਨ ਹੁੰਦਾ ਹੈ। ਇਸ ਤਰ੍ਹਾਂ ਇਹ ਇੱਕ ਪ੍ਰੌੜ੍ਹ-ਕਾਵਿ ਦਾ ਨਮੂਨਾ ਬਣ ਜਾਂਦੀਆਂ ਹਨ। ਅਖਾਣਾਂ ਵਾਂਗ ਇਹ ਲੋਕ-ਪ੍ਰਿਆ ਹੋਣ ਦਾ ਗੁਣ ਰੱਖਦੀਆਂ ਹਨ। ਸਮੇਂ-ਸਮੇਂ ਇਹਨਾਂ ਵਿੱਚ ਵਾਧਾ ਹੁੰਦਾ ਰਹਿੰਦਾ ਹੈ। ਇਹ ਸਮਾਜ ਦਾ ਦਰਪਣ ਬਣ ਕੇ ਵਿਗਸਦੀਆਂ ਰਹਿੰਦੀਆਂ ਹਨ।

ਬੁਝਾਰਤ ਦੀ ਪਰਿਭਾਸ਼ਾ ਦਿੰਦਿਆਂ ਵਣਜਾਰਾ ਬੇਦੀ ਲਿਖਦੇ ਹਨ :

     ਬੁਝਾਰਤ ਕਿਸੇ ਵਸਤੂ ਦੀ ਅਸਪਸ਼ਟ ਤੇ ਧੁੰਦਲੀ ਜਿਹੀ ਰੂਪ-ਰੇਖਾ ਖਿੱਚੀ ਹੁੰਦੀ ਹੈ ਜਾਂ ਕਈ ਵਾਰ ਸੰਕੇਤਾਂ ਤੇ ਚਿੰਨ੍ਹਾਂ ਦਾ ਅਜਿਹਾ ਛਿਲਕਾ ਚਾੜ੍ਹਿਆ ਹੁੰਦਾ ਹੈ ਕਿ ਭੰਨੇ ਬਗ਼ੈਰ ਵਿਚਲੀ ਗਿਰੀ ਨਹੀਂ ਕੱਢੀ ਜਾ ਸਕਦੀ।

     ਵਿਗਿਆਨ ਦੀਆਂ ਨਵੀਆਂ ਕਾਢਾਂ ਨੇ ਮਨੋਰੰਜਨ ਦੇ ਸਾਧਨ ਵਧਾ ਦਿੱਤੇ ਹਨ। ਸਾਡੀ ਜੀਵਨ-ਸ਼ੈਲੀ ਵਿੱਚ ਅਥਾਹ ਪਰਿਵਰਤਨ ਆ ਰਿਹਾ ਹੈ ਜਿਸ ਕਾਰਨ ਬੁਝਾਰਤਾਂ ਦਾ ਸੁਣਨਾ ਤੇ ਸੁਣਾਉਣਾ ਘੱਟਦਾ ਜਾ ਰਿਹਾ ਹੈ। ਮਾਨਵ- ਵਿਗਿਆਨ, ਕਵਿਤਾ, ਭਾਸ਼ਾ-ਵਿਗਿਆਨ ਅਤੇ ਸੱਭਿਆਚਾਰਿਕ ਵਿਰਸੇ ਦੇ ਪੱਖੋਂ ਪੰਜਾਬੀ ਬੁਝਾਰਤਾਂ ਦੀ ਵਿਸ਼ੇਸ਼ ਮਹੱਤਤਾ ਹੈ। ਇਹਨਾਂ ’ਚ ਵੰਨ-ਸਵੰਨਤਾ ਏਨੀ ਹੈ ਕਿ ਹੈਰਾਨੀ ਹੁੰਦੀ ਹੈ। ਜੀਵਨ ਦੀ ਕੋਈ ਅਜਿਹੀ ਵਸਤੂ ਨਹੀਂ ਹੋਵੇਗੀ ਜਿਸ ਬਾਰੇ ਬੁਝਾਰਤ ਨਾ ਹੋਵੇ। ਵੱਖ-ਵੱਖ ਵਿਸ਼ਿਆਂ ਬਾਰੇ ਕੁਝ ਨਮੂਨੇ ਹੇਠਾਂ ਦਿੱਤੇ ਅਨੁਸਾਰ ਹਨ :

     ਮਨੁੱਖ ਦੇ ਵੱਖ-ਵੱਖ ਅੰਗਾਂ, ਹਾਰ ਸ਼ਿੰਗਾਰ, ਮਨ- ਪ੍ਰਚਾਵਾ ਤੇ ਘਰੇਲੂ ਵਸਤਾਂ ਬਾਰੇ: ਔਹ ਗਈ, ਔਹ ਗਈ (ਅੱਖਾਂ ਦੀ ਨਿਗਾਹ), ਸੋਲਾਂ ਧੀਆਂ ਚਾਰ ਜੁਆਈ (ਉਂਗਲਾਂ ਤੇ ਅੰਗੂਠਾ), ਆਲਾ ਭਰਿਆ ਕੌਡੀਆਂ, ਵਿੱਚ ਤੋਤਕ ਨੱਚੇ (ਦੰਦ ਤੇ ਜੀਭ), ਪੇਟ ਮੇਂ ਉਂਗਲੀ, ਸਿਰ ’ਤੇ ਪੱਥਰ, ਛੇਤੀ ਬੁੱਝੋ ਮੇਰਾ ਉੱਤਰ (ਮੁੰਦਰੀ), ਚਾਂਦੀ ਦੀ ਖੁੱਡੀ, ਸੋਨੇ ਦਾ ਬੰਦ, ਬੁੱਝਣੀ ਏ ਬੁੱਝ, ਨਹੀਂ ਰੁਪਈਏ ਧਰਦੇ ਪੰਜ (ਕੋਕਾ), ਬਾਤ ਪਾਵਾਂ, ਬਤੌਲੀ ਪਾਵਾਂ ਬਾਤ ਨੂੰ ਲਾਵਾਂ ਕੁੰਡੇ, ਸਦਾ ਕੁੜੀ ਨੂੰ ਵਿਆਹੁਣ ਚੱਲੇ, ਸਾਰੇ ਪਿੰਡ ਦੇ ਮੁੰਡੇ (ਖੁੱਦੋ-ਖੁੰਡੀ), ਕਾਠ ਦੀ ਸੰਦੂਕੜੀ, ਵਿੱਚ ਤੋਤਾ ਬੋਲੇ (ਰੇਡੀਓ), ਲੱਤਾਂ ਰੰਨ ਨੂੰ ਮਾਰਦਾ, ਪਰ ਲੋਕਾਂ ਦਾ ਕੰਮ ਸੁਆਰਦਾ (ਉਖਲੀ ਮੋਹਲਾ), ਤਲੀ ਉੱਤੇ ਕਬੂਤਰ ਨੱਚੇ (ਆਟੇ ਦਾ ਪੇੜਾ), ਇਨਾ ’ਕ ਤਿਲੀਅਰ ਤਰਦਾ ਜਾਏ, ਗਿਣ-ਗਿਣ ਆਂਡੇ ਧਰਦਾ ਜਾਏ (ਸੂਈ ਧਾਗਾ), ਇੱਕ ਨਾਰ ਕਰਤਾਰੋ, ਉਹ ਰਾਹੇ-ਰਾਹੇ ਜਾਵੇ, ਸਿੱਧਿਆਂ ਨਾਲ ਸਿੱਧੀ ਚੱਲੇ, ਪੁੱਠਿਆਂ ਨੂੰ ਸਮਝਾਵੇ (ਕੰਘੀ), ਪਾਰੋ ਆਈਆਂ ਦੋ ਮੁਟਿਆਰਾਂ, ਘੱਟਾ ਫੱਕਣ ਬਾਰੋ ਬਾਰੀ (ਜੁੱਤੀਆਂ ਦਾ ਜੋੜਾ), ਲੋਹੇ ਦੀਆਂ ਪੌੜੀਆਂ, ਕੱਚ ਦਾ ਦਰਵਾਜ਼ਾ, ਵਿੱਚੇ ਨੱਚੇ ਵਣਜਾਰਾ (ਲਾਲਟੈਣ), ਚਾਰ ਸਿਪਾਹੀ ਚਾਰ ਗੰਨੇ, ਚੌਹਾਂ ਦੇ ਮੂੰਹ ’ਚ ਦੋ ਦੋ ਥੁੰਨੇ (ਮੰਜਾ)।

     ਪ੍ਰਕਿਰਤੀ ਬਾਰੇ: ਐਨੀ ਕੁ ਰਾਈ, ਸਾਰੇ ਪਿੰਡ ’ਚ ਖਿੰਡਾਈ (ਅੱਗ), ਗਹਿਰਾ ਫੁੱਲ ਗੁਲਾਬ ਦਾ, ਝੁਕ-ਝੁਕ ਝੋਲੇ ਖਾਏ, ਨਾ ਰਾਜੇ ਦੇ ਬਾਗ਼ ਵਿੱਚ, ਨਾ ਰਾਣੀ ਦਾ ਹੱਥ ਜਾਏ (ਸੂਰਜ), ਉਹ ਕਿਹੜੀ ਚੀਜ਼, ਜਿਹੜੀ ਹਰ ਵੇਲੇ ਚਲਦੀ (ਹਵਾ), ਚਾਰ ਖੰਡ ਚਾਰ ਚੁਬਾਰੇ, ਉੱਤੇ ਖੇਲ੍ਹਣ ਦੋ ਵਣਜਾਰੇ (ਚੰਦ-ਸੂਰਜ), ਨੀਲੀ-ਟਾਕੀ-ਚਾਵਲ ਬੱਧੇ, ਦਿਨੇ ਗੁਆਚੇ ਰਾਤੀਂ ਲੱਭੇ (ਤਾਰੇ), ਏਡੀ ਮੈਂਡੀ ਲੱਕੜੀ, ਅਸਮਾਨ ਜਾ ਕੇ ਟੱਕਰੀ (ਧੂੰਆਂ), ਕਾਲੇ-ਕਾਲੇ ਡੱਬੇ, ਨਾਚ ਕਰਦੇ ਜਾਂਦੇ ਨੇ, ਰਾਜਾ ਪੁੱਛੇ ਰਾਣੀ ਨੂੰ, ਕੀ ਜਨੌਰ ਜਾਂਦੇ ਨੇ (ਬੱਦਲ)।

     ਬਨਸਪਤੀ ਬਾਰੇ: ਪਹਾੜੋਂ ਆਏ ਰੋੜੇ, ਆਉਂਦਿਆਂ ਦੇ ਸਿਰ ਤੋੜੇ (ਅਖਰੋਟ), ਅੰਬ ਅੰਬਾਲੇ ਦੇ, ਫੁੱਲ ਪਟਿਆਲੇ ਦੇ, ਰੂੰ ਜਗਰਾਵਾਂ ਦੀ, ਜੜ੍ਹ ਇੱਕੋ (ਅੱਕ), ਅਸਮਾਨੋਂ ਡਿੱਗਾ ਬੱਕਰਾ, ਮੂੰਹ ’ਚ ਨਿਕਲੀ ਲਾਲ, ਢਿੱਡ ਪਾੜ ਕੇ ਦੇਖਿਆ, ਉਹ ਦੀ ਛਾਤੀ ਉੱਤੇ ਵਾਲ (ਅੰਬ), ਅੰਬਰਸਰ ਕਲਕੱਤੇ, ਨਾ ਉਹਦੀ ਜੜ੍ਹ, ਨਾ ਉਹਦੇ ਪੱਤੇ (ਅਮਰਵੇਲ), ਐਨੀ ’ਕ ਕੁੜੀ, ਉਹ ਦੇ ਢਿੱਡ ’ਚ ਲਕੀਰ (ਕਣਕ ਦਾ ਦਾਣਾ), ਇੱਕ ਜਾਦੂਗਰ ਕਰੇ ਕਮਾਲ, ਖਾਵੇ ਸਾਵਾ ਕੱਢੇ ਲਾਲ (ਪਾਨ ਦਾ ਪੱਤਾ), ਬਾਹਰੋਂ ਆਏ ਚਾਰ ਮਲੰਗ, ਸਾਵੀਆਂ ਟੋਪੀਆਂ ਕਾਲੇ ਰੰਗ (ਬਤਾਊਂ)।

     ਜੀਵ-ਜੰਤੂਆਂ ਬਾਰੇ: ਇੱਕ ਕਟੋਰਾ, ਉਹ ਦੇ ਵਿੱਚ, ਦੋ ਰੰਗਾ ਪਾਣੀ (ਅੰਡਾ), ਬਾਰਾਂ ਬੈਂਗਣ ਠਾਰਾਂ ਠੈਗਣ, ਚਾਰ ਚੱਕ ਦੋ ਤੋਰੀਆਂ (ਸੂਰੀ, ਕੁੱਤੀ, ਮੱਝ, ਬਕਰੀ ਦੇ ਥਣ), ਵਾਹ ਵੇ ਰੱਬਾ ਤੇਰੇ ਕੰਮ, ਬਾਹਰ ਹੱਡੀਆਂ ਅੰਦਰ ਚੰਮ (ਕੱਛੂ ਕੁੰਮਾ), ਚਾਰ ਘੜੇ ਅੰਮ੍ਰਿਤ ਭਰੇ, ਮੂਧੇ ਕਰੀਏ ਪਰ ਡੁਲ੍ਹਦੇ ਨਹੀਂ (ਗਊ ਦੇ ਥਣ), ਅਜਬ ਡਿੱਠੀ ਇੱਕ ਕੁੜੀ, ਰਾਜੇ ਪੱਗ ਲੁਹਾਈ (ਜੂੰ), ਰੜੇ ਮੈਦਾਨ ਵਿੱਚ, ਲਹੂ ਦਾ ਤੁਬਕਾ (ਵੀਰ ਵਹੁਟੀ)।

     ਵਿਗਿਆਨ ਦੀਆਂ ਕਾਢਾਂ ਬਾਰੇ: ਬਾਤ ਪਾਵਾਂ ਬਤੋਲੀ ਪਾਵਾਂ, ਬਾਤ ਨੂੰ ਲਾਵਾਂ ਪਰਾਂਦਾ, ਇੱਕ ਪੁਰਸ਼ ਮੈਂ ਐਸਾ ਡਿੱਠਾ, ਫਿਟ ਫਿਟ ਕਰਦਾ ਜਾਂਦਾ (ਮੋਟਰ ਸਾਈਕਲ), ਨਿੱਕੀ ਜਿਹੀ ਕੌਲੀ, ਅੰਬਾਲੇ ਜਾ ਕੇ ਬੋਲੀ (ਟੈਲੀਫ਼ੋਨ), ਮੈਂ ਲਿਆਂਦਾ ਬੋਕ, ਨੱਪੀ ਪੂਛ ਮਾਰੇ ਮੋਕ (ਨਲਕਾ), ਨਿੱਕਾ ਜਿਹਾ ਕਾਕਾ, ਘਰ ਵਿੱਚ ਰੋਸ਼ਨੀ ਕਰਦਾ (ਬਲਬ), ਕਾਲੀ ਕੁੱਕੜੀ ਤਿੰਨ ਸੌ ਅੰਡਾ, ਮਾਰੇ ਚੀਕਾਂ ਦਿਖਾਵੇ ਝੰਡਾ (ਰੇਲ ਗੱਡੀ)।

     ਹੋਰ ਫੁਟਕਲ ਬੁਝਾਰਤਾਂ ਵੀ ਮਿਲਦੀਆਂ ਹਨ ਜਿਹੜੀਆਂ ਵੱਖ-ਵੱਖ ਵਸਤਾਂ ਬਾਰੇ ਹਨ। ਅੰਗ-ਸਾਕ ਤੇ ਰਿਸ਼ਤੇ ਦਾ ਸੰਬੰਧ ਦੱਸਣ ਬਾਰੇ ਵੀ ਬੁਝਾਰਤਾਂ ਮਿਲਦੀਆਂ ਹਨ- ਅਸੀਂ ਮਾਂਵਾਂ ਧੀਆਂ, ਤੁਸੀਂ ਮਾਂਵਾਂ ਧੀਆਂ, ਚਲੋ ਬਾਗ਼ ਵਿੱਚ ਜਾਈਏ, ਤਿੰਨ ਅੰਬ ਤੋੜ ਕੇ ਪੂਰਾ-ਪੂਰਾ ਖਾਈਏ (ਮਾਂ, ਧੀ, ਨਾਨੀ)। ਕਹਾਣੀ ਦੀ ਵਿਆਖਿਆ ਕਰਨ ਵਾਲੀਆਂ ਬੁਝਾਰਤਾਂ ਵੀ ਬੜੀਆਂ ਰੋਚਕ ਹਨ: ਹਰਾ ਦੁਪੱਟਾ ਲਾਲ ਕਿਨਾਰੀ, ਟੁੱਟ ਜਾਣੇ ਨੇ ਇੱਟ ਮੇਰੇ ਮਾਰੀ, ਭੀੜੀਆਂ ਨਾਸਾਂ ਭੀੜਾ ਮੂੰਹ, ਮੈਂ ਕੀ ਜਾਣਾਂ ਬੈਠੀ ਤੂੰ (ਰੁਖ ’ਤੇ ਬੈਠਾ ਤੋਤਾ ਅੰਬ ਟੁੱਕ ਕੇ ਥੱਲੇ ਕਾਟੋ ਦੇ ਮਾਰਦਾ ਹੈ-ਦੋਵਾਂ ਦੀ ਵਾਰਤਾ)। ਕੁਝ ਬੁਝਾਰਤਾਂ ਪ੍ਰਸ਼ਨ- ਉੱਤਰ ਦੇ ਰੂਪ ਵਾਲੀਆਂ ਵੀ ਹਨ। ਨਾਟਕੀ ਵਾਰਤਾਲਾਪ ਵਾਲੀਆਂ ਬੁਝਾਰਤਾਂ ਵੀ ਮਿਲਦੀਆਂ ਹਨ :

          ਨੀ ਸੁੱਖ ਸੁੱਤੀਏ, ਹਾਂ, ਫਾਹੇ ਟੰਗਿਆ (ਤਰ ਤੇ ਬਤਾਊਂ)

     ਨਵੇਂ ਰੂਪ ਵਿੱਚ ਮੌਲਿਕ ਬੁਝਾਰਤਾਂ ਬਾਤ ਪਾਵਾਂ ਬਤੋਲੀ ਪਾਵਾਂ ਸੰਗ੍ਰਹਿ ’ਚ ਸੁਖਿੰਦਰ ਕਾਲਰਾ ਨੇ ਲਿਖੀਆਂ ਹਨ।


ਲੇਖਕ : ਮਨਮੋਹਨ ਸਿੰਘ ਦਾਊਂ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 25728, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਬੁਝਾਰਤਾਂ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੁਝਾਰਤਾਂ: ‘ਬੁਝਾਰਤ’ ਦੇ ਕੋਸ਼ਗਤ ਅਰਥ ਹਨ ਗਿਆਨ ਕਰਾਉਣ ਲਈ ਦਿੱਤਾ ਗਿਆ ਸੰਕੇਤ ਜਾਂ ਇਸ਼ਾਰਾ। ‘ਬੁਝਾਰਤ’ ਸ਼ਬਦ ਸਮਝੌਤੀ ਜਾਂ ਸਿੱਖਿਆ ਦੇ ਅਰਥਾਂ ਵਿਚ ਵੀ ਆਇਆ ਹੈ, ‘ਦੇਇ ਬੁਝਾਰਤ ਸਾਰਤਾ’ (ਗਾਉੜੀ ਮ. ੫)। ‘ਸੁਖਮਨੀ’, ਦੀ ਟੂਕ ‘ਕਹਾ ਬੁਝਾਰਤਿ ਬੂਝੈ ਡੋਰਾ’ ਵਿਚ ਸ਼ਬਦ ਬੁਝਾਰਤ ਇਨ੍ਹਾਂ ਦੀ ਅਰਥਾਂ ਵਿਚ ਆਇਆ ਹੈ।

          ਇਸ ਦੇ ਹੋਰ ਅਰਥ ਪਹੇਲੀ, ਅੜਾਉਣੀ, ਬਾਤ ਆਦਿ ਵੀ ਹਨ। ਇਹ ਇਸ ਸ਼ਬਦ ਦੇ ਵਧੇਰੇ ਪ੍ਰਚੱਲਿਤ ਅਰਥ ਹਨ। ਕਾਵਿਮਈ ਢੰਗ ਨਾਲ ਕੁਝ ਵਾਕੰਸ਼ ਬੋਲੇ ਜਾਂਦੇ ਹਨ ਜੋ ਬੁਝਾਰਤ ਹੁੰਦੇ ਹਨ ਤੇ ਸੁਣਨ ਵਾਲਿਆਂ ਤੋਂ ਇਸ ਦਾ ਉੱਤਰ ਬੁਝਾਇਆ ਜਾਂਦਾ ਹੈ। ਇਸ ਨੂੰ ਬਾਤ ਜਾਂ ਬੁਝਾਰਤ ਦਾ ਬੁਝਣਾ ਆਖਦੇ ਹਨ। ਮਿਸਾਲ ਦੇ ਤੌਰ ਤੇ ਬਾਤ ਪਾਉਣ ਵਾਲਾ ਆਖਦਾ ਹੈ : “ਥੜ੍ਹੇ ਤੇ ਥੜ੍ਹਾ, ਲਾਲ ਕਬੂਤਰ ਖੜ੍ਹਾ।” ਸੁਣਨ ਵਾਲਿਆਂ ਨੂੰ ਜੇ ਉੱਤਰ ਨਾ ਆਵੇ ਜਾਂ ਜੇ ਉਹ ਬਾਤ ਬੁਝ ਨਾ ਸਕਣ ਤਾਂ ਬਾਤ ਪਾਉਣ ਵਾਲਾ ਇਸ ਦਾ ਉੱਤਰ ‘ਦੀਵਾ’ ਆਪੇ ਆਖ ਦਿੰਦਾ ਹੈ। ਲੋਕ–ਕਾਵਿ ਵਿਚ ਇਨ੍ਹਾਂ ਬੁਝਾਰਤਾਂ ਦੀ ਖ਼ਾਸ ਮਹੱਤਾ ਹੈ ਤੇ ਇਹ ਲੋਕ–ਕਾਵਿ ਦਾ ਅਨਿੱਖੜ ਅੰਗ ਸਮਝੀਆਂ ਜਾਂਦੀਆਂ ਹਨ।

          ਕਾਵਿ–ਸ਼ਾਸਤਰ ਵਿਚ ਬੁਝਾਰਤ (ਪ੍ਰਹੇਲਿਕਾ––ਪਹੇਲੀ ਜਾਂ ਬੁਝਾਰਤ) ਨਾਂ ਦਾ ਇਕ ਅਲੰਕਾਰ ਵੀ ਹੈ। ਇਸ ਨੂੰ ਉਭਯਾਲੰਕਾਰ ਦਾ ਨਾਂ ਦਿੱਤਾ ਜਾਂਦਾ ਹੈ। ਅਰਥ–ਪ੍ਰਹੇਲਿਕਾ ਜਾਂ ਅਰਥ–ਪਹੇਲੀ ਜਾਂ ਅਰਥ–ਬੁਝਾਰਤ ਅਰਥ–ਅਲੰਕਾਰ (ਚਿਤ੍ਰ) ਦਾ ਤੀਜਾ ਰੂਪ ਹੈ। ਇਹ ਇਕ ਅਜਿਹੀ ਬੁਝਾਰਤ ਹੁੰਦੀ ਹੈ ਜਿਸ ਦੇ ਅਰਥ–ਵਿਚਾਰ ਤੋਂ ਵਸਤੂ ਦਾ ਗਿਆਨ ਹੋ ਜਾਂਦਾ, ਪਰ ਬੁਝਾਰਤ ਵਿਚ ਸਪਸ਼ਟ ਨਾਂ ਨਹੀਂ ਦੱਸਿਆ ਜਾਂਦਾ ਜਿਵੇਂ ਕਿ ਹੇਠਾਂ ਲਿਖੀ ਉਦਾਹਰਣ ਤੋਂ ਪ੍ਰਤੱਖ ਹੁੰਦਾ ਹੈ :

                   ਪਉਣੈ ਪਾਣੀ ਅਗਨੀ ਕਾ ਮੇਲੁ।

                   ਚੰਚਲ ਚਪਲ ਬੁਧਿ ਕਾ ਖੇਲੁ।

                   ਨਉ ਦਰਵਾਜੇ ਦਸਵਾਂ ਦੁਆਰੁ।

                   ਬੁਝੁ ਰੇ ਗਿਆਨੀ ਏਹੁ ਬੀਚਾਰੁ।                                     ––(ਆ. ਗ੍ਰੰਥ, ਪੰਨਾ ੧੫੨)

ਇਸ ਬੁਝਾਰਤ ਦਾ ਉੱਤਰ ‘ਮਨੁੱਖੀ ਸਰੀਰ’ ਹੈ।

          ਇਸ ਤਰ੍ਹਾਂ ਦੀਆਂ ਦੋ ਹੋਰ ਬੁਝਾਰਤਾਂ ਉਨ੍ਹਾਂ ਦੇ ਉੱਤਰਾਂ ਸਮੇਤ ਪੇਸ਼ ਹਨ :

ਬੁਝਾਰਤ :

                   ਪੰਚ ਮਨਾਏ, ਪੰਚ ਰੁਸਾਏ,

                   ਪੰਚ ਵਸਾਏ, ਪੰਚ ਗਵਾਏ,

                   ਇਨ ਬਿਧਿ ਨਗਰੁ ਵੁਠਾ ਮੇਰੇ ਭਾਈ।                                          ––(ਆ. ਗ੍ਰੰਥ, ਪੰਨਾ ੪੩੦)

ਉੱਤਰ :

                   ਸਤਯ, ਸੰਤੋਖ, ਦਯਾ, ਧਰਮ, ਅਤੇ ਧੀਰਜ ਮਨਾਏ।

                   ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਰੁਸਾਏ।

                   ਪੰਰ ਤਤਾਂ ਦੇ ਗੁਣ ਖਿਮਾਂ ਆਦਿ ਵਸਾਏ।

                   ਸਬਦ ਸਪਰਸ਼ ਆਦਿ ਪੰਜ ਵਿਸ਼ਾਯ ਗਵਾਏ।

ਬੁਝਾਤਰ :

                   ਸਾਰਾ ਪਉੜਾ ਦੂਜਾ ਗਾਉਣਾ।

                   ਨਰ ਨਾਰੀ ਥੇ ਦੋਨੋ ਭਉਣਾ।

                   ਕੁਝ ਖਾਧਾ ਕੁਝ ਲੈ ਕੇ ਸਉਣਾ।

                   ਉਤਰ ਦੇਹ ਗੁਰੂ ਜੀ ਕਉਣਾ?

          (ਇਹ ਬੁਝਾਰਤ ਇਕ ਰਾਜਕੁਮਾਰੀ ਨੇ ਦਸਮ ਗੁਰੂ ਕੋਲ ਪਾਈ ਸੀ)

ਉੱਤਰ :

          ਇਹ ਉੱਤਰ ਦਿੱਤਾ ਗਿਆ :

                   ਜਾਣੋ ਸਾਰਾ ਦੇਵ ਤਣ ਪੌਣਾ ਮਾਣਸ ਦੇਹ।

                   ਦੁਵਿਧਾ ਦੂਜੀ ਕਰ ਗਮਨ ਨਰ ਨਾਰੀ ਹ੍ਵੈ ਖੇਹ।

                   ਉਭੈ ਲੋਕ ਭੌਂਦਾ ਫਿਰੈ ਖਾਵਾ ਖ਼ਰਚ ਜ ਮਾਲ।

                   ਪ੍ਰਲੈ ਭਈ ਸੌਣਾ ਹੂਆ ਉੱਤਰ ਤੁਮਾਰਾ ਬਾਲ                       ––(‘ਗੁਰੂ ਪ੍ਰਤਾਪ ਸੂਰਜ ਗ੍ਰੰਥ’)

          ਪ੍ਰਹੇਲਿਕਾ ਦਾ ਦੂਜਾ ਰੂਪ ਵਰਣ–ਪਹੇਲੀ ਜਾਂ ਵਰਣ–ਬੁਝਾਰਤ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਪਹੇਲੀ ਜਾਂ ਬੁਝਾਰਤ ਦਾ ਉੱਤਰ ਪਹੇਲੀ ਦੇ ਅੱਖਰਾਂ, ਸ਼ਬਦਾਂ ਦੁਆਰਾ ਹੀ ਪ੍ਰਗਟ ਹੋਇਆ ਹੁੰਦਾ ਹੈ। ਉਦਾਹਰਣਾਂ ਇਸ ਪ੍ਰਕਾਰ ਹਨ :

                   ਕਿਸ ਤੇ ਪਸੂ ਜਿਉਂ ਪੇਟ ਭਰ, ਲੇਟਤ ਹੋਇ ਨਿਸੰਗ?

                   ਬੁੱਧੀ ਵਿੱਦਿਆ ਵਿਦਾ ਕਰ ਮਾਨ ਮਰਿਆਦਾ ਭੰਗ?

          ਇਸ ਦਾ ਉੱਤਰ ‘ਭੰਗ’ ਹੈ ਜੋ ਪਹੇਲੀ ਦੇ ਅੰਤਮ ਸ਼ਬਦ ਵਿਚੋਂ ਪ੍ਰਗਟ ਹੋ ਗਿਆ ਹੈ।

          ਪੰਜਾਬੀ ਲੋਕ–ਕਾਵਿ ਵਿਚ ਬੁਝਾਰਤਾਂ ਦਾ ਚੋਖਾ ਭੰਡਾਰ ਮਿਲਦਾ ਹੈ। ਵੰਨਗੀਆਂ ਇਹ ਹਨ :

                   ਔਹ ਗਈ ਔਹ ਗਈ। (ਨਿਗਾਹ)

                   ਮਾਂ ਪਤਲੀ ਪਤੰਗ ਪੁੱਤ ਲੁਬ ਜੇਹਾ।

                   ਮਾਂ ਗਈ ਨਹਾਣ ਪੁੱਤ ਡੁੱਬ ਗਿਆ ! (ਲੱਜ ਤੇ ਬੋਕਾ)

                   ਨੀਲੀ ਟਾਕੀ ਚਾਉਲ ਬੱਧੇ।

                   ਦਿਨੇ ਗੁਆਚੇ ਰਾਤੀ ਲੱਭੇ। (ਤਾਰੇ) ਇਤਿਆਦਿ                            ––(ਵੇਖੋ ‘ਲੋਕ ਗੀਤ’)

                                                                   [ਸਹਾ. ਗ੍ਰੰਥ––ਮ. ਕੋ.]


ਲੇਖਕ : ਡਾ. ਗੁਰਦੇਵ ਸਿੰਘ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 17622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.